ਪੰਜਾਬ: ਉਦੋਂ, ਹੁਣ ਤੇ ਭਵਿੱਖ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਇਕ ਦਿਨ ਅਸੀਂ ਆਪਣੇ ਪਿੰਡ ਦੁਪਾਲਪੁਰ ਗਏ। ਘੜੀ ਪਲ ਘਰ ਬੈਠੇ ਤੇ ਨੈੜੀ ਦੇਖਣ ਚਲੇ ਗਏ। ਉਥੋਂ ਫਿਰ ਸਤਿਲੁਜ ਦੇ ਦਰਸ਼ਨ ਕਰਨ ਚਲੇ ਗਏ। ਆਪਣੇ ਇਤਿਹਾਸ ਦੇ ਜਾਮਨ, ਸਤਿਲੁਜ ਦੇ ਸਾਹਮਣੇ ਜਾ ਕੇ, ਹਰਮਨ ਹੈਸ ਦੇ ਨਾਵਲ ‘ਸਿਧਾਰਥ’ ਦੀ ਇਬਾਰਤ ਦਿਲੋ ਦਿਮਾਗ ‘ਤੇ ਬਦੋਬਦੀ ਉਕਰੀ ਜਾਂਦੀ ਹੈ; ਤੇ ਨਾਲ ਆਪਣੇ ਬਚਪਨ ਤੇ ਬਜੁਰਗਾਂ ਦਾ ਚੇਤਾ ਮਨ ਵਿਚ ਫਿਲਮ ਵਾਂਗ ਚੱਲ ਪੈਂਦਾ ਹੈ।
ਕਿੰਨੇ ਵਰ੍ਹੇ ਪਿੰਡ ਦੇ ਕਈ ਪਰਿਵਾਰ ‘ਕੱਠੇ ਹੋ ਕੇ ਮਾਛੂਵਾੜੇ ਦੀ ਸਭਾ ਦੇਖਣ ਜਾਂਦੇ ਹੋਏ, ਸਤਿਲੁਜ ਵਿਚੋਂ ਪੈਦਲ ਲੰਘਦੇ ਸਾਂ ਤੇ ਪ੍ਰੋ. ਮੋਹਣ ਸਿੰਘ ਦੀ ਕਵਿਤਾ ਯਾਦ ਕਰਦੇ ਸਾਂ:

ਗਿੱਟੇ ਗਿੱਟੇ ਪਾਣੀ, ਗੋਡੇ ਗੋਡੇ ਪਾਣੀ,
ਲੱਕ ਲੱਕ ਤਾਣੀ, ਚੜ੍ਹ ਗਿਆ ਪਾਣੀ।
ਲੱਕ ਲੱਕ ਤਾਣੀ, ਗੋਡੇ ਗੋਡੇ ਪਾਣੀ,
ਗਿੱਟੇ ਗਿੱਟੇ ਪਾਣੀ, ਲਹਿ ਗਿਆ ਪਾਣੀ।
ਕਦੇ ਕਦੇ ਸਤਿਲੁਜ ਵਿਚ ਪਾਣੀ ਚੜ੍ਹਿਆ ਹੋਣਾ ਤਾਂ ਬੇੜੀ ਰਾਹੀਂ ਪਾਰ ਲੰਘਦੇ ਸਾਂ। ਹਲਕੇ ਹਲਕੇ ਪਾਣੀ ਵਿਚੋਂ ਲੰਘ ਕੇ ਬੇੜੀ ਵਿਚ ਸਵਾਰ ਹੁੰਦੇ ਸਾਂ। ਬਜੁਰਗ ਮਲਾਹ ਬਾਂਸ ਦੀ ਮਦਦ ਨਾਲ ਬੇੜੀ ਠੇਲ੍ਹਣ ਲੱਗਿਆਂ ਸਭ ਨੂੰ ਵਾਹਿਗੁਰੂ ਦਾ ਜਾਪ ਕਰਨ ਲਈ ਆਖਦਾ। ਲੱਗਦਾ, ਜਿਵੇਂ ਭਵਜਲ ਪਾਰ ਕਰਨ ਲੱਗੇ ਹੋਈਏ।
ਕੁਝ ਯਾਦ ਜਿਹਾ ਨਹੀਂ ਕਿ ਅਸੀਂ ਅੱਧ ਵਿਚਾਲੇ ਜਾ ਕੇ ਕਿਉਂ ਇਸ ਵਿਚ ਦੁੱਕੀ, ਤਿੱਕੀ ਰੋੜ੍ਹ ਦਿੰਦੇ ਸਾਂ। ਸ਼ਾਇਦ ਅਸੀਂ ਅਨੰਦਪੁਰ ਸਾਹਿਬ ਨੂੰ ਇਸ ਤਰ੍ਹਾਂ ਨਤਮਸਤਕ ਹੁੰਦੇ ਹੋਈਏ, ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਈਏ ਜਾਂ ਵੈਸੇ ਹੀ ਅਥਾਹ ਪਾਣੀਆਂ ਦੇ ਭੈਅ ਕਾਰਨ ਅਜਿਹਾ ਕਰਦੇ ਹੋਈਏ। ਉਹ ਸਾਡਾ ਬੜਾ ਹੀ ਵਿਚਿੱਤਰ ਅਤੇ ਸਰਬਾਂਗੀ ਅਹਿਸਾਸ ਹੁੰਦਾ ਸੀ।
ਪਾਰ ਪੁੱਜਦੇ ਸਾਰ ਮਲਾਹ ਹਾਲੇ ਸਾਡੇ ਤੋਂ ਦਸ ਦਸ ਪੈਸੇ ‘ਕੱਠੇ ਕਰ ਹੀ ਰਿਹਾ ਹੁੰਦਾ ਕਿ ਦੂਜੇ ਪਾਸੇ ਇੱਕ ਹੋਰ ਪੂਰ ਜੁੜ ਜਾਂਦਾ ਤੇ ਮਲਾਹ ਦਾ ਬੇਟਾ ਹਾਕਾਂ ਮਾਰਨ ਲੱਗ ਪੈਂਦਾ, “ਏ ਬਾਬੇ, ਆ ਜੋ, ਆ ਜੋ, ਆ ਜੋ, ਦੁਨੀਆਂ ਬੜੀ ਹੋ ਗਈ।”
ਅਸੀਂ ਘਰੇ ਆ ਕੇ ਕਈ ਦਿਨ ਇਕ ਦੂਜੇ ਨੂੰ ਛੇੜਦੇ ਤੇ ਖਿਝਾਉਂਦੇ ਰਹਿੰਦੇ, “ਏ ਬਾਬੇ, ਆ ਜੋ, ਆ ਜੋ!”
ਪਰ ਹੁਣ ਜਦ ਵੀ ਅਸੀਂ ਪਿੰਡ, ਨੈੜੀ ਅਤੇ ਸਤਿਲੁਜ ‘ਤੇ ਜਾਂਦੇ ਹਾਂ ਤਾਂ ਖੁਸ਼ ਹੋਣ ਦੇ ਨਾਲ ਨਾਲ ਇੱਕ ਝੋਰਾ ਜਿਹਾ ਵੀ ਨਾਲ ਲੈ ਆਉਂਦੇ ਹਾਂ। ਇਸ ਝੋਰੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿ ਇਹ ਕਾਹਦਾ ਹੈ। ਪਤਾ ਨਹੀਂ ਅਸੀਂ ਕੀ ਗੁਆ ਲਿਆ ਹੈ ਜਾਂ ਸਾਡਾ ਉਥੇ ਕੀ ਰਹਿ ਗਿਆ ਹੈ।
ਇਸ ਵਾਰ ਸਤਿਲੁਜ ਦੇ ਬੰਨ੍ਹ ‘ਤੇ ਦੇਖਿਆ ਕਿ ਨੇੜੇ ਦੇ ਪਿੰਡ ਤਾਜੋਵਾਲ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਮਜ਼ਦੂਰ ਪਰਿਵਾਰ ਦੀ ਬੱਚੀ ਤਿੰਨ ਇੱਟਾਂ ਵਾਲੇ ਚੁੱਲ੍ਹੇ ‘ਤੇ ਦਾਲ ਰਿੰਨ੍ਹ ਰਹੀ ਸੀ। ਉਸ ਦੇ ਮਾਂ-ਬਾਪ ਕੰਮ ‘ਤੇ ਗਏ ਹੋਏ ਸਨ ਤੇ ਉਹ ਆਪਣੇ ਭੈਣਾਂ-ਭਰਾਵਾਂ ਸੰਗ ਘਰ ਸੰਭਾਲ ਰਹੀ ਸੀ।
ਇਹ ਘਰ ਦਰਅਸਲ ਇੱਕ ਛੰਨ ਸੀ, ਜਿਸ ਦਾ ਕੋਈ ਦਰਵਾਜਾ ਨਹੀਂ ਹੁੰਦਾ। ਇੱਕ ਪਾਸੇ ਰੱਖਿਆ ਰੇਡੀਓ ਵੱਜ ਰਿਹਾ ਸੀ। ਇੱਕ ਨਿੱਕੀ ਜਿਹੀ ਬਾਲੜੀ ਨਿੱਕੇ ਨਿੱਕੇ ਕਤੂਰਿਆਂ ਨਾਲ ਖੇਡ ਰਹੀ ਸੀ, ਜਿਵੇਂ ਉਹ ਉਨ੍ਹਾਂ ਦੀ ਮਾਂ ਹੋਵੇ। ਦੋ ਲੜਕੇ ਰੁੱਖ ਨਾਲ ਬੰਨ੍ਹੇ ਰੱਸੇ ਅਤੇ ਡੰਡੇ ਨਾਲ ਲਟਕ ਲਟਕ ਕੇ ਲਾਟੂ ਵਾਂਗ ਘੁੰਮ ਘੁੰਮ ਕੇ ਮਸਤੀ ਕਰ ਰਹੇ ਸਨ।
ਵੱਡੀ ਲੜਕੀ ਅੰਗਰੇਜ਼ੀ ਵੀ ਜਾਣਦੀ ਸੀ। ਮੈਂ ਉਸ ਨਾਲ ਗੱਲਾਂ ਕਰਨ ਲੱਗ ਪਿਆ। ਉਸ ਨਾਲ ਗੱਲਾਂ ਕਰਦਿਆਂ ਭੋਰਾ ਵੀ ਸ਼ੱਕ ਨਹੀਂ ਸੀ ਪੈ ਰਿਹਾ ਕਿ ਇਹ ਲੜਕੀ ਬਿਹਾਰਨ ਹੈ।
ਮੇਰੇ ਬੇਟੇ ਨੇ ਉਸ ਨੂੰ ਕਿਤਾਬ ਦਿੱਤੀ ਤੇ ਮੈਂ ਇਨ੍ਹਾਂ ਬੱਚਿਆਂ ਦੇ ਹੱਥ ਤਿਲ-ਫੁੱਲ ਜਿਹਾ ਧਰ ਕੇ ਅੱਛਾ ਅੱਛਾ ਜਿਹਾ ਮਹਿਸੂਸ ਕੀਤਾ; ਜਿਵੇਂ ਮੈਂ ਪਹਿਲੀ ਵਾਰ ਕੋਈ ਚੱਜ ਦਾ ਕੰਮ ਕੀਤਾ ਹੋਵੇ।
ਜਿਸ ਤਰ੍ਹਾਂ ਘਰ ਘਰ ਬਿਊਟੀ-ਪਾਰਲਰ ਖੁੱਲ੍ਹੇ ਸਨ, ਹੁਣ ਆਈਲੈਟਸ ਸੈਂਟਰ ਖੁੱਲ੍ਹਦੇ ਜਾ ਰਹੇ ਹਨ, ਜਿੱਥੇ ਸਾਡੇ ਬੱਚੇ ਅੰਗਰੇਜ਼ੀ ਨੂੰ ਮੂੰਹ ਮਾਰਦੇ ਮਾਰਦੇ ਅਮਰੀਕਾ, ਕੈਨੇਡਾ ਦੇ ਸੁਪਨੇ ਲੈਂਦੇ ਹਨ।
ਸਾਡੀਆਂ ਕੁੜੀਆਂ ਦੀ ਪੰਜਾਬੀਅਤ ਬਿਊਟੀ-ਪਾਰਲਰਾਂ ਨੇ ਨਿਗਲ ਲਈ ਤੇ ਮੁੰਡਿਆਂ ਦੀ ਆਈਲੈਟਸ ਸੈਂਟਰਾਂ ਨੇ ਚੱਟਮ ਕਰ ਦਿੱਤੀ।
ਪੰਜਾਬੀ ਮਾਸੂਮੀਅਤ ਵਿਚ ਬੱਸਾਂ, ਟਰੱਕਾਂ ਤੇ ਟਰੈਕਟਰਾਂ ‘ਤੇ ਵੱਜਦੇ ਬੇਹੂਦਾ ਗਾਣਿਆਂ ਨੇ ਜ਼ਹਿਰ ਭਰ ਦਿੱਤੀ ਹੈ। ਪੰਜਾਬ ਪੰਜਾਬੀਆਂ ਤੋਂ ਖੋਹਿਆ ਜਾ ਰਿਹਾ ਹੈ ਜਾਂ ਪੰਜਾਬੀ ਪੰਜਾਬ ਤੋਂ ਖੋਹੇ ਜਾ ਰਹੇ ਹਨ; ਕੁਝ ਕਿਹਾ ਨਹੀਂ ਜਾ ਸਕਦਾ। ਜੋ ਕੁਝ ਵੀ ਹੈ, ਆਉਣ ਵਾਲੇ ਪੰਜਾਬੀ ਇਹੀ ਹਨ; ਕਿਉਂਕਿ ਭਵਿੱਖ ਹਮੇਸ਼ਾ ਕਿਰਤੀਆਂ ਦੇ ਹੱਥ ਹੁੰਦਾ ਹੈ, ਸਾਡੇ ਜਿਹੇ ਨਿਕੰਮੇ ਵਿਹਲੜਾਂ ਦੇ ਹੱਥ ਨਹੀਂ।
ਇਤਿਹਾਸ ਕਿਸੇ ਨੂੰ ਪੁੱਛ-ਦੱਸ ਕੇ ਨਹੀਂ ਬਦਲਦਾ। ਆਓ, ਇਸ ਨੂੰ ਸਵੀਕਾਰ ਕਰੀਏ ਤੇ ਆਉਣ ਵਾਲੇ ਪੰਜਾਬ ਦੀ ਮਿਹਨਤਕਸ਼ ਪੰਜਾਬਣ ਬਾਲੜੀ ਦੇ ਦੀਦਾਰ ਕਰੀਏ, ਉਸ ਦੇ ਸਿਰ ‘ਤੇ ਹੱਥ ਧਰ ਕੇ ਅਸ਼ੀਰਵਾਦ ਦੇਈਏ ਤੇ ਉਮੀਦ ਕਰੀਏ ਕਿ ਇਹ ਬੱਚੇ ਸਾਡੇ ਪੰਜਾਬ ਨੂੰ ਸਾਡੇ ਵਾਂਗ ਉਜੜਨ ਨਹੀਂ ਦੇਣਗੇ। ਨਾਲ ਵਗਦਾ ਸਤਿਲੁਜ ਇਨ੍ਹਾਂ ਦੇ ਉਜਲੇ ਭਵਿੱਖ ਦੀ ਗਵਾਹੀ ਭਰਦਾ ਹੈ।
ਆਓ, ਆਪਾਂ ਆਪਣੀ ਅਕ੍ਰਿਤਘਣਤਾ ਦੇ ਸਨਮੁੱਖ ਹੋਈਏ ਤੇ ਪੰਜਾਬ ਇਨ੍ਹਾਂ ਦੇ ਹਵਾਲੇ ਕਰੀਏ; ਆਪ ਦੇਸ਼ਾਂ-ਵਿਦੇਸ਼ਾਂ ਦੇ ਦਰ ਦਰ ਧੱਕੇ ਖਾਣ ਦੇ ਰਾਹ ਪਈਏ ਜਾਂ ਕਿਤੇ ਪਾਣੀ ਨਾਲ ਭਰੀ ਹੋਈ ਚੱਪਣੀ ਦਾ ਬੰਦੋਬਸਤ ਕਰੀਏ ਤੇ ਆਪਣੀ ਅਣਖ ਦਾ ਨੱਕ ਉਸ ਵਿਚ ਡੋਬ ਦੇਈਏ। ਅਸੀਂ ਕਿਸੇ ਪਾਸਿਓਂ ਅਤੇ ਕਿਸੇ ਤਰ੍ਹਾਂ ਵੀ ਪੰਜਾਬੀ ਕਹਾਉਣ ਜਾਂ ਸਦਾਉਣ ਦੇ ਹੱਕਦਾਰ ਨਹੀਂ ਹਾਂ।