ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ?

ਪ੍ਰਿੰ. ਸਰਵਣ ਸਿੰਘ
ਗੁਰੂ ਨਾਨਕ ਦੇਵ ਤੇ ਸਮੁੰਦਰੀ ਮਲਾਹ ਵਾਸਕੋ ਡੀਗਾਮਾ ਹਾਣੋ-ਹਾਣੀ ਸਨ। ਦੋਹਾਂ ਦਾ ਜਨਮ 1469 ਈਸਵੀ ਵਿਚ ਹੋਇਆ ਸੀ। 1969 ਵਿਚ ਦੋਹਾਂ ਦੀਆਂ ਪੰਜਵੀਂਆਂ ਜਨਮ ਸ਼ਤਾਬਦੀਆਂ ਧੂਮ ਧਾਮ ਨਾਲ ਮਨਾਈਆਂ ਗਈਆਂ। ਪੁਰਤਗਾਲ ਦੀ ਸਰਕਾਰ ਨੇ ਵਾਸਕੋ ਡੀਗਾਮਾ ਦੀ ਯਾਦ ਵਿਚ ਯਾਦਗਾਰੀ ਸਿੱਕੇ ਕੱਢੇ ਸਨ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਦੇ ਨਾਂ ਉਤੇ ਅੰਮ੍ਰਿਤਸਰ ਵਿਚ ਯੂਨੀਵਰਸਿਟੀ ਸਥਾਪਿਤ ਕੀਤੀ ਸੀ। ਸਮੇਂ ਦਾ ਗੇੜ ਵੇਖੋ ਕਿ ਪੂਰਬ ਵੱਲੋਂ ਗੁਰੂ ਨਾਨਕ ਦੇਵ 1496 ਵਿਚ ਉਦਾਸੀਆਂ ਦੇ ਪੰਧ ਪਏ ਅਤੇ ਪੱਛਮ ਵੱਲੋਂ ਵਾਸਕੋ ਡੀਗਾਮਾ 1497 ‘ਚ ਪੁਰਤਗਾਲ ਤੋਂ ਇੰਡੀਆ ਨੂੰ ਠਿੱਲ੍ਹਿਆ।

ਗੁਰੂ ਨਾਨਕ ਦੇਵ ਪੂਰਬ ਵਿਚ ਰਾਇ ਭੋਇੰ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਚ ਜਨਮੇ ਸਨ, ਜਦ ਕਿ ਵਾਸਕੋ ਡੀਗਾਮਾ ਪੱਛਮ ਵਿਚ ਪੁਰਤਗਾਲ ਦੇ ਸ਼ਹਿਰ ਸਾਈਨਜ਼ ਵਿਚ ਜੰਮਿਆ ਸੀ। ਦੋਹਾਂ ਨੇ ਦੁਨੀਆਂ ਦਾ ਲੰਮਾ-ਚੌੜਾ ਸਫਰ ਕੀਤਾ। ਇਕ ਨੇ ਪੈਦਲ ਤੇ ਦੂਜੇ ਨੇ ਸਮੁੰਦਰੀ ਬੇੜਿਆਂ ਉਤੇ। ਅਣਜਾਣੇ ਰਾਹਾਂ ਦਾ ਉਹ ਸਫਰ ਹਜ਼ਾਰਾਂ ਕੋਹਾਂ ਦਾ ਸੀ। ਵਿਚਾਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਔਝੜ ਪੈਂਡਿਆਂ ਦਾ ਉਦੇਸ਼ ਕੀ ਸੀ? ਉਨ੍ਹਾਂ ਦੇ ਅਨੁਆਈਆਂ ਨੇ ਉਨ੍ਹਾਂ ਦੇ ਉਦੇਸ਼ ਉਤੇ ਕਿੰਨਾ ਕੁ ਅਮਲ ਕੀਤਾ? ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹੈ, ਉਨ੍ਹਾਂ ਦੀਆਂ ਉਦਾਸੀਆਂ ਦੇ ਉਦੇਸ਼ ਨੂੰ ਅਪਨਾਉਣ ਦੀ ਕਿਤੇ ਵੱਧ ਲੋੜ ਹੈ।
ਬਾਲ ਨਾਨਕ ਪਾਂਧੇ ਤੇ ਮੌਲਵੀ ਤੋਂ ਅੱਖਰ ਪੜ੍ਹ ਕੇ ਡੰਗਰ ਚਾਰਨ ਲੱਗੇ ਸਨ। ਡੰਗਰ ਚਾਰਦਿਆਂ ਧੁੱਪੇ ਈ ਅੱਖ ਲੱਗ ਗਈ। ਮੱਝਾਂ ਰਾਏ ਬੁਲਾਰ ਦੀ ਪੈਲੀ ਵਿਚ ਵੜ ਗਈਆਂ। ਉਲਾਂਭੇ ਆਉਣ ਲੱਗੇ। ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਲੀਹ ਉਤੇ ਪਾਉਣ ਲਈ ਵੀਹ ਰੁਪਈਏ ਦੇ ਕੇ ਕਿਹਾ, “ਜਾਹ ਨਾਨਕ, ਸੌਦਾ ਪੱਤਾ ਕਰ, ਖੱਟ ਕਮਾ।”
ਉਦੋਂ ਦੇ ਵੀਹ ਰੁਪਈਏ ਹੁਣ ਦੇ ਲੱਖਾਂ ਰੁਪਈਆਂ ਬਰਾਬਰ ਸਨ।
ਗੁਰੂ ਨਾਨਕ ਨੇ ਉਨ੍ਹਾਂ ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਯਾਨਿ ਲੋੜਵੰਦਾਂ ਨੂੰ ਅੰਨ-ਪਾਣੀ ਛਕਾ ਦਿਤਾ। ਆਪਣੀ ਜਾਣੇ ਸੱਚਾ ਸੌਦਾ ਕਰ ਲਿਆ। ਕਾਰਲ ਮਾਰਕਸ ਦੀ ਵਿਚਾਰਧਾਰਾ ‘ਯੋਗਤਾ ਅਨੁਸਾਰ ਕੰਮ ਤੇ ਲੋੜ ਅਨੁਸਾਰ ਵਸਤ’ ਬਾਅਦ ਵਿਚ ਆਈ। ਗੁਰੂ ਨਾਨਕ ਦੀ ਸੱਚੇ ਸੌਦੇ ਵਾਲੀ ਮਿਸਾਲ ਨਾਲ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਣ ਦੀ ਪਿਰਤ ਪੈ ਗਈ, ਜਿਸ ਨੂੰ ਗੁਰੂ ਦੇ ਸਿੱਖਾਂ ਨੇ ‘ਗੁਰੂ ਕਾ ਲੰਗਰ’ ਨਾਂ ਦੇ ਦਿੱਤਾ। ਸ਼ੁਕਰ ਹੈ, ਉਹ ਪਿਰਤ ਅੱਜ ਵੀ ਕਾਇਮ ਹੈ। ਪਦਾਰਥਵਾਦ ਦੇ ਬੇਰੁਖੇ ਵਰਤਾਰਿਆਂ ਸਮੇਂ ਵੀ ਗੁਰਦੁਆਰਿਆਂ ਵਿਚ ਲੋੜਵੰਦਾਂ ਨੂੰ ਮੁਫਤ ਖਾਣਾ ਪਰੋਸਿਆ ਜਾਂਦੈ। ਉਥੇ ਜਾਤ ਬਰਾਦਰੀ ਨਹੀਂ ਵੇਖੀ ਜਾਂਦੀ। ਊਚ-ਨੀਚ ਨਹੀਂ ਪਰਖੀ ਜਾਂਦੀ। ਫਿਰ ਵੀ ਸਭ ਥਾਂਈਂ ਸਭ ਕੁਝ ਅੱਛਾ ਨਹੀਂ। ਗੁਰੂ ਦੇ ਸਿੱਖਾਂ ਨੂੰ ਆਪਣੀ ਅੰਤਰ ਆਤਮਾ ਅੰਦਰ ਝਾਤ ਮਾਰਨ ਦੀ ਲੋੜ ਹੈ।
ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਸੀ, ਪਰਾਇਆ ਹੱਕ ਨਾ ਮਾਰਨਾ, ਮਾਇਆ ਨਾਲ ਮੋਹ ਨਾ ਕਰਨਾ, ਮਾਇਆ ‘ਚ ਖਚਿਤ ਨਾ ਹੋਣਾ, ਮਾਇਆ ‘ਕੱਠੀ ਕਰਨ ਲਈ ਕਿਰਤੀਆਂ ਤੇ ਉਪਜਾਊ ਸਾਧਨਾਂ ਦੀ ਲੁੱਟ-ਖਸੁੱਟ ਨਾ ਕਰਨੀ ਅਤੇ ਸਾਰੀ ਉਮਰ ਮਾਇਆ ਖਾਤਰ ਹੀ ਪਾਪੜ ਨਾ ਵੇਲੀ ਜਾਣੇ। ਮਾਇਆ ਦੇ ਮਾੜੇ ਰੋਲ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਕੁਝ ਲਿਖਿਆ, ਜਿਸ ਦਾ ਤੱਤਸਾਰ ਹੈ, “ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥” ਸਰਲ ਅਰਥ ਹਨ, ਪਾਪਾਂ ਬਿਨਾ ਯਾਨਿ ਲੁੱਟ ਖੋਹ ਕਰੇ ਬਿਨਾ ਮਾਇਆ ‘ਕੱਠੀ ਨਹੀਂ ਹੁੰਦੀ। ਜੋ ਫਿਰ ਵੀ ‘ਕੱਠੀ ਕਰਨੋ ਨਹੀਂ ਟਲਦੇ, ਮਰਨ ਵੇਲੇ ਉਹ ਉਨ੍ਹਾਂ ਦੇ ਨਾਲ ਨਹੀਂ ਜਾਂਦੀ। ਚੰਗਾ ਰਹੇ ਜੇ ਬੰਦਾ ਕਿਰਤ ਕਰੇ, ਵੰਡ ਛਕੇ ਤੇ ਨਾਮ ਜਪੇ। ਸਰਬੱਤ ਦਾ ਭਲਾ ਇਸੇ ਵਿਚ ਹੀ ਹੈ। ਇਸ ਉਦੇਸ਼ ਦੇ ਪ੍ਰਚਾਰ ਲਈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਭਾਵ ਚਾਰ ਲੰਮੇ ਸਫਰ ਕੀਤੇ। ਬਾਣੀ ਰਚੀ, ਗਾਈ, ਗੋਸ਼ਟਾਂ ਕੀਤੀਆਂ ਅਤੇ ਕਹੀਆਂ ਗੱਲਾਂ ਉਤੇ ਖੁਦ ਅਮਲ ਕਰ ਕੇ ਵਿਖਾਇਆ।
ਸੁਆਲ ਪੈਦਾ ਹੁੰਦੈ, ਕੀ ਗੁਰੂ ਦੇ ਸਿੱਖ ਗੁਰਬਾਣੀ ‘ਤੇ ਖੁਦ ਅਮਲ ਕਰ ਰਹੇ ਹਨ? ਕਿਤੇ ਪਖੰਡ ਤਾਂ ਨਹੀਂ ਕਰ ਰਹੇ? ਗੁਰਾਂ ਦਾ ਬਚਨ ਹੈ, “ਛੋਡੀਲੇ ਪਾਖੰਡਾ॥”
ਦੂਜਾ ਪਾਸਾ ਦੇਖੋ। ਵਾਸਕੋ ਡੀਗਾਮਾ ਅਣਗੌਲਿਆ ਬੱਚਾ ਸੀ। ਉਹਦੀ ਜਨਮ ਤਾਰੀਖ ਦਾ ਅਜੇ ਵੀ ਪੱਕਾ ਪਤਾ ਨਹੀਂ। ਏਨਾ ਕੁ ਪਤਾ ਲੱਗ ਸਕਿਆ ਕਿ ਉਹ 1460ਵਿਆਂ ਵਿਚ ਜੰਮਿਆ ਸੀ। ਉਹਦਾ ਜਨਮ ਸਾਲ ਅਟੇ-ਸਟੇ ਨਾਲ ਹੀ 1469 ਲਿਖਿਆ ਗਿਆ, ਜੋ ਸਬੱਬ ਨਾਲ ਗੁਰੂ ਨਾਨਕ ਦੇਵ ਦਾ ਅਸਲੀ ਜਨਮ ਸਾਲ ਹੈ। ਮਲਾਹਗੀਰੀ ਉਹਦਾ ਸ਼ੌਕ ਸੀ। ਜਾਨ ਜੋਖੋਂ ਵਾਲਾ ਸੀ। ਖਤਰੇ ਸਹੇੜਨ ਵਾਲਾ। ਜੁਆਨ ਹੋਇਆ ਤਾਂ ਪੁਰਤਗਾਲ ਦੇ ਬਾਦਸ਼ਾਹ ਨੇ ਉਸ ਨੂੰ ਸਮੁੰਦਰੀ ਬੇੜਾ ਦੇ ਕੇ ਇੰਡੀਆ ਲੱਭਣ ਲਈ ਭੇਜਿਆ। ਉਸ ਦਾ ਉਦੇਸ਼ ਸੀ, ਨਵਾਂ ਮੁਲਕ ਲੱਭਣਾ, ਵਣਜ ਵਪਾਰ ਕਰਨਾ ਤੇ ਦੌਲਤ ਨਾਲ ਮਾਲਾਮਾਲ ਹੋਣਾ। ਇਹ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਉਦੇਸ਼ ਦੇ ਬਿਲਕੁਲ ਉਲਟ ਸੀ।
ਵਾਸਕੋ ਡੀਗਾਮਾ ਨੇ ਇੰਡੀਆ ਨੂੰ ਪਹਿਲਾ ਸਮੁੰਦਰੀ ਬੇੜਾ 8 ਜੁਲਾਈ 1497 ਨੂੰ ਠੇਲ੍ਹਿਆ। ਉਹ 20 ਮਈ 1498 ਨੂੰ ਕਾਲੀਕਟ ਪੁੱਜਾ। ਗੁਰੂ ਨਾਨਕ ਦੇਵ ਵਾਂਗ ਨਾ ਕਿਸੇ ਨਾਲ ਗੋਸ਼ਟ ਕੀਤੀ, ਨਾ ਜੀਵਨ ਦਾ ਉਦੇਸ਼ ਦੱਸਿਆ, ਨਾ ਜੀਵਨ ਦੀ ਬੰਦਖਲਾਸੀ ਦਾ ਰਾਹ ਦੱਸਿਆ। ਇੰਡੀਆ ਪੁੱਜਾ ਤੇ ਮਸਾਲਿਆਂ ਦੇ ਬੇੜੇ ਭਰ ਕੇ ਯੂਰਪ ਵਿਚ ਮਹਿੰਗੇ ਭਾਅ ਵੇਚਣ ਲਈ ਲੈ ਗਿਆ। ਗੁਰੂ ਨਾਨਕ ਦਾ ਉਦੇਸ਼ ਮਾਇਆ ਤੋਂ ਮੁਕਤ ਸਚਿਆਰਾ ਜੀਵਨ ਜਿਉਣਾ ਸੀ, ਜਦ ਕਿ ਵਾਸਕੋ ਡੀਗਾਮਾ ਨੂੰ ਭੇਜਣ ਵਾਲੇ ਬਾਦਸ਼ਾਹ ਦਾ ਮੰਤਵ ਬਹੁਤੀ ਮਾਇਆ ‘ਕੱਠੀ ਕਰਨਾ ਸੀ। ਵਾਸਕੋ ਡੀਗਾਮਾ ਨੇ ਚਾਰ ਗੇੜੇ ਲਾਏ ਤੇ ਚੌਥਾ ਗੇੜਾ ਲਾਉਂਦਿਆਂ 24 ਦਸੰਬਰ 1524 ਨੂੰ ਇੰਡੀਆ ਦੇ ਸ਼ਹਿਰ ਕੋਚੀ ਵਿਚ ਚਲਾਣਾ ਕਰ ਗਿਆ। ਉਸ ਦੀ ਦੇਹ ਦਫਨਾ ਕੇ ਪਹਿਲਾਂ ਉਹਦੀ ਕਬਰ ਕੋਚੀ ‘ਚ ਹੀ ਬਣਾਈ ਗਈ, ਫਿਰ 1939 ਵਿਚ ਦੇਹ ਪੁਰਤਗਾਲ ਲਿਜਾ ਕੇ ਦਫਨਾਈ ਗਈ।
ਗੁਰੂ ਨਾਨਕ ਦੇਵ ਜੀ ਨੇ ਵੀ ਚਾਰ ਉਦਾਸੀਆਂ ਭਾਵ ਚਾਰ ਚੱਕਰ ਲਾਏ। ਫਿਰ ਕਰਤਾਰਪੁਰ ਵਸਾਇਆ, ਖੁਦ ਖੇਤੀ ਕੀਤੀ, ਲੰਗਰ ਲਾਏ ਅਤੇ 1539 ਵਿਚ ਕਰਤਾਰਪੁਰ ਵਿਖੇ ਜੋਤੀ ਜੋਤਿ ਸਮਾਏ, ਜਿਥੋਂ ਦੇ ਲਾਂਘੇ ਦੀਆਂ ਗੱਲਾਂ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਹਨ।
ਸਮੇਂ ਦਾ ਗੇੜ ਵੇਖੋ, ਵਾਸਕੋ ਡੀਗਾਮਾ ਨੂੰ ਬਿਖੜੇ ਪੈਂਡਿਆਂ ‘ਤੇ ਪਾਉਣ ਵਾਲਿਆਂ ਦੇ ਲੋਟੂ ਟੋਲੇ ਸਮੇਂ ਨਾਲ ਗਲੋਬਲਾਈਜੇਸ਼ਨ ਤਕ ਪੁੱਜਦਿਆਂ ਮਲਟੀਨੈਸ਼ਨਲ ਕੰਪਨੀਆਂ ਬਣਾ ਕੇ ਕੁਲ ਦੁਨੀਆਂ ਦੀ ਦੌਲਤ ਲੁੱਟ ਰਹੇ ਤੇ ਮਾਇਆ ‘ਕੱਠੀ ਕਰਨ ਡਹੇ ਹਨ। ਮਾਇਆ ‘ਕੱਠੀ ਕਰਨ ਲਈ ਉਹ ਜੰਗੀ ਹਥਿਆਰ ਬਣਾ ਰਹੇ, ਮੁਲਕਾਂ ਨੂੰ ਪਾੜ ਰਹੇ, ਆਪਸ ਵਿਚ ਲੜਾ ਰਹੇ, ਮਾਰੂ ਨਸ਼ੇ ਚਲਾ ਰਹੇ, ਦਹਿਸ਼ਤ ਫੈਲਾ ਰਹੇ, ਵੱਡੇ ਸ਼ਾਪਿੰਗ ਮਾਲ ਬਣਾ ਰਹੇ, ਵਣਜ ਵਪਾਰ ਵਧਾ ਰਹੇ, ਕਰੰਸੀ ਦੀ ਖੇਡ ਖੇਡ ਰਹੇ ਅਤੇ ਲੋਕਰਾਜਾਂ ਦੀ ਪੱਟੀ ਮੇਸ ਕਰਨ ਲਈ ਵੋਟਾਂ ਵੇਚ-ਵੱਟ ਰਹੇ ਨੇ! ਲੋਕਾਈ ਬਲਦੀ ਦੇ ਮੂੰਹ ਦੇ ਰੱਖੀ ਹੈ, ਉਨ੍ਹਾਂ ਨੇ।
ਏਧਰ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਵੱਲ ਨਜ਼ਰ ਮਾਰੋ। ਕੀ ਉਹ ਆਪਣੇ ਗੁਰੂ ਦੇ ਦਰਸਾਏ ਮਾਰਗ ਉਤੇ ਚੱਲ ਰਹੇ ਨੇ ਜਾਂ ਉਹ ਵੀ ਵਾਸਕੋ ਡੀਗਾਮਾ ਦੇ ਚੇਲੇ ਬਣ ਗਏ ਹੋਏ ਨੇ! ਕਿਤੇ ‘ਰਾਜ ਨਹੀਂ ਸੇਵਾ’ ਦੇ ਨਾਂ ਉਤੇ ਨੋਟਾਂ ਨਾਲ ਰਾਜ ਲੈਣ ਤੇ ਰਾਜ ਨਾਲ ਨੋਟ ‘ਕੱਠੇ ਕਰਨ ਦਾ ਡਰਾਮਾ ਤਾਂ ਨਹੀਂ ਕਰੀ ਜਾ ਰਹੇ?
ਕੁਝ ਸਾਲ ਪਹਿਲਾਂ ਮੈਂ ਸਿਆਟਲ ਕਬੱਡੀ ਟੂਰਨਾਮੈਂਟ ਦੀ ਕੁਮੈਂਟਰੀ ਕਰਨ ਗਿਆ। ਕੁਮੈਂਟਰੀ ਕਰਦਿਆਂ ਮੈਥੋਂ ਕਿਹਾ ਗਿਆ ਕਿ ਕੰਪਿਊਟਰ ਸਾਫਟਵੇਅਰ ਵਾਲਾ ਬਿੱਲ ਗੇਟਸ ਇਸੇ ਸ਼ਹਿਰ ਦਾ ਹੀ ਹੈ। ਉਹ ਸਭ ਤੋਂ ਵੱਡਾ ਇੰਪਲਾਇਰ ਹੈ। ਉਹਦੀ ਸਾਲਾਨਾ ਆਮਦਨ 90 ਬਿਲੀਅਨ ਡਾਲਰ ਤੋਂ ਵੱਧ ਐ। ਇਕ ਬੰਦਾ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਬਿੱਲ ਗੇਟਸ ਨਹੀਂ, ਸਭ ਤੋਂ ਵੱਡਾ ਇੰਪਲਾਇਰ ਐ ਗੁਰੂ ਗ੍ਰੰਥ ਸਾਹਿਬ। ਸਾਡਾ ਮਹਾਰਾਜ। ਉਹਦੀ ਸਾਲਾਨਾ ਆਮਦਨ ਦੇ ਤਾਂ ਬਿੱਲ ਗੇਟਸ ਪਾ ਪਾਸਕ ਵੀ ਨਹੀਂ।”
ਮੈਂ ਕਿਹਾ, “ਮਹਾਰਾਜ ਤਾਂ ਮਾਇਆ ਤੋਂ ਮੁਕਤੀ ਦਾ ਮਾਰਗ ਦੱਸਦੇ ਨੇ। ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ।”
ਉਸ ਨੇ ਗੱਲ ਸਮਝਾਈ, ਅਖੇ! ਸਾਡੇ ਮਹਾਰਾਜ ਦੇ ਵੀ ਅਨੇਕਾਂ ਏਜੰਟ ਨੇ, ਜਿਨ੍ਹਾਂ ਵਾਸਕੋ ਡੀਗਾਮਾ ਵਾਂਗ ਵਪਾਰੀ ਬਣ ਕੇ ਗੁਰਬਾਣੀ ਹੀ ਵੇਚਣੀ ਲਾ ਛੱਡੀ ਐ! ਵੇਖ ਲਓ ਹਜ਼ਾਰਾਂ ਗੁਰਦੁਆਰੇ ਜਥੇਦਾਰਾਂ ਤੇ ਸੇਵਾਦਾਰਾਂ ਨੇ ਕਮਾਈ ਦੇ ਸਟੋਰ ਬਣਾ ਛੱਡੇ ਨੇ। ਉਥੇ ਪਾਠ ਵਿਕਦੇ ਨੇ, ਕੀਰਤਨ ਵਿਕੀ ਜਾਂਦੈ, ਕਥਾ ਵਿਕਦੀ ਐ, ਕਾਰ ਸੇਵਾ ਵਿਕਦੀ ਐ, ਕੀ ਨਹੀਂ ਵਿਕਦਾ ਉਥੇ? ਅਗਲਿਆਂ ਨੇ ਅਰਦਾਸ ਦੀ ਵੀ ਭੇਟਾ/ਫੀਸ ਲਾ ਰੱਖੀ ਐ। ਢੋਲਕੀਆਂ ਵਾਜੇ, ਢੱਡ ਸਾਰੰਗੀਆਂ-ਗੱਲ ਕੀ ਸਾਰੇ ਸਾਜ਼ ਬਾਜ ਈ ਪੌਂਡ ਪੌਂਡ, ਡਾਲਰ ਡਾਲਰ ਕੂਕੀ ਜਾਂਦੇ ਨੇ। ਦਰਬਾਰ ਸਾਹਿਬ ਜਾ ਕੇ ਦੇਖ ਲਓ। ਘੱਟ ਮਾਇਆ ਨਾਲ ਮੱਥਾ ਟੇਕੋ ਤਾਂ ਚੱਲੋ ਅਗਾਂਹ। ਵੱਧ ਮਾਇਆ ਨਾਲ ਮੱਥਾ ਟੇਕੋ ਤਾਂ ਅਗਲੇ ਸਿਰੋਪਾਓ ਬਖਸ਼ਦੇ ਨੇ!
ਕੌਣ ਪੁੱਛਦੈ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਮਲਕ ਭਾਗੋ ਦੇ ਮਾਲ੍ਹ ਪੂੜਿਆਂ ਦੀ ਥਾਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪਹਿਲ ਦਿੱਤੀ ਸੀ। ਉਨ੍ਹਾਂ ਸ਼ਬਦ ਉਚਾਰਿਆ ਸੀ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਅਜੇ ਵੀ ਵੇਲਾ ਹੈ, ਪਖੰਡ ਛੱਡਣ ਦਾ, ਆਪਣੇ ਗੁਰੂ ਦੇ ਲੜ ਲੱਗਣ ਦਾ, ਨਾ ਕਿ ਗੁਰੂ ਨਾਨਕ ਤੋਂ ਬੇਮੁਖ ਹੋ ਕੇ ਵਾਸਕੋ ਡੀਗਾਮਾ ਦੇ ਪਿਛਲੱਗ ਬਣਨ ਦਾ, ਅਤੇ ਮਾਇਆ ਦੇ ਟੇਟੇ ਚੜ੍ਹ ਕੇ ਖੱਜਲ ਖੁਆਰ ਹੋਈ ਜਾਣ ਦਾ। ਨਹੀਂ ਤਾਂ ਫਿਰ ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ?