ਸਿਡਨੀ ਰੌਲਟ, ਰੌਲਟ ਐਕਟ ਤੇ ਜਸਟਿਨ ਰੌਲਟ

ਗੁਲਜ਼ਾਰ ਸਿੰਘ ਸੰਧੂ
ਨਾਨਕ ਸਿੰਘ ਦੀ ‘ਖੂਨੀ ਵਿਸਾਖੀ’ ਨੂੰ ਅੰਗਰੇਜ਼ੀ ਉਲਥੇ ਅਤੇ ਪੁਸਤਕ ਬਾਰੇ ਲਿਖੇ ਗਏ ਅੱਧੀ ਦਰਜਨ ਲੇਖਾਂ ਵਾਲੀ ਅੰਗਰੇਜ਼ੀ ਐਡੀਸ਼ਨ ਨੂੰ ਸੰਪਾਦਨ ਕਰਨ ਵਾਲਾ ਉਸ ਦਾ ਪੋਤਰਾ ਨਵਦੀਪ ਸੂਰੀ ਹੈ, ਜੋ ਅੱਜ ਕੱਲ ਅਬੂ ਧਾਬੀ ‘ਚ ਭਾਰਤੀ ਰਾਜਦੂਤ ਵਜੋਂ ਤਾਇਨਾਤ ਹੈ। ਅੰਗਰੇਜ਼ੀ ਐਡੀਸ਼ਨ ਦੇ ਉਦਘਾਟਨ ਸਮੇਂ ਦੇ ਦੱਖਣੀ ਏਸ਼ੀਆ ਤੋਂ ਬੀ.ਬੀ.ਸੀ. ਪੱਤਰ ਪ੍ਰੇਰਕ ਜਸਟਿਨ ਰੌਲਟ ਵੀ ਹਾਜਰ ਸੀ। ਉਹ ਰੌਲਟ ਐਕਟ ਦੀ ਰੂਪ ਰੇਖਾ ਤਿਆਰ ਕਰਨ ਵਾਲੇ ਸਰ ਸਿਡਨੀ ਰੌਲਟ ਦਾ ਪੜਪੋਤਰਾ ਹੈ। ਅੰਗਰੇਜ਼ੀ ਐਡੀਸ਼ਨ ਵਿਚ ਸ਼ਾਮਲ ਆਪਣੇ ਪੜਦਾਦੇ ਬਾਰੇ ਉਸਦਾ ਲੇਖ “ਠਹe ੰਨਿਸ ਾ ਟਹe ਗਰeਅਟ ਗਰਅਨਦਾਅਟਹeਰ (ਪੜਦਾਦੇ ਦੇ ਪਾਪ) ਧਿਆਨ ਮੰਗਦਾ ਹੈ। 2018 ਦੀਆਂ ਗਰਮੀਆਂ ਤੱਕ ਨਵੀਂ ਦਿੱਲੀ ਰਹਿੰਦਿਆਂ ਜਸਟਿਨ ਅੰਮ੍ਰਿਤਸਰ ਵਿਚ ਜਲ੍ਹਿਆਂਵਾਲਾ ਬਾਗ ਵੀ ਗਿਆ, ਆਸਾਮ ਵਿਖੇ ਚਾਹ ਦੇ ਬਾਗਾਂ ਵਿਚ ਵੀ ਤੇ 2015 ਵਾਲੇ ਨੇਪਾਲ ਦੇ ਭੁਚਾਲ ਸਮੇਂ ਕਠਮੰਡੂ ਵੀ।

ਜਲ੍ਹਿਆਂਵਾਲੇ ਸਾਕੇ ਬਾਰੇ ਉਹ ਲਿਖਦਾ ਹੈ ਕਿ ਮੈਂ ਨਹੀਂ ਸੀ ਸੋਚਿਆ ਕਿ ਉਥੋਂ ਦਾ ਦੌਰਾ ਮੇਰੀਆਂ ਅੱਖਾਂ ਵਿਚ ਹੰਝੂਆਂ ਦਾ ਹੜ੍ਹ ਲੈ ਆਵੇਗਾ। ਉਸ ਨੂੰ ਦੀਵਾਰ ਉਤੇ ਗੋਲੀਆਂ ਦੇ ਨਿਸ਼ਾਨ ਅਤੇ ਉਹ ਖੂਹ ਵਿਖਾਉਣ ਵਾਲਾ, ਜਿਸ ਵਿਚ ਛਾਲਾਂ ਮਾਰ ਕੇ ਲੋਕ ਮਰੇ ਸਨ, ਜਲ੍ਹਿਆਂਵਾਲਾ ਬਾਗ ਦਾ ਤਤਕਾਲੀ ਚੈਅਰਮੈਨ ਐਸ਼ ਕੇ. ਮੁਕਰਜੀ ਸੀ। ਮੁਕਰਜੀ ਨੂੰ ਅਲਵਿਦਾ ਕਹਿਣ ਵੇਲੇ ਤਾਂ ਜਸਟਿਨ ਏਨਾ ਭਾਵੁਕ ਹੋ ਗਿਆ ਸੀ ਕਿ ਫੁੱਟ-ਫੁੱਟ ਕੇ ਰੋ ਪਿਆ ਸੀ, “ਮੇਰੀ ਭਾਵੁਕਤਾ ਦਾ ਵੱਡਾ ਕਾਰਨ ਮੇਰੇ ਮਨ ਵਿਚ ਸਿਡਨੀ ਰੌਲਟ ਦਾ ਪੜਪੋਤਰਾ ਹੋਣ ਦੀ ਸ਼ਰਮਿੰਦਗੀ ਹੈ।” ਉਹ ਲਿਖਦਾ ਹੈ, “ਜਿਹੜੇ ਨਿਰਦੋਸ਼ ਭਾਰਤੀ ਬਰਤਾਨਵੀ ਸਰਕਾਰ ਦੇ ਫੌਜੀਆਂ ਹੱਥੋਂ ਮਾਰੇ ਗਏ ਸਨ, ਉਹ ਉਸ ਕਾਲੇ ਕਾਨੂੰਨ ਦੀ ਵਿਰੋਧਤਾ ਕਰਨ ਲਈ ਇਕੱਠੇ ਹੋਏ ਸਨ, ਜੋ ਮੇਰੇ ਪੜਦਾਦੇ ਦੇ ਨਾਂ ਨਾਲ ਜੁੜਿਆ ਹੋਇਆ ਹੈ। ਇਹ ਕਾਨੂੰਨ ਹਰ ਭਾਰਤੀ ਦੀ ਮੁਢਲੀ ਸੁਤੰਤਰਤਾ ਖਤਮ ਕਰਨ ਵਾਲਾ ਸੀ।”
ਆਮ ਜਨਤਾ ਵਿਚ ਇਸ ਕਾਨੂੰਨ ਦੀ ਧਾਰਾ ‘ਨਾ ਦਲੀਲ, ਨਾ ਅਪੀਲ, ਨਾ ਵਕੀਲ’ ਮੰਨੀ ਗਈ ਸੀ। ਐਸ਼ ਕੇ. ਮੁਕਰਜੀ ਜਸਟਿਨ ਨੂੰ ਉਸ ਰਾਹ ਤੋਰ ਕੇ ਲੈ ਗਿਆ ਸੀ, ਜਿਸ ਰਾਹ ਤੋਂ ਜਨਰਲ ਡਾਇਰ ਆਪਣੇ 90 ਫੌਜੀਆਂ ਨਾਲ ਗਿਆ ਸੀ। ਐਸ਼ ਕੇ. ਮੁਕਰਜੀ ਦਾ ਦਾਦਾ ਸਸ਼ਟੀ ਮੁਕਰਜੀ ਵੀ ਕਤਲੇਆਮ ਵੇਲੇ ਬਾਗ ਵਿਚ ਹਾਜ਼ਰ ਸੀ। ਉਸ ਨੇ ਦੱਸਿਆ ਸੀ ਕਿ ਕਿਵੇਂ ਫੌਜੀਆਂ ਨੇ ਤੰਗ ਦਰਵਾਜੇ ਥਾਣੀਂ ਲੰਘ ਸੈਮੀ ਸਰਕਲ ਬਣਾ ਕੇ ਵਿਸਾਖੀ ਸੰਮੇਲਨ ਵਿਚ ਭਾਗ ਲੈਣ ਵਾਲਿਆਂ ਨੂੰ ਆਪਣੀ ਗੋਲੀ ਦਾ ਸ਼ਿਕਾਰ ਬਣਾਇਆ ਸੀ ਤੇ ਕਿਵੇਂ ਦਾਦਾ ਮੰਚ ਪਿੱਛੇ ਛੁਪ ਕੇ ਬਚਿਆ ਸੀ। ਫੌਜੀਆਂ ਨੇ ਲਗਾਤਾਰ ਦਸ ਮਿੰਟ ਗੋਲੀ ਚਲਾਈ, ਜਿਸ ਵਿਚ ਸ਼ਾਹੀ ਦਸਤਾਵੇਜ਼ਾਂ ਅਨੁਸਾਰ 1650 ਗੋਲੀਆਂ ਨਾਲ 379 ਬੰਦੇ ਮਾਰੇ ਗਏ ਤੇ 1137 ਜ਼ਖਮੀ ਹੋਏ। (ਭਾਰਤੀ ਸਰੋਤਾਂ ਅਨੁਸਾਰ ਇਹ ਗਿਣਤੀ ਬਹੁਤ ਵੱਧ ਸੀ।) ਇਥੇ ਹੀ ਬਸ ਨਹੀਂ, ਗੋਲੀਬਾਰੀ ਤੋਂ ਪਿੱਛੋਂ ਡਾਇਰ ਨੇ ਕਰਫਿਊ ਲਾ ਕੇ ਧਮਕੀ ਦਿੱਤੀ ਸੀ ਕਿ ਸੜਕ ‘ਤੇ ਦਿਖਾਈ ਦਿੰਦੇ ਕਿਸੇ ਵੀ ਬੰਦੇ ਨੂੰ ਗੋਲੀ ਮਾਰ ਦਿੱਤੀ ਜਾਵੇ। ਸਿਡਨੀ ਰੌਲਟ ਦਾ ਦਿਹਾਂਤ ਜਸਟਿਨ ਦੇ ਜਨਮ ਤੋਂ ਪਹਿਲਾਂ ਹੋ ਚੁਕਾ ਸੀ, ਪਰ ਉਸ ਨੂੰ ਪਤਾ ਸੀ ਕਿ ਸਿਡਨੀ ਪੇਸ਼ੇ ਵਜੋਂ ਜੱਜ ਸੀ ਤੇ ਉਸ ਨੂੰ ਵਿਸ਼ਵ ਯੁੱਧ ਦੇ ਅੰਤ ‘ਤੇ ਸੈਡੀਸ਼ਨ ਕਮੇਟੀ ਦਾ ਮੁਖੀ ਬਣਾ ਕੇ ਨਵੰਬਰ 1917 ਵਿਚ ਹਿੰਦੁਸਤਾਨ ਭੇਜਿਆ ਗਿਆ ਸੀ। ਉਸ ਨੇ ਇਸ ਨਿਯੁਕਤੀ ਦਾ ਅਸਲ ਮੰਤਵ ਕਦੀ ਕਿਸੇ ਨੂੰ ਨਹੀਂ ਸੀ ਦੱਸਿਆ। ਚਿੱਠੀ ਪੱਤਰਾਂ ਤੋਂ ਕੇਵਲ ਇਹੀਓ ਪਤਾ ਲਗਦਾ ਸੀ ਕਿ ਉਸ ਦੇ ਨਵੀਂ ਦਿੱਲੀ ਪਹੁੰਚਣ ਸਮੇਂ ਨਵੇਂ ਸ਼ਹਿਰ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ। ਵਾਇਸਰਾਏ ਦੀ ਨਵੀਂ ਰਿਹਾਇਸ਼ ਸਾਹਮਣੇ ਬਕਿੰਘਮ ਪੈਲੇਸ ਨੇ ਨਿਰੀ ਝੌਪੜੀ ਲੱਗਣਾ ਸੀ।
ਜਸਟਿਨ ਰੌਲਟ ਦੇ ਲਿਖਣ ਅਨੁਸਾਰ ਉਸ ਨੇ ਅਪਣੇ ਪੜਦਾਦਾ ਦੀ ਲਿਖੀ ਹੋਈ ਰਿਪੋਰਟ ਦੀ ਕਾਪੀ ਜ਼ਰੂਰ ਵੇਖੀ ਸੀ, ਜਿਸ ਵਿਚ ਭਾਰਤੀ ਬਾਗੀਆਂ ਦੀਆਂ ਗਤੀਵਿਧੀਆਂ ਦਾ ਵਿਸਥਾਰ ਸੀ। ਉਸ ਗੋਲੀਬਾਰੀ, ਬੰਬਾਰੀ ਤੇ ਕਤਲਾਂ ਦਾ ਵੀ, ਜਿਨ੍ਹਾਂ ਨੂੰ ਕੋਈ ਅਦਾਲਤ ਨਜਿੱਠ ਨਹੀਂ ਸੀ ਸਕਦੀ, ਕਿਉਂਕਿ ਗਵਾਹ ਡਰਾਏ ਧਮਕਾਏ ਜਾਂਦੇ ਸਨ ਤੇ ਜੱਜ ਅਤੇ ਵਕੀਲ ਵੀ ਬਖਸ਼ੇ ਨਹੀਂ ਸਨ ਜਾਂਦੇ। ਇਸ ਰਿਪੋਰਟ ਵਿਚ ਇਹ ਕਿਧਰੇ ਨਹੀਂ ਸੀ ਲਿਖਿਆ ਕਿ ਹਿੰਦੁਸਤਾਨੀ ਕੀ ਚਾਹੁੰਦੇ ਸਨ।
ਜਸਟਿਨ ਲਿਖਦਾ ਹੈ ਕਿ ਉਸ ਦੇ ਪੜਦਾਦੇ ਨੂੰ ਹਿੰਦੁਸਤਾਨੀਆਂ ਦੀ ਧਾਰਨਾ ਦਾ ਪੂਰਾ ਗਿਆਨ ਸੀ। ਇਹ ਵੀ ਕਿ ਬਰਤਾਨੀਆ ਲਈ ਭਾਰਤ ਵਿਚ ਖੇਲ ਖਤਮ ਹੋ ਚੁਕਾ ਸੀ ਅਤੇ ਗੋਰੀ ਸਰਕਾਰ ਨੂੰ ਉਕਾ ਹੀ ਨਹੀਂ ਸੀ ਸੁੱਝ ਰਿਹਾ ਕਿ ਅਸ਼ਾਂਤੀ ਨੂੰ ਕਿਵੇਂ ਨੱਥ ਪਾਉਣੀ ਹੈ। ਫੇਰ ਵੀ ਉਸ ਨੇ ਅਜਿਹਾ ਬਿੱਲ ਤਿਆਰ ਕੀਤਾ, ਜਿਸ ਦੇ ਲੈਜਿਸਲੇਟਿਵ ਕੌਂਸਲ ਵਿਚ ਜਾਣ ਸਮੇਂ ਹਰ ਭਾਰਤੀ ਮੈਂਬਰ ਨੇ ਇਸ ਦਾ ਵਿਰੋਧ ਕੀਤਾ ਸੀ। ਇਹ ਬਿੱਲ ਅੰਗਰੇਜ਼ਾਂ ਵਲੋਂ ਨਿਯੁਕਤ ਕੀਤੇ ਹੋਰ ਨਾਮਜ਼ਦ ਮੈਂਬਰਾਂ ਦੀ ਮਦਦ ਨਾਲ ਹੀ ਪਾਸ ਹੋ ਸਕਿਆ ਸੀ। ਉਨ੍ਹਾਂ ਨੇ, ਜੋ ਕੁਝ ਲੰਡਨ ਚਾਹੁੰਦਾ ਸੀ, ਉਸ ਦਾ ਸਮਰਥਨ ਕਰਨਾ ਸੀ।
ਜਸਟਿਨ ਰੌਲਟ ਅਨੁਸਾਰ ਇਸ ਬਿੱਲ ਦੇ ਪਾਸ ਹੋਣ ਤੱਕ ਐਮ. ਕੇ. ਗਾਂਧੀ ਇੱਕ ਸਾਧਾਰਨ ਨੇਤਾ ਸੀ, ਪਰ ਇਸ ਦੇ ਵਿਰੋਧ ਵਿਚ ਕੀਤੇ ਸਤਿਆਗ੍ਰਹਿ ਨੇ ਹੀ ਗਾਂਧੀ ਨੂੰ ਰਾਸ਼ਟਰੀ ਨੇਤਾ ਬਣਾਇਆ ਸੀ। ਜਸਟਿਨ ਦੀ ਗਾਂਧੀ ਦੇ ਪੋਤਰੇ ਤੁਸ਼ਾਰ ਗਾਂਧੀ ਨਾਲ ਵੀ ਮੁਲਾਕਾਤ ਹੋਈ, ਇਸ ਵਿਚ ਤੁਸ਼ਾਰ ਨੇ ਕਿਹਾ ਸੀ, “ਅਸੀਂ ਤੁਹਾਡੇ ਦਾਦੇ ਦੇ ਸ਼ੁਕਰਗੁਜ਼ਾਰ ਹਾਂ, ਜਿਸ ਨੇ ਬਰਤਾਨਵੀ ਸ਼ਹਿਨਸ਼ਾਹੀਅਤ ਦੇ ਕੱਫਣ ਵਿਚ ਪਹਿਲਾ ਕਿੱਲ ਠੋਕਿਆ।” ਇਹ ਬੋਲ ਸੁਣਨਾ ਜਸਟਿਨ ਦੀ ਸ਼ਰਮਿੰਦਗੀ ਦਾ ਸਿਖਰ ਸੀ।
ਇਹ ਵੀ ਬੜੇ ਸਬੱਬ ਦੀ ਗੱਲ ਹੈ ਕਿ ਜਦੋਂ ਮੈਂ ਨਾਨਕ ਸਿੰਘ ਦੀ ‘ਖੂਨੀ ਵਿਸਾਖੀ’ ਵਿਚ ਛਪਿਆ ਜਸਟਿਨ ਰੌਲਟ ਦਾ ਆਪਣੇ ਪੜਦਾਦੇ ਬਾਰੇ ਲਿਖਿਆ ਲੇਖ ਪੜ੍ਹ ਰਿਹਾ ਸਾਂ ਤਾਂ ਉਸ ਦਿਨ ਸੁਤੰਤਰ ਭਾਰਤ ਦੀ ਇਸੇ ਵਰ੍ਹੇ ਚੁਣੀ ਨਵੀਂ ਸਰਕਾਰ ਸੰਸਦ ਵਿਚ ਆਪਣੀ ਵਹਿਸ਼ੀ ਬਹੁ-ਗਿਣਤੀ ਸਦਕਾ ਕੁਝ ਇਤਿਹਾਸਕ ਬਿੱਲਾਂ ਸਮੇਤ ਉਹ ਬਿੱਲ ਪਾਸ ਕਰਾਉਣ ਵਿਚ ਸਫਲ ਹੋ ਗਈ ਸੀ, ਜਿਸ ਅਧੀਨ ਕਿਸੇ ਵੀ ਵਿਅਕਤੀ ਨੂੰ ਅਤਿਵਾਦੀ ਕਰਾਰ ਦੇ ਕੇ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾ ਸਕਦੀ ਹੈ, ਭਾਵੇਂ ਉਹ ਕਿਸੇ ਅਤਿਵਾਦੀ ਸੰਗਠਨ ਦਾ ਮੈਂਬਰ ਹੈ ਜਾਂ ਨਹੀਂ। ਸਰਕਾਰ ਲਈ ਇਹ ਦਲੀਲ ਕੋਈ ਅਰਥ ਨਹੀਂ ਸੀ ਰਖਦੀ ਕਿ ਉਨ੍ਹਾਂ ਦੇ ਰਾਜ ਵਿਚ ਵੀ ਕੋਈ ਡਾਇਰ ਜਾਂ ਉਡਵਾਇਰ ਉਭਰ ਸਕਦਾ ਹੈ। ਖਾਸ ਕਰਕੇ ਦੇਸ਼ ਲਈ ਕਿ ਜਿਸ ਸੰਘ ਦੀਆਂ ਥੰਮੀਆ ਉਤੇ ਇਹ ਸਰਕਾਰ ਖੜ੍ਹੀ ਹੈ, ਉਸ ਦੀ ਮੂਲ ਧਾਰਨਾ ਸਭ ਜਾਣਦੇ ਹਨ। ਇਕ ਗੱਲ ਤਾਂ ਨਿਸਚੇ ਨਾਲ ਕਹੀ ਜਾ ਸਕਦੀ ਹੈ ਕਿ ਇਸ ਸਰਕਾਰ ਦੇ ਕਰਤੇ ਧਰਤਿਆਂ ਨੂੰ ਸੌ ਸਾਲ ਪਿੱਛੋਂ ਕੋਈ ਜਸਟਿਨ ਵਰਗਾ ਨਾਮਾਨਿਗਾਰ ਨਹੀਂ ਮਿਲਣ ਲੱਗਾ, ਜੋ ਇਸ ਨੂੰ ਬਰੀ ਕਰਵਾ ਸਕੇ।
ਅੰਤਿਕਾ: ਨਾਨਕ ਸਿੰਘ ਵੱਲੋਂ ਵਿਸਾਖੀ ਦੇ ਸ਼ਹੀਦਾਂ ਨੂੰ ਅੰਤਿਮ ਫਤਿਹ
ਅਸਾਂ ਵੀਰਾਂ ਨੂੰ ਰੱਖਣਾ ਯਾਦ ਹਰਦਮ,
ਮਤਾਂ ਦਿਓ ਵਿਸਾਰ ਜਮਾਤੀਆਂ ਨੂੰ।
ਤੁਸੀਂ ਹੋਵਣਾ ਨਹੀਂ ਮਾਯੂਸ ਵੀਰੋ,
ਸੀਨੇ ਵਿਚ ਸਹਾਰਨਾ ਕਾਤੀਆਂ ਨੂੰ।
ਜੇਕਰ ਨਹੀਂ ਇਤਬਾਰ ਜ਼ੁਬਾਨ ਉਤੇ,
ਆ ਕੇ ਵੇਖ ਲੌ ਛੱਲਣੀ ਛਾਤੀਆਂ ਨੂੰ।
ਲੌ ਹੁਣ ਅੰਤ ਦੀ ਫਤਿਹ ਬੁਲਾਂਵਦੇ ਹਾਂ,
ਯਾਦ ਰੱਖਣਾ ਸਾਡੀਆਂ ਬਾਤੀਆਂ ਨੂੰ।