ਮੋਦੀ-ਸ਼ਾਹ-ਡੋਵਾਲ ਤਿੱਕੜੀ ਦੀ ਖਤਰਨਾਕ ਰਾਜਨੀਤੀ

ਗੁਰਬਚਨ ਸਿੰਘ
ਕਸ਼ਮੀਰ ਮਸਲੇ ਬਾਰੇ ਸੀਨੀਅਰ ਪੱਤਰਕਾਰ ਸਵਾਮੀਨਾਥਨ ਅੰਕਲੇਸਰੀਆ ਅਈਅਰ ਨੇ 11 ਅਗਸਤ ਦੇ ਅੰਗਰੇਜੀ ਅਖਬਾਰ ‘ਟਾਈਮਜ ਆਫ ਇੰਡੀਆ’ ਵਿਚ ਇਹ ਸੱਚ ਉਭਾਰਿਆ ਹੈ ਕਿ ਕਸ਼ਮੀਰ ਅੰਦਰ ਭਾਜਪਾ ਦੀ ਪਹੁੰਚ, ਇਜਰਾਈਲ ਦੀ ਤਰਜ ਉਤੇ ਫਲਸਤੀਨ ਦੇ ਪੱਛਮੀ ਕਿਨਾਰੇ ਵਾਂਗ ਉਚੀਆਂ ਕੰਧਾਂ ਦੀ ਚਾਰਦੀਵਾਰੀ ਦੇ ਆਲੇ-ਦੁਆਲੇ ਨਾਕੇ ਲਾ ਕੇ ਕੀਤੀਆਂ ਕਿਲ੍ਹਾਬੰਦੀਆਂ ਵਿਚ ਹਿੰਦੂ ਬਸਤੀਆਂ ਵਸਾਉਣ ਦੀ ਹੈ। ਇਸ ਤਰ੍ਹਾਂ ਮੁਸਲਿਮ ਬਹੁਗਿਣਤੀ ਖੇਤਰਾਂ ਨੂੰ ਵੱਖ ਵੱਖ ਕਰਕੇ ਇਕ-ਦੂਜੇ ਤੋਂ ਨਿਖੜੇ ਹੋਏ ਟਾਪੂਆਂ ਵਾਂਗ ਵਸਣ ਲਈ ਮਜਬੂਰ ਕਰ ਦਿਤਾ ਜਾਵੇਗਾ।

ਹਿੰਦੂ ਬਸਤੀਆਂ ਵਸਾਉਣ ਦੀ ਇਹ ਕਾਰਵਾਈ ਸ੍ਰੀਨਗਰ ਅਤੇ ਇਸ ਦੇ ਆਲੇ-ਦੁਆਲੇ ਤੋਂ ਅਰੰਭ ਕੀਤੀ ਜਾਵੇਗੀ। ਐਨ ਉਸੇ ਤਰ੍ਹਾਂ ਜਿਵੇਂ ਇਜਰਾਈਲ ਨੇ ਜੇਰੂਸਲਮ ਦੇ ਆਲੇ-ਦੁਆਲੇ ਯਹੂਦੀ ਬਸਤੀਆਂ ਵਸਾ ਕੇ ਕੀਤੀ ਹੈ।
ਅਈਅਰ ਅਨੁਸਾਰ ਬਾਅਦ ਵਿਚ ਇਹੀ ਮੁਹਿੰਮ ਪੇਂਡੂ ਖੇਤਰਾਂ ਵਿਚ ਵੀ ਸ਼ੁਰੂ ਕੀਤੀ ਜਾਵੇਗੀ। ਪਿੰਡਾਂ ਦੇ ਪਿੰਡ ਖਰੀਦ ਲਏ ਜਾਣਗੇ ਅਤੇ ਸਾਬਕਾ ਫੌਜੀਆਂ ਨੂੰ ਉਹ ਜਮੀਨ ਮੁਫਤ ਦੇ ਕੇ ਅਤੇ ਆਪਣੀ ਰਾਖੀ ਆਪ ਕਰਨ ਦੇ ਆਧਾਰ ਉਤੇ, ਉਨ੍ਹਾਂ ਨੂੰ ਉਥੇ ਵਸਣ ਲਈ ਪ੍ਰੇਰਿਆ ਜਾਵੇਗਾ। ਵਸੋਂ ਦੀ ਇਹ ਅਦਲਾ-ਬਦਲੀ ਫਲਸਤੀਨ ਨਾਲੋਂ ਕਸ਼ਮੀਰ ਵਿਚ ਤੇਜੀ ਨਾਲ ਹੋਵੇਗੀ, ਕਿਉਂਕਿ ਕਸ਼ਮੀਰ ਦਾ ਜੰਮੂ ਖੇਤਰ ਪਹਿਲਾਂ ਹੀ ਹਿੰਦੂ ਬਹੁਗਿਣਤੀ ਵਾਲਾ ਹੈ। ਅਈਅਰ ਦੇ ਅੰਦਾਜ਼ੇ ਅਨੁਸਾਰ ਦੋ-ਤਿੰਨ ਦਹਾਕਿਆਂ ਵਿਚ ਇਹ ਕਾਰਵਾਈ ਪੂਰੀ ਹੋ ਜਾਵੇਗੀ। ਬੇਸ਼ਕ ਇਸ ਦਾ ਸਿੱਟਾ ਪਾਕਿਸਤਾਨ ਤੇ ਮੁਸਲਿਮ ਦੇਸ਼ਾਂ ਦੀ ਮਦਦ ਨਾਲ ਕਸ਼ਮੀਰੀ ਬਗਾਵਤ ਜਾਰੀ ਰਹਿਣ ਵਿਚ ਨਿਕਲੇਗਾ ਅਤੇ ਦਹਾਕਿਆਂ ਬੱਧੀ ਕਸ਼ਮੀਰ ਹਿੰਸਾ ਦੀ ਸ਼ਿਕਾਰਗਾਹ ਬਣਿਆ ਰਹੇਗਾ। ਅਈਅਰ ਦੇ ਕਥਨ ਅਨੁਸਾਰ ਭਾਜਪਾ ਸਮੇਤ ਬਹੁਤ ਸਾਰੀਆਂ ਪਾਰਟੀਆਂ ਇਸ ਹਿੰਸਾ ਲਈ ਮਾਨਸਿਕ ਤੌਰ ‘ਤੇ ਤਿਆਰ ਹਨ, ਜਦੋਂ ਕਿ ਮੌਜੂਦਾ ਹਾਲਾਤ ਵਿਚ ਕਾਂਗਰਸ ਇਸ ਕੰਮ ਵਿਚ ਬਹੁਤੀ ਦਖਲਅੰਦਾਜ਼ੀ ਨਹੀਂ ਕਰ ਸਕਦੀ।
ਅਈਅਰ ਦੀ ਇਸ ਜਾਣਕਾਰੀ ਦੀ ਪੁਸ਼ਟੀ ਮੋਦੀ ਰਾਜ ਵਿਚ ਭਾਰਤ ਅਤੇ ਇਜਰਾਈਲ ਸਰਕਾਰਾਂ ਵਿਚਾਲੇ ਬਣੀ ਨੇੜਤਾ ਵੀ ਕਰਦੀ ਹੈ। ਭਾਰਤੀ ਜਨਤਾ ਪਾਰਟੀ ਦਾ ਰਾਜ ਸਭਾ ਮੈਂਬਰ ਅਤੇ ਆਰ. ਐਸ਼ ਐਸ਼ ਦਾ ਸਿਧਾਂਤਕਾਰ ਸੁਬਰਾਮਨੀਅਨ ਸਵਾਮੀ ਬੜੇ ਚਿਰ ਤੋਂ ਭਾਰਤ-ਇਜਰਾਈਲ-ਅਮਰੀਕਾ ਗਠਜੋੜ ਦੀ ਵਕਾਲਤ ਕਰ ਰਿਹਾ ਹੈ। ਕਮਿਊਨਿਸਟਾਂ ਦੇ ਵਿਰੋਧ ਵਿਚ ਸੰਘ ਪਰਿਵਾਰ ਪਹਿਲਾਂ ਤੋਂ ਹੀ ਅਮਰੀਕੀ ਸਾਮਰਾਜ ਪੱਖੀ ਰਿਹਾ ਹੈ। ਅਮਰੀਕੀ ਸਾਮਰਾਜ ਤੇ ਇਜਰਾਈਲ ਦਾ ਮੁਸਲਮਾਨ ਵਿਰੋਧ ਇਨ੍ਹਾਂ ਦੀ ਮਾਨਸਿਕਤਾ ਦੇ ਐਨ ਫਿਟ ਬੈਠਦਾ ਹੈ। ਇਹ ਐਵੇਂ ਨਹੀਂ ਕਿ ਨਿਰਦੋਸ਼ ਫਲਸਤੀਨੀਆਂ ਦਾ ਵਹਿਸ਼ੀ ਕਤਲੇਆਮ ਕਰਨ ਲਈ ਦੁਨੀਆਂ ਭਰ ਵਿਚ ਬਦਨਾਮ ਇਜਰਾਈਲ ਦਾ ਪ੍ਰਧਾਨ ਮੰਤਰੀ ਨੇਤਿਆਨੇਹੂ ਨਰਿੰਦਰ ਮੋਦੀ ਨਾਲ ਆਪਣੀਆਂ ਫੋਟੋਆਂ ਲਾ ਕੇ ਇਜਰਾਈਲ ਵਿਚ ਚੋਣ ਪ੍ਰਚਾਰ ਕਰ ਰਿਹਾ ਹੈ ਅਤੇ ਇਜਰਾਈਲ ਦੀ ਖੁਫੀਆ ਏਜੰਸੀ ‘ਮੋਸਾਦ’ ਕਸ਼ਮੀਰ ਵਿਚ ਭਾਰਤੀ ਖੁਫੀਆਂ ਏਜੰਸੀਆ ਦੀ ਸਰਗਰਮ ਮਦਦ ਕਰ ਰਹੀ ਹੈ। ਇਥੋਂ ਤਕ ਕਿ ਅਲ ਜਜੀਰਾ ਨਿਊਜ਼ ਚੈਨਲ ਦਾ ਮੁਕਾਬਲਾ ਕਰਨ ਲਈ ਜ਼ੀ ਨਿਊਜ਼ ਚੈਨਲ ਵਲੋਂ ਚਲਾਇਆ ਜਾ ਰਿਹਾ ਨਿਊਜ਼ ਚੈਨਲ ਵਾਇਨ (ਵਰਲਡ ਇਜ਼ ਵਨ ਨਿਊਜ਼), ਮੋਸਾਦ ਦੀ ਮਦਦ ਅਤੇ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਪਿਛਲੇ ਸਾਲ ਹਥਿਆਰ ਖਰੀਦਣ ਲਈ ਇਜਰਾਈਲ ਨਾਲ 4000 ਕਰੋੜ ਰੁਪਏ ਦਾ ਕੀਤਾ ਗਿਆ ਸਮਝੌਤਾ ਵੀ ਇਸੇ ਕਾਰਵਾਈ ਦਾ ਹਿੱਸਾ ਹੈ। ਲੰਡਨ ਤੋਂ ਛਪਦੇ ਅਖਬਾਰ ‘ਇੰਡੀਪੈਡੈਂਟ’ ਅਨੁਸਾਰ ਪੁਲਵਾਮਾ ਘਟਨਾ ਪਿਛੋਂ ਪਾਕਿਸਤਾਨ ਦੇ ਬਾਲਾਕੋਟ ਖੇਤਰ ਵਿਚ ਕੀਤਾ ਗਿਆ ‘ਸਰਜੀਕਲ ਸਟਰਾਈਕ’ (ਹਵਾਈ ਹਮਲਾ) ਵੀ ਇਜਰਾਈਲੀ ਹਥਿਆਰਾਂ ਅਤੇ ਇਜਰਾਈਲੀ ਦੇਖ-ਰੇਖ ਹੇਠ ਕੀਤਾ ਗਿਆ ਸੀ।
ਮੋਦੀ-ਸ਼ਾਹ-ਡੋਵਾਲ ਤਿੱਕੜੀ ਵਲੋਂ ਕਸ਼ਮੀਰ ਦੀ ਕਾਗਜ਼ੀ ਖੁਦਮੁਖਤਿਆਰੀ ਖਤਮ ਕਰਨ ਬਾਰੇ ਕੀਤੀ ਗਈ ਕਾਹਲੀ ਦੇ ਕਾਰਨਾਂ ਦੀ ਜਾਣਕਾਰੀ ਵੀ ਸੁਬਰਾਮਨੀਅਨ ਸਵਾਮੀ ਨੇ ਦਿਤੀ ਹੈ। ਉਸ ਦੇ ਟਵੀਟ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹਾਜਰੀ ਵਿਚ ਕਸ਼ਮੀਰ ਮਸਲੇ ਬਾਰੇ ਸਾਲਸੀ ਕਰਨ ਦੇ ਸੁਝਾਅ ਅਤੇ ਅਫਗਾਨਿਸਤਾਨ ਵਿਚ ਤਾਲਿਬਾਨ ਨਾਲ ਹੋ ਰਹੇ ਸਮਝੌਤੇ ਵਿਚ ਪਾਕਿਸਤਾਨ ਦੀ ਸਰਦਾਰੀ ਮੰਨ ਲੈਣ ਨੇ ਮੋਦੀ ਸਰਕਾਰ ਦੇ ਪੈਰਾਂ ਥੱਲਿਓਂ ਜਮੀਨ ਕੱਢ ਦਿੱਤੀ ਹੈ। ਬੌਖਲਾਹਟ ਵਿਚ ਆ ਕੇ ਇਸ ਤਿੱਕੜੀ ਨੇ ਅਮਰੀਕਾ ਅਤੇ ਪਾਕਿਸਤਾਨ ਦੀ ਇਸ ਚਾਲ ਨੂੰ ਅਸਫਲ ਕਰਨ ਲਈ ਇਹ ਫੌਰੀ ਕਦਮ ਪੁਟਿਆ ਹੈ। ਸਵਾਮੀ ਦੇ ਇਸ ਕਥਨ ਦੀ ਪੁਸ਼ਟੀ ਆਲਮੀ ਮਸਲਿਆਂ ਦੇ ਮਾਹਿਰ ਅਤੇ ਕੱਟੜ ‘ਰਾਸ਼ਟਰਵਾਦੀ’ ਪੱਤਰਕਾਰ ਬ੍ਰਹਮ ਚੇਲਾਨੀ ਨੇ ਵੀ ਕੀਤੀ ਹੈ।
ਸੁਬਰਾਮਨੀਅਨ ਸਵਾਮੀ ਨੇ ਇਕ ਹੋਰ ਜਾਣਕਾਰੀ ਵੀ ਦਿਤੀ ਹੈ ਕਿ ਟਰੰਪ ਨੇ ਮੋਦੀ ਨੂੰ ਅਫਗਾਨਿਸਤਾਨ ਵਿਚ ਫੌਜਾਂ ਭੇਜਣ ਲਈ ਕਿਹਾ ਸੀ, ਪਰ ਮੋਦੀ ਨੇ ਇਹ ਸੁਝਾਅ ਮੰਨਣ ਤੋਂ ਨਾਂਹ ਕਰ ਦਿੱਤੀ। ਇਸ ਜਾਣਕਾਰੀ ਨਾਲ ਪਿਛਲੇ ਕੁਝ ਸਮੇਂ ਅੰਦਰ ਭਾਰਤ, ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤੇ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਬਾਰੇ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਅਮਰੀਕਾ ਨੇ ਕੁਝ ਸਮਾਂ ਪਹਿਲਾਂ ਪਾਕਿਸਤਾਨ ਤੋਂ ਭਾਰਤ ਵੱਲ ਜੋ ਆਪਣਾ ਰੁਖ ਬਦਲਿਆ ਸੀ, ਉਸ ਦਾ ਮੰਤਵ ਮੋਦੀ ਸਰਕਾਰ ਨੂੰ ਅਫਗਾਨਿਸਤਾਨ ਵਿਚ ਆਪਣੀਆਂ ਫੌਜਾਂ ਭੇਜਣ ਲਈ ਮਨਾਉਣਾ ਸੀ, ਤਾਂ ਕਿ ਉਹ ਆਪਣੀਆਂ ਫੌਜਾਂ ਉਥੋਂ ਕੱਢ ਸਕੇ, ਪਰ ਜਦੋਂ ਮੋਦੀ ਸਰਕਾਰ ਨਾ ਮੰਨੀ ਤਾਂ ਟਰੰਪ ਨੇ ਆਪਣਾ ਰੁਖ ਬਦਲ ਕੇ ਇਕ ਵਾਰ ਫਿਰ ਪਾਕਿਸਤਾਨ ਵੱਲ ਕਰ ਲਿਆ ਹੈ।
ਟਰੰਪ ਦੀ ਰਾਜਸੀ ਮਜਬੂਰੀ ਇਹ ਹੈ ਕਿ ਉਹ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਅਫਗਾਨਿਸਤਾਨ ਵਿਚੋਂ ਆਪਣੀਆਂ ਫੌਜਾਂ ਕੱਢਣੀਆਂ ਚਾਹੁੰਦਾ ਹੈ, ਤਾਂ ਕਿ ਉਹ ਅਮਰੀਕੀ ਲੋਕਾਂ ਨੂੰ ਇਹ ਦਸ ਸਕੇ ਕਿ ਉਸ ਨੇ ਚੋਣਾਂ ਦੌਰਾਨ ਅਮਰੀਕੀ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਦਿਤਾ ਹੈ। ਇਸ ਸਾਲ ਸਤੰਬਰ ਮਹੀਨੇ ਵਿਚ ਇਥੋਂ ਫੌਜਾਂ ਕਢਣ ਦਾ ਐਲਾਨ ਕਰਕੇ, ਉਹ ਅਗਲੇ ਸਾਲ ਸਤੰਬਰ ਮਹੀਨੇ ਤਕ ਇਥੋਂ ਫੌਜਾਂ ਕਢਣਾ ਚਾਹੁੰਦਾ ਹੈ, ਤਾਂ ਕਿ ਨਵੰਬਰ ਵਿਚ ਪੈਣ ਵਾਲੀਆ ਵੋਟਾਂ ਸਮੇਂ ਉਹ ਇਸ ਦਾ ਰਾਜਸੀ ਫਾਇਦਾ ਲੈ ਸਕੇ।
ਇਸੇ ਲਈ ਉਹ ਤਾਲਿਬਾਨ ਨਾਲ ਛੇਤੀ ਤੋਂ ਛੇਤੀ ਕੋਈ ਸਮਝੌਤਾ ਸਿਰੇ ਚਾੜ੍ਹਨਾ ਚਾਹੁੰਦਾ ਹੈ, ਪਰ ਹੁਣ ਤਕ ਤਾਲਿਬਾਨ ਨਾਲ ਹੋਈ ਗੱਲਬਾਤ ਵਿਚੋਂ ਉਸ ਨੂੰ ਤਾਲਿਬਾਨ ਉਤੇ ਯਕੀਨ ਨਹੀਂ ਬੱਝ ਰਿਹਾ। ਇਸ ਯਕੀਨ ਦਹਾਨੀ ਲਈ ਹੀ ਟਰੰਪ ਨੇ ਪਾਕਿਸਤਾਨ ਤੋਂ ਮਦਦ ਮੰਗੀ ਹੈ। ਤਾਲਿਬਾਨ ਛੇਤੀ ਹੀ ਅਫਗਾਨਿਸਤਾਨ ਦੀ ਸਰਕਾਰ ਵਿਚ ਭਾਈਵਾਲ ਬਣਨਗੇ, ਇਹ ਸੱਚਾਈ ਹੁਣ ਕਿਸੇ ਕੋਲੋ ਲੁਕੀ ਹੋਈ ਨਹੀਂ। ਇਸ ਹਾਲਤ ਤੋਂ ਘਬਰਾਈ ਹੋਈ ਮੋਦੀ-ਸ਼ਾਹ-ਡੋਵਾਲ ਤਿੱਕੜੀ ਇਸ ਹੱਦ ਤਕ ਖਤਰਨਾਕ ਜੂਆ ਖੇਡਣ ਲਈ ਤਿਆਰ ਹੋ ਗਈ ਹੈ ਕਿ ਉਸ ਨੇ ਸਮੁੱਚੀ ਕਸ਼ਮੀਰੀ ਵਸੋਂ ਹੀ ਦਾਅ ਉਤੇ ਲਾ ਦਿਤੀ ਹੈ।
ਆਈ. ਏ. ਐਸ਼ ਦੇ ਇਮਤਿਹਾਨ ਵਿਚ ਪਹਿਲੇ ਨੰਬਰ ਉਤੇ ਆਏ ਅਤੇ ਬਾਅਦ ਵਿਚ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਸੀ ਆਗੂ ਬਣੇ ਸ਼ਾਹ ਫੈਜਲ ਦਾ ਕਥਨ ਹੈ ਕਿ ਕਸ਼ਮੀਰ ਵਿਚ ਇਹ ਆਮ ਚਰਚਾ ਹੈ ਕਿ ਮੋਦੀ-ਸ਼ਾਹ-ਡੋਵਾਲ ਤਿੱਕੜੀ ਆਪਣੇ ਜੂਏ ਦੀ ਸਫਲਤਾ ਲਈ 8000-10000 ਮੁਸਲਮਾਨ ਕਤਲ ਵੀ ਕਰ ਸਕਦੀ ਹੈ। ਇਕ ਅਸਲੋਂ ਹੀ ਨਰਮ ਦਲੀ ਅਤੇ ਭਾਰਤੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਆਪਣੀ ਰਾਜਸੀ ਲੜਾਈ ਲੜਨ ਦੇ ਪੈਰੋਕਾਰ ਸ਼ਾਹ ਫੈਜਲ ਦਾ ਇਹ ਕਥਨ ਅੱਖਾਂ ਖੋਲ੍ਹਣ ਲਈ ਆਪਣੇ-ਆਪ ਵਿਚ ਹੀ ਕਾਫੀ ਹੈ ਕਿ ਕਸ਼ਮੀਰ ਵਿਚ ਕੀ ਕੁਝ ਦਾਅ ‘ਤੇ ਲੱਗਾ ਪਿਆ ਹੈ!
ਪਰ ਮੌਜੂਦਾ ਆਲਮੀ ਹਾਲਾਤ ਵਿਚ ਇਹ ਜੂਆ ਇਸ ਤਿੱਕੜੀ ਦੇ ਕਿਆਸੇ ਸਿੱਟਿਆਂ ਤੋਂ ਵੀ ਕਿਤੇ ਵਧੇਰੇ ਖਤਰਨਾਕ ਸਿੱਟੇ ਕੱਢ ਸਕਦਾ ਹੈ। ਦਰਅਸਲ ਸਮੁੱਚੀ ਮਨੁੱਖ ਜਾਤੀ ਇਸ ਵੇਲੇ ਆਪਣੀ ਹੋਂਦ ਦੇ ਸੰਕਟ ਵਿਚੋਂ ਲੰਘ ਰਹੀ ਹੈ। ਇਹ ਸੰਕਟ ਆਰਥਕ ਵੀ ਹੈ, ਸਮਾਜਕ ਵੀ, ਸਭਿਆਚਾਰਕ ਵੀ ਅਤੇ ਰੂਹਾਨੀਅਤ ਭਾਵ ਆਤਮਿਕ ਕੰਗਾਲੀ ਦਾ ਵੀ ਹੈ।
2008 ਤੋਂ ਅਰੰਭ ਹੋਏ ਆਰਥਕ ਸੰਕਟ ਨੇ ਸਾਮਰਾਜੀਆਂ ਦੀ ਮੱਤ ਮਾਰੀ ਹੋਈ ਹੈ। ਉਹ ਜਿਵੇਂ-ਜਿਵੇਂ ਇਸ ਸੰਕਟ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਉਵੇਂ-ਉਵੇਂ ਇਸ ਸੰਕਟ ਵਿਚ ਹੋਰ ਡੂੰਘਾ ਧਸਦੇ ਜਾਂਦੇ ਹਨ। ਲਗਾਤਾਰ ਕਰੀਬ ਸਾਰੇ ਦੇਸ਼ਾਂ ਦੇ ਅਰਥਚਾਰਿਆਂ ਦਾ ਹੋ ਰਿਹਾ ਮੰਦਾ ਹਾਲ ਅਤੇ ਦੋ ਸਭ ਤੋਂ ਵੱਡੇ ਅਰਥਚਾਰਿਆਂ-ਅਮਰੀਕਾ ਅਤੇ ਚੀਨ ਵਿਚਾਲੇ ਛਿੜੀ ਵਪਾਰਕ ਤੇ ਕਰੰਸੀ ਜੰਗ, ਇਸ ਦੀਆਂ ਸਪਸ਼ਟ ਮਿਸਾਲਾਂ ਹਨ।
ਦੂਜੀ ਸੰਸਾਰ ਸਾਮਰਾਜੀ ਜੰਗ ਦੇ ਇਤਿਹਾਸਕਾਰ ਇਹ ਦਸਦੇ ਹਨ ਕਿ ਯੂਰਪ ਵਿਚ ਪਹਿਲਾਂ ਵਪਾਰਕ ਜੰਗ ਛਿੜੀ, ਜੋ ਬਾਅਦ ਵਿਚ ਕਰੰਸੀ ਜੰਗ ਵਿਚ ਬਦਲ ਗਈ ਅਤੇ ਜਿਸ ਦਾ ਅਗਲਾ ਪੜਾਅ ਹਥਿਆਰਾਂ ਦੀ ਜੰਗ ਸੀ। ਇਸ ਦਾ ਮਤਲਬ ਹੈ ਕਿ ਅਸੀਂ ਤੀਜੀ ਸੰਸਾਰ ਸਾਮਰਾਜੀ ਜੰਗ ਦੇ ਦੂਜੇ ਪੜਾਅ ਵਿਚੋਂ ਲੰਘ ਰਹੇ ਹਾਂ। ਜਿਸ ਕਿਸਮ ਦੀਆਂ ਆਲਮੀ ਹਾਲਤਾਂ ਬਣੀਆਂ ਹੋਈਆਂ ਹਨ, ਇਹ ਜੰਗ ਕਿਸੇ ਵੇਲੇ ਵੀ ਤੀਜੇ ਪੜਾਅ ਵਿਚ ਪਹੁੰਚ ਸਕਦੀ ਹੈ।
ਅਮਰੀਕੀ ਸਾਮਰਾਜੀਆਂ ਦੇ ਮੁਖ ਅਖਬਾਰ ‘ਨਿਊ ਯਾਰਕ ਟਾਈਮਜ਼’ ਨੇ ਐਵੇਂ ਨਹੀਂ ਲਿਖਿਆ ਕਿ ਮੋਦੀ ਤਿੱਕੜੀ ਦਾ ਇਹ ਫੈਸਲਾ ਇਸ ਖੇਤਰ ਵਿਚ ਪ੍ਰਮਾਣੂ ਜੰਗ ਦਾ ਕਾਰਨ ਵੀ ਬਣ ਸਕਦਾ ਹੈ। ਜਿਹੜਾ ਪਾਕਿਸਤਾਨ ਕੁਝ ਮਹੀਨੇ ਪਹਿਲਾਂ ਚੀਨ, ਰੂਸ ਅਤੇ ਅਮਰੀਕਾ ਦੇ ਕਹਿਣ ਉਤੇ ਪੰਜਾਬ ਨਾਲ ਲਗਦੀ ਆਪਣੀ ਸਰੱਹਦ ਖੋਲ੍ਹਣ ਲਈ ਤਿਆਰ ਹੋ ਗਿਆ ਸੀ, ਉਸ ਨੇ ਇਸ ਸੀਮਾ ਰਾਹੀਂ ਹੁੰਦਾ ਸੀਮਤ ਵਪਾਰ ਵੀ ਬੰਦ ਕਰ ਦਿਤਾ ਹੈ।
ਇਮਰਾਨ ਖਾਨ ਦਾ ਇਹ ਬਿਆਨ ਉਸ ਦੇ ਮਨ ਅੰਦਰਲੀ ਭਾਵਨਾ ਨੂੰ ਪ੍ਰਗਟ ਕਰ ਰਿਹਾ ਹੈ ਕਿ ਮੋਦੀ ਸਰਕਾਰ ਸੰਘ ਦੀ ਵਿਚਾਰਧਾਰਾ ਮੁਤਾਬਕ ਕੰਮ ਕਰ ਰਹੀ ਹੈ ਅਤੇ ਸੰਘ ਦੀ ਨਾਜੀ ਵਿਚਾਰਧਾਰਾ ਨੇ ਕਸ਼ਮੀਰ ਨੂੰ ਨਰਕ ਬਣਾਇਆ ਹੋਇਆ ਹੈ, ਜੋ ਵਿਚਾਰਧਾਰਾ ਕਸ਼ਮੀਰ ਦੀ ਮੁਸਲਿਮ ਵਸੋਂ ਨੂੰ ਜਬਰੀ ਘਟ ਗਿਣਤੀ ਵਿਚ ਬਦਲਣਾ ਚਾਹੁੰਦੀ ਹੈ। ਇਮਰਾਨ ਖਾਨ ਨੇ ਕਿਹਾ ਹੈ ਕਿ ਜਿਵੇਂ ਹਿਟਲਰ ਵਲੋਂ ਯਹੂਦੀਆਂ ਉਤੇ ਕੀਤੇ ਜਾ ਰਹੇ ਜੁਲਮਾਂ ਨੂੰ ਵੇਖ ਕੇ ਸੰਸਾਰ ਭਾਈਚਾਰੇ ਨੇ ਦੜ ਵੱਟ ਛਡੀ ਸੀ, ਇਸੇ ਤਰ੍ਹਾਂ ਹੁਣ ਕਸ਼ਮੀਰੀ ਲੋਕਾਂ ਉਤੇ ਹੋ ਰਹੇ ਜਬਰ ਬਾਰੇ ਸੰਸਾਰ ਭਾਈਚਾਰਾ ਚੁਪ ਹੈ, ਜਦੋਂ ਕਿ ਇਹ ਜਬਰ ਕਸ਼ਮੀਰ ਤਕ ਨਹੀਂ ਰੁਕੇਗਾ ਸਗੋਂ ਇਸ ਨਾਜੀ ਵਿਚਾਰਧਾਰਾ ਦੀ ਲਪੇਟ ਵਿਚ ਹਿੰਦੁਸਤਾਨ ਦੇ ਬਾਕੀ ਮੁਸਲਮਾਨ ਅਤੇ ਪਾਕਿਸਤਾਨ ਵੀ ਆਵੇਗਾ।
ਬੇਸ਼ਕ ਇਹ ਤਿੱਕੜੀ ਪਾਕਿਸਤਾਨ ਨੂੰ ਕੁਚਲ ਦੇਣ ਦੀਆਂ ਜੋ ਖੁਸ਼ਫਹਿਮੀਆਂ ਪਾਲ ਰਹੀ ਹੈ, ਇਸ ਦੀ ਫੂਕ ਛੇਤੀ ਹੀ ਨਿਕਲ ਜਾਵੇਗੀ। ਜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਚੀਨ ਬਾਰੇ ਬਿਆਨ ਸਹੀ ਹੈ, ਤਾਂ ਫਿਰ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਇਸ ਮਸਲੇ ਉਤੇ ਚੀਨ ਪਾਕਿਸਤਾਨ ਨਾਲ ਖੜ੍ਹੇਗਾ। ਸੁਬਰਾਮਨੀਅਨ ਸਵਾਮੀ ਸਮੇਤ ਆਰ. ਐਸ਼ ਐਸ਼ ਦੇ ਬ੍ਰਾਹਮਣੀ ਸਿਧਾਂਤਕਾਰਾਂ ਨੂੰ ਇਹ ਭਰਮ ਹੈ ਕਿ ਦਰਪੇਸ਼ ਮੌਜੂਦਾ ਆਰਥਕ ਸੰਕਟ ਕਾਰਨ ਵਡੀ ਭਾਰਤੀ ਮੰਡੀ ਦੇ ਲਾਲਚ ਵਿਚ ਚੀਨ ਅਤੇ ਇਰਾਨ ਭਾਰਤ ਨਾਲ ਖੜ੍ਹਨਗੇ; ਪਰ ਜਿਵੇਂ ਅਮਰੀਕਾ ਦਾ ਚੀਨ ਅਤੇ ਇਰਾਨ ਨਾਲ ਟਕਰਾਓ ਵਧ ਰਿਹਾ ਹੈ, ਉਸ ਹਾਲਤ ਵਿਚ ਇਨ੍ਹਾਂ ਦਾ ਇਹ ਭਰਮ ਵੀ ਛੇਤੀ ਹੀ ਟੁਟ ਜਾਏਗਾ। ਇਰਾਨ ਦੇ ਧਾਰਮਿਕ ਮੁਖੀ ਨੇ ਇਹ ਬਿਆਨ ਦੇ ਕੇ ਆਪਣੀ ਸਥਿਤੀ ਕੁਝ ਕੁ ਸਪਸ਼ਟ ਕਰ ਦਿਤੀ ਹੈ ਕਿ ਕਸ਼ਮੀਰ ਦਾ ਮਸਲਾ ਭਾਰਤ ਤੇ ਪਾਕਿਸਤਾਨ ਨੂੰ ਆਪਸ ਵਿਚ ਬੈਠ ਕੇ ਨਜਿੱਠ ਲੈਣਾ ਚਾਹੀਦਾ ਹੈ, ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਕਸ਼ਮੀਰੀਆਂ ਉਤੇ ਕੀਤਾ ਜਾ ਰਿਹਾ ਜੁਲਮ ਬੰਦ ਹੋਣਾ ਚਾਹੀਦਾ ਹੈ।
ਪਿਛਲੇ ਸਾਲ ਤੋਂ ਕਸ਼ਮੀਰੀ ਖਾੜਕੂਆਂ ਵਿਚਾਲੇ ਇਕ ਬੜੀ ਦਿਲਚਸਪ ਬਹਿਸ ਛਿੜੀ ਹੋਈ ਹੈ, ਜੋ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਕਾਰਨ ਹੋਰ ਵੀ ਤਿੱਖੀ ਹੋ ਜਾਣ ਦੀ ਸੰਭਾਵਨਾ ਹੈ। ਇਸਲਾਮੀ ਖਾੜਕੂਆਂ ਦੇ ਕਸ਼ਮੀਰ ਵਿਚ ਦਾਖਲੇ ਨਾਲ ਇਹ ਚਰਚਾ ਅਰੰਭ ਹੋ ਗਈ ਹੈ ਕਿ ਕੀ ਕਸ਼ਮੀਰੀ ਮੁਸਲਮਾਨ ਧਰਤੀ ਦੇ ਟੁਕੜੇ ਭਾਵ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੇ ਹਨ, ਜਾਂ ਸ਼ੱਰਾ ਦੇ ਅਸੂਲਾਂ ਨੂੰ ਕਸ਼ਮੀਰ ਵਿਚ ਲਾਗੂ ਕਰਵਾਉਣ ਲਈ ਲੜ ਰਹੇ ਹਨ। ਸਤਹੀ ਪਧਰ ਉਤੇ ਇਕੋ ਜਿਹੀਆਂ ਜਾਪਦੀਆਂ ਇਨ੍ਹਾਂ ਦੋਹਾਂ ਧਾਰਨਾਵਾਂ ਵਿਚ ਜਮੀਨ ਅਸਮਾਨ ਦਾ ਅੰਤਰ ਹੈ। ਧਰਤੀ ਦੇ ਟੁਕੜੇ ਲਈ ਲੜਨ ਦਾ ਭਾਵ ਆਰਥਕ ਮੰਗਾਂ ਜਾਂ ਆਪਣੀਆਂ ਪਦਾਰਥਕ ਸਹੂਲਤਾਂ ਲਈ ਲੜਨਾ ਹੈ, ਜਦੋਂ ਕਿ ਸ਼ੱਰਾ ਲਈ ਲੜਨ ਦਾ ਭਾਵ ਬਿਨਾ ਕਿਸੇ ਜਾਤੀ ਗਰਜ ਦੇ ਇਸਲਾਮ ਦੇ ਸਰਬ-ਵਿਆਪੀ ਸਮਾਜੀ ਅਸੂਲਾਂ ਲਈ ਲੜਨਾ ਹੈ। ਇਸਲਾਮੀ ਖਾੜਕੂਆਂ ਦਾ ਮੰਨਣਾ ਹੈ ਕਿ ਜਹਾਦ ਸ਼ੱਰਾ ਵਾਸਤੇ ਲੜਨ ਲਈ ਪ੍ਰੇਰਦਾ ਹੈ। ਜੇ ਇਹ ਲੜਾਈ ਸ਼ੱਰਾ ਦੇ ਸਿਧਾਂਤਾਂ ਉਤੇ ਕੇਂਦ੍ਰਿਤ ਹੋ ਜਾਂਦੀ ਹੈ, ਤਾਂ ਇਹ ਸੰਘਰਸ਼ ਦਹਾਕਿਆਂ ਤਕ ਚਲ ਸਕਦਾ ਹੈ, ਕਿਉਂਕਿ ਇਸਲਾਮ ਜਿਹਾ ਇਨਕਲਾਬੀ ਧਰਮ ਜਹਾਦ ਦੇ ਨਾਂ ‘ਤੇ ਇਸ ਸੰਘਰਸ਼ ਦੀ ਪੁਸ਼ਟੀ ਕਰਦਾ ਹੈ।