ਕਵਿਤਾ ਲਿਖਾਂਗਾ ਜੋ ਲਿਖੀ ਨਹੀਂ ਗਈ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੱਚ ਦਾ ਸੱਚ ਬਿਆਨਿਆ ਸੀ ਕਿ ਸੱਚ ਸੁਣਨ ਦਾ ਆਦੀ ਨਹੀਂ ਹੈ ਮਨੁੱਖ। ਕੂੜ ਦੀ ਦੁਨੀਆਂ ‘ਚ ਕੂੜ ਦਾ ਵਪਾਰ ਕਰਦਾ, ਸੱਚ ਦਾ ਸਾਹਮਣਾ ਕਰਨ ਤੋਂ ਡਰਦਾ।…ਸੱਚ ਕਦੇ ਖੁਦਕੁਸ਼ੀ ਨਹੀਂ ਕਰਦਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਵਿਤਾ ਦੀ ਕਵਿਤਾ ਬਣਾਉਂਦਿਆਂ ਕਿਹਾ ਹੈ, “ਕਵਿਤਾ ਲਿਖਣੀ ਏ ਮਾਂ ਦੀ ਡੱਬੀਦਾਰ ਖੇਸੀ ਦੀ, ਬਰਕਤ ਬਣੇ ਬਾਪੂ ਦੇਸੀ ਦੀ, ਪੀੜਾ ਪੁੱਤ ਪਰਦੇਸੀ ਦੀ, ਉਮਰਾ ਦਰਦ-ਵਰੇਸੀ ਦੀ ਅਤੇ ਹਉਕਿਆਂ-ਹਾਰ ਦਰਵੇਸ਼ੀ ਦੀ।”

-ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਕਵਿਤਾ, ਮਨ ਦੀਆਂ ਭਾਵਨਾਵਾਂ ਨੂੰ ਰਾਹਤ, ਝਰੀਟਾਂ ਦੀ ਚੀਸ-ਚੱਸ, ਦਰਦਮੰਦਾਂ ਦੀਆਂ ਆਹਾਂ, ਸੂਖਮ ਅਹਿਸਾਸਾਂ ਦੀ ਆਹਟ, ਮਿਲਣ ਦੀ ਚਾਹਤ ਜਾਂ ਵਿਛੜਨ ਦੀ ਓਦਰੀ ਉਕਸਾਹਟ।
ਕਵਿਤਾ, ਗੁੰਗੇ ਬੋਲਾਂ ਨੂੰ ਜ਼ੁਬਾਨ, ਚੁੱਪ ਨੂੰ ਬੋਲ, ਦੱਬੇ ਦਰਦ ਨੂੰ ਤਹਿਜ਼ੀਬ, ਕੋਰੇ ਵਰਕੇ ਨੂੰ ਸ਼ਬਦ-ਸ਼ਗਨ ਅਤੇ ਹਰਫਾਂ ਵਿਚ ਅਰਥ ਸੰਵੇਦਨਾ ਦੀ ਭਾਅ।
ਕਵਿਤਾ, ਪੀੜ ‘ਚ ਪੀੜ ਹੋ ਜਾਣ ਦੀ ਇੰਤਹਾ, ਜਿੰਦ ਦੀ ਬਾਜੀ ਲਾਉਣ ਦਾ ਸ਼ੁਦਾਅ ਅਤੇ ਆਪਣੇ ‘ਚੋਂ ਆਪੇ ਨੂੰ ਮਨਫੀ ਕਰ ਖੁਦਾ ‘ਚ ਵਿਸਰਤ ਹੋ ਜਾਣ ਦਾ ਚਾਅ।
ਕਵਿਤਾ, ਭਾਵਨਾਵਾਂ ਨੂੰ ਸੋਚ ਦਾ ਹਾਸਲ ਅਤੇ ਸੋਚ ਨੂੰ ਸ਼ਬਦਾਂ ਰਾਹੀਂ ਰਾਹਤ। ਕਵਿਤਾ, ਸੁਖਦ ਪਲਾਂ ਦੀ ਨਿਸ਼ਾਨਦੇਹੀ ਜਾਂ ਦੁਖਦ ਪਲਾਂ ਵਿਚ ਖੁਦ ਨਾਲ ਸੰਵਾਦ ਅਤੇ ਆਪਣੀ ਪੀੜਾ ਵਿਚ ਉਭਰਨ ਦਾ ਸੁਚੇਤ ਹੰਭਲਾ।
ਕਵਿਤਾ, ਕਵੀ ਦਾ ਹਰਫਾਂ ਵਿਚ ਖੁਦ ਨੂੰ ਉਲਥਾਉਣਾ, ਆਲੇ-ਦੁਆਲੇ ਨੂੰ ਸ਼ਬਦ-ਜਾਮਾ ਪਹਿਨਾਉਣਾ ਅਤੇ ਪਸਰੀ ਸੁੰਨ ‘ਚ ਬਿਰਤੀ ਨੂੰ ਜਗਾਉਣਾ।
ਕਵਿਤਾ, ਸੂਖਮ ਮਨ ਦਾ ਪ੍ਰਗਟਾਅ, ਚੰਚਲ ਅਹਿਸਾਸਾਂ ਨੂੰ ਪਲੋਸਣਾ, ਖੁਦ ਨੂੰ ਹਰਫ-ਸੂਝ ਵਿਚ ਛੁਪਾਉਣਾ ਅਤੇ ਅਗਿਆਤ ਹੋ ਕੇ ਬਹੁਤ ਕੁਝ ਕਹਿ ਜਾਣਾ।
ਕਵਿਤਾ, ਕਵੀ ਵੱਲ ਨੂੰ ਖੁਲ੍ਹਦੀ ਖਿੜਕੀ ਜਦ ਕਿ ਕਵੀ, ਕਵਿਤਾ ਵੱਲ ਨੂੰ ਅਹੁਲਦਾ ਮਨ। ਤੇ ਅਖੀਰ ਵਿਚ ਦੋਹਾਂ ਦਾ ਇਕ ਦੂਜੇ ‘ਚ ਅਭੇਦ ਹੋਣਾ।
ਕਵਿਤਾ ਲਿਖਣ ਨੂੰ ਬਹੁਤ ਮਨ ਕਰਦਾ, ਪਰ ਉਹ ਕਵਿਤਾ ਲਿਖ ਨਹੀਂ ਹੁੰਦੀ, ਜਿਸ ਦਾ ਮੁਹਾਂਦਰਾ ਸੁਰਖ ਸੁਨੇਹਾ ਹੋਵੇ, ਜਿਸ ਦੀ ਆਭਾ ਵਿਚ ਹਨੇਰਿਆਂ ਨੂੰ ਓਹਲੇ ਦੀ ਭਾਲ ਹੋਵੇ ਅਤੇ ਜਿਸ ਦੀ ਤਲਬ ‘ਚ ਅਨਹੋਣੀਆਂ ਨੂੰ ਹੋਣੀਆਂ ‘ਚ ਬਦਲਣ ਦੀ ਲਾਲਸਾ ਹੋਵੇ।
ਕਵਿਤਾ ਲਿਖਣੀ ਚਾਹੁੰਨਾਂ, ਜਿਸ ਦੇ ਹਰਫਾਂ ਵਿਚ ਅਰਥਾਂ ਦੀ ਅੰਬਰੀ ਵਿਸ਼ਾਲਤਾ ਹੋਵੇ, ਜਿਸ ਦੀ ਲੈਅ ਵਿਚ ਸੰਗੀਤ ਦਾ ਵੈਰਾਗ ਹੋਵੇ, ਜਿਸ ਵਿਚ ਯੁੱਗ ਜਿਉਣ ਦੀ ਲਾਗ ਹੋਵੇ ਅਤੇ ਜਿਸ ਦੀ ਹਰਫ-ਬੰਦਨਾ ਵਿਚ ਕਲਮਾਂ ਬੀਜਣ ਦੀ ਜਾਗ ਹੋਵੇ।
ਕਵਿਤਾ, ਜੋ ਖੁਦ ਕਵਿਤਾ ਹੋ ਜਿਉਣ ਲਈ ਪ੍ਰੇਰਿਤ ਕਰੇ, ਜਿਸ ਦੀ ਬੰਦਗੀ ਵਿਚੋਂ ਚਾਨਣ ਝਰੇ, ਜਿਸ ਦੀ ਸੰਵੇਦਨਾ ਵਿਚ ਦਿਮਾਗੀ ਧੁੰਦਲ ਦੀ ਗਰਦ ਝੜੇ, ਜੋ ਪਰਾਇਆਂ ਨੂੰ ਕੋਲ ਕਰੇ, ਆਪਣਿਆਂ ਦੇ ਲਾਏ ਫੱਟਾਂ ਦੀ ਪੀੜਾ ਹਰੇ ਅਤੇ ਜਖਮਾਂ ਦੀ ਰੁੱਤੇ ਮਰਹਮ, ਫਹਿਆਂ ਤੇ ਪੱਟੀਆਂ ਦੀ ਖੇਤੀ ਕਰੇ।
ਕਵਿਤਾ, ਜੋ ਅੰਬਰ ਨੂੰ ਗਾਹੁੰਦਿਆਂ ਪਤਾਲ ਦੀ ਹਾਥ ਵੀ ਲਵੇ, ਜੋ ਚੁੱਪ ਰਹਿ ਕੇ ਵੀ ਬਹੁਤ ਕੁਝ ਕਹੇ, ਜਿਸ ਦੀ ਸੂਖਮਤਾ ਵਿਚੋਂ ਸਕੂਨ-ਸਰਵਰ ਭਰ ਉਛਲੇ ਅਤੇ ਮਨ ਦੀ ਸ਼ਾਂਤੀ ਲਈ ਹੀਲਾ ਕਰੇ।
ਕਵਿਤਾ, ਜੋ ਧੁਖਦੇ ਸਮਿਆਂ ਵਿਚ ਸੂਝ-ਧੂਣੀ ਮਘਾਏ, ਧੂੰਏਂ ‘ਚ ਧੂੰਆਂ ਹੋਏ ਚਾਵਾਂ ਨੂੰ ਸਹਿਲਾਏ, ਨਫਰਤ ਦੀ ਅੱਗ ਬੁਝਾਵੇ, ਮਜ਼ਹਬੀ ਜਨੂਨ ਸਾਹਵੇਂ ਹਿੱਕ ਤਣ ਜਾਵੇ ਅਤੇ ਨਿਹੱਥਿਆਂ, ਨਿਤਾਣਿਆਂ, ਨਿਮਾਣਿਆਂ ਅਤੇ ਨਿਥਾਵਿਆਂ ਦੀ ਧਿਰ ਬਣ ਜਾਵੇ।
ਕਵਿਤਾ, ਜੋ ਕਵਿਤਾ ਹੋਣ ਦਾ ਧਰਮ ਨਿਭਾਵੇ, ਆਪਣੀ ਕਰਮ ਜੋਤ ਨਾਲ ਗਿਆਨ-ਹੀਣਾਂ ਨੂੰ ਰੌਸ਼ਨ ਕਰ ਜਾਵੇ, ਆਪੇ ਨੂੰ ਖੋਜਦਿਆਂ ਖੁਦ ਨੂੰ ਜਗਾਵੇ ਅਤੇ ਆਪਣਾ ਚਿਰਾਗ ਖੁਦ ਹੀ ਬਣ ਜਾਵੇ।
ਕਵਿਤਾਵਾਂ ਸਾਡੇ ਆਲੇ-ਦੁਆਲੇ ‘ਚ ਪਸਰੀਆਂ, ਸਾਨੂੰ ਹਲੂਣਦੀਆਂ, ਸੁਣਨ ਅਤੇ ਦੇਖਣ ਲਈ ਉਕਸਾਉਂਦੀਆਂ ਹਰਫਾਂ ਦਾ ਜਾਮਾ ਪਾਉਣਾ ਲੋਚਦੀਆਂ। ਸਿਰਫ ਸੂਖਮ ਮਨ ਵਾਲੇ ਵਿਅਕਤੀ ਹੀ ਇਸ ਦਾ ਮੁਹਾਂਦਰਾ ਪਛਾਣਦੇ ਅਤੇ ਇਨ੍ਹਾਂ ਦੀਆਂ ਰਮਜ਼ਾਂ ਦੀ ਥਾਹ ਪਾਉਂਦੇ।
ਕਵਿਤਾ, ਕੁਦਰਤ ਤੇ ਵਗਦੇ ਪਾਣੀ ਵੀ, ਪਹਾੜ ਤੇ ਜੰਗਲ-ਜੂਹ ਵੀ, ਲਹਿਰਾਉਂਦੀਆਂ ਫਸਲਾਂ, ਖਿੜੀ ਬਹਾਰ ਤੇ ਫੁੱਲਾਂ ‘ਤੇ ਲਟਬੋਰੇ ਹੋਏ ਭੌਰੇ/ਤਿਤਲੀਆਂ ਦੀ ਪਰਵਾਜ਼ ਵੀ, ਪੰਛੀਆਂ ਦਾ ਚਹਿਕਣਾ ਤੇ ਬੋਟਾਂ ਦੀ ਵਿਲਕਣੀ ਵੀ, ਬੱਚੇ ਦੀ ਰਿਹਾੜ ਤੇ ਮਾਂ ਦੀ ਲੋਰੀ ਵੀ, ਬਾਪ ਦੀ ਝਿੜਕ ਤੇ ਕੌੜੀ ਨਸੀਹਤ ਵੀ। ਸਿਰਫ ਸੋਝੀ ਚਾਹੀਦੀ ਏ, ਇਨ੍ਹਾਂ ਦੀਆਂ ਤਰੰਗਾਂ ਅਤੇ ਸਹਿਹੋਂਦ ਨੂੰ ਸਮਝਣ ਦੀ।
ਕਵਿਤਾ, ਬੋਲਦੀ ਤੇ ਹੁੰਗਾਰੇ ਭਰਦੀ ਪੇਂਟਿੰਗ ਜਦ ਕਿ ਪਂੇਟਿੰਗ, ਖਾਮੋਸ਼ ਕਵਿਤਾ ਹੈ, ਜਿਸ ਦੀਆਂ ਪਰਤਾਂ ਦੇਖਣ ਵਾਲੇ ਦੀ ਅੱਖ ਹੀ ਫਰੋਲਦੀ।
ਕਵਿਤਾ ਮਨ ਦੀ ਉਡਾਣ, ਸ਼ਬਦਾਂ ਦੀ ਸਮਰੱਥਾ, ਲੋਕ-ਮੁਹਾਵਰੇ ਦਾ ਗਿਆਨ ਅਤੇ ਅਚੇਤ ਮਨ ਵਿਚ ਸੁੱਤੀ ਕਲਾ ਦਾ ਬਿਰਤਾਂਤੀ ਪੱਖ, ਜੋ ਕਾਵਿ-ਬਿੰਬਾਵਲੀ ‘ਚੋਂ ਪ੍ਰਗਟਦਾ।
ਕਵਿਤਾ, ਜੋ ਕਹਿਣੀ ਅਤੇ ਕਥਨੀ ਦੀ ਪੂਰੀ, ਕਦੇ ਨਾ ਰਹੇ ਅਧੂਰੀ, ਨਾ ਹੀ ਬਣੇ ਕਿਸੇ ਦੀ ਮਜਬੂਰੀ, ਪਰ ਉਦਾਸ ਚਿਹਰੇ ਲਈ ਬਣ ਜਾਵੇ ਰੰਗਤ-ਸੰਧੂਰੀ।
ਕਵਿਤਾ ਵਾਸਤੇ ਹਰਫਾਂ ਲਈ ਮੰਗਤਾ ਬਣ ਕੂਕਦਾ ਹਾਂ,
ਹਰਫ-ਦਰਗਾਹੇ ਜਾ ਕੇ ਮੰਨਤਾਂ ਮੰਗਦਾ ਹਾਂ।
ਖੁਦ ਹੀ ਖੁਦ ਨੂੰ ਸੂਲੀ ਉਤੇ ਟੰਗਦਾ ਹਾਂ।

ਅੱਖਰ ਅੱਖਰ ਹੋ ਕੇ ਸਰਘੀ ਬਣ ਜਾਵਾਂ,
ਬਿਖਮ-ਬੀਹੀ ‘ਚ ਵਾਂਗ ਫਕੀਰਾਂ ਲੰਘਦਾ ਹਾਂ।

ਸ਼ਬਦ-ਅੱਖ ਦਾ ਅੱਥਰੂ ਬਣ ਜੇ ਉਹ ਬੰਦਾ,
ਜਿਸ ਦਾ ਹੌਕਾ ਰੂਹ-ਰੰਗਤਾ ਲਈ ਮੰਗਦਾ ਹਾਂ।

ਅਰਥ-ਦਵਾਖੀਏ ਘਿਓ ਦਾ ਦੀਵਾ ਬਾਲਣ ਲਈ,
ਨੀਲੀ ਲਾਟ ਨਾਲ ਅੰਤਰ-ਜੂਹ ਨੂੰ ਰੰਗਦਾ ਹਾਂ।

ਪੀੜ-ਪਤਿੱਖਣੇ ਬਹਿ ਕੇ ਜਿੰਦ ਨੂੰ ਪੱਥਦਾ ਹਾਂ,
ਵਾਕ-ਤ੍ਰੇਹ ਨੂੰ ਖਾਰਾ ਪਾਣੀ ਅੰਗਦਾ ਹਾਂ।

ਹਰਫ-ਕਿਰਤ ਦਾ ਕਲਮਾ ਪੜ੍ਹਦੇ ਕਬਰ ਮਿਲੇ,
ਕਲਮ-ਕਰਮ ‘ਚ ਜਖਮੀ, ਮੈਦਾਨੇ ਜੰਗ ਦਾ ਹਾਂ।

ਸੂਰਜ-ਸਰਗਮ ਸਫਿਆਂ ਉਤੇ ਮੌਲ ਪਵੇ,
ਤਾਰੇ-ਤਰਲਾ ਮਾਰਨੋਂ ਰਤਾ ਨਾ ਸੰਗਦਾ ਹਾਂ।
ਕਵਿਤਾ, ਜੋ ਕਾਵਿ-ਯਾਤਰਾ ਦਾ ਪੈਗਾਮ ਘਰ ਘਰ ਪਹੁੰਚਾਵੇ, ਕਵੀਆਂ ਨੂੰ ਕਵਿਤਾ-ਕਵਿਤਾ ਹੋਣਾ ਸਿਖਾਵੇ ਅਤੇ ਕਾਵਿ-ਸੁਨੇਹੇ ਨੂੰ ਅੰਤਰੀਵ ਵਿਚ ਵਸਾਵੇ। ਕਾਵਿ ਨੂੰ ਜ਼ਿੰਦਗੀ ਦੀ ਰੂਹ ਵਿਚ ਵਸਾਵੇ ਅਤੇ ਫਿਰ ਜੀਵਨੀ ਅਕਵਿਤਾ ਨੂੰ ਕਵਿਤਾ ਬਣਾਵੇ।
ਕਵਿਤਾ, ਜੋ ਝੁੱਗੀਆਂ ਝੌਪੜੀਆਂ ਦੀ ਵੇਦਨਾ, ਵਿਚਾਰਹੀਣਾਂ ਲਈ ਸੰਵੇਦਨਾ, ਗੈਰ-ਗੰਭੀਰਾਂ ਲਈ ਚੇਤਨਾ, ਅਲਸਾਈਆਂ ਜਿੰਦਾਂ ਲਈ ਪ੍ਰੇਰਨਾ ਅਤੇ ਬੁਝੇ ਦੀਵਿਆਂ ਲਈ ਚਾਨਣ ਬਣੇ। ਠੰਢੇ ਚੁੱਲ੍ਹਿਆਂ ਨੂੰ ਅੱਗ, ਤੌੜੀ ਤੇ ਚੌਂਕਾ ਦੇਵੇ।
ਕਵਿਤਾ, ਜੋ ਕਰਨੀਆਂ ਅਤੇ ਕਥਨੀਆਂ ਦੀ ਪੂਰੀ, ਮੁਖੌਟਿਆਂ ਤੋਂ ਰਹਿਤ ਅਤੇ ਚੋਲੇ ਬਦਲਣ ਤੋਂ ਬਾਗੀ ਹੋਵੇ। ਸੁਰਖ-ਸੁਨੇਹਿਆਂ ਨੂੰ ਹਰ ਘਰ ਪਹੁੰਚਾਉਣ ਅਤੇ ਜੀਵਨ-ਜੁਗਤ ਨੂੰ ਹਰ ਸੋਚ-ਬੀਹੀ ਵਿਚ ਉਪਜਾਉਣ ਲਈ ਸਾਧਨ ਬਣੇ।
ਕਵਿਤਾ, ਜੋ ਮੁਰਝਾਈਆਂ ਫਸਲਾਂ ਦੀ ਬਾਤ ਕਰੇ, ਜੋ ਬਲਦ-ਜੋਗ ਦਾ ਦਰਦ ਹਰੇ, ਜਿਨ੍ਹਾਂ ਦਾ ਮਾਲਕ ਜਦ ਹੱਥੀਂ ਲਾਏ ਰੁੱਖ ‘ਤੇ ਪੱਗ ਨਾਲ ਫਾਹਾ ਲਵੇ। ਉਨ੍ਹਾਂ ਦੀਆਂ ਅੱਖਾਂ ‘ਚ ਤਿਪ ਤਿਪ ਚੋਂਦੇ ਹੰਝੂਆਂ ਦਾ ਦਰਦ, ਹਰਫ-ਬਿਆਨੀ ਦਾ ਮੁਥਾਜ ਨਾ ਰਹੇ। ਬਹੁਤ ਕੁਝ ਅਣਕਿਹਾ ਕਹੇ, ਜਿਸ ਨੂੰ ਸੁਣਨ ਤੋਂ ਆਕੀ ਨੇ ਸਮੇਂ ਦੇ ਹਾਕਮ।
ਕਵਿਤਾ ਤਾਂ ਲਿਖਾਂਗਾ, ਰੱਦੀ ਬਣ ਗਈਆਂ ਝੋਲੇ ‘ਚ ਪਈਆਂ ਡਿਗਰੀਆਂ ਦੀ, ਮਾਂ ਦੇ ਮਰੇ ਸੁਪਨਿਆਂ ਦੀ, ਭੈਣ ਦੇ ਕਲੀਰਿਆਂ ਵਿਚਲੀ ਵੇਦਨਾ ਦੀ, ਬਾਪ ਦੇ ਸਿਰ ‘ਤੇ ਜਟੂਰੀ ਦੇ ਵਾਲਾਂ ਜਿੰਨੇ ਕਰਜ਼ੇ ਦੀ, ਤਿੜਕੇ ਸ਼ਤੀਰਾਂ ਦੀ, ਲੱਥ ਰਹੇ ਲਿਓੜਾਂ ਦੀ, ਦੀਵੇ ਤੋਂ ਸੱਖਣੀ ਦੀਵਾਖੀ ਦੀ, ਆਲ੍ਹੇ ‘ਚ ਪਈ ਸਲਫਾਸ ਦੀ ਸ਼ੀਸ਼ੀ ਦੀ, ਨਸ਼ਿਆਂ ‘ਚ ਨਿਲਾਮ ਹੋ ਗਈ ਗੈਰਤ, ਇੱਜਤ ਅਤੇ ਇਨਸਾਨੀਅਤ ਦੀ, ਵਿੱਕ ਰਹੇ ਖੇਤਾਂ ਦੀ, ਹੋ ਰਹੀਆਂ ਕੁਰਕੀਆਂ ਦੀ ਅਤੇ ਖੇਤੀਂ ਉਗ ਰਹੀਆਂ ਖੁਦਕੁਸ਼ੀਆਂ ਦੀ।
ਕਵਿਤਾ ਲਿਖਣੀ ਹੀ ਪੈਣੀ ਏ, ਬਾਲ ਮਨਾਂ ਵਿਚ ਉਗ ਰਹੇ ਸੁਪਨਿਆਂ ‘ਤੇ ਹੋ ਰਹੀ ਗੜ੍ਹੇਮਾਰ ਦੀ, ਸੁਪਨ-ਤਾਜਪੋਸ਼ੀ ‘ਚ ਆ ਰਹੀਆਂ ਰੁਕਾਵਟਾਂ ਦੀ, ਹਰਫਹੀਣ ਹੋ ਰਹੀ ਸੋਚ ਦੀ, ਬੁੱਧਹੀਣ ਹੋ ਰਹੇ ਵਿਵੇਕ ਦੀ, ਬੇਆਸ ਹੋ ਰਹੇ ਵਿਸ਼ਵਾਸ ਦੀ ਅਤੇ ਤਿੜਕ ਰਹੇ ਧਰਵਾਸ ਦੀ।
ਕਵਿਤਾ ਤਾਂ ਲਿਖਣੀ ਹੈ, ਆਪਣਿਆਂ ਹੱਥੋਂ ਹੋਈ ਜਲਾਲਤ ਦੀ, ਆਲੇ-ਦੁਆਲੇ ‘ਚ ਫੈਲੀ ਗਲਾਜ਼ਤ ਦੀ, ਉਛਾਲੀ ਜਾ ਰਹੀ ਮਲੀਨਤਾ ਦੀ ਅਤੇ ਮਨ ‘ਚ ਪੈਦਾ ਹੋ ਰਹੀ ਹੀਣਤਾ ਦੀ।
ਕਵਿਤਾ ਲਿਖਣਾ ਚਾਹੁੰਨਾਂ, ਚੱਲੀਆਂ ਅਦਿੱਖ ਕੁਚਾਲਾਂ ਦੀ, ਬੇਹਾਲ ਹੋ ਗਏ ਹਾਲਾਂ ਦੀ, ਲੁੱਟ ਕੇ ਲੈ ਗਏ ਭਿਆਲਾਂ ਦੀ, ਨਿਰਮੋਹੇ ਹੋ ਗਏ ਸਾਥ-ਸਿਆਲਾਂ ਦੀ, ਕਰਮ-ਹੀਣ ਹੋ ਗਏ ਖਿਆਲਾਂ ਦੀ ਅਤੇ ਤੰਗੀਆਂ-ਤੁਰਸ਼ੀਆਂ ‘ਚ ਬਾਲਗ ਬਣ ਗਏ ਬਾਲਾਂ ਦੀ।
ਕਵਿਤਾ ਲਿਖਾਂਗਾ, ਪੈਰਾਂ ‘ਚ ਰੁਲਦੀ ਪੱਗ ਦੀ, ਮਨਾਂ ‘ਚ ਲਾਈ ਅੱਗ ਦੀ, ਸਾਹਾਂ ‘ਚ ਸੁਲਘਦੀ ਸੋਚ ਦੀ, ਬੇਹੋਸ਼ ਹੋਏ ਹੋਸ਼ ਦੀ, ਬੇਸੁੱਧ ਹੋਈ ਬੇਬਾਕੀ ਦੀ, ਹਰ ਮੋੜ ‘ਤੇ ਉਕਰੀ ਚਲਾਕੀ ਦੀ, ਇਖਲਾਕ ਤੋਂ ਗਿਰੀ ਇਖਲਾਕੀ ਦੀ, ਟੁੱਟ ਚੁਕੀ ਵੈਸਾਖੀ ਦੀ ਅਤੇ ਲੁਟੇਰਿਆਂ ਦੀ ਕੀਤੀ ਜਾ ਰਹੀ ਰਾਖੀ ਦੀ।
ਕਵਿਤਾਂ ਤਾਂ ਲਿਖਾਂਗਾ, ਹੱਕ ਤੇ ਸੱਚ ਦੀ, ਜੋਰ ਤੇ ਜਬਰ ਦੀ, ਮਨੁੱਖੀ ਹਿੰਮਤ ਤੇ ਦਲੇਰੀ ਦੀ, ਬੇਹਿੰਮਤਿਆਂ ਦੀ ਢਾਹੀ ਢੇਰੀ ਦੀ, ਵਾਟ ਲੰਮੇਰੀ ਦੀ, ਹੋ ਰਹੀ ਦੇਰੀ ਦੀ, ਮਸਤਕ ‘ਚ ਸੋਚ ਹਨੇਰੀ ਦੀ ਅਤੇ ਆਪਣਾ ਬਣ ਕੇ ਕੀਤੀ ਹੇਰਾਫੇਰੀ ਦੀ।
ਕਵਿਤਾ ਲਿਖਣੀ ਹੈ ਕਲਮ ਕਰਾਮਾਤ ਦੀ, ਕਲਮਾਂ ਬੀਜਣ ਦੀ ਵੱਤਰ ਤੇ ਵਿਉਂਤ ਦੀ, ਕਲਮਾਂ ‘ਚੋਂ ਉਗਮਣ ਵਾਲੀ ਸੋਚ ਦੀ, ਕਲਮ ਰਾਹੀਂ ਪੈਦਾ ਹੋਏ ਹੋਸ਼ ਤੇ ਜੋਸ਼ ਦੀ, ਕਲਮ-ਕੀਰਤੀ ਦੀ ਕਰਤਾਰੀ ਆਭਾ ਦੀ, ਫੱਟੀ ‘ਤੇ ਪਾਏ ਪੂਰਨਿਆਂ ਦੀ ਪੁੱਗ ਚੁਕੀ ਅਉਧ ਦੀ, ਦਵਾਤ ਵਿਚ ਪਈ ਸਿਆਹੀ ਅਤੇ ਇਸ ‘ਚੋਂ ਉਘੜਵੀਂ ਲਿਖਾਈ ਦੀ।
ਕਵਿਤਾ ਲਿਖਣੀ ਹੈ ਵਕਤ ਤੇ ਵਿਹਾਰ ਦੀ, ਵਸਤ ਤੇ ਵਿਚਾਰ ਦੀ, ਵਹਿਮ ਤੇ ਉਪਚਾਰ ਦੀ, ਵਹਿੰਗੀ ਤੇ ਕਿਰਦਾਰ ਦੀ, ਵਿਭਚਾਰ ਤੇ ਅਚਾਰ ਦੀ, ਵੈਣ ਦੀ ਤੇ ਆਏ ਲੰਗਾਰ ਦੀ, ਵਸੀਅਤ ਤੇ ਸੋਚ-ਸੰਸਾਰ ਦੀ, ਵਡੱਪਣ ਤੇ ਨਿੱਕੜੇ ਅਕਾਰ ਦੀ ਅਤੇ ਵਰਮੀ ਤੇ ਸੱਪ-ਮਾਰ ਦੀ।
ਕਵਿਤਾ ਲਿਖਣੀ ਚਾਹਾਂਗਾ, ਚੰਗਿਆਈ ਤੇ ਨੀਚਤਾ ਦੀ, ਭਲਾਈ ਤੇ ਬੁਰਾਈ ਦੀ, ਬੰਦਿਆਈ ਤੇ ਬਦਇਖਲਾਕੀ ਦੀ, ਬੰਦਗੀ ਤੇ ਗੰਦਗੀ ਦੀ, ਬਖਸ਼ਿਸ਼ ਤੇ ਬੇਰੁਹਮਤੀ ਦੀ, ਭਾਣੇ ਤੇ ਹੋਣੀ ਦੀ, ਹਾਦਸੇ ਤੇ ਹਾਸਲ ਦੀ, ਸਿਸਕੀਆਂ ਤੇ ਸ਼ਿਕਵਿਆਂ ਦੀ ਅਤੇ ਰੋਸਿਆਂ ਤੇ ਮਨੌਤਾਂ ਦੀ।
ਕਵਿਤਾ ਤਾਂ ਜਰੂਰ ਲਿਖਾਂਗਾ, ਪੈਰਾਂ ‘ਚ ਉਗੀਆਂ ਸੂਲਾਂ ਦੀ, ਪੱਥਰਾਂ ਦੀਆਂ ਵੱਜੀਆਂ ਠੋਕਰਾਂ ਦੀ, ਵਾੜਾਂ ਨੇ ਪਾਈਆਂ ਝਰੀਟਾਂ ਦੀ, ਫੁੱਲਪੱਤੀ ‘ਚ ਉਪਜੇ ਸੋਗ ਦੀ, ਮਹਿਕਾਂ ਨੂੰ ਲੱਗੇ ਅਸਾਧ ਰੋਗ ਦੀ, ਜੋਗੀਆਂ ‘ਚੋਂ ਵਿਸਰੇ ਜੋਗ ਦੀ, ਹੀਣੀ ਸੋਚ ਦੀ, ਬੌਣੀ ਹੋਸ਼ ਦੀ ਅਤੇ ਪਿੰਡੇ ‘ਤੇ ਆਈ ਖਰੋਸ਼ ਦੀ।
ਕਵਿਤਾ ਤਾਂ ਅਹੁੜਦੀ ਏ ਫਿਰਨੀ ‘ਤੇ ਉਗੀਆਂ ਰੋਕਾਂ ਦੀ, ਬੇਗਾਨੇ ਹੋ ਗਏ ਆਪਣੇ ਲੋਕਾਂ ਦੀ, ਬੇਅਰਥੇ ਹੋ ਗਏ ਸ਼ਲੋਕਾਂ ਦੀ, ਬਜੁਰਗਾਂ ਦੀਆਂ ਵਿਸਾਰੀਆਂ ਟੋਕਾਂ ਦੀ ਅਤੇ ਸੋਚ-ਸਮਾਜ ਨੂੰ ਚਿੰਬੜੀਆਂ ਜੋਕਾਂ ਦੀ।
ਕਵਿਤਾ ਲਿਖੀ ਤਾਂ ਲਿਖਾਂਗਾ, ਆਪਣਿਆਂ ਨੂੰ ਮਿਲਣ ਲਈ ਤਰਸੀ ਆਸ ਦੀ, ਉਨ੍ਹਾਂ ‘ਚੋਂ ਗੁੰਮ ਹੁਲਾਸ ਦੀ, ਖਿਆਲੋਂ ਖੁੱਥੇ ਕਿਆਸ ਦੀ, ਪਿੰਡ ਵਿਚਲੇ ਉਜੜੇ ਖਰਾਸ ਦੀ, ਖਾਲੀ ਘਰਾਂ ਵਿਚਲੇ ਪਰਵਾਸ ਦੀ ਅਤੇ ਬੇਵਾ ਹੋ ਚੁਕੀ ਨਾ ਪਰਤਣ ਦੀ ਆਸ ਦੀ।
ਕਵਿਤਾ ਲਿਖਾਂਗਾ ਘਰਾਂ ਦੀ ਉਦਾਸੀ ਦੀ, ਕਮਰਿਆਂ ਵਿਚੋਂ ਗੁੰਮਸ਼ੁਦਾ ਹਾਸੀ ਦੀ, ਭੈਅ ‘ਚ ਕੀਤੀ ਜਾ ਰਹੀ ਉਦਾਸੀ ਦੀ, ਖਿਡੌਣਿਆਂ ਦੀ ਲਾਚਾਰੀ ਦੀ ਅਤੇ ਬਚਪਨੇ ‘ਤੇ ਚਿੱਪਕੀ ਬੇਚਾਰਗੀ ਦੀ।
ਕਵਿਤਾ ਲਿਖਣੀ ਏ ਮਾਂ ਦੀ ਡੱਬੀਦਾਰ ਖੇਸੀ ਦੀ, ਬਰਕਤ ਬਣੇ ਬਾਪੂ ਦੇਸੀ ਦੀ, ਪੀੜਾ ਪੁੱਤ ਪਰਦੇਸੀ ਦੀ, ਉਮਰਾ ਦਰਦ-ਵਰੇਸੀ ਦੀ ਅਤੇ ਹਉਕਿਆਂ-ਹਾਰ ਦਰਵੇਸ਼ੀ ਦੀ।
ਕਵਿਤਾ ਲਿਖਣ ਲਈ ਮਨ ਹੈ, ਚਾਅ ਦੀ ਉਲਝੀ ਤਾਣੀ ਦੀ, ਰੁੱਤ ਉਤਰੀ ਖਸਮਾਂ ਖਾਣੀ ਦੀ, ਗੁਆਚੀ ਚੀਜ਼ ਪੁਰਾਣੀ ਦੀ, ਡਾਰੋਂ ਵਿਛੜੇ ਹਾਣੀ ਦੀ, ਜਿੰਦ ਹੰਝੂਆਂ ਹਾਰ ਨਿਤਾਣੀ ਦੀ ਅਤੇ ਹੰਝੂ ‘ਚ ਹੰਝੂ ਹੋ ਜਾਣੀ ਦੀ।
ਕਵਿਤਾ ਉਤਰਦੀ ਏ, ਮਨੀਂ ਲਰਜ਼ੇ ਸੁਖਨ-ਸਕੂਨ ਲਈ, ਕੁਝ ਕਰਨ ਲਈ ਜ਼ੁਰਅਤ ਜਨੂੰਨ ਲਈ, ਰੂੜੀ ‘ਤੇ ਪਏ ਭਰੂਣ ਲਈ, ਜੱਟਾਂ ਦੀ ਵਿਗੜੀ ਜੂਨ ਲਈ ਅਤੇ ਚਿੱਟੇ ਹੋ ਗਏ ਖੂਨ ਲਈ। ਕਵਿਤਾ ਹੋਕਰਾ ਬਣਨਾ ਚਾਹੁੰਦੀ ਏ, ਹੱਕਾਂ ‘ਤੇ ਪੈਂਦੇ ਡਾਕਿਆਂ ਦੀ, ਉਚੱਕੇ ਬਣ ਗਏ ਰਾਖਿਆਂ ਦੀ, ਧਰਮ ਦੇ ਨਾਂ ‘ਤੇ ਵੰਡੇ ਇਲਾਕਿਆਂ ਦੀ, ਰੱਤ ਲਿਬੜੀ ਕੰਧ ‘ਤੇ ਖਾਕਿਆਂ ਦੀ ਅਤੇ ਬੇਲੋੜੇ ਪੈਂਦੇ ਸਿਆਪਿਆਂ ਦੀ।
ਕਵਿਤਾ ਲਿਖਾਂਗਾ ਕਵਿਤਾ ਦੀ ਸਲਾਮਤੀ ਲਈ, ਇਸ ਦੀ ਆਭਾ ਦੇ ਨਿਖਾਰ ਲਈ, ਅਰਥ-ਅਰਾਧਨਾ ਦੀ ਅਰਦਾਸ ਲਈ, ਆਸ-ਅਰਜੋਈ ਲਈ, ਸੁਹਜ-ਸੰਵੇਦਨਾ ਲਈ, ਹਰਫ-ਮੌਲਤਾ ਤੇ ਸਦਾ-ਬਹਾਰੀ ਲਈ, ਨਿਰੰਤਰਤਾ ਤੇ ਚਿਰੰਜੀਵਤਾ ਲਈ, ਸਾਦਗੀ ਤੇ ਸਮਰਪਣ ਲਈ, ਸਹਿਜ ਤੇ ਸੰਤੋਖ ਲਈ ਅਤੇ ਅੱਖਰ-ਸਾਧਨਾ ਤੇ ਸੇਧ ਲਈ।
ਕਵਿਤਾ ਤਾਂ ਲਿਖਾਂਗਾ ਬਚਪਨਾ ਹੰਢਾਉਣ ਦੀ ਤਮੰਨਾ ਦੇ ਪ੍ਰਗਟਾਅ ਦੀ, ਬਚਪਨੀ ਸ਼ਰਾਰਤਾਂ ‘ਚ ਬਚਪਨਾ ਨਿਹਾਰਨ ਦੀ, ਬਾਪ ਨਾਲ ਬੀਤੇ ਨੂੰ ਮੋੜ ਲਿਆਉਣ ਦੀ, ਕਵਿਤਾ ਨੂੰ ਰਿਝਾਉਣ ਅਤੇ ਇਸ ਦੀ ਉਚਮਤਾ ਤੇ ਸੁੱਚਮ ਨੂੰ ਸਦਾ-ਬਹਾਰ ਬਣਾਉਣ ਦੀ।
ਕਵਿਤਾ, ਜੋ ਕਹਿਣਾ ਚਾਹੁੰਦੀ ਏ, ਇਸ ਨੂੰ ਰੋਕਾਂਗਾ ਨਹੀਂ, ਇਸ ਦੀ ਬੁਲੰਦੀ ਤੇ ਬੇਬਾਕੀ ਨੂੰ ਸਲਾਮ ਕਰਾਂਗਾ। ਇਸ ਵਿਚੋਂ ਖੁਦ ਨੂੰ ਪੜ੍ਹਾਂਗਾ ਅਤੇ ਕੁਝ ਚੰਗੇਰਾ ਸਮਿਆਂ ਦੇ ਵਰਕੇ ਦੇ ਨਾਂ ਕਰਾਂਗਾ।
ਕਵਿਤਾ ਜਿਉਂਦੀ, ਜਾਗਦੀ, ਹੱਸਦੀ, ਹਸਾਉਂਦੀ, ਰੁਆਉਂਦੀ, ਪਤਿਆਉਂਦੀ, ਨਾਰਾਜ਼ਗੀ ਉਪਜਾਉਂਦੀ, ਸਲਾਹਾਂ ਦਿੰਦੀ, ਸਲਾਮਤੀ ਦਾ ਸਬੱਬ, ਮਾਣਮੱਤੀਆਂ ਮੱਤਾਂ, ਸੁਲੱਗ ਸੁਨੇਹੇ, ਅਦਬੀ ਹੁਲਾਰੇ, ਅੰਬਰੀ ਨਜ਼ਾਰੇ ਅਤੇ ਅਜ਼ੀਮ ਝਲਕਾਰੇ।
ਕਵਿਤਾ ਨੂੰ ਜਦ ਪੁੰਗਰਨ, ਵਿਗਸਣ ਅਤੇ ਪ੍ਰਫੁਲਤਾ ਵੰਨੀਂ ਤੋਰੀਦਾ ਤਾਂ ਕਵਿਤਾ ਨੂੰ ਮਿਲਦਾ ਮਾਣ, ਇਸ ਦੀ ਉਤਪਤੀ ਵਿਚ ਸਮਿਆਂ ਦਾ ਸੱਚ ਅਤੇ ਇਸ ਦੀ ਰਵਾਨਗੀ, ਰਿਦਮ ਅਤੇ ਰਸੀਲੇਪਣ ਵਿਚ ਰਚਿਆ ਹੋਇਆ ਏ ਮਨੁੱਖ ਦਾ ਵਿਕਾਸ।
ਕਵਿਤਾ ਲਿਖਾਂਗਾ ਕਰੁਣਾ ਤੇ ਕਰੋਧ ਦੀ, ਕਰੋਪੀ ਤੇ ਕਹਿਰ ਦੀ, ਕੁਦਰਤ ਤੇ ਕਾਇਨਾਤ ਦੀ, ਕਮੀਨਗੀ ਤੇ ਕੁਰੀਤੀਆਂ ਦੀ, ਕਾਲਖ ਤੇ ਕਾਲ ਕੋਠੜੀਆਂ ਦੀ, ਕਿਤਾਬਾਂ ਤੇ ਕਿਤਾਬੀ ਮੋਹ-ਭੰਗ ਦੀ, ਕੀਰਨਿਆਂ ਤੇ ਕੁਬੋਲਾਂ ਦੀ, ਕੂੜ ਤੇ ਕੁਕਰਮਾਂ ਦੀ, ਕਿਆਮਤ ਤੇ ਕਠੋਰਤਾ ਦੀ, ਕੁਰਹਿਤ ਤੇ ਕਰਮ-ਹੀਣਤਾ ਦੀ ਅਤੇ ਕਲਯੁਗ ਤੇ ਕਰਮਵੇਤਾ ਦੀ।
ਕਵਿਤਾ ਲਿਖਾਂਗਾ, ਫੁੱਲਾਂ ਤੇ ਫੁਲਵਾੜੀਆਂ ਦੀ, ਬਹਾਰਾਂ ਤੇ ਬਾਗ-ਬਗੀਚਿਆਂ ਦੀ, ਮਹਿਕਾਂ ਤੇ ਲਬਰੇਜ਼ਤਾ ਦੀ, ਤਿਤਲੀਆਂ ਤੇ ਭੌਰਿਆਂ ਦੀ, ਬਿਰਖ-ਗਲਵੱਕੜੀ ਤੇ ਫੁੱਲ-ਗੁਫਤਗੂ ਦੀ ਅਤੇ ਫਿਜ਼ਾ ਤੇ ਫਿਜ਼ਾਈ ਰੰਗਰੇਜ਼ਤਾ ਦੀ।
ਕਵਿਤਾ ਲਿਖਾਂਗਾ ਸੂਹੇ ਬਿੰਬਾਂ ਤੇ ਸੰਦਲੀ ਬੋਲਾਂ ਦੀ, ਚੁੱਪ ਵਿਚੋਂ ਨਿਹਾਰਨ ਦੀ, ਸੁੰਦਰ ਮੁਖੜਿਆਂ ਨੂੰ ਪੜ੍ਹਨ ਦੀ, ਸੀਰਤ ਤੇ ਸੂਰਤ ਵਿਚਲੇ ਸੁਮੇਲ ਦੀ ਅਤੇ ਚਾਵਾਂ ਭਿੱਜੇ ਜੀਵਨੀ-ਖੇਲ ਦੀ।
ਕਵਿਤਾ ਲਿਖਾਂਗਾ, ਖੁਦ ਤੋਂ ਖੁਦ ਤੀਕ ਦੇ ਸਫਰ ਦੀ, ਖੁਦੀ ਵਿਚੋਂ ਮਿਟਾ ਦਿਤੇ ਗਏ ਅੱਖੜ-ਅੱਖਰ ਦੀ, ਮਰ ਜਾਣੇ ਮਿੱਤਰਾਂ ਦੀ, ਜੋ ਪੈ ਗਏ ਨੇ ਜੂਨੇ ਪੱਥਰ ਦੀ ਅਤੇ ਸੱਜਣ, ਜਿਨ੍ਹਾਂ ਨੂੰ ਮੇਰੀ ਹਾਕ ਨਹੀਂ ਟੱਕਰਦੀ, ਪਰ ਹੋਂਦ ਕਿਉਂ ਹੈ ਅੱਖਰਦੀ!
ਕਵਿਤਾ ਤਾਂ ਲਿਖਾਂਗਾ ਹੀ ਰੋਂਦੀਆਂ ਹਵਾਵਾਂ ਦੀ, ਸਿਸਕਦੀਆਂ ਫਿਜ਼ਾਵਾਂ ਦੀ, ਸੁੱਕਦੇ ਦਰਿਆਵਾਂ ਦੀ, ਸਾਹ-ਸੱਤਹੀਣ ਹੋਈਆਂ ਧਰਤ-ਦੁਆਵਾਂ ਦੀ, ਤਿੱਤਰਖੰਭੀ ਬਣੀਆਂ ਸੰਘਣੀਆਂ ਛਾਂਵਾਂ ਦੀ, ਬਿਰਖੀ ਹਾਵਿਆਂ ਦੀ, ਫੋਕੇ ਦਾਅਵਿਆਂ ਦੀ, ਪਾਣੀ ‘ਚ ਉਗਦੇ ਹਉਕਿਆਂ ਦੀ ਅਤੇ ਪੈ ਰਹੇ ਸੋਕਿਆਂ ਦੀ।
ਕਵਿਤਾਂ ਲਿਖਾਂਗਾ ਆਪਣੇ ਹੱਥੀਂ ਮੌਤ ਦਾ ਸਮਾਨ ਬੰਨ ਰਹੇ ਮਨੁੱਖ ਦੀ, ਆਲ੍ਹਣੇ ਵਿਹੂਣੇ ਰੁੱਖ ਦੀ, ਬਾਂਝ ਹੋਈ ਕੁੱਖ ਦੀ ਅਤੇ ਅਮਾਨਵੀ ਭੁੱਖ ਦੀ, ਜਾਨ ਦਾ ਖੌਅ ਬਣ ਗਏ ਸੁੱਖ ਦੀ ਅਤੇ ਹਰਫਾਂ ਵਿਚ ਸਹਿਮੀ ਚੁੱਪ ਦੀ।
ਕਵਿਤਾ ਲਿਖਾਂਗਾ ਵੱਡੇ ਵੱਡੇ ਘਰਾਂ ਵਿਚ ਰਹਿੰਦੇ ਬੌਣੇ ਲੋਕਾਂ ਦੀ, ਵੱਡੀਆਂ ਕਾਰਾਂ ਵਿਚ ਤੁਰੀ ਫਿਰਦੀ ਜੰਗਾਲੀ ਜ਼ਹਿਨੀਅਤ ਦੀ, ਕੁਰਸੀਆਂ ‘ਤੇ ਬੈਠੇ ਹੀਣੇ ਚੌਧਰੀਆਂ ਦੀ ਅਤੇ ਤਖਤਾਂ ਦੇ ਵਸੀਅਤੀ ਵਾਰਸਾਂ ਦੀ।
ਕਵਿਤਾਂ ਲਿਖਾਂਗਾ ਅਣਹੋਣੀ ਨੂੰ ਹੋਣੀ ਵਿਚ ਬਦਲਣ ਵਾਲੇ ਇਤਿਹਾਸ ਦੀ, ਪੈਰਾਂ ਵਿਚ ਸਫਰ ਉਗਾਉਣ ਅਤੇ ਮੰਜ਼ਿਲਾਂ ਪਾਉਣ ਵਾਲੇ ਸ਼ਖਸਾਂ ਦੀ ਅਤੇ ਸਮਿਆਂ ‘ਤੇ ਉਕਰੇ ਨਕਸ਼ਾਂ ਦੀ।
ਕਵਿਤਾ ਲਿਖਾਂਗਾ ਉਸ ਕਵਿਤਾ ਬਾਰੇ, ਜੋ ਵਰਕੇ ‘ਤੇ ਉਤਰਨ ਤੋਂ ਨਾਬਰ ਹੋ, ਗੁੰਗੀ ਹੋ ਗਈ। ਜਿਸ ਦੇ ਹਰਫਾਂ ਵਿਚ ਡਰ ਦਾ ਡੇਰਾ ਅਤੇ ਅਰਥਾਂ ਵਿਚ ਸਹਿਮ ਦਾ ਸੰਤਾਪ। ਜਿਸ ਦੀ ਹੋਂਦ ਹੈ, ਸਮਾਜਕ ਕੁਰਹਿਤਾਂ ਲਈ ਖਤਰਾ। ਉਹ ਅਬੋਲ, ਮੂਕ, ਮੰਤਰੀ ਅਤੇ ਮਰਜਾਣੀ ਕਵਿਤਾ ਦਿਲ ਦੇ ਬਹੁਤ ਹੈ ਕਰੀਬ ਅਤੇ ਮਾਰਗ-ਦਰਸ਼ਨਾ ਲਈ ਹੈ ਅਦੀਬ।
ਕਵਿਤਾ ਤਾਂ ਉਨ੍ਹਾਂ ਦੋਸਤਾਂ ਬਾਰੇ ਲਿਖਾਗਾਂ, ਜੋ ਮਿਲਣੋਂ ਵੀ ਗਏ। ਮਰਨ ਤੋਂ ਬਾਅਦ ਆ ਕੇ ਕਿਹੜੀਆਂ ਗੱਲਾਂ ਕਰਨਗੇ, ਕਿਥੋਂ ਭਾਲਣਗੇ ਹੁੰਗਾਰਾ ਅਤੇ ਕਿਹੜੀਆਂ ਯਾਦਾਂ ਨੂੰ ਸੱਥਰ ‘ਤੇ ਬਹਿ ਕੇ ਸਾਂਝਾ ਕਰਨਗੇ? ਕਿੰਨਾ ਸਹੀ ਹੈ, ਮਹਾਨ ਸ਼ਾਇਰ ਗੁਲਜ਼ਾਰ ਦਾ ਕਹਿਣਾ, “ਜੀਅ ਕਰਦੈ ਕਿ ਦੋਸਤਾਂ ‘ਤੇ ਮੁਕੱਦਮਾ ਹੀ ਕਰ ਦਿਆਂ, ਇਸ ਬਹਾਨੇ ਉਹ ਕਚਹਿਰੀ ਵਿਚ ਤਾਰੀਕ ‘ਤੇ ਤਾਂ ਮਿਲ ਹੀ ਪਿਆ ਕਰਨਗੇ।” ਮਿਲਣ ਦੀ ਜੁਸਤਜੂ ਪਾਲਣ ਵਾਲੀ ਕਵਿਤਾ ਜਰੂਰ ਲਿਖਾਂਗਾ, ਆਪਣੇ ਮਿੱਤਰਾਂ ਲਈ, ਜਿਨ੍ਹਾਂ ਕਾਰਨ ਲਏ ਹੋਏ ਸਾਹ ਮੇਰੀ ਜ਼ਿੰਦਗੀ ਬਣ ਗਏ।
ਅਜਿਹੀ ਕਵਿਤਾ ਜਰੂਰ ਲਿਖਾਂਗਾ…।