ਕਾਗਜ਼ੀ ਕਾਰਵਾਈ

ਬਲਜੀਤ ਬਾਸੀ
ਅੱਜ ਕੰਪਿਊਟਰ ਯੁੱਗ ਵਿਚ ਕਾਗਜ਼ ਦੀ ਖੂਬ ਕਦਰ-ਘਟਾਈ ਹੋ ਰਹੀ ਹੈ। ਕਾਗਜ਼ ਦੀਆਂ ਅਖਬਾਰਾਂ ਜਾਂ ਰਿਸਾਲੇ, ਜਿਨ੍ਹਾਂ ਨੂੰ ਕਿਹਾ ਹੀ ਪੇਪਰ ਜਾਂ ਪੱਤਰ ਜਾਂਦਾ ਸੀ, ਦੀ ਵਿਕਰੀ ਕਾਫੀ ਘਟ ਗਈ ਹੈ, ਥੱਬਿਆਂ ਦੇ ਥੱਬੇ ਕਾਗਜ਼ੀ ਨੋਟਾਂ ਦੇ ਥਾਂ ਏ. ਟੀ. ਐਮੀ. ਕਾਰਡ ਚੱਲਣ ਲੱਗ ਪਏ ਹਨ; ਬਹੁਤੇ ਚਿੱਠੀ-ਪੱਤਰ ਜਾਂ ਸੁਨੇਹੇ ਈਮੇਲਾਂ ਤੇ ਹੋਰ ਸੋਸ਼ਲ ਮੀਡੀਏ ਰਾਹੀਂ ਪਹੁੰਚਾਏ ਜਾਣ ਲੱਗ ਪਏ ਹਨ। ਫਿਰ ਵੀ ਇਸ਼ਤਿਹਾਰਾਂ ਦੇ ਰੂਪ ਵਿਚ ਘਰੋ ਘਰੀ ਕਾਗਜ਼ਾਂ ਦੇ ਪੁਲੰਦੇ ਪੁੱਜਦੇ ਹੀ ਰਹਿੰਦੇ ਹਨ। ਕਾਗਜ਼ੀ ਡਾਕ ਅਤੇ ਕਾਗਜ਼ਾਤ ਨੂੰ ਅਜੇ ਵੀ ਕਾਨੂੰਨੀ ਉਚਿਤਤਾ ਹਾਸਿਲ ਹੈ। ਬੱਸ ਕੁਝ ਹੀ ਸਮਾਂ ਪਹਿਲਾਂ ਤੱਕ ਘਰਾਂ, ਦਫਤਰਾਂ, ਕਚਹਿਰੀਆਂ, ਡਾਕਖਾਨਿਆਂ, ਸਕੂਲਾਂ-ਗੱਲ ਕੀ ਹਰ ਆਬਾਦ ਜਗ੍ਹਾ ਕਾਗਜ਼ਾਂ ਦਾ ਬੋਲਬਾਲਾ ਸੀ।

ਕਾਗਜ਼ ਅਤੇ ਗਾਚਨੀ ਆਦਿ ਨੂੰ ਮਸਲ ਕੇ ਬਣਾਏ ਕੁੱਟ ਤੋਂ ਗੋਲ੍ਹੇ ਆਦਿ ਬਣਾਏ ਜਾਂਦੇ ਸਨ। ਅਜੇ ਕੱਲ੍ਹ ਤੱਕ ਸਾਡੀ ਮਾਂ ਆਪਣੇ ਹੱਥੀਂ ਬਣਾਏ ਗੋਲ੍ਹੇ ਨੂੰ ਪਰੇਥਣ ਰੱਖਣ ਲਈ ਵਰਤਦੀ ਰਹੀ ਹੈ। ਇਸ ਕਲਾ ਨੂੰ ਪੇਪਰ ਮਸ਼ੇਅ (ਫਅਪeਰ ੰਅਚਹe ਮਸਲਿਆ ਕਾਗਜ਼) ਕਿਹਾ ਜਾਂਦਾ ਹੈ, ਜੋ ਚੀਨ ਤੋਂ ਪੱਛਮੀ ਏਸ਼ੀਆ ਰਾਹੀਂ ਭਾਰਤ ਪੁੱਜੀ। ਕਸ਼ਮੀਰ ਵਿਚ ਅੱਜ ਵੀ ਇਹ ਘਰੇਲੂ ਦਸਤਕਾਰੀ ਕਾਇਮ ਹੈ।
ਕਾਗਜ਼ ਮੁਢਲੇ ਤੌਰ ‘ਤੇ ਲਿਖਣ ਸਮੱਗਰੀ ਹੈ, ਭਾਵੇਂ ਬਾਅਦ ਵਿਚ ਇਸ ਦੀ ਵਰਤੋਂ ਲਿਫਾਫੇ ਬਣਾਉਣ ਜਾਂ ਕੁਝ ਵਲੇਟਣ ਲਈ ਵੀ ਹੋਣ ਲੱਗ ਪਈ। ਪ੍ਰਾਚੀਨ ਕਾਲ ਵਿਚ ਜਦ ਤੋਂ ਲਿਖਣ ਪ੍ਰਥਾ ਸ਼ੁਰੂ ਹੋਈ ਹੈ, ਵੱਖ ਵੱਖ ਚੀਜ਼ਾਂ ਨੂੰ ਲਿਖਣ ਸਮੱਗਰੀ ਵਜੋਂ ਅਪਨਾਇਆ ਗਿਆ ਜਿਵੇਂ ਸ਼ਿਲਾਵਾਂ, ਪੱਕੀ ਮਿੱਟੀ, ਲੱਕੜੀ, ਧਾਤ, ਚਮੜਾ, ਛਿੱਲ ਜਾਂ ਸੱਕ, ਪੱਤੇ ਆਦਿ। ਫਿਰ ਭੋਜ-ਪੱਤਰਾਂ ‘ਤੇ ਲਿਖਿਆ ਜਾਣ ਲੱਗਾ। ਕਾਗਜ਼ ਦਾ ਸਮਾਨਅਰਥਕ ਸ਼ਬਦ ‘ਪੱਤਰ’ ਹੈ ਹੀ ਇਹੋ ਦਰਖਤਾਂ ਦਾ ਸਾਹ ਤੇ ਖੁਰਾਕ ਲੈਣ ਵਾਲਾ ਅੰਗ। ਇਸ ਦਾ ਸੰਸਕ੍ਰਿਤ ਰੂਪ ਪੱਤਰਮ ਹੈ। ਇਥੇ ਇਹ ਦੱਸਣਾ ਯੋਗ ਹੈ ਕਿ ਸੰਸਕ੍ਰਿਤ ਵਿਚ ਲਿਖਣ ਸਮੱਗਰੀ ਲਈ ਕਾਰਪਾਸ (ਕਪਾਹ) ਅਤੇ ਖੱਲ ਸ਼ਬਦ ਵੀ ਵਰਤੇ ਜਾਂਦੇ ਰਹੇ ਹਨ। ਅੰਗਰੇਜ਼ੀ ਸ਼ਬਦ ਪੇਪਰ ਵੀ ਮਿਲਦੇ-ਜੁਲਦੇ ਗਰੀਕ ਸ਼ਬਦ ਫਅਪੁਰੋਸ ਦਾ ਵਿਉਤਪਤ ਰੂਪ ਹੈ, ਜੋ ਇਕ ਬੂਟੇ ਦਾ ਨਾਂ ਹੈ। ਪਹਿਲਾਂ ਪਹਿਲ ਇਸ ਦੇ ਰੇਸ਼ਿਆਂ ਨੂੰ ਚਮਕਾ ਕੇ ਬਣਾਏ ਵਰਕਿਆਂ ‘ਤੇ ਲਿਖਿਆ ਜਾਂਦਾ ਸੀ। ਅੱਜ ਕਾਗਜ਼ ਲੱਕੜੀ, ਘਾਹ, ਬਾਂਸ ਜਾਂ ਲੀਰਾਂ ਦੇ ਰੇਸ਼ਿਆਂ ਤੋਂ ਬਣਾਇਆ ਜਾਂਦਾ ਹੈ।
ਕੁਝ ਵੀ ਹੋਵੇ, ਸਾਡਾ ਸਰੋਕਾਰ ਕਾਗਜ਼ ਸ਼ਬਦ ਨਾਲ ਹੈ। ਕਾਗਜ਼ ਜਾਂ ਇਸ ਦੇ ਹੋਰ ਰੁਪਾਂਤਰ ਫਾਰਸੀ ਦੇ ਜ਼ਮਾਨੇ ਇਸ ਜ਼ਬਾਨ ਵਲੋਂ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਜਾ ਵੜੇ। ਇਸ ਦੀ ਗਵਾਹੀ ਗੁਰੂਆਂ ਦੀ ਬਾਣੀ ਤੋਂ ਭਲੀ ਭਾਂਤ ਮਿਲਦੀ ਹੈ, “ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥”, “ਕਾਗਦਿ ਕਲਮ ਨ ਲਿਖਣਹਾਰੁ॥”, “ਕਾਗਦੁ ਲੂਣੁ ਰਹੈ ਘ੍ਰਿਤ ਸੰਗੇ॥’, “ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ॥” (ਗੁਰੂ ਨਾਨਕ)। ਪੰਜਾਬੀ ਦੀ ਬੋਲਚਾਲ ਵਿਚ ਕਾਗਜ਼ ਨੂੰ ਕਾਗਤ ਵੀ ਕਿਹਾ ਜਾਂਦਾ ਹੈ। ਦਿਲਚਸਪ ਹੈ ਕਿ ਫਾਰਸੀ ਵਿਚ ਹੀ ਕਾਗਜ਼ ਦਾ ਰੁਪਾਂਤਰ ਕਾਗਦ ਮਿਲਦਾ ਹੈ ਜਦ ਕਿ ਕਈ ਪੜ੍ਹੇ ਲਿਖੇ ਕਹਿਣਗੇ ਕਿ ਕਾਗਦ ਸ਼ਬਦ ਅਨਪੜ੍ਹਾਂ ਦਾ ਉਚਾਰ ਹੈ, ਪਰ ਕਾਗਜ਼ ਸ਼ਬਦ ਅਸਲ ਵਿਚ ਫਾਰਸੀ ਦਾ ਵੀ ਨਹੀਂ ਹੈ, ਇਸ ਭਾਸ਼ਾ ਵਿਚ ਇਹ ਅਰਬੀ ਤੋਂ ਆਇਆ ਤੇ ਅਰਬੀ ਵਿਚ ਹੋਰ ਅੱਗਿਓਂ। ਇਥੇ ਇਹ ਗੱਲ ਧਿਆਨਯੋਗ ਹੈ ਕਿ ਕਿਸੇ ਵਸਤੂ ਵਿਚ ਸਮੇਂ ਨਾਲ ਭਾਵੇਂ ਕਿੰਨਾ ਵੀ ਵਿਕਾਸ ਹੋ ਜਾਵੇ, ਉਸ ਲਈ ਵਰਤਿਆ ਜਾਂਦਾ ਸ਼ਬਦ ਪ੍ਰਾਚੀਨ ਵੀ ਰਹਿ ਸਕਦਾ ਹੈ ਤੇ ਨਵਾਂ ਜਾਂ ਹੋਰ ਭਾਸ਼ਾ ਤੋਂ ਲਿਆ ਗਿਆ ਸ਼ਬਦ ਵੀ ਵਰਤਿਆ ਜਾ ਸਕਦਾ ਹੈ। ਮਿਸਾਲ ਵਜੋਂ ਕਾਨੀ, ਲੇਖਣੀ ਫਿਰ ਕਲਮ ਤੇ ਅੱਜ ਪੈਨ। ਕਲਮ ਹੁਣ ਸਿਰਫ ਕਾਨੇ ਵਾਲੀ ਹੀ ਰਹਿ ਗਈ ਹੈ। ਦੂਜੇ ਪਾਸੇ ਅੰਗਰੇਜ਼ੀ ਵਿਚ ਮੋਟੇ ਤੌਰ ‘ਤੇ ਕਾਗਜ਼ ਲਈ ਪੇਪਰ ਸ਼ਬਦ ਹੀ ਰਿਹਾ ਭਾਵੇਂ ਕਿ ਇਸ ਦੇ ਬਣਨ ਦੀ ਤਕਨੀਕ ਬਦਲ ਗਈ।
ਹੋਰ ਅੱਗੇ ਜਾਣਨ ਲਈ ਕਾਗਜ਼ ਨਾਂ ਦੀ ਸਮੱਗਰੀ ਦੇ ਇਤਿਹਾਸ ਵੱਲ ਮੁੜਨਾ ਪਵੇਗਾ। ਲਗਭਗ ਦੋ ਹਜ਼ਾਰ ਸਾਲ ਪਹਿਲਾਂ ਕਾਗਜ਼ ਦੀ ਕਾਢ ਚੀਨ ਵਿਚ ਹੋਈ। ਇਸ ਦਾ ਸਿਹਰਾ ਸਾਈ ਲੁਨ ਨਾਂ ਦੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ। ‘ਮਹਾਨ ਕੋਸ਼’ ਵਿਚ ਵੀ ਇਹ ਜਾਣਕਾਰੀ ਉਪਲਭਦ ਹੈ ਕਿ ਚੀਨੀਆਂ ਨੇ ਈਸਾ ਤੋਂ ਕਰੀਬ 95 ਸਾਲ ਪਹਿਲਾਂ ਰੂੰ ਅਤੇ ਉਨ ਤੋਂ ਕਾਗਜ ਬਣਾਉਣ ਦੀ ਜੁਗਤ ਕੱਢੀ। ਅਰਬ ਦੇ ਲੋਕਾਂ ਨੇ ਜਦ ਸੰਨ 704 ਵਿਚ ਸਮਰਕੰਦ ਫਤਿਹ ਕੀਤਾ, ਤਦ ਚੀਨੀ ਕੈਦੀਆਂ ਤੋਂ ਕਾਗਜ ਬਣਾਉਣ ਦੀ ਜੁਗਤ ਸਿੱਖੀ, ਅਰਬ ਤੋਂ ਯੂਨਾਨ ਵਿਚ, ਉਥੋਂ ਇਟਲੀ ਵਿਚ, ਇਟਲੀ ਤੋਂ ਸਪੇਨ, ਸਪੇਨ ਤੋਂ ਜਰਮਨੀ, ਜਰਮਨੀ ਤੋਂ ਫਰਾਂਸ ਅਤੇ ਇਥੋਂ ਅੱਗੇ ਚੌਦ੍ਹਵੀਂ ਸਦੀ ਦੇ ਅਰੰਭ ਵਿਚ ਇੰਗਲੈਂਡ ਵਿਚ ਕਾਗਜ ਬਣਨ ਦੀ ਵਿਦਿਆ ਫੈਲੀ। ਕਾਗਜ ਪਹਿਲਾਂ ਹੱਥ ਨਾਲ ਬਣਦਾ ਸੀ, ਇਸ ਦੇ ਬਣਾਉਣ ਦੀ ਕਲਾ ਫਰਾਂਸ ਵਿਚ ਸਭ ਤੋਂ ਪਹਿਲਾਂ ਲੂਈਸ ਰਾਬਟ ਨੇ ਤਿਆਰ ਕੀਤੀ। ਇਸ ਤਰ੍ਹਾਂ ਜੇ ਅਜੋਕਾ ਕਾਗਜ਼ ਬਣਾਉਣ ਦੀ ਤਕਨੀਕ ਚੀਨ ਵਿਚ ਸ਼ੁਰੂ ਹੋਈ ਤਾਂ ਕਾਗਜ਼ ਸ਼ਬਦ ਦੇ ਮੁਢ ਬਾਰੇ ਵੀ ਚੀਨ ਵੱਲ ਝਾਕਣਾ ਪਵੇਗਾ। ਪਲੈਟਸ ਨੇ ਆਪਣੇ ਹਿੰਦੋਸਤਾਨੀ ਕੋਸ਼ ਵਿਚ ਕਾਗਜ਼ ਸ਼ਬਦ ਦੀ ਬਣਤਰ ਵੱਲ ਸੰਕੇਤ ਦਿੰਦਿਆਂ ਜ਼ਿਕਰ ਕੀਤਾ ਹੈ ਕਿ ਇਹ ਕਾਗ਼+ਦ ਤੋਂ ਬਣਿਆ ਹੈ, ਜਿਸ ਵਿਚ ‘ਕਾਗ਼’ ਦਾ ਮਤਲਬ ਹੈ ਅਵਾਜ਼ ਜਾਂ ਸ਼ੋਰ ਅਤੇ ‘ਦ’ ਦਾ ਅਰਥ ਹੈ, ਦੇਣਾ। ਸੋ, ਸਮੁੱਚਾ ਅਰਥ ਬਣਿਆ, ਅਵਾਜ਼ ਦੇਣ ਵਾਲਾ, ਸ਼ੋਰ ਪਾਉਣ ਵਾਲਾ। ਸ਼ਾਇਦ ਕਾਗਜ਼ ਬਣਾਉਣ ਵੇਲੇ ਪੈਦਾ ਹੁੰਦੀ ਸ਼ੋਰੀਲੀ ਅਵਾਜ਼ ਨਾਲ ਸਬੰਧ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਉਤਪਤੀ ਗਲੇ ਨਹੀਂ ਉਤਰਦੀ।
ਪ੍ਰਾਪਤ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਚੀਨ ਵਿਚ ਕਾਗਜ਼ ਲਈ ‘ਗੂ ਜ਼ੀ’ ਜਿਹਾ ਸ਼ਬਦ ਵਰਤਿਆ ਗਿਆ। ਚੀਨੀ ਭਾਸ਼ਾ ਵਿਚ ਇਸ ਦਾ ਅਰਥ ਹੈ, ਲਿਖਣ ਸਮੱਗਰੀ। ਕਾਗਜ਼ ਬਣਾਉਣ ਦੀ ਤਕਨੀਕ ਜਿਵੇਂ ਉਪਰ ਦੱਸਿਆ ਗਿਆ ਹੈ, ਸੱਤਵੀਂ ਸਦੀ ਵਿਚ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਪਹੁੰਚ ਗਈ। ਇਥੇ ‘ਗੂ ਜ਼ੀ’ ਜਿਹੇ ਸ਼ਬਦ ਦਾ ਤੁਰਕੀਕਰਣ ਹੋਇਆ ਤਾਂ ਸਾਹਮਣੇ ਆਇਆ, ‘ਕਾਗ਼ਿਦ।’ ਇਹ ਸ਼ਬਦ ਤੁਰਕ ਖਿੱਤੇ ਸਮੇਤ ਅਰਬ ਅਤੇ ਫਾਰਸ ਵਿਚ ਵੀ ਕਾਇਮ ਰਿਹਾ। ਬਾਅਦ ਵਿਚ ਅਰਬੀ ਵਿਚ ਇਸ ਦੀ ‘ਦ’ ਧੁਨੀ ‘ਜ਼’ ਵਿਚ ਬਦਲ ਗਈ ਅਤੇ ਸ਼ਬਦ ਬਣਿਆ ਕਾਗ਼ਜ਼। ਇਸੇ ਸ਼ਬਦ ਨੇ ਅੱਗੇ ਭਾਰਤ ਦੀਆਂ ਕਈ ਬੋਲੀਆਂ ਵਿਚ ਵੱਖੋ ਵੱਖਰੇ ਰੂਪ ਧਾਰੇ ਜਿਵੇਂ ਮਰਾਠੀ ਵਿਚ ਕਾਗਦ, ਗੁਜਰਾਤੀ ਵਿਚ ਕਾਗਲ਼/ਕਾਗਰ, ਤਾਮਿਲ ਵਿਚ ਕਾਗਿਦਮ, ਮਲਿਆਲਮ ਵਿਚ ਕਾਇਤਮ ਅਤੇ ਕੰਨੜ ਵਿਚ ਕਾਇਤਾ। ਲਹਿੰਦੀ ਦੇ ਪ੍ਰਭਾਵ ਕਾਰਨ ਗੁਰੂਆਂ ਭਗਤਾਂ ਨੇ ਵੀ ਕਾਗਲ/ਕਾਗਰ ਸ਼ਬਦ ਵਰਤੇ ਹਨ, ‘ਕਾਗਰ ਨਾਵ ਲੰਘਹਿ ਕਤ ਸਾਗਰੁ॥’, “ਦੁਯਾ ਕਾਗਲੁ ਚਿਤਿ ਨ ਜਾਣਦਾ॥” (ਗੁਰੂ ਅਰਜਨ)
ਚੀਨੀ ਭਾਸ਼ਾ ਵਿਚ ਇਸ ਦੀ ਵਿਉਤਪਤੀ ਹੋਰ ਤਰ੍ਹਾਂ ਵੀ ਕੀਤੀ ਜਾਂਦੀ ਹੈ, ਪਰ ਏਨਾ ਸਪੱਸ਼ਟ ਹੈ ਕਿ ਕਾਗਜ਼ ਤਕਨੀਕ ਅਤੇ ਸ਼ਬਦ ਦਾ ਜਨਮ ਸਥਾਨ ਇਹੋ ਧਰਤੀ ਹੈ। ਉਂਜ ਕਾਗਦ ਸ਼ਬਦ ਸੰਸਕ੍ਰਿਤ ਵਿਚ ਵੀ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਇਹ ਸ਼ਬਦ ਢੇਰ ਪਹਿਲਾਂ ਅਰਬੀ-ਫਾਰਸੀ ਤੋਂ ਸੰਸਕ੍ਰਿਤ ਵਿਚ ਚਲੇ ਗਿਆ। ਕਾਗਜ਼ ਸਿਰਫ ਲਿਖਣ ਸਮੱਗਰੀ ਹੀ ਨਹੀਂ, ਕਿਸੇ ਕਾਗਜ਼ ‘ਤੇ ਲਿਖੀ ਕਿਸੇ ਲਿਖਤ ਜਾਂ ਦਸਤਾਵੇਜ਼ ਵੀ ਕਾਗਜ਼ ਕਹਾਉਂਦੀ ਹੈ। ਇਸ ਲਈ ਕਾਗਜ਼-ਪੱਤਰ ਸ਼ਬਦ ਵੀ ਚਲਦਾ ਹੈ। ਫਾਰਸੀ, ਉਰਦੂ ਅਤੇ ਕੁਝ ਹੱਦ ਤੱਕ ਪੰਜਾਬੀ ਵਿਚ ‘ਕਾਗਜ਼ ਕੇ ਘੋੜੇ ਦੜਾਉਣਾ’ ਮੁਹਾਵਰੇ ਦਾ ਅਰਥ ਹੈ, ਖਤੋਖਿਤਾਬਤ ਜਾਰੀ ਰੱਖਣਾ ਅਤੇ ਵਿਸਤ੍ਰਿਤ ਅਰਥ ਕਾਗਜ਼ੀ ਕਾਰਵਾਈ ਕਰਨਾ ਜਿਹਾ ਹੀ ਹੈ। ‘ਕਾਗਤਾਂ ਦੀ ਬੇੜੀ’ ਦਾ ਮਤਲਬ ਛਿਣ ਭੰਗਰੀ, ਨਾਸ਼ਵਾਨ ਵਰਤਾਰਾ ਹੈ। ਧਿਆਨ ਦਿਉ ਗੁਰੂ ਅਮਰ ਦਾਸ ਦੇ ਸ਼ਬਦ ਹੈ, “ਦੇਹ ਕਾਚੀ ਕਾਗਦ ਮਿਕਦਾਰਾ॥” ਭਾਵ ਦੇਹ ਕਾਗਜ਼ ਵਾਂਗ ਕੱਚੀ ਹੈ। ਚੋਣਾਂ ਦੌਰਾਨ ਕਾਗਜ਼ ਦਾਖਲ ਕੀਤੇ ਜਾਂਦੇ ਜਾਂ ਭਰੇ ਜਾਂਦੇ ਹਨ। ‘ਕਾਗਜ਼ ਕਾਲੇ ਕਰਨਾ’ ਦਾ ਮਤਲਬ ਵਿਅਰਥ ਲਿਖਣਾ ਅਤੇ ‘ਕਾਗਜ਼ ਬਣਾਉਣਾ’ ਦਾ ਅਰਥ ਲਿਖਤੀ ਕਾਗਜ਼ ਤਿਆਰ ਕਰਵਾ ਕੇ ਪੱਕੀ ਕਾਨੂੰਨੀ ਕਾਰਵਾਈ ਕਰਨਾ ਹੈ। ਹਾਸ਼ਮ ਅਨੁਸਾਰ,
ਆਸ਼ਕ ਆਖ ਦੇਖਾਂ ਕਿਸ ਖਾਤਰ,
ਨਿਤ ਚਰਬੀ ਮਾਸ ਸੁਕਾਵਣ।
ਚਾਹੁਣ ਹਰਫ ਹਿਜਰ ਦਾ ਲਿਖਿਆ
ਉਹ ਕਾਗਜ਼ ਸਾਫ ਬਣਾਵਣ।
ਰੁਕ ਰੁਕ ਸੂਤ ਪਏ ਮਿਸਤਰ ਦਾ,
ਅਤੇ ਸਾਬਤ ਕਲਮ ਚਲਾਵਣ।
ਹਾਸ਼ਮ ਆਸ਼ਕ ਏਸ ਕਿਤਾਬੋਂ,
ਨਿਤ ਸਮਝ ਸਲੂਕ ਕਮਾਵਣ।
ਆਸ਼ਕ ਜੇਡ ਬੇਅਕਲ ਨਾ ਕੋਈ…।
ਕਾਗਜ਼ ਸ਼ਬਦ ਤੋਂ ਹੀ ਕਾਗਜ਼ੀ ਬਣਿਆ, ਜਿਸ ਦਾ ਇਕ ਅਰਥ ਹੈ, ਕਾਗਜ਼ ਨਾਲ ਸਬੰਧਤ ਜਿਵੇਂ ‘ਕਾਗਜ਼ੀ ਕਾਰਵਾਈ’ ਉਕਤੀ ਵਿਚ। ਇਸ ਦਾ ਅਸਲੀ ਅਰਥ ਤਾਂ ਲਿਖਤੀ ਕਾਰਵਾਈ ਹੈ, ਜੋ ਪੱਕੀ ਸਮਝੀ ਜਾਂਦੀ ਹੈ, ਪਰ ਵਿਸਤ੍ਰਿਤ ਅਰਥ ਕੁਝ ਕੁਝ ਇਸ ਤੋਂ ਉਲਟ ਹੀ ਹੋ ਜਾਂਦੀ ਹੈ, ਅਰਥਾਤ ਜੋ ਕਾਗਜ਼ਾਂ ਵਿਚ ਹੀ ਰਹਿ ਜਾਂਦੀ ਹੈ, ਪੂਰੀ ਘਟ ਹੀ ਕੀਤੀ ਜਾਂਦੀ ਹੈ। ਕਾਗਜ਼ ਪਤਲਾ ਹੁੰਦਾ ਹੈ, ਇਸ ਲਈ ਕਾਗਜ਼ੀ ਪਹਿਲਵਾਨ ਕਮਜ਼ੋਰ ਜਾਂ ਪਤਲਾ ਹੁੰਦਾ ਹੈ। ਇਸੇ ਤਰ੍ਹਾਂ ਕਾਗਜ਼ ਵਰਗੀ ਪਤਲੀ ਛਿੱਲ ਵਾਲੇ ਫਲਾਂ/ਮੇਵਿਆਂ ਦੀ ਕਿਸਮ ਨੂੰ ਕਾਗਜ਼ੀ ਕਿਹਾ ਜਾਂਦਾ ਹੈ, ਜਿਵੇਂ ਕਾਗਜ਼ੀ ਨਿੰਬੂ, ਬਦਾਮ ਜਾਂ ਅਖਰੋਟ। ਫਾਰਸੀ ਵਿਚ ਕਾਗਜ਼ ਬਣਾਉਣ/ਵੇਚਣ ਵਾਲੇ, ਵਿਅਕਤੀ, ਇਸ ਨੂੰ ਰੱਖਣ ਵਾਲੇ ਰਖਨੇ, ਇਥੋਂ ਤੱਕ ਕਿ ਲਿਖਾਰੀ (ਮੇਰੇ ਵਰਗੇ) ਨੂੰ ਵੀ ਕਾਗਜ਼ੀ ਕਿਹਾ ਜਾਂਦਾ ਹੈ। ਫਾਰਸੀ ਵਿਚ ਹਕੀਮ ਵਲੋਂ ਕਾਗਜ਼ ‘ਤੇ ਲਿਖੀ ਦਵਾ ਵੀ ਕਾਗਜ਼ੀ ਕਹਾਉਂਦੀ ਹੈ। ਪੰਜਾਬੀ ਵਿਚ ਫੋੜੇ ਆਦਿ ‘ਤੇ ਲਾਉਣ ਲਈ ਦਵਾਈ ਲੱਗੀ ਟਾਕੀ ਨੂੰ ਕਾਗਜ਼ੀ ਕਿਹਾ ਜਾਂਦਾ ਹੈ। ‘ਪੱਕੇ ਕਾਗਜ਼’ ਦਾ ਮਤਲਬ ਹੈ, ਅਸ਼ਟਾਮ ਜਾਂ ਸਬੂਤ ਵਜੋਂ ਲਿਖਤੀ ਪੱਤਰ। ਇਸ ਤੋਂ ਉਲਟ ਕੱਚਾ ਕਾਗਜ਼ ਹੁੰਦਾ ਹੈ। ‘ਕੋਰਾ ਕਾਗਜ਼’ ਉਂਜ ਤਾਂ ਅਣਲਿਖਿਆ ਕਾਗਜ਼ ਹੁੰਦਾ ਹੈ, ਪਰ ਇਸ ਦੀ ਅੱਜ ਵਧੇਰੇ ਲਾਖਣਿਕ ਵਰਤੋਂ ਹੀ ਹੁੰਦੀ ਹੈ। ਅਰਬੀ ਵਿਚ ਕਾਗਜ਼ ਦਾ ਬਹੁਵਚਨ ਕਾਗਜ਼ਾਤ ਹੈ, ਅਸੀਂ ਇਸ ਨੂੰ ਦਸਤਾਵੇਜ਼ਾਂ ਦੇ ਅਰਥਾਂ ਵਿਚ ਲੈਂਦੇ ਹਾਂ। ਅੰਤ ਵਿਚ ਬੁੱਲੇ ਸ਼ਾਹ ਦੇ ਬੋਲਾਂ ਨਾਲ ਕਾਗਜ਼ੀ ਕਾਰਵਾਈ ਖਤਮ ਕਰਦੇ ਹਾਂ,
ਹੋਰ ਨੇ ਸੱਭੇ ਗੱਲੜੀਆਂ,
ਅੱਲ੍ਹਾ ਅੱਲ੍ਹਾ ਦੀ ਗੱਲ।
ਕੁਝ ਰੌਲਾ ਪਾਇਆ ਆਲਮਾਂ,
ਕੁਝ ਕਾਗਜ਼ ਪਾਇਆ ਝੱਲ।