ਰੇਡੀਓ ਲਾਹੌਰ ਵਾਲਾ ਚੌਧਰੀ ਨਿਜ਼ਾਮੁਦੀਨ ਮੋਦੇ

ਚੜ੍ਹਦੇ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਵੱਸਦੇ ਲੋਕਾਂ ਦਾ ਵਾਸਤਾ ਲਾਹੌਰ ਰੇਡੀਓ ਨਾਲ ਬੜਾ ਨੇੜਲਾ ਰਿਹਾ ਹੈ। ਉਥੋਂ ਦਾ ਇਕ ਕਲਾਕਾਰ ਚੌਧਰੀ ਨਿਜ਼ਾਮੁਦੀਨ ਆਪਣੇ ਲਹਿਜੇ ਕਰਕੇ ਲਹਿੰਦੇ ਪੰਜਾਬ ਵਿਚ ਜਿੰਨਾ ਪਿਆਰ ਹਾਸਲ ਕਰਦਾ ਸੀ, ਸ਼ਾਇਦ ਉਸ ਤੋਂ ਕਿਤੇ ਵੱਧ ਚੜ੍ਹਦੇ ਪੰਜਾਬ ਵਿਚ ਸਤਕਾਰਿਆ ਜਾਂਦਾ ਸੀ। ਜਸਵੰਤ ਸਿੰਘ ਸੰਧੂ ਜੋ ਗਾਹੇ-ਬਗਾਹੇ ਪੰਜਾਬ ਟਾਈਮਜ਼ ਵਿਚ ਭਰਵੀਂ ਹਾਜ਼ਰੀ ਲੁਆਉਂਦੇ ਹਨ, ਨੇ ਐਤਕੀਂ ਇਸ ਨਾਮੀ ਕਲਾਕਾਰ ਬਾਰੇ ਲਿਖ ਭੇਜਿਆ ਹੈ। ਇਹ ਦਿਲਚਸਪ ਲਿਖਤ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

-ਸੰਪਾਦਕ

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ 510-909-8204

ਅੱਜ ਅਸੀਂ ਰੋਜ਼ ਵਾਪਰਦੀਆਂ ਘਟਨਾਵਾਂ ਟੀ.ਵੀ. ਅਤੇ ਸੋਸ਼ਲ ਮੀਡੀਏ ਰਾਹੀਂ ਵੇਖ ਤੇ ਸੁਣ ਸਕਦੇ ਹਾਂ। ਜਿਸ ਸਮੇਂ ਦੀ ਇਹ ਗੱਲ ਹੈ, ਉਦੋਂ ਇਹ ਸਾਧਨ ਮੌਜੂਦ ਨਹੀਂ ਸਨ। ਉਦੋਂ ਰੇਡੀਓ ਸਟੇਸ਼ਨ ਜਲੰਧਰ ਅਤੇ ਲਾਹੌਰ ਸਾਡੇ ਇਲਾਕੇ ਵਿਚ ਸੁਣੇ ਜਾਂਦੇ ਸਨ। ਜਲੰਧਰ ਰੇਡੀਓ ਤੋਂ ਪੇਂਡੂ ਭਰਾਵਾਂ ਲਈ ਵਧੀਆ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਸਨ, ਪਰ ਮਝੈਲ ਲਹਿਜੇ ਵਾਲੀ ਬੋਲੀ ਦਾ ਰੰਗ ਤੇ ਬੇਬਾਕ ਗੱਲਾਂ ਵਧੇਰੇ ਖਿੱਚ ਪਾਉਂਦੀਆਂ; ਇਸੇ ਕਰਕੇ ਬਾਰਡਰ ਦੇ ਲੋਕ ਰੇਡੀਓ ਸਟੇਸ਼ਨ ਲਾਹੌਰ ਜ਼ਿਆਦਾ ਸੁਣਦੇ ਸਨ। ਲਾਹੌਰ ਰੇਡੀਓ ਤੋਂ ‘ਸੋਹਣੀ ਧਰਤੀ’ ਨਾਂ ਦਾ ਪ੍ਰੋਗਰਾਮ ਠੇਠ ਪੰਜਾਬੀ ਵਿਚ ਪੇਂਡੂ ਭਰਾਵਾਂ ਲਈ ਨਸ਼ਰ ਹੁੰਦਾ ਸੀ।
ਚੌਧਰੀ ਨਿਜ਼ਾਮੁਦੀਨ ਅਤੇ ਉਸ ਦਾ ਸਾਥੀ ਚੌਧਰੀ ਸਾਹਿਬ ਇਹ ਪ੍ਰੋਗਰਾਮ ਪੇਸ਼ ਕਰਦੇ। ਦੋਵੇਂ ਵਧੀਆ ਰੇਡੀਓ ਕਲਾਕਾਰ ਸਨ। ਨਿਜ਼ਾਮੁਦੀਨ ਨੂੰ ਤਾਂ ਪਾਕਿਸਤਾਨ ਸਰਕਾਰ ਨੇ ਰੇਡੀਓ ਪਾਕਿਸਤਾਨ ਲਾਹੌਰ ਦਾ ਵਧੀਆ ਕਲਾਕਾਰ ਹੋਣ ਦਾ ਸਨਮਾਨ ਵੀ ਦਿੱਤਾ ਸੀ।
ਨਿਜ਼ਾਮੁਦੀਨ ਮੁਲਕ ਦੀ ਵੰਡ ਤੋਂ ਬਾਅਦ ਲਾਹੌਰ ਰੇਡੀਓ ਤੋਂ ਪੇਂਡੂ ਭਰਾਵਾਂ ਲਈ ਸ਼ਾਮ ਨੂੰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਵਿਚ ਕਈ ਦਹਾਕਿਆਂ ਤੱਕ ਆਪਣੀ ਬੋਲ-ਕਲਾ ਦੇ ਜੌਹਰ ਵਿਖਾਉਂਦਾ ਰਿਹਾ। ਰੇਡੀਓ ਉਤੇ ਗੱਲਬਾਤ ਕਰਦਿਆਂ ਉਹ ਆਪਣੇ ਪੁਰਾਣੇ ਪਿੰਡ ਮੋਦੇ (ਅੰਮ੍ਰਿਤਸਰ) ਅਤੇ ਜਾਣ-ਪਛਾਣ ਵਾਲੇ ਲੋਕਾਂ ਦਾ ਜ਼ਿਕਰ ਬੜੇ ਤਿਹ-ਮੋਹ ਨਾਲ ਕਰਦਾ। ਆਪਣੇ ਪਿੰਡ ਨੂੰ ਯਾਦ ਕਰਦਿਆਂ ਉਹ ਕਈ ਵਾਰੀ ਰੇਡੀਓ ਤੋਂ ਕਹਿ ਜਾਂਦਾ, “ਮੈਂ ਸੱਤਾ ਵਲੈਤਾਂ ਨੂੰ ਵਾਰ ਸੁੱਟਾਂ, ਆਪਣੇ ਪਿੰਡ ਦੀ ਨਿੱਕੀ ਜਿਹੀ ਗਲੀ ਉਤੋਂ।”
ਮਾਪਿਆਂ ਨੇ ਨਿਜ਼ਾਮੁਦੀਨ ਦਾ ਨਾਂ ਸੁਲਤਾਨ ਬੇਗ ਰਖਿਆ ਸੀ। ਨਿਜ਼ਾਮੁਦੀਨ ਉਸ ਦਾ ਰੇਡੀਓ ਦਾ ਨਾਂ ਸੀ। ਇਹ ਦੋਵੇਂ ਜਦੋਂ ਪ੍ਰੋਗਰਾਮ ਪੇਸ਼ ਕਰਦੇ ਤਾਂ ਚੌਧਰੀ ਸਾਹਿਬ (ਅਸਲ ਨਾਂ ਅਬਦੁਲ ਲਤੀਫ ਮੁਸਾਫਿਰ) ਦਾ ਰੋਲ ਪੜ੍ਹੇ-ਲਿਖੇ ਤੇ ਸਿਆਣੇ ਬੰਦੇ ਵਾਲੇ ਹੁੰਦਾ। ਉਹ ਕਿਸੇ ਵੀ ਮਸਲੇ ਬਾਰੇ ਆਪਣੀ ਫੈਸਲਾਕੁਨ ਰਾਏ ਦਿੰਦਾ ਅਤੇ ਨਿਜ਼ਾਮੁਦੀਨ ਸਿੱਧੇ-ਸਾਦੇ ਪੇਂਡੂ ਵਾਲਾ ਰੋਲ ਅਦਾ ਕਰਦਾ। ਉਹਦੀਆਂ ਭੋਲੀਆਂ-ਭਾਲੀਆਂ ਅਤੇ ਝੱਲ-ਬਲੱਲੀਆਂ ਵਿਚ ਵੀ ਡੂੰਘਾ ਵਿਅੰਗ ਤੇ ਹਾਸਰਸ ਹੁੰਦਾ। ਉਹਦੀ ਬੋਲੀ ਦਾ ਪੇਂਡੂ ਲੋਕ-ਮੁਹਾਵਰਾ ਅਜਿਹਾ ਜਾਨਦਾਰ ਸੀ ਅਤੇ ਉਸ ਵਿਚ ਪੰਜਾਬੀ ਸੁਭਾਅ ਦੀ ਅਜਿਹੀ ਮੜਕ ਤੇ ਖੁਸ਼ਬੂ ਹੁੰਦੀ ਕਿ ਲੋਕ ਉਹਦੀਆਂ ਗੱਲਾਂ ਦਾ ਰਸ ਲੈਣ ਲਈ ਉਚੇਚੇ ਤੌਰ ‘ਤੇ ਲਾਹੌਰ ਰੇਡੀਓ ਸੁਣਦੇ।
ਅਗਲੇ ਦਿਨ ਲੋਕ ਉਹਦੀਆਂ ਕੀਤੀਆਂ ਗੱਲਾਂ ਦੁਹਰਾਉਂਦੇ ਅਤੇ ਇਨ੍ਹਾਂ ਵਿਚਲੇ ਤਿੱਖੇ ਵਿਅੰਗ ਅਤੇ ਹਾਸੇ ਦਾ ਸਵਾਦ ਵੀ ਲੈਂਦੇ। ਅੱਜ ਵੀ ਕਦੀ ਕਦੀ ਉਨ੍ਹਾਂ ਵੇਲਿਆਂ ਦੇ ਸਾਡੇ ਵਰਗੇ ਲੋਕ ਉਸ ਦੀ ਕਹੀ ਹੋਈ ਗੱਲ ਸੁਣਾ ਕੇ ਯਾਦ ਤਾਜ਼ਾ ਕਰ ਲੈਂਦੇ ਹਨ। ਉਹ ਪਿੰਡ ਦੀ ਆਤਮਾ ਨਾਲ ਜੁੜਿਆ ਹੋਇਆ ਬੰਦਾ ਸੀ।
ਚੌਧਰੀ ਨਿਜ਼ਾਮੁਦੀਨ ਦਾ ਜਨਮ ਪਿੰਡ ਮੋਦੇ (ਨੇੜੇ ਅਟਾਰੀ ਸ਼ ਸ਼ਾਮ ਸਿੰਘ) ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਸ ਦੇ ਖਾਨਦਾਨ ਦਾ ਸਬੰਧ ਪੱਟੀ ਦੇ ਮੁਗਲ ਘਰਾਣੇ ਨਾਲ ਸੀ। ਉਸ ਦੇ ਵਾਲਦ (ਬਾਪ) ਅਟਾਰੀ ਜ਼ੈਲ ਦੇ ਜ਼ੈਲਦਾਰ ਸਨ। ਬਚਪਨ ਤੋਂ ਹੀ ਉਸ ਦਾ ਸੁਭਾਅ ਹਾਸੇ-ਮਖੌਲ ਵਾਲਾ ਸੀ। ਮੇਰਾ ਪਿੰਡ ਉਸ ਦੇ ਪਿੰਡ ਤੋਂ ਚੜ੍ਹਦੇ ਵੱਲ ਅੱਠ ਮੀਲ ਹੈ। ਉਸ ਨੇ ਦਸਵੀਂ ਜਮਾਤ ਡੀ.ਸੀ. ਹਾਈ ਸਕੂਲ ਅਟਾਰੀ (ਅੰਮ੍ਰਿਤਸਰ) ਤੋਂ ਪਾਸ ਕੀਤੀ। ਮੈਂ ਵੀ ਇਸੇ ਸਕੂਲ ਤੋਂ 1959 ਵਿਚ ਦਸਵੀਂ ਪਾਸ ਕੀਤੀ। ਇਉਂ ਮੈਂ ਉਸ ਦਾ ਸਕੂਲ ਫੈਲੋ ਹਾਂ। ਉਚੇਰੀ ਵਿਦਿਆ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।
ਵਿਦਿਆਰਥੀ ਜੀਵਨ ਵਿਚ ਵੀ ਉਹਦਾ ਸੁਭਾਅ ਹਾਸੇ-ਠੱਠੇ ਵਾਲਾ ਸੀ। ਉਸ ਦੇ ਇਕ ਜਮਾਤੀ ਨੇ ਗੱਲ ਸੁਣਾਈ ਕਿ ਅਟਾਰੀ ਸਕੂਲ ਦੇ 41 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ, ਜਿਸ ਵਿਚੋਂ 38 ਫੇਲ੍ਹ ਹੋ ਗਏ। ਇਕ ਅਧਿਆਪਕ ਨੇ ਸੁਲਤਾਨ ਬੇਗ (ਨਿਜ਼ਾਮੁਦੀਨ) ਨੂੰ ਕਿਹਾ, “ਓ ਬੇਗਿਆ! ਪੜ੍ਹਿਆ ਕਰੋ, ਵੇਖ ਲੈ ਇਸ ਵਾਰ ਦਸਵੀਂ ਦਾ ਨਤੀਜਾ ਕਿੰਨਾ ਮਾੜਾ ਆਇਆ ਹੈ।” ਅੱਗਿਉਂ ਬੇਗੇ ਦਾ ਜਵਾਬ ਸੀ, “ਮਾਸਟਰ ਜੀ! ਨਤੀਜੇ ਮਾੜੇ ਦਾ ਮੈਨੂੰ ਪਤਾ ਨਹੀਂ, ਉਸ ਤਰ੍ਹਾਂ ਵੇਖ ਲਉ ਰੌਣਕ ਕਿਹੜੇ ਪਾਸੇ ਵੱਧ ਹੈ।”
ਸੁਲਤਾਨ ਬੇਗ (ਨਿਜ਼ਾਮੁਦੀਨ) ਨੇ ਪੜ੍ਹਾਈ ਖਤਮ ਕਰਕੇ ‘ਰਿਆਸਤ’ ਅਖਬਾਰ ਦੇ ਦਫਤਰ ਵਿਚ ਛੇ ਆਨੇ ਦਿਹਾੜੀ ‘ਤੇ ਨੌਕਰੀ ਕੀਤੀ। ਜਦ ਦੂਜੀ ਸੰਸਾਰ ਜੰਗ ਲੱਗ ਗਈ ਤਾਂ ਉਹ 34 ਰੁਪਏ ਮਹੀਨੇ ਉਤੇ ਸਟੋਰ ਮੁਨਸ਼ੀ ਲੱਗ ਗਿਆ। ਲੜਾਈ ਖਤਮ ਹੋਣ ‘ਤੇ ਨੌਕਰੀਓਂ ਜਵਾਬ ਮਿਲ ਗਿਆ। ਪ੍ਰਸਿਧ ਐਕਟਰ ਓਮ ਪ੍ਰਕਾਸ਼ ਉਸ ਦਾ ਯਾਰ ਸੀ। ਉਸ ਨੇ ਦੱਸ ਪਾਈ, ਰੇਡੀਓ ਸਟੇਸ਼ਨ ਲਾਹੌਰ ਵਿਚ ਇਕ ਜਗ੍ਹਾ ਖਾਲੀ ਹੈ, ਦਰਖਾਸਤ ਦੇਹ। ਉਸ ਵਕਤ ਲਾਹੌਰ ਤੋਂ ਜੇ.ਕੇ. ਬੱਸਾਂ ਜੰਮੂ ਕਸ਼ਮੀਰ ਨੂੰ ਚਲਦੀਆਂ ਸਨ। ਉਹ ਰੇਡੀਓ ਸਟੇਸ਼ਨ ਲਾਹੌਰ ਦੇ ਡਾਇਰੈਕਟਰ ਦੇ ਦਫਤਰ ਜਾ ਪੁੱਜਾ, ਅੱਗੇ ਨੇਮ ਪਲੇਟ ਲੱਗੀ ਸੀ, ਜੇ.ਕੇ. ਮਹਿਰਾ। ਨਿਜ਼ਾਮੁਦੀਨ ਨੂੰ ਸ਼ਰਾਰਤ ਸੁੱਝੀ, ਉਸ ਨੇ ਡਾਇਰੈਕਟਰ ਨੂੰ ਕਿਹਾ, “ਜੀ, ਮੈਂ ਜੰਮੂ ਕਸ਼ਮੀਰ (ਜੇ.ਕੇ.) ਬੱਸ ਦੀ ਟਿਕਟ ਲੈਣੀ ਹੈ। ਨਾਲ ਹੀ ਪੰਜਾਂ ਦਾ ਨੋਟ ਮੇਜ਼ ਉਤੇ ਰੱਖ ਦਿੱਤਾ।” ਡਾਇਰੈਟਰ ਨੇ ਕਿਹਾ, “ਇਹ ਤਾਂ ਰੇਡੀਓ ਸਟੇਸ਼ਨ ਦਾ ਦਫਤਰ ਹੈ, ਤੈਨੂੰ ਭੁਲੇਖਾ ਲੱਗੈ।” ਨਿਜ਼ਾਮੁਦੀਨ ਨੇ ਕਿਹਾ, “ਜੀ ਬਾਹਰ ਜੇ.ਕੇ. ਮਹਿਰਾ ਲਿਖਿਆ, ਮੈਂ ਸਮਝਿਆ ਇਹ ਜੇ.ਕੇ. ਬ੍ਰਾਂਚ ਦਾ ਦਫਤਰ ਹੈ ਤੇ ਇਥੇ ਬੱਸਾਂ ਦੀਆਂ ਟਿਕਟਾਂ ਮਿਲਦੀਆਂ ਹਨ।” ਜੁਗਲ ਕਿਸ਼ੋਰ ਮਹਿਰਾ ਉਸ ਦੇ ਜਵਾਬ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸੇ ਵੇਲੇ ਅਰਜ਼ੀ ਲੈ ਕੇ ਉਸ ਨੂੰ 75 ਰੁਪਏ ਮਹੀਨਾ ‘ਤੇ ਭਰਤੀ ਕਰ ਲਿਆ। 27 ਜਨਵਰੀ 1945 ਨੂੰ ਨਿਜ਼ਾਮੁਦੀਨ ਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਪਹਿਲਾ ਪ੍ਰੋਗਰਾਮ ਪੇਸ਼ ਕੀਤਾ।
ਪਾਕਿਸਤਾਨ ਬਣਿਆ ਤਾਂ ਉਹ ਆਪਣੀ ਜਨਮ ਭੂਮੀ ਮੋਦੇ ਛੱਡ ਕੇ ਲਾਹੌਰ ਚਲਾ ਗਿਆ ਪਰ ਉਹ ਆਪਣੇ ਪਿੰਡ, ਜਮਾਤੀਆਂ ਅਤੇ ਯਾਰਾਂ-ਦੋਸਤਾਂ ਨੂੰ ਨਾ ਭੁਲਾ ਸਕਿਆ। ਉਹ ਦੂਜੇ ਤੀਜੇ ਸਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਉਂਦਾ ਅਤੇ ਪਿੰਡ ਦਾ ਆਪਣਾ ਜੱਦੀ ਘਰ ਵਿਖਾਉਂਦਾ ਤੇ ਆਪਣੇ ਹਾਣੀਆਂ, ਦੋਸਤਾਂ-ਮਿੱਤਰਾਂ ਨੂੰ ਮਿਲਾਉਂਦਾ। ਉਹ ਪੰਜਾਬ ਦਾ ਸੱਚਾ ਸਪੂਤ ਸੀ, ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲਾ। ਜਦ ਕੋਈ ਪੰਜਾਬੀ ਉਸ ਨਾਲ ਉਰਦੂ ਜਾਂ ਅੰਗਰੇਜ਼ੀ ਵਿਚ ਗੱਲ ਕਰਦਾ, ਉਹ ਉਸ ਨੂੰ ਬਿਮਾਰ ਆਖਦਾ।
ਪਾਕਿਸਤਾਨ ਮਜ਼ਹਬ ਦੇ ਨਾਂ ‘ਤੇ ਬਣਿਆ ਸੀ ਪਰ ਉਹ ਮਜ਼ਹਬਾਂ ਤੋਂ ਉਪਰ ਸੋਚ ਦਾ ਮਾਲਕ ਸੀ। ਮੈਂ ਉਸ ਨੂੰ ਪਹਿਲੀ ਵਾਰ 1961 ਵਿਚ ਸੁਣਿਆ, ਜਦੋਂ ਉਹ ਨੂਰਦੀਨ (ਸੁਲਤਾਨ ਖੂਸਟ ਜੋ ਪਾਕਿਸਤਾਨੀ ਡਰਾਮੇ ‘ਅੰਧੇਰਾ ਉਜਾਲਾ’ ਦੇ ਹੌਲਦਾਰ ਪਾਤਰ ਇਰਫਾਨ ਖੂਸਟ ਦਾ ਬਾਪ ਸੀ) ਨਾਲ ਪ੍ਰੋਗਰਾਮ ਦਿੰਦਾ ਹੁੰਦਾ ਸੀ। ਨੂਰਦੀਨ ਦੀ ਮੌਤ ਤੋਂ ਬਾਅਦ ‘ਚੌਧਰੀ ਸਾਹਿਬ’ ਉਸ ਦਾ ਸਾਥੀ ਬਣਿਆ। ਉਸ ਨੇ ਕਈ ਵਾਰ ਗੁਰੂ ਨਾਨਕ ਦੀ ਬਾਣੀ ਦੀਆਂ ਤੁਕਾਂ ਰੇਡੀਓ ਲਾਹੌਰ ਤੋਂ ਬੜੇ ਅਦਬ ਨਾਲ ਬੋਲਣੀਆਂ। ਰੇਡੀਓ ਤੋਂ ਬਾਬੇ ਨਾਨਕ ਦਾ ਜ਼ਿਕਰ ਸੁਣ ਕੇ ਮੈਨੂੰ ਉਸ ਨਾਲ ਬੜਾ ਲਾਡ ਆਉਂਦਾ ਸੀ।
1965 ਦੀ ਜੰਗ ਲੱਗ ਗਈ। ਸਭ ਅਖਬਾਰ ਪਿੰਡ ਵਿਚ ਆਉਣੇ ਬੰਦ ਹੋ ਗਏ। ਉਹ ਰੇਡੀਓ ਤੋਂ ਆਪਣੀ ਫੌਜ ਅਤੇ ਲੋਕਾਂ ਦੇ ਹੌਸਲੇ ਬੁਲੰਦ ਰੱਖਣ ਲਈ ਧੜੱਲੇਦਾਰ ਪ੍ਰਚਾਰ ਕਰਦਾ। ਉਹਦੇ ਪ੍ਰਚਾਰ ਪਿੱਛੇ ਬੜਾ ਕੁਝ ਛੁਪਿਆ ਹੁੰਦਾ। ਉਹ ਸਿੱਖਾਂ ਨੂੰ ਬੜਾ ਸਲਾਹੁੰਦਾ। ਇਕ ਵਾਰ ਰੇਡੀਓ ਤੋਂ ਕਹਿ ਰਿਹਾ ਸੀ, “ਚੌਧਰੀ ਜੀ! ਆਹ ਸਾਨੂੰ ਵਾਹਗੇ ਤੋਂ ਲੈ ਕੇ ਅੰਬਾਲੇ ਤੱਕ ਥੋੜ੍ਹੀ ਜਿਹੀ ਰੁਕਾਵਟ ਪੈਣੀ ਆਂ। ਅੱਗੇ ਤਾਂ ਭਾਵੇਂ ਡੀ.ਡੀ.ਟੀ. ਛਿੜਕੀ ਜਾਈਏ, ਹਥਿਆਰਾਂ ਦੀ ਲੋੜ ਹੀ ਨਹੀਂ ਪੈਣੀ।” ਅੱਗਿਉਂ ਚੌਧਰੀ ਨੇ ਕਹਿਣਾ, “ਉਹ ਕਿਉਂ?” ਕਹਿੰਦਾ, “ਓ ਜੀ! ਇਥੇ ਬਹਾਦਰ ਸਿੱਖ ਕੌਮ ਵਸਦੀ ਏ। ਅਸੀਂ ਆਹਨੇ ਆਂ… ਭਾਵੇਂ ਦੁਸ਼ਮਣ ਹੋਏ ਪਰ ਹੋਏ ਬਹਾਦਰ।”
ਮਹਾਰਾਜਾ ਰਣਜੀਤ ਸਿੰਘ ਸਾਰੇ ਪੰਜਾਬੀਆਂ (ਹਿੰਦੂ, ਸਿੱਖ, ਮੁਸਲਮਾਨ, ਈਸਾਈ ਆਦਿ) ਦਾ ਬਾਦਸ਼ਾਹ ਸੀ। ਉਸ ਦੇ ਰਾਜ ਵਿਚ ਪਰਜਾ ਸੁਖੀ ਸੀ। ਬੇਰੀ ਨੂੰ ਵੱਟੇ ਮਾਰਨ ਵਾਲੀ ਕਹਾਣੀ ਦਾ ਹਰ ਇਕ ਨੂੰ ਪਤਾ ਹੈ। ਮਹਾਰਾਜੇ ਦੀ ਫਰਾਖਦਿਲੀ ਦੀ ਕਹਾਣੀ ਉਨ੍ਹਾਂ ਰੇਡੀਓ ‘ਤੇ ਇਸ ਤਰ੍ਹਾਂ ਸੁਣਾਈ: “ਮਹਾਰਾਜਾ ਰਣਜੀਤ ਸਿੰਘ ਆਪਣੇ ਅੰਗ ਰਖਿਅਕਾਂ ਨਾਲ ਲਾਹੌਰ ਦੇ ਬਾਜ਼ਾਰ ਵਿਚੋਂ ਲੰਘ ਰਹੇ ਸਨ। ਭੁੱਖੇ ਆਦਮੀ ਨੇ ਆਪਣੀ ਭੁੱਖ ਬੁਝਾਉਣ ਲਈ ਬੇਰੀ ਨੂੰ ਰੋੜਾ ਮਾਰਿਆ। ਉਹ ਮਹਾਰਾਜਾ ਰਣਜੀਤ ਸਿੰਘ ਦੇ ਲੱਕ ਵਿਚ ਵੱਜਾ। ਅੰਗ ਰਖਿਅਕ ਨੇ ਉਸ ਭੁੱਖੇ ਆਦਮੀ ਨੂੰ ਫੜ ਕੇ ਮਹਾਰਾਜੇ ਸਾਹਮਣੇ ਪੇਸ਼ ਕੀਤਾ। ਮਹਾਰਾਜੇ ਨੇ ਉਸ ਨੂੰ ਕਿਹਾ, ‘ਮੈਂ ਤੈਨੂੰ ਐਡਾ ਮਾੜਾ ਲੱਗਾ ਸਾਂ ਕਿ ਤੂੰ ਮੈਨੂੰ ਇੱਟ ਮਾਰੀ ਏ?’ ਭੁੱਖੇ ਆਦਮੀ ਨੇ ਕਿਹਾ, ‘ਜੀ ਮੈਂ ਭੁੱਖਾਂ ਸਾਂ। ਬੇਰੀ ਨੂੰ ਰੋੜਾ ਇਸ ਲਈ ਮਾਰਿਆ ਸੀ ਕਿ ਕੁਝ ਬੇਰ ਡਿੱਗਣਗੇ। ਮੈਂ ਖਾ ਕੇ ਆਪਣੀ ਭੁੱਖ ਮਿਟਾਊਂ। ਨਹੀਂ ਤਾਂ ਮੇਰੀ ਕੀ ਔਕਾਤ ਹੈ ਕਿ ਤੁਹਾਨੂੰ ਇੱਟਾਂ ਮਾਰਾਂ।” ਮਹਾਰਾਜੇ ਨੇ ਕਿਹਾ, ‘ਇੱਟਾਂ ਮਾਰਿਆਂ ਤੈਨੂੰ ਬੇਰੀ ਨੇ ਬੇਰ ਦੇਣੇ ਸਨ, ਤੇ ਮੈਨੂੰ ਇੱਟ ਵਜੀ ਤਾਂ ਮੈਂ ਤੈਨੂੰ ਸਜ਼ਾ ਦੇਵਾਂ, ਇਹ ਕਿਵੇਂ ਹੋ ਸਕਦਾ ਹੈ?’ ਉਸੇ ਵੇਲੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿਤਾ, ‘ਜਾਉ, ਇਹਨੂੰ ਪੰਜ ਮੁਰੱਬੇ ਜ਼ਮੀਨ ਦੇ ਦਿਉ।’ ਇਹ ਸੀ ਮਹਾਰਾਜਾ, ਪੰਜਾਬ ਦਾ ਜੱਟ ਬਾਦਸ਼ਾਹ।”
ਪਿਆਰ ਤੇ ਇੱਜਤ-ਮਾਣ ਆਦਮੀ ਨੂੰ ਜੋੜਦਾ ਹੈ, ਪਰ ਨਫਰਤ ਤੇ ਨਿਰਾਦਰੀ ਮਨੁੱਖ ਨੂੰ ਤੋੜਦੀ ਹੈ। ਮੁਲਕ ਦੀ ਵੰਡ ਦਾ ਸ਼ਾਇਦ ਇਹੋ ਕਾਰਨ ਸੀ। ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਲਿਖਣ ਵਾਲੇ ਸ਼ਾਇਰ ਇਕਬਾਲ ਨੂੰ ਆਖਰ ਕਿਉਂ ਪਾਕਿਸਤਾਨ ਬਣਾਉਣ ਦਾ ਵਿਚਾਰ ਪੇਸ਼ ਕਰਨਾ ਪਿਆ? ਕੀ ਉਹਦੇ ਇਸ ਤਰਾਨੇ ਵਿਚ ਹਕੀਕਤ ਨਹੀਂ ਸੀ ਛੁਪੀ, ਜਦੋਂ ਉਸ ਨੇ ਇਹ ਕਿਹਾ ਸੀ:
ਇਕਬਾਲ ਕੋਈ ਮਹਿਰਮ ਅਪਨਾ ਨਹੀਂ ਜਹਾਂ ਮੇਂ,
ਕੋਈ ਨਹੀਂ ਜੋ ਸਮਝੇ ਦਰ ਸੇ ਨਿਹਾਂ ਹਮਾਰਾ।
ਉਪਰੋਕਤ ਵਿਚਾਰਾਂ ਦੀ ਰੋਸ਼ਨੀ ਵਿਚ ਪਾਕਿਸਤਾਨ ਬਣਨ ਦੇ ਹੱਕ ਵਿਚ ਨਿਜ਼ਾਮੁਦੀਨ ਰੇਡੀਓ ਲਾਹੌਰ ਤੋਂ ਮਿਸਾਲ ਦੇ ਰਿਹਾ ਸੀ: “ਚੌਧਰੀ ਜੀ! ਪਾਕਿਸਤਾਨ ਬਣਨ ਨਾਲ ਸਾਨੂੰ ਸਾਡਾ ਘਰ ਮਿਲਿਐ। ਇੱਜਤ ਆਬਰੂ ਮਿਲੀ। ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡੇ ਮੁਸਲਮਾਨਾਂ ਦੀ ਹਾਲਤ ਕੀ ਸੀ? ਉਹ ਵੀ ਸੁਣ ਲਉ- ਸਾਡੇ ਪਿੰਡ ਦਾ ਕਾਂਸ਼ੀ ਬ੍ਰਾਹਮਣ ਹੁੰਦਾ ਸੀ। ਉਹਦੀ ਕੁੜੀ ਦਾ ਵਿਆਹ ਸੀ। ਉਨ੍ਹਾਂ ਹਲਵਾ ਬਣਾ ਕੇ ਪਰਾਤਾਂ ਵਿਚ ਪਾ ਕੇ ਬਾਹਰ ਵਿਹੜੇ ਵਿਚ ਠੰਢਾ ਹੋਣ ਲਈ ਰਖਿਆ। ਵਿਹੜੇ ਦੀ ਕੰਧ ‘ਤੇ ਮੁਸਲਮਾਨ ਸਨ ਤੇ ਦੂਜੇ ਪਾਸੇ ਕੁੱਤੇ। ਘੁਰ-ਘੁਰ ਕਰਦੇ ਕੁੱਤੇ ਆਪਸ ਵਿਚ ਲੜ ਪਏ ਤੇ ਇਕ ਕੁੱਤਾ ਪਰਾਤ ਵਿਚ ਡਿੱਗ ਪਿਆ। ਉਹ ਪਰਾਤ ਵਾਲਾ ਹਲਵਾ ਉਨ੍ਹਾਂ ਨੇ ਸਾਡੇ ਮੁਸਲਮਾਨਾਂ ਵਿਚਕਾਰ ਵੰਡਿਆ। ਇਹ ਸੀ ਹਾਲਤ ਸਾਡੇ ਮੁਸਲਮਾਨਾਂ ਦੀ।”
ਨਿਜ਼ਾਮੁਦੀਨ ਦੇ ਹਸਾਉਣੇ ਢੰਗ ਨਾਲ ਹੀ ਕਾਟਵੀਂ ਗੱਲ ਕਰਨ ਦਾ ਆਪਣਾ ਹੀ ਅੰਦਾਜ਼ ਸੀ। ਕੱਟੜ ਹਿੰਦੂ ਭਾਈਚਾਰੇ ਨੇ ਮੁਸਲਮਾਨਾਂ ਨੂੰ ਕਦੇ ਵੀ ਆਪਣੇ ਬਰਾਬਰ ਨਹੀਂ ਸੀ ਸਮਝਿਆ। ਉਨ੍ਹਾਂ ਦੀ ਹਾਲਤ ਨੂੰ ਇਨਸਾਨ ਦੀ ਕੁੱਤੇ ਨਾਲ ਤੁਲਨਾ ਵਜੋਂ ਪੇਸ਼ ਕਰਨਾ ਬਹੁਤ ਵੱਡਾ ਦੁਖਾਂਤਕ ਵਿਅੰਗ ਸੀ। ‘ਹਿੰਦੂ ਪਾਣੀ, ਮੁਸਲਮਾਨ ਪਾਣੀ’ ਨੇ ਮੁਲਕ ਦੀ ਵੰਡ ਦਾ ਮੁੱਢ ਬੰਨ੍ਹਿਆ।
ਉਹ ਆਪਣੀ ਗੱਲ ਨੂੰ ਪੇਂਡੂ ਮੁਹਾਵਰੇ ਵਿਚ ਬੜੇ ਮੁੱਲਵਾਨ ਲਤੀਫੇ ਸੁਣਾਉਂਦਾ ਰਹਿੰਦਾ। ਉਹਦੇ ਲਤੀਫਿਆਂ ਤੋਂ ਆਦਮੀ ਨੂੰ ਸੇਧ ਮਿਲਦੀ। ਰੇਡੀਓ ਸਟੇਸ਼ਨ ਨੂੰ ਕਿਸੇ ਨੇ ਖਤ ਲਿਖਿਆ, “ਜੀ ਮੈਂ ਸ਼ਾਇਰ ਹਾਂ ਤੇ ਆਪਣਾ ਕਲਾਮ ਰੇਡੀਓ ਤੋਂ ਨਸ਼ਰ ਕਰਵਾਉਣਾ ਚਾਹੁੰਦਾ ਹਾਂ, ਦੱਸੋ ਮੈਂ ਕਿਵੇਂ ਕਰਾਂ?” ਨਿਜ਼ਾਮੁਦੀਨ ਨੇ ਕਿਹਾ, “ਜੀ ਆਪਣਾ ਕਲਾਮ ਇਸੇ ਪਤੇ ‘ਤੇ ਭੇਜ ਦਿਉ। ਜੇ ਤੁਹਾਡਾ ਕਲਾਮ ਨਸ਼ਰ ਕਰਨ ਵਾਲਾ ਹੋਇਆ ਤਾਂ ਨਸ਼ਰ ਕਰ ਦਿੱਤਾ ਜਾਵੇਗਾ ਤੇ ਜੇ ਤੁਹਾਡਾ ਕਲਾਮ ‘ਬਦਕਲਾਮ’ ਹੋਇਆ ਤਾਂ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ।”
ਨਿਜ਼ਾਮੁਦੀਨ ਦਾ ਆਪਣੇ ਬਾਪ ਨਾਲ ਬੜਾ ਪਿਆਰ ਸੀ। ਉਹ ਉਸ ਨੂੰ ਆਪਣਾ ਮੁਰਸ਼ਦ ਸਮਝਦਾ ਸੀ। ਉਹ ਰੇਡੀਓ ਸਟੇਸ਼ਨ ਲਾਹੌਰ ‘ਤੇ ਡਿਊਟੀ ਦੇ ਕੇ ਰੇਲ ਗੱਡੀ ਰਾਹੀਂ ਰੋਜ਼ ਆਪਣੇ ਪਿੰਡ ਆ ਜਾਂਦਾ। ਇਕ ਵਾਰ ਉਸ ਦਾ ਬਾਪ ਸਖਤ ਬਿਮਾਰ ਹੋ ਗਿਆ। ਨਿਜ਼ਾਮੁਦੀਨ ਆਪਣੇ ਬਾਪ ਦੇ ਗਲ ਲੱਗ ਕੇ ਰੋਣ ਲੱਗਾ ਤਾਂ ਬਾਪ ਨੇ ਹੌਸਲਾ ਦਿੱਤਾ, “ਸੁਲਤਾਨ! ਤੂੰ ਤਾਂ ਐਂ ਕਰਦਾਂ, ਜਿਵੇਂ ਤੂੰ ਮੈਨੂੰ ਘਰ ਈ ਰੱਖ ਲੈਣਾ ਏ। ਤੇਰਾ ਮੇਰਾ ਸੌਦਾ ਹੋਇਆ ਏ, ਮੈਂ ਵਾਲਦ ਤੋਂ ਚਾਬੀਆਂ ਲਈਆਂ, ਤੈਨੂੰ ਦੇ ਜਾਣੀਆਂ, ਤੇ ਤੂੰ ਅਗਾਂਹ ਦੇ ਜਾਵੀਂ। ਯਾਦ ਰੱਖ, ਸੌ ਪਿਉ ਰਲ ਕੇ ਇਕ ਪੁੱਤਰ ਦਾ ਮਰਨਾ ਨਹੀਂ ਝੱਲ ਸਕਦੇ ਪਰ ਇਕ ਪੁੱਤਰ ਸੌ ਬਜੁਰਗ ਪਿਉਆਂ ਦਾ ਮਰਨਾ ਝੱਲ ਸਕਦਾ ਏ।”
ਕਹਾਣੀਕਾਰ ਵਰਿਆਮ ਸਿੰਘ ਸੰਧੂ ਲੇਖਕਾਂ ਦੀ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਸਨ, ਜਿਸ ਵਿਚ ਆਲੋਚਕਾਂ ਨੇ ਪੁਰਾਣੇ ਲੇਖਕਾਂ ਦੀਆਂ ਸਾਧਾਰਨ ਲਿਖਤਾਂ ਦੀ ਜ਼ਿਆਦਾ ਹੀ ਤਾਰੀਫ ਕਰ ਦਿੱਤੀ ਪਰ ਨਵੇਂ ਪੁੰਗਰ ਰਹੇ ਲੇਖਕਾਂ ਦੀਆਂ ਚੰਗੀਆਂ ਲਿਖਤਾਂ ਵੱਲ ਘੱਟ ਹੀ ਧਿਆਨ ਦਿੱਤਾ। ਉਨ੍ਹਾਂ ਚੌਧਰੀ ਨਿਜ਼ਾਮੁਦੀਨ ਦੇ ਲਤੀਫੇ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ: ਇਕ ਵਾਰ ਨਿਜ਼ਾਮੁਦੀਨ ਸੜਕ ‘ਤੇ ਤੁਰਿਆ ਜਾ ਰਿਹਾ ਸੀ। ਕੋਈ ਬੰਦਾ ਸੜਕ ਦੇ ਕੰਢੇ ‘ਤੇ ਡਾਲਾ ਲਾ ਕੇ ਸੰਤਰੇ ਵੇਚ ਰਿਹਾ ਸੀ। ਨਿਜ਼ਾਮੁਦੀਨ ਨੇ ਸੰਤਰਿਆਂ ਦਾ ਭਾਅ ਪੁੱਛਿਆ ਤਾਂ ਉਸ ਨੇ ਇਕ ਸੰਤਰੇ ਦਾ ਮੁੱਲ ਦੋ ਆਨੇ ਦੱਸਿਆ। ਨਿਜ਼ਾਮੁਦੀਨ ਨੇ ਕਿਹਾ- ਯਾਰ! ਸੰਤਰੇ ਤਾਂ ਛੋਟੇ ਨੇ, ਭਾਅ ਤੂੰ ਵੱਧ ਲਾ ਰਿਹਾ ਏਂ? ਬੰਦੇ ਨੇ ਜਵਾਬ ਦਿੱਤਾ, ਚੌਧਰੀ ਸਾਹਿਬ! ਜਿਥੋਂ ਤੁਸੀਂ ਵੇਖ ਰਹੇ ਹੋ, ਉਥੋਂ ਹੀ ਛੋਟੇ ਦਿਸਦੇ ਨੇ; ਬਹਿ ਕੇ ਵੇਖੋ, ਸੰਤਰੇ ਵਾਹਵਾ ਵੱਡੇ ਨੇ।
ਇਕ ਵਾਰ ਰੇਡੀਓ ਸਟੇਸ਼ਨ ਤੋਂ ਮੰਡੀਆਂ ਦੇ ਭਾਅ ਦੱਸਦਿਆਂ ਚੌਧਰੀ ਸਾਹਿਬ ਨੇ ਕਿਹਾ, “ਨਿਜ਼ਾਮੁਦੀਨ ਜੀ! ਅੱਜ ਕੱਲ੍ਹ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹ ਗਏ ਆ, ਅੱਗ ਲੱਗੀ ਪਈ ਏ।” ਨਿਜ਼ਾਮੁਦੀਨ ਨੇ ਕਿਹਾ, “ਚੌਧਰੀ ਜੀ, ਸਬਜ਼ੀਆਂ ਦੇ ਭਾਅ ਨੂੰ ਅੱਗ ਲੱਗੇ ਵੀ ਕਿਉਂ ਨਾ? ਅਰਾਈਆਂ ਦਾ ਰਾਜ ਜੂ ਹੋਇਆ।” ਅਰਾਈਂ ਲੋਕ ਸਬਜ਼ੀਆਂ ਬੀਜਣ ਅਤੇ ਵੇਚਣ ਦਾ ਕੰਮ ਕਰਦੇ ਨੇ। ਉਨ੍ਹੀਂ ਦਿਨੀਂ ਪਾਕਿਸਤਾਨ ਵਿਚ ਜਨਰਲ ਜ਼ਿਆ-ਉਲ-ਹੱਕ ਦੀ ਹਕੂਮਤ ਸੀ ਅਤੇ ਉਹ ਅਰਾਈਂ ਸੀ। ਕਿਸੇ ਦੋਖੀ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ। ਦੋਖੀ ਨੇ ਜੋ ਕੁਝ ਚਾਹਿਆ, ਉਹੋ ਹੋ ਗਿਆ। ਨਿਜ਼ਾਮੁਦੀਨ ਨੂੰ ਨੌਕਰੀ ਤੋਂ ਲਾਹ ਦਿੱਤਾ ਗਿਆ। ਇਹ ਵੱਖਰੀ ਗੱਲ ਹੈ ਕਿ ਪਿਛੋਂ ਉਸ ਦੇ ਬਹੁਤ ਵੱਡੇ ਪ੍ਰਸ਼ੰਸਕ ਦਾਇਰੇ ਨੇ ਜਦੋਂ ਨਿਜ਼ਾਮੁਦੀਨ ਦੀ ਉਚੀ ਪ੍ਰਤਿਭਾ ਬਾਰੇ ਜਨਰਲ ਜ਼ਿਆ-ਉਲ-ਹੱਕ ਨੂੰ ਦੱਸਿਆ ਤਾਂ ਉਸ ਦੀ ਨੌਕਰੀ ਬਹਾਲ ਹੋ ਗਈ।
ਜਦ ਨਿਜ਼ਾਮੁਦੀਨ ਨੂੰ ਨੌਕਰੀ ਖੁੱਸਣ ਅਤੇ ਮੁੜ ਮਿਲਣ ਬਾਰੇ ਪੁਛਿਆ ਗਿਆ ਤਾਂ ਉਸ ਨੇ ਵਾਰਤਾ ਸੁਣਾ ਛੱਡੀ: ਇਕ ਵਾਰ ਮੇਰੇ ਵਰਗੇ ਨੂੰ ਰਾਤ ਚੋਰਾਂ ਦੀ ਢਾਣੀ ਮਿਲ ਗਈ। ਉਸ ਨੇ ਪੁਛਿਆ, ‘ਕਿੱਧਰ ਚੱਲੇ ਜੇ?’ ਉਨ੍ਹਾਂ ਆਪਣੀ ਹਕੀਕਤ ਦੱਸ ਕੇ ਕਿਹਾ, ‘ਜੇ ਜਾਣਾ ਈ ਤੇ ਆ ਜਾਹ।’ ਉਹ ਵੀ ਤੁਰ ਪਿਆ। ਕਿਸੇ ਘਰ ਜਾ ਕੇ ਚੋਰ ਤਾਂ ਆਪਣੇ ਕੰਮ ਲੱਗ ਗਏ, ਉਹ ਵਿਚਾਰਾ ਸਿਆਲ ਦੇ ਦਿਨ ਸਨ, ਘਰੋਂ ਕਣਕ ਮੁੱਕੀ ਹੋਈ ਸੀ, ਗਰੀਬੀ ਦਾ ਮਾਰਿਆ। ਉਹ ਉਤੇ ਲਿਆ ਖੇਸ ਵਿਛਾ ਕੇ ਦਾਣੇ ਪਾਉਣ ਲੱਗ ਪਿਆ ਤੇ ਪਾਈ ਗਿਆ, ਪਾਈ ਗਿਆ। ਚੋਰਾਂ ਨੇ ਵਿਹਲੇ ਹੋ ਕੇ ਆਖਿਆ, ‘ਚੱਲ ਚਲੀਏ, ਛੇਤੀ ਛੇਤੀ ਕਰ।’ ਉਸ ਨੇ ਲਾਲਚ ਵੱਸ ਇੰਨੀ ਕਣਕ ਪਾ ਲਈ ਕਿ ਖੇਸ ਦੀਆਂ ਚਾਰੇ ਕੰਨੀਆਂ ਵੀ ਹੇਠਾਂ ਲੁਕ ਗਈਆਂ। ਗੱਲ ਸੁਣ ਕੇ ਘਰ ਵਾਲੇ ਜਾਗ ਪਏ ਪਰ ਉਹ ਖੇਸ ਦੀਆਂ ਕੰਨੀਆਂ ਲੱਭਦਾ ਕਾਬੂ ਆ ਗਿਆ। ਘਰਦਿਆਂ ਨੇ ਵੇਖ ਕੇ ਕਿਹਾ, ‘ਓਇ ਤੇਰਾ ਬੇੜਾ ਗਰਕ, ਤੂੰ ਤਾਂ ਚੋਰ ਏਂ।’ ਉਹ ਅੱਗਿਉਂ ਕਹਿੰਦਾ, ‘ਜਨਾਬ ਕੋਈ ਚੋਰ-ਚਾਰ ਨਹੀਂ ਜੇ। ਰੱਬ ਦਾ ਨਾਂ ਲੈ ਕੇ ਖੇਸ ਕਢਾ ਦਿਉ। ਜੇ ਮੈਂ ਮੁੜ ਇਧਰ ਆ ਗਿਆ ਤਾਂ ਮੈਨੂੰ ਆਖਿਉ।’
ਉਹ ਰੇਡੀਓ ਤੋਂ ਇਸਲਾਮ ਅਤੇ ਦੇਸ਼ ਭਗਤੀ ਦਾ ਪ੍ਰਚਾਰ ਕਰਦਾ ਪਰ ਦਿਲ ਉਹਦਾ ਦੋਹਾਂ ਪੰਜਾਬਾਂ ਨਾਲ ਜੁੜਿਆ ਹੋਇਆ ਸੀ। 1983 ਵਿਚ ਉਹ ਚੜ੍ਹਦੇ ਪੰਜਾਬ ਵਿਚ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਸਰਕਾਰੀ ਮਹਿਮਾਨ ਬਣ ਕੇ ਐਮ.ਐਲ਼ਏ. ਫਲੈਟ ਵਿਚ ਠਹਿਰਿਆ ਹੋਇਆ ਸੀ। ਪ੍ਰਸਿਧ ਲਿਖਾਰੀ ਸ਼ਮਸ਼ੇਰ ਸਿੰਘ ਸੰਧੂ ਨੇ ਉਸ ਦੀ ਇੰਟਰਵਿਊ ਲੈਂਦਿਆਂ ਪੁਛਿਆ, “ਤੁਸੀਂ ਪੈਂਹਠ ਦੀ ਲੜਾਈ ਵਿਚ ਤਾਂ ਚੜ੍ਹਦੇ ਪੰਜਾਬ (ਭਾਰਤ) ਖਿਲਾਫ ਬੜਾ ਧੂੰਆਂਧਾਰ ਪ੍ਰਚਾਰ ਕਰਦੇ ਸੀ ਜਾਂ ਤੁਹਾਡੀ ਮਜਬੂਰੀ ਸੀ?”
ਜਵਾਬ ਸੀ: “ਚੜ੍ਹਦੇ ਪੰਜਾਬ ਵਿਚ ਮੇਰਾ ਪਿੰਡ, ਮੇਰੇ ਬਚਪਨ ਦੇ ਯਾਰ-ਬੇਲੀ ਅਤੇ ਮੇਰੇ ਪੰਜਾਬੀ ਭਰਾ ਵਸਦੇ ਸਨ। ਸਰਕਾਰੀ ਨੌਕਰੀ ਕਰਕੇ ਚੜ੍ਹਦੇ ਪੰਜਾਬ ਖਿਲਾਫ ਪ੍ਰਚਾਰ ਕਰਨਾ ਮੇਰੀ ਮਜਬੂਰੀ ਸੀ। ਇਹ ਪ੍ਰਚਾਰ ਮੈਂ ਆਪਣੇ ਦਿਲ ‘ਤੇ ਪੱਥਰ ਰੱਖ ਕੇ ਕਰਦਾ ਸੀ। ਦੋਹਾਂ ਪੰਜਾਬਾਂ ਵਿਚ ਮੇਰੇ ਪ੍ਰਸ਼ੰਸਕ ਬਹੁਤ ਨੇ। ਹੁਣ ਜਦੋਂ ਮੈਂ ਰੇਡੀਓ ਤੋਂ ਰਿਟਾਇਰ ਹੋਇਆ ਹਾਂ ਤਾਂ ਹਜ਼ਾਰਾਂ ਖਤ ਦੋਹਾਂ ਪੰਜਾਬਾਂ ਦੇ ਪ੍ਰਸ਼ੰਸਕਾਂ ਤੋਂ ਆਏ ਨੇ। ਲਿਖਿਆ ਏ, ਤੂੰ ਜਾਨੋਂ ਮਰ ਜਾਂਦਾ ਤਾਂ ਅਸੀਂ ਤੇਰਾ ਵਿਛੋੜਾ ਝੱਲ ਲੈਂਦੇ ਪਰ ਰੇਡੀਓ ਤੋਂ ਤੇਰੀ ਗੈਰ ਹਾਜ਼ਰੀ ਤੇਰੇ ਜਿਉਂਦਿਆਂ ਅਸੀਂ ਨਹੀਂ ਝੱਲ ਸਕਦੇ।”
ਇਸਲਾਮੀ ਜਮਹੂਰੀਅਤ ਦੇ ਬਿਜਲਈ ਮੀਡੀਏ ਦਾ ਮੁਲਾਜ਼ਮ ਹੁੰਦਿਆਂ ਵੀ ਉਹ ਆਪਣੇ ਹਮ-ਮਜ਼ਹਬ ਬੰਦਿਆਂ ਨੂੰ ਮੁਆਫ ਨਹੀਂ ਸੀ ਕਰਦਾ। ਇਕ ਵਾਰ ਚੌਧਰੀ ਅਤੇ ਨਿਜ਼ਾਮੁਦੀਨ ਰੇਡੀਓ ‘ਤੇ ਗੱਲਾਂ ਕਰ ਰਹੇ ਸਨ: “ਨਿਜ਼ਾਮੁਦੀਨ ਜੀ! ਅੱਲ੍ਹਾ ਦੇ ਫਜ਼ਲ-ਓ-ਕਰਮ ਨਾਲ ਪਾਕਿਸਤਾਨ ਦੀ ਸਰਜ਼ਮੀਂ, ਇਹ ਖਿੱਤਾ ਇਸਲਾਮੀ ਸਟੇਟ ਤਾਂ ਅਸੀਂ ਬਣਾ ਲਿਆ ਪਰ ਹੁਣ ਸਾਨੂੰ ਸੱਚੇ ਸੁੱਚੇ ਮੁਸਲਮਾਨ ਬਣਨ ਦੀ ਸਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।” ਚੌਧਰੀ ਨੇ ਇਹ ਆਖਿਆ ਤਾਂ ਨਿਜ਼ਾਮੁਦੀਨ ਕਹਿਣ ਲੱਗਾ, “ਇਕ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ ਪਰ ਉਸ ਨਾਲੋਂ ਵੀ ਵੱਡੀ ਕੋਸ਼ਿਸ਼ ਮੇਰੇ ਕੁਝ ਹੋਰ ਭਰਾਵਾਂ ਨੇ ਕਰ ਦਿੱਤੀ। ਕਾਨ੍ਹੇ ਕਾਛੇ ਮੇਰੀ ਜ਼ਮੀਨ ਵਿਚੋਂ ਸੂਆ ਲੰਘਦਾ ਏ, ਸੂਏ ਦੇ ਕੰਢੇ ਮੇਰਾ ਛੋਟਾ ਜਿਹਾ ਬਾਗ ਏ। ਮੈਂ ਸੋਚਿਆ ਵਗਦਾ ਰਾਹ ਏ, ਆਉਂਦੇ ਜਾਂਦੇ ਰਾਹਗੀਰਾਂ ਲਈ ਸਾਹ ਲੈਣ ਤੇ ਛਾਂਵੇਂ ਬਹਿਣ ਦਾ ਨਿੱਕਾ ਜਿਹਾ ਜੁਗਾੜ ਈ ਕਰ ਛੱਡਾਂ। ਮੈਂ ਜੀ ਰੁੱਖਾਂ ਦੀ ਛਾਂਵੇਂ ਤਖਤਪੋਸ਼ ਬਣਾ ਦਿਤਾ। ਦੋ ਬੈਂਚ ਰਖਵਾ ਦਿੱਤੇ, ਨਲਕਾ ਲਵਾ ਦਿੱਤਾ, ਨੇੜੇ ਗੜਵਾ ਤੇ ਲੋਟਾ ਰਖਵਾ ਦਿੱਤਾ। ਸਫਾਂ ਵੀ ਰੱਖ ਦਿੱਤੀਆਂ। ਸੋਚਿਆ, ਲੰਘਦੇ ਮੁਸਾਫਰ ਨਾਲੇ ਅਰਾਮ ਕਰਨਗੇ, ਪਾਣੀ-ਧਾਣੀ ਪੀਣਗੇ ਤੇ ਨਾਲੇ ਜੀ ਚਾਹੇ ਵੁਜੂ ਕਰਕੇ ਨਮਾਜ਼ ਪੜ੍ਹ ਲੈਣਗੇ। ਸਵਾਬ (ਪੁੰਨ) ਦਾ ਕੰਮ ਸੀ ਜੀ, ਪਰ ਦੋ ਹਫਤਿਆਂ ਬਾਅਦ ਜਾ ਕੇ ਵੇਖਿਆ ਤਾਂ ਸੱਚੇ ਸੁੱਚੇ ਮੁਸਲਮਾਨ ਭਰਾਵਾਂ ਦੀ ਬਦੌਲਤ ਨਲਕੇ ਦੀ ਹੱਥੀ, ਉਤਲਾ ਕੱਪ ਜਿਹਾ, ਛੋਟੇ ਬੈਂਚ ਤੇ ਭਾਂਡਿਆਂ ਸਮੇਤ ਸਫਾਂ ਵਲ੍ਹੇਟੀਆਂ ਜਾ ਚੁੱਕੀਆਂ ਸਨ। ਮਸ਼ੀਨ ਪੁੱਟਣ ਤੇ ਤਖਤਪੋਸ਼ ਚੁੱਕਣਾ ਵਧੇਰੇ ਬੰਦਿਆਂ ਦਾ ਕੰਮ ਹੋਣ ਕਰਕੇ ਉਹ ਇਹ ਕੰਮ ਅਗਲੇ ਹਫਤੇ ਉਤੇ ਪਾ ਗਏ ਲਗਦੇ ਨੇ। ਇਸ ਵਾਸਤੇ ਪਾਕਿਸਤਾਨ ਬਣਾਇਆ ਸੀ ਅਸੀਂ।”
ਮੈਂ 1961 ਵਿਚ ਉਨ੍ਹਾਂ ਨੂੰ ਸੁਣਨਾ ਸ਼ੁਰੂ ਕੀਤਾ। ਇਸਲਾਮੀ ਦੇਸ਼ ਹੁੰਦਿਆਂ ਉਨ੍ਹਾਂ ਪੰਜਾਬੀਅਤ ਅਤੇ ਇਨਸਾਨੀਅਤ ਦਾ ਪੱਲਾ ਨਾ ਛੱਡਿਆ। ਕੱਟੜਤਾ ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਢੁੱਕੀ। ਮੈਂ ਰੇਡੀਓ ਤੋਂ ਆਪਣੇ ਕੰਨੀਂ ਸੁਣੀਆਂ ਕੁਝ ਗੱਲਾਂ ਦਾ ਜ਼ਿਕਰ ਕਰਾਂਗਾ। ਸਾਰੀ ਇਨਸਾਨੀਅਤ ਇਕ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ: “ਚੌਦਾਂ ਤਬੱਕਾ ਤੌਣ ਗੁੰਨਾਈ ਤੇ ਦੁੱਖਾਂ ਕੀਤੇ ਪੇੜੇ, ਮੁੱਢੋਂ ਇਕੋ ਜਿਣਸ ਮੁਹੰਮਦ ਅੱਗੇ ਪਏ ਨਿਖੇੜੇ। ਇਨਸਾਨੀਅਤ ਦਾ ਕੋਈ ਜਵਾਬ ਨਹੀਂ।”
ਉਹ ਆਪਣੀ ਨੌਕਰੀ ਦੌਰਾਨ ਰੇਡੀਓ ਤੋਂ ਬਿਨਾ ਸਕਰਿਪਟ (ਲਿਖਤ) ਦੇ ਬੋਲੇ। ਕਿਸੇ ਨੇ ਸਵਾਲ ਪੁੱਛਿਆ- ਕਿਹੜੇ ਜਾਨਵਰ ਆਂਡੇ ਦਿੰਦੇ ਨੇ, ਕਿਹੜੇ ਬੱਚੇ? ਉਨ੍ਹਾਂ ਦਾ ਜਵਾਬ ਸੀ, ਜਿਨ੍ਹਾਂ ਦੇ ਕੰਨ ਅੰਦਰ ਹੁੰਦੇ ਨੇ, ਉਹ ਆਂਡੇ ਦੇਂਦੇ ਨੇ ਤੇ ਜਿਨ੍ਹਾਂ ਦੇ ਬਾਹਰ ਕੰਨ ਹੁੰਦੇ ਨੇ, ਉਹ ਬੱਚੇ ਦਿੰਦੇ ਨੇ।”
ਮਾਇਆ ਅਤੇ ਤਕੱਬਰ (ਗਰੂਰ, ਘਮੰਡ) ਦਾ ਚੋਲੀ ਦਾਮਨ ਦਾ ਸਬੰਧ ਹੈ। ਮਾਇਆ ਪੱਗ ਨੂੰ ਲੱਗ ਜਾਵੇ ਤਾਂ ਉਹ ਆਕੜ ਜਾਂਦੀ ਹੈ ਤੇ ਬੰਦੇ ਕੋਲ ਆ ਜਾਏ ਤਾਂ ਉਹ ਕਿਉਂ ਨਾ ਆਕੜੇ? ਕੁਦਰਤ ਤਕੱਬਰ ਨੂੰ ਪਸੰਦ ਨਹੀਂ ਕਰਦੀ। ਆਦਮੀ ਨੂੰ ਨਿਰਮਾਣ ਰਹਿਣਾ ਚਾਹੀਦਾ ਹੈ। ਆਦਮੀ ਦੂਜੇ ਦਾ ਹੱਕ ਮਾਰ ਕੇ ਅਮੀਰ ਬਣਨਾ ਚਾਹੁੰਦਾ ਹੈ। ਸਾਨੂੰ ਦਰੱਖਤਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜੋ ਧਰਤੀ ‘ਤੇ ਉਂਗਲਾਂ ਵਾਂਗ ਖੜੇ ਨੇ, ਪਰ ਇਕ ਦੂਜੇ ਦੀ ਖੁਰਾਕ ਨਹੀਂ ਲੈਂਦੇ। ਬਹੁਤਾ ਖਾਣ ਵਾਲੇ ਲੋਕਾਂ ਬਾਰੇ ਉਨ੍ਹਾਂ ਦਾ ਕਹਿਣਾ ਸੀ, “ਓਨੇ ਲੋਕ ਭੁੱਖ ਨਾਲ ਨਹੀਂ ਮਰੇ ਜਿੰਨੇ ਬਹੁਤਾ ਖਾ ਕੇ ਮਰੇ ਨੇ।” ਜਿਸ ਆਦਮੀ ਤੋਂ ਲੋਕਾਈ ਨੂੰ ਕੋਈ ਫਾਇਦਾ ਨਹੀਂ, ਉਸ ਦਾ ਜਿਉਣਾ ਇਸ ਦੁਨੀਆਂ ਵਿਚ ਨਿਰਫਲ ਹੈ, ਜਿਵੇਂ: ਮਰੇ ਸੂਮ ਜਜ਼ਮਾਨ, ਮਰੇ ਕਮਰਾਲਾ ਟੱਟੂ। ਮਰੇ ਕੁਲਹਿਣੀ ਨਾਰ, ਮਰੇ ਮਾਨਸ ਮਨਖੱਟੂ। ਪਿਤਾ ਸੋਈ ਮਰ ਜਾਏ, ਜੋ ਪੂਤ ਕੋ ਮਦ ਪਿਲਾਏ। ਪੂਤ ਸੋਈ ਮਰ ਜਾਏ, ਜੋ ਕੁਲ ਕੋ ਦਾਗ ਲਗਾਏ। ਮਰੇ ਰਾਜਾ ਅਨਿਆਈ, ਇਨ ਮਰਿਆਂ ਸੁਖ ਹੋ। ਕਹੋ ਮਜੀਦ ਬਿਕਰਮਾ, ਇਨ ਸਾਤੋਂ ਮਰੇ ਨਾ ਰੋ।”
ਜੋ ਹੁਕਮਰਾਨ ਲੋਕਾਂ ‘ਤੇ ਜ਼ੁਲਮ ਕਰਦੇ ਨੇ, ਉਹ ਬਹੁਤਾ ਚਿਰ ਲੋਕਾਂ ‘ਤੇ ਹਕੂਮਤ ਨਹੀਂ ਕਰ ਸਕਦੇ। ਇਸ ਬਾਰੇ ਉਨ੍ਹਾਂ ਦਾ ਕਹਿਣਾ ਸੀ:
ਕਰਕੇ ਜ਼ੁਲਮ ਅਰੂਜ਼ ਤੇ ਆਉਣ ਵਾਲੇ
ਏਸ ਗੱਲ ਦਾ ਜ਼ਰਾ ਖਿਆਲ ਰਖੀਂ,
ਜਾ ਕੇ ਉਤਲੀ ਹਵਾ ਵਿਚ ਪਾਟ ਜਾਂਦੇ,
ਜਿਨ੍ਹਾਂ ਗੁੱਡਿਆਂ ਨੂੰ ਖੁੱਲ੍ਹੀ ਡੋਰ ਲੱਭੇ।
ਪੰਜਾਬੀ ਕਲਚਰ ਦੀ ਗੱਲ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬੀ ਕਲਚਰ ਦੀ ਸਿਫਤ ਹੈ ਕਿ ਦੂਜੇ ਦੀ ਭੈਣ ਨੂੰ ਭੈਣ ਆਖ ਕੇ ਜਾਨ ਦੇ ਦੇਣੀ ਪਰ ਅੱਜ ਅਸੀਂ ਆਪਣੇ ਅਮੀਰ ਕਲਚਰ ਨੂੰ ਕਿੰਨੀ ਨਿਵਾਣ ‘ਚ ਲੈ ਗਏ ਹਾਂ!
ਰੂਹ ਤੇ ਬੁੱਤ ਦਾ ਰਿਸ਼ਤਾ ਸਾਹ ਨਾਲ ਹੈ। ਜੇ ਆਉਂਦਾ ਹੈ ਤਾਂ ਜ਼ਿੰਦਗੀ ਹੈ, ਨਹੀਂ ਤਾਂ ਮੌਤ। ਉਨ੍ਹਾਂ ਦੇ ਇਕ ਸਾਥੀ ਨੇ ਉਨ੍ਹਾਂ ਤੋਂ ਪੁਛਿਆ, “ਤੁਸੀਂ ਲੋਕਾਂ ਨੂੰ ਹਸਾਉਂਦੇ ਹੋ, ਕੀ ਤੁਹਾਨੂੰ ਵੀ ਕੋਈ ਹਸਾਉਂਦਾ ਹੈ?” ਜਵਾਬ ਸੀ, “ਨਲਕਾ ਸਾਨੂੰ ਪਾਣੀ ਪਿਆਉਂਦਾ ਹੈ, ਆਪ ਕਦੇ ਪੀਂਦਾ ਹੀ ਨਹੀਂ। ਪਾਣੀ ‘ਤੇ ਵੀ ਘੱਟਾ ਪੈਂਦਾ ਹੈ ਪਰ ਇਸ ਦਾ ਮੂੰਹ ਕੌਣ ਧੋਂਦਾ ਹੈ? ਦੂਜਿਆਂ ਨੂੰ ਹਸਾਉਣਾ ਹੀ ਮੇਰਾ ਕੰਮ ਹੈ। ਸੱਜਣ ਉਹ ਹੁੰਦੇ ਨੇ, ਜੋ ਦੁੱਖ ਵਿਚ ਤੁਹਾਡਾ ਸਾਥ ਦੇਣ।”
ਮੁਰਾਦ ਹਾਸਲ ਨਾ ਹੋਵੇ ਮਿਲਿਆਂ ਪੀਰ ਦੇ,
ਸੀਨ, ਸਾਫ ਨਾ ਹੋਵੇ ਮਿਲਿਆਂ ਫਕੀਰ ਦੇ।
ਬੇਲੀ ਕੰਮ ਨਾ ਆਏ, ਵਿਚ ਭੀੜ ਦੇ ਫਰੀਦਾ!
ਫਿਰ ਰੋੜ੍ਹ ਦੇ ਇਨ੍ਹਾਂ ਤਿੰਨਾਂ ਨੂੰ ਵਿਚ ਨੀਰ ਦੇ।
ਅੱਜ ਦੇ ਆਧੁਨਿਕ ਯੁਗ ਵਿਚ ਪੰਜਾਬੀ ਕਲਚਰ ਨੂੰ ਬੜਾ ਖੋਰਾ ਲੱਗਾ ਹੈ। ਤਿੱਖੇ ਵਿਅੰਗ ਕਰਦਿਆਂ ਉਹ ਕਹਿੰਦੇ ਨੇ- ਬੜੇ ਸਾਲ ਪਹਿਲਾਂ ਫੈਸ਼ਨ ਵਜੋਂ ਨੌਜਵਾਨ ਮੁੰਡੇ ਲੰਮੇ-ਲੰਮੇ ਵਾਲ ਰੱਖਣ ਲੱਗ ਪਏ। ਇਕ ਦਿਨ ਰੇਡੀਓ ਤੋਂ ਕਹਿ ਰਹੇ ਸਨ, “ਅੱਜ ਬੱਸ ਵਿਚ ਲੰਮੇ ਰੱਖੇ ਵਾਲਾਂ ਵਾਲਾ ਮੁੰਡਾ ਮੈਨੂੰ ਮਿਲ ਪਿਆ। ਮੈਂ ਉਸ ਨੂੰ ਦੋ ਰੁਪਏ ਦਿੱਤੇ ਤੇ ਕਿਹਾ, ‘ਜਾਂ ਤਾਂ ਦੋ ਰੁਪਏ ਦੇ ਕੇ ਹਜ਼ਾਮਤ ਕਰਵਾ ਲਈ ਤੇ ਜਾਂ ਦੋ ਰੁਪਏ ਦਾ ਪਰਾਂਦਾ ਪਾ ਲਈਂ।” ਅੱਜ ਕੱਲ੍ਹ ਪਿਉ ਨੂੰ ਡੈਡੀ ਕਹਿਣ ਲੱਗ ਪਏ, ਡੈਡੀ ਨੇ ਭਾਵੇਂ ਘਾਹ ਦੀ ਪੰਡ ਚੁੱਕੀ ਹੋਵੇ। ਅਖੇ, ਅਹੁ ਤੇਰਾ ਡੈਡੀ ਆਇਆ, ਜਿਵੇਂ ਚੂਹੀ ਆਈ ਹੋਵੇ। ਉਹ ਤੇਰਾ ਪਿਉ ਆਇਆ, ਦੇਖੋ ਨਾ, ਮੂੰਹ ਭਰ ਜਾਂਦਾ। ਮਾਂ ਨੂੰ ਮੰਮੀ। ਮੰਮੀ ਭਾਵੇਂ ਗੋਹਾ ਇਕੱਠਾ ਕਰਨ ਗਈ ਹੋਵੇ।
ਰੇਡੀਓ ਤੋਂ ਉਨ੍ਹਾਂ ਦੀਆਂ ਮਿਸਾਲਾਂ ਲਾਜਵਾਬ ਸਨ। ਕਸ਼ਮੀਰ 47 ਤੋਂ ਲੈ ਕੇ ਅੱਜ ਤੱਕ ਦੋਹਾਂ ਮੁਲਕਾਂ ਵਿਚ ਸੇਹ ਦਾ ਤਕਲਾ ਬਣਿਆ ਹੋਇਆ ਹੈ। ਉਥੋਂ ਦੀ 80 ਫੀਸਦੀ ਆਬਾਦੀ ਮੁਸਲਿਮ ਹੈ। ਇਸ ‘ਤੇ ਹੱਕ ਜਤਾਉਂਦਿਆਂ ਕਹਿੰਦੇ ਹੁੰਦੇ ਸਨ, “ਵੇਖੋ ਜੀ! ਧਰੇਕ ਸਾਡੇ ਵਿਹੜੇ ਵਿਚ ਉਗੀ ਹੈ। ਸੂਰਜ ਢਲਣ ਨਾਲ ਛਾਂ ਇਨ੍ਹਾਂ ਦੇ ਵਿਹੜੇ ‘ਚ ਚਲੀ ਗਈ ਆ। ਕਹਿੰਦੇ ਨੇ, ਧਰੇਕ ਸਾਡੀ ਆ।”
ਨਿਜ਼ਾਮੁਦੀਨ ਅਸਿੱਧੇ ਢੰਗ ਨਾਲ ਬੜੀ ਪਤੇ ਦੀ ਗੱਲ ਕਹਿ ਜਾਂਦਾ ਸੀ, ਜਿਵੇਂ ਕਹਿੰਦੇ ਨੇ, “ਸੰਖੇਪਤਾ ਸੂਝ ਦਾ ਜਿੰਦਜਾਨ ਹੁੰਦੀ ਹੈ।” ਉਨ੍ਹਾਂ ਦੀ ਚੰਗੀ ਸਿਹਤ ਬਾਰੇ ਕਿਸੇ ਨੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, “ਸਾਰੀ ਉਮਰ ਰੋਟੀ ਤੇ ਵਹੁਟੀ ਤੋਂ ਡਰਦਾ ਰਿਹਾਂ। ਇਸ ਸਰੀਰ ਰੂਪੀ ਕੋਠੇ ਨੂੰ ਲਿੰਬ-ਪੋਚ ਕੇ ਰੱਖਦਾ ਰਿਹਾਂ।”
ਦੁਨੀਆਂ ਨੂੰ ਫਾਨੀ ਸਮਝਦਿਆਂ ਉਨ੍ਹਾਂ ਰੇਡੀਓ ਤੋਂ ਕਵਿਤਾ ਬੋਲੀ:
ਖਿੜੇ ਚਮਨ ਵਿਚ ਨਾਲਾ ਵਹਿੰਦਾ,
ਕੀ ਜਾਣਾ ਮੁੜ ਵਹੇ ਕਿ ਨਾ?
ਵੇਖ ਕੇ ਅੱਖੀਓ ਸਧਰ ਲਾਹ ਲਓ,
ਕੀ ਜਾਣਾ ਮੁੜ ਲਹੇ ਕਿ ਨਾ?
ਇਸ ਜੀਵਨ ਦਾ ਕੀ ਭਰਵਾਸਾ,
ਆਉਂਦੀ ਰੁੱਤੇ ਰਹੇ ਕਿ ਨਾ?
ਉਨ੍ਹਾਂ ਦਾ ਕਹਿਣਾ ਸੀ ਕਿ ਮੂੰਹ ਤੁਹਾਡਾ ਭਾਵੇਂ ਕਿੰਨਾ ਕੋਝਾ ਹੋਵੇ, ਪਿੱਠ ਕੋਝੀ ਨਹੀਂ ਹੋਣੀ ਚਾਹੀਦੀ; ਭਾਵ ਤੁਸੀਂ ਦੁਨੀਆਂ ਵਿਚ ਅਜਿਹੇ ਕੰਮ ਕਰ ਜਾਉ, ਜਿਨ੍ਹਾਂ ਕਰਕੇ ਤੁਸੀਂ ਚੰਗੇ ਰੂਪ ਵਿਚ ਯਾਦ ਕੀਤੇ ਜਾਉ। ਲੋਕਾਂ ਬੈਂਕ ਵਿਚ ਪੈਸੇ ਛੱਡ ਜਾਣੇ ਨੇ, ਮੈਂ ਇਹੋ ਆਪਣੇ ਸੱਜਣਾਂ ਲਈ ਛੱਡ ਜਾਣਾ ਹੈ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਕਦੋਂ ਮੁੱਕ ਜਾਣੀ ਆਂ। ਦੁਨੀਆਂ ਤੋਂ ਹਰ ਇਕ ਨੇ ਤੁਰ ਜਾਣਾ।
ਪੰਜਾਬੀ ਸਰੋਤਿਆਂ ਦਾ ਇਹ ਮਸੀਹਾ 3 ਜੁਲਾਈ 1991 ਨੂੰ ਦਿਲ ਦੀ ਹਰਕਤ ਬੰਦ ਹੋਣ ਨਾਲ ਤੁਰ ਗਿਆ। ਸਾਡੀ ਉਮਰ ਦੇ ਲੋਕ ਅੱਜ ਵੀ ਉਨ੍ਹਾਂ ਦੀਆਂ ਗੱਲਾਂ ਯਾਦ ਕਰਕੇ ਹੱਸਦੇ ਤੇ ਸੇਧ ਲੈਂਦੇ ਨੇ। ‘ਪੰਜਾਬੀ ਟ੍ਰਿਬਿਊਨ’ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਲਿਖਿਆ ਸੀ, “ਪੰਜਾਬੀ ਦਾ ਸੱਚਾ ਸਪੂਤ ਚਲ ਵਸਿਆ।” ਉਹ ਪੰਜਾਬੀਆਂ ਵਿਚ ਅਮਰ ਹਨ। ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਵਾਵਰ ਪੈਦਾ।