ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਬੀਤੇ ਦਿਨੀਂ ਰਾਜ ਸਭਾ ਵਿਚ ਬਾਦਲ ਦਲ ਦੇ ਬਲਵਿੰਦਰ ਸਿੰਘ ਭੂੰਦੜ ਨੂੰ ‘ਜੰਨਤ ਦੇ ਟੋਟੇ ਟੋਟੇ ਕਰਨ ਦੇ ਹੱਕ ਵਿਚ’ ਬੋਲਦਿਆਂ ਸੁਣ ਕੇ ਮੈਨੂੰ ਉਹ ਸਮਾਂ ਯਾਦ ਆਇਆ, ਜਦ ਮੈਂ ਅਕਾਲੀ ਦਲ ਵਿਚ ਹੁੰਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਮੁਤਾਬਿਕ ਵੱਡੇ ਲੀਡਰਾਂ ਦੀ ਰੀਸੋ ਰੀਸੇ ਪੰਜਾਬ ਲਈ ‘ਵੱਧ ਅਧਿਕਾਰਾਂ’ ਬਾਰੇ ਸਟੇਜਾਂ ‘ਤੇ ਬਾਹਾਂ ਕੱਢ ਕੱਢ ਬੋਲਿਆ ਕਰਦਾ ਸਾਂ। ਨਾਲ ਹੀ ਮੈਨੂੰ ਪੰਜਾਬ ਰਹਿੰਦਾ ਆਪਣਾ ਉਹ ਰਿਸ਼ਤੇਦਾਰ ਸੱਜਣ ਯਾਦ ਆਇਆ, ਜੋ ਮਾਂ-ਮਹਿੱਟਰ ਹੁੰਦਿਆਂ ਵੀ ਕਪੂਰੀ ਨਹਿਰ ਰੋਕਣ ਤੋਂ ਲੈ ਕੇ ਧਰਮ ਯੁੱਧ ਮੋਰਚੇ ਵਿਚ ਨਿਆਣੀ ਉਮਰ ਵਿਚ ਹੀ ਜੇਲ੍ਹ ਯਾਤਰਾ ਕਰਦਾ ਰਿਹਾ। ਯਾਦ ਆਇਆ ਕਿ ਉਹ ਕਦੇ ਕਦੇ ਸਾਨੂੰ ਆਪਣੀ ਪਿੱਠ ਨੰਗੀ ਕਰਕੇ ਕਪੂਰੀ ਵਿਖੇ ਵੱਜੀਆਂ ਪੁਲਿਸ ਦੀਆਂ ਡਾਂਗਾਂ ਦੇ ਜ਼ਖਮ ਦਿਖਾਇਆ ਕਰਦਾ ਸੀ।
ਹੁਣ ਫੈਡਰਲ ਢਾਂਚੇ ਉਤੇ ਸਰਕਾਰੀ ਹਮਲੇ ਨੂੰ ਜਾਇਜ਼ ਠਹਿਰਾ ਰਹੇ ਬਾਦਲ ਦਲੀਆਂ ਨੂੰ ਸੁਣ ਕੇ ਉਹ ਕੀ ਮਹਿਸੂਸ ਕਰਦਾ ਹੋਵੇਗਾ? ਇਹ ਜਾਣਨ ਲਈ ਮੈਂ ਉਤਸੁਕਤਾ ਨਾਲ ਉਸ ਨੂੰ ਫੋਨ ਕੀਤਾ। ਜਵਾਨੀ ਵੇਲੇ ਤੱਕ ਅਕਾਲੀ ਦਲ ਨੂੰ ‘ਪੰਥ’ ਸਮਝ ਕੇ ਉਸ ਦੇ ਆਗੂਆਂ ਦੇ ਹੁਕਮ ਅਧੀਨ ਹੱਡੀਆਂ ਕੁਟਾਉਂਦੇ ਰਹੇ ਅਤੇ ਖੁਦ ਦਾ ਭਵਿੱਖ ਤਬਾਹ ਕਰ ਚੁਕੇ ਉਸ ਸੱਜਣ ਲਈ ਹੁਣ ਅਕਾਲੀ ਦਲ ਤੋਂ ਬਣੇ ‘ਬਾਦਲ ਦਲ’ ਵਲੋਂ ਇਕ ਦਮ ਪੁੱਠਾ ਸਟੈਂਡ ਲੈਣ ਦੀ ਕਰਤੂਤ ਹੈ ਤਾਂ ਸਿਰੇ ਦੀ ਮੱਕਾਰ ਮੌਕਾਪ੍ਰਸਤੀ, ਪਰ ਉਹ ਬੰਦਾ ਮਜ਼ਾਕੀਏ ਸੁਭਾਅ ਦਾ ਹੋਣ ਕਰਕੇ ਉਸ ਨੇ ਮੇਰੇ ਸਾਰੇ ਸਵਾਲ ਸੁਣ ਕੇ ਪੇਂਡੂ ਜੀਵਨ ਨਾਲ ਸਬੰਧਿਤ ਇਕ ਕਹਾਣੀ ਛੋਹ ਲਈ।
ਬਾਦਲ ਦਲ ਵਲੋਂ ਭਾਜਪਾ ਨਾਲ ਸਬੰਧਾਂ ਨੂੰ ‘ਪਤੀ-ਪਤਨੀ’ ਦੇ ਰਿਸ਼ਤਿਆਂ ਨਾਲ ਤਸ਼ਬੀਹ ਦੇਣ ਵਾਲੀ ਇਸ ਦਲ ਦੇ ਆਗੂਆਂ ਵਲੋਂ ਹੁਣ ਤੱਕ ਰਟੀ ਜਾਂਦੀ ਮੁਹਾਰਨੀ ਚੇਤੇ ਕਰਵਾ ਕੇ ਉਹ ਕਹਿਣ ਲੱਗਾ ਕਿ ਇਕ ਵਾਰ ਕਿਸੇ ਪੇਂਡੂ ਕਿਸਾਨ ਨੂੰ ਝੱਲ ਕੁੱਦਿਆ ਕਿ ਉਸ ਨੇ ਕਦੇ ਆਪਣੀ ਘਰ ਵਾਲੀ ਨੂੰ ਕੁੱਟ ਕੇ ਨਹੀਂ ਵੇਖਿਆ, ਕਿਉਂ ਨਾ ਕਿਸੇ ਦਿਨ ਇਹ ਚਾਅ ਵੀ ਪੂਰਾ ਕਰ ਹੀ ਲਿਆ ਜਾਵੇ; ਪਰ ਬੜੀ ਚੁਸਤ ਤੇ ਚਲਾਕ ਉਸ ਦੀ ਘਰ ਵਾਲੀ ਨੇ ਵੀ ਪਤੀ ਦੀ ਮਨਸ਼ਾ ਭਾਂਪ ਲਈ। ਸੋ ਉਹ ਘਰੇਲੂ ਵਰਤੋਂ ਵਿਹਾਰ ਵਿਚ ਪਹਿਲਾਂ ਨਾਲੋਂ ਵੀ ਵੱਧ ਚੁਕੰਨੀ ਹੋ ਗਈ।
ਇਕ ਦਿਨ ਗੁੱਝੀ ਸਕੀਮ ਸੋਚ ਕੇ ਪਤੀ ਬਾਜ਼ਾਰੋਂ ਮੱਛੀ ਲੈ ਆਇਆ ਤੇ ਘਰ ਵਾਲੀ ਨੂੰ ਮੱਛੀ ਬਣਾਉਣ ਦਾ ਹੁਕਮ ਚਾੜ੍ਹ ਕੇ ਆਪ ਖੇਤਾਂ ਨੂੰ ਚਲਾ ਗਿਆ। ਸ਼ਾਮ ਵੇਲੇ ਮੁੱਛਾਂ ਨੂੰ ਤਾਅ ਦਿੰਦਾ ਘਰੇ ਆਇਆ ਤੇ ਪਤਨੀ ਤੋਂ ਰੋਟੀ ਮੰਗੀ। ਮੱਛੀ ਵਾਲੀ ਤਰੀ ਦਾ ਕੌਲਾ ਭਰਿਆ ਦੇਖ ਕੇ ਉਹ ਇਕ ਦਮ ਅੱਗ ਬਬੂਲਾ ਹੋ ਉਠਿਆ, “ਮੈਂ ਤਾਂ ਮੱਛੀ ਦੀ ਸੁੱਕੀ ਸਬਜ਼ੀ ਖਾਣੀ ਸੀ, ਤੂੰ ਇਹ ਹੋਰ ਈ ਕੁਝ ਬਣਾ ‘ਤਾ!”
ਪਤਨੀ ਨਿਮਰਤਾ ਨਾਲ ਬੋਲੀ, “ਗੁੱਸੇ ਕਾਹਨੂੰ ਹੁੰਦੇ ਓਂ ਜੀ, ਮੈਂ ਸੁੱਕੀ ਮੱਛੀ ਵੀ ਬਣਾ ਕੇ ਰੱਖੀ ਹੋਈ ਐ, ਹੁਣੇ ਲਿਆ ਦਿੰਦੀ ਹਾਂ।”
ਅਸਲ ‘ਚ ਉਸ ਨੇ ਪਤੀ ਦੇ ਮੂਡ ਦਾ ਭੇਤ ਪਾਉਂਦਿਆਂ ਅੱਧੀ ਮੱਛੀ ਦੀ ਤਰੀ ਬਣਾ ਲਈ ਸੀ ਤੇ ਅੱਧੀ ਸੁੱਕੀ ਫਰਾਈ ਕਰ ਰੱਖੀ ਸੀ।
ਲਉ ਜੀ! ਮੱਛੀ ਵਾਲਾ ‘ਫਾਇਰ ਫੋਕਾ’ ਗਿਆ ਸਮਝ ਕੇ ਕਿਸਾਨ ਨੇ ਇਕ ਹੋਰ ਸਕੀਮ ਸੋਚ ਲਈ। ਰੋਜ ਵਾਂਗ ਖੇਤੀਂ ਹਲ ਵਾਹੁਣ ਚੱਲੇ ਨੇ ਬਲਦਾਂ ਦੀ ਜੋਗ ਖੁਰਲੀ ਤੋਂ ਖੋਲ੍ਹੀ ਤੇ ਵਹੁਟੀ ਨੂੰ ਖੰਘੂਰਾ ਮਾਰ ਕੇ ਕਿਹਾ ਕਿ ਦੁਪਹਿਰ ਦੀ ਰੋਟੀ ਨੂੰ ਕੁਵੇਲਾ ਨਾ ਕਰ ਦਈਂ!
ਹਲ ਵਾਹੁੰਦੇ ਨੂੰ ਦੁਪਹਿਰਾ ਹੋ ਗਿਆ। ਪਿੰਡ ਵੱਲ ਨੂੰ ਨਜ਼ਰ ਮਾਰੀ ਤਾਂ ਘਰ ਵਾਲੀ ਨਜ਼ਰੀਂ ਪੈ ਗਈ, ਜੋ ਸਿਰ ‘ਤੇ ਛਾਬਾ ਚੁੱਕੀ ਰਵਾਂ ਰਵੀਂ ਤੁਰੀ ਆ ਰਹੀ ਸੀ।
ਸੋਚੀ ਚਿਤਵੀ ਸਕੀਮ ਅਨੁਸਾਰ ਕਿਸਾਨ ਨੇ ਘਰ ਵਾਲੀ ਨੂੰ ਖੇਤ ਕੁ ਵਿੱਥ ‘ਤੇ ਪਹੁੰਚੀ ਦੇਖ ਕੇ ਇਕ ਪਾਸੇ ਦਾ ਬਲਦ ਪੰਜਾਲੀ ‘ਚੋਂ ਖੋਲ੍ਹ ਕੇ ਪੁੱਠਾ ਜੋਤ ਲਿਆ, ਮਤਲਬ ਇਕ ਪਾਸੇ ਵਾਲੇ ਬਲਦ ਦਾ ਮੂੰਹ ਸਿੱਧਾ, ਦੂਜੇ ਦਾ ਪੁੱਠੇ ਪਾਸੇ ਨੂੰ! ਏਨੇ ਨੂੰ ਘਰ ਵਾਲੀ ਬਿਲਕੁਲ ਪਿੱਛੇ ਆ ਖੜ੍ਹੀ। ਇੱਧਰ ਉਹ ਪੁੱਠੇ-ਸਿੱਧੇ ਜੁੜੇ ਬਲਦਾਂ ਨੂੰ ਪਰੈਣੀਆਂ ਮਾਰ ਮਾਰ ਹੱਕਣ ਲੱਗ ਪਿਆ, ਪਰ ਬਲਦ ਵਿਚਾਰੇ ਕਿਵੇਂ ਤੁਰਨ?
ਘਰ ਵਾਲੇ ਦੀ ਇਹ ਅਜੀਬ ਜਿਹੀ ਹਰਕਤ ਦੇਖ ਕੇ ਪੁੱਠੇ ਜੁੜੇ ਖੜ੍ਹੇ ਬਲਦਾਂ ਨੂੰ ਹੋਕਰਾ ਮਾਰਦਿਆਂ ਪਤਨੀ ਬੋਲੀ, “ਤੁਰੋ ਵੇ ਤੁਰੋ ਗਊ ਦੇ ਜਾਇਓ! ਜਿਵੇਂ ਤੁਹਾਡਾ ਮਾਲਕ ਤੁਹਾਨੂੰ ਤੋਰਨਾ ਚਾਹੁੰਦਾ ਐ, ਤਿਵੇਂ ਹੀ ਤੁਰੋ ਭਲਿਓ!”
ਪਤਨੀ ਵਿਚਾਰੀ ਨੇ ਤਾਂ ਆਪਣੀ ‘ਸੰਭਾਵੀ ਕੁੱਟ’ ਤੋਂ ਬਚਣ ਦੇ ਉਪਾਅ ਵਜੋਂ ਇਹ ਵਾਕ ਬੋਲਿਆ ਸੀ, ਪਰ ਪਤੀ ਆਪਣੀ ਚਿਰੋਕਣੀ ਰੀਝ ਪੂਰੀ ਕਰਨ ਦਾ ਇਹ ‘ਸੁਨਹਿਰੀ ਮੌਕਾ’ ਹੱਥੋਂ ਨਹੀਂ ਸੀ ਗਵਾਉਣਾ ਚਾਹੁੰਦਾ। ਸੋ ਉਕਤ ਬੋਲ ਸੁਣਦਿਆਂ ਹੀ ਪਤੀ ਨੇ ਪਿੱਛੇ ਮੁੜ ਕੇ ਰੋਟੀਆਂ ਸਿਰ ‘ਤੇ ਚੁੱਕੀ ਖੜ੍ਹੀ ਘਰ ਵਾਲੀ ਦੇ ਪੰਜ ਸੱਤ ਪਰੈਣੀਆਂ ਜੜ ਦਿੱਤੀਆਂ। ਨਾਲੇ ਕੜਕਿਆ, “ਮੇਰੇ ਕੰਮਾਂ ਵਿਚ ਬੋਲਣ ਵਾਲੀ ਤੂੰ ਕੌਣ ਹੁੰਦੀ ਐਂ?”
ਜੰਮੂ ਕਸ਼ਮੀਰ ਨਾਲ ਹੋਈ ਸਿਰੇ ਦੀ ਜ਼ਿਆਦਤੀ ਪ੍ਰਤੀ ਬਾਦਲ ਦਲੀਆਂ ਦੀ ਸਹਿਮਤੀ ਬਾਰੇ ਇਹ ਲੋਕ-ਭਾਖਿਆ ਦੀ ਕਹਾਣੀ ਸੁਣਾਉਣ ਵਾਲੇ ਉਸ ਸੱਜਣ ਨੇ ਮੈਨੂੰ ਸਵਾਲ ਕਰ ਦਿੱਤਾ, ਅਖੇ! ਹੁਣ ਤੂੰ ਸੋਚ ਲੈ ਕਿ ਮੌਜੂਦਾ ਪ੍ਰਕਰਣ ਵਿਚ ਪਤੀ ਕੌਣ ਐ, ਪਤਨੀ ਕੌਣ ਅਤੇ ਬਲਦ ਕਿਹੜੇ ਹੋਏ? ਅਖੇ, ਭਵਿੱਖ ਬਾਰੇ ਵੀ ਤੂੰ ਕਿਆਸ ਲਾ ਲੈ ਕਿ ਪਤੀ ਆਪਣੀ ‘ਪਤਨੀ’ ਦੇ ਗਿੱਟੇ ਕਦ ਕੁ ਭੰਨੇਗਾ! ਉਹ ਗਿੱਟੇ ‘ਗਰਮ’ ਕਰਵਾ ਵੀ ਲਵੇਗੀ ਕਿ ਦੋ ਤਰ੍ਹਾਂ ਦੀ ਮੱਛੀ ਬਣਾ ਕੇ ਆਪਣੀ ਚਮੜੀ ਬਚਾਉਂਦੀ ਰਹੇਗੀ?