ਸ਼੍ਰੋਮਣੀ ਕਮੇਟੀ ਵੱਲੋਂ ਫੰਡਾਂ ਦੀ ਦੁਰਵਰਤੋਂ: ਮਾਨ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਦੀ ਪੂਰਤੀ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਸ਼ ਮਾਨ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਦੇ ਪਿੰਡ ਗੋਬਿੰਦਪੁਰਾ ਵਿਚ ²ਸ਼੍ਰੋਮਣੀ ਕਮੇਟੀ ਦੀ 115 ਏਕੜ ਜ਼ਮੀਨ ਨੂੰ ਦਿਲਸ਼ੇਰ ਸਿੰਘ ਤੇ ਉਸ ਦੇ ਸਾਥੀਆਂ ਤੋਂ ਖਾਲੀ ਕਰਵਾਉਣ ਲਈ ਗੁਰੂ ਦੀ ਗੋਲਕ ਵਿਚੋਂ ਤਿੰਨ ਕਰੋੜ ਰੁਪਏ ਦੀ ਅਦਾਇਗੀ ਕਰਨ ਲਈ ਵਰਕਿੰਗ ਕਮੇਟੀ ਨੇ 15 ਮਾਰਚ ਨੂੰ ਮਤਾ ਪਾਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਸ਼੍ਰੋਮਣੀ ਕਮੇਟੀ ਨੂੰ ਇਹ ਜ਼ਮੀਨ ਕਾਬਜ਼ਾਂ ਤੋਂ ਵਾਪਸ ਲੈਣ ਲਈ ਆਦੇਸ਼ ਦਿੱਤੇ ਗਏ ਸਨ ਕਿਉਂਕਿ ਦਿਲਸ਼ੇਰ ਸਿੰਘ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਬਿਨਾ ਕੋਈ ਠੇਕਾ ਦਿੱਤੇ ਇਸ ਜ਼ਮੀਨ ਦੀ ਵਾਹੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਾਲ ਮਿਲੀਭੁਗਤ ਕਰਕੇ ਉਸ ਵੱਲੋਂ ਜ਼ਮੀਨ ਦੇ ਠੇਕੇ ਦੀ ਇਕ ਵੀ ਪੈਸੇ ਦੀ ਅਦਾਇਗੀ ਨਹੀਂ ਸੀ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤਾਂ ਉਸ ਨੂੰ 12 ਏਕੜ ਥਾਂ ਛੱਡ ਦਿੱਤੀ ਫਿਰ ਉਸ ਨੂੰ ਪ੍ਰਾਪਤ ਕਰਨ ਲਈ ਉਕਾ ਪੁੱਕਾ ਤਿੰਨ ਕਰੋੜ ਰੁਪਏ ਦੇਣ ਦਾ ਮਤਾ ਪਾਇਆ। ਸ਼ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੂੰ ਸਿਰਫ਼ ਬਜਟ ਪਾਸ ਕਰਨ ਦੇ ਹੀ ਅਧਿਕਾਰ ਦਿੱਤੇ ਗਏ ਹਨ ਜਦਕਿ ਹੋਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦਾ ਕੋਈ ਕਾਨੂੰਨੀ ਹੱਕ ਪ੍ਰਾਪਤ ਨਹੀਂ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵਿੱਤੀ ਮਾਮਲਿਆਂ ਤੋਂ ਇਲਾਵਾ ਹੋਰ ਕੰਮ ਕਰਕੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ। ਸ਼ ਮਾਨ ਨੇ ਇਹ ਵੀ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਚੜ੍ਹਾਏ ਜਾਂਦੇ ਚੰਦੋਏ ਬਾਰੇ ਵੀ ਸ਼ਰਧਾਲੂਆਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
_______________________________________
ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ ਸਿਮਰਨਜੀਤ ਸਿੰਘ ਮਾਨ ਵਰਗੇ ਆਗੂ ਨੂੰ ਬਿਨਾ ਠੋਸ ਸਬੂਤ ਸ਼੍ਰੋਮਣੀ ਕਮੇਟੀ ਖਿਲਾਫ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਕੇ ਸੱਚੇ ਪੰਥਕ ਆਗੂ ਦਾ ਰੋਲ ਅਦਾ ਕਰਨਾ ਚਾਹੀਦਾ ਹੈ ਨਹੀਂ ਤਾਂ ਨਕਾਰੇ ਹੋਏ ਆਗੂ ਨੂੰ ਸਮੁੱਚੀਆਂ ਸਿੱਖ ਸੰਗਤਾਂ ਹੋਰ ਨਕਾਰ ਦੇਣਗੀਆਂ। ਜਥੇਦਾਰ ਅਵਤਾਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੀ ਕਈ ਸੌ ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਪਾਇਲ ਦੀ 115 ਏਕੜ ਜ਼ਮੀਨ ਨੂੰ ਵੀ ਕਬਜ਼ਾ ਮੁਕਤ ਕਰਵਾਇਆ ਗਿਆ ਹੈ ਤੇ ਇਸੇ ਤਰ੍ਹਾਂ ਹੀ ਜਿਨ੍ਹਾਂ ਜ਼ਮੀਨਾਂ ਦਾ ਠੇਕਾ 500 ਰੁਪਏ ਪ੍ਰਤੀ ਏਕੜ ਸਾਲਾਨਾ ਸੀ, ਉਸ ਨੂੰ ਵਧੇ ਹੋਏ ਰੇਟਾਂ ‘ਤੇ ਠੇਕੇ ਉਪਰ ਚਾੜ੍ਹ ਕੇ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਆਮਦਨ ਵਿਚ ਵਾਧਾ ਕੀਤਾ ਹੈ।

Be the first to comment

Leave a Reply

Your email address will not be published.