ਗੁਰੂ ਨਾਨਕ ਦੇਵ ਜੀ ਕਿ ਗੁਰੂ ਨਾਨਕ ਸਾਹਿਬ ਜੀ?

ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਸਾਰੇ ਟੀ. ਵੀ. ਚੈਨਲ ਅਤੇ ਸਰਕਾਰ ਦੇ ਬੁਲਾਰੇ ਪਹਿਲੇ ਸਤਿਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੂਚਨਾ ਦੇਣ ਸਮੇਂ ਪਹਿਲੇ ਸਤਿਗੁਰੂ ਜੀ ਨੂੰ ਗੁਰੂ ਨਾਨਕ ਸਾਹਿਬ ਕਹਿਣ ਦੀ ਥਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ। ਕੀ ਅਜਿਹਾ ਵਰਤਾਰਾ ਠੀਕ ਹੈ? ਕੀ ਕਿਸੇ ਦਾ ਨਾਂ ਬਦਲ ਕੇ ਬੋਲਿਆ ਜਾਂ ਲਿਖਿਆ ਜਾ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਦੇਖਣ ਦੀ ਲੋੜ ਹੈ ਕਿ ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਕੀ ਹਨ।

ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਪਾਤਿਸ਼ਾਹਾਂ ਦੇ ਨਾਂ ਪ੍ਰਤੱਖ ਤੌਰ ‘ਤੇ ਲਿਖੇ ਮਿਲਦੇ ਹਨ। ਭੱਟ ਕਵੀਆਂ ਨੇ ਪਹਿਲੇ ਪੰਜ ਗੁਰੂ ਪਾਤਿਸ਼ਾਹਾਂ ਦੀ ਸਿਫਤਿ ਵਿਚ ਸਵੱਯੇ ਉਚਾਰਨ ਕਰਦਿਆਂ ਉਨ੍ਹਾਂ ਦੇ ਨਾਂ ਵਰਤੇ ਹਨ। ਪੰਜਵੇਂ ਗੁਰੂ ਜੀ ਨੇ ਆਪਣੀ ਬਾਣੀ ਵਿਚ ਆਪਣੇ ਬੇਟੇ ਦਾ ਨਾਂ ਵਰਤਿਆ ਹੈ, ਜੋ ਛੇਵੇਂ ਗੁਰੂ ਜੀ ਬਣੇ। ਸੱਚੇ ਸ੍ਰੋਤ ਤੋਂ ਮਿਲਦੀ ਏਨੀ ਸਪੱਸ਼ਟ ਜਾਣਕਾਰੀ ਦੇ ਹੁੰਦਿਆਂ ਵੀ ਸ਼੍ਰੋਮਣੀ ਕਮੇਟੀ ਸਿੱਖ ਜਗਤ ਨੂੰ ਗੁਰੂ ਪਾਤਿਸ਼ਾਹਾਂ ਦੇ ਠੀਕ ਨਾਂਵਾਂ ਬਾਰੇ ਅੱਜ ਤਕ ਕੋਈ ਸੇਧ ਨਹੀਂ ਦੇ ਸਕੀ।
ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਜਾਣਕਾਰੀ ਅਨੁਸਾਰ ਕਿਸੇ ਵੀ ਗੁਰੂ ਪਾਤਿਸ਼ਾਹ ਦੇ ਨਾਂ ਨਾਲ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ। ਗੁਰਬਾਣੀ ਅਤੇ ਹੋਰ ਪ੍ਰਮਾਣਕ ਸਾਹਿਤ ਵਿਚੋਂ ਕੁਝ ਪ੍ਰਮਾਣਾਂ ਦੀ ਰੌਸ਼ਨੀ ਵਿਚ ਗੁਰੂ ਪਾਤਿਸ਼ਾਹਾਂ ਦੇ ਨਾਂਵਾਂ ਸਬੰਧੀ ਵਿਚਾਰ ਕਰਨੀ ਇਸ ਲੇਖ ਦਾ ਮਕਸਦ ਹੈ।
1. ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੇ ਨਾਂਵਾਂ ਸਬੰਧੀ ਪ੍ਰਮਾਣ:
(A) ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ
ਤਾਰਨਿ ਮਨੁਖ´ ਜਨ ਕੀਅਉ ਪ੍ਰਗਾਸ॥
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ
ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ॥
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ
ਅਘਨ ਦੇਖਤ ਗਤੁ ਚਰਨ ਕਵਲ ਜਾਸ॥
ਸਭ ਬਿਧਿ ਮਾਨਿ´ਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥4॥
(ਗੁਰੂ ਗ੍ਰੰਥ ਸਾਹਿਬ, ਪੰਨਾ 1399)
ਚੰਦੁ- ਗਿਆਨ ਦੀ ਰੌਸ਼ਨੀ ਵੰਡਣ ਵਾਲਾ।
(ਅ) ਇਕ ਮਨਿ ਪੁਰਖੁ ਧਿਆਇ ਬਰਦਾਤਾ॥
ਸੰਤ ਸਹਾਰੁ ਸਦਾ ਬਿਖਿਆਤਾ॥
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥1॥
(ਪੰਨਾ 1378)
(e) ਭਲੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਤੋਹਿ ਬਨਿ ਆਵੈ॥ (ਪੰਨਾ 1396)
ਵਿਚਾਰ: ਉਪਰੋਕਤ ਪ੍ਰਮਾਣਾਂ ਵਿਚ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਦੇ ਨਾਂਵਾਂ ਨਾਲ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਮਿਲਦੀ। ਕੀਰਤਨ ਤੋਂ ਪਹਿਲਾਂ ਕਈ ਜਥੇ ‘ਧੰਨੁ ਗੁਰੂ ਨਾਨਕ’ ਦਾ ਜਾਪ ਕਰਦੇ ਹਨ, ਜੋ ਠੀਕ ਹੈ, ਕਿਉਂਕਿ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ। ਕਥਾ ਵਿਚ ਕੁਝ ਸੱਜਣ ਪਹਿਲੇ ਗੁਰੂ ਜੀ ਨੂੰ ‘ਮੇਰੇ ਧੰਨੁ ਗੁਰੂ ਨਾਨਕ’ ਕਹਿੰਦੇ ਹਨ, ਜੋ ਨਾਂ ਅਨੁਸਾਰ ਠੀਕ ਹੈ। ਕਈ ਕਥਾਕਾਰ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਦੇ ਨਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਹੀ ਵਰਤਦੇ ਹਨ, ਜੋ ਠੀਕ ਹੈ। ਕਈ ਸੱਜਣ ਗੁਰੂ ਵਿਅਕਤੀਆਂ ਦੇ ਨਾਂਵਾਂ ਨਾਲ ‘ਪਾਤਿਸ਼ਾਹ’ ਜਾਂ ‘ਸਾਹਿਬ ਪਾਤਿਸ਼ਾਹ’ ਵੀ ਵਰਤਦੇ ਹਨ, ਜੋ ਬਿਲਕੁਲ ਠੀਕ ਹੈ।
‘ਦੇਵ’ ਸ਼ਬਦ ਦੀ ਵਰਤੋਂ ਦਾ ਰਿਵਾਜ਼ ਵੀ ਚੱਲ ਚੁਕਾ ਹੈ, ਜੋ ਗੁਰਬਾਣੀ ਅਨੁਸਾਰ ਯੋਗ ਨਹੀਂ ਹੈ। ਅੰਮ੍ਰਿਤਸਰ ਯੂਨੀਵਰਸਿਟੀ ਦਾ ਰੱਖਿਆ ਨਾਂ ਪਹਿਲਾਂ ‘ਗੁਰੂ ਨਾਨਕ ਯੂਨੀਵਰਸਿਟੀ’ ਠੀਕ ਹੀ ਸੀ, ਜੋ ਬਾਅਦ ਵਿਚ ਬਦਲ ਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਰੱਖ ਦਿੱਤਾ ਗਿਆ, ਪਰ ਗੁਰੂ ਗ੍ਰੰਥ ਸਾਹਿਬ ਵਿਚ ‘ਗੁਰੂ ਨਾਨਕ ਦੇਵ’ ਨਾਂ ਨਹੀਂ ਹੈ। ਸ਼੍ਰੋਮਣੀ ਕਮੇਟੀ ਨੂੰ ਠੀਕ ਨਾਂ ਪ੍ਰਚਾਰਨੇ ਚਾਹੀਦੇ ਸਨ, ਪਰ ਉਸ ਦੇ ਮੁਲਾਜ਼ਮ ਆਪ ਹੀ ‘ਦੇਵ’ ਸ਼ਬਦ ਦੀ ਵਰਤੋਂ ਕਰਨ ਤੋਂ ਨਹੀਂ ਹਟਦੇ। ਟੀ. ਵੀ. ਚੈਨਲਾਂ ਰਾਹੀਂ ਖਬਰਾਂ ਪੜ੍ਹਨ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਅਨੁਸਾਰ ਹੀ ਗੁਰੂ ਪਾਤਿਸ਼ਾਹਾਂ ਦੇ ਨਾਂ ਬੋਲਣ, ਭਾਵ ‘ਦੇਵ’ ਦੀ ਥਾਂ ‘ਸਾਹਿਬ’ ਜਾਂ ‘ਪਾਤਿਸ਼ਾਹ’ ਸ਼ਬਦ ਦੀ ਵਰਤੋਂ ਕਰਨ।
2. ਪੰਜਵੇਂ ਗੁਰੂ ਜੀ ਦੇ ਨਾਂ ਬਾਰੇ ਪ੍ਰਮਾਣ:
ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ॥
ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ॥
ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ॥
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ॥
ਵਿਚਾਰ: ਭੱਟਾਂ ਦੇ ਸਵੱਯਾਂ ਵਿਚ 20 ਵਾਰੀ ਪੰਜਵੇਂ ਗੁਰੂ ਜੀ ਦਾ ਨਾਂ ਗੁਰੂ ਅਰਜੁਨ ਹੀ ਲਿਖਿਆ ਗਿਆ ਹੈ, ਪਰ ਬੋਲਣ ਵਾਲੇ ਪਤਾ ਨਹੀਂ ‘ਅਰਜਨ’ ਸ਼ਬਦ ਕਿਉਂ ਵਰਤਦੇ ਹਨ? ਬਹੁਤੇ ਰਾਗੀ ਸੱਜਣ ਵੀ ਕੀਰਤਨ ਵਿਚ ‘ਅਰਜੁਨ’ ਸ਼ਬਦ ਦੀ ਥਾਂ ‘ਅਰਜਨ’ ਸ਼ਬਦ ਹੀ ਬੋਲਦੇ ਹਨ, ਜੋ ਗੁਰਬਾਣੀ ਅਨੁਸਾਰ ਠੀਕ ਨਹੀਂ ਹੈ। ਭਾਸ਼ਾ ਅਨੁਸਾਰ ‘ਅਰਜਨ’ ਸੰਸਕ੍ਰਿਤ ਦਾ ਲਫਜ਼ ਹੈ, ਜਿਸ ਦਾ ਅਰਥ ਹੈ- ਖੱਟਣਾ ਜਾਂ ਕਮਾਉਣਾ। ‘ਅਰਜੁਨ’ ਵੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ-ਇੱਕ ਸਦਾ ਬਹਾਰ ਮਜ਼ਬੂਤ ਰੁੱਖ। ਪੜ੍ਹਨ ਸਮੇਂ ਫੈਸਲਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਧਿਆਨ ਵਿਚ ਰੱਖ ਕੇ ਹੀ ਠੀਕ ਹੁੰਦਾ ਹੈ।
ਭਾਈ ਸੱਤੇ ਅਤੇ ਭਾਈ ਬਲਵੰਡ ਦੀ ਲਿਖੀ ‘ਰਾਮਕਲੀ ਕੀ ਵਾਰ’ ਵਿਚ ਪੰਜਵੇਂ ਗੁਰੂ ਜੀ ਦੇ ਨਾਂ ਲਈ ‘ਅਰਜਨ’ ਸ਼ਬਦ ਜੋੜ ਵਰਤੇ ਗਏ ਹਨ। ਗੁਰਬਾਣੀ ਸ਼ਬਦ-ਜੋੜਾਂ ਦੀ ਖੋਜ ਦੇ ਮਾਹਰ ਭਾਈ ਹਰਜਿੰਦਰ ਸਿੰਘ ਘੜਸਾਣਾ ਗੰਗਾਨਗਰ ਦੇ ਵਿਚਾਰਾਂ ਅਨੁਸਾਰ ਪੰਜਵੇਂ ਗੁਰੂ ਜੀ ਦਾ ਨਾਂ ਗੁਰੂ ਅਰਜਨ ਸਾਹਿਬ ਹੀ ਚਾਹੀਦਾ ਹੈ। ਭਾਈ ਘੜਸਾਣਾ ਨੇ ਤਰਕ ਦਿੱਤਾ ਹੈ ਕਿ ‘ਅਰਜੁਨ’ ਸ਼ਬਦ ਸੰਸਕ੍ਰਿਤ ਸ਼ੈਲੀ ਅਨੁਸਾਰ ਲਿਖਿਆ ਗਿਆ ਹੈ ਅਤੇ ‘ਅਰਜਨ’ ਸ਼ਬਦ ਲਹਿੰਦੀ ਪੰਜਾਬੀ ਅਨੁਸਾਰ ਲਿਖਿਆ ਗਿਆ ਹੈ, ਜਿਸ ਲਈ ਪੰਜਾਬੀ ਨਾਂ ਗੁਰੂ ਅਰਜਨ ਸਾਹਿਬ ਹੀ ਰੱਖਣਾ ਚਾਹੀਦਾ ਹੈ। ਪੜ੍ਹਨ ਸਮੇਂ ‘ਅਰਜੁਨ’ ਸ਼ਬਦ ਨੂੰ ‘ਜੁ’ ਧੁਨੀ ਨਾਲ ਹੀ ਬੋਲਿਆ ਜਾਵੇਗਾ।
3. ਛੇਵੇਂ ਗੁਰੂ ਜੀ ਦਾ ਨਾਂ ਗੁਰਬਾਣੀ ਵਿਚ:
ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ॥
ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ॥1॥
(ਪੰਨਾ 500)
4. ਸੱਤਵੇਂ ਅਤੇ ਅੱਠਵੇਂ ਗੁਰੂ ਪਾਤਿਸ਼ਾਹਾਂ ਦੇ ਨਾਂ:
(A) ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿਰਾਇ॥
ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿ ਰਾਇ॥87॥
(‘ਤੌਸੀਫੋ ਸਨਾ’ ਵਿਚੋਂ)
ਅਰਥ: ਗੁਰੂ ਹਰਿ ਰਾਇ ਜੀ ਹੱਕ ਦੇ ਪਾਲਣ ਅਤੇ ਸੱਚ ਦੇ ਮਜ਼ਹਬ ਵਾਲੇ ਹਨ, ਜੋ ਬਾਦਿਸ਼ਾਹ ਅਤੇ ਦਰਵੇਸ਼ ਵੀ ਹਨ।
(ਅ) ਹਮੂ ਹਰਿਕ੍ਰਿਸ਼ਨ ਆਮਦਹ ਸਰਬੁਲੰਦ॥
ਅਜ਼ੋ ਹਾਸਿਲ ਉਮੀਦਿ ਹਰ ਮੁਸਤਮੰਦ॥25॥
(‘ਜੋਤਿ ਬਿਗਾਸ’ ਵਿਚੋਂ)
ਵਿਚਾਰ: ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਪਾਤਿਸ਼ਾਹਾਂ ਦੇ ਨਾਂਵਾਂ ਵਿਚ ‘ਹਰਿ’ ਸ਼ਬਦ ਦੀ ਵਰਤੋਂ ਉਪਰੋਕਤ ਪ੍ਰਮਾਣਾਂ ਵਿਚ ਮਿਲਦੀ ਹੈ। ਦੇਖਿਆ ਗਿਆ ਹੈ ਕਿ ਬੋਲਣ ਅਤੇ ਲਿਖਣ ਵਿਚ ‘ਹਰਿ’ ਸ਼ਬਦ ਦੀ ਥਾਂ ‘ਹਰ’ ਸ਼ਬਦ ਹੀ ਪ੍ਰਚਲਿਤ ਕਰ ਦਿੱਤਾ ਗਿਆ ਹੈ, ਜੋ ਇੱਕ ਧੋਖਾ ਹੈ, ਕਿਉਂਕਿ ਦੁਨੀਆਂ ਵਿਚ ਕਿਸੇ ਵੀ ਵਿਅਕਤੀ ਦਾ ਸਹੀ ਨਾਂ ਬਦਲਿਆ ਨਹੀਂ ਜਾ ਸਕਦਾ। ਕੀ ਕੋਈ ਸਿਮਰਨ ਸਿੰਘ ਨੂੰ ਸਮਰਨ ਸੰਘ ਕਹਿ ਕੇ ਬੁਲਾ ਸਕਦਾ ਹੈ? ਕੀ ਸਿਮਰਨ ਸਿੰਘ ਅਜਿਹੇ ਵਤੀਰੇ ਨੂੰ ਸਹਾਰ ਸਕੇਗਾ? ਕੀ ਕੋਈ ਹਰਿਤਿੱਕ ਨੂੰ ਹਰੱਤਕ ਕਹਿ ਕੇ ਬੁਲਾ ਸਕਦਾ ਹੈ? ਜੇ ਨਹੀਂ ਤਾਂ ਗੁਰੂ ਪਾਤਿਸ਼ਾਹਾਂ ਦੇ ਨਾਂਵਾਂ ਨੂੰ ਬਦਲ ਕੇ ਬੋਲਣ ਅਤੇ ਲਿਖਣ ਦਾ ਕਿਸ ਨੂੰ ਹੱਕ ਹੈ? ਕੀ ਇਹ ਸਿਆਣਪ ਹੈ ਕਿ ਬੇਸਮਝੀ? ਅੰਗਰੇਜ਼ੀ ਵਿਚ ਨਾਂ ਲਿਖਣ ਵਾਲੇ ‘ਹਰਿ=੍ਹਅਰ’ਿ ਨੂੰ ‘ਹਰ=੍ਹਅਰ’ ਲਿਖ ਰਹੇ ਹਨ, ਜੋ ਗਲਤ ਪਰਿਪਾਟੀ ਹੈ। ਇਸ ਵਿਚ ਗੁਰਬਾਣੀ ਨੂੰ ਗਲਤ ਪੜ੍ਹਨ ਵਾਲਿਆਂ ਦਾ ਵੀ ਕਸੂਰ ਹੈ, ਕਿਉਂਕਿ ਬਹੁਤੇ ਪਾਠੀ ਗੁਰਬਾਣੀ ਦੇ ‘ਹਰਿ’ ਸ਼ਬਦ ਨੂੰ ‘ਹਰ’ ਹੀ ਪੜ੍ਹ ਰਹੇ ਹਨ, ਜਦੋਂ ਕਿ ਇਨ੍ਹਾਂ ਸ਼ਬਦਾਂ ਦੇ ਜੋੜ ਅਤੇ ਅਰਥ ਗੁਰਬਾਣੀ ਵਿਚ ਵੱਖ-ਵੱਖ ਹਨ।
5. ਨੌਵੇਂ ਅਤੇ ਦਸਵੇਂ ਗੁਰੂ ਜੀ ਦੇ ਨਾਂ:
(A) ਮਹਾਨ ਕੋਸ਼ ਵਿਚ ਨੌਵੇਂ ਗੁਰੂ ਜੀ ਨੂੰ ਸਤਿਗੁਰੂ ਤੇਗ਼ ਬਹਾਦੁਰ ਕਰ ਕੇ ਲਿਖਿਆ ਗਿਆ ਹੈ। (ਮਹਾਨ ਕੋਸ਼ ਵਿਚੋਂ ਫੋਟੋ ਕਾਪੀਆਂ ਦੇਖੋ)
ਵਿਚਾਰ: ‘ਤੇਗ਼’ ਸ਼ਬਦ ਫਾਰਸੀ ਦਾ ਹੈ, ਜਿਸ ਵਿਚ ‘ਗ਼’ ਦੀ ਵਰਤੋਂ ਹੁੰਦੀ ਹੈ ਅਤੇ ‘ਬਹਾਦੁਰ’ ਸ਼ਬਦ ਵੀ ਫਾਰਸੀ ਦਾ ਹੈ। ‘ਬਹਾ’ ਦਾ ਅਰਥ ਹੈ-ਰੋਸ਼ਨੀ ਦੇਣ ਵਾਲਾ ਜਾਂ ਚਮਕੀਲਾ। ‘ਦੁਰ’ ਦਾ ਅਰਥ ਹੈ-ਮੋਤੀ। ਜਦੋਂ ‘ਦੁਰ’ ਸ਼ਬਦ ਨੂੰ ਅਗੇਤਰ ਵਜੋਂ ਵਰਤਿਆ ਜਾਂਦਾ ਹੈ ਜਿਵੇਂ ਦੁਰਬਚਨ, ਦੁਰਗਮ ਆਦਿਕ ਤਾਂ ਉਦੋਂ ਇਹ ਫਾਰਸੀ ਦਾ ਸ਼ਬਦ ਨਾ ਹੋ ਕੇ ਸੰਸਕ੍ਰਿਤ ਦਾ ਸ਼ਬਦ ਹੁੰਦਾ ਹੈ। ਮਿਸਾਲ ਵਜੋਂ ‘ਕਰਮ’ ਸ਼ਬਦ ਸੰਸਕ੍ਰਿਤ ਦਾ ਵੀ ਹੈ ਅਤੇ ਫਾਰਸੀ ਦਾ ਵੀ। ਜਦੋਂ ‘ਕਰਮ’ ਸ਼ਬਦ ਦਾ ਅਰਥ ਕੀਤੇ ਗਏ ਕੰਮ ਹੋਣ ਤਾਂ ਇਹ ਸੰਸਕ੍ਰਿਤ ਦਾ ਸ਼ਬਦ ਹੁੰਦਾ ਹੈ। ਜੇ ‘ਕਰਮ’ ਸ਼ਬਦ ਦੀ ਵਰਤੋਂ ਬਖਸ਼ਿਸ਼ ਦੇ ਰੂਪ ਵਿਚ ਹੁੰਦੀ ਹੈ ਤਾਂ ਇਹ ਸ਼ਬਦ ਫਾਰਸੀ ਦਾ ਹੁੰਦਾ ਹੈ। ‘ਨੀਚ ਕਰਮ’ ਵਿਚ ‘ਕਰਮ’ ਸ਼ਬਦ ਦੇ ਅਰਥ ਸੰਸਕ੍ਰਿਤ ਵਾਲੇ ਹਨ ਅਤੇ ‘ਕਰਮ ਖੰਡ’ ਵਿਚ ‘ਕਰਮ’ ਸ਼ਬਦ ਦੇ ਅਰਥ ਫਾਰਸੀ ਵਾਲੇ ਹਨ। ‘ਦਰ’ ਸ਼ਬਦ ਵੀ ਫਾਰਸੀ ਦਾ ਹੁੰਦਾ ਹੈ, ਜਿਸ ਦਾ ਅਰਥ ਦਰਵਾਜਾ ਹੁੰਦਾ ਹੈ। ਨੌਵੇਂ ਗੁਰੂ ਜੀ ਦਾ ਸਹੀ ਨਾਂ ਗੁਰੂ ਤੇਗ਼ ਬਹਾਦੁਰ ਹੀ ਸਹੀ ਬਣਦਾ ਹੈ, ਜਿਸ ਨੂੰ ਪ੍ਰਚਾਰ ਵਿਚ ਲਿਆਉਣ ਦੀ ਲੋੜ ਹੈ।
(ਅ) ‘ਜੋਤਿ ਵਿਗਾਸ’ ਪੰਜਾਬੀ ਕ੍ਰਿਤ ਭਾਈ ਨੰਦ ਲਾਲ ਸਿੰਘ ਵਿਚ ਵੀ ਇਹੀ ਸ਼ਬਦ ਜੋੜ ਹਨ, ਜਿਵੇਂ:
ਸੋ ਤੇਗ਼ ਬਹਾਦੁਰ ਸਤਿ ਸਰੂਪਨਾ
ਸੋ ਗੁਰੁ ਗੋਬਿੰਦ ਸਿੰਘ ਹਰਿ ਕਾ ਰੂਪਨਾ॥30॥
ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਕੌਣ ਪ੍ਰਚਲਿਤ ਕਰੇ? ਇਹ ਸਵਾਲ ਉਠਣਾ ਜ਼ਰੂਰੀ ਹੈ। ਕਰੋੜਾਂ ਰੁਪਿਆਂ ਤੋਂ ਵੀ ਵੱਧ ਦੇ ਬਜਟ ਵਾਲੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਦਾ ਮੁਢਲਾ ਫਰਜ਼ ਸੀ ਕਿ ਉਹ ਇਸ ਸੰਦਰਭ ਵਿਚ ਸਿੱਖਾਂ ਦੀ ਯੋਗ ਅਗਵਾਈ ਕਰਦੀ, ਪਰ ਅਜਿਹਾ ਨਾ ਹੋ ਸਕਿਆ। ਕੀ ਹੁਣ ਇਸ ਕਮੇਟੀ ਤੋਂ ਕੋਈ ਅਜਿਹੀ ਸੋਚ ਦੀ ਆਸ ਰੱਖੀ ਜਾ ਸਕਦੀ ਹੈ? ਆਸ ਤਾਂ ਜ਼ਰੂਰ ਹੈ, ਪਰ ਉਤਰ ਨਾਂਹ ਵਿਚ ਹੀ ਲੱਗਦਾ ਹੈ। ਸਿੱਖ ਰਹਿਤ ਮਰਯਾਦਾ ਬਣਾਉਣ ਤੋਂ ਹੁਣ ਤਕ ਸਿੱਖੀ ਦੇ ਮਸਲਿਆਂ ਵਿਚ ਸ਼੍ਰੋਮਣ ਕਮੇਟੀ ਨੇ ਜੋ ਕੀਤਾ ਹੈ, ਉਹ ਸਭ ਸਿੱਖ ਜਗਤ ਦੇ ਸਾਹਮਣੇ ਹੈ।
ਫਿਰ ਕੀ ਕੀਤਾ ਜਾਵੇ?
ਹਰ ਇੱਕ ਸਿੱਖ ਨੂੰ ਹੰਭਲਾ ਮਾਰਨਾ ਪਵੇਗਾ। ਭਾਵੇਂ ਕੋਈ ਪ੍ਰਚਾਰਕ ਹੈ, ਗੁਰਦੁਆਰਾ ਕਮੇਟੀ ਵਿਚ ਅਹੁਦੇਦਾਰ ਹੈ, ਕੋਈ ਆਪਣਾ ਰੇਡੀਓ ਚਲਾਉਂਦਾ ਹੈ, ਕੋਈ ਕਿਸੇ ਟੀ. ਵੀ. ਚੈਨਲ ਰਾਹੀਂ ਖਬਰਾਂ ਦਿੰਦਾ ਹੈ, ਕੋਈ ਅਖਬਾਰ ਛਾਪਦਾ ਹੈ, ਗੁਰਦੁਆਰੇ ਜਾ ਕੇ ਸਰੋਤਾ ਬਣਦਾ ਹੈ, ਭਾਵ ਹਰ ਸਿੱਖ ਨੂੰ, ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ, ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਲੈਣੇ ਚਾਹੀਦੇ ਹਨ ਅਤੇ ਆਪਣੇ ਪਰਿਵਾਰਾਂ ਵਿਚ ਹਰ ਇੱਕ ਨੂੰ ਇਹ ਸਹੀ ਨਾਂ ਪੱਕੇ ਕਰਾਉਣੇ ਚਾਹੀਦੇ ਹਨ।