ਨਵਾਂ ਅਖਾਣ ਪੜ੍ਹੋ ਜੀ!

ਪੌੜੀ ਵੋਟ-ਰਾਜ ਦੀ ਵਰਤ ਗਈ ਏ ਤਾਨਾਸ਼ਾਹੀ, ਲੋਕ-ਰਾਜ ਦੰਗ ਤੇ ਬੇਵੱਸ ਹੋ ਕੇ ਬਹਿ ਗਿਆ।
ਸਿਆਸਤੀ ਸਿਆਣੇ ਤੇ ਸਕਾਲਰਾਂ ਦੇ ਹੁੰਦੇ-ਸੁੰਦੇ, ਸੈਕੂਲਰ ਸੋਚ ਤਾਂਈਂ ‘ਨਾਗ-ਵਲ’ ਪੈ ਗਿਆ।
ਵੱਜਦਾ ਨਗਾੜਾ ਐਸਾ ‘ਰਾਸ਼ਟਰਵਾਦ’ ਵਾਲਾ, ਕਰੇ ਜੇ ਸਵਾਲ ਕੋਈ ‘ਤੂਤੀ’ ਬਣ ਰਹਿ ਗਿਆ।
ਦਿਸੇ ਛੁਟਕਾਰੇ ਦੀ ਸੰਭਾਵਨਾ ਨਾ ਹਾਲੇ ਕੋਈ, ਤਬਕਾ ਵਿਰੋਧੀ ਡਰ ਸਹੇ ਵਾਂਗੂੰ ਛਹਿ ਗਿਆ।
ਦੇਖਿਆ ਹਸ਼ਰ ਮਾੜਾ ਵਾਅਦੇ ਸਮਝੌਤਿਆਂ ਦਾ, ਜਿਹਦੇ ਹੱਥ ਲਾਠੀ ਓਹੀਓ ਮੱਝ ਖੋਲ੍ਹ ਲੈ ਗਿਆ।
ਤਕੜੇ ਦਾ ਸੱਤੀਂ ਵੀਹੀਂ ਸੌ ਹੀ ਨਹੀਂ ਹਜਾਰ ਹੁੰਦਾ, ਟੁੱਟਦਾ ਭਰਮ ਘੱਟ-ਗਿਣਤੀਆਂ ਦਾ ਕਹਿ ਗਿਆ!