ਘਰ ਨੂੰ ਘਰ ਹੀ ਰਹਿਣ ਦਿਓ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਵਿਤਾ ਦੀ ਕਵਿਤਾ ਬਣਾਉਂਦਿਆਂ ਕਿਹਾ ਸੀ, “ਕਵਿਤਾ ਲਿਖਣੀ ਏ ਮਾਂ ਦੀ ਡੱਬੀਦਾਰ ਖੇਸੀ ਦੀ, ਬਰਕਤ ਬਣੇ ਬਾਪੂ ਦੇਸੀ ਦੀ, ਪੀੜਾ ਪੁੱਤ ਪਰਦੇਸੀ ਦੀ, ਉਮਰਾ ਦਰਦ-ਵਰੇਸੀ ਦੀ ਅਤੇ ਹਉਕਿਆਂ-ਹਾਰ ਦਰਵੇਸ਼ੀ ਦੀ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਘਰ ਦੀਆਂ ਸਿਫਤਾਂ ਦੱਸੀਆਂ ਹਨ, “ਘਰ, ਪਿਆਰ ਦਾ ਮੰਦਿਰ, ਮਾਪਿਆਂ ਦੀਆਂ ਦੁਆਵਾਂ ਦਾ ਦੁਆਰ, ਭੈਣਾਂ-ਭਰਾਵਾਂ ਦਾ ਪਿਆਰ, ਦੋਸਤੀਆਂ ਦਾ ਰੈਣ-ਬਸੇਰਾ, ਯਾਦਾਂ ਦਾ ਸਿਰਜਣ-ਦੁਆਰ ਅਤੇ ਸੁਪਨਿਆਂ ਦਾ ਅੰਬਰੀ-ਪਸਾਰ।” ਘਰ ਕੋਈ ਇੱਟਾਂ, ਪੱਥਰਾਂ ਦੀਆਂ ਉਸਰੀਆਂ ਕੰਧਾਂ ਨਹੀਂ, ਉਹ ਤਾਂ ਸਿਰਫ ਮਕਾਨ ਹੈ। ਘਰ ਦੀ ਕੀਮਤ ਨਾ ਪਾਉਣ ਵਾਲਿਆਂ ਦੇ ਵਤੀਰੇ ‘ਤੇ ਉਹ ਅਫਸੋਸ ਜਾਹਰ ਕਰਦਿਆਂ ਕਹਿੰਦੇ ਹਨ, “ਅਜੋਕੇ ਘਰਾਂ ਦੀ ਕੇਹੀ ਤ੍ਰਾਸਦੀ ਕਿ ਵੱਡੇ ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ, ਵੱਡੇ ਵੱਡੇ ਸੋਫਿਆਂ ‘ਚ ਸਿਮਟੇ ਨੇ ਹੀਣੇ ਲੋਕ ਅਤੇ ਮਹਿੰਗੀਆਂ ਗੱਡੀਆਂ ਵਿਚ ਬੈਠੇ ਨੇ ਹਲਕੇ ਸਵਾਰ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਘਰ, ਘਰਾਂ ਵਾਲਿਆਂ ਦੇ, ਘਰਾਂ ਵਾਲਿਆਂ ਲਈ ਅਤੇ ਘਰ ਵਾਲੇ ਹੀ ਸਿਰਜਦੇ ਜੋ ਘਰ ਵਿਚ ਰਹਿਣ ਵਾਲਿਆਂ ਦੀ ਖੈਰ-ਸੁੱਖ ਲੋਚਦੇ, ਆਪਣੀ ਹੋਂਦ ਦੀ ਬਰਕਰਾਰੀ ਦਾ ਸਰਫ ਹੁੰਦੇ।
ਘਰ, ਘਰ ਦੇ ਸਰੋਕਾਰਾਂ ਨੂੰ ਸਮਰਪਿਤ, ਘਰ ਦੀ ਸੰਵੇਦਨਾ ਸਮੋਈ, ਘਰ ਦੀਆਂ ਸ਼ੁਭ ਕਾਮਨਾਵਾਂ ਦੀ ਕੀਰਤੀ ਅਤੇ ਭਾਵਨਾਵਾਂ ਦੀ ਕਲਪਨਾ ਦਾ ਪ੍ਰਗਟਿਆ ਸੱਚ।
ਘਰ, ਇਕ ਸੁੱਚੀ-ਸੁੱਚੀ ਕਵਿਤਾ, ਕਾਵਿ-ਮੁਹਾਵਰਾ ਅਤੇ ਇਸ ਦੇ ਚੌਗਿਰਦੇ ਵਿਚ ਵਗਦੀ ਕਾਵਿ-ਸ਼ਾਰ। ਇਹ ਕਵਿਤਾ ਕੋਈ ਵਿਰਲਾ ਪੜ੍ਹਦਾ। ਕੋਈ ਟਾਂਵਾਂ ਸਮਝੇ। ਬਹੁਤ ਘੱਟ ਲੋਕ ਇਸ ਦੀਆਂ ਤਸ਼ਬੀਹਾਂ ਦੀ ਤਰਜ਼ੀਹ ਬਣਦੇ ਅਤੇ ਖੁਦ ਨੂੰ ਘਰ ਦੀ ਹਰ ਦੀਵਾਰ, ਕਮਰੇ ਅਤੇ ਦਰਾਂ ‘ਤੇ ਉਕਰੀ ਕਵਿਤਾ ਬਣਾਉਂਦੇ।
ਘਰ, ਪਿਆਰ ਦਾ ਮੰਦਿਰ, ਮਾਪਿਆਂ ਦੀਆਂ ਦੁਆਵਾਂ ਦਾ ਦੁਆਰ, ਭੈਣਾਂ-ਭਰਾਵਾਂ ਦਾ ਪਿਆਰ, ਦੋਸਤੀਆਂ ਦਾ ਰੈਣ-ਬਸੇਰਾ, ਯਾਦਾਂ ਦਾ ਸਿਰਜਣ-ਦੁਆਰ ਅਤੇ ਸੁਪਨਿਆਂ ਦਾ ਅੰਬਰੀ-ਪਸਾਰ।
ਘਰ, ਜਿਥੇ ਪੂਰਨ ਅਜ਼ਾਦੀ ਸਿੱਖਣ ਤੇ ਸਮਝਾਉਣ ਦੀ, ਗਲਤੀਆਂ ਕਰਨ, ਨਾ-ਕਾਮਯਾਬ ਹੋਣ ਅਤੇ ਇੱਲਤ ਕਰਨ ‘ਤੇ ਨਹੀਂ ਮਿਲਦੀ ਸਜ਼ਾ।
ਘਰ, ਜਿਥੇ ਸਮਝ, ਸਿਆਣਪ, ਸੰਵੇਦਨਾ, ਸੁਪਨੇ, ਸਾਧਨਾ, ਸਿਰੜ, ਸੰਤੋਖ ਅਤੇ ਸਬਰ ਦੀ ਗੁੜਤੀ ਮਿਲਦੀ। ਜਿਉਣ ਦਾ ਅਦਬ ਅਤੇ ਅੰਦਾਜ਼ ਸਾਹਾਂ ‘ਚ ਘੁਲਦਾ।
ਘਰ, ਸੁੱਖਾਂ ਦਾ ਸੁਖਨ-ਦੁਆਰ, ਅਸੀਸਾਂ ਦਾ ਆਸ-ਦਰਵਾਜਾ, ਚਾਅਵਾਂ ਦਾ ਜਗਦਾ ਚਿਰਾਗ ਅਤੇ ਹਾਸਿਆਂ ਦੀ ਹਰਸ਼-ਹਵੇਲੀ।
ਘਰ, ਸੁਪਨਿਆਂ ਦੀ ਧਰਾਤਲ। ਇਕ ਸੁਪਨਾ ਸਾਡੇ ਮਾਪਿਆਂ ਦਾ, ਜੋ ਸਾਡੇ ਰਾਹੀਂ ਪੂਰਾ ਹੁੰਦਾ। ਇਕ ਸੁਪਨਾ ਘਰ ਸਾਡੇ ਨੈਣਾਂ ਵਿਚ ਧਰਦਾ, ਜਿਸ ਦੀ ਪੂਰਤੀ ਕਰਨਾ ਸਾਡਾ ਫਰਜ਼। ਘਰ ਇਕ ਸੁਪਨਾ ਸਾਡੀ ਔਲਾਦ ਨੂੰ ਵੀ ਦਿੰਦਾ ਅਤੇ ਇਹ ਵੀ ਦੱਸਦਾ ਕਿ ਸੁਪਨਿਆਂ ਦਾ ਹਾਸਲ ਹੀ ਇਸ ਘਰ ਦੀਆਂ ਨੀਂਹਾਂ ਦੀ ਪਕਿਆਈ, ਕਮਰਿਆਂ ਦੀ ਤਕੜਾਈ ਅਤੇ ਦਰਾਂ ਦੀ ਥੰਧਿਆਈ ਦਾ ਰਾਜ਼ ਏ।
ਘਰ, ਇਕ ਆਦਰਸ਼ ਜੋ ਆਦਿ ਸਮੇਂ ਤੋਂ ਹਰ ਮਸਤਕ ‘ਚ ਵੱਸਦਾ। ਇਕ ਖਿਆਲ, ਜਿਸ ਦੀ ਜੁਗਤ ਨਾਲ ਹੀ ਸੱਚੀਆਂ ਤਮੰਨਾਵਾਂ ਅਤੇ ਤਰਕੀਬਾਂ ਨੂੰ ਤਕਦੀਰ ਨਸੀਬ ਹੁੰਦੀ। ਭਵਿੱਖਮੁਖੀ ਸੋਚ ਦਾ ਝਲਕਾਰਾ, ਜੋ ਖੋਲ੍ਹਦਾ ਏ ਸਾਡੀਆਂ ਸਫਲਤਾਵਾਂ ਦਾ ਦੁਆਰਾ ਅਤੇ ਹੁੰਦਾ ਏ, ਮਾਨਵ ਦਾ ਪਾਰ-ਉਤਾਰਾ।
ਘਰ ਕੰਧਾਂ, ਕਮਰੇ ਅਤੇ ਦਰਵਾਜਿਆਂ ਨਾਲ ਨਹੀਂ ਬਣਦਾ, ਸਗੋਂ ਇਸ ਵਿਚ ਰੋਸ਼ਨਦਾਨ ਤੇ ਖਿੜਕੀਆਂ ਬਹੁਤ ਜਰੂਰੀ ਹਨ, ਜੋ ਤਾਜੀ ਹਵਾ ਅਤੇ ਉਗਮਦੀ ਰੋਸ਼ਨੀ ਰਾਹੀਂ ਨਵੀਆਂ ਵਿਚਾਰ ਤਰੰਗਾਂ ਨੂੰ ਸਾਡੇ ਕਮਰਿਆਂ ‘ਚ ਤਰੌਂਕ, ਸਾਡੇ ਅੰਤਰੀਵ ਨੂੰ ਰੁਸ਼ਨਾ, ਘਰ ਦੀ ਸਰਦਲ ‘ਚ ਚਾਨਣ ਦਾ ਸਬੱਬ ਬਣਦੇ।
ਘਰ, ਸਿਰਫ ਬਹੁ-ਮੰਜ਼ਿਲ, ਮਹਿੰਗੇ ਕਾਲੀਨ, ਅਤਿ-ਆਧੁਨਿਕ ਫਰਨੀਚਰ ਜਾਂ ਬਾਹਰੀ ਦਿੱਖ ਨੂੰ ਲਿਸ਼ਕਾਉਣਾ ਨਹੀਂ ਹੁੰਦਾ। ਘਰ ਤਾਂ ਘਰ ਵਾਲਿਆਂ ਦਾ ਬਿੰਬ ਹੁੰਦਾ। ਘਰ ਵਾਲਿਆਂ ਸਦਕਾ ਹੀ ਘਰ ਨੂੰ ਅਰਥ ਮਿਲਦੇ। ਇਹ ਅਰਥ ਕਿਹੋ ਜਿਹੇ ਹੋਣ, ਇਹ ਘਰ ਵਾਲਿਆਂ ‘ਤੇ ਨਿਰਭਰ।
ਘਰ ਕਬਰ ਬਣ ਜਾਂਦਾ, ਜਦ ਗੁਫਤਗੂ ਮਸੋਸੀ ਜਾਂਦੀ, ਘਰ ਨਿੱਕੇ ਨਿੱਕੇ ਕਮਰਿਆਂ ‘ਚ ਵਟੀਂਦਾ ਤੇ ਇਸ ਵਿਚ ਉਗ ਪੈਂਦੇ ਨਿੱਕੇ ਨਿੱਕੇ ਘਰ, ਜੋ ਘਰ ਦੀ ਸਮੁੱਚਤਾ ਲਈ ਪ੍ਰਸ਼ਨ ਚਿੰਨ ਬਣ ਜਾਂਦੇ। ਕੰਧਾਂ ਸਿਸਕਦੀਆਂ। ਖਿੜਕੀਆਂ ਤੇ ਰੋਸ਼ਨਦਾਨਾਂ ‘ਤੇ ਠੋਕੇ ਜਾਂਦੇ ਕਿੱਲ। ਇਨ੍ਹਾਂ ਦਾ ਅਤੀਤ ਹੀ ਬਣ ਜਾਂਦਾ ਇਨ੍ਹਾਂ ਦਾ ਰਕੀਬ। ਘਰ ਵਿਚ ਉਗ ਰਹੀਆਂ ਕਬਰਾਂ ਕਾਰਨ ਹੀ ਘਰਾਂ ਵਿਚ ਹਾਸਿਆਂ ਦੀ ਥਾਂ ਹਟਕੋਰੇ ਸੁਣਦੇ। ਕਦੇ ਕਦੇ ਸੁਣਾਈ ਦਿੰਦਾ ਸਿਸਕੀਆਂ ਦਾ ਸ਼ੋਰ। ਅਜਿਹੇ ਮੌਕੇ ਘਰ ਦੇ ਮੁੱਖ ‘ਤੇ ਵੱਗ ਰਹੀਆਂ ਘਰਾਲਾਂ ਨੂੰ ਵੀ ਪੂੰਝਣ ਵਾਲਾ ਕੋਈ ਨਹੀਂ। ਘਰ, ਕਬਰ ਨਹੀਂ ਹੁੰਦਾ, ਇਸ ਵਿਚ ਤਾਂ ਹਾਸੇ-ਠੱਠੇ ਅਤੇ ਚੋਹਲ-ਮੋਹਲ ਨਾਲ ਜਿਉਣ ਨੂੰ ਹੀ ਜ਼ਿੰਦਗੀ ਦਾ ਨਾਂ ਦਿੱਤਾ ਜਾਂਦਾ।
ਘਰ ਧੁੱਖਦੀ ਧੂਣੀ ਬਣ ਜਾਂਦਾ, ਜਦ ਆਪਣਿਆਂ ਦੀ ਅਪਣੱਤ ਦਮ ਤੋੜ ਦੇਵੇ। ਹਾਕ, ਹੁੰਗਾਰੇ ਨੂੰ ਤਰਸਣ ਲੱਗ ਪਵੇ। ਹਾਸੀ ਵਿਚ ਹੇਰਵਾ ਹੋਵੇ। ਗੱਲਬਾਤ ਵਿਚ ਗੁੰਮਨਾਮੀ ਦਾ ਦਰਦ ਹੋਵੇ ਅਤੇ ਗੰਭੀਰਤਾ ਵਿਚ ਗਰੂਰ ਹੋਵੇ। ਆਪੋ-ਆਪਣੀ ਦੁਨੀਆਂ ਤੀਕ ਸੀਮਤ ਹੋ ਕੇ ਮਨੁੱਖ ਸਿਮਟ ਗਿਆ ਏ। ਉਸ ਕੋਲ ਬੈਠਿਆਂ ਨੂੰ ਦੇਖਣ ਜਾਂ ਕੁਝ ਕਹਿਣ ਦਾ ਵਕਤ ਨਹੀਂ। ਦਿਲ ਦੀਆਂ ਗੱਲਾਂ ਕਿੰਜ ਹੋਣਗੀਆਂ? ਮਨ ਦੀਆਂ ਬਾਤਾਂ ਕਹਿਣ ਨੂੰ ਤਰਸ ਗਏ ਨੇ ਘਰ ਦੇ ਲੋਕ? ਵੱਟਸਐਪ, ਫੇਸਬੁੱਕ ਜਾਂ ਟਵਿੱਟਰ ਤੀਕ ਸੀਮਤ ਹੋ ਗਏ ਨੇ ਘਰ ਵਿਚ ਰਹਿਣ ਵਾਲੇ ਲੋਕਾਂ ਦੇ ਆਪਸੀ ਰਿਸ਼ਤੇ। ਰਿਸ਼ਤਿਆਂ ਦੀ ਤੰਦ ਟੁੱਟਣ ਕਿਨਾਰੇ। ਕੋਈ ਨਹੀਂ ਇਸ ਦੀ ਪਾਕੀਜ਼ਗੀ ਅਤੇ ਪਕਿਆਈ ਪ੍ਰਤੀ ਸੁਚੇਤ। ਧੁਖਦੇ ਘਰ ਵਿਚ ਅੱਖਾਂ ‘ਚ ਸਿੰਮਦਾ ਨੀਰ, ਖਾਰੇਪਣ ‘ਚ ਡੁੱਬ ਜਾਂਦੀ ਆਸਾਂ ਤੇ ਉਮੀਦਾਂ ਦੀ ਤਕਦੀਰ, ਖਤਮ ਹੋ ਜਾਂਦੀ ਏ ਆਪਣਿਆਂ ਸੰਗ ਸੀਰ ਅਤੇ ਘਰ ਬਣ ਜਾਂਦਾ ਬੌਰਿਆਂ-ਹਾਰ ਫਕੀਰ, ਜਿਸ ਦੀ ਆਣ ਪਹੁੰਚੀ ਏ ਅਖੀਰ।
ਘਰ, ਜਦ ਸਿਵਿਆਂ ਦੀ ਚੁੱਪ ਬਣ ਜਾਵੇ, ਮੰਮਟੀ ‘ਤੇ ਬੁਝੇ ਦੀਵੇ ਦਾ ਵੈਰਾਗ ਹੋਵੇ, ਉਜਾੜ ਵਿਚ ਲਿਲਕਦੀ ਹੂਕ ਹੋਵੇ ਜਾਂ ਆਪਣਿਆਂ ਹੱਥੀਂ ਉਜਾੜਿਆ ਸੰਸਾਰ ਹੋਵੇ ਤਾਂ ਘਰ ਖੁਦ ਨੂੰ ਕਿਹੜੇ ਹਰਫਾਂ ਨਾਲ ਮੁਖਾਤਿਬ ਹੋਵੇ? ਆਪਣੀ ਅਰਥ-ਅਸੀਮਤਾ ਨੂੰ ਕਿਸ ਸਾਹਵੇਂ ਸੁਣਾਵੇ ਕਿ ਕੋਈ ਤਾਂ ਉਸ ਦੇ ਗਲ ਲੱਗ ਰੋਵੇ, ਜੋ ਜਿਉਣ ਦਾ ਸ਼ਗਨ ਹੋਵੇ।
ਘਰ ਦੀ ਆਸਥਾ ਅਰਥਹੀਣ ਹੋ ਜਾਂਦੀ, ਜਦ ਮਾਪਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਕੋਹਿਆ ਜਾਂਦਾ। ਮਾਪਿਆਂ ਦੇ ਘਰ ‘ਚੋਂ ਮਾਪਿਆਂ ਦਾ ਦੇਸ਼-ਨਿਕਾਲਾ, ਪੁੱਤਰ-ਮੋਹ ਦਾ ਅਜਿਹਾ ਦੀਵਾਲਾ ਕਿ ਜਿਸ ਨੇ ਨਿਗਲ ਜਾਣੀ ਏ ਮਨੁੱਖੀ ਹੋਂਦ ਤੇ ਹਸਤੀ। ਅਜਿਹੇ ਘਰ ਨੂੰ ਘਰ ਕਹਿਣ ਲੱਗਿਆਂ ਵੀ ਨਮੋਸ਼ੀ ਆਉਂਦੀ। ਹਰਫ ਸਿਸਕਦੇ ਤਾਂ ਕੂਕਦੇ,
ਖਾਲੀ ਘਰ ਦੇ ਖੁਰੇ ਹਰਫਾਂ ‘ਚ
ਕਿਹੜੇ ਅਰਥ ਟਿਕਾਵਾਂ,
ਜਿਸ ਦੀ ਜੂਹ ‘ਚੋਂ ਵਾਸ਼ਪ ਹੋਇਆ
ਇਸ ਦਾ ਹੀ ਸਿਰਨਾਵਾਂ।

ਆਲ੍ਹੇ ਦੇ ਵਿਚ ਰੁੱਸਿਆ ਦੀਵਾ
ਕੀਕਣ ਓਸ ਮਨਾਵਾਂ,
ਨਾ ਅਸੀਸ ਅਤੇ ਨਾ ਡੰਗੋਰੀ
ਨਾ ਲੱਭਦਾ ਪ੍ਰਛਾਵਾਂ।

ਘਰ ਦਾ ਦਰਦ ਕੌਣ ਵੰਡੇਸੀ
ਜਿਥੇ ਸਿਸਕਣ ਮਾਂਵਾਂ,
ਕਿਹੜੇ ਚੰਦਰੇ ਵਕਤ ਹਜ਼ਮੀਆਂ
ਪਰਦੇਸੀ ਪੁੱਤ ਦੀਆਂ ਰਾਹਵਾਂ।
ਘਰ ਵਿਚਲੇ ਗੁੱਡੀਆਂ ਪਟੋਲੇ ਜਦ ਕਬਾੜ ਬਣ ਜਾਣ, ਗੁੱਡੀਆਂ ਨਾਲ ਖੇਡਣ ਵਾਲੀਆਂ ਦੀ ਨਸਲਕੁਸ਼ੀ ਹੋਵੇ ਅਤੇ ਗਡੀਰੇ ਦੀ ਆਸ ਵਿਚ ਗੁੱਡੀਆਂ ਨੂੰ ਘਰ ਵਿਚੋਂ ਬਾਹਰ ਕੱਢਣ ਦੀਆਂ ਸਾਜਿਸ਼ਾਂ ਕੰਧਾਂ ਸੁਣਦੀਆਂ ਤਾਂ ਘਰ ਦੀ ਰੂਹ ਚੀਖਦੀ, ਕੁਰਲਾਉਂਦੀ, ਵਾਸਤੇ ਪਾਉਂਦੀ ਅਤੇ ਹੋਂਦ ਦੀ ਬਰਕਰਾਰੀ ਦੀ ਦੁਹਾਈ ਕਮਰੇ ਨੂੰ ਸੁਣਾਉਂਦੀ; ਪਰ ਬੇਬੱਸ ਕੰਧਾਂ ਕੀ ਕਰਨ? ਫਿਰ ਹੌਲੀ ਹੌਲੀ ਕੰਧਾਂ ਦੇ ਲੱਥਦੇ ਨੇ ਲਿਓੜ ਅਤੇ ਉਹ ਜ਼ਰਜ਼ਰੀ ਹੋ, ਕੱਲਰਾਠੀ ਮਾਨਵਤਾ ਦਾ ਮਸੋਸ ਮਨਾਉਣ ਜੋਗੀ ਹੀ ਰਹਿ ਜਾਂਦੀ।
ਘਰ ਵਿਚੋਂ ਜਦ ਕਲਮ, ਕਿਤਾਬ, ਕਲਾ ਅਤੇ ਕਵਿਤਾ ਜਲਾਵਤਨ ਹੁੰਦੀ ਤਾਂ ਸ਼ਰਾਬ, ਸ਼ਬਾਬ ਅਤੇ ਕਬਾਬ ਕੋਹਜੀਆਂ ਕਰਤੂਤਾਂ ਬਣਦੇ। ਕਿਹੜਾ ਕਰਮੀ ਕਰਮਹੀਣ ਕਲਮਾਂ ਨੂੰ ਵਰਾਵੇ? ਕਿਤਾਬਾਂ ਵਿਚ ਰੋਂਦੇ ਸ਼ਬਦਾਂ ਨੂੰ ਗਲ ਨਾਲ ਲਾਵੇ? ਕਵਿਤਾ ਦੀ ਲੇਰ ਨੂੰ ਸੀਨੇ ਵਿਚ ਸਮਾਵੇ ਤਾਂ ਕਿ ਕਵਿਤਾ ਵਰਗੇ ਘਰਾਂ ਵਿਚ ਕਲਾ, ਕਲਮ ਅਤੇ ਬੁਰਸ਼ ਦੀ ਬਹਾਰ ਆਵੇ। ਇਹ ਕਲਾਵਾਂ ਆਪਸ ‘ਚ ਜੁਗਲਬੰਦੀ ਕਰਨ। ਆਪਣੀਆਂ ਕਿਰਤਾਂ ਵਿਚ ਨਵੇਂ ਸਰੋਕਾਰ, ਸੰਭਾਵਨਾਵਾਂ ਅਤੇ ਸਮਰੱਥਾਵਾਂ ਨੂੰ ਪੈਦਾ ਕਰਕੇ, ਸੋਚ ਨੂੰ ਨਵੀਂ ਪਰਵਾਜ਼ ਦੇਣ। ਕਲਾ-ਹੀਣ ਘਰਾਂ ਦੇ ਬਾਸ਼ਿੰਦੇ ਵੀ ਬੁੱਤਾਂ ਵਰਗੇ ਹੋ ਜਾਂਦੇ, ਜਿਨ੍ਹਾਂ ਦੀਆਂ ਭਾਵਨਾਵਾਂ ਪੱਥਰ ਦੀ ਤਾਸੀਰ ਨੂੰ ਮਾਤ ਪਾਉਂਦੀਆਂ।
ਘਰ ਬਹੁਤ ਹੇਰਵਾ ਕਰਦਾ, ਜਦ ਇਸ ਦੀ ਸੁੱਚਮ ਅਤੇ ਉਚਮਤਾ ਨੂੰ ਮਾਲੀਨ ਕੀਤਾ ਜਾਂਦਾ। ਸਾਦਗੀ ਤੇ ਸੁੱਚਮ ਦੀ ਪਰਦਾਦਾਰੀ ਕੀਤੀ ਜਾਂਦੀ। ਘਰ ਵਿਚੋਂ ਘਰ ਹੀ ਮਨਫੀ ਹੋ ਜਾਂਦਾ।
ਅਜੋਕੇ ਘਰ, ਘਰ ਨਹੀਂ, ਸਿਰਫ ਮਕਾਨ ਨੇ ਅਤੇ ਮਕਾਨਾਂ ਵਿਚ ਰਹਿਣ ਵਾਲਿਆਂ ਤੋਂ ਮਾਨਵੀ ਵਰਤਾਰੇ ਦੀ ਆਸ ਰੱਖਣਾ, ਬੇਲੋੜਾ। ਇਸ ਨੇ ਸਾਡੀ ਤ੍ਰਾਸਦੀ ਬਣਨਾ ਸੀ ਅਤੇ ਅਸੀਂ ਇਸ ਨੂੰ ਹੰਢਾਉਂਦੇ ਖੁਦ ਵੀ ਤ੍ਰਾਸਦੀ ਬਣ ਗਏ ਹਾਂ।
ਘਰ ਵਿਚ ਜਦ ਸੁਗੰਧਹੀਣ ਸੁੱਕੇ ਫੁੱਲ ਸਾਡਾ ਸੁਆਗਤ ਕਰਦੇ ਤਾਂ ਘਰਾਂ ਵਾਲਿਆਂ ਦੀ ਕਲਾ-ਹੀਣ ਬਿਰਤੀ ਅਚੇਤ ਰੂਪ ਵਿਚ ਸਾਨੂੰ ਮੁਖਾਤਿਬ ਹੁੰਦੀ। ਇਸ ਵਿਚੋਂ ਕੋਮਲਤਾ, ਪਿਆਰ, ਮੋਹ-ਮੁਹੱਬਤ ਜਾਂ ਮਿਲਾਪੜਾਪਨ ਕਿੰਜ ਮਹਿਸੂਸ ਕਰੋਗੇ? ਅਜਿਹੇ ਮਾਹੌਲ ਵਿਚ ਸਿਰਫ ਧੁਖ ਧੁਖ ਕੇ ਹੀ ਮਰੋਗੇ।
ਘਰ ਤਾਂ ਬਗੀਚਾ ਹੋਵੇ, ਜਿਸ ਵਿਚ ਕਲਮਾਂ ਲਾਈਆਂ ਜਾਣ। ਫੁੱਲਾਂ ਦੀ ਖੇਤੀ ਹੋਵੇ ਤੇ ਫੁੱਲਪੱਤੀਆਂ ਰੰਗ-ਆਭਾ ਬਣਨ। ਆਪਸ ਵਿਚ ਗੁਫਤਗੂ ਕਰਨ ਤੇ ਮਹਿਕ ਮਹਿਕ ਹੋ ਜਾਵੇ ਗੁਲਸ਼ਨ। ਤਿਤਲੀਆਂ ਜਾਂ ਭੌਰਿਆਂ ਨੂੰ ਮਨਾਹੀ ਨਾ ਹੋਵੇ। ਬਿਰਖ ‘ਤੇ ਪਰਿੰਦਿਆਂ ਦੀ ਗੁਟਕਣੀ ਫਿਜ਼ਾ ਵਿਚ ਰਸ ਘੋਲੇ। ਹਵਾ ਦੀ ਰੁਮਕਣੀ ਸਹਿਜੇ ਸਹਿਜੇ ਧੰਨਭਾਗਤਾ ਦਾ ਰਾਗ ਬੋਲੇ। ਖਿੜ ਜਾਣ ਮਨ ਦੇ ਮਮੋਲੇ। ਫੁੱਲ ਪਾਉਣ ਗਲਵੱਕੜੀਆਂ, ਰੰਗਾਂ ਦੀ ਸੱਤਰੰਗੀ ਹੋਵੇ ਅਤੇ ਕਾਇਨਾਤ ਦੀ ਸਮੁੱਚਤਾ, ਮਨੁੱਖ ਦਾ ਹਾਸਲ। ਘਰ ਨੂੰ ਘਰ-ਰੰਗਤਾ ਦਾ ਅਹਿਸਾਸ ਭਰੇ ਅਤੇ ਘਰ ਦੀਆਂ ਬਰੂਹਾਂ ਨੂੰ ਤ੍ਰੇਲ ਨਾਲ ਮੁਅੱਤਰ ਕਰੇ।
ਘਰ ਤਾਂ ਫੱਕਰਾਂ ਦੀ ਕੁੱਲੀ ਜਿਹਾ ਹੋਣਾ ਚਾਹੀਦਾ, ਜਿਸ ਵਿਚ ਹਰੇਕ ਲਈ ਦਰ ਖੁੱਲ੍ਹੇ ਰਹਿਣ, ਚੁੱਲ੍ਹਾ ਬਲਦਾ ਰਹੇ। ਚੌਂਕੇ ਵਿਚ ਤੌੜੀ, ਪਰਾਤ, ਪਤੀਲੇ ਅਤੇ ਤਵੇ ਦੇ ਨਾਂਵੇਂ ਸੁਖਨ-ਪ੍ਰਾਪਤੀ ਦਾ ਸਕੂਨ।
ਘਰ ਹਉਕਾ ਬਣ ਜਾਂਦਾ, ਜਦ ਘਰ ਵਾਲਿਆਂ ਦੀ ਆਪਸੀ ਗੱਲਬਾਤ ਹੋ ਜਾਵੇ ਖਾਮੋਸ਼, ਹਰ ਬੁਰਕੀ ‘ਚ ਬਦ-ਦੁਆਵਾਂ ਦਾ ਸਵਾਦ, ਹਰ ਕਾਰਜ ਵਿਚੋਂ ਸੂਲੀ ‘ਤੇ ਲਟਕਣ ਜਿਹਾ ਦਰਦ, ਹਰ ਕਦਮ ‘ਚ ਸੂਲਾਂ ਭਰਿਆ ਰਾਹ ਹੋਵੇ, ਆਪਣੇ ਦੀ ਹੋਂਦ ਨੂੰ ਮਿਟਾਉਣ ਲਈ ਸਾਜਿਸ਼ਾਂ ਰਚੀਆਂ ਜਾਣ ਅਤੇ ਘਰ ਵਿਚੋਂ ਘਰ ਵਾਲੇ ਹੀ ਅਲੋਪ ਕਰ ਦਿਤੇ ਜਾਣ।
ਘਰ ਦੇ ਪਿੰਡੇ ‘ਤੇ ਪਿਲੱਤਣਾਂ
ਤੇ ਉਦਾਸੀ ਦੀ ਮਹਿੰਦੀ ਹੋਵੇ,
ਜਾਂ ਸੁਪਨੇ ਸੂਲੀ ਚੜ੍ਹ ਜਾਂਦੇ
ਤਾਂ ਜਿਉਂਦੇ ਜੀਅ ਮਰਦਾ ਹਾਂ।
ਜਾਂ ਤਿੜਕਦੇ ਘਰ ਦਾ ਰੁਦਨ,
ਮੱਥੇ ‘ਤੇ ਚਿਪਕ ਜਾਂਦਾ,
ਤਾਂ ਪੀੜਤ ਤਹਿਰੀਕ ਦੇ ਨਾਂਵੇਂ,
ਆਪਣੀ ਚੀਸ ਕਰਦਾ ਹਾਂ।
ਐ ਘਰ ਤੂੰ ਕਿਉਂ ਹਤਾਸ਼ ਏਂ,
ਤੇਰੀ ਹੋਂਦ ਅਣਮੁੱਲੀ ਏ,
ਤੂੰ ਰੋਮ-ਰੋਮ ‘ਚ ਵਸਦੈਂ,
ਤੇਰਾ ਹੀ ਫਿਕਰ ਕਰਦਾ ਹਾਂ।
ਘਰ ਮੂਕ ਵੇਦਨਾ ਬਣ ਜਾਂਦਾ, ਜਦ ਘਰ ਵਿਚ ਉਗਦੀਆਂ ਕੰਧਾਂ, ਕਮਰਿਆਂ ਦਾ ਹੁੰਦਾ ਬਟਵਾਰਾ, ਦਰਾਂ ‘ਤੇ ਜੜੇ ਜਾਂਦੇ ਜਿੰਦਰੇ, ਘਰ-ਰੂਹ ਨੂੰ ਬੋਲ-ਆਰੇ ਨਾਲ ਚੀਰਿਆ ਜਾਵੇ, ਬਜੁਰਗਾਂ ਦੀ ਕੀਰਤੀ ਨੂੰ ਕਮੀਨਗੀ ਨਾਲ ਉਛਾਲਿਆ ਜਾਵੇ, ਬਜੁਰਗੀ ਬੋਲਾਂ ‘ਤੇ ਪਾਬੰਦੀ ਲੱਗ ਜਾਵੇ ਅਤੇ ਸੰਦੂਕ, ਪਲੰਘ, ਦਰੀਆਂ ਤੇ ਖੇਸ ਦੀ ਵੰਡ-ਵੰਡਾਈ ਵਿਚ ਬਜੁਰਗੀ ਹੱਥਾਂ ਦੀ ਛੂਹ ਕੁਮਲਾ ਜਾਵੇ।
ਘਰ ਦੀ ਆਸਥਾ, ਅਰਦਾਸ ਅਤੇ ਅਰਾਧਨਾ ਸੋਗੀ ਜਾਂਦੀ ਜਦ ਇਸ ਦੀਆਂ ਬਰਕਤਾਂ ਦੀ ਸ਼ੁਕਰਗੁਜਾਰੀ ਨੂੰ ਦਰ-ਕਿਨਾਰ ਕਰਕੇ, ਖੁਦੀ ਨੂੰ ਹੀ ਘਰ ਤੋਂ ਵੀ ਵੱਡਾ ਬਣਾ ਲਿਆ ਜਾਵੇ। ਯਾਦ ਰੱਖਣਾ! ਘਰ ਵੱਡਾ ਹੁੰਦਾ ਅਤੇ ਘਰ ਵਾਲੇ ਬਹੁਤ ਛੋਟੇ; ਤਾਂ ਹੀ ਘਰ ਵਾਲੇ ਸਦਾ ਘਰ ਦੀ ਓਟ ਵਿਚ ਆ ਕੇ ਖੁਦ ਨੂੰ ਮਹਿਫੂਜ਼ ਮਹਿਸੂਸਦੇ। ਘਰ ਦੀ ਛੱਤ ਸਦਕਾ ਧੁੱਪਾਂ ਨਹੀਂ ਲੂੰਹਦੀਆਂ, ਸਰਦੀਆਂ ਦਾ ਕਹਿਰ ਨਹੀਂ ਸਤਾਉਂਦਾ ਅਤੇ ਝੜੀਆਂ ਵਿਚ ਵੀ ਅਸੀਂ ਸੁਰੱਖਿਅਤ ਰਹਿੰਦੇ ਹਾਂ। ਘਰ ਤੋਂ ਬਿਨਾ ਘਰ ਵਾਲਿਆਂ ਦੇ ਕੋਈ ਨਹੀਂ ਅਰਥ ਅਤੇ ਅਹਿਮੀਅਤ। ਘਰ ਹੈ ਤਾਂ ਘਰ ਵਾਲੇ ਹਨ।
ਅਜੋਕੇ ਘਰਾਂ ਦੀ ਕੇਹੀ ਤ੍ਰਾਸਦੀ ਕਿ ਵੱਡੇ ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ, ਵੱਡੇ ਵੱਡੇ ਸੋਫਿਆਂ ‘ਚ ਸਿਮਟੇ ਨੇ ਹੀਣੇ ਲੋਕ ਅਤੇ ਮਹਿੰਗੀਆਂ ਗੱਡੀਆਂ ਵਿਚ ਬੈਠੇ ਨੇ ਹਲਕੇ ਸਵਾਰ। ਘਰ ਬਹੁਤ ਸ਼ਰਮਸਾਰ ਹੁੰਦਾ, ਅਜਿਹੇ ਕੋਝੇ ਅਤੇ ਕਮੀਨੇ ਬੰਦੇ ਦੀ ਘਰ ਵਿਚ ਹਾਜਰੀ ‘ਤੇ। ਘਰ ਵਿਚ ਰਹਿਣਾ ਏ ਤਾਂ ਘਰ ਵਰਗੇ ਬਣੋ। ਘਰ ਦੀਆਂ ਬਹੁ-ਪਰਤਾਂ ਨੂੰ ਅੰਤਰੀਵ ਵਿਚ ਵਸਾਓ, ਅਤੇ ਦਿਲ-ਦਰਵਾਜਿਆਂ ਨੂੰ ਸਦਾ ਖੁੱਲ੍ਹੇ ਰਹਿਣ ਵਾਲੇ ਦਰ ਬਣਾਓ। ਖੁੱਲ੍ਹੇ ਦਰਾਂ ਵਾਲੇ ਘਰ ਹੀ ਵੱਸਦੇ ਘਰਾਂ ਦੀ ਨਿਸ਼ਾਨੀ ਅਤੇ ਇਹ ਨਿਸ਼ਾਨੀ ਬਹੁਤ ਤੇਜੀ ਨਾਲ ਲੁਪਤ ਹੋ ਰਹੀ ਏ। ਜਦ ਬੂਹਾ ਖੋਲ੍ਹ ਕੇ ਦਰ ਲੰਘ ਆਉਣ ਵਾਲਾ ਕੋਈ ਆਪਣਾ ਬੈੱਲ ਮਾਰ ਕੇ ਉਡੀਕ ਕਰਨ ਲੱਗ ਪਵੇ ਅਤੇ ਘਰ ਕੋਈ ਹੁੰਗਾਰਾ ਨਾ ਭਰੇ ਤਾਂ ਘਰ ਨੂੰ ਆਉਣ ਵਾਲੇ ਫਿਰ ਪਰਤ ਕੇ ਨਹੀਂ ਆਉਂਦੇ। ਘਰ ਦੀ ਅਣਪੱਤ ਨੂੰ ਲੱਗ ਜਾਂਦਾ ਏ ਗ੍ਰਹਿਣ। ਹੌਲੀ ਹੌਲੀ ਪਸਰਦੀ ਏ ਸੁੰਨ, ਜੋ ਇਕੱਲ ਨਾਲ ਮਨੁੱਖ ਨੂੰ ਆਪਣੀ ਲਪੇਟ ਵਿਚ ਲੈਂਦੀ ਤੇ ਘਰ ਨੂੰ ਕਬਰ ਬਣਾ ਦਿੰਦੀ।
ਵਾਸਤਾ ਈ! ਘਰ ਦੇ ਖਿਡੌਣਿਆਂ, ਫੱਟੀਆਂ, ਦਵਾਤਾਂ, ਕਲਮਾਂ, ਕਿਤਾਬਾਂ, ਗੁੱਡੀਆਂ ਪਟੋਲਿਆਂ ਤੇ ਡੰਗੋਰੀਆਂ ਨੂੰ ਕਦੇ ਰੁੱਸਣ ਨਾ ਦਿਓ। ਇਨ੍ਹਾਂ ਦੀ ਦਿਲ-ਲਗੀ ਵਿਚ ਹੀ ਘਰ, ਘਰ ਰਹਿੰਦਾ।
ਘਰ ਵਿਚ ਬੱਚਿਆਂ ਨੂੰ ਕੰਧਾਂ ‘ਤੇ ਘੁੱਗੀਆਂ ਘੋੜੇ ਬਣਾਉਣ ਦਿਓ। ਲੀਕਾਂ ਮਾਰਨ ਦਿਓ, ਕੰਧਾਂ ਤੇ ਅੱਖਰ ਵਾਹੁਣ ਦਿਓ ਅਤੇ ਕਲਾ-ਕਿਰਤਾਂ ਬਣਾਉਣ ਦਿਓ। ਘਰ ਨੂੰ ਚੰਗਾ ਲੱਗੇਗਾ। ਜਦ ਇਹੀ ਬੱਚੇ ਵੱਡੇ ਹੋ ਕੇ ਉਡਾਰੀ ਮਾਰ ਗਏ ਤਾਂ ਜਿਥੇ ਕੰਧਾਂ ਨੇ ਤਰਸਣਾ ਹੈ ਬਚਪਨੀ ਛੋਹ ਨੂੰ, ਉਥੇ ਮਾਪੇ ਵੀ ਬੱਚਿਆਂ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੀਆਂ ਪੁਰਾਣੀਆਂ ਪੈਨਸਲਾਂ, ਸਲੇਟਾਂ, ਕਾਪੀਆਂ, ਕਿਤਾਬਾਂ ਨੂੰ ਦੇਖਦੇ, ਨਿੱਕੇ ਨਿੱਕੇ ਕੱਪੜਿਆਂ ਨੂੰ ਨਿਹਾਰਦੇ ਅਤੇ ਖਿਡੌਣਿਆਂ ਨੂੰ ਦੇਖ ਕੇ ਅੱਖਾਂ ਵਿਚ ਹੰਝੂ ਜਰੂਰ ਭਰਨਗੇ ਤੇ ਬੱਚਿਆਂ ਨੂੰ ਮਿਲਣ ਦੀ ਤਮੰਨਾ ‘ਚ ਆਪਣੀ ਉਮਰ ਨੂੰ ਛੁਟੇਰਾ ਕਰਨਗੇ। ਜੇ ਬੱਚਿਆਂ ਨੂੰ ਇੱਲਤਾਂ, ਸ਼ਰਾਰਤਾਂ ਜਾਂ ਮਨ-ਮੌਜਾਂ ਘਰ ਵਿਚ ਹੀ ਨਹੀਂ ਕਰਨ ਦਿਓਗੇ ਤਾਂ ਦੱਸਣਾ ਉਹ ਮਨ ਦੇ ਖਿਆਲਾਂ ਅਤੇ ਸੁਪਨ-ਉਡਾਰੀਆਂ ਨੂੰ ਕਿਹੜੇ ਅੰਬਰ, ਵਿਹੜੇ ਜਾਂ ਘਰ ਦੀ ਛੱਤ ‘ਤੇ ਪੂਰਾ ਕਰਨਗੇ? ਘਰ ਤਾਂ ਬੱਚਿਆਂ ਨਾਲ ਹੁੰਦਾ। ਬੱਚੇ ਹੀ ਘਰ ਦਾ ਵਰਤਮਾਨ ਤੇ ਭਵਿੱਖ ਹੁੰਦੇ।
ਘਰ ਘੋਰ ਨਿਰਾਸ਼ਾ ਵਿਚ ਜਿਉਣ ਲਈ ਮਜ਼ਬੂਰ ਹੁੰਦਾ, ਜਦ ਘਰ ਦੀਆਂ ਅਮਾਨਤਾਂ ਨੂੰ ਅਪਮਾਨਿਤ ਕੀਤਾ ਜਾਂਦਾ। ਬਜੁਰਗਾਂ ਦੀਆਂ ਅਸਥੀਆਂ ਦੀ ਵੰਡ ਵੰਡਾਈ ਜਾਂ ਉਨ੍ਹਾਂ ਦੇ ਜਾਣ ਸਾਰ ਉਨ੍ਹਾਂ ਦੀਆਂ ਵਸਤਾਂ ਨੂੰ ਬੇਲੋੜੀਆਂ ਸਮਝ ਕੇ ਬਾਹਰ ਸੁੱਟਣਾ, ਘਰ ਦੀ ਤੌਹੀਨ।
ਘਰ ਦੇ ਬਨੇਰੇ ਭੁਰਨ ਲੱਗਦੇ, ਜਦ ਇਸ ਦੀਆਂ ਨੀਂਹਾਂ ਨੂੰ ਖੋਖਲਾ ਕੀਤਾ ਜਾਂਦਾ। ਕੰਧਾਂ ਵਿਚ ਮੋਰੀਆਂ ਕੀਤੀਆਂ ਜਾਂਦੀਆਂ। ਝਰੋਖਿਆਂ ਰਾਹੀਂ ਧੁੱਪ ਦਾ ਆਉਣਾ ਵਰਜਿਤ। ਬਨੇਰੇ ਤੋਂ ਉਤਰਨ ਵਾਲੀ ਸਰਘੀ ਸ਼ਾਮ ਬਣ ਜਾਂਦੀ ਅਤੇ ਹੌਲੀ ਹੌਲੀ ਗਹਿਰਾ ਧੁੰਦਲਕਾ ਘਰ ਦਾ ਵਾਰਸ ਬਣ ਜਾਂਦਾ। ਅੱਜ ਕੱਲ ਅਜਿਹਾ ਬਜੁਰਗੀ ਘਰਾਂ ਨਾਲ ਹੋ ਰਿਹਾ ਏ, ਜੋ ਪਿੰਡਾਂ ਵਿਚ ਸਾਹ ਵਰੋਲਦੇ ਆਖਰੀ ਦਸਤਕ ਨੂੰ ਉਡੀਕਦੇ ਖੰਡਰ ਬਣ ਰਹੇ ਨੇ। ਇਸ ਲਈ ਜਰੂਰੀ ਹੈ ਕਿ ਕਦੇ ਕਦਾਈਂ ਆਪਣੇ ਪਿੰਡ ਤੇ ਪਿੰਡ ਵਾਲੇ ਉਸ ਘਰ ਵਿਚ ਜਰੂਰ ਗੇੜਾ ਮਾਰੀਏ, ਜਿਸ ਨੇ ਸਾਨੂੰ ਜਨਮ ਦਿਤਾ, ਸੁਪਨੇ ਦਿਤੇ। ਉਹ ਸੁਪਨ-ਪਰਵਾਜ਼ ਹੀ ਪਰਵਾਸੀ ਧਰਤੀ ‘ਤੇ ਨਵੀਂਆਂ ਪ੍ਰਾਪਤੀਆਂ ਦਾ ਹਾਸਲ ਬਣੀ।
ਘਰ ਦੀ ਪਰਿਕਰਮਾ ਕਰਦਿਆਂ ਕਈ ਘਰ ਜ਼ਿਹਨ ਵਿਚ ਆਉਂਦੇ,
ਇਕ ਘਰ ਮੇਰੇ ਅੰਦਰ ਵੱਸਦਾ
ਲਈ ਕਦੇ ਨਾ ਸਾਰ,
ਬਾਹਰੀ ਘਰ ਦਾ ਕਰਦਾ ਰਹਿੰਨਾਂ
ਹਰ ਦਮ ਹਾਰ ਸ਼ਿੰਗਾਰ।

ਇਕ ਘਰ ਮੇਰੇ ਕਰਮੀਂ ਵੱਸਦਾ
ਪਈ ਕੁਕਰਮੀ ਮਾਰ,
ਕਰਮ-ਧਰਮ ਦੀ ਕਪਟੀ ਨਗਰੀ
ਹੁੰਦੈ ਕੂੜ ਵਪਾਰ।

ਇਕ ਘਰ ਮੇਰੇ ਮਸਤਕ ਵੱਸਦਾ
ਚਾਨਣਾਂ ਦਿੱਤਾ ਵਿਸਾਰ,
ਨਾ ਆਲ੍ਹਾ ਤੇ ਨਾ ਬਨੇਰਾ
ਨਾ ਦੀਵਿਆਂ ਦੀ ਡਾਰ।

ਇਕ ਘਰ ਮੇਰੀ ਕਲਮ ਦੀ ਜੂਹੇ
ਕਦੇ ਨਾ ਮੰਨੇ ਹਾਰ,
ਹਰਫ ਹਰਫ ਹੋ ਵਰਕੇ ‘ਤੇ
ਆਪਾ ਰਿਹਾ ਉਤਾਰ।

ਇਕ ਘਰ ਮੇਰਾ ਸੱਜਣ-ਬੀਹੀ
ਦਿਲ ਦਰਿਆਓਂ ਪਾਰ,
ਓਸ ਘਰ ਮੈਂ ਸਾਹ ਦੇ ਸੰਗ
ਕਰਦਾ ਰਹਾਂ ਵਪਾਰ।

ਇਕ ਘਰ ਸਾਡੇ ਰਿਸ਼ਤੀਂ ਵੱਸਦਾ
ਕਰਦਾ ਨਰ-ਸੰਘਾਰ,
ਪਰ ਸਾਂਝਾਂ ਤੇ ਸਿਮਰਤੀਆਂ ਦਾ
ਉਜੜਿਆ ਨਾ ਸੰਸਾਰ।

ਇਕ ਘਰ ਮੇਰੇ ਘਰ ਵਰਗਾ ਹੀ
ਮੇਰਾ ਸੁਪਨ-ਸੰਸਾਰ,
ਜਿਸ ਦੇ ਮੱਥੇ ਧਰਨੇ ਇਕ ਦਿਨ
ਸੂਰਜ ਚੰਦ ਹਜ਼ਾਰ।
ਬਾਹਰਲੇ ਘਰ ਦੇ ਨਾਲ-ਨਾਲ ਆਪਣੇ ਅੰਤਰੀਵੀ ਘਰ ਦੀ ਸ਼ੁੱਧਤਾ, ਸਾਦਗੀ ਅਤੇ ਸੁੱਚਮ ਵੱਲ ਵੀ ਧਿਆਨ ਦੇਣ ਦੀ ਲੋੜ, ਕਿਉਂਕਿ ਅੰਦਰੋਂ ਬਾਹਰੋਂ ਇਕ ਸੁਰ ਹੋ ਕੇ ਮਨੁੱਖੀ ਪਾਦਰਸ਼ਤਾ ਦਾ ਪੈਮਾਨਾ ਨਿਰਧਾਰਤ ਕਰ ਸਦਕੇ ਹਾਂ। ‘ਘਰ ਸੁਖ ਵਸਿਆ ਬਾਹਰ ਸੁਖ ਪਾਇਆ’ ਜਿਹੇ ਮੂਲ ਮੰਤਰ ਦੇ ਸ਼ਬਦੀ ਅਤੇ ਭਾਵ-ਅਰਥ ਆਪਣੀ ਸੋਚ-ਜੂਹ ਵਿਚ ਧਰਨੇ, ਜੀਵਨ ਜਿਉਣ ਦਾ ਚੱਜ ਅਤੇ ਜ਼ਿੰਦਗੀ ਦਾ ਰੱਜ ਹਾਸਲ ਬਣੇਗਾ।
ਘਰ ਕਦੇ ਵੀ ਅ-ਘਰ ਨਾ ਬਣੇ ਕਿਉਂਕਿ ਅ-ਘਰਿਆਂ ਨੂੰ ਨਹੀਂ ਮਿਲਦੀ ਕਿਧਰੇ ਵੀ ਢੋਹੀ, ਨਾ ਹੀ ਕਲਮ ਕਦੇ ਉਨ੍ਹਾਂ ਲਈ ਰੋਈ। ਉਨ੍ਹਾਂ ਦੀ ਹੋਣੀ, ਹੋਈ ਜਾਂ ਨਾ ਹੋਈ।
ਘਰ ਕਬਰ, ਸਿਵਾ ਜਾਂ ਗੋਹਿਆਂ ਦੀ ਧੁਖਦੀ ਧੂਣੀ ਨਹੀਂ ਬਣਨਾ ਚਾਹੁੰਦਾ। ਘਰ ਤਾਂ ਸਿਰਫ ਘਰ ਹੀ ਰਹਿਣਾ ਚਾਹੁੰਦਾ। ਘਰ, ਜੋ ਘਰ ਦੇ ਸਰੋਕਾਰਾਂ ਨੂੰ ਸਮਰਪਿਤ ਹੋਵੇ, ਘਰ ਦੀ ਸੁਹਿਰਦਤਾ ਨੂੰ ਸੰਭਾਲੇ, ਘਰ ਦੀ ਸਾਧਨਾ ਨੂੰ ਕਮਾਵੇ ਅਤੇ ਘਰ ਦੀਆਂ ਰਹਿਮਤਾਂ ਨੂੰ ਘਰ ਵਾਲਿਆਂ ਦੇ ਨਸੀਬੀਂ ਲਾਵੇ ਤਾਂ ਕਿ ਘਰ ਜਿਉਂਦਾ ਰਹੇ। ਜਿਉਂਦੇ ਰਹਿਣ ਘਰ ਬਣਾਉਣ, ਵਸਾਉਣ ਅਤੇ ਇਸ ਸਾਂਝ ਨੂੰ ਆਖਰੀ ਦਮ ਤੀਕ ਨਿਭਾਉਣ ਵਾਲੇ।