ਤੰਗ ਦਾ ਖਲਾਰਾ

ਬਲਜੀਤ ਬਾਸੀ
ਤੰਗ ਸ਼ਬਦ ਪੰਜਾਬੀ ਵਿਚ ਕੁਝ ਇਕ ਅਰਥਾਂ ਦਾ ਧਾਰਨੀ ਹੈ। ਇਸ ਦੀ ਮੁੱਖ ਅਤੇ ਮੁਢਲੀ ਵਰਤੋਂ ਤਾਂ ਭੀੜਾ ਦੇ ਮਾਅਨਿਆਂ ਵਿਚ ਹੀ ਹੈ, ਜਿਵੇਂ ਤੰਗ ਗਲੀ, ਤੰਗ ਪੁਲ, ਤੰਗ ਘਾਟੀ ਆਦਿ ਵਿਚ। ਇਸ ਦੇ ਨਾਲ ਲਗਦਾ ਇਹ ਕੱਸਿਆ, ਘੁਟਵਾਂ ਜਾਂ ਫਸਵਾਂ ਹੋਇਆ ਹੋਣ ਦੇ ਅਰਥਾਂ ਵਿਚ ਵੀ ਖੂਬ ਚਲਦਾ ਹੈ। ਮਿਸਾਲ ਵਜੋਂ ਤੰਗ ਸਲਵਾਰ, ਤੰਗ ਜੁੱਤੀ, ਤੰਗ ਮੁਹਰੀ ਆਦਿ। ਉਂਜ ਤਾਂ ਦੋਹਾਂ ਅਰਥਾਂ ਵਿਚ ਬਹੁਤਾ ਫਰਕ ਨਹੀਂ, ਪਰ ਧਿਆਨ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਦੂਜੇ ਅਰਥਾਂ ਵਿਚ ਕੋਈ ਸ਼ੈਅ ਮਨੁੱਖ ਨੂੰ ਤਕਲੀਫ ਦਿੰਦੀ ਹੈ, ਜਿਵੇਂ ਤੰਗ ਜੁੱਤੀ ਨਾਲ ਚਮਰਸ ਹੋ ਜਾਂਦਾ ਹੈ। ਕਹਿ ਲਵੋ ਕਿ ਇਸ ਪ੍ਰਸੰਗ ਵਿਚ ਤੰਗ ਕੁਝ ਵਧੇਰੇ ਹੀ ਤੰਗ ਹੈ। ਇਥੋਂ ਇਸ ਸ਼ਬਦ ਦੀ ਲਾਖਣਿਕ ਵਰਤੋਂ ਦਾ ਪਸਾਰਾ ਹੁੰਦਾ ਹੈ।

ਅਸਲ ਵਿਚ ਇਹ ਲਾਖਣਿਕ ਵਰਤੋਂ ਵੀ ਔਖਾ, ਦੁਖੀ, ਹੈਰਾਨ ਪ੍ਰੇਸ਼ਾਨ, ਦਿੱਕ ਆਦਿ ਦੇ ਭਾਵਾਂ ਵਿਚ ਹੁੰਦੀ ਹੈ। ਤੰਗ ਸ਼ਬਦ ਦੀ ਇਹੀ ਵਰਤੋਂ ਅੱਜ ਕਲ ਸਭ ਤੋਂ ਵੱਧ ਹੈ, ਜਿਵੇਂ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਖੁਦਕਸ਼ੀ ਕਰ ਲਈ; ਪੁਲਿਸ ਆਮ ਲੋਕਾਂ ਨੂੰ ਤੰਗ ਕਰਦੀ ਹੈ। ਇਸ ਤੋਂ ਅੱਗੇ ਇਸ ਸ਼ਬਦ ਦੀ ਮੁਹਾਵਰਈ ਵਰਤੋਂ ਦਾ ਰਾਹ ਖੁਲ੍ਹਦਾ ਹੈ। ਕੁਝ ਗਿਣ ਲਈਏ-ਤੰਗ ਆ ਜਾਣਾ, ਤੰਗ ਪੈਣਾ, ਤੰਗ ਹੱਥ, ਤੰਗ ਦਸਤੀ, ਤੰਗਹਾਲੀ, ਹੱਥ ਤੰਗ ਹੋਣਾ, ਤੰਗ ਦਿਲ, ਤੰਗ ਦਿਮਾਗ, ਤੰਗ ਨਜ਼ਰ, ਜੁੱਤੀ ਤੰਗ, ਜਵਾਈ ਨੰਗ ਆਦਿ। ਗੁਰੂ ਅਰਜਨ ਦੇਵ ਨੇ ਤੰਗ ਤੋਂ ਤੰਗ ਕਰਨ ਵਾਲਾ, ਤਕਲੀਫਦੇਹ ਦੇ ਅਰਥਾਂ ਵਿਚ ਤੰਗਨਾ ਵਿਸ਼ੇਸ਼ਣ ਵਰਤਿਆ, ਜੋ ਅੱਜ ਕਲ ਪ੍ਰਚਲਿਤ ਨਹੀਂ, ‘ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ॥’ ਅਰਥਾਤ ਨਾਮ ਸਿਮਰ ਕੇ ਦੁਖੀ ਕਰਨ ਵਾਲੇ ਪੰਜ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਦੂਜੇ ਪਾਸੇ ਗੁਰੂ ਨਾਨਕ ਸਾਹਿਬ ਨੇ ਇਸ ਦਾ ਕ੍ਰਿਆਵੀ ਵਿਸ਼ੇਸ਼ਣ ਵੀ ਬਣਾਇਆ ਹੈ, “ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ॥”
ਤੰਗ ਤੋਂ ਬਣੇ ਭਾਵਵਾਚਕ ਨਾਂਵ ਤੰਗੀ ਕਦੇ ਵੀ ਪਦਾਰਥਕ ਵਸਤਾਂ ਦੇ ਭੀੜੇ ਹੋਣ ਦੇ ਅਰਥਾਂ ਵਿਚ ਨਾ ਹੋ ਕੇ ਆਮ ਆਰਥਕ ਪੱਖੋਂ ਘੱਟ ਵਿਤ ਵਾਲਾ ਹੋਣ ਦੇ ਅਰਥਾਂ ਵਿਚ ਹੀ ਵਰਤਿਆ ਜਾਂਦਾ ਹੈ। ਮਿਸਾਲ ਵਜੋਂ, ਅਸੀਂ ਇਹ ਨਹੀਂ ਕਹਿ ਸਕਦੇ ਕਿ ਪੁਲ ਦੀ ਤੰਗੀ ਕਰਕੇ ਦੋ ਵਾਹਨ ਇਕੱਠੇ ਨਹੀਂ ਚੱਲ ਸਕਦੇ ਜਾਂ ਜੁੱਤੀ ਦੀ ਤੰਗੀ ਕਰਕੇ ਪੈਰਾਂ ਵਿਚ ਚਮਰਸ ਹੋ ਗਿਆ ਹੈ। ਪੁਲ ਦੀ ਤੰਗੀ ਤੋਂ ਤਾਂ ਪੁਲ ਦੇ ਅਭਾਵ ਕਾਰਨ ਹੋ ਰਹੀ ਤਕਲੀਫ ਦੇ ਭਾਵ ਹੀ ਲਏ ਜਾਣਗੇ। ‘ਤੰਗੀ ਜਾਂ ਤੰਗੀ ਤੁਰਸ਼ੀ ਵਿਚ ਹੋਣਾ’ ਦਾ ਮਤਲਬ ਹੈ, ਵਸੀਲਿਆਂ ਦਾ ਘਟ ਹੋਣਾ। ਘੁਟਣ ਦੀ ਅਵਸਥਾ ਵਿਚ ਤਕਲੀਫ ਹੀ ਹੁੰਦੀ ਹੈ।
ਤੰਗ ਸ਼ਬਦ ਭਾਰਤੀ ਭਾਸ਼ਾਵਾਂ ਵਿਚ ਫਾਰਸੀ ਵਲੋਂ ਆਇਆ ਹੈ। ਪੰਜਾਬੀ ਮੁਹਾਵਰਿਆਂ ਜਾਂ ਉਕਤੀਆਂ ਵਿਚ ਇਸ ਸ਼ਬਦ ਦੀ ਵਰਤੋਂ ਲਗਭਗ ਬਰਾਬਰ ਦੀ ਫਾਰਸੀ ਵਰਤਨੀ ਦਾ ਹੀ ਅਨੁਵਾਦ ਹੈ, ਜਿਵੇਂ ਤੰਗ ਦਸਤ ਤੋਂ ਤੰਗ ਹੱਥ ਆਦਿ। ਤੰਗ ਉਚਾਰ ਦੇ ਕੁਝ ਸਥਾਨ-ਨਾਮ ਵੀ ਮਿਲਦੇ ਹਨ ਜਿਵੇਂ ਅਫਗਾਨਿਸਤਾਨ ਦੇ ਇਕ ਸਥਾਨ ਦਾ ਇਹੋ ਨਾਂ ਹੈ। ਹੋ ਸਕਦਾ ਹੈ ਕਿ ਇਹ ਕਿਸੇ ਤੰਗ ਲਾਂਘੇ ਕੋਲ ਹੋਵੇ। ਕਸ਼ਮੀਰ ਵਿਚ ਗੁਲਮਰਗ ਦੇ ਨੇੜੇ ਇਕ ਕਸਬੇ ਦਾ ਨਾਂ ਤੰਗਮਰਗ ਹੈ। ਕਸ਼ਮੀਰ ਯਾਤਰਾ ਦੌਰਾਨ ਮੈਂ ਇਹ ਥਾਂ ਦੇਖੀ ਹੈ, ਇਹ ਇਕ ਤੰਗ ਘਾਟੀ ਹੈ, ਜੋ ਗੁਲਮਰਗ ਵੱਲ ਨੂੰ ਲਿਜਾਂਦੀ ਹੈ। ਮਰਗ ਸ਼ਬਦ ਮਾਰਗ ਵਾਲਾ ਹੀ ਹੈ।
ਫਾਰਸੀ ਵਿਚ ਤੰਗ ਲਫਜ਼ ਨਾਲ ਲੱਗ ਕੇ ਕਈ ਹੋਰ ਸੰਯੁਕਤ ਸ਼ਬਦ ਬਣਦੇ ਹਨ, ਜਿਵੇਂ ਤੰਗਾਤੰਗ (ਖਚਾਖਚ), ਤੰਗ ਆਸਤੀਨ ( ਕਮੀਜ਼ ਆਦਿ ਦੀ ਤੰਗ ਬਾਜ਼ੂ), ਤੰਗ ਆਗੋਸ਼ (ਘੁਟਵੀਂ ਜੱਫੀ), ਤੰਗਬਖਤ (ਮੰਦਭਾਗਾ), ਤੰਗਤਾਬ (ਬੇਤਾਬ)। ਤੰਗ ਸ਼ਬਦ ਵਿਚ ਨੇੜਤਾ ਦਾ ਭਾਵ ਨਿਕਲਣਾ ਸਹਿਜ ਹੈ, ਐਨ ਇਸੇ ਤਰ੍ਹਾਂ ਜਿਵੇਂ ਅੰਗਰੇਜ਼ੀ ਕਲੋਜ਼ ਦਾ ਮਤਲਬ ਨੇੜੇ ਵੀ ਹੈ ਤੇ ਤੰਗ ਜਾਂ ਘੁਟਵਾਂ ਵੀ। ਫਾਰਸੀ ਉਕਤੀ ‘ਤੰਗ ਆਮਦਨ’ ਦਾ ਮਤਲਬ ਹੈ, ਨੇੜੇ ਆਉਣਾ। ਵਾਰਸ ਸ਼ਾਹ ਨੇ ਇਸ ਤਰ੍ਹਾਂ ਦੀ ਵਰਤੋਂ ਕੀਤੀ ਹੈ,
ਕਿਲਾਅਦਾਰ ਨੂੰ ਮੋਰਚੇ ਤੰਗ ਢੁੱਕੇ,
ਸ਼ਬਖੂਨ ਤੇ ਤਿਆਰ ਹੋ ਸਜਿਆ ਈ।
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ,
ਉਠ ਬੋਤੀਆਂ ਦੇਮਨੇ ਗਜਿਆ ਈ।
ਪਲੈਟਸ ਅਨੁਸਾਰ ਤੰਗ ਸ਼ਬਦ ਦਾ ਜ਼ੰਦ ਰੂਪ ਤੰਗਿਸਤਾ ਅਤੇ ਪਹਿਲਵੀ ਤੰਗ ਹੀ ਹੈ। ਇਹ ਹਿੰਦ-ਇਰਾਨੀ ਸ਼ਬਦ ਹੈ, ਮਤਲਬ ਇਸ ਦਾ ਸੰਸਕ੍ਰਿਤ ਨਾਲ ਸਜਾਤੀ ਸਬੰਧ ਹੈ। ਇਸ ਦਾ ਸੰਸਕ੍ਰਿਤ ਭਰਾ ਹੈ, ਤੰਚ। ਇਸ ਦਾ ਇਕ ਰੁਪਾਂਤਰ ਤੰਜ ਵੀ ਹੈ। ਇਸ ਭਾਸ਼ਾ ਵਿਚ ਇਸ ਦੇ ਅਰਥ ਹਨ-ਸੰਕੁਚਤ ਹੋਣਾ, ਸੁੰਗੜਨਾ। ਅਸਲ ਵਿਚ ਇਸ ਸ਼ਬਦ ਵਿਚ ਦੁਧ ਦੇ ਜੰਮਣ ਦੇ ਭਾਵ ਵੀ ਹਨ। ਦੁਧ ਜੰਮਣ ਦੀ ਪ੍ਰਕ੍ਰਿਆ ਦੌਰਾਨ ਦੁਧ ਦੇ ਅੰਸ਼ ਇਕੱਠੇ, ਇਕ ਦੂਜੇ ਦੇ ਨਾਲ ਨਾਲ ਜੁੜ ਜਾਂਦੇ ਹਨ ਜਾਂ ਕਹਿ ਲਵੋ ਸੁੰਗੜ ਜਾਂਦੇ ਹਨ। ਇਸ ਸ਼ਬਦ ਦੇ ਅੱਗੇ ‘ਆ’ ਅਗੇਤਰ ਲੱਗ ਕੇ ਆਤੰਚਮਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ, ਦੁਧ ਜਮਾਉਣ ਵਾਲਾ ਜੰਮਣ ਜਾਂ ਜਾਗ। ਇਹ ਸ਼ਬਦ ਦਹੀਂ ਲਈ ਵੀ ਵਰਤਿਆ ਜਾਂਦਾ ਹੈ, ਕਿਉਂਕਿ ਦਹੀਂ ਹੀ ਦੁਧ ਦਾ ਜਾਗ ਹੁੰਦਾ ਹੈ।
ਸੰਸਕ੍ਰਿਤ ਵਿਚ ਇਸ ਦਾ ਇੱਕ ਹੋਰ ਰੁਪਾਂਤਰ ਤਕਮਨ ਵੀ ਹੈ, ਜਿਸ ਵਿਚ ਸੁੰਗੜਨ ਦੇ ਭਾਵ ਹਨ। ਇਸ ਦਾ ਇਕ ਹੋਰ ਰੂਪ ਤੰਕ ਹੈ, ਜਿਸ ਦਾ ਅਰਥ ਬੀਮਾਰੀ, ਤਕਲੀਫ, ਦੁਖ ਹੈ। ਤੰਕ ਵਿਚ ਸਹਾਰਨਾ, ਬਰਦਾਸ਼ਤ ਕਰਨਾ ਦੇ ਭਾਵ ਹਨ। ਸਪੱਸ਼ਟ ਹੈ ਕਿ ਦੁਖ ਦਰਦ ਨੂੰ ਹੀ ਸਹਾਰਿਆ, ਝੱਲਿਆ ਜਾਂ ਬਰਦਾਸ਼ਤ ਕੀਤਾ ਜਾਂਦਾ ਹੈ। ਸੰਸਕ੍ਰਿਤ ਵਿਚ ਇਸ ਦਾ ਅਗਲਾ ਰੂਪ ਤੰਗ ਵੀ ਮਿਲਦਾ ਹੈ, ਜਿਸ ਦਾ ਅਰਥ ਕਸ਼ਟਮਈ ਜੀਵਨ ਹੈ। ਤੰਕ ਸ਼ਬਦ ਅੱਗੇ ਆ ਅਗੇਤਰ ਲੱਗ ਕੇ ਆਤੰਕ ਬਣਦਾ ਹੈ, ਜਿਸ ਦਾ ਸੰਸਕ੍ਰਿਤ ਵਿਚ ਅਰਥ ਡਰ, ਭੈਅ ਹੈ, ਪਰ ਅਸੀਂ ਇਸ ਨੂੰ ਹੋਰ ਅੱਗੇ ਵਧਾ ਕੇ ਦਹਿਸ਼ਤ ਦੇ ਅਰਥਾਂ ਵਿਚ ਵਰਤਣ ਲੱਗ ਪਏ ਹਾਂ।
ਇਕ ਦਿਨ ਕੁਝ ਪੜ੍ਹਦਿਆਂ ਪੰਜਾਬੀ ਮੁਹਾਵਰਾ ‘ਢਿੰਬਰੀ ਟੈਟ ਕਰਨਾ’ ਸਾਹਮਣੇ ਆਇਆ। ਇਸ ਦਾ ਮਤਲਬ ਹੁੰਦਾ ਹੈ, ਕਿਸੇ ਨੂੰ ਦਿੱਕ ਕਰਨਾ। ਇਹ ਲਗਭਗ ‘ਸ਼ਿਕੰਜੇ ਵਿਚ ਕੱਸਣਾ’ ਜਿਹਾ ਹੀ ਹੈ। ਜਾਣੋਂ ਕਿਸੇ ਨੂੰ ਘੇਰ ਲੈਣਾ ਜਾਂ ਏਨਾ ਜਕੜ ਦੇਣਾ ਕਿ ਵਿਚੋਂ ਨਿਕਲਣ ਦਾ ਕੋਈ ਰਸਤਾ ਨਾ ਮਿਲੇ। ਟੈਟ ਸ਼ਬਦ ਅੰਗਰੇਜ਼ੀ ਟਾਇਟ ਦਾ ਹੀ ਪੰਜਾਬੀ ਤਦਭਵ ਹੈ। ਪੰਜਾਬੀ ‘ਆਇ’ ਜਿਹੀ ਧੁਨੀ ਸਹਿਜੇ ਬੋਲ ਨਹੀਂ ਸਕਦੇ। ਹੋਰ ਮਿਸਾਲਾਂ ਹਨ: ਲਾਇਟ=ਲੈਟ; ਸਾਇਨ=ਸੈਨ; ਲਾਇਕ=ਲੈਕ; ਪਾਇਲ=ਪੈਲ।
‘ਢਿੰਬਰੀ ਟੈਟ ਕਰਨਾ’ ਪੜ੍ਹ ਕੇ ਮਨ ਵਿਚ ਅੰਗਰੇਜ਼ੀ ਸ਼ਬਦ ਠਗਿਹਟ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਹੋਈ। ਕੁਝ ਨਿਰੁਕਤਕਾਰਾਂ ਦਾ ਵਿਚਾਰ ਹੈ ਕਿ ਟਾਇਟ ਸ਼ਬਦ ਫਾਰਸੀ ਵਾਲੇ ਤੰਗ ਦਾ ਸਜਾਤੀ ਹੈ ਤੇ ਇਸ ਤਰ੍ਹਾਂ ਇਹ ਭਾਰੋਪੀ ਖਾਸੇ ਵਾਲਾ ਹੈ। ਤੰਗ, ਘੁਟਵਾਂ, ਭੀੜਾ ਆਦਿ ਦੇ ਅਰਥਾਂ ਵਾਲਾ ਅਤੇ ਠਗਿਹਟ ਦੇ ਹੇਜਿਆਂ ਵਾਲਾ ਇਹ ਅੰਗਰੇਜ਼ੀ ਸ਼ਬਦ ਇਸ ਰੂਪ ਵਿਚ ਅੰਗਰੇਜ਼ੀ ਵਿਚ 15ਵੀਂ ਸਦੀ ਦੇ ਸ਼ੁਰੂ ਵਿਚ ਰਿਕਾਰਡ ਕੀਤਾ ਗਿਆ। ਇਸ ਸ਼ਬਦ ਦਾ ਪ੍ਰਾਕ-ਜਰਮੈਨਿਕ ਰੂਪ ਸੀ, ਠਹਨਿਹਟਅ ਜਿਸ ਵਿਚ ਤੰਗ, ਸੰਘਣਾ, ਸਥੂਲ ਦੇ ਭਾਵ ਸਨ। ਇਸ ਤੋਂ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਵੀ ਮਿਲਦੇ-ਜੁਲਦੇ ਸ਼ਬਦ ਬਣੇ ਹਨ। ਵਿਦਵਾਨਾਂ ਨੇ ਇਸ ਦਾ ਭਾਰੋਪੀ ਮੂਲ ਠeਨਕ ਕਲਪਿਆ ਹੈ, ਜੋ ਸਥੂਲ ਹੋਣ, ਸੰਘਣਾ ਹੋਣ, ਜੰਮਣ ਆਦਿ ਦੇ ਅਰਥਾਂ ਦਾ ਧਾਰਨੀ ਹੈ। ਲਿਥੂਏਨੀਅਨ ਠਅਨਕੁਸ ਇਸੇ ਤੋਂ ਵਿਗਸਿਆ, ਜਿਸ ਦਾ ਅਰਥ ਵੀ ਤੰਗ, ਭੀੜਾ, ਜੁੜਵਾਂ ਹੈ।
ਧਿਆਨ ਦਿਓ, ਅੰਗਰੇਜ਼ੀ ਟਾਈਟ ਅਤੇ ਫਾਰਸੀ ਵਲੋਂ ਤੰਗ ਸ਼ਬਦਾਂ ਵਿਚ ਅਰਥਾਂ ਪੱਖੋਂ ਢੇਰ ਸਾਂਝ ਹੈ। ਅੰਗਰੇਜ਼ੀ ਠਗਿਹਟ ਦਾ ਇਕ ਅਰਥ ਧੁੱਤ, ਟੁੰਨ, ਟੱਲੀ ਹੁੰਦਾ ਹੈ। ਫਾਰਸੀ ਵਿਚ ਇਸ ਲਈ ਤੰਗ-ਜਾਮ ਸ਼ਬਦ ਹੈ। ਸ਼ਬਦਾਂ ਦੀ ਕੀ ਖੇਡ ਹੈ ਕਿ ਇਥੇ ਸ਼ਰਾਬ ਦੀ ਤੰਗੀ/ਘਾਟ ਵੱਲ ਨਹੀਂ, ਸਗੋਂ ਇਸ ਦੀ ਵੱਧ ਮਾਤਰਾ ਵੱਲ ਸੰਕੇਤ ਹੈ! ਹੋਰ ਅੱਗੇ ਫਾਰਸੀ ‘ਤੰਗ ਤੰਗ’ ਦਾ ਮਤਲਬ ਹੈ-ਕਈ, ਅਨੇਕ।