ਭਾਰਤ ‘ਚ ਹੜ੍ਹਾਂ ਨੇ ਮਚਾਈ ਤਬਾਹੀ, 200 ਤੋਂ ਵੱਧ ਮੌਤਾਂ, ਲੱਖਾਂ ਲੋਕ ਬੇਘਰ

ਮੁੰਬਈ: ਦੇਸ਼ ਦੇ ਪੱਛਮੀ ਹਿੱਸੇ ਗੁਜਰਾਤ ਤੋਂ ਲੈ ਦੱਖਣ ਦੇ ਰਾਜਾਂ ਤੱਕ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ। ਗੁਜਰਾਤ, ਮਹਾਰਾਸ਼ਟਰ, ਕਰਨਾਟਕ ਤੇ ਕੇਰਲ ‘ਚ ਹੁਣ ਤੱਕ 200 ਮੌਤਾਂ ਹੋ ਗਈਆਂ ਹਨ। ਪ੍ਰਸ਼ਾਸਨ ਨੂੰ ਨੀਵੇਂ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਉਥੋਂ ਕੱਢਣ ਕੇ ਸੁਰੱਖਿਅਤ ਥਾਵਾਂ ਉਤੇ ਲਿਜਾਣ ਵਿਚ ਖਾਸੀਆਂ ਮੁਸ਼ਕਲਾਂ ਆ ਰਹੀਆਂ ਹਨ। ਰੇਲ ਤੇ ਹਵਾਈ ਸੇਵਾਵਾਂ ਵੀ ਅਸਰਅੰਦਾਜ਼ ਹੋਈਆਂ। ਕੋਚੀ ਹਵਾਈ ਅੱਡੇ ਨੂੰ ਪਾਣੀ ਭਰਨ ਕਰਕੇ ਬੰਦ ਕਰ ਦਿੱਤਾ ਗਿਆ।

ਕਰਨਾਟਕ ਵਿਚ ਹੁਣ ਤੱਕ ਹੜ੍ਹਾਂ ਦੀ ਮਾਰ ਹੇਠ ਆਏ 80 ਹਜ਼ਾਰ ਦੇ ਕਰੀਬ ਲੋਕਾਂ ਨੂੰ ਉਥੋਂ ਕੱਢਿਆ ਜਾ ਚੁੱਕਾ ਹੈ। ਤਾਮਿਲਨਾਡੂ ਸਰਕਾਰ ਨੇ ਮੀਂਹ ਦੀ ਮਾਰ ਹੇਠ ਆਏ ਨੀਲਗਿਰੀ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਲਈ ਭਾਰਤੀ ਹਵਾਈ ਫੌਜ ਨੂੰ ਤਿਆਰ ਬਰ ਤਿਆਰ ਰਹਿਣ ਲਈ ਆਖਿਆ ਹੈ। ਇਸ ਦੌਰਾਨ ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਜੋ ਕਿ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਦੀ ਨੁਮਾਇੰਦਗੀ ਕਰਦੇ ਹਨ, ਨੇ ਹੜ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਇਮਦਾਦ ਮੰਗੀ। ਵਾਇਨਾਡ ਦੇ ਮੇਪੱਡੀ ਵਿਚ ਦੋ ਪਹਾੜਾਂ ਵਿਚਲਾ ਵੱਡਾ ਹਿੱਸਾ ਪੂਰੀ ਤਰ੍ਹਾਂ ਰੁੜ੍ਹ ਗਿਆ। ਰੱਖਿਆ ਵਿਭਾਗ ਦੇ ਸੂਤਰਾਂ ਮੁਤਾਬਕ ਪੁੱਥੂਮਾਲਾ ਵਿਚ ਜ਼ਮੀਨ ਖਿਸਕਣ ਨਾਲ ਵੱਡੀ ਗਿਣਤੀ ਘਰਾਂ ਨੂੰ ਨੁਕਸਾਨ ਪੁੱਜਾ ਤੇ 150 ਦੇ ਕਰੀਬ ਲੋਕ ਉਥੇ ਫਸ ਗਏ ਹਨ। ਹੁਣ ਤੱਕ 22,165 ਲੋਕਾਂ ਨੂੰ 315 ਰਾਹਤ ਕੈਂਪਾਂ ‘ਚ ਤਬਦੀਲ ਕੀਤਾ ਗਿਆ ਹੈ।
ਫਾਇਰ ਤੇ ਐਮਰਜੈਂਸੀ ਵਿਭਾਗ, ਐਸ਼ਡੀ.ਆਰ.ਐਫ਼, ਐਨ.ਡੀ.ਆਰ.ਐਫ਼ ਤੇ ਫੌਜ ਦੀਆਂ ਸਾਂਝੀਆਂ ਰਾਹਤ ਟੀਮਾਂ 1.24 ਲੱਖ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾ ਚੁੱਕੀ ਹੈ। ਰਾਹਤ ਕਾਰਜਾਂ ਵਿਚ ਆਈ.ਏ.ਐਫ਼ ਦੇ ਦੋ ਹੈਲੀਕਾਪਟਰ ਵੀ ਲਾਏ ਗਏ ਹਨ। ਕਰਨਾਟਕ ਵਿਚ ਸਭ ਤੋਂ ਵੱਧ ਮਾਰ ਬਾਗਲਕੋਟ, ਵਿਜੈਪੁਰਾ, ਰਾਏਚੁਰ, ਯਾਦਗਿਰੀ, ਉੱਤਰਾ ਤੇ ਦੱਖਣੀ ਕੰਨੜਾ, ਸ਼ਿਵਾਮੋਗਾ, ਕੋਡਾਗੂ ਤੇ ਚਿੱਕਮਗਲੂਰ ਜ਼ਿਲ੍ਹਿਆਂ ਨੂੰ ਪਈ ਹੈ।
ਬਚਾਅ ਤੇ ਰਾਹਤ ਏਜੰਸੀਆਂ ਮੁਤਾਬਕ ਗੁਜਰਾਤ ਦੇ ਸੌਰਾਸ਼ਟਰ ਤੇ ਕੱਛ ‘ਚ ਲਗਾਤਾਰ ਭਾਰੀ ਬਾਰਸ਼ ਦੇ ਚਲਦਿਆਂ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਸੂਬੇ ‘ਚ ਖਰਾਬ ਮੌਸਮ ਦੇ ਚਲਦਿਆਂ ਮਛੇਰਿਆਂ ਨੂੰ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮਹਾਰਾਸ਼ਟਰ ਦੇ 4 ਲੱਖ ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ। ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਸਾਂਗਲੀ ਦਾ ਹਵਾਈ ਸਰਵੇਖਣ ਕੀਤਾ ਗਿਆ।
________________________________
ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਮਾਰੇ ਲੋਕਾਂ ਦੀ ਮਦਦ ਦਾ ਫੈਸਲਾ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਮਹਾਰਾਸ਼ਟਰ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮਹਾਰਾਸ਼ਟਰ ਦੇ ਜ਼ਿਲ੍ਹਾ ਕੋਹਲਾਪੁਰ ਦੇ ਕਸਬਾ ਸਾਂਗਲੀ ‘ਚ ਭਾਰੀ ਬਾਰਿਸ਼ ਮਗਰੋਂ ਪਾਣੀ ਦੀ ਮਾਰ ਝੱਲ ਰਹੇ ਸਥਾਨਕ ਨਿਵਾਸੀਆਂ ਦੀ ਸਾਰ ਲੈਣ ਲਈ ਮੁੰਬਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਨੂੰ ਉੱਥੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਮੁੰਬਈ ਤੋਂ ਮੈਂਬਰ ਗੁਰਿੰਦਰ ਸਿੰਘ ਬਾਵਾ ਦੇ ਨਾਲ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਵੀ ਹਾਲਾਤ ਦਾ ਜਾਇਜ਼ਾ ਲੈਣ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਉੱਥੇ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ ਤੇ ਕੱਪੜੇ ਆਦਿ ਮੁਹੱਈਆ ਕਰਵਾ ਰਹੀ ਹੈ।