ਕੇæਐਸ਼ ਮੱਖਣ ਦੀ ਬਦਲੀ ਸੋਚ ਬਾਬਤ ਉਠੇ ਸਵਾਲ

ਸਵਰਨ ਸਿੰਘ ਟਹਿਣਾ
ਫੋਨ: 91-98141-78883
ਇਨਸਾਨੀ ਸੋਚ ਦਾ ਕੋਈ ਪਤਾ ਨਹੀਂ, ਕਿਹੜੇ ਵੇਲ਼ੇ ਕਿੱਧਰ ਮੋੜ ਕੱਟ ਜਾਵੇ। ਕਈ ਵਾਰ ‘ਰੱਬ-ਰੱਬ’ ਕਰਨ ਵਾਲਿਆਂ ਦੀ ਸੋਚ ਇਕਦਮ ਬਦਲਦੀ ਹੈ ਤੇ ਉਹ ਅਜਿਹਾ ਚੰਦ ਚਾੜ੍ਹ ਦਿਖਾਉਂਦੇ ਨੇ, ਜਿਸ ਬਾਰੇ ਜਾਣ ਸਭੇ ਹੈਰਾਨ ਰਹਿ ਜਾਂਦੇ ਨੇ ਤੇ ਕਈ ਵਾਰ ਉਨ੍ਹਾਂ ਲੋਕਾਂ ਬਾਰੇ ਨੇਕ ਨੀਤੀ ਨਾਲ ਚੱਲਣ ਦੀਆਂ ਖ਼ਬਰਾਂ ਮਿਲ ਜਾਂਦੀਆਂ ਨੇ, ਜਿਨ੍ਹਾਂ ਬਾਰੇ ਧਾਰਨਾ ਬਣੀ ਹੁੰਦੀ ਏ ਕਿ ਉਹ ਕਦੇ ਏਦਾਂ ਦੇ ਚੰਗੇ ਕੰਮ ਬਾਰੇ ਸੋਚ ਤੱਕ ਨਹੀਂ ਸਕਦੇ। 
ਪਿਛਲੇ ਕੁਝ ਦਿਨਾਂ ਤੋਂ ਗਾਇਕ ਕੇæਐਸ਼ ਮੱਖਣ ਵੱਲੋਂ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਵਾਲੀ ਗੱਲ ਦੀ ਖੂਬ ਚਰਚਾ ਹੋ ਰਹੀ ਹੈ। ਲੋਕਾਂ ਨੂੰ ਇਸ ਖ਼ਬਰ ‘ਤੇ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ। ਕਈਆਂ ਦਾ ਕਹਿਣੈ, ‘ਮੱਖਣ ਨੇ ਆਪਣੇ ਪੇਸ਼ੇ ਤੋਂ ਪਾਸਾ ਵੱਟ ਕੇ ਆਪਣਾ ਬਹੁਤ ਵੱਡਾ ਨੁਕਸਾਨ ਕੀਤੈ’ ਤੇ ਕਈਆਂ ਦਾ ਕਹਿਣੈ, ‘ਆਸਥਾ ਤੇ ਸ਼ਰਧਾ ਅੱਗੇ ਕਿਸੇ ਚੀਜ਼ ਦਾ ਜ਼ੋਰ ਨਹੀਂ ਚੱਲਦਾæææਮੱਖਣ ਨੇ ਜੋ ਕੀਤੈ, ਉਹ ਉਸ ਦੇ ਮਨ ਦੀ ਮੌਜ ਏæææ।’ ਕਈਆਂ ਦਾ ਕਹਿਣੈ, ‘ਇਹਨੇ ਚੋਣ ਲੜਨੀ ਹੋਣੀ ਏ?’ ਤੇ ਕੋਈ ਕੁਝ ਹੋਰ ਬੋਲ ਰਿਹੈ। ਜਿੰਨੇ ਮੂੰਹ, ਓਨੀਆਂ ਗੱਲਾਂ।
ਕੇæਐਸ਼ ਮੱਖਣ ਨੇ 13 ਅਪਰੈਲ ਨੂੰ ਕੁਲਦੀਪ ਸਿੰਘ ਮੱਖਣ ਬਣ ਜਾਣੈ ਤੇ ਉਸ ਨੇ ਵਪਾਰਕ ਕਿਸਮ ਦੀ ਗਾਇਕੀ ਨੂੰ ਅਲਵਿਦਾ ਕਹਿ ਛੱਡਣੈ, ਸਾਨੂੰ ਇਸ ਦੀ ਕਨਸੋਅ ਪੰਦਰਾਂ ਕੁ ਦਿਨ ਪਹਿਲਾਂ ਮਿਲ ਗਈ ਸੀ। ਅੰਮ੍ਰਿਤ ਛਕ ਕੇ ਅਗਲੇ ਦਿਨ ਉਸ ਨੇ ਫੋਨ ਕੀਤਾ ਤਾਂ ‘ਸਤਿ ਸ੍ਰੀ ਅਕਾਲ’ ਦੀ ਥਾਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਕਹਿ ਗੱਲ ਸ਼ੁਰੂ ਕੀਤੀ ਤਾਂ ਪਤਾ ਲੱਗ ਗਿਆ ਉਹ ਕਹਿਣੀ ‘ਤੇ ਖਰਾ ਉਤਰ ਗਿਐ।
ਮੱਖਣ ਨੇ ਪੰਜਾਬੀ ਗਾਇਕੀ ਵਿਚ ਵੰਨ-ਸਵੰਨਾ ਗਾ ਕੇ ਬਹੁਤ ਨਾਮਣਾ ਖੱਟਿਆ ਹੈ, ‘ਮਿੱਤਰਾਂ ਦੀ ਮੋਟਰ ‘ਤੇ ਨਿੱਤ ਕੱਚ ਦੀ ਗਲਾਸੀ ਖੜਕੇ’ ਤੋਂ ਸ਼ੁਰੂ ਹੋਇਆ ਉਸ ਦੀ ਗਾਇਕੀ ਦਾ ਸਫ਼ਰ ‘ਲੱਕ ਤੇ ਜੱਟ ਦੇ ਡੌਲੇ ਦਾ’ ਤੱਕ ਪੂਰੀ ਤਰ੍ਹਾਂ ਸਫ਼ਲ ਰਿਹਾ। ਸੀਜ਼ਨ ਦੌਰਾਨ ਉਸ ਨੂੰ ਮਿਲਣ ਵਾਲੇ ਸ਼ੋਆਂ ਦੀ ਵੀ ਘਾਟ ਨਹੀਂ ਸੀ। ਆਟ੍ਰੋਗ੍ਰਾਫ਼ ਲੈਣ ਜਾਂ ਫੋਟੋਆਂ ਖਿਚਾਉਣ ਵਾਲਿਆਂ ਦਾ ਝੁਰਮਟ ਬਾਕੀ ਕਲਾਕਾਰਾਂ ਵਾਂਗ ਉਸ ਨੂੰ ਵੀ ਚੰਗਾ ਲੱਗਦਾ ਹੋਏਗਾ। ਮੌਜ ਰਾਜੇ ਤੋਂ ਫ਼ਕੀਰੀ ਵੀ ਕਰਾ ਸਕਦੀ ਏ।
ਕੇæਐਸ਼ ਮੱਖਣ ਨੂੰ ਬਤੌਰ ਪੱਤਰਕਾਰ ਜਿੰਨਾ ਕੁ ਮਿਲਿਆ ਵਰਤਿਆ ਹਾਂ, ਕਹਿ ਸਕਦਾਂ ਕਿ ਅਧਿਆਤਮਵਾਦ ਉਸ ਅੰਦਰ ਉਦੋਂ ਵੀ ਭਾਰੂ ਸੀ, ਜਦੋਂ ਉਹ ‘ਮੈਨੂੰ ਜੇਮਜ਼ ਬੌਂਡ ਕਹਿੰਦੀ ਏ ਸਾਰੀ ਦੁਨੀਆ’ ਜਾਂ ‘ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ’ ਵਰਗੇ ਗੀਤ ਗਾਉਂਦਾ ਸੀ। ਪਰ ਉਹ ਵਾਰ-ਵਾਰ ‘ਵਾਹਿਗੁਰੂ-ਵਾਹਿਗੁਰੂ’ ਕਹਿੰਦਾ ਤੇ ਨਾਲ ਹੀ ਗੋਲ ਜਹੀ ਗੱਲ ਕਰ ਛੱਡਦਾ ਕਿ ਪਤਾ ਨਹੀਂ ਕਦੋਂ ਗਾਉਣਾ ਛੱਡ ਹੋਰ ਪਾਸੇ ਤੁਰ ਪਈਏ। 13 ਅਪਰੈਲ ਤੋਂ ਪੰਦਰਾਂ ਕੁ ਦਿਨ ਪਹਿਲਾਂ ਕਿਸੇ ਦੱਸਿਆ ਕਿ ਮੱਖਣ ਨੇ ਨੱਚਣ-ਟੱਪਣ ਵਾਲੀ ਗਾਇਕੀ ਦਾ ਖਹਿੜਾ ਛੱਡ ਗੁਰੂ ਵਾਲਾ ਬਣਨ ਦੀ ਧਾਰ ਲਈ ਏ। ਉਸ ਦੀਆਂ ਗੱਲਾਂ ‘ਤੇ ਯਕੀਨ ਨਹੀਂ ਸੀ ਹੋਇਆ, ਕਿਉਂਕਿ ਜਿਹੜੇ ਗਾਇਕ ਦੇ ਗਾਣੇ ਡੀæਜੇæ ‘ਤੇ ਵੱਜਦੇ ਹੋਣ, ਲੱਖਾਂ ਰੁਪਏ ਦੇ ਸ਼ੋਅ ਲੱਗਦੇ ਹੋਣ, ਉਹ ਇਕਦਮ ਏਦਾਂ ਦਾ ਫ਼ੈਸਲਾ ਕਿਵੇਂ ਲੈ ਸਕਦੈ। ਪਰ ਫੇਰ ਮੱਖਣ ਨੇ ਖੁਦ ਦੱਸਿਆ ਕਿ ਮੈਂ ਆਪਣੇ ਸਾਥੀਆਂ ਨਾਲ ਅੰਮ੍ਰਿਤ ਛਕਣ ਜਾ ਰਿਹਾਂ।
ਕੁਲਦੀਪ ਸਿੰਘ ਮੱਖਣ ਬਣਨ ਤੋਂ ਬਾਅਦ ਇੱਕ ਦਿਨ ਜਦੋਂ ਉਸ ਨਾਲ ਮੇਲ ਹੋਇਆ ਤਾਂ ਪਹਿਲਾਂ ਨਾਲੋਂ ਢੇਰ ਬਦਲਿਆ ਉਸ ਦਾ ਰੂਪ ਦੇਖ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਉਸ ਨੇ ਕੋਈ ਪੁਰਾਣੀ ਗੱਲ ਸਾਂਝੀ ਨਾ ਕੀਤੀ, ਸਗੋਂ ਘੜੀ-ਮੁੜੀ ਬਾਣੀ ਲੜ ਲੱਗਣ ਵਾਲੀ ਗੱਲ ਦੁਹਰਾਈ। ਹਮੇਸ਼ਾ ਉਸ ਦੇ ਨਾਲ ਰਹਿਣ ਵਾਲੇ ਮੈਨੇਜਰ ਕੁਲਦੀਪ ਸਿੰਘ ਤੇ ਉਸ ਦੀ ਘਰਵਾਲੀ ਨੇ ਵੀ ਉਸੇ ਦਿਨ ਅੰਮ੍ਰਿਤ ਛਕਿਐ।
ਇਕਦਮ ਏਨੀ ਵੱਡੀ ਤਬਦੀਲੀ ਬਾਰੇ ਪੁੱਛਿਆ ਤਾਂ ਉਸ ਦਾ ਜਵਾਬ ਸੀ, ‘ਬਸ ਵਾਹਿਗੁਰੂ ਦੀ ਮਰਜ਼ੀ ਏ, ਜਿਵੇਂ ਉਹਦਾ ਹੁਕਮ ਹੋਇਐ, ਹੋ ਗਿਆ।’ ਨਾਲ ਹੀ ਉਸ ਜ਼ਿਕਰ ਕੀਤਾ ਕਿ ਸਿੱਖੀ ਦੇ ਲੜ ਲੱਗੇ ਤੇ ਗਾਤਰਾਧਾਰੀ ਕਈ ਲੋਕਾਂ ਨੇ ਉਸ ਨੂੰ ਆਖਿਆ ਕਿ ਤੁਸੀਂ ਅੰਮ੍ਰਿਤ ਨਾ ਛਕੋ, ਕੋਈ ਲਾਭ ਨਹੀਂ।
ਮੱਖਣ ਨੇ ਸਾਫ਼ ਸ਼ਬਦਾਂ ਵਿਚ ਕਿਹਾ, ‘ਰੋਟੀ ਜੋਗਾ ਪੈਸਾ ਮੇਰੇ ਕੋਲ ਏ, ਜਿੰਨੀ ਸ਼ੋਹਰਤ ਕਮਾਉਣੀ ਸੀ, ਕਮਾ ਲਈ। ਕਈ ਚੰਗੇ-ਮੰਦੇ ਕੰਮਾਂ ਦੇ ਤਜਰਬੇ ਵੀ ਕੀਤੇ, ਪਰ ਹੁਣ ਬਾਕੀ ਰਹਿੰਦੀ ਜ਼ਿੰਦਗੀ ਗੁਰੂ ਦੇ ਲੇਖੇ ਲਾਉਣੀ ਏ। ਭਵਿੱਖ ‘ਚ ਕੋਈ ਕਮਰਸ਼ੀਅਲ ਗੀਤ ਨਹੀਂ ਗਾਉਣਾ, ਪਰ ਧਾਰਮਿਕ ਗਾਇਕੀ ਜ਼ਰੂਰ ਪੇਸ਼ ਕਰਾਂਗਾ ਤੇ ਹੁਣੇ-ਹੁਣੇ ਇਕ ਧਾਰਮਿਕ ਐਲਬਮ ‘ਖਾਲਸੇ ਕਲਗੀਧਰ ਦੇ’ ਵੀ ਰਿਲੀਜ਼ ਕੀਤੀ ਹੈ।’
ਜੇ ਕੇæਐਸ਼ ਮੱਖਣ ਹੁਣ ਕੁਲਦੀਪ ਸਿੰਘ ਮੱਖਣ ਬਣ ਗਿਐ ਤਾਂ ਕੋਈ ਬਹੁਤੀ ਵੱਡੀ ਪਰਲੋਂ ਨਹੀਂ ਆ ਚੱਲੀ। ਹਰ ਸਾਲ ਹਜ਼ਾਰਾਂ ਲੋਕ ਅੰਮ੍ਰਿਤ ਛਕਦੇ ਨੇ ਤੇ ਸੈਂਕੜੇ ਲੋਕ ਅੰਮ੍ਰਿਤ ਤੋੜ ਦਿੰਦੇ ਨੇ। ਪਰ ਕਿਉਂਕਿ ਮੱਖਣ ਵਰਗਿਆਂ ਦੀ ਪਛਾਣ ਹੁੰਦੀ ਹੈ, ਇਸ ਕਰਕੇ ਉਨ੍ਹਾਂ ਦੇ ਇਕਹਿਰੇ-ਇਕਹਿਰੇ ਕੰਮ ‘ਤੇ ਸਾਡੀ ਨਜ਼ਰ ਰਹਿੰਦੀ ਏ। ਇਸ ਵੇਲ਼ੇ ਬਹੁਗਿਣਤੀ ਲੋਕ ਮੱਖਣ ਦੀ ਨਵੀਂ ਸੋਚ ਦੀ ਹਮਾਇਤ ਕਰਨ ਵਾਲੇ ਨੇ ਕਿ ਉਹ ਗੁਰੂ ਲੜ ਲੱਗ ਗਿਐ, ਪਰ ਸਨਕੀ ਲੋਕ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਾ ਰਹੇ ਹਨ। ਉਹ ਉਸ ਬਾਬਤ ਉਦੋਂ ਵੀ ਸਵਾਲ ਕਰਦੇ ਸਨ, ਜਦੋਂ ਉਹ ‘ਹੌਟ ਜਵਾਨੀ ਨੇ, ਕਰਤੇ ਗੱਭਰੂ ਕੂਲ’ ਗੀਤ ਗਾਉਂਦਾ ਸੀ।
ਪੰਦਰਾਂ ਕੁ ਸਾਲ ਪਹਿਲਾਂ ਇਕ ਬੇਹੱਦ ਤੱਤਾ ਗਾਉਣ ਵਾਲਾ ਕਲਾਕਾਰ ਇਕਦਮ ਮਾੜਾ ਗਾਉਣਾ ਛੱਡ ਇੱਕ ਡੇਰੇ ਦਾ ਸੇਵਾਦਾਰ ਬਣ ਗਿਆ ਸੀ। ਪਾਲੀ ਦੇਤਵਾਲੀਆ ਅਮਰ ਸਿੰਘ ਚਮਕੀਲਾ ਲਈ ਗੀਤ ਲਿਖਦਾ-ਲਿਖਦਾ ਇਕਦਮ ਧੀਆਂ-ਭੈਣਾਂ ਵਾਲੇ ਗੀਤਾਂ ਦਾ ਰਚੈਤਾ ਬਣ ਗਿਆ। ਮਾਲਵੇ ਦਾ ਇਕ ਕਲਾਕਾਰ ਹੁਣ ਗਾਇਕੀ ਤੋਂ ਥੋੜ੍ਹਾ ਪਾਸਾ ਵੱਟ ਪੁੱਛਾਂ ਦੇਣ ਦਾ ਕੰਮ ਸ਼ੁਰੂ ਕਰ ਚੁੱਕੈ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਦਾਹਰਣਾਂ ਮਿਲ ਜਾਂਦੀਆਂ ਨੇ।
ਸੋ ਜੇ ਹੁਣ ਮੱਖਣ ‘ਗੁਰੂ ਵਾਲਾ’ ਬਣ ਗਿਐ, ਤਾਂ ਸਾਨੂੰ ਉਸ ਦੀ ਸ਼ਰਧਾ ਦੀ ਕਦਰ ਕਰਨੀ ਚਾਹੀਦੀ ਏ। ਸਿੱਖੀ ਨਾਲ ਸਬੰਧਤ ਕਈ ਸੰਸਥਾਂਵਾਂ ਨੇ ਉਸ ਨੂੰ ਸਨਮਾਨਤ ਕਰਨ ਦੀ ਪੇਸ਼ਕਸ਼ ਵੀ ਕੀਤੀ, ਪਰ ਉਸ ਨੇ ਕਿਹਾ ਕਿ ਮੈਂ ਕਿਸੇ ਮਸ਼ਹੂਰੀ ਖਾਤਰ ਇਹ ਸਭ ਨਹੀਂ ਕੀਤਾ, ਸਗੋਂ ਮੇਰੇ ਮਨ ਦੀ ਸ਼ਰਧਾ ਹੈ। ਸਾਨੂੰ ਕੋਈ ਹੱਕ ਨਹੀਂ ਕਿ ਕਿਸੇ ਦੀ ਸ਼ਰਧਾ ‘ਤੇ ਬਿਨਾਂ ਗੱਲ ਕਿੰਤੂ-ਪ੍ਰੰਤੂ ਕਰੀਏ।
ਨਾਨਕਿਆਂ ਵਾਲੇ ਗੀਤ: ਹੁਣ ਇੰਜ ਜਾਪਣ ਲੱਗੈ ਜਿਵੇਂ ਪੰਜਾਬ ਦੇ ਗਵੱਈਆਂ ਨੇ ‘ਨਾਨਕੇ’ ਜਾਣ ਵਾਲੇ ਗੀਤਾਂ ਨੂੰ ਰੰਦਾ ਲਾਉਣਾ ਸ਼ੁਰੂ ਕਰ ਦਿੱਤਾ ਹੋਵੇ। ਟੀæਵੀæ ‘ਤੇ ਚੱਲਣ ਵਾਲਾ ਹਰ ਸੱਤਵਾਂ-ਅੱਠਵਾਂ ਗੀਤ ਨਾਨਕਿਆਂ ਨਾਲ ਸਬੰਧਤ ਏ। ਕੋਈ ਕਹਿੰਦੈ, ਮੈਨੂੰ ਨਾ ਚਾਹੁੰਦੀ ਨੂੰ ਵੀ ਨਾਨਕੇ ਜਾਣਾ ਪੈ ਗਿਆ, ਕੋਈ ਹੋਰ ਕਹਿੰਦੈ, ਮੈਂ ਮਾਪਿਆਂ ਘਰ ਅਜ਼ਾਦ ਨਹੀਂ ਸਾਂ ਤੇ ਮੇਰੇ ‘ਤੇ ਰੰਗ-ਰੂਪ ਨਾਨਕੇ ਜਾ ਕੇ ਆਉਣਾ ਸ਼ੁਰੂ ਹੋਇਐ ਤੇ ਕੋਈ ਕਹਿ ਰਿਹੈ ਕਿ ਤੇਰੇ ਵਰਗੀ ਬੇਵਫ਼ਾ ਕੋਈ ਨਹੀਂ, ਤੂੰ ਨਾਨਕੇ ਜਾਣ ਦਾ ਪੱਜ ਲਾਇਆ ਸੀ, ਪਰ ਪਤਾ ਉਦੋਂ ਲੱਗਾ, ਜਦੋਂ ਲੰਡਨ ਜਾ ਕੇ ਬੈਠ ਗਈ।
ਗੀਤਕਾਰਾਂ ਨੂੰ ਜਿਹੋ ਜਿਹੇ ਫੁਰਨੇ ਫੁਰਦੇ ਨੇ, ਗਾਇਕ ਉਨ੍ਹਾਂ ਨੂੰ ਅਵਾਜ਼ ਦਿੰਦੇ ਰਹਿੰਦੇ ਨੇ। ਕਦੇ ਹੋਸਟਲਾਂ, ਪੀæਜੀæ ਤੇ ਹੋਟਲਾਂ ਦੀਆਂ ਗੱਲਾਂ ਕਰਨ ਵਾਲੇ ਕਲਾਕਾਰਾਂ ਨੂੰ ‘ਨਾਨਕੇ’ ਵਿਸ਼ੇ ਦਾ ਜਿਹੜਾ ਨਵਾਂ ਫੁਰਨਾ ਫੁਰਿਆ ਏ, ਇਹ ਵੀ ਬਾਕੀ ਵਿਸ਼ਿਆਂ ਵਾਂਗ ਦਸ-ਵੀਹ ਗੀਤਾਂ ਤੱਕ ਸੀਮਤ ਹੋ ਕੇ ਰਹਿ ਜਾਏਗਾ।
ਬੱਚਿਆਂ ਨੂੰ ਨਾਨਕੇ ਜਾਣ ਦਾ ਬੜਾ ਚਾਅ ਹੁੰਦੈ। ਉਹ ਮਾਪਿਆਂ ਨਾਲ ਪਹਿਲਾਂ ਹੀ ਸਕੀਮ ਬਣਾ ਲੈਂਦੇ ਨੇ ਕਿ ਮੈਂ ਛੁੱਟੀਆਂ ਵਿਚ ਨਾਨੇ-ਨਾਨੀ, ਮਾਮੇ-ਮਾਮੀ ਨੂੰ ਮਿਲਣ ਜਾਣੈ ਤੇ ਮਾਪੇ ਉਨ੍ਹਾਂ ਨੂੰ ਨਾਨਕੇ ਛੱਡ ਕੇ ਆਉਣ ਤੇ ਛੁੱਟੀਆਂ ਮੁੱਕਣ ‘ਤੇ ਵਾਪਸ ਵੀ ਲਿਆAੁਂਦੇ ਨੇ। ਪਰ ਜੇ ਕਲਾਕਾਰ ਨਾਨਕਿਆਂ ਨੂੰ ਏਸੇ ਤਰ੍ਹਾਂ ਬਦਨਾਮ ਕਰਦੇ ਰਹੇ ਤਾਂ ਸ਼ਾਇਦ ਮਾਪਿਆਂ ਦੇ ਮਨਾਂ ‘ਚ ਧਾਰਨਾ ਬਣ ਜਾਵੇ ਕਿ ਨਾਨੇ-ਨਾਨੀ ਕੋਲ ਜਾ ਕੇ ਮਿਲੀ ਬੇਲੋੜੀ ਖੁੱਲ੍ਹ ਸਾਡੇ ਨਿਆਣਿਆਂ ਨੂੰ ਵਿਗਾੜ ਕੇ ਰੱਖ ਦੇਵੇਗੀ।
ਪਿੱਛੇ ਜਿਹੇ ਇਕ ਬੀਬੀ ਦਾ ਫੋਨ ਆਇਆ, ਕਹਿੰਦੀ, ਮੈਂ ਆਪਣੀ ਭੂਆ ਦੇ ਪਿੰਡ ਪੜ੍ਹਦੀ ਸੀ ਤੇ ਜਦੋਂ ‘ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ’ ਗੀਤ ਰਿਲੀਜ਼ ਹੋਇਆ ਤਾਂ ਮਾਪਿਆਂ ਮੈਨੂੰ ਪੜ੍ਹਨੋਂ ਹਟਾ ਕੇ ਪਿੰਡ ਵਾਪਸ ਬੁਲਾ ਲਿਆ। ਉਹ ਉਨ੍ਹਾਂ ਕਲਾਕਾਰਾਂ ਨੂੰ ਕੋਸ ਰਹੀ ਸੀ, ਜਿਹੜੇ ਸ਼ੁਗਲ-ਸ਼ੁਗਲ ਵਿਚ ਅਜਿਹੇ ਗੀਤ ਗਾ ਛੱਡਦੇ ਨੇ ਤੇ ਕਿਸੇ ਹੋਣਹਾਰ ਦਾ ਭਵਿੱਖ ਬਰਬਾਦ ਕਰ ਛੱਡਦੇ ਨੇ।

Be the first to comment

Leave a Reply

Your email address will not be published.