ਅਜੇ ਕੁੱਤਾ, ਹਿੰਦੂ ਹੀ ਭਲਾ

‘ਮੋਦੀ ਹੈ, ਤੋ ਮੁਮਕਿਨ ਹੈ।’ ਇਸ ਨਾਅਰੇ ‘ਚ ਸੱਚਾਈ ਵੀ ਹੈ। ਗੁਜਰਾਤ ‘ਚ ਮੋਦੀ ਦੀ ਚੌਧਰ ਹੇਠ ਹੋਏ ਮੁਸਲਿਮ ਘਾਤ ਦੀ ਗੱਲ ਦਾ ਹੁਣ ਅਸਰ ਘਟ ਗਿਆ ਹੈ। ਗੱਲ ਅੱਗੇ ਨਿਕਲ ਗਈ ਹੈ। ਸੋਚਣਹਾਰਾਂ ਨੂੰ ਸੰਸਾ ਲੱਗਾ ਰਹਿੰਦਾ ਹੈ ਕਿ ਅੱਗੇ ਹੋਰ ਕੁਝ ਨਾ ਹੋ ਜਾਏ? ਦੁਨੀਆਂ ਹੈ, ਜੱਗ ਹਸਾਈਆਂ ਤਾਂ ਹੁੰਦੀਆਂ ਰਹਿੰਦੀਆਂ ਨੇ, ਪਰ ਕਦੇ ਕਦੇ ਹਸਾਉਣੀਆਂ ਬਹੁਤ ਖਤਰਨਾਕ ਹੋ ਨਿਬੜਦੀਆਂ ਹਨ।
ਬਿਹਾਰ ਦੀ ਰਾਜਧਾਨੀ ਪਟਨਾ ਵੱਡੇ ਸ਼ਹਿਰਾਂ ‘ਚ ਸ਼ੁਮਾਰ ਹੈ। ਕਦੇ ਇਹਦਾ ਨਾਂ ਪਾਟਲੀਪੁੱਤਰ ਵੀ ਰਿਹਾ ਹੈ।

ਹੋਰ ਵੀ ਪੰਜ-ਛੇ ਨਾਂਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਕੁਝ ਦੰਦ ਕਥਾਵਾਂ ਵੀ ਨੇ। ਇਥੇ ਪਟਨ ਦੇਵੀ ਦੇ ਦੋ ਮੰਦਿਰ ਹਨ-ਇਕ ਮੁਸਲਿਮ ਆਬਾਦੀ ਵਾਲੇ ਇਲਾਕੇ ‘ਚ ਹੈ ਤੇ ਦੂਜਾ ਤਖਤ ਸ੍ਰੀ ਪਟਨਾ ਸਾਹਿਬ ਕੋਲ। ਪਟਨੇ ਨਾਲ ਸਿੱਖਾਂ ਦੀ ਅਨੰਤ ਸ਼ਰਧਾ ਜੱਗ ਜਾਹਰ ਹੈ। ਨੌਵੇਂ ਗੁਰੂ ਕੁਝ ਸਮਾਂ ਇਥੇ ਰਹੇ ਸਨ। ਦਸਵੇਂ ਨਾਨਕ ਦਾ ਜਨਮ ਵੀ ਇਥੋਂ ਦਾ ਹੈ। ਸਿੱਖਾਂ ਦੇ ਏਥੇ ਪੰਜ ਗੁਰਦੁਆਰੇ ਹਨ। ਹਿੰਦੂਆਂ ਦੇ ਮੰਦਿਰ ਹਨ ਤੇ ਮੁਸਲਮਾਨਾਂ ਦੀਆਂ ਮਸਜਿਦਾਂ। ਸਿੱਖਾਂ, ਬੋਧੀਆਂ ਤੇ ਜੈਨੀਆਂ ਦੀ ਗਿਣਤੀ ਆਟੇ ‘ਚ ਲੂਣ ਬਰਾਬਰ ਹੈ ਤੇ ਈਸਾਈ ਭੋਰਾ ਕੁ ਵੱਧ। ਮੁਸਲਮਾਨ 16 ਫੀਸਦ ਹਨ ਤੇ ਬਾਕੀ ਸਾਰੇ ਭਾਂਤ ਭਾਂਤ ਦੇ ਹਿੰਦੂ ਹਨ। ਵੇਲੇ ਭਲੇ ਸਨ ਤੇ ਲੋਕ ਰਲ ਮਿਲ ਕੇ ਰਹਿ ਲੈਂਦੇ ਰਹੇ ਹਨ। ਨਿੱਕੀਆਂ ਮੋਟੀਆਂ ਮਨ ਮੁਟਾਈਆਂ ਤੋਂ ਬਿਨਾ ‘ਸੱਭ ਅੱਛਾ ਹੈ’ ਹੀ ਹੁੰਦੀ ਰਹੀ ਹੈ।
ਪਰ ਹੁਣ ਮੁਲਕ ਦੇ ਸਾਸ਼ਕ ਹੋਰ ਨੇ ਤੇ ਡੋਰ ਕਿਸੇ ਹੋਰ ਕੋਲ ਹੈ। ਮੋਦੀ ਦਾ ਮੰਤਰਾ ਹੈ, ‘ਕੁਝ ਵੀ ਮੁਮਕਿਨ ਹੈ।’ ਹੁਣ ਇਸੇ ਪਟਨੇ ਸਾਹਿਬ ਦੀ ਸੁਣ ਲਓ! ਗੱਲ ਤਾਂ ਸੁਧੀ ਹਾਸੇ ਵਾਲੀ ਹੈ, ਪਰ ਇਹਦੇ ਨਤੀਜੇ ਬਹੁਤ ਫਿਕਰ ਵਾਲੇ ਹੋ ਸਕਦੇ ਸਨ। ਗੰਗਾ ਨਦੀ ਵੱਲ ਨੂੰ ਸ਼ਹਿਰ ਦਾ ਬੱਕਰਗੰਜ ਇਲਾਕਾ ਪੈਂਦਾ ਹੈ। ਇਥੋਂ ਡੇਢ ਕੁ ਮੀਲ ‘ਤੇ ਤਖਤ ਪਟਨਾ ਸਾਹਿਬ ਹੈ। ਹਿੰਦੂ ਮੰਦਿਰ ਵੀ ਬਥੇਰੇ ਨੇ ਤੇ ਮਸਜਿਦਾਂ ਵੀ ਹਨ। ਪਿਛਲੇ ਹਫਤੇ ਇਸੇ ਇਲਾਕੇ ‘ਚ ਕਿਸੇ ਗਊ ਨੂੰ ਕੋਈ ਕੁੱਤਾ ਵੱਢ ਗਿਆ। ਵਜ੍ਹਾ ਤਾਂ ਕੁੱਤੇ ਨੂੰ ਪਤਾ ਹੋਊ ਜਾਂ ਗਾਂ ਨੂੰ! ਰੌਲਾ ਪੈ ਗਿਆ। ਜਿਨ੍ਹਾਂ ਦੇ ਮਨ ‘ਚ ਮੈਲ ਸੀ, ਉਨ੍ਹਾਂ ਨੇ ਦੋ ਤੇ ਦੋ ਚਾਰ ਨਾ ਬਣਾਏ, ਪੰਜ-ਸੱਤ ਬਣਾ ਲਏ। ਕਹਿੰਦੇ, ਪੀੜਤ ਗਊ ਮਾਤਾ ਦਾ ਮਾਲਕ ਕੋਈ ਹਿੰਦੂ ਭਾਈ ਹੈ। ਜਿਸ ਕੁੱਤੇ ਨੇ ਗਊ ਨੂੰ ਵੱਢਿਆ, ਉਹਦਾ ਮਾਲਕ ਇਸਲਾਮ ਨੂੰ ਮੰਨਣ ਵਾਲਾ ਹੈ। ਇਸ ਕਰਕੇ ਮੁਸਲਮਾਨ ਕੁੱਤੇ ਨੇ ਹਿੰਦੂ ਗਊ ਨੂੰ ਵੱਢਿਆ ਹੈ। ਹੁੰਦੀ ਹੁੰਦੀ ਭੀੜ (ਹਿੰਦੂ) ‘ਕੱਠੀ ਹੋ ਗਈ। ਹਾਅ ਲਾ, ਲਾ ਲਾ ਹੁੰਦੀ ਹੁੰਦੀ ਤੋਂ, ਤੂੰ ਤੂੰ ਮੈਂ ਮੈਂ ਤੇ ਫਿਰ ਬੋਲ-ਕੁਬੋਲ ਤੇ ਧਮਕੀਆਂ ਸ਼ੁਰੂ ਹੋ ਗਈਆਂ। ਭੀੜ ਦੰਗੱਈ ਬਣ ਗਈ ਤੇ ਮੁਸਲਮਾਨ ਪਰਿਵਾਰ ਦੇ ਘਰ ‘ਤੇ ਹੱਲਾ ਬੋਲ ਦਿੱਤਾ। ਹਾਲਤ ਵੱਢ-ਵਢਾਂਗੇ ਵਾਲੇ ਬਣ ਹੀ ਰਹੇ ਸਨ ਕਿ ਕਿਸੇ ਫਿਕਰਮੰਦ ਨੇ ਪੁਲਿਸ ਨੂੰ ਫੋਨ ਕਰ ਦਿੱਤਾ।
ਅਫਸਰ ਸਿਆਣੇ ਨਿਕਲੇ, ਫੁਰਤੀ ਨਾਲ ਹਰਕਤ ‘ਚ ਆ ਗਏ। ਕਈ ਥਾਣਿਆਂ ਦੀ ਪੁਲਿਸ ਸੱਦ ਲਈ। ਪੱਥਰਬਾਜ਼ੀ ਹੋ ਰਹੀ ਸੀ, ਪਰ ਹਾਲਤ ‘ਤੇ ਕਾਬੂ ਪਾ ਲਿਆ। ਗਰਮ ਅਵਾਜ਼ਾਂ ਅਜੇ ਵੀ ਇਹੋ ਆਖੀ ਜਾ ਰਹੀਆਂ ਸਨ ਕਿ ਕੁੱਤਾ ਜਾਣ ਬੁੱਝ ਕੇ ਗਾਂ ਨੂੰ ਵੱਢਣ ਲਈ ਛੱਡਿਆ ਗਿਆ ਸੀ।
ਮਸਲੇ ਦੀ ਜੜ੍ਹ ਤੀਕ ਪਹੁੰਚਣ ਹਿੱਤ ਪੁਣ-ਛਾਣ ਕੀਤੀ ਗਈ ਤਾਂ ਪਤਾ ਲੱਗਾ ਕਿ ਗਾਂ ਨੂੰ ਵੱਢਣ ਵਾਲਾ ਕੁੱਤਾ ਤਾਂ ਮੁਸਲਮਾਨ ਹੈ ਈ ਨਹੀਂ ਸੀ। ਉਹਦੇ ਮਾਲਕ ਤਾਂ ਕ੍ਰਿਸ਼ਨਾ ਜਿਊਲਰਜ਼ ਵਾਲੇ ਹਨ ਤੇ ਉਹ ਹਨ ਵੀ ਹਿੰਦੂ ਭਾਈਬੰਦ।
ਸਮਝਾਉਣ-ਬੁਝਾਉਣ ‘ਤੇ ਮਨ ਮਨਾਉਤੀ ਤਾਂ ਹੋ ਗਈ ਕਿ ਕੁੱਤਾ ਹਿੰਦੂ ਹੀ ਹੈ। ਚੰਗਾ ਹੋ ਗਿਆ, ਬਚਾਓ ਹੋ ਗਿਆ। ਸਮੇਂ ਦਾ ਵਾਰਾ ਪਹਿਰਾ ਐਸਾ ਹੈ ਕਿ ਕੁੱਤਾ ਆਪਣੀ ਔਕਾਤ ਜਾਣੇ; ਕੁੱਤਾ ਹੀ ਰਵ੍ਹੇ ਤਾਂ ਭਲਾਈ ਹੈ। ਜੇ ਭਲਾ ਕੁੱਤਾ ਮੁਸਲਮਾਨ ਹੀ ਨਿਕਲ ਆਉਂਦਾ? ਮੋਦੀ ਦਾ ਹੋਣਾ ਤੇ ਮੁਮਕਿਨ ਹੋਣਾ, ਸਹੀ ਹੈ!
-ਸੁਖਦੇਵ ਸਿੱਧੂ