ਮੁਸੱਰਤ

ਮਨਜੀਤ ਸਿੰਘ ਬੱਲ ਪੇਸ਼ੇ ਵਜੋਂ ਡਾਕਟਰ ਹਨ। ਉਹ ਸਿਹਤ ਸਮੱਸਿਆਵਾਂ ਬਾਰੇ ਅਕਸਰ ਲਿਖਦੇ ਰਹਿੰਦੇ ਹਨ, ਪਰ ਉਨ੍ਹਾਂ ਕੁਝ ਕਹਾਣੀਆਂ ਵੀ ਲਿਖੀਆਂ ਹਨ। ਇਨ੍ਹਾਂ ਵਿਚੋਂ ਇਕ ਕਹਾਣੀ ‘ਮੁਸੱਰਤ’ ਹੈ। ਇਸ ਕਹਾਣੀ ਦੇ ਸਾਰੇ ਪਾਤਰ, ਸਮਾਂ, ਸਥਾਨ ਅਤੇ ਘਟਨਾਵਾਂ ਅਸਲੀ ਹਨ। ਅੱਜ ਜਦੋਂ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਵੇਂ ਪੰਜਾਬ ਗਲਵੱਕੜੀ ਪਾ ਰਹੇ ਹਨ ਤਾਂ ਅਸੀਂ ਇਹ ਕਹਾਣੀ ਪਾਠਕਾਂ ਲਈ ਛਾਪ ਰਹੇ ਹਾਂ। ਇਸ ਵਿਚ ਦੋਹਾਂ ਪਾਸਿਆਂ ਦੇ ਲੋਕਾਂ ਦੇ ਦਿਲਾਂ ਅੰਦਰ ਉਮੜਦੇ ਵਲਵਲੇ ਬਹੁਤ ਖੂਬਸੂਰਤੀ ਨਾਲ ਪੇਸ਼ ਹੋਏ ਹਨ।

-ਸੰਪਾਦਕ

ਮਨਜੀਤ ਸਿੰਘ ਬੱਲ

“ਸਲਾਮ ਭਾਈ ਜਾਨ, ਮੈਂ ਮਾਜਿਦ ਬੁਖਾਰੀ, ਤੁਹਾਡੇ ਨਾਲ ਦੋ-ਚਾਰ ਪਲ, ਗੱਲਾਂ ਕਰਨੀਆਂ ਚਾਹੁੰਦਾਂ।” ਗੁਰਦੁਆਰਾ ਡੇਰਾ ਸਾਹਿਬ ਦੇ ਗੇਟ ‘ਚੋਂ ਨਿਕਲ ਕੇ, ਮੈਂ ਸ਼ਾਹੀ ਕਿਲ੍ਹੇ ਵੱਲ ਪੈਦਲ ਜਾ ਰਿਹਾ ਸਾਂ, ਜਦ ਪਿੱਛੇ ਆਉਂਦਾ ਇੱਕ ਮੁੰਡਾ, ਆਪਣਾ ਸਾਈਕਲ ਹੌਲੀ ਕਰਕੇ ਮੇਰੇ ਨਾਲ ਚੱਲਣ ਲੱਗਾ। ਮੈਂ ਇਧਰ-ਉਧਰ ਵੇਖਿਆ ਤਾਂ ਭਾਂਪ ਗਿਆ ਕਿ ਉਹ ਮੈਨੂੰ ਹੀ ਮੁਖਾਤਿਬ ਸੀ।
“ਹਾਂ ਹਾਂ, ਕਿਉਂ ਨਹੀਂ।” ਮੈਂ ਹਾਂ ‘ਚ ਜੁਆਬ ਦਿੱਤਾ ਤੇ ਉਹ ਸਾਈਕਲ ਤੋਂ ਉਤਰ ਕੇ ਨਾਲ-ਨਾਲ ਤੁਰਨ ਲੱਗਾ।
“ਮੈਂ ਲ੍ਹੌਰ (ਲਾਹੌਰ) ਦਾ ਈ ਆਂ, ਕੱਲ੍ਹ ਦਾ ਸੋਚਣ ਡਿਹਾਂ, ਪਈ ਗੁਰਦੁਆਰੇ ‘ਚ ਸਿੱਖਾਂ ਨੇ ਆਉਣੈਂ, ਕਿਸੇ ਇੰਡੀਅਨ ਸਰਦਾਰ ਨੂੰ ਯਾਰ ਬਣਾਉਣੈਂ।” ਮਾਜਿਦ ਖੁਦ ਹੀ ਸਭ ਕੁਝ ਦੱਸੀ ਜਾ ਰਿਹਾ ਸੀ।
ਗੋਰੇ ਰੰਗ ਦਾ, ਸੁਹਣਾ-ਸੁਨੱਖਾ ਮੁੰਡਾ, ਕੱਦ ‘ਚ ਮੇਰੇ ਤੋਂ ਛੇ ਇੰਚ ਲੰਮਾ ਹੋਣੈ। ਟੀ-ਸ਼ਰਟ ਪੈਂਟ ਦੇ ਬਾਹਰ ਸੀ, ਛੋਟੀਆਂ-ਛੋਟੀਆਂ ਮੁੱਛਾਂ, ਅੱਖਾਂ ‘ਤੇ ਮਹਿੰਗੀ ਕਾਲੀ ਐਨਕ ਬੜੀ ਫੱਬ ਰਹੀ ਸੀ; ਤੇ ਉਹਦੇ ਕੋਲ ਇੱਕ ਟੌਹਰੀ, ਲਾਲ ਰੰਗ ਦਾ ਰੇਸਿੰਗ ਸਾਈਕਲ ਵੀ ਸੀ।
ਸ਼ਾਮ ਦੇ ਛੇ ਵਜੇ, ਮਈ 1980, ਅਤਿ ਗਰਮੀ ਦਾ ਮੌਸਮ ਸੀ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਮੈਂ ਪਹਿਲੀ ਵਾਰ ਪਾਕਿਸਤਾਨ ਗਿਆ ਸਾਂ। ਕੱਲਮ-ਕੱਲਾ, ਮੇਰੇ ਨਾਲ ਕੋਈ ਯਾਰ ਬੇਲੀ ਨਹੀਂ ਸੀ। 24-25 ਸਾਲ ਵਾਲੀ ਉਮਰ ਵੀ ਮਸਤੀ ਵਾਲੀ ਹੁੰਦੀ ਹੈ।
ਭੁੱਖਾ ਕੀ ਭਾਲੇ, ਦੋ ਰੋਟੀਆਂ! ਮੈਂ ਤਾਂ ਪਹਿਲਾਂ ਹੀ ਇਸ ਤਰ੍ਹਾਂ ਦਾ ਕੋਈ ਸਾਥ ਲੱਭ ਰਿਹਾ ਸਾਂ। ਅਸੀਂ ਤੁਰਦੇ-ਤੁਰਦੇ ਸ਼ਾਹੀ ਕਿਲ੍ਹੇ ਦੇ ਅੰਦਰ ਜਾਂਦੀ ਘੱਟ ਟ੍ਰੈਫਿਕ ਵਾਲੀ ਸੜਕ ਪੈ ਗਏ, ਜਿਸ ਦੇ ਦੋਵੇਂ ਪਾਸੇ ਹਰੇ ਘਾਹ ਦੇ ਲਾਅਨ ਸਨ। ਆਲੇ-ਦੁਆਲੇ ਮੁਗਲ ਇਮਾਰਤਸਾਜ਼ੀ ਦੇ ਵੱਖ-ਵੱਖ ਨਮੂਨਿਆਂ ਵਾਲੀਆਂ ਕਿਲ੍ਹੇ ਦੀਆਂ ਇਮਾਰਤਾਂ, ਪਹਿਲੀ ਵਾਰ ਵੇਖਣ ਉਤੇ ਦਿੱਲੀ ਦੇ ਲਾਲ ਕਿਲ੍ਹੇ ਦਾ ਭੁਲੇਖਾ ਪਾ ਰਹੀਆਂ ਸਨ।
“ਭਾਈ ਜਾਨ ਐਥੇ ਬਹਿ ਜਾਈਏ ਤੇ ਗੁਫਤਗੂ ਕਰੀਏ।” ਇਕਾਂਤ ਵੇਖ ਕੇ ਮਾਜਿਦ ਬੋਲਿਆ।
“ਹਾਂ, ਆਹ ਘਾਹ ਠੀਕ ਆ।” ਮੈਂ ਹਾਮੀ ਭਰ ਦਿੱਤੀ ਤਾਂ ਉਹਨੇ ਸਾਈਕਲ ਨੂੰ ਇੱਕ ਪਾਸੇ ਸਟੈਂਡ ‘ਤੇ ਲਾ ਦਿੱਤਾ।
“ਤੁਸੀਂ ਆਪਣਾ ਨਾਂ ਨਹੀਂ ਦੱਸਿਆ?”
“ਮੈਨੂੰ ਅਜੇ ਮੌਕਾ ਈ ਨਹੀਂ ਮਿਲਿਆ।”
“ਅੱਛਾ ਆਪਣੇ ਬਾਰੇ ਦੱਸੋ?”
“ਮੈਂ ਮਨਜੀਤ ਸਿੰਘ, ਪਿੰਡ ਬੱਲ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਦਾ ਡਾਕਟਰ ਹਾਂ। ਇਸ ਵੇਲੇ ਬਾਰਡਰ ਦੇ ਇੱਕ ਪਿੰਡ ਵਿਚ ਤੈਨਾਤ, ਪੰਜਾਬ ਸਰਕਾਰ ਦਾ ਮੈਡੀਕਲ ਅਫਸਰ ਹਾਂ। ਲੋਕ ਮੈਨੂੰ ਡਾ. ਬੱਲ ਜਾਂ ਡਾ. ਮਨਜੀਤ ਬੱਲ ਕਹਿੰਦੇ ਨੇ ਤੇ ਮੇਰੀ ਉਮਰ ਆ 25 ਸਾਲ।” ਮੈਂ ਕੁਝ ਆਪਣੀ ਜਾਣ-ਪਛਾਣ ਕਰਵਾਈ।
ਕੁਲ ਪਲਾਂ ਦੇ ਸਾਥ ਤੇ ਹਮ-ਉਮਰੀ ਦੇ ਅਹਿਸਾਸ ਨੇ ‘ਆਪ ਤੋਂ ਤੁਮ ਤੇ ਤੂੰ’ ਬਣਾ ਦਿੱਤਾ।
“ਯਾਰ ਤੂੰ ਡਾਕਟਰ ਐਂ? ਇੰਨੀ ਥੋੜ੍ਹੀ ਜਿਹੀ ਉਮਰ ਵਿਚ? ਉਹ ਵੀ ਇੰਡੀਆ ਵਰਗੇ ਮੁਲਕ ਵਿਚ?” ਉਹ ਕੁਝ ਹੈਰਾਨ ਹੋ ਰਿਹਾ ਸੀ। “ਮੈਂ ਵੀ 25 ਸਾਲ ਦਾ ਹਾਂ, ਬੀ.ਏ. ਕਰਕੇ ਅੱਬਾ ਨਾਲ ਆਪਣੀ ਰੀਅਲ ਅਸਟੇਟ ਤੇ ਵਾਚ ਕੰਪਨੀ ਦੀ ਦੁਕਾਨ ‘ਤੇ ਬੈਠਦਾਂ।” ਉਹਨੇ ਕੁਝ ਹੋਰ ਤੁਆਰਫ ਕਰਵਾਇਆ।
ਉਹ ਮੈਨੂੰ, ਮਨਜੀਤ ਸਾਹਿਬ, ਜਾਂ ਕਦੀ-ਕਦੀ ਯਾਰ ਕਹਿ ਕੇ ਗੱਲ ਕਰਦਾ ਸੀ।
“ਹੋਰ ਦੱਸ ਯਾਰ, ਸ਼ਾਦੀ ਕਰਵਾ ਲੀ ਕਿ ਨਹੀਂ?”
“ਨਹੀਂ ਮਾਜਿਦ, ਯਾਰ ਅਜੇ ਤਾਂ ਅਸੀਂ ਆਪ ਬੱਚੇ ਆਂ।”
ਉਹਦੇ ਹਾਵ-ਭਾਵ ਤੋਂ ਕੋਈ ਹੋਰ ਗੱਲ ਪੁੱਛਣ ਦੀ ਉਤਸੁਕਤਾ ਭਾਂਪ ਰਹੀ ਸੀ ਪਰ ਅਜੇ ਕੁਝ ਹੋਰ ਗੱਲਾਂ ਕਰਕੇ ਮੈਨੂੰ ਭਰੋਸੇ ਵਿਚ ਲੈ ਰਿਹਾ ਸੀ।
“ਆਹ ਤੁਸੀਂ ਲਾ ਕੇ ਦੇਖੋ।” ਆਪਣੀ ਐਨਕ ਲਾਹ ਕੇ ਮੇਰੇ ਵੱਲ ਕਰਦਾ ਬੋਲਿਆ।
“ਨਹੀਂ ਯਾਰ, ਇਹਨੇ ਤਾਂ ਪੱਗ ਨੂੰ ਉਤਾਂਹ ਚੁੱਕ ਦੇਣੈ।” ਮੈਂ ਕੁਝ ਨਾਂਹ-ਨੁੱਕਰ ਕਰ ਰਿਹਾ ਸਾਂ, ਪਰ ਉਹਨੇ ਮੇਰੇ ਵੱਲ ਝੁਕ ਕੇ ਆਪਣੇ ਹੱਥਾਂ ਨਾਲ ਮੈਨੂੰ ਉਹ ਚਸ਼ਮਾ ਪਹਿਨਾ ਦਿੱਤਾ। ਕੁਝ ਕੋਸ਼ਿਸ਼ ਮੈਨੂੰ ਵੀ ਕਰਨੀ ਪਈ ਤਾਂ ਕਿ ਪੱਗ ਖਰਾਬ ਨਾ ਹੋਵੇ।
“ਵਾਹ ਭਾਈ ਜਾਨ ਵਾਹ, ਪੱਗ ਤੇ ਇਸ ਚਸ਼ਮੇ ਨਾਲ ਤਾਂ ਤੁਸੀਂ ਹੀਰੋ ਲੱਗਣ ਲੱਗ ਪਏ ਓ। ਚਸ਼ਮੇ-ਬਦ-ਦੂਰ। ਮਾਸ਼ਾ ਅੱਲਾ ਨਜ਼ਰ ਨਾ ਲੱਗ ਜਾਵੇ।”
ਮੈਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਮੈਨੂੰ ਇਹ ਐਨਕ ਸੋਹਣੀ ਲੱਗ ਰਹੀ ਹੈ।
“ਲਓ, ਮਨਜੀਤ ਸਾਹਿਬ, ਇਹ ਮੇਰਾ ਪਹਿਲਾ ਤੋਹਫਾ, ਧਾਡੇ ਲਈ।”
“ਨਹੀਂ ਨਹੀਂ ਯਾਰ, ਇਹ ਤਾਂ ਐਨੀ ਮਹਿੰਗੀ ਆ।” ਮੈਂ ਐਨਕ ਲਾਹ ਕੇ ਉਹਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ।
“ਇਹ ਤਾਂ ਹੁਣ ਤੁਸੀਂ ਈ ਪਹਿਨੋਗੇ ਭਾਈ ਜਾਨ, ਧਾਡੇ ਨਾਲ ਈ ਇੰਡੀਆ ਜਾਊਗੀ।”
ਮੈਂ ਚੁੱਪ ਕਰ ਗਿਆ, ਅੰਦਰੋਂ ਖੁਸ਼ ਵੀ ਸਾਂ ਕਿ ਵਧੀਆ ਦੋਸਤ ਮਿਲ ਗਿਐ, ਜਿਨ੍ਹੇ ਪਹਿਲੀ ਮੁਲਾਕਾਤ ਵਿਚ ਈ ਉਮਦਾ ਤੋਹਫਾ ਦੇ ਦਿੱਤਾ ਹੈ। ਗੱਲਾਂ ਗੱਲਾਂ ਵਿਚ ਉਹ ਮੈਨੂੰ ਬੰਬੇ, ਫਿਲਮੀ ਹਸਤੀਆਂ ਤੇ ਤਾਜ ਮਹਿਲ ਬਾਰੇ ਪੁੱਛਣ ਲੱਗਾ। “ਨਹੀਂ ਮਾਜਿਦ, ਬੰਬੇ ਤੇ ਆਗਰਾ ਤਾਂ ਅੰਮ੍ਰਿਤਸਰ ਤੋਂ ਬਹੁਤ ਦੂਰ ਨੇ। ਅਜੇ ਤਕ ਉਥੇ ਜਾਣ ਦਾ ਕੋਈ ਮੌਕਾ ਨਹੀਂ ਮਿਲਿਆ।”
ਚੌਂਕੜੀ ਮਾਰ ਕੇ ਬੈਠਿਆਂ, ਕੁਝ ਟੇਢਾ ਜਿਹਾ ਹੋ ਕੇ ਉਹਨੇ ਪੈਂਟ ਦੀ ਪਿਛਲੀ ਜੇਬ ‘ਚੋਂ ਹਲਕੇ ਗੁਲਾਬੀ ਰੰਗ ਦਾ ਚਿੱਠੀ ਦਾ ਲਿਫਾਫਾ ਕੱਢਿਆ। ਮੈਂ ਸਭ ਵੇਖ ਰਿਹਾ ਸਾਂ, ਇਸ ਉਤੇ ਭਾਰਤੀ ਡਾਕ ਟਿਕਟਾਂ ਲੱਗੀਆਂ ਹੋਈਆਂ ਸਨ ਤੇ ਸਿਰਨਾਵਾਂ ਅੰਗਰੇਜ਼ੀ ਵਿਚ ‘ਮਾਜਿਦ ਬੁਖਾਰੀ ਵਲਦ ਨੂਰ ਦੀਨ ਬੁਖਾਰੀ-ਇੱਛਰਾ, ਫਿਰੋਜ਼ਪੁਰ ਰੋਡ ਲਾਹੌਰ’ ਲਿਖਿਆ ਹੋਇਆ ਸੀ।
ਹੁਣ ਤਕ ਉਹ ਭਾਵੇਂ ਮੇਰੇ ਨਾਲ ਕੁਝ ਖੁੱਲ੍ਹ ਗਿਆ ਸੀ, ਫਿਰ ਵੀ ਲਿਫਾਫਾ ਮੈਨੂੰ ਫੜਾਉਂਦਿਆਂ ਥੋੜ੍ਹਾ ਜਿਹਾ ਝਿਜਕ ਕੇ ਆਖਣ ਲੱਗਾ, “ਮੈਂ, ਆਹ ਜ਼ੁਬਾਨ, ਪੜ੍ਹ ਨਹੀਂ ਸਕਦਾ, ਸ਼ਾਇਦ ਹਿੰਦੀ ਆ, ਤੁਸੀਂ ਤਾਂ ਜ਼ਰੂਰ ਪੜ੍ਹ ਲਓਗੇ।”
ਜਦੋਂ ਮੈਂ ਲਿਫਾਫੇ ‘ਚੋਂ ਚਿੱਠੀ ਦੇ ਵਰਕੇ ਕੱਢ ਰਿਹਾ ਸਾਂ ਤਾਂ ਲੱਗਦਾ ਸੀ, ਉਹਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ।
“ਕੀਹਦੀ ਚਿੱਠੀ ਆ ਇਹ?” ਮੈਂ ਸਵਾਲ ਕੀਤਾ।
“ਤੁਸੀਂ ਇਹ ਜ਼ੁਬਾਨ ਪੜ੍ਹ ਤਾਂ ਸਕਦੇ ਓ ਨਾ?” ਲਗਦੈ ਉਹਨੂੰ ਬੇਚੈਨੀ ਲੱਗੀ ਹੋਈ ਸੀ।
“ਹਾਂ ਹਾਂ, ਕਿਉਂ ਨਹੀਂ। ਇਹ ਹਿੰਦੀ ਆ, ਮੈਂ ਹੁਣੇ ਪੜ੍ਹ ਦਿੰਨਾ।” ਮੈਂ ਵੀ ਕੁਝ ਉਤੇਜਿਤ ਹੋ ਰਿਹਾ ਸਾਂ। ਲਗਾਤਾਰ ਪੜ੍ਹ ਕੇ ਸੁਣਾਉਣ ਤੋਂ ਪਹਿਲਾਂ ਮੈਂ, ਮੌਨ ਹੀ ਅਧਿਐਨ ਕੀਤਾ ਤੇ ਫਿਰ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਵੀ ਇਸ ਦਾ ਅਨੰਦ ਲੈ ਰਿਹਾ ਸਾਂ। ਚਿੱਠੀ ਦੀ ਸ਼ੁਰੂਆਤ ਸ਼ਿਅਰ ਨਾਲ ਕੀਤੀ ਗਈ ਸੀ:
ਜੁਦਾ ਤੋ ਹੈਂ ਮਗਰ ਕੁਛ ਹੈ
ਖੁਸ਼ੀ ਇਸ ਬਾਤ ਕੀ ਦਿਲ ਮੇਂ,
ਮਿਲੀ ਹੈ ਅਬ ਮੁਝੇ ਮੰਜ਼ਿਲ,
ਤੁਮਹਾਰੀ ਸ਼ੋਖ ਯਾਦੋਂ ਕੀ।
ਲਿਖਤੁਮ ਤੋਂ ਬਾਅਦ ਮੁਹੱਬਤ ਦੇ ਵਿਛੋੜੇ ਵਿਚ ਲਿਲਕੜੀਆਂ ਲੈਂਦੀ ਕਿਸੇ ਕੁੜੀ ਨੇ ਬਹੁਤ ਕੁਝ ਲਿਖਿਆ ਸੀ। ਮਾਜਿਦ ਤੋਂ ਬਿਨਾਂ ਬੇਮਤਲਬ ਜ਼ਿੰਦਗੀ ਬਾਰੇ, ਖੰਭ ਲਾ ਕੇ ਉਡ ਆਉਣ ਤੇ ਸਾਰੀਆਂ ਹੱਦਾਂ ਤੋੜ ਕੇ ਮੁੜ ਮਿਲਣ ਬਾਰੇ ਲਿਖਣ ਦੇ ਨਾਲ-ਨਾਲ ਇੰਡੀਆ ਅਤੇ ਪਾਕਿਸਤਾਨ ਦੇ ਚੰਗੇ ਸਬੰਧਾਂ ਦੀ ਕਾਮਨਾ ਕੀਤੀ ਸੀ ਤਾਂ ਕਿ ਉਹ ਬਿਨਾ ਕਿਸੇ ਵੀਜ਼ੇ ਜਾਂ ਰੋਕ-ਟੋਕ ਦੇ ਮਿਲ ਸਕਣ; ਤੇ ਅੰਤ ਵਿਚ ਲਿਖਿਆ ਸੀ, “ਪੂਰੀ ਕੀ ਪੂਰੀ ਤੁਮਹਾਰੀ ਮੁਸੱਰਤ।”
ਮਾਜਿਦ ਦੀਆਂ ਅੱਖਾਂ ‘ਚ ਗਲੇਡੂ ਸਨ। ਉਹਨੂੰ ਗੰਭੀਰ ਵੇਖ ਕੇ ਮੈਂ ਵੀ ਕੁਝ ਸੀਰੀਅਸ ਹੋ ਗਿਆ ਤੇ ਪੂਰੀ ਚਿੱਠੀ ਸੁਣਾ ਕੇ, ਮੈਂ ਆਗਰੇ ਦੀ ਇਸ ਕੁੜੀ ਨਾਲ ਮੁਲਾਕਾਤ ਬਾਰੇ ਜਾਣਨ ਲਈ ਉਤਸੁਕਤਾ ਨਾਲ ਪੁੱਛਣ ਲੱਗਾ। ਮਾਜਿਦ ਮੈਨੂੰ ਹੁਣ ਆਪਣਾ ਰਾਜ਼ਦਾਨ ਸਮਝਣ ਲੱਗ ਪਿਆ ਸੀ।
“ਬੜਾ ਤੜਫਿਆ ਹਾਂ ਮੈਂ ਭਾਈ ਜਾਨ, ਇਹ ਚਿੱਠੀ ਆਪਣੇ ਸੀਨੇ ਨਾਲ ਲਾ ਕੇ ਬੜੀਆਂ ਥਾਂਵਾਂ ‘ਤੇ ਗਿਆਂ, ਬੜੇ ਦੋਸਤਾਂ ਨਾਲ ਆਨੇ-ਬਹਾਨੇ ਗੱਲ ਕੀਤੀ ਕਿ ਕੋਈ ਹਿੰਦੀ ਪੜ੍ਹ ਸਕਦਾ ਹੋਵੇ ਤਾਂ ਦੱਸੋ ਪਰ ਕੋਈ ਗੱਲ ਨਾ ਬਣੀ। ਫਿਰ ਬਾਬੇ ਨਾਨਕ ਦੇ ਹੱਥ ਡੋਰ ਫੜਾ ਦਿੱਤੀ, ਸੋਚਿਆ, ਸਰਦਾਰਾਂ ਨੇ ਇੰਡੀਆ ਤੋਂ ਆਉਣੈ, ਕਿਸੇ ਨੂੰ ਯਾਰ ਬਣਾ ਕੇ, ਚਿੱਠੀ ਪੜ੍ਹਾ ਕੇ ਅਰਮਾਨ ਪੂਰੇ ਕਰ ਲਾਂਗਾ।”
“ਚੱਲ ਹੁਣ ਦੱਸ ਯਾਰ, ਕਿੱਥੇ ਮਿਲੀ ਸੀ ਤੈਨੂੰ, ਇਹ ਆਗਰੇ ਵਾਲੀ ਕੁੜੀ?” ਮੈਂ ਆਪਣੀ ਰੁਚੀ ਜਾਹਰ ਕਰਦਿਆਂ ਉਹਨੂੰ ਪਲੋਸ ਕੇ ਪੁੱਛਿਆ।
“ਛੇ ਮਹੀਨੇ ਪਹਿਲਾਂ, ਸਾਡੀ ਗਲੀ ਵਿਚ ਹੀ ਰਹਿੰਦੇ ਮੇਰੇ ਫੂਫਾ, ਖਾਨ ਅੰਕਲ ਦੇ ਭਾਈ ਜਾਨ ਪੂਰੇ ਟੱਬਰ ਸਮੇਤ ਇੱਕ ਮਹੀਨੇ ਦੇ ਵੀਜ਼ੇ ‘ਤੇ ਆਗਰੇ ਤੋਂ ਆਏ ਸਨ।”
ਮੇਰੀ ਉਤਸੁਕਤਾ ਵਧ ਗਈ ਅਤੇ ਸੰਜੀਦਾ ਮਜ਼ਾ ਲੈਣ ਲਈ ਮੈਂ ਬੇਹੱਦ ਇਕਾਗਰਤਾ ਨਾਲ ਸੁਣਨ ਲੱਗਾ, “ਤੇ ਫੇਰ।”
ਇੱਕ ਦਿਨ ਅੰਮੀ ਨੇ ਮੈਨੂੰ ਕਿਹਾ ਕਿ ਖਾਨ ਅੰਕਲ ਹੋਰਾਂ ਦੇ ਘਰੋਂ ਆਪਣੀ ਪ੍ਰੈੱਸ ਫੜ ਲਿਆ। ਮੈਂ ਜਾ ਕੇ ਉਨ੍ਹਾਂ ਦੇ ਬੂਹੇ ਦੀ ਘੰਟੀ ਮਾਰੀ। ਕੋਈ ਨਾ ਪਰਤਿਆ। ਦੂਜੀ ਵਾਰ ਘੰਟੀ ਮਾਰੀ ਤੇ ਉਡੀਕਣ ਲੱਗਾ। ਪੰਜਾਂ ਮਿੰਟਾਂ ਪਿੱਛੋਂ ਜਦ ਹੌਲੇ ਜਿਹੇ ਬੂਹਾ ਖੁੱਲ੍ਹਿਆ ਤਾਂ ਕਾਲੇ ਬੁਰਕੇ ‘ਚੋਂ ਝਾਤੀਆਂ ਮਾਰਦੀਆਂ ਤਿੱਖੀਆਂ ਨਜ਼ਰਾਂ ਤੇ ਗੋਰੇ ਹੱਥ ਮੇਰੀ ਨਜ਼ਰੀਂ ਪਏ।”
“ਹਾਂ ਜੀ, ਕਿਸ ਸੇ ਮਿਲਨਾ ਹੈ?” ਮਿੱਠੀ ਜਿਹੀ ਆਵਾਜ਼ ਮੇਰੇ ਕੰਨਾਂ ਵਿਚ ਰਸ ਘੋਲ ਗਈ। ਮੈਂ ਉਹਦੇ ਵੱਲ ਵਿੰਹਦਾ ਹੀ ਰਹਿ ਗਿਆ। ਕੁਝ ਸੰਭਲਿਆ ਤਾਂ ਵੇਖਿਆ ਕਿ ਉਹ ਵੀ ਮੇਰੇ ‘ਤੇ ਨਜ਼ਰਾਂ ਗੱਡੀ ਖਲੋਤੀ ਸੀ।
“ਘਰ ਤੋ ਕੋਈ ਨਹੀਂ, ਸਬੀ ਅਨਾਰਕਲੀ ਬਜ਼ਾਰ ਗਏ ਹੂਏ ਹੈਂ, ਅੱਛਾ, ਅੰਦਰ ਆ ਜਾਓ।” ਇੱਕੋ ਸਾਹੇ ਉਹ ਕਈ ਗੱਲਾਂ ਕਰ ਗਈ।
ਪਰ ਮੇਰੇ ਕੋਲ ਇੰਨੀ ਹਿੰਮਤ ਨਹੀਂ ਸੀ। ਮੈਨੂੰ ਇਹ ਤਾਂ ਪਤਾ ਸੀ ਕਿ ਖਾਨ ਅੰਕਲ ਦੇ ਘਰ ਇੰਡੀਆ ਤੋਂ ਕੋਈ ਮਹਿਮਾਨ ਆਏ ਹੋਏ ਨੇ, ਪਰ ਮੈਂ ਪਹਿਲੀ ਨਜ਼ਰੇ ਹੀ ਲੁੱਟਿਆ ਜਾਵਾਂਗਾ, ਇਹ ਨਹੀਂ ਸੀ ਪਤਾ। ਸ਼ਾਇਦ ਇੰਡੀਆ ਤੋਂ ਆਈ ਹੋਣ ਕਰਕੇ ਈ ਉਹ ਮੇਰੇ ਨਾਲ ਗੱਲ ਕਰ ਰਹੀ ਸੀ, ਇਥੋਂ ਦੀ ਕੁੜੀ ਨ੍ਹੀਂ ਸੀ ਕਰ ਸਕਦੀ।
“ਮੈਂ ਫੇਰ ਆ ਜੂੰ ਸ਼ਾਮ ਨੂੰ।” ਆਖ ਕੇ ਮੈਂ ਕਿਸੇ ਨਵੀਂ ਦੁਨੀਆਂ ਵਿਚ ਉਡਦਾ-ਉਡਦਾ ਆਪਣੇ ਘਰ ਵੱਲ ਤੁਰ ਪਿਆ। ਅੱਗੇ ਆਣ ਕੇ ਮੈਂ ਏਨਾ ਗਵਾਚ ਚੁਕਾ ਸਾਂ ਕਿ ਦੂਸਰੀ ਗਲੀ ਵਿਚ ਵੜ ਗਿਆ।”
“ਵਾਹ ਪਈ ਮਾਜਿਦ, ਆਹ ਤੇ ਬੜੀ ਫਿਲਮੀ ਸਟੋਰੀ ਬਣੀ ਤੇਰੇ ਨਾਲ।” ਮੈਂ ਉਹਦਾ ਮੂਡ ਬਦਲਣਾ ਚਾਹੁੰਦਾ ਸਾਂ।
“ਅੱਛਾ ਹੁਣ, ਸੁਣ ਅੰਬਰਸਰ ਦਾ ਇੱਕ ਪੰਜਾਬੀ ਟੱਪਾ:
ਤੰਦੂਰੀ ਤਾਈ ਹੋਈ ਏ,
ਖਸਮਾਂ ਨੂੰ ਖਾਣ ਰੋਟੀਆਂ,
ਚਿੱਠੀ ਸੱਜਣਾਂ ਦੀ ਆਈ ਹੋਈ ਏ।”
“ਹਾਂ ਮਨਜੀਤ ਸਾਹਿਬ, ਅੱਜ ਮੈਂ ਚਿੱਠੀ ਸੁਣ ਲਈ ਆ, ਮੈਨੂੰ ਅੱਜ ਹੋਰ ਕੁਝ ਵੀ ਨਹੀਂ ਦਿਸਦਾ।” ਉਹ ਬਹੁਤ ਹੀ ਖੁਸ਼ ਲੱਗ ਰਿਹਾ ਸੀ।
“ਬਾਕੀ ਮੁਲਾਕਾਤਾਂ ਬਾਰੇ ਵੀ ਦੱਸ।”
“ਉਸੇ ਦਿਨ ਤਰਕਾਲਾਂ ਨੂੰ, ਮੇਰੇ ਪੈਰ ਮੈਨੂੰ ਫਿਰ ਉਸੇ ਗਲੀ ਵੱਲ ਲੈ ਤੁਰੇ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਸਭ ਕੁਝ, ਮੇਰੀ ਦੁਨੀਆਂ, ਮੇਰਾ ਮੁਸਤੱਕਬਿਲ ਇਸੇ ਗਲੀ ‘ਚ ਹੈ। ਮੈਂ ਤੁਰਿਆ ਜਾ ਰਿਹਾ ਸਾਂ ਤੇ ਇੰਡੀਆ ਰੇਡੀਓ ਸਟੇਸ਼ਨ ‘ਤੇ ਗਾਣਾ ਵੱਜ ਰਿਹਾ ਸੀ, ‘ਮੁਝੇ ਲੇ ਚਲੋ ਆਜ ਫਿਰ ਉਸ ਗਲੀ ਮੇਂ ਜਹਾਂ ਪਹਿਲੇ ਪਹਿਲੇ ਯੇ ਦਿਲ ਲੜਖੜਾਇਆ, ਵੋ ਦੁਨੀਆਂ ਵੋ ਮੇਰੀ ਮੁਹੱਬਤ ਕੀ ਦੁਨੀਆਂ ਜਹਾਂ ਸੇ ਮੈਂ ਬੇਤਾਬੀਆਂ ਲੈ ਕੇ ਆਇਆ’, ਇਹ ਮੇਰੇ ਦਿਲ ਦੀ ਗੱਲ ਕਹਿ ਰਿਹਾ ਸੀ।”
“ਅੱਛਾ, ਤੇ ਇਨ੍ਹਾਂ ਮਹਿਮਾਨਾਂ ਦੇ ਇੱਕ ਮਹੀਨੇ ਦੇ ਵੀਜ਼ੇ ਦੌਰਾਨ ਕਿੰਨੀਆਂ ਮੁਲਾਕਾਤਾਂ ਹੋਈਆਂ?” ਮੈਂ ਪੂਰਾ ਹਿਸਾਬ ਲਾਉਣਾ ਚਾਹੁੰਦਾ ਸਾਂ।
“ਕੋਈ ਨਾ ਕੋਈ ਬਹਾਨਾ ਕਰਕੇ ਮੈਂ ਰੋਜ਼ ਜਾਂ ਇੱਕ ਦੋ ਦਿਨ ਛੱਡ ਕੇ ਖਾਨ ਅੰਕਲ ਵੱਲ ਜਾ ਧਮਕਦਾ ਸਾਂ। ਘਰ ਵਿਚ ਮੁਸੱਰਤ ਦੀ ਅੰਮੀ, ਖਾਨ ਆਂਟੀ ਤੇ ਹੋਰ ਛੋਟੇ ਬੱਚੇ ਹੁੰਦੇ ਸਨ। ਮੈਨੂੰ ਦੋਵੇਂ ਆਂਟੀਆਂ ਬੜਾ ਚਾਹੁਣ ਲੱਗ ਪਈਆਂ ਸਨ।”
“ਆਂਟੀਆਂ?” ਮੈਂ ਜ਼ਰਾ ਘਰੋੜ ਕੇ ਪੁੱਛਿਆ, “ਤੇ ਮੁਸੱਰਤ?”
“ਹਾਂ ਹਾਂ। ਮੁਸੱਰਤ ਵੀ, ਜਿਵੇਂ ਮੈਂ ਸਾਂ, ਉਹ ਵੀ ਮੇਰੇ ‘ਤੇ ਫਿਦਾ ਸੀ।”
“ਇੱਕ ਦਿਨ ਜਦ ਸਾਰੇ ਜਣੇ ਸ਼ਾਪਿੰਗ ਵਾਸਤੇ ਬਾਜ਼ਾਰ ਗਏ ਹੋਏ ਸਨ ਤਾਂ, ਤਾਂ ਮੁਸੱਰਤ ਨੇ ਮੈਨੂੰ ਫੋਨ ਕਰਕੇ ਬੁਲਾ ਲਿਆ। ਉਸ ਮੁਲਾਕਾਤ ਦਾ ਆਲਮ ਮੈਂ ਬਿਆਨ ਨਹੀਂ ਕਰ ਸਕਦਾ। ਬੁਰਕੇ ਤੋਂ ਬਗੈਰ ਮੈਂ ਉਹਨੂੰ ਅੱਜ ਈ ਦੇਖਿਆ ਸੀ, ਕਿਆ ਕਿਆਮਤ ਸੀ, ਹੁਣ ਵੀ ਵੈਸਾ ਈ ਹੋਵੇਗਾ ਆਗਰੇ ਵਿਚ, ਉਹਦਾ ਬਦਨ। ਅਸੀਂ ਇੱਕ ਦੂਜੇ ਵਾਸਤੇ ਫਨਾਹ ਹੋਣ, ਉਮਰ ਭਰ ‘ਕੱਠੇ ਰਹਿਣ, ਨਿਕਾਹ ਕਰਨ ਦੀਆਂ ਕਸਮਾਂ ਖਾਧੀਆਂ।” ਦੱਸਦਿਆਂ-ਦੱਸਦਿਆਂ ਉਹਦਾ ਗੱਚ ਭਰ ਆਇਆ।
“ਪਰ ਮੁਲਕਾਂ ਦੀਆਂ ਹੱਦਾਂ ਨੇ, ਵੀਜ਼ਿਆਂ ਦੀਆਂ ਮਜਬੂਰੀਆਂ ਨੇ, ਦੋ ਮੁਹੱਬਤ ‘ਚ ਭਿੱਜੀਆਂ ਰੂਹਾਂ ਨੂੰ ਜੁਦਾ ਕਰ ਦਿੱਤਾ। ਉਹਨੂੰ ਜਾਣਾ ਪਿਆ, ਸਾਨੂੰ ਵਿਛੜਨਾ ਪਿਆ। ਇਹ ਉਹਦਾ ਪਹਿਲਾ ਖਤ ਹੈ, ਮੈਨੂੰ ਉਮੀਦ ਹੈ ਕਿ ਅਸੀਂ ਮਿਲਾਂਗੇ, ਜ਼ਰੂਰ ਮਿਲਾਂਗੇ।”
“ਅਭੀ ਤਕ ਜ਼ਿਹਨ ਮੇਂ ਹੈ ਆਪਕੇ ਮਿਲਨੇ ਕਾ ਵੋਹ ਮੰਜ਼ਰ
ਤਮੰਨਾ ਹੈ ਮਿਲਾਏ ਫਿਰ ਸੇ ਕਿਸਮਤ ਆਪ ਸੇ ਹਮ ਕੋ।”
ਗੱਲਾਂ ਕਰਦਿਆਂ-ਕਰਦਿਆਂ ਸਮੇਂ ਦਾ ਪਤਾ ਹੀ ਨਾ ਲੱਗਾ। ਆਲੇ-ਦੁਆਲੇ ਹਨੇਰਾ ਪਸਰ ਰਿਹਾ ਸੀ। ਲਾਹੌਰ ਵੇਖਣ ਤੇ ਕੱਲ੍ਹ ਕੁਝ ਸ਼ਾਪਿੰਗ ਦਾ ਪ੍ਰੋਗਰਾਮ ਬਣਾ ਕੇ ਅਸੀਂ ਇੱਕ ਦੂਜੇ ਨੂੰ ਸ਼ੱਬਾ-ਖੈਰ ਆਖੀ। ਉਹ ਸਾਈਕਲ ‘ਤੇ ਆਪਣੇ ਘਰ ਵੱਲ ਚੱਲ ਪਿਆ ਤੇ ਮੈਂ ਆਪਣੇ ਰੈਣ ਬਸੇਰੇ ਵੱਲ।