ਸਰ ਗੰਗਾ ਰਾਮ

ਚਰਨਜੀਤ ਸਿੰਘ ਪੰਨੂ
ਫੋਨ: 408-608-4961
ਵੈਸ਼ ਹਿੰਦੂ ਮੱਤ ਨਾਲ ਸਬੰਧਿਤ ਸਰ ਗੰਗਾਰਾਮ ਆਧੁਨਿਕ ਲਾਹੌਰ ਸ਼ਹਿਰ ਦਾ ਨਿਰਮਾਤਾ ਤੇ ਪਿਤਾਮਾ ਮੰਨਿਆ ਜਾਂਦਾ ਹੈ। ਉਸ ਦਾ ਜਨਮ 22 ਅਪਰੈਲ 1851 ਨੂੰ ਜਿਲਾ ਨਨਕਾਣਾ ਸਾਹਿਬ ਦੇ ਪਿੰਡ ਮਹੰਤਾਂ ਵਾਲਾ ਵਿਚ ਹੋਇਆ। ਉਸ ਨੇ ਥਾਮਸਨ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸਾਰੀ ਉਮਰ ਸਿਵਲ ਇੰਜੀਨੀਅਰਿੰਗ ਦਾ ਧੰਦਾ ਅਪਨਾਈ ਰੱਖਿਆ। ਉਸ ਨੇ ਲਾਹੌਰ ਸਮੇਤ ਸਮੁੱਚੇ ਭਾਰਤ ਵਿਚ ਬਹੁਤ ਸਾਰੇ ਭਵਨਾਂ ਦਾ ਨਿਰਮਾਣ ਕੀਤਾ ਤੇ ਕਰਵਾਇਆ। ਉਸ ਨੇ ਤਨ, ਮਨ, ਧਨ ਨਾਲ ਲਾਹੌਰ ਸ਼ਹਿਰ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਹਿੱਸਾ ਪਾਇਆ।

ਸਰ ਗੰਗਾਰਾਮ ਹਾਈ ਸਕੂਲ, ਲਾਹੌਰ ਅਤੇ ਹੈਲੀ ਕਾਲਜ ਆਫ ਕਾਮਰਸ, ਮਾਲ ਰੋਡ, ਲਾਹੌਰ ਉਸ ਦੀ ਕੁਸ਼ਲ ਕਲਾ ਦਾ ਨਮੂਨਾ ਹਨ। ਜਨਰਲ ਪੋਸਟ ਆਫਿਸ, ਲਾਹੌਰ ਮਿਊਜ਼ੀਅਮ, ਐਚਸਨ ਕਾਲਜ, ਬਾਇਓ ਸਕੂਲ ਆਫ ਆਰਟਸ, ਸਰ ਗੰਗਾ ਰਾਮ ਹਸਪਤਾਲ, ਮਾਇਓ ਹਸਪਤਾਲ ਆਦਿ ਉਸ ਦੇ ਭਵਨ ਨਿਰਮਾਣ ਕਲਾ ਦੀਆਂ ਪ੍ਰਮੁੱਖ ਨਿਸ਼ਾਨੀਆਂ ਹਨ।
ਦਿੱਲੀ ਵਿਖੇ ਵੀ ਸਰ ਗੰਗਾ ਰਾਮ ਮੈਡੀਕਲ ਕਾਲਜ ਤੇ ਹਸਪਤਾਲ ਉਸ ਦੇ ਹੱਥਾਂ ਦੀ ਨਿਸ਼ਾਨਦੇਹੀ ਕਰਦੇ ਹਨ। ਉਸ ਨੇ ਲਾਹੌਰ ਵਿਖੇ 1931 ਵਿਚ ਫਾਤਿਮਾ ਜ਼ਿਨਾਹ ਮੈਡੀਕਲ ਕਾਲਜ ਨਾਲ ਸਬੰਧਿਤ ਆਧੁਨਿਕ ਸਹੂਲਤਾਂ ਵਾਲੇ ਵੱਡੇ ਹਸਪਤਾਲ ਦੀ ਸਥਾਪਨਾ ਕੀਤੀ। ਇਸ ਵਿਚ ਐਮਰਜੈਂਸੀ ਡਿਪਾਰਟਮੈਂਟ ਸਮੇਤ 831 ਬਿਸਤਰਿਆਂ ਦਾ ਇੰਤਜ਼ਾਮ ਹੈ ਤੇ ਹੁਣ ਯੂਨੀਵਰਸਿਟੀ ਦਾ ਦਰਜਾ ਮਿਲ ਚੁਕਾ ਹੈ। ਬ੍ਰਿਟਿਸ਼ ਹਕੂਮਤ ਵੇਲੇ ਇਹ ਲਾਹੌਰ ਦਾ ਪਹਿਲਾ ਵੱਡਾ ਹਸਪਤਾਲ ਸੀ, ਜਿਸ ਦਾ ਨੀਂਹ ਪੱਥਰ ਇਕ ਹਿੰਦੂ ਵੈਸ਼ ਸਰ ਗੰਗਾਰਾਮ ਅਗਰਵਾਲ ਸਿਵਲ ਇੰਜੀਨੀਅਰਿੰਗ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਉਸ ਦੀ ਬਣਾਈ ਇਸ ਫਾਤਿਮਾ ਮੈਡੀਕਲ ਯੂਨੀਵਰਸਿਟੀ ਵਿਚੋਂ ਹਰ ਸਾਲ ਕਰੀਬ ਪੰਜ ਹਜਾਰ ਡਾਕਟਰ ਸਿੱਖਿਅਤ ਹੋ ਕੇ ਪਬਲਿਕ ਸੇਵਾ ਲਈ ਨਿਕਲਦੇ ਹਨ। ਇਨ੍ਹਾਂ ਹਸਪਤਾਲਾਂ ਵਿਚ ਅਜੇ ਤੱਕ ਵੀ ਸੈਂਕੜੇ ਮਰੀਜ਼ ਇਲਾਜ ਕਰਵਾ ਕੇ ਆਪਣੇ ਜੀਵਨ ਦਾ ਪੁਨਰ ਨਿਰਮਾਣ ਕਰਵਾ ਰਹੇ ਹਨ। ਦਿੱਲੀ ਤੇ ਹੋਰ ਸ਼ਹਿਰਾਂ ਵਿਚ ਵੀ ਉਸ ਦੇ ਨਾਂ ‘ਤੇ ਕਈ ਸਕੂਲ, ਕਾਲਜ ਤੇ ਹਸਪਤਾਲ ਲੋਕ ਸੇਵਾ ਕਰ ਰਹੇ ਹਨ।
ਆਪਣੇ ਪਿੰਡ ਬਚਿਆਣਾ ਦੇ ਲੋਕਾਂ ਵਾਸਤੇ ਉਸ ਨੇ ਘੋੜਿਆਂ ਵਾਲੀ ਟਰੇਨ ਮੁਫਤ ਚਲਾਈ। ਆਪਣੀ ਕਮਾਈ ਆਮਦਨ ਦਾ ਸਾਰਾ ਹਿੱਸਾ ਉਹ ਸਮਾਜ ਸੁਧਾਰ ਮੰਤਵ ਵਾਸਤੇ ਖਰਚ ਦਿੰਦਾ ਸੀ। ਉਸ ਨੇ ਆਪਣੀ ਉਦਮੀ ਤਕਨੀਕ ਦੀ ਯੋਗ ਵਰਤੋਂ ਨਾਲ ਫੈਸਲਾਬਾਦ ਵਿਚ ਪੰਜਾਹ ਹਜਾਰ ਏਕੜ ਬਰਾਨ ਜਮੀਨ ਖਰੀਦ ਕੇ ਖੇਤੀ ਕੀਤੀ/ ਕਰਾਈ ਤੇ ਇਕ ਸਫਲ ਜਿਮੀਂਦਾਰ ਵਜੋਂ ਨਾਮਣਾ ਖੱਟਿਆ। ਬਿਜਲੀ ਖਪਤਕਾਰਾਂ ਦੀ ਮੰਗ ਅਨੁਸਾਰ ਉਸ ਨੇ ਉਕਾੜਾ ਵਿਖੇ ਇਕ ਪਾਵਰ ਹਾਊਸ ਕਾਇਮ ਕੀਤਾ। ਉਹ ਹਰ ਪਾਸੇ ਜਿੱਧਰ ਹੱਥ ਪਾਉਂਦਾ, ਪੌਂ ਬਾਰਾਂ ਹੋ ਜਾਂਦੇ। ਉਸ ਦੇ ਕੰਮਾਂ ਤੋਂ ਖੁਸ਼ ਹੋ ਕੇ ਬ੍ਰਿਟਿਸ਼ ਸਰਕਾਰ ਨੇ ਉਸ ਨੂੰ 1922 ਵਿਚ ਪਹਿਲਾਂ ‘ਸਰ’ ਤੇ ਫਿਰ 1923 ਵਿਚ ‘ਰਾਇ ਬਹਾਦਰ’ ਦਾ ਖਿਤਾਬ ਦੇ ਕੇ ਨਿਵਾਜਿਆ।
ਲੰਡਨ ‘ਚ 10 ਜੁਲਾਈ 1927 ਨੂੰ 76 ਸਾਲ ਦੀ ਉਮਰ ਵਿਚ ਉਸ ਦਾ ਦੇਹਾਂਤ ਹੋ ਗਿਆ। ਉਸ ਦੀਆਂ ਅਸਥੀਆਂ ਕੁਝ ਤਾਂ ਭਾਰਤ ਦੇ ਦਰਿਆ ਗੰਗਾ ਵਿਚ ਵਹਾਈਆਂ ਗਈਆਂ ਤੇ ਬਾਕੀ ਰਹਿੰਦੀਆਂ ਲਾਹੌਰ ਰਾਵੀ ਦਰਿਆ ਕੰਢੇ ਉਸ ਦੀ ਸਮਾਧੀ ਵਿਚ ਅਜੇ ਵੀ ਸੁਰੱਖਿਅਤ ਰੱਖੀਆਂ ਹੋਈਆਂ ਹਨ। ਲਾਹੌਰ ਦੇ ਟਕਸਾਲੀ ਗੇਟ ਨੇੜੇ ਉਸ ਦੀ ਸਮਾਧ ਉਸ ਦੀ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਦੀ ਯਾਦ ਦਿਵਾਉਂਦੀ ਹੈ।
‘ਇਹ ਵਿਕਾਊ ਨਹੀਂ ਤੇ ਨਾ ਹੀ ਇਹ ਹੋਰ ਕਿਸੇ ਵਰਤੋਂ ਵਿਚ ਲਿਆਂਦੀ ਜਾ ਸਕਦੀ ਹੈ।’ ਪੀਲੇ ਰੰਗ ਦੀ ਸੰਗਮਰਮਰੀ ਇਸ ਇਮਾਰਤ ਦੇ ਬਾਹਰ ਚਿਤਾਵਨੀ ਲਿਖੀ ਪਈ ਹੈ।
ਲਾਹੌਰ ਦੇ ਮਾਲ ਰੋਡ ‘ਤੇ ਪਬਲਿਕ ਸੁਕੇਅਰ ਵਿਚ ਉਸ ਦੇ ਮਾਣ ਸਨਮਾਨ ਵਜੋਂ ਸੰਗਮਰਮਰ ਦਾ ਬੁੱਤ ਲਾਇਆ ਗਿਆ ਸੀ, ਜਿਸ ਨੂੰ ਲੋਕ ਗੁਰੂਆਂ ਵਾਂਗ ਪੂਜਦੇ ਰਹੇ ਸਨ। ਉਸ ਵੇਲੇ ਦੇ ਗਵਰਨਰ ਮਾਲਕੋ ਮਹੈਲੇ ਅਨੁਸਾਰ ਉਸ ਨੇ ਗਾਜ਼ੀ ਨਾਇਕਾਂ ਵਾਂਗ ਜਿੱਤਾਂ ਜਿੱਤੀਆਂ ਤੇ ਸੰਤਾਂ ਵਾਂਗ ਦਾਨ ਪੁੰਨ ਵੰਡਿਆ। ਉਹ ਜਨ-ਹਿਤੈਸ਼ੀ ਸਮਾਜ ਸੇਵਕ ਸੀ। 1947 ‘ਚ ਪਾਕਿਸਤਾਨ ਬਣਨ ਦੀ ਝੁੱਲੀ ਹਨੇਰੀ ਸਮੇਂ ਮੁਸਲਮਾਨਾਂ ਦੇ ਕੱਟੜਪੰਥੀ ਹਜੂਮ ਨੇ ਹਿੰਦੂਆਂ ਤੇ ਸਿੱਖਾਂ ਖਿਲਾਫ ਜਹਾਦ ਛੇੜ ਦਿੱਤਾ। ਉਨ੍ਹਾਂ ਨੇ ਗੰਗਾ ਰਾਮ ਸਮਾਰਕ ਸਮੇਤ ਹਿੰਦੂ ਸਿੱਖਾਂ ਦੇ ਬਹੁਤ ਸਾਰੇ ਮੰਦਿਰ, ਗੁਰਦੁਆਰੇ ਤੇ ਇਮਾਰਤਾਂ, ਯਾਦਗਾਰਾਂ ਤੋੜ ਭੰਨ ਦਿੱਤੀਆਂ। ਮਾਲ ਰੋਡ ‘ਤੇ ਉਸ ਦੇ ਬੁੱਤ ਨੂੰ ਬੁਰੀ ਤਰ੍ਹਾਂ ਪੱਥਰ ਰੋੜੇ ਮਾਰੇ ਗਏ, ਕਾਲਖ ਮਲੀ ਗਈ, ਸਿਰ, ਧੌਣ, ਬਾਂਹਾਂ ਵੱਢ ਕੇ ਰੱਜ ਕੇ ਬੇਇੱਜਤੀ ਕੀਤੀ ਗਈ। ਏਨੇ ਨੂੰ ਇਕ ਪੁਲਿਸ ਪਾਰਟੀ ਆ ਪਹੁੰਚੀ। ਪੁਲਿਸ ਸਿਪਾਹੀ ਨੇ ਪਬਲਿਕ ਨੂੰ ਹਟਾਉਣ/ਵਰਜਣ ਦੀ ਕੋਸ਼ਿਸ਼ ਵਿਚ ਗੋਲੀ ਚਲਾ ਦਿੱਤੀ। ਇਕ ਨੌਜਵਾਨ ਜ਼ਖਮੀ ਹੋ ਗਿਆ।
ਪ੍ਰਸਿੱਧ ਕਥਾਕਾਰ ਸਆਦਤ ਹਸਨ ਮੰਟੋ ਨੇ ਇਕ ਕਹਾਣੀ ਲਿਖੀ ਸੀ, ਜੋ ਏਸੇ ਬੁੱਤ ਨੂੰ ਤੋੜਨ ਨਾਲ ਸਬੰਧ ਰੱਖਦੀ ਸੀ। ਇਕ ਨੌਜਵਾਨ ਛਿੱਤਰਾਂ ਦਾ ਹਾਰ ਲੈ ਕੇ ਉਸ ਦੇ ਗਲ ਪਾਉਣ ਵਾਸਤੇ ਉਪਰ ਚੜ੍ਹਨ ਲੱਗਾ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਜੋ ਉਸ ਦੀ ਜਾਨ ਬਚ ਸਕੇ। ਸਬੱਬੀਂ ਇਹ ਉਹੀ ਸਰ ਗੰਗਾਰਾਮ ਦਾ ਬਣਾਇਆ ਹਸਪਤਾਲ ਸੀ, ਜਿਸ ਨੂੰ ਉਸ ਨੇ ਪੱਥਰ ਮਾਰੇ ਤੇ ਗਲ ਛਿੱਤਰਾਂ ਦਾ ਹਾਰ ਪਾ ਰਿਹਾ ਸੀ। ਉਸੇ ਵਿਚ ਦਾਖਲ ਹੋ ਕੇ ਉਸ ਦੀ ਜਾਨ ਬਚ ਗਈ। ਇਸੇ ਤਰ੍ਹਾਂ ਮੁਤਅੱਸਬ ਹੁੱਲੜਬਾਜ਼ਾਂ ਦੀਆਂ ਬਹੁਤ ਸਾਰੀਆਂ ਕਰਤੂਤਾਂ ਬਾਰੇ ਸਆਦਤ ਹਸਨ ਮੰਟੋ ਅਤੇ ਹੋਰ ਲੇਖਕਾਂ ਨੇ ਵਿਅੰਗਮਈ ਕਹਾਣੀਆਂ, ਕਵਿਤਾਵਾਂ ਤੇ ਲੇਖ ਲਿਖੇ ਸਨ।
ਇਸ ਵੇਲੇ ਉਸ ਸਮੇਂ ਦੇ ਇਸ ਮਹਾਨ ਭਵਨ ਨਿਰਮਾਤਾ ਅਤੇ ਸਮਾਜ ਸੇਵਕ ਦਾ ਮਕਬਰਾ ਖਸਤਾ ਹਾਲਤ ਵਿਚ ਢੱਠ ਕੇ ਜਰਜੱਰਾ ਰਿਹਾ ਹੈ। ਸਮੇਂ ਸਮੇਂ ਦੀਆਂ ਗੱਲਾਂ ਹਨ। ਕੇਹੀ ਅਕ੍ਰਿਤਘਣ ਸਮੇਂ ਦੀ ਮਾਰ ਹੈ ਕਿ ਉਸ ਨੂੰ ਮੁਰੰਮਤ ਦੀ ਲੋੜ ਹੈ, ਪਰ ਮੁਰੰਮਤ ਕਰਨ ਵਾਲਾ ਕੋਈ ਨੇੜੇ ਨਹੀਂ ਢੁੱਕਦਾ। ਉਸ ਦੇ ਪਰਉਪਕਾਰਾਂ ਨੂੰ ਵਾਚਦੇ ਸਮਾਜ ਦੇ ਕੁਝ ਵਰਗਾਂ ਵਿਚ ਉਸ ਦੇ ਸਮਾਰਕ ਅਤੇ ਢਾਹੇ ਜਾ ਚੁੱਕੇ ਮੁਜੱਸਮੇ ਦੀ ਪੁਨਰ ਸਥਾਪਨਾ ਦੀਆਂ ਸਲਾਹਾਂ ਤੇ ਸਕੀਮਾਂ ਚੱਲ ਪਈਆਂ ਹਨ।
(‘ਮਿੱਟੀ ਦੀ ਮਹਿਕ, ਪਾਕਿਸਤਾਨ ਸਫਰਨਾਮਾ’ ਵਿਚੋਂ)