ਬਲਾਤਕਾਰੀਆਂ ਨੂੰ ਸ਼ਰੇਆਮ ਫਾਂਸੀ ਲਾਈ ਜਾਵੇ

ਗੁਲਜ਼ਾਰ ਸਿੰਘ ਸੰਧੂ
ਭਾਰਤ ਦੇ ਵੱਖ ਵੱਖ ਰਾਜਾਂ ਤੋਂ ਜਿਸ ਪ੍ਰਕਾਰ ਬਲਾਤਕਾਰ ਦੀਆਂ ਖਬਰਾਂ ਆ ਰਹੀਆਂ ਹਨ, ਉਹ ਭਾਰਤੀ ਮਾਨਸਿਕਤਾ ਵਿਚ ਵਧ ਰਹੀ ਦਰਿੰਦਗੀ ਦੀਆਂ ਸੂਚਕ ਹਨ। ਨਾਬਾਲਗ ਬਾਲਿਕਾਵਾਂ ਹੀ ਨਹੀਂ ਨਨ੍ਹੀਆਂ ਜਿੰਦਾਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਮਾਨਸਿਕ ਰੋਗਾਂ ਦੇ ਡਾਕਟਰ ਦੱਸ ਸਕਦੇ ਹਨ ਕਿ ਇਸ ਤਰ੍ਹਾਂ ਦੇ ਦੋਸ਼ ਦੀਆਂ ਸ਼ਿਕਾਰ ਹੋਈਆਂ ਬਾਲੜੀਆਂ ਮਰਨ ਤੋਂ ਬੱਚ ਵੀ ਜਾਣ ਤਾਂ ਕਿਹੋ ਜਿਹੀ ਅਭਾਗੀ ਜ਼ਿੰਦਗੀ ਜਿਓਂਦੀਆਂ ਹਨ। ਦੋਸ਼ੀ ਸਮੂਹਕ ਗੁੰਡੇ ਵੀ ਹਨ ਤੇ ਨਿਕਟੀ ਸਾਕ ਸਬੰਧੀ ਵੀ। ਆਪਣੀਆਂ ਧੀਆਂ, ਭੈਣਾਂ ਤੇ ਬਾਲੜੀਆਂ ਵਿਚ ਪਲੇ ਇਹ ਕੁੱਤੇ ਜੇ ਕੁੱਤੇ ਦੀ ਮੌਤ ਵੀ ਮਾਰੇ ਜਾਣ ਤਾਂ ਵੀ ਕਾਫ਼ੀ ਨਹੀਂ। ਨਿਸਚੇ ਹੀ ਇਨ੍ਹਾਂ ਦੀ ਹੋਂਦ ਤੇ ਮਾਨਸਿਕਤਾ ਦੇ ਜ਼ਿੰਮੇਵਾਰ ਨਿਰੇ ਪਾਲਣ-ਪੋਸ਼ਣ ਵਾਲੇ ਮਾਪੇ ਹੀ ਨਹੀਂ ਸਮਾਜਕ ਵਰਤਾਰਾ ਵੀ ਹੈ। ਇਸ ਮਾਨਸਿਕਤਾ ਨੂੰ ਸੁਧਾਰਨ ਲਈ ਬਚਪਨ ਦੀ ਸਿੱਖਿਆ, ਉਸਾਰੂ ਪਾਲਣ-ਪੋਸ਼ਣ ਤੇ ਚੰਗੇਰਾ ਵਾਤਾਵਰਣ ਪੈਦਾ ਕਰਨ ਦੀ ਲੋੜ ਹੈ। ਸਮਾਜਕ ਸ਼ਿਕੰਜੇ ਸਮੇਤ। ਪਰ ਇਸ ਲਈ ਲੰਮਾ ਸਮਾਂ ਚਾਹੀਦਾ ਹੈ।
ਇਸ ਦਾ ਫੌਰੀ ਹੱਲ ਨਵੇਂ ਕਾਨੂੰਨ ਬਣਾਏ ਜਾਣ ਦੀ ਉਡੀਕ ਕੀਤੇ ਬਿਨਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣਾ ਹੈ। ਫਾਂਸੀ ਦੇ ਫੱਟੇ ਉਤੇ ਲਟਕਾ ਕੇ ਮੁਕਤ ਕਰਨਾ ਕਾਫੀ ਨਹੀਂ ਪੱਥਰਾਂ ਤੇ ਛੁਰੀਆਂ ਨਾਲ ਤੜਪਦਾ ਵੀ ਦਿਖਾਈਏ। ਵਹਿਸ਼ੀ ਕਾਰਿਆਂ ਦੀ ਸਜ਼ਾ ਨੂੰ ਵਹਿਸ਼ੀ ਢੰਗ ਨਾਲ ਨੇਪਰੇ ਚਾੜ੍ਹ ਕੇ ਹੀ ਇਨ੍ਹਾਂ ਦਰਿੰਦਿਆਂ ਦੀਆਂ ਅੱਖਾਂ ਖੋਲ੍ਹੀਆਂ ਜਾ ਸਕਦੀਆਂ ਹਨ। ਘੋਰ ਅਪਰਾਧ ਕਰਨ ਵਾਲਿਆਂ ਦੇ ਅੰਗ ਕੱਟ ਕੇ ਤੁਰਦੇ-ਫਿਰਦੇ ਛਡਣਾ ਵੀ ਸਮਾਜ ਲਈ ਖਤਰਨਾਕ ਹੈ। ਇਤਿਹਾਸ ਵਿਚ ਬਿਜਲੀ ਦੇ ਕਰੰਟ ਦੇ ਕੇ ਤੜਫਾਏ ਜਾਣ ਦੇ ਪ੍ਰਮਾਣ ਮਿਲਦੇ ਹਨ। ਵੇਖਣ ਵਾਲਿਆਂ ਉਤੇ ਅਸਰ ਹੁੰਦਾ ਹੈ। ਸਜ਼ਾ ਦਾ ਪ੍ਰਦਰਸ਼ਨ ਕਰਨ ਲਈ ਬਿਜਲਈ ਮੀਡੀਆ ਦੀ ਮਦਦ ਲਈ ਜਾ ਸਕਦੀ ਹੈ। ਜੇ ਅਪੰਗ ਕਰਕੇ ਭੀਖ ਮੰਗਦੇ ਦਿਖਾਈਏ ਤਾਂ ਸਬਕ ਮਿਲ ਸਕਦਾ ਹੈ। ਇਸ ਦਾ ਸਮਾਜ ਉਤੇ ਹੀ ਨਹੀਂ ਪਾਲਣ-ਪੋਸ਼ਣ ਕਰਨ ਵਾਲੇ ਮਾਪਿਆਂ ਉਤੇ ਵੀ ਲੋੜੀਂਦਾ ਅਸਰ ਪੈ ਸਕਦਾ ਹੈ।
ਵੱਡੀ ਗੱਲ ਇਹ ਕਿ ਤੁਰੰਤ ਅਮਲ ਕਰਨ ਦੀ ਲੋੜ ਹੈ। ਚਿਕਿਤਸਾ ਤੇ ਕਾਨੂੰਨ ਦੇ ਮਾਹਿਰਾਂ ਦੀ ਕੋਈ ਝਟ ਫੈਸਲੇ ਦੇਣ ਵਾਲੀ ਕੇਂਦਰੀ ਅਦਾਲਤ ਸਥਾਪਤ ਕਰਕੇ ਉਸ ਨੂੰ ਸਮਾਂ ਬਧ ਫੈਸਲਿਆਂ ਤੇ ਸਜ਼ਾਵਾਂ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ। ਹੋ ਸਕੇ ਤਾਂ ਛੇਤੀ ਛੇਤੀ ਤਰੀਕਾਂ ਪਾ ਕੇ ਤੁਰੰਤ ਨਿਪਟਾਰਾ ਕੀਤਾ ਜਾਵੇ। ਦਿੱਲੀ ਵਾਲੀ ਦਿਲ ਕੰਬਾਊ ਵਰਦਾਤ ਨੂੰ ਚਾਰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਤੱਕ ਮੁੱਖ ਦੋਸ਼ੀ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਕੁੱਝ ਨਾ ਕੁੱਝ ਅਸਰ ਹੋ ਜਾਣਾ ਸੀ। ਅਜਿਹੇ ਕੇਸ ਨੂੰ ਲਟਕਾਏ ਜਾਣਾ ਵੀ ਮਾੜਾ ਹੈ। ਆਮ ਆਦਮੀ ਦੀ ਦਿਲਚਸਪੀ ਕਾਨੂੰਨਾਂ ਦੀ ਸੋਧ-ਸੁਧਾਈ ਵਿਚ ਨਹੀਂ ਹੁੰਦੀ। ਉਹ ਤਾਂ ਨਤੀਜਾ ਵੇਖਣ ਦਾ ਚਾਹਵਾਨ ਹੁੰਦਾ ਹੈ। ਦਰਿੰਦਗੀ ਵਾਲੇ ਕੇਸਾਂ ਨੂੰ ਆਰਥਕ ਘੁਟਾਲੇ ਕਰਨ ਵਾਲਿਆਂ ਜਿੰਨੀ ਦੇਰ ਲਟਕਾਉਣ ਦਾ ਕੀ ਅਰਥ ਹੈ? ਪੰਜ ਛੇ ਸਾਲ ਦੀਆਂ ਬਾਲੜੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਤਾਂ ਤੁਰੰਤ ਫਾਂਸੀ ਲਾਉਣ ਦੀ ਲੋੜ ਹੈ ਤੇ ਉਹ ਵੀ ਸ਼ਰੇਆਮ, ਟੀæਵੀæ ਚੈਨਲਾਂ ਉਤੇ ਦਿਖਾਈ ਜਾਣ ਵਾਲੀ। ਫੱਟਾ ਖਿੱਚਣ ਤੋਂ ਪਹਿਲਾਂ ਇੱਟਾਂ-ਵੱਟਿਆਂ ਦੀ ਵਾਛੜ ਕਰਵਾ ਕੇ।
ਛੇਤੀ ਤੋਂ ਛੇਤੀ ਕੁਝ ਨਾ ਕੁਝ ਕਰੀਏ ਜਿਹੜਾ ਅਖਬਾਰਾਂ ਦੇ ਪਾਠਕਾਂ ਅਤੇ ਟੀæਵੀæ ਦੇ ਦਰਸ਼ਕਾਂ ਦਾ ਦਿਲ ਦੁਖਾਉਣ ਦੀ ਥਾਂ ਰਾਹਤ ਦੇਵੇ। ਆਮ ਆਦਮੀ ਨੂੰ ਦਰਿੰਦਗੀ ਦੇ ਕਾਰੇ ਦਿਖਾਉਣ ਤੇ ਪੜ੍ਹਾਉਣ ਨਾਲੋਂ ਮਾਨਸਿਕ ਤਸੱਲੀ ਦੇਣ ਦੀ ਲੋੜ ਹੁੰਦੀ ਹੈ। ਉਹ ਦੋਸ਼ੀ ਨੂੰ ਦੋਸ਼ ਦੀ ਸਜ਼ਾ ਭੁਗਤਦੇ ਦੇਖ ਕੇ ਹੀ ਮਿਲ ਸਕਦੀ ਹੈ।
ਜੰਮੂ-ਕਸ਼ਮੀਰ ਦੀ ਗਵਰਨਰੀ
ਭਾਰਤੀ ਰਾਜਾਂ ਵਿਚ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ ਸਾਂਭਣਾ ਬੇਹਦ ਔਖਾ ਮੰਨਿਆ ਜਾਂਦਾ ਹੈ। ਇਥੋਂ ਦੇ ਗਵਰਨਰ ਲਈ ਮੁੱਖ ਮੰਤਰੀ ਦੀ ਸਰਪ੍ਰਸਤੀ ਕਰਨਾ ਹੋਰ ਵੀ ਔਖਾ। ਸ਼੍ਰੀ ਨਰਿੰਦਰ ਨਾਥ ਵੋਹਰਾ ਨੇ ਇਥੋਂ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਨੂੰ ਆਪਣੇ ਹਾਣ ਦਾ ਬਣਾ ਕੇ ਕਰਾਮਾਤੀ ਪ੍ਰਾਪਤੀ ਕੀਤੀ ਹੈ। ਆਮ ਤੌਰ ‘ਤੇ ਭਾਰਤੀ ਸੇਨਾ ਦੇ ਸੇਵਾ ਮੁਕਤ ਜਰਨੈਲਾਂ ਦੀ ਸਰਪ੍ਰਸਤੀ ਹੰਢਾਉਂਦੇ ਆਏ ਅਸੈਨਿਕ ਪਿਛੋਕੜ ਵਾਲੇ ਇਸ ਰਾਜਪਾਲ ਨੇ ਇਥੋਂ ਦੀ ਰਾਜਨੀਤਕ ਤੇ ਸਭਿਆਚਾਰਕ ਸਥਿਤੀ ਨੂੰ ਅਜਿਹੀ ਕੁਸ਼ਲਤਾ ਨਾਲ ਸੰਭਾਲਿਆ ਹੈ ਕਿ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਮੰਗਦੇ ਇਸ ਰਾਜ ਦਾ ਦੂਜੀ ਵਾਰ ਗਵਰਨਰ ਥਾਪਿਆ ਗਿਆ ਹੈ।
ਮੈਂ ਉਸ ਨੂੰ ਪ੍ਰਸ਼ਾਸਨਕ ਜ਼ਿੰਮੇਵਾਰੀਆਂ ਤੋਂ ਹਟਵੇਂ ਪਿੜ ਵਿਚ ਵਿਚਰਦੇ ਵੇਖਿਆ ਹੈ, ਪਹਿਲਾਂ ਆਪਣੇ ਸਵਰਗਵਾਸੀ ਮਿੱਤਰ ਬਲਵੰਤ ਗਾਰਗੀ ਦੇ ਕਰਜ਼ਨ ਰੋਡ ਵਾਲੇ ਟਿਕਾਣੇ ਉਤੇ ਇੱਕ ਰੰਗੀਨ ਸ਼ਾਮ ਦਾ ਅਨੰਦ ਮਾਣਦਿਆਂ ਤੇ ਫੇਰ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਦਾ ਨਿਰਦੇਸ਼ਨ ਕਰਦਿਆਂ। ਮੇਰੇ ਮਨ ਉਤੇ ਉਸ ਦੇ ਨਿਰੋਲ ਪੰਜਾਬੀ ਖਲੂਸ ਵਾਲੇ ਉਸਾਰੂ ਸੁਭਾਅ ਦੀ ਡੂੰਘੀ ਛਾਪ ਹੈ। ਉਸ ਨੂੰ ਵਿਚੋਲਗਿਰੀ ਵੀ ਕਰਨੀ ਆਉਂਦੀ ਹੈ ਤੇ ਰਾਜਨੀਤਕ ਸਰਪ੍ਰਸਤੀ ਵੀ। ਉਹ ਕਦਆਵਰ ਹਸਤੀ ਦਾ ਮਾਲਕ ਹੈ। ਮਨਮੋਹਨ ਸਿੰਘ ਸਰਕਾਰ ਵਲੋਂ ਉਸ ਦੀ ਸਿਆਣਪ ਨੂੰ ਪਛਾਣੇ ਜਾਣ ਦਾ ਸਵਾਗਤ ਹੋਣਾ ਚਾਹੀਦਾ ਹੈ।
ਅੰਤਿਕਾ:
(ਟੀ ਐਨ ਰਾਜ਼: ਗਾਲਿਬ ਦੀ ਜ਼ਮੀਨ ਵਿਚ)
ਫਾਈਲੇਂ ਚਲਤੀ ਹੈਂ ਕਛੂਆ ਚਾਲ ਸੇ
ਨੋਟ ਬਰਸੇਂ ਤੋ ਰਵਾਨੀ ਔਰ ਹੈ।
ਬਹਿਤਾ ਦਰਿਆ ਕਾਟ ਦੋ ਤਲਵਾਰ ਸੇ
ਇਸ ਤਰਫ ਕਾ ਮੇਰਾ ਪਾਨੀ ਔਰ ਹੈ।
ਰੁਕ ਸਕੇ ਤੋ ਰੋਕ ਲੋ ਮੇਰੀ ਜ਼ੁਬਾਂ
ਇੱਕ ਗ਼ਜ਼ਲ ਮੁਝ ਕੋ ਸੁਨਾਨੀ ਔਰ ਹੈ।

Be the first to comment

Leave a Reply

Your email address will not be published.