ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ…

ਜੰਮੂ ਕਸ਼ਮੀਰ ਦੇ ਸੁਹਾਗਾ-ਫੇਰੂ ਫੈਸਲੇ ਨੇ ਭਾਰਤ ਦੀ ਸਿਆਸਤ ਵਿਚ ਵੱਡੀ ਉਥਲ-ਪੁਥਲ ਲਿਆਂਦੀ ਹੈ। ਬਹੁਤ ਸਾਰੇ ਲੇਖਕਾਂ-ਪੱਤਰਕਾਰਾਂ ਨੇ ਸਪਸ਼ਟ ਰੂਪ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ. ਐਸ਼ ਐਸ਼ ਦੇ ਇਸ ਤਾਨਾਸ਼ਾਹੀ ਰਵੱਈਏ ਦੀ ਸ਼ਨਾਖਤ ਕਰਦਿਆਂ ਇਸ ਮਸਲੇ ਬਾਰੇ ਚਰਚਾ ਕੀਤੀ ਹੈ ਅਤੇ ਕਈ ਖਾਮੋਸ਼ ਵੀ ਹੋ ਗਏ ਹਨ। ਪੱਤਰਕਾਰ ਐਸ਼ ਪੀ. ਸਿੰਘ ਨੇ ਰਵਾਂਡਾ ਦੇ ਹਾਲਾਤ ਦੀ ਚਰਚਾ ਕਰਦਿਆਂ ਇਸ ਮਸਲੇ ਬਾਰੇ ਇਹ ਟਿੱਪਣੀ ਕੀਤੀ ਹੈ। ਇਸ ਲੇਖ ਦੀਆਂ ਰਮਜ਼ਾਂ ਬੜੀਆਂ ਗੁੱਝੀਆਂ ਅਤੇ ਅਰਥ ਬਹੁਤ ਗਹਿਰੇ ਹਨ।

-ਸੰਪਾਦਕ

ਐਸ਼ ਪੀ. ਸਿੰਘ

ਸਵੇਰੇ ਸਵੇਰੇ ਦਫਤਰ ਜਾ ਕੇ ਮੈਂ ਕੰਪਿਊਟਰ ਖੋਲ੍ਹ ਕੇ ਬਹਿ ਜਾਂਦਾ ਅਤੇ ਖਬਰਾਂ ਪੜ੍ਹਨ ਲੱਗਦਾ। ਹਰ ਨਵੀਂ ਖਬਰ ਪੜ੍ਹਨ ਤੋਂ ਡਰ ਲੱਗਦਾ। ਪੂਰੇ ਮੁਲਕ ਵਿਚ ਖਾਸ ਪਛਾਣ ਵਾਲੇ ਆਮ ਲੋਕ ਕਿਰਚਾਂ, ਕੁਹਾੜੇ, ਛਵ੍ਹੀਆਂ, ਦਾਤੀਆਂ ਲੈ ਦੂਜੀ ਪਛਾਣ ਵਾਲੇ ਆਪਣੇ ਗੁਆਂਢੀਆਂ ਨੂੰ ਕਾਕਰੋਚ ਕਹਿ ਕੇ ਕਤਲ ਕਰ ਰਹੇ ਸਨ। ਮੇਰਾ ਚਿੱਤ ਕਰਦਾ ਸੀ, ਚੀਕਾਂ ਮਾਰ ਕੇ ਸਭ ਨੂੰ ਦੱਸਾਂ ਕਿ ਕੀ ਹੋ ਰਿਹਾ ਹੈ ਪਰ ਮੇਰੀ ਡਿਊਟੀ ਕੁਝ ਹੋਰ ਸੀ। ਬੰਗਲਾ ਸਾਹਿਬ ਗੁਰਦੁਆਰਾ ਮੇਰੇ ਦਫਤਰ ਤੋਂ ਦਸ ਮਿੰਟਾਂ ਦੀ ਵਾਟ ‘ਤੇ ਸੀ। ਦੇਰ ਰਾਤ ਮੈਂ ਉਹਦੇ ਸਰੋਵਰ ਕੰਢੇ ਕੁਝ ਦੇਰ ਬੈਠ ਜਾਂਦਾ, ਫਿਰ ਉਠ ਘਰ ਨੂੰ ਚਲਾ ਜਾਂਦਾ। ਇੱਕ ਦਿਨ ਕਾਫੀ ਸਾਰੀਆਂ ਖਬਰਾਂ ਤੋਂ ਪੰਜਾਬੀ ਵਿਚ ਸਾਂਝਾ ਮਜ਼ਮੂਨ ਤਿਆਰ ਕੀਤਾ, ਅੰਦਰ ਮੱਥਾ ਟੇਕ ਕੇ ਤਹਿ ਕੀਤੇ ਕਾਗਜ਼ ਗੋਲਕ ਵਿਚ ਪਾ ਆਇਆ।
ਅਜੇ ਇੰਟਰਨੈਟ ਨਹੀਂ ਸੀ ਆਇਆ ਅਤੇ ਗਿਣਤੀ ਦੀਆਂ ਚੰਦ ਵੱਡੀਆਂ ਅਖਬਾਰਾਂ ਦੇ ਗਿਣਤੀ ਦੇ ਹੀ ਕੁਝ ਮੁਲਕਾਂ ‘ਚ ਨਾਮਾਨਿਗਾਰ ਹੁੰਦੇ ਸਨ। ਬਾਕੀ ਸਾਰਾ ਦੇਸ਼ ਦੁਨੀਆ ਭਰ ਦੀਆਂ ਖਬਰਾਂ ਲਈ ਕੌਮਾਂਤਰੀ ਖਬਰ ਏਜੰਸੀਆਂ ‘ਤੇ ਨਿਰਭਰ ਕਰਦਾ ਸੀ ਪਰ ਇਹ ਅਦਾਰੇ ਸਿੱਧੇ ਤੌਰ ਉਤੇ ਭਾਰਤੀ ਮੀਡੀਆ ਨੂੰ ਖਬਰਾਂ ਮੁਹੱਈਆ ਨਹੀਂ ਸਨ ਕਰਵਾ ਸਕਦੇ। ਏ.ਪੀ. ਦੀਆਂ ਖਬਰਾਂ ਯੂ.ਐਨ.ਆਈ. ਖਬਰ ਏਜੰਸੀ ਦੀ ਮਾਰਫਤ ਆਉਂਦੀਆਂ ਸਨ ਅਤੇ ਏ.ਐਫ਼ਪੀ. ਤੇ ਰਾਇਟਰਜ਼ ਦੀਆਂ ਸਾਰੀਆਂ ਖਬਰਾਂ ਪੀ.ਟੀ.ਆਈ. ਖਬਰ ਏਜੰਸੀ ਰਾਹੀਂ ਅਖਬਾਰਾਂ ਅਤੇ ਫਿਰ ਪਾਠਕਾਂ ਨੂੰ ਮੁਹੱਈਆ ਹੁੰਦੀਆਂ ਸਨ।
ਵਿਦੇਸ਼ੀ ਖਬਰ ਏਜੰਸੀ ਦੀਆਂ ਹਜ਼ਾਰਾਂ ਖਬਰਾਂ ਹਰ ਰੋਜ਼ ਭਾਰਤੀ ਖਬਰ ਏਜੰਸੀ ਦੇ ਕੇਂਦਰੀ ਦਫਤਰ ਵਿਚ ਇਕ ਖਾਸ ਕੰਪਿਊਟਰ ਵਿਚ ਲਗਾਤਾਰ ਮਿਲਦੀਆਂ ਰਹਿੰਦੀਆਂ ਜਿਥੇ ਉਨ੍ਹਾਂ ਵਿਚੋਂ ਭਾਰਤੀ ਪਾਠਕਾਂ ਦੀ ਦਿਲਚਸਪੀ, ਖਬਰਾਂ ਦੀ ਅਹਿਮੀਅਤ ਅਤੇ ਏਜੰਸੀ ਦੇ ਸੰਪਾਦਕੀ ਨੀਤੀ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਕੁਝ ਖਬਰਾਂ ਦੀ ਚੋਣ ਕੀਤੀ ਜਾਂਦੀ ਅਤੇ ਉਹ ਅਗਾਂਹ ਦੇਸ਼ ਦੀਆਂ ਅਖਬਾਰਾਂ, ਰੇਡੀਓ ਅਤੇ ਟੀ.ਵੀ. ਸਟੂਡੀਓਜ਼ ਨੂੰ ਭੇਜ ਦਿੱਤੀਆਂ ਜਾਂਦੀਆਂ। ਕੌਮਾਂਤਰੀ ਖਬਰ ਏਜੰਸੀਆਂ ਵਲੋਂ ਨਸ਼ਰ ਕੀਤੀਆਂ ਖਬਰਾਂ ਦਾ ਬੜਾ ਛੋਟਾ ਜਿਹਾ ਹਿੱਸਾ ਹੀ ਭਾਰਤੀ ਮੀਡੀਆ ਨੂੰ ਉਪਲੱਬਧ ਹੁੰਦਾ ਪਰ ਓਨੀਆਂ ਕੁ ਖਬਰਾਂ ਵੀ ਬਹੁਤੇ ਵਿਸਥਾਰ ਨਾਲ ਨਹੀਂ ਛਪਦੀਆਂ। ਕੌਮਾਂਤਰੀ ਖਬਰਾਂ ਬਾਰੇ ਉਪਰਾਮਤਾ ਵਾਲਾ ਇਹ ਵਰਤਾਰਾ ਅਜੇ ਵੀ ਜਾਰੀ ਹੈ।
ਮੇਰੀ ਡਿਊਟੀ ਖਬਰ ਏਜੰਸੀ ਵਿਚ ਕੌਮਾਂਤਰੀ ਖਬਰਾਂ ਦੇ ਉਸ ਨਿਰੰਤਰ ਧਾਰਾ-ਪ੍ਰਵਾਹ ਵਿਚੋਂ ਚੋਣਵੀਆਂ ਖਬਰਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਦੀ ਕਾਂਟ-ਛਾਂਟ ਕਰਕੇ ਉਨ੍ਹਾਂ ਨੂੰ ਅਖਬਾਰਾਂ ਨੂੰ ਭੇਜਣਾ ਯਕੀਨੀ ਬਣਾਉਣ ਦੀ ਸੀ। ਇਹਨੂੰ ਕੌਮੀ ਖਬਰ ਏਜੰਸੀ ਦੇ ਕੌਮਾਂਤਰੀ ਡੈਸਕ ‘ਤੇ ਕੰਮ ਕਰਨਾ ਕਿਹਾ ਜਾਂਦਾ ਸੀ।
ਅਖਬਾਰਾਂ ਵਿਚ ਵਿਦੇਸ਼ ਦੀਆਂ ਖਬਰਾਂ ਦੇ ਨਾਮ ‘ਤੇ ਜ਼ਿਆਦਾ ਫੋਕਸ ਪਾਕਿਸਤਾਨ, ਅਮਰੀਕਾ, ਨੇੜਲੇ ਗਵਾਂਢੀ ਮੁਲਕਾਂ ਜਾਂ ਫਿਰ ਯੂਰਪ ‘ਤੇ ਰਹਿੰਦਾ। ਹਾਂ, ਜੇ ਨੈਲਸਨ ਮੰਡੇਲਾ ਦਾ ਜ਼ਿਕਰ ਹੁੰਦਾ ਤਾਂ ਦੱਖਣੀ ਅਫਰੀਕਾ ਦੀ ਖਬਰ ਵੀ ਛਪ ਜਾਂਦੀ ਸੀ। 1993 ਤੱਕ ਰਵਾਂਡਾ ਨਾ ਤਿੰਨਾਂ ‘ਚ ਤੇ ਨਾ ਤੇਰ੍ਹਾਂ ‘ਚ ਸੀ। ਇਸ ਲਈ ਭਾਣਾ ਵਾਪਰਨ ਤੋਂ ਪਹਿਲਾਂ ਵਾਲੇ ਵਰਤਾਰੇ ਬਾਰੇ ਬਹੁਤਾ ਕੁਝ ਨਹੀਂ ਸੀ ਛਪ ਰਿਹਾ। ਫਿਰ 1994 ਦਾ ਅਪਰੈਲ ਮਹੀਨਾ ਚੜ੍ਹਿਆ। ਹਰ ਰੋਜ਼ ਦਰਜਨਾਂ ਖਬਰਾਂ ਉਨ੍ਹਾਂ ਕਹਾਣੀਆਂ ਵਰਗੀਆਂ ਆ ਰਹੀਆਂ ਸਨ ਜਿਹੜੀਆਂ ਮੈਂ ਬਚਪਨ ਵਿਚ ਨਾ ਜਾਣੇ ਕਿੰਨੀ ਵਾਰੀ ਆਪਣੇ ਮਾਂ ਪਿਓ ਤੋਂ ਸੁਣੀਆਂ ਸਨ। ਕਿਵੇਂ ਪਰਿਵਾਰ ਵਾਹੋਦਾਹੀ ਗੱਠੜੀਆਂ ਬੰਨ੍ਹ ਕੇ ਭੱਜ ਤੁਰੇ ਸਨ, ਕਿਵੇਂ ਛਵ੍ਹੀਆਂ ਨਾਲ ਲੈਸ ਭੀੜਾਂ ਇਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਘੁੰਮ ਰਹੀਆਂ ਸਨ, ਕਿਵੇਂ ਕਨਸੋਆਂ ਮਿਲਦੀਆਂ ਕਿ ਫਲਾਣੇ ਪਿੰਡ ਫਲਾਣਿਆਂ ਨੇ ਏਨੇ ਮਾਰ ਦਿੱਤੇ ਨੇ, ਜ਼ਨਾਨੀਆਂ ਖੂਹ ਵਿਚ ਛਾਲਾਂ ਮਾਰ ਗਈਆਂ ਨੇ।
6 ਅਪਰੈਲ 1994 ਨੂੰ ਜਦੋਂ ਰਵਾਂਡਾ ਦੇ ਰਾਸ਼ਟਰਪਤੀ ਦਾ ਜਹਾਜ਼ ਮਿਜ਼ਾਈਲ ਨਾਲ ਉਡਾ ਦਿੱਤਾ ਗਿਆ ਤਾਂ ਇਹ ਸਾਫ ਸੀ ਕਿ ਅਗਾਂਹ ਕੀ ਹੋਵੇਗਾ। ਅਗਲੇ ਦਿਨ ਮੈਂ ਗੱਠੜੀ ਭਰ ਕੇ ਖਬਰਾਂ ਘਰ ਲੈ ਆਇਆ ਸਾਂ। ਫਿਰ ਹਰ ਰੋਜ਼ ਦਰਜਨਾਂ ਖਬਰਾਂ ਮੈਂ ਨਾਲ ਚੁੱਕ ਘਰ ਲਿਜਾਂਦਾ ਰਿਹਾ। ਪੜ੍ਹੀਆਂ ਨਹੀਂ ਸੀ ਜਾਂਦੀਆਂ ਅਤੇ ਨਾ ਪੜ੍ਹਨਾ ਜੁਰਮ ਜਿਹਾ ਜਾਪਦਾ ਸੀ। ਭਾਰਤੀ ਅਖਬਾਰਾਂ ਵਿਚ ਰਵਾਂਡਾ ਛਪਣ ਲੱਗ ਪਿਆ ਸੀ। ਫਿਰ ਕੁਝ ਹਫਤਿਆਂ ਬਾਅਦ ਇਹ ਖਬਰਾਂ ਵਿਚੋਂ ਬਾਹਰ ਹੋ ਗਿਆ। ਮੇਰੇ ਬਹੁਤੇ ਸਹਿਯੋਗੀਆਂ ਦੇ ਚੇਤੇ ਵਿਚ ਇਹ ਬਹੁਤਾ ਵੱਸਿਆ ਨਹੀਂ, ਕਿਉਂ ਜੋ ਉਹ ਵਿਦੇਸ਼ ਡੈਸਕ ‘ਤੇ ਕੰਮ ਨਹੀਂ ਕਰਦੇ ਸਨ।
ਮੈਂ ਇਹਦੇ ਬਾਰੇ ਕਦੀ ਕਿਆਸ-ਅਰਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਖਿੱਤੇ ਦੇ ਕਿੰਨੇ ਕੁ ਪੱਤਰਕਾਰ ਦੁਨੀਆ ਦੇ ਨਕਸ਼ੇ ਵਿਚੋਂ ਰਵਾਂਡਾ ਝੱਟ ਲੱਭ ਲੈਣਗੇ, ਭਾਵੇਂ ਮੈਨੂੰ ਇਹ ਯਕੀਨ ਹੈ ਕਿ ਉਹ ਨਿਊ ਯਾਰਕ, ਵੈਨਕੂਵਰ ਜਾਂ ਟੋਰਾਂਟੋ ਵਰਗੇ ਸ਼ਹਿਰਾਂ ਦੀ ਨਿਸ਼ਾਨਦੇਹੀ ਆਸਾਨੀ ਨਾਲ ਕਰ ਲੈਣਗੇ। ਕਿਉਂ ਜੋ ਸਾਨੂੰ ਅਮਰੀਕਾ ਬਾਰੇ ਵਧੇਰੇ, ਅਫਰੀਕਾ ਬਾਰੇ ਘੱਟ ਖਬਰ ਪੜ੍ਹਨ ਨੂੰ ਮਿਲਦੀ ਹੈ, ਇਸ ਲਈ ਰਵਾਂਡਾ ਦੀ ਕਥਾ ਦੀ ਪ੍ਰਚੰਡਤਾ ਸਮਝਣ ਲਈ ਅਮਰੀਕਾ ਦਾ ਹੀ ਸਹਾਰਾ ਲੈ ਲੈਂਦੇ ਹਾਂ। ਅਮਰੀਕਾ ਵਿਚ ਹਰ ਕਿਸੇ ਨੂੰ ਇਹ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਨਿਊ ਯਾਰਕ ਦੇ ਟਵਿਨ ਟਾਵਰਜ਼ ਵਿਚ ਜਹਾਜ਼ ਆ ਕੇ ਵੱਜੇ ਸਨ ਤਾਂ ਉਹ ਕਿਥੇ ਸੀ, ਕੀ ਕਰ ਰਿਹਾ ਸੀ, ਕਿਸ ਨਾਲ ਗੱਲ ਕਰ ਰਿਹਾ ਸੀ, ਲਿਫਟ ਵਿਚ ਸੀ ਜਾਂ ਲਿਫਟ ਦਾ ਇੰਤਜ਼ਾਰ ਕਰ ਰਿਹਾ ਸੀ। 9/11 ਦੀ ਇਹ ਘਟਨਾ ਗੱਲ ਹੀ ਬੜੀ ਵੱਡੀ ਸੀ। ਦੁਨੀਆ ਹਿੱਲ ਗਈ ਸੀ। ਇਥੇ ਭਾਰਤ ਵਿਚ ਵੀ ਖਬਰਾਂ ਨਾਲ ਮੱਸ ਰੱਖਣ ਵਾਲਿਆਂ ਨੂੰ ਇਹ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਉਨ੍ਹਾਂ 9/11 ਬਾਰੇ ਖਬਰ ਕਿਥੇ ਸੁਣੀ ਸੀ, ਫਿਰ ਕਿਵੇਂ ਭੱਜ ਕੇ ਨੇੜੇ ਦੇ ਟੀ.ਵੀ. ਤੱਕ ਪਹੁੰਚੇ ਸਨ।
ਰਵਾਂਡਾ ਵਾਲੀ ਖਬਰ ਸ਼ਾਇਦ ਬਹੁਤੀ ਚੇਤੇ ਨਾ ਹੋਵੇ ਪਰ 9/11 ਵਾਲੀ ਨਾਲ ਮਾਪ ਕੇ ਦੇਖੋ। ਦਿੱਲੀ ਤੋਂ ਵੀ ਘੱਟ ਜਨਸੰਖਿਆ ਵਾਲੇ ਇਸ ਮੁਲਕ ਵਿਚ 9/11 ਵਾਲੀ ਘਟਨਾ ਵਿਚ ਮਰਨ ਵਾਲਿਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਲੋਕ ਇਕ ਦਿਨ ਵਿਚ ਕਤਲ ਹੋਏ, ਫਿਰ ਦੂਜੇ ਦਿਨ ਕਤਲ ਹੋਏ, ਫਿਰ ਤੀਜੇ ਦਿਨ, ਫਿਰ 7 ਅਪਰੈਲ 1994 ਤੋਂ ਸ਼ੁਰੂ ਹੋ ਕੇ 100 ਦਿਨਾਂ ਤੱਕ ਕਤਲੋਗਾਰਤ ਦਾ ਸਿਲਸਿਲਾ ਇਸੇ ਰਫਤਾਰ ਨਾਲ ਚੱਲਿਆ। ਇਕ ਅੰਦਾਜ਼ੇ ਮੁਤਾਬਿਕ 100 ਦਿਨਾਂ ਵਿਚ ਦਸ ਲੱਖ ਟੁਟਸੀ ਲੋਕਾਂ ਨੂੰ ਉਨ੍ਹਾਂ ਦੇ ਹੁਤੂ ਹਮਸਾਇਆਂ ਨੇ ਆਪਣੇ ਹੱਥੀਂ ਕਤਲ ਕਰ ਦਿੱਤਾ।
ਰਵਾਂਡਾ ਬੜੀ ਦੂਰ ਹੈ ਅਤੇ ਉਥੇ ਕੋਈ ਪੰਜਾਬੀ ਕਿਸੇ ਸ਼ਹਿਰ ਦਾ ਮੇਅਰ ਵੀ ਨਹੀਂ ਲੱਗਿਆ ਅਤੇ ਨਾ ਹੀ ਨਗਰ ਕੀਰਤਨ ਨਿਕਲਦਾ ਹੈ, ਨਾ ਕੋਈ ਬਹੁਤੇ ਪਰਵਾਸੀ ਭਾਰਤੀ ਸਾਹਿਤ ਸੰਮੇਲਨ ਹੁੰਦੇ ਹਨ। ਇਸ ਲਈ ਦਸ ਲੱਖ ਲਾਸ਼ਾਂ ਅੰਕੜਾ ਜਿਹਾ ਜਾਪ ਸਕਦੀਆਂ ਹਨ। ਮੇਰੇ ਨਾਲ ਵੀ ਸ਼ਾਇਦ ਇੰਜ ਹੀ ਹੁੰਦਾ ਪਰ ਮੁਸ਼ਕਿਲ ਇਹ ਸੀ ਕਿ ਉਸ ਕੰਪਿਊਟਰ ਅੱਗੇ ਬੈਠਾ ਮੈਂ ਹਰ ਰੋਜ਼ ਅਜਿਹੀਆਂ ਦਰਜਨਾਂ ਖਬਰਾਂ ਪੜ੍ਹ ਰਿਹਾ ਸਾਂ ਜਿਨ੍ਹਾਂ ਨੂੰ ਦੁਬਾਰਾ ਪੜ੍ਹਨ ਲੱਗਿਆਂ ਚੌਥਾਈ ਸਦੀ ਬਾਅਦ ਵੀ ਮੇਰਾ ਤ੍ਰਾਹ ਨਿਕਲ ਜਾਂਦਾ ਏ।
ਬਹੁਤ ਸਾਰੀਆਂ ਖਬਰਾਂ ਵਿਚ ਜ਼ਿਕਰ ਆਉਂਦਾ ਕਿ ਰਵਾਂਡਾ ਦੇ ਆਰ.ਟੀ.ਐਲ਼ਐਮ ਰੇਡੀਓ ਸਟੇਸ਼ਨ ਤੋਂ ਐਲਾਨ ਕੀਤਾ ਜਾ ਰਿਹਾ ਹੈ ਕਿ ‘ਉਪਰੋਂ’ ਹੁਕਮ ਆਇਆ ਹੈ- ਸਾਰੇ ਸੱਪ, ਸਪੋਲੀਏ ਅਤੇ ਕਾਕਰੋਚ ਮਾਰ ਦਿੱਤੇ ਜਾਣ: “ਝਾੜੀਆਂ ਵਿਚ ਦੇਖੋ, ਦਲਦਲਾਂ ਵਾਲੇ ਪਾਸੇ ਧਿਆਨ ਦਿਓ। ਜਿਥੇ ਕਿਤੇ ਵੀ ਟੁਟਸੀ ਦਿਸੇ, ਮਾਰ ਦਿਉ। ਰਹਿਮ ਨਾ ਕਰਨਾ।”
ਹੁਤੂ ਅਤੇ ਟੁਟਸੀ ਸਭ ਬੜੇ ਧਿਆਨ ਨਾਲ ਰੇਡੀਓ ਸੁਣਦੇ। ਰੇਡੀਓ ‘ਤੇ ‘ਗੱਦਾਰਾਂ’ ਦੀਆਂ ਸੂਚੀਆਂ ਪੜ੍ਹੀਆਂ ਜਾਂਦੀਆਂ। ਆਪਣਾ ਨਾਮ ਸੁਣਦੇ ਹੀ ‘ਗੱਦਾਰ’ ਬਾਹਰ ਗਲੀ ਵਿਚ ਭੱਜ ਨਿਕਲਦਾ ਪਰ ਗਵਾਂਢੀ ਹੁਤੂ ਘਰਾਂ ਵਿਚ ਵੀ ਤਾਂ ਰੇਡੀਓ ਸੀ। ਛਵ੍ਹੀਆਂ ਨਾਲ ਲੈਸ ਭੀੜ ਉਹਦੇ ਪਿੱਛੇ ਭੱਜਦੀ। ਇਕ ਹੋਰ ਛੋਟੀ ਭੀੜ ਸਾਹਮਣੇ ਉਸ ‘ਗੱਦਾਰ’ ਦੇ ਘਰ ਵੱਲ ਵਗੀ ਆਉਂਦੀ। ਗਲੀ ਗਲੀ ਸੱਪ ਤੇ ਕਾਕਰੋਚ ਮਾਰੇ ਜਾ ਰਹੇ ਸਨ।
ਰਵਾਂਡਾ ‘ਤੇ ਫਿਰੰਗੀਆਂ ਦਾ ਰਾਜ ਰਿਹਾ ਸੀ। 1895 ਵਿਚ ਇਹ ਦੇਸ਼ ਜਰਮਨ ਈਸਟ ਅਫਰੀਕਾ ਬਣਿਆ ਸੀ, ਫਿਰ 1916 ਵਿਚ ਬੈਲਜੀਅਮ ਥੱਲੇ ਆ ਗਿਆ। 1933 ਵਿਚ ਬੈਲਜੀਅਮ ਨੇ ਰਵਾਂਡਾ ਵਿਚਲੇ ਹਰ ਵਿਅਕਤੀ ਦਾ ਉਨ੍ਹਾਂ ਵੇਲਿਆਂ ਦਾ ਆਧਾਰ ਕਾਰਡ ਬਣਾਇਆ। ਇਹੀ ਦੇਸ਼ ਵਾਸੀਆਂ ਦੀ ਸ਼ਨਾਖਤ ਬਣੀ। ਹਰ ਕਾਰਡ ਉਤੇ ਸਪਸ਼ਟ ਲਿਖਿਆ ਸੀ ਕਿ ਇਹ ਵਿਅਕਤੀ ਹੁਤੂ ਹੈ ਜਾਂ ਟੁਟਸੀ।
1994 ਦੇ ਚੇਤ, ਵੈਸਾਖ, ਜੇਠ, ਹਾੜ੍ਹ ਦੇ ਮਹੀਨਿਆਂ ਵਿਚ ਇਹ ਬਹੁ-ਮੰਤਵੀ ਸ਼ਨਾਖਤੀ ਕਾਰਡ ਬੜੇ ਕੰਮ ਆਏ। ਜਗ੍ਹਾ-ਜਗ੍ਹਾ ਨਾਕੇ ਲਾ ਕੇ ਕਾਰਡ ਦੀ ਜਾਂਚ ਕਰਨ ਤੋਂ ਬਾਅਦ ਟੁਟਸੀ ਥਾਏਂ ਕਤਲ ਕੀਤੇ ਗਏ। ਗਲਦੀਆਂ ਲਾਸ਼ਾਂ ਦੇ ਢੇਰਾਂ ਦੀਆਂ ਖਬਰਾਂ ਮਹੀਨਿਆਂ ਤੱਕ ਆਉਂਦੀਆਂ ਰਹੀਆਂ। ਜੇ ਕਿਸੇ ਹੁਤੂ ਨੇ ਕੋਈ ਹਮਦਰਦੀ ਦਿਖਾਈ ਤਾਂ ਉਹ ਵੀ ਕਤਲ ਕਰ ਦਿੱਤਾ ਗਿਆ। ਇਕ ਵੱਡਾ ਹਥਿਆਰ ਬਲਾਤਕਾਰ ਵੀ ਸੀ। ਹੁਤੂ ਇਹ ਖੁੱਲ੍ਹ ਕੇ ਬਿਆਨ ਕਰਦੇ ਸਨ ਕਿ ਉਹ ਟੁਟਸੀ ਔਰਤਾਂ ਨਾਲ ਕੀ ਕਰਨਾ ਚਾਹੁੰਦੇ ਸਨ। ਮੈਨੂੰ ਯਕੀਨ ਹੈ, ਤੁਸੀਂ ਬਲਾਤਕਾਰਾਂ ਦਾ ਅੰਕੜਾ ਨਹੀਂ ਜਾਨਣਾ ਚਾਹੁੰਦੇ।
ਇਤਿਹਾਸਕਾਰ ਜੇਰਾਰਡ ਪਰੂਨੀ ਲਿਖਦਾ ਹੈ ਕਿ ਆਮ ਲੋਕਾਂ ਦੀ ਇਸ ਕਤਲੇਆਮ ਵਿਚ ਸ਼ਮੂਲੀਅਤ ਦਾ ਕਾਰਨ ਡੈਮੋਕਰੇਟਿਕ ਬਹੁਗਿਣਤੀ ਦੀ ਵਿਚਾਰਧਾਰਾ ਸੀ। ਹੁਤੂ ਲੋਕਾਂ ਨੂੰ ਜਚਾ ਦਿੱਤਾ ਗਿਆ ਸੀ ਕਿ ਘੱਟਗਿਣਤੀ ਟੁਟਸੀ ਖਤਰਨਾਕ ਦੁਸ਼ਮਣ ਹਨ। ਕਤਲੇਆਮ ਦੀ ਤਿਆਰੀ ਵੀ ਘੱਟੋ-ਘੱਟ ਇਕ ਸਾਲ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਕਤਲੋਗਾਰਤ ਤੋਂ ਦਸ ਸਾਲ ਬਾਅਦ ਆਈ ਕਿਤਾਬ ‘ਕੌਨਸਪੀਰੇਸੀ ਟੂ ਮਰਡਰ’ ਵਿਚ ਲਿੰਡਾ ਮਲਵਰਨ ਨੇ ਲਿਖਿਆ ਕਿ ਦੁਨੀਆ ਦੇ ਸਭ ਤੋਂ ਗਰੀਬ ਮੁਲਕਾਂ ਵਿਚੋਂ ਇਕ, ਰਵਾਂਡਾ, ਕਤਲਾਂ ਤੋਂ ਪਹਿਲਾਂ-ਪਹਿਲਾਂ ਅਫਰੀਕਾ ਦਾ ਸਭ ਤੋਂ ਵਧੇਰੇ ਹਥਿਆਰ ਦਰਾਮਦ ਕਰਨ ਵਾਲਾ ਤੀਜਾ ਵੱਡਾ ਮੁਲਕ ਬਣ ਗਿਆ ਸੀ।
ਇਤਿਹਾਸਕਾਰਾਂ ਵਿਚ ਹੁਣ ਇਹ ਆਮ ਸਹਿਮਤੀ ਹੈ ਕਿ ਕਤਲੇਆਮ ਪਿੱਛੇ ਸੋਚ ‘ਸਦੀਵੀ ਹੱਲ’ ਦੀ ਸੀ ਅਤੇ ਇਸ ਮੰਤਵ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਇਕ ਵੀ ਟੁਟਸੀ ਜਿਊਂਦਾ ਨਹੀਂ ਬਚਣਾ ਚਾਹੀਦਾ। ਇਹ ਵੀ ਹੁਣ ਸਪਸ਼ਟ ਹੈ ਕਿ ਕੌਮਾਂਤਰੀ ਭਾਈਚਾਰੇ ਵਿਚ ਵੱਡੀਆਂ ਤਾਕਤਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੀ ਹੋ ਸਕਦਾ ਹੈ ਅਤੇ ਕੀ ਹੋ ਰਿਹਾ ਸੀ। ਇਹ ਵੀ ਕਿ ਉਹ ਇਹਨੂੰ ਰੋਕ ਸਕਦੀਆਂ ਸਨ ਪਰ ਤਮਾਸ਼ਬੀਨ ਬਣੀਆਂ ਰਹੀਆਂ। ਅਮਰੀਕਾ, ਸੋਮਾਲੀਆ ਵਿਚ ਆਪਣੇ ਹੱਥ ਸੜਵਾ ਹਟਿਆ ਸੀ, ਸੋ ਕਿਨਾਰੇ ਬੈਠਾ ਰਿਹਾ। ਇਹ ਭੇਤ ਹੁਣ ਖੁੱਲ੍ਹ ਚੁੱਕੇ ਹਨ ਕਿ ਰਾਸ਼ਟਰਪਤੀ ਕਲਿੰਟਨ ਅਤੇ ਉਹਦੀ ਕੈਬਨਿਟ ਨੂੰ ਹੋਣ ਵਾਲੇ ਕਤਲੇਆਮ ਦੀ ਸਪਸ਼ਟ ਜਾਣਕਾਰੀ ਸੀ। ਬਾਅਦ ਵਿਚ ਕਲਿੰਟਨ ਨੇ ਆਪਣੀ ਨਾਕਾਮੀ ਮੰਨੀ ਕਿ ਉਹ ਲੱਖਾਂ ਕਤਲ ਰੋਕਣ ਤੋਂ ਥਿੜਕ ਗਏ ਸਨ। ਇਹ ਵੀ ਹੁਣ ਭੇਤ ਨਹੀਂ ਰਿਹਾ ਕਿ ਕਤਲਾਂ ਲਈ ਵਰਤੇ ਗਏ ਬਹੁਤ ਸਾਰੇ ਹਥਿਆਰ ਇਸਰਾਈਲ ਨੇ ਹੀ ਵੇਚੇ ਸਨ। 2016 ਵਿਚ ਇਸਰਾਇਲੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਰਵਾਂਡਾ ਨੂੰ ਹਥਿਆਰਾਂ ਦੀ ਵਿਕਰੀ ਬਾਰੇ ਦਸਤਾਵੇਜ਼ ਗੁਪਤ ਹੀ ਰਹਿਣਗੇ।
ਪਿਛਲੇ 25 ਸਾਲਾਂ ਵਿਚ ਮੈਂ ਬੜੀ ਵਾਰੀ 1994 ਵਿਚ ਦਫਤਰੋਂ ਲਿਆਂਦੀਆਂ ਖਬਰਾਂ ਪੜ੍ਹੀਆਂ ਨੇ। ਬਹੁਤੀ ਵਾਰੀ ਇਸ ਲਈ ਕਿ ਇਹ ਅਕਸਰ ਹੀ ਅਜੋਕੇ ਸਮਿਆਂ ਵਿਚ ਛਪ ਰਹੀਆਂ ਖਬਰਾਂ ਦਾ ਹੀ ਕੋਈ ਰੂਪ ਜਾਪਦੀਆਂ ਹਨ। ਰਵਾਂਡਾ ਦੀ ਨਸਲਕੁਸ਼ੀ ਦੀ 25ਵੀਂ ਵਰ੍ਹੇਗੰਢ ‘ਤੇ ਡੈਨੀਸ ਯੁਵੀਮਾਨਾ ਦੀ ਹੱਡਬੀਤੀ ‘ਫਰੌਮ ਰੈੱਡ ਅਰਥ- ਏ ਰਵਾਂਡਨ ਸਟੋਰੀ ਆਫ ਹੀਲਿੰਗ ਐਂਡ ਫੋਰਗਿਵਨੈਸ’ ਪੜ੍ਹੀ। ਉਹਦਾ ਪਤੀ ਅਤੇ ਹੋਰ ਰਿਸ਼ਤੇਦਾਰ ਕਤਲ ਕਰ ਦਿੱਤੇ ਗਏ ਸਨ। ਜਦੋਂ ਖੂਨ-ਖਰਾਬਾ ਸ਼ੁਰੂ ਹੋਇਆ ਅਤੇ ਕਾਤਲ ਉਹਦੇ ਘਰ ਅੰਦਰ ਸਨ, ਉਹ ਮੰਜੇ ਥੱਲੇ ਲੁਕੀ ਹੋਈ ਸੀ ਜਿਥੇ ਫਰਸ਼ ‘ਤੇ ਉਹਦੇ ਕਤਲ ਕੀਤੇ ਗਏ ਰਿਸ਼ਤੇਦਾਰਾਂ ਦਾ ਖੂਨ ਚਿੱਪ-ਚਿੱਪ ਕਰ ਰਿਹਾ ਸੀ, ਉਦੋਂ ਹੀ ਉਸ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ।
ਮੈਂ ਡੈਨੀਸ ਯੁਵੀਮਾਨਾ ਦੀਆਂ ਲਿਖੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਬਹੁਤੀਆਂ ਕਹਾਣੀਆਂ ਵਿਚ ਨਹੀਂ ਜਾਣਾ ਚਾਹੁੰਦਾ। ਤੁਸੀਂ ਚਾਹੋ ਤਾਂ ਪੜ੍ਹ ਲੈਣਾ, ਵਰਨਾ ਰਵਾਂਡਾ ਕੋਈ ਕੈਨੇਡਾ ਨਹੀਂ ਜਿਥੇ ਆਈਲੈਟਸ ਕਰਕੇ ਜਾਣ ਦੀ ਹੋੜ ਲੱਗੀ ਹੋਵੇ। ਮੈਂ ਤਾਂ ਕੇਵਲ ਭਰ ਜਵਾਨ ਇਮੈਨੁਅਲ ਬਾਰੇ ਸੋਚ ਰਿਹਾ ਹਾਂ। ਉਹਦੀ ਵਾਰ-ਵਾਰ ਹਵਾ ਵਿਚ ਲਹਿਰਾਉਂਦੀ ਦਾਤਰੀ ਨੇ 1994 ਵਿਚ ਬਹੁਤ ਸਾਰੇ ਛੋਟੇ-ਛੋਟੇ ਬੱਚਿਆਂ ਦੇ ਸਿਰ ਕਲਮ ਕੀਤੇ ਸਨ।
ਸਾਲਾਂ ਤੱਕ ਆਪਣੇ ਅੰਦਰਲੇ ਨਾਲ ਰਹਿਣ ਤੋਂ ਅਸਮਰੱਥ ਇਮੈਨੁਅਲ ਰਾਤਾਂ ਨੂੰ ਚੀਕ ਉਠਦਾ ਸੀ, ਬੱਚਿਆਂ ਦੇ ਚਿਹਰੇ ਉਹਦਾ ਪਿੱਛਾ ਨਹੀਂ ਛੱਡ ਰਹੇ ਸਨ। ਜਦੋਂ 2000 ਵਿਚ ਦੇਸ਼ ਵਿਚ ਕੀਤੇ ਦਾ ਇਕਬਾਲ ਕਰਨ ਲਈ ਲੋਕ ਅਦਾਲਤਾਂ ਲੱਗੀਆਂ ਤਾਂ ਇਮੈਨੁਅਲ ਨੇ ਪੇਸ਼ ਹੋ ਆਪਣੇ ਜੁਰਮ ਦਾ ਇਕਬਾਲ ਕੀਤਾ। ਜਿਸ ਔਰਤ ਦਾ ਪਤੀ ਉਸ ਨੇ ਉਹਦੀਆਂ ਅੱਖਾਂ ਸਾਹਮਣੇ ਕਤਲ ਕੀਤਾ ਸੀ, ਫਿਰ ਉਹਦੇ ਬੱਚੇ ਕਤਲ ਕਰ ਲਾਸ਼ਾਂ ਦਾ ਢੇਰ ਲਾਇਆ ਸੀ, ਉਸ ਨੂੰ 2003 ਵਿਚ ਉਸ ਮੁੜ ਜਾ ਲੱਭਿਆ। ਆਪਣਾ ਕੀਤਾ ਸਭ ਬਿਆਨਿਆ। ਅੱਜ ਉਹ ਉਹਦੇ ਪੁੱਤ ਵਾਂਗ ਵਿਚਰਦਾ ਹੈ। ਉਹ ਵੀ ਮੁਆਫ ਕਰਨ ਤੋਂ ਅਗਾਂਹ ਗਈ, ਉਹਦੀ ਮਾਂ ਬਣੀ ਫਿਰਦੀ ਹੈ।
ਰਵਾਂਡਾ ਨੇ ਪਿਛਲੇ 25 ਸਾਲਾਂ ਵਿਚ ਲੰਮਾ ਸਫਰ ਤੈਅ ਕੀਤਾ ਹੈ। ਭਾਰਤੀ ਅਖਬਾਰੀ ਸੁਰਖੀਆਂ ਵਿਚ ਇਹ ਭਾਵੇਂ ਬਹੁਤਾ ਨਾ ਵਿਚਰਿਆ ਹੋਵੇ ਪਰ ਕਤਲੋਗਾਰਤ ਦੀ ਸਾਡੀ ਸਾਂਝ ਤਾਂ ਅੰਕੜਿਆਂ ਤੱਕ ਵੀ ਬਣਦੀ ਹੈ। ਅੱਗੇ ਤੋਂ ਮਾਮਲਾ ਕੰਟਰੋਲ ਵਿਚ ਰਹੇ, ਇਸ ਲਈ ਰਵਾਂਡਾ ਦੀ ਸਰਕਾਰ ਨੇ ਮੀਡੀਆ ਉਤੇ ਜ਼ਬਰਦਸਤ ਬੰਦਸ਼ਾਂ ਲਗਾ ਦਿੱਤੀਆਂ ਜੋ ਅੱਜ ਵੀ ਜਾਰੀ ਹਨ। ਸਰਕਾਰ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਆਮ ਗੱਲ ਹੈ। ਸਕੂਲੀ ਕਿਤਾਬਾਂ ਵਿਚ ਬੱਚਿਆਂ ਨੂੰ ਬੀਤੇ ਬਾਰੇ ਕੀ ਦੱਸਿਆ ਜਾਵੇ, ਇਸ ਉਤੇ ਪੂਰਾ ਸਰਕਾਰੀ ਕੰਟਰੋਲ ਹੈ। ਤੁਹਾਨੂੰ ਦੱਸਿਆ ਹੈ ਕਿ ਸਾਡੀ ਕਈ ਕਿਸਮਾਂ ਦੀ ਸਾਂਝ ਹੈ।
ਮੈਂ ਕਈ ਵਾਰੀ ਸੋਚਦਾ ਹਾਂ ਕਿ 1984 ਵਿਚ ਜਿਸ ਨੌਜਵਾਨ ਨੇ ਕਿਸੇ ਦੇ ਗਲ ਵਿਚ ਟਾਇਰ ਪਾ ਸਾੜਿਆ ਹੋਵੇਗਾ, ਉਸ ਕਦੀ ਅੱਧੀ ਰਾਤੀਂ ਉਠ ਚੀਕਾਂ ਨਹੀਂ ਮਾਰੀਆਂ ਹੋਣਗੀਆਂ? 1947 ਵਿਚ ਜਿਨ੍ਹਾਂ ਆਪਣੇ ਰੱਬ ਦਾ ਨਾਮ ਲੈ ਕਤਲ ਕੀਤੇ ਹੋਣਗੇ, ਉਹ ਅੱਧੀ ਰਾਤੀਂ ਤੜਫ ਕੇ ਕਦੀ ਨਹੀਂ ਉਠਦੇ ਹੋਣਗੇ? ਅੱਜ ਦੇਸ਼ ਵਿਚ ਬਥੇਰੇ ਨੇਤਾ ਕੁਝ ਰਵਾਂਡਾ ਜਿਹਾ ਕਰਨ ਨੂੰ ਫਿਰਦੇ ਜਾਪਦੇ ਹਨ। ਕਿਸੇ ਇਕ ਫਿਰਕੇ ਨੂੰ ਸਿਉਂਕ ਜਾਂ ਕਾਕਰੋਚ ਦੱਸਿਆ ਜਾ ਰਿਹਾ ਹੈ। ਦੇਸ਼ ਦੇ ਦੂਜੇ ਹਿੱਸੇ ਵਿਚ ਕਾਨੂੰਨ ਦੀ ਕਿਸੇ ਧਾਰਾ ਨੂੰ ਵਿੰਗ-ਤੜਿੰਗ ਕਰ ਕੇ ਟੇਢੇ ਮਸਲਿਆਂ ਦੇ ‘ਸਦੀਵੀ ਹੱਲ’ ਕੀਤੇ ਜਾ ਰਹੇ ਹਨ। ਉਸ ਵੇਲੇ ਦੇ ਕੌਮਾਂਤਰੀ ਭਾਈਚਾਰੇ ਵਾਂਗ ਅਸੀਂ ਵੀ ਸਭ ਜਾਣਦੇ ਹਾਂ ਪਰ ਕਿਨਾਰੇ ਬੈਠੇ ਹਾਂ। ਹੁਣ ਤਾਂ ਇੰਟਰਨੈਟ ਹੈ, ਰਵਾਂਡਾ ਬਾਰੇ ਵੀ ਨਹੀਂ ਕਹਿ ਸਕਦੇ ਕਿ ਬੜੀ ਦੂਰ ਹੈ, ਫਿਰ ਸਾਡਾ ਰਵਾਂਡਾ ਤਾਂ ਵੈਸੇ ਵੀ ਦੂਰ ਨਹੀਂ। ਖਬਰ ਕੋਈ ਆ ਨਹੀਂ ਰਹੀ। ਆਸਾਰ ਭੈੜੇ ਜਾਪਦੇ ਹਨ। ਨਕਸ਼ੇ ਵਿਚੋਂ ਨਾ ਲੱਭੇ ਭਾਵੇਂ, ਪਰ ਰਹਿ 1994 ਦੇ ਰਵਾਂਡਾ ਵਿਚ ਹੀ ਰਹੇ ਹਾਂ। ਦੋਸਤ ਸਲਾਹ ਦੇ ਰਹੇ ਹਨ ਕਿ ਮਾਹੌਲ ਠੀਕ ਨਹੀਂ, ਕਸ਼ਮੀਰ ਬਾਰੇ ਧਿਆਨ ਨਾਲ ਲਿਖਣਾ। ਮੈਂ ਡਰੇ ਨੇ ਫੈਸਲਾ ਕੀਤਾ ਹੈ, ਰਵਾਂਡਾ ਬਾਰੇ ਹੀ ਲਿਖਿਆ ਹੈ। ਸੋਚ ਰਿਹਾ ਹਾਂ, ਕਸ਼ਮੀਰ ਬਾਰੇ ਲਿਖ ਕੇ, ਕਿਤੇ ਮੱਥਾ ਟੇਕ ਗੋਲਕ ਵਿਚ ਹੀ ਮਜ਼ਮੂਨ ਪਾ ਆਵਾਂ।