ਧਰਮਾਂ ਵਿਚ ਖਾੜਕੂ ਖਬਤ ਦੇ ਖਤਰੇ

ਧਾਰਮਿਕ ਜਨੂਨ ਨੇ ਸੰਸਾਰ ਦੇ ਕਈ ਦੇਸ਼ਾਂ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ। ਅੱਜ ਸੰਸਾਰ ਦੀ ਸਮੁੱਚੀ ਸਿਆਸਤ ਵਿਚ ਭਾਵੇਂ ਵਧੇਰੇ ਚਰਚਾ ਮੁਸਲਮਾਨਾਂ ਅਤੇ ਇਨ੍ਹਾਂ ਦੇ ਧਰਮ ਇਸਲਾਮ ਦੀ ਹੋ ਰਹੀ ਹੈ, ਪਰ ਜਨੂਨ ਦੇ ਮਾਮਲੇ ਵਿਚ ਇਸਾਈ, ਹਿੰਦੂ, ਸਿੱਖ, ਯਹੂਦੀ ਅਤੇ ਕਈ ਹੋਰ ਫਿਰਕੂ ਭਾਈਚਾਰੇ ਵੀ ਪਿੱਛੇ ਨਹੀਂ ਹਨ। ਇਸਾਈ ਬਹੁਗਿਣਤੀ ਧਰਮ ਵਾਲਾ ਦੇਸ਼ ਅਮਰੀਕਾ ਅਤੇ ਯਹੂਦੀਅਤ ਵਾਲਾ ਇਸਰਾਈਲ ਅੱਜ ਕੱਲ੍ਹ ਦੂਜੇ ਧਰਮਾਂ ਵਾਲਿਆਂ ਨਾਲ ਕੀ ਵਿਹਾਰ ਕਰ ਰਿਹਾ ਹੈ, ਸਭ ਦੇ ਸਾਹਮਣੇ ਹੈ। ਕੁਲਵੰਤ ਸਿੰਘ ਢੇਸੀ ਨੇ ਆਪਣੇ ਇਸ ਲੇਖ ਵਿਚ ਖੁਦ ਦੇ ਧਰਮ ਨੂੰ ਉਤਮ ਆਖ ਕੇ ਬਾਕੀਆਂ ‘ਤੇ ਹਿੰਸਾ ਵਰਤਾਉਣ ਵਾਲੇ ਜਨੂਨੀਆਂ ਬਾਰੇ ਨਿੱਗਰ ਟਿੱਪਣੀਆਂ ਕੀਤੀਆਂ ਹਨ।

-ਸੰਪਾਦਕ

ਕੁਲਵੰਤ ਸਿੰਘ ਢੇਸੀ

ਤੇਜ਼ੀ ਨਾਲ ਵਧ ਰਹੀ ਮੁਸਲਿਮ ਆਬਾਦੀ ਨੂੰ ਲੈ ਕੇ ਇਸਲਾਮੀ ਜਗਤ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਛਮੀ ਦੇਸ਼ਾਂ ਵਿਚ ਮੁਸਲਮਾਨਾਂ ਦੇ ਰਾਜ ਨੂੰ ਕੋਈ ਨਹੀਂ ਰੋਕ ਸਕਦਾ, ਜਿਸ ਦਾ ਮਤਲਬ ਹੈ ਕਿ ਸਾਰੀ ਦੁਨੀਆਂ ਵਿਚ ਇਸਲਾਮੀ ਕਾਨੂੰਨ ਲਾਗੂ ਹੋਣਗੇ। ਕਿਹਾ ਜਾਂਦਾ ਹੈ ਕਿ ਕਿਸੇ ਵੀ ਦੇਸ਼ ਦੀ ਮੂਲ ਵਸੋਂ ਵਿਚ ਜੇ ਇੱਕ ਪਰਿਵਾਰ ਦੇ ਜੀਆਂ ਦੀ ਅਨੁਪਾਤ 2.4 ਤੋਂ ਘੱਟ ਹੋਵੇ ਤਾਂ ਸਮੇਂ ਦੇ ਗੇੜ ਨਾਲ ਇਹ ਘਟਦੀ ਘਟਦੀ ਘਟ ਜਾਵੇਗੀ। ਯੂਰਪ ਦੇ ਕਈ ਦੇਸ਼ਾਂ ਵਿਚ ਮੂਲ ਵਸੋਂ ਦੀ ਅਬਾਦੀ 1.8 ਜਾਂ 1.6 ਤਕ ਵੀ ਹੈ। ਇਸ ਦੇ ਮੁਕਾਬਲੇ ਮੁਸਲਿਮ ਆਬਾਦੀ ਪ੍ਰਤੀ ਪਰਿਵਾਰ ਕਾਫੀ ਵੱਧ ਹੈ। ਲੋਕਰਾਜੀ ਪ੍ਰਬੰਧ ਵਿਚ ਬਹੁ-ਗਿਣਤੀ ਰਾਜ ਕਰਦੀ ਹੋਣ ਕਾਰਨ ਮੁਸਲਮਾਨਾਂ ਨੂੰ ਇਹ ਪੱਕਾ ਹੋ ਗਿਆ ਹੈ ਕਿ ਭਵਿੱਖ ਵਿਚ ਉਹ ਸਾਰੀ ਦੁਨੀਆਂ ‘ਤੇ ਰਾਜ ਕਰਨਗੇ।
ਪੱਛਮੀ ਜਗਤ ਨੇ ਆਪਣੀਆਂ ਸਭ ਕਮਜ਼ੋਰੀਆਂ ਦੇ ਬਾਵਜੂਦ ਆਪਣੇ ਬਹੁ-ਨਸਲੀ ਅਤੇ ਬਹੁ-ਧਰਮੀ ਦੇਸ਼ਾਂ ਵਿਚ ਸਭ ਸ਼ਹਿਰੀਆਂ ਨੂੰ ਬਰਾਬਰ ਦੇ ਹੱਕ ਦਿੱਤੇ, ਜਿਸ ਕਾਰਨ ਇਸਲਾਮੀ ਦੇਸ਼ਾਂ ਦੇ ਵਸਨੀਕ ਵੀ ਆਪਣੇ ‘ਧਰਮੀ’ ਦੇਸ਼ ਛੱਡ ਕੇ ਪੱਛਮ ਦੇ ‘ਕਾਫਰ’ ਦੇਸ਼ਾਂ ਵਿਚ ਆ ਕੇ ਵਸਣ ਨੂੰ ਤਰਜੀਹ ਦਿੰਦੇ ਹਨ। ਭਵਿੱਖ ਵਿਚ ਜੇ ਪੱਛਮੀ ਦੇਸ਼ਾਂ ਵਿਚ ਸੱਚੀਂ ਹੀ ਮੁਸਲਮਾਨਾਂ ਦੀ ਬਹੁਗਿਣਤੀ ਹੋ ਜਾਂਦੀ ਹੈ ਤਾਂ ਉਹ ਸ਼ਰੀਅਤ ਕਾਨੂੰਨ ਸਥਾਪਤ ਕਰਨ ਲਈ ਪੂਰੀ ਵਾਹ ਲਾਉਣਗੇ। ਇਸ ਵੇਲੇ ਘੱਟਗਿਣਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਵਲੋਂ ਰਾਜ ਅੰਦਰ ਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਸਲਮਾਨਾਂ ਦੇ ਇਸ ਝੁਕਾਅ ਕਾਰਨ ਹੀ ਸੱਜੇ ਪੱਖੀ ਲੋਕਾਂ ਨੂੰ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਲਈ ਢੁਕਵਾਂ ਬਹਾਨਾ ਮਿਲ ਰਿਹਾ ਹੈ ਕਿ ਉਨ੍ਹਾਂ ਦੀ ਹੋਂਦ ਅਤੇ ਉਨ੍ਹਾਂ ਦੇ ਲੋਕ ਰਾਜ ਨੂੰ ਮੁਸਲਮਾਨਾਂ ਤੋਂ ਖਤਰਾ ਹੈ। ਮੁਸਲਮਾਨਾਂ ਖਿਲਾਫ ਇਸ ਲਹਿਰ ਨੂੰ ‘ਇਸਲਾਮੋਫੋਬੀਆ’ ਵੀ ਕਿਹਾ ਜਾਂਦਾ ਹੈ। ਪਛਾਣ ਦੇ ਰਲਗੱਡ ਹੋਣ ਕਾਰਨ ਸਿੱਖ ਵੀ ਇਸ ਫੋਬੀਏ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਦੇ ਫੋਬੀਏ ਦਾ ਸ਼ਿਕਾਰ ਕਿਸੇ ਨਾ ਕਿਸੇ ਹੱਦ ਤਕ ਹਰ ਧਰਮ ਦੇ ਲੋਕ ਹੁੰਦੇ ਹਨ।
ਆਮ ਮੁਸਲਮਾਨਾਂ ਖਿਲਾਫ ਵਧਦੀ ਨਫਰਤ: ਇਥੇ ਅਸੀਂ ਜਿਸ ਵੀਡੀਓ ਦਾ ਜ਼ਿਕਰ ਕਰਨ ਲੱਗੇ ਹਾਂ, ਇਹ ਪੁਰਾਣੀ ਜਾਪਦੀ ਹੈ ਪਰ ਇਸ ਵਿਚਲੀ ਸਚਾਈ ਅੱਜ ਵੀ ਜਿਉਂ ਦੀ ਤਿਉਂ ਹੈ। ਇਸ ਵਿਚ ਅਮਰੀਕਾ ਦੀ ਸਿਟੀਜ਼ਨ, ਪੜ੍ਹੀ ਲਿਖੀ ਮੁਸਲਮਾਨ ਔਰਤ ਟੀ. ਵੀ. ‘ਤੇ ਉਸ ਪੈਨਲ ਅੱਗੇ ਸਵਾਲ ਕਰ ਰਹੀ ਹੈ, ਜੋ ਇਰਾਕ ਵਿਚ ਮਾਰੇ ਗਏ 4 ਫੌਜੀ ਜਵਾਨਾਂ ਪ੍ਰਤੀ ਅਮਰੀਕਨ ਸਰਕਾਰ ਨੂੰ ਸਵਾਲ ਕਰ ਰਹੇ ਸਨ। ਔਰਤ ਸਵਾਲ ਕਰਦੀ ਹੈ, “ਮੈਨੂੰ ਪਤਾ ਹੈ ਕਿ ਦੁਨੀਆਂ ਵਿਚ ਮੁਸਲਮਾਨਾਂ ਦਾ ਅਕਸ ਵਿਗਾੜਿਆ ਗਿਆ ਹੈ, ਜਦ ਕਿ ਦੁਨੀਆਂ ਭਰ ਵਿਚ 180 ਕਰੋੜ ਮੁਸਲਮਾਨ ਹਨ ਅਤੇ ਅਮਰੀਕਾ ਵਿਚ 80 ਲੱਖ ਮੁਸਲਮਾਨ ਰਹਿੰਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਮੁਸਲਮਾਨਾਂ ਵਿਚ ਜਹਾਦ ਇੱਕ ਵਿਚਾਰਧਾਰਾ ਹੈ, ਜਿਸ ਦਾ ਤੁਸੀਂ ਜ਼ਿਕਰ ਕਰਦੇ ਹੋ। ਹੁਣ ਇਹ ਦੱਸੋ ਕਿ ਜਹਾਦ ਦੀ ਵਿਚਾਰਧਾਰਾ ਦਾ ਤੁਸੀਂ ਵਿਚਾਰਧਾਰਕ ਪੱਧਰ ‘ਤੇ ਕਿਵੇਂ ਜਵਾਬ ਦਿਓਗੇ?”
ਜਵਾਬ: “ਸਾਨੂੰ ਖੁਸ਼ੀ ਹੈ ਕਿ ਤੁਸੀਂ ਇਹ ਸਵਾਲ ਕਰਨ ਲਈ ਇਥੇ ਹਾਜ਼ਰ ਹੋ। ਅਸੀਂ ਇਸਲਾਮ ਜਾਂ ਮੁਸਲਮਾਨਾਂ ਦਾ ਜ਼ਿਕਰ ਕੀਤੇ ਬਿਨਾ ਇੱਕ ਹਮਲੇ ਵਿਚ ਮਾਰੇ ਗਏ 4 ਫੌਜੀ ਜਵਾਨਾਂ ਦਾ ਜ਼ਿਕਰ ਕੀਤਾ ਹੈ। ਅਸੀਂ ਇਥੇ ਮੁਸਲਮਾਨਾਂ ਦੀ ਸ਼ਾਮਤ ਲੈਣ ਲਈ ਨਹੀਂ ਬੈਠੇ, ਇਹ ਤਾਂ ਤੁਸੀਂ ਹੀ ਹੋ, ਜੋ ਮੁਸਲਮਾਨਾਂ ਦਾ ਮੁੱਦਾ ਲਿਆ ਰਹੇ ਹੋ। ਹੁਣ ਤੁਸੀਂ ਜੇ ਪੁੱਛ ਹੀ ਲਿਆ ਹੈ ਤਾਂ ਮੈਨੂੰ ਜਵਾਬ ਵੀ ਦੇ ਲੈਣ ਦਿਓ। ਦੁਨੀਆਂ ਵਿਚ 120 ਕਰੋੜ ਮੁਸਲਮਾਨ ਹਨ, ਬਿਨਾ ਸ਼ੱਕ ਇਹ ਸਾਰੇ ਕੱਟੜਪੰਥੀ ਨਹੀਂ। ਕੱਟੜਪੰਥੀ ਮੁਸਲਮਾਨਾਂ ਦੀ ਗਿਣਤੀ 15 ਤੋਂ 20% ਕਹੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ 78% ਮੁਸਲਮਾਨ ਅਮਨਪਸੰਦ ਹਨ। 15-20% ਕੱਟੜਪੰਥੀ ਮੁਸਲਮਾਨਾਂ ਤੋਂ ਭਾਵ 18 ਤੋਂ 30 ਕਰੋੜ ਜ਼ਹਿਰੀਲੇ ਜਹਾਦੀਆਂ ਨੇ ਪੱਛਮੀ ਸਭਿਅਤਾ ਦੇ ਖਾਤਮੇ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਦਾ ਮਤਲਬ, ਮੁਸਲਮਾਨਾਂ ਦੀ ਅਮਰੀਕਾ ਜਿੰਨੀ ਆਬਾਦੀ ਇਹ ਮੁੱਦਾ ਲੈ ਕੇ ਤੁਰੀ ਹੋਈ ਹੈ। ਹੁਣ ਜਦੋਂ ਇਨ੍ਹਾਂ ਕੱਟੜਪੰਥੀਆਂ ਪ੍ਰਤੀ ਸਾਡੇ ਫਿਕਰਮੰਦ ਹੋਣ ਦਾ ਸਵਾਲ ਹੈ ਤਾਂ ਇੱਕ ਗੱਲ ਤੈਅ ਹੈ ਕਿ ਇਹ ਕੱਟੜਪੰਥੀ ਹੀ ਮਾਰ-ਮਰਾਈ ਅਤੇ ਧਮਾਕੇ ਕਰਨ ਵਾਲੇ ਹਨ।
ਜੇ ਤੁਸੀਂ ਇਤਿਹਾਸ ਵਲ ਨਿਗ੍ਹਾ ਮਾਰੋ ਤਾਂ ਸਮਝ ਸਕਦੇ ਹੋ ਕਿ ਜਰਮਨੀ ਦੇ ਬਹੁਤੇ ਲੋਕ ਸ਼ਾਂਤਮਈ ਸਨ ਪਰ ਹਿੰਸਕ ਨਾਜੀਆਂ ਹੱਥੋਂ 1.4 ਕਰੋੜ ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ 60 ਲੱਖ ਯਹੂਦੀ ਸਨ। ਇਸ ਮਾਮਲੇ ਵਿਚ ਬਹੁਗਿਣਤੀ ਦੀ ਕੋਈ ਵੀ ਵੁੱਕਤ ਨਹੀਂ ਰਹਿੰਦੀ। ਅਸੰਗਤੀ ਹੈ, ਉਨ੍ਹਾਂ ਦੀ ਗਿਣਤੀ? ਜੇ ਤੁਸੀਂ ਰੂਸੀ ਕ੍ਰਾਂਤੀ ਦੀ ਗੱਲ ਕਰੋ ਤਾਂ ਬਹੁਤੇ ਰੂਸੀ ਸ਼ਾਂਤਮਈ ਲੋਕ ਸਨ ਪਰ ਵਾਮਪੰਥੀ ਲੋਕਾਂ ਨੇ 2 ਕਰੋੜ ਲੋਕ ਮਾਰ ਦਿੱਤੇ। ਸ਼ਾਂਤਮਈ ਬਹੁਗਿਣਤੀ ਅਸੰਗਤੀ ਸੀ? ਜੇ ਤੁਸੀਂ ਚੀਨ ਦੀ ਗੱਲ ਕਰੋ ਤਾਂ ਬਹੁਤੇ ਚੀਨੀ ਅਮਨਪਸੰਦ ਸਨ ਪਰ ਉਥੇ ਵੀ ਵਾਮਪੰਥੀਆਂ ਨੇ 7 ਕਰੋੜ ਲੋਕ ਮਾਰ ਦਿੱਤੇ। ਬਹੁਗਿਣਤੀ ਸ਼ਾਂਤਮਈ ਚੀਨੀ ਅਸੰਗਤੀ ਸਨ? ਦੁਨੀਆਂ ਦੇ ਦੂਜੇ ਸੰਸਾਰ ਯੁੱਧ ਵਿਚ ਜੇ ਜਪਾਨ ‘ਤੇ ਨਿਗ੍ਹਾ ਮਾਰੋ ਤਾਂ ਬਹੁਗਿਣਤੀ ਜਪਾਨੀ ਸ਼ਾਂਤਮਈ ਲੋਕ ਸਨ ਪਰ ਜਪਾਨੀ ਸੈਨਿਕਾਂ ਨੇ 1.2 ਕਰੋੜ ਲੋਕਾਂ ਦਾ ਵਢਾਂਗਾ ਕੀਤਾ।
11 ਸਤੰਬਰ 2001 ਨੂੰ ਅਮਰੀਕਾ ਵਿਚ ਕਰੀਬ 23 ਲੱਖ ਅਰਬੀ ਮੁਸਲਮਾਨ ਮੌਜੂਦ ਸਨ ਜਿਨ੍ਹਾਂ ਵਿਚੋਂ ਬਹੁਗਿਣਤੀ ਅਮਨਪਸੰਦ ਸਨ ਪਰ ਸਿਰਫ 19 ਕੱਟੜਪੰਥੀ ਅਗਵਾਕਾਰਾਂ ਨੇ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ਦੇ ਅਮਰੀਕਨ ਟਾਵਰਾਂ ‘ਤੇ ਹਮਲਾ ਕਰਕੇ ਜਿਥੇ 3000 ਅਮਰੀਕੀ ਮਾਰ ਦਿਤੇ, ਉਥੇ ਅਮਰੀਕਾ ਨੂੰ ਗੋਡਿਆਂ ਭਾਰ ਵੀ ਕਰ ਦਿੱਤਾ। ਇਥੇ ਵੀ ਬਹੁਗਿਣਤੀ ਅਮਨਪਸੰਦ ਮੁਸਲਮਾਨਾਂ ਦੀ ਗਿਣਤੀ ਅਸੰਗਤੀ ਹੈ। ਇਸ ਵੇਲੇ ਜਦੋਂ ਅਸੀਂ ਇਸ ਸੰਗੀਨ ਮੁੱਦੇ ‘ਤੇ ਗੱਲ ਕਰ ਰਹੇ ਹਾਂ ਤਾਂ ਤੁਸੀਂ ਇਕੱਲੇ ਅਮਨਪਸੰਦ ਮੁਸਲਮਾਨ ਪ੍ਰਤੀਨਿਧ ਦੇ ਤੌਰ ‘ਤੇ ਇਥੇ ਹਾਜ਼ਰ ਹੋ ਤਾਂ ਬਾਕੀ ਸ਼ਾਂਤਮਈ ਮੁਸਲਮਾਨ ਕਿਥੇ ਹਨ?
ਤੁਸੀਂ ਅਮਰੀਕੀ ਸ਼ਹਿਰੀ ਹੋਣ ਦੇ ਨਾਤੇ ਬਜਾਏ ਇਸ ਗੱਲ ਦੇ ਕਿ ਸਰਕਾਰ ‘ਤੇ ਇਹ ਸਵਾਲ ਕਰੋ ਕਿ ਸਾਡੇ 4 ਅਮਰੀਕੀ ਫੌਜੀ ਇਰਾਕ ਵਿਚ ਕਿਉਂ ਮਾਰੇ ਗਏ, ਤੁਸੀਂ ਇਥੇ ਖੜ੍ਹ ਕੇ ਅਮਨਪਸੰਦ ਮੁਸਲਮਾਨਾਂ ਦੀ ਵਕਾਲਤ ਕਰ ਰਹੇ ਹੋ। ਕਾਸ਼! ਤੂੰ ਆਪਣੇ ਨਾਲ ਆਪਣੇ ਵਰਗੇ 10 ਹੋਰ ਅਮਰੀਕੀ ਸ਼ਹਿਰੀ ਮੁਸਲਮਾਨ ਲੈ ਕੇ ਆਉਂਦੀ ਅਤੇ ਸਰਕਾਰ ਨੂੰ ਸ਼ਹੀਦ ਹੋਏ ਅਮਰੀਕਨ ਫੌਜੀਆਂ ਬਾਰੇ ਸਵਾਲ ਕਰਦੀ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਧਰਮ ਨਿਰਪੇਖਤਾ ਅਤੇ ਆਦਰਸ਼ਵਾਦ (ਫੋਲਟਿਚਿਅਲ ਛੋਰਰeਚਟਨeਸਸ) ਨੂੰ ਚੁੱਕ ਕੇ ਕਚਰੇ ਦੇ ਉਸੇ ਡੱਬੇ ਵਿਚ ਸੁੱਟ ਦਈਏ, ਜਿਸ ਦੇ ਉਹ ਲਾਇਕ ਹਨ।”
ਇਸ ਗੱਲਬਾਤ ਵਿਚ ਆਖਰੀ ਲਾਈਨ ਖਿਆਲ ਕਰਨ ਵਾਲੀ ਹੈ ਕਿ ਪੱਛਮੀ ਲੋਕ ਆਪਣੀਆਂ ਸਰਕਾਰਾਂ ਦੀਆਂ ਉਦਾਰਵਾਦੀ ਨੀਤੀਆਂ ਪ੍ਰਤੀ ਤਲਖ ਹੋ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਵਰਗੀ ਮਹਾਂ ਸ਼ਕਤੀ ਨੇ ਆਪਣਾ ਰਾਸ਼ਟਰਪਤੀ ਉਸ ਬੰਦੇ ਨੂੰ ਬਣਾਇਆ ਜੋ ਮੁਸਲਮਾਨਾਂ ਦੇ ਖਾੜਕੂ ਖਬਤ ਦਾ ਜਵਾਬ ਉਨ੍ਹਾਂ ਦੀ ਹੀ ਭਾਸ਼ਾ ਵਿਚ ਦੇ ਰਿਹਾ ਹੈ।
ਧਰਮ ਦੇ ਨਾਂ ‘ਤੇ ਜਹਾਦ ਜਾਂ ਦਹਿਸ਼ਤਗਰਦੀ: ਧਰਮ ਦੇ ਨਾਂ ‘ਤੇ ਲੜੀ ਜਾਣ ਵਾਲੀ ਜੰਗ ਨੂੰ ਧਰਮੀ ਅਰਥ ਦੇਣੇ ਅਤੇ ਫਿਰ ਲੱਖਾਂ ਲੋਕਾਂ ਨੂੰ ਪ੍ਰਭਾਵਤ ਕਰਕੇ ਕਿਸੇ ਕੌਮ ਨੂੰ ਮੌਤ ਦੇ ਮੂੰਹ ਵਿਚ ਧੱਕ ਦੇਣਾ ਜਨੂਨੀ ਲੋਕਾਂ ਦਾ ਕੰਮ ਰਿਹਾ ਹੈ। ਇਹ ਜਨੂਨ ਜਦੋਂ ਕਿਸੇ ਕੌਮ ਦੇ ਸਿਰ ਚੜ੍ਹ ਜਾਵੇ ਤਾਂ ਬਹੁਗਿਣਤੀ ਅਮਨਪਸੰਦ ਲੋਕ ਡਰਦੇ ਮਾਰੇ ਆਪਣਾ ਮੂੰਹ ਨਹੀਂ ਖੋਲ੍ਹਦੇ ਅਤੇ ਜੇ ਕੋਈ ਹਿੰਮਤ ਕਰਕੇ ਮੂੰਹ ਖੋਲ੍ਹਦਾ ਹੈ ਤਾਂ ਉਸ ਨੂੰ ਸਿਰ ਤਲੀ ‘ਤੇ ਰੱਖ ਕੇ ਗੱਲ ਕਰਨੀ ਪੈਂਦੀ ਹੈ।
ਇਸਲਾਮ ਦੇ ਨਾਂ ‘ਤੇ ਹੋ ਰਹੀ ਦਹਿਸ਼ਤਗਰਦੀ ਖਿਲਾਫ ਪਾਕਿਸਤਾਨ ਦੇ ਜਾਵੇਦ ਅਹਿਮਦ ਗਮੀਦੀ ਨਾਂ ਦੇ ਦਾਨਿਸ਼ਵਰ ਦੀ ਇੰਟਰਵਿਊ ਸੁਣਨ ਵਿਚ ਆਈ ਹੈ ਜਿਸ ਵਿਚ ਉਸ ਨੇ ਸਾਫ ਸਾਫ ਦੱਸਿਆ ਕਿ ਮੁਸਲਮਾਨਾਂ ਵਿਚ ਉਹ ਮਜ਼ਹਬੀ ਵਿਚਾਰਧਾਰਾ ਹੈ ਜਿਸ ਦੀ ਮੁਸਲਮਾਨਾਂ ਦੇ ਮਦਰੱਸਿਆਂ ਵਿਚ ਸਿੱਖਿਆ ਦਿੱਤੀ ਜਾ ਰਹੀ ਹੈ। ਜਾਵੇਦ ਅਹਿਮਦ ਨੇ ਬੜੀ ਹੀ ਬੇਬਾਕੀ ਨਾਲ ਉਨ੍ਹਾਂ 4 ਸਿੱਖਿਆਵਾਂ ਦਾ ਜ਼ਿਕਰ ਕੀਤਾ ਹੈ ਜੋ ਇਸਲਾਮ ਦੇ ਨਾਂ ‘ਤੇ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ।
ਪਹਿਲੀ ਸਿੱਖਿਆ ਇਹ ਹੈ ਕਿ ਦੁਨੀਆਂ ਵਿਚ ਜੇ ਕੋਈ ਵਿਅਕਤੀ ਇਸਲਾਮ ਤੋਂ ਮੁਨਕਰ ਹੁੰਦਾ ਹੈ ਤਾਂ ਉਸ ਦੀ ਸਜ਼ਾ ਮੌਤ ਹੈ ਅਤੇ ਇਹ ਸਜ਼ਾ ਦੇਣ ਦਾ ਸਾਨੂੰ ਹੱਕ ਹੈ। ਦੂਜੀ ਗੱਲ ਇਹ ਸਿਖਾਈ ਜਾਂਦੀ ਹੈ ਕਿ ਦੁਨੀਆਂ ਵਿਚ ਗੈਰ ਮੁਸਲਿਮ ਕੇਵਲ ਮੁਸਲਮਾਨਾਂ ਦੀ ਗੁਲਾਮੀ ਕਰਨ ਲਈ ਹੀ ਪੈਦਾ ਹੋਏ ਹਨ। ਮੁਸਲਮਾਨਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਦੁਨੀਆਂ ਵਿਚ ਰਾਜ ਕਰਨ ਦਾ ਹੱਕ ਨਹੀਂ ਹੈ। ਗੈਰ ਮੁਸਲਿਮ ਲੋਕਾਂ ਦੀ ਹਰ ਹਕੂਮਤ ਨਾਜਾਇਜ਼ ਹਕੂਮਤ ਹੈ। ਜਦੋਂ ਵੀ ਸਾਡੇ ਕੋਲ ਤਾਕਤ ਹੋਵੇਗੀ, ਅਸੀਂ ਉਸ ਦਾ ਤਖਤਾ ਪਲਟ ਦੇਵਾਂਗੇ। ਤੀਜੀ, ਦੁਨੀਆਂ ਵਿਚ ਮੁਸਲਮਾਨਾਂ ਦੀ ਇੱਕੋ ਤਰਜ਼ ਦੀ ਹਕੂਮਤ ਹੋਣੀ ਚਾਹੀਦੀ ਹੈ ਜਿਸ ਨੂੰ ‘ਖਿਲਾਫਤ’ ਕਹਿੰਦੇ ਹਨ। ਮੁਸਲਮਾਨਾਂ ਦੀਆਂ ਵੱਖੋ ਵੱਖ ਹਕੂਮਤਾਂ ਮੁਨਾਸਿਬ ਨਹੀਂ ਹਨ। ਚੌਥੀ ਗੱਲ, ਕੌਮੀ ਰਿਆਸਤ ਕੁਫਰ ਹੈ ਜਿਸ ਦੀ ਇਸਲਾਮ ਵਿਚ ਕੋਈ ਥਾਂ ਨਹੀਂ ਹੈ।
ਇਹ ਦਾਨਿਸ਼ਵਰ ਪਾਕਿਸਤਾਨ ਸਰਕਾਰ ਅਤੇ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਜਦ ਤਕ ਤੁਸੀ ਇਸ ਤਰ੍ਹਾਂ ਦੀ ਗਲਤ ਵਿਆਖਿਆ (ਂਅਰਰਅਟਵਿe) ਦੀ ਥਾਂ ਇਸਲਾਮ ਦੀ ਸਹੀ ਵਿਆਖਿਆ ਪੇਸ਼ ਨਹੀਂ ਕਰੋਗੇ ਤਾਂ ਦਹਿਸ਼ਤਗਰਦ ਪੈਦਾ ਹੁੰਦੇ ਰਹਿਣਗੇ। ਮਜ਼ਹਬੀ ਮੁੱਲਾ ਇਸ ਦਾਨਿਸ਼ਵਰ ਦਾ ਬਹੁਤ ਵਿਰੋਧ ਕਰ ਰਹੇ ਹਨ ਜਦ ਕਿ ਕਦੀ ਜਾਵੇਦ ਅਹਿਮਦ ਨੇ ਇਹੀ ਗੱਲ ਅਫਗਾਨ ਜਹਾਦ ਬਾਰੇ ਕਹੀ ਸੀ ਜੋ ਉਸ ਵੇਲੇ ਕਿਸੇ ਨੇ ਨਾ ਮੰਨੀ,ਪਰ ਹੁਣ ਆਮ ਲੋਕ ਹੀ ਮੰਨਣ ਲੱਗ ਪਏ ਹਨ। ਇਸ ਸਬੰਧੀ ਜੋ ਗੱਲ ਉਸ ਨੇ ਬਹੁਤ ਬੇਬਾਕੀ ਨਾਲ ਕਹੀ, ਉਹ ਸੀ ਕਿ ਦੀਨ ਧਰਮ ਅਤੇ ਇਸਲਾਮ ਦੇ ਨਾਂ ‘ਤੇ ਦਿੱਤਾ ਜਾਣ ਵਾਲੇ ਸਬਕ ਇਨਸਾਨੀ ਕਦਰਾਂ ਕੀਮਤਾਂ ਦੇ ਵਿਰੁਧ ਹੈ। ਆਪਣੀ ਗੱਲ ਇਸ ਦਾਨਿਸ਼ਵਰ ਨੇ ਇਸ ਨੁਕਤੇ ‘ਤੇ ਮੁਕਾਈ ਕਿ 12 ਸਾਲ ਦੀ ਉਮਰ ਤਕ ਹਰ ਬੱਚੇ ਨੂੰ ਬਹੁਪੱਖੀ (ਭਰੋਅਦ ਬਅਸeਦ) ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਉਮਰ ‘ਤੇ ਉਸ ਨੂੰ ਇਸਲਾਮੀ ਵਿਦਵਾਨ ਬਣਾਉਣਾ ਤਾਂ ਇੱਕ ਪਾਸੇ, ਉਸ ਨੂੰ ਡਾਕਟਰ ਜਾਂ ਇੰਜਨੀਅਰ ਬਣਾਉਣ ਦਾ ਫੈਸਲਾ ਵੀ ਨਹੀਂ ਕਰਨਾ ਚਾਹੀਦਾ।
ਰਾਜ ਦੇ ਨਸ਼ੇ ਵਿਚ ਫੁੰਕਾਰਦਾ ਹਿੰਦੂ ਖਾੜਕੂਵਾਦ: ਭਾਰਤ ਭਾਵੇਂ ਬਹੁ-ਕੌਮੀ, ਬਹੁ-ਧਰਮੀ, ਬਹੁ-ਸਭਿਅਕ ਅਤੇ ਬਹੁਤ ਸਾਰੀਆਂ ਬੋਲੀਆਂ ਵਾਲਾ ਦੇਸ਼ ਹੈ ਪਰ ਹਾਲਾਤ ਨੇ ਕੁਝ ਇਸ ਤਰ੍ਹਾਂ ਪਾਸਾ ਲਿਆ ਹੈ ਕਿ ਹੁਣ ਇਹ ਦੇਸ਼ ਕੇਵਲ ਹਿੰਦੂ ਬਹੁਗਿਣਤੀ ਦਾ ਹੈ ਅਤੇ ਇਸ ਬਹੁਗਿਣਤੀ ਦੀ ਪ੍ਰਤੀਨਿਧਤਾ ਕਰਨ ਵਾਲਾ ਸੰਘ ਪਰਿਵਾਰ ਹਿੰਦੂ ਜਹਾਦ ਦਾ ਧਾਰਨੀ ਹੈ ਜਿਸ ਮੁਤਾਬਕ ਭਾਰਤ ਦੇ ਗੈਰ ਹਿੰਦੂ ਨੂੰ ਸੰਘ ਪਰਿਵਾਰ (ਭਾਜਪਾ) ਦੇ ਖਾੜਕੂ ਏਜੰਡੇ ਦਾ ਸ਼ਿਕਾਰ ਹੋਣਾ ਪਏਗਾ। ਇਤਿਹਾਸ ਵਿਚ ਜਿਨ੍ਹਾਂ ਹਿੰਦੂ ਲੋਕਾਂ ਦੇ ਮੂੰਹਾਂ ਵਿਚ ਮੁਗਲ ਹੁਕਮਰਾਨ ਥੁੱਕਦੇ ਸਨ, ਅੱਜ ਬਦਲਦੇ ਹਾਲਾਤ ਵਿਚ ਉਨ੍ਹਾਂ ਹਿੰਦੂਆਂ ਦੀ ਅੱਜ ਵਾਲੀ ਨਸਲ ਬਦਲਾਖੋਰੀ ਲਈ ਖਾੜਕੂਪਨ ‘ਤੇ ਉਤਰ ਆਈ ਹੈ ਜਿਸ ਦਾ ਸ਼ਿਕਾਰ ਮੁਸਲਿਮ, ਦਲਿਤ, ਸਿੱਖ ਅਤੇ ਹੋਰ ਘੱਟਗਿਣਤੀ ਕੌਮਾਂ ਹੋਣਗੀਆਂ।
ਸੰਘ ਪਰਿਵਾਰ ਦੇ ਇਰਾਦਿਆਂ ਨੂੰ ਅੰਜਾਮ ਦੇਣ ਲਈ ਭਾਰਤ ਦੀ ਫਿਲਮ ਇੰਡਸਟਰੀ ਅਤੇ ਮੀਡੀਆ ਹਿੰਦੂ ਮਿਥਿਹਾਸ ਨੂੰ ਇਤਿਹਾਸ ਵਿਚ ਬਦਲ ਕੇ ਆਪਣੇ ਆਪ ਨੂੰ ਸ੍ਰੇਸ਼ਟ ਅਤੇ ਖਾੜਕੂ ਧਰਮ ਸਿੱਧ ਕਰਨ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਭਾਜਪਾ ਆਗੂ ਭਾਰਤੀ ਸੰਵਿਧਾਨ ਵਿਚੋਂ ਧਰਮ ਨਿਰਪੇਖਤਾ ਦੇ ਸੰਕਲਪ ਨੂੰ ਖਤਮ ਕਰਕੇ ਉਸ ਦਾ ਹਿੰਦੂਕਰਨ ਕਰਕੇ ਭਾਰਤ ਨੂੰ ਹਿੰਦੂ ਰਾਜ ਐਲਾਨਣ ਲਈ ਦ੍ਰਿੜ ਹਨ। ਭਾਰਤ ਦੀ ਸਕੂਲੀ ਵਿੱਦਿਆ ਦਾ ਵੀ ਹਿੰਦੂਕਰਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਘੱਟਗਿਣਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਸਤਰਾਂ ਲਿਖਣ ਵੇਲੇ ਇਲਾਹਾਬਾਦ ਵਿਚ ਇੱਕ ਮਸਜਿਦ ਡੇਗੇ ਜਾਣ ਦੀਆਂ ਸੋਸ਼ਲ ਮੀਡੀਆ ‘ਤੇ ਖਬਰਾਂ ਆ ਰਹੀਆਂ ਹਨ ਜਿਸ ਸਬੰਧੀ ਅਦਾਲਤ ਵਿਚ 20 ਸਾਲ ਤੋਂ ਕੇਸ ਚੱਲ ਰਿਹਾ ਸੀ। ਕਈ ਲਹੂ ਲੁਹਾਣ ਮੁਸਲਮਾਨਾਂ ਦੀਆਂ ਵੀ ਤਸਵੀਰਾਂ ਹਨ ਅਤੇ ਇਸ ਵੀਡੀਓ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਮੀਡੀਆ ਨੇ ਇਸ ਸਬੰਧੀ ਕੋਈ ਖਬਰ ਨਸ਼ਰ ਨਹੀਂ ਕੀਤੀ। ਇਹ ਹਮਲੇ ਭਵਿੱਖ ਵਿਚ ਹੋਰ ਤੇਜ਼ ਹੋਣਗੇ। ਸਾਰੀ ਦੁਨੀਆਂ ਵਿਚ ਮੁਸਲਮਾਨਾਂ ਖਿਲਾਫ ਉਠ ਰਿਹਾ ਵਿਰੋਧ ਭਾਰਤ ਸਰਕਾਰ ਦੀ ਇਸ ਮੁੱਦੇ ‘ਤੇ ਅੱਖਾਂ ਮੀਟਣ ਲਈ ਹੌਸਲਾ ਅਫਜ਼ਾਈ ਕਰੇਗਾ।
ਭਾਰਤ ਵਿਚ ਹਿੰਦੂਤਵੀਆਂ ਦੇ ਹੌਸਲੇ ਦਿਨੋ-ਦਿਨ ਵਧ ਰਹੇ ਹਨ ਅਤੇ ਉਹ ਵੀ ਮੁਸਲਮਾਨਾਂ ਵਾਂਗ ਹੀ ਸੁਫਨੇ ਲੈਣ ਲੱਗ ਪਏ ਹਨ ਕਿ ਭਾਰਤ ਵਿਚ ਕੇਵਲ ਹਿੰਦੂਆਂ ਨੂੰ ਰਾਜ ਕਰਨ ਦਾ ਹੱਕ ਹੈ ਅਤੇ ਦੂਜਿਆਂ ਨੇ ਸਿਰਫ ਉਨ੍ਹਾਂ ਦੀ ਗੁਲਾਮੀ ਕਰਨੀ ਹੈ ਜਾਂ ਉਹ ਦੇਸ਼ ਛੱਡ ਜਾਣ। ਭਾਰਤ ਵਿਚ ਗੈਰ ਹਿੰਦੂ ਕੋਲੋਂ ਸਿਰ ਉਚਾ ਚੁੱਕ ਕੇ ਜਿਉਣ ਦੇ ਹੱਕ ਅਣਐਲਾਨੇ ਤੌਰ ‘ਤੇ ਖੋਹ ਲਏ ਗਏ ਹਨ ਅਤੇ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਭਾਰਤ ਹਿੰਦੂ ਜਹਾਦ ਵਲ ਵਧ ਰਿਹਾ ਹੈ।
ਸਿੱਖਾਂ ਦੇ ਖਾੜਕੂ ਖਬਤ ਦੀ ਦਿਸ਼ਾ ਅਤੇ ਦਸ਼ਾ ਚਿੰਤਾਜਨਕ: ਸਿੱਖਾਂ ਅਤੇ ਹਿੰਦੂਆਂ ਵਿਚ ਜਾਵੇਦ ਅਹਿਮਦ ਵਾਂਗ ਬੇਬਾਕੀ ਨਾਲ ਗੱਲ ਕਰਨ ਵਾਲਾ ਅਜੇ ਕੋਈ ਦਾਨਿਸ਼ਵਰ ਪੈਦਾ ਨਹੀਂ ਹੋਇਆ ਜੋ ਧਰਮ ਦੇ ਨਾਂ ‘ਤੇ ਖੁਦ ਨੂੰ ਸ੍ਰੇਸ਼ਟ ਅਤੇ ਖਾੜਕੂ ਸਿੱਧ ਕਰਨ ਦੀਆਂ ਪ੍ਰਵਿਰਤੀਆਂ ਬਾਰੇ ਜਾਗਰੂਕ ਕਰ ਸਕੇ। ਸਿੱਖਾਂ ਵਿਚ ਧਰਮ ਯੁੱਧ ਦੇ ਹਿੰਸਕ ਪੈਂਤੜੇ ਨੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਵੀ ਕਰਵਾਈ ਅਤੇ ਭਾਰਤ ਵਿਚ ਦੇਸ਼ ਵਿਰੋਧੀ ਪ੍ਰਚਾਰੇ ਜਾਣ ਕਾਰਨ ਬਹੁਗਿਣਤੀ ਦੀ ਨਫਰਤ ਦਾ ਕਾਰਨ ਵੀ ਬਣੇ, ਜਦ ਕਿ ਪੰਜਾਬ ਦੇ ਪਾਣੀਆਂ ਵਰਗੇ ਬੁਨਿਆਦੀ ਮੁੱਦੇ ਅਣਸੁਲਝਾਏ ਉਥੇ ਦੇ ਉਥੇ ਖੜ੍ਹੇ ਹਨ।
ਅੱਜ ਕੱਲ੍ਹ ਸਿੱਖ ਧਰਮ ਦੀ ਵਿਆਖਿਆ ਖਾੜਕੂ ਧਿਰਾਂ ਵਲੋਂ ਜਹਾਦੀ ਸੁਰ ਵਿਚ ਕੀਤੀ ਜਾ ਰਹੀ ਹੈ। ਖਾੜਕੂਆਂ ਨੂੰ ਮਾਣ ਹੈ ਕਿ ਭਾਰਤ ਨਾਲ ਟਕਰਾਓ ਵਿਚ ਉਨ੍ਹਾਂ ਨੇ ਦੇਸ਼ ਦੀ ਪ੍ਰਧਾਨ ਮੰਤਰੀ (ਇੰਦਰਾ ਗਾਂਧੀ), ਦੇਸ਼ ਦੇ ਫੌਜੀ ਕਮਾਂਡਰ (ਵੈਦਿਆ) ਤੇ ਸੂਬੇ ਦੇ ਮੁੱਖ ਮੰਤਰੀ (ਬੇਅੰਤ ਸਿੰਘ) ਤਕ ਨੂੰ ਮਾਰ ਮੁਕਾਇਆ ਅਤੇ ਭਵਿੱਖ ਵਿਚ ਵੀ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ।
ਇਸ ਵੇਲੇ ਭਾਰਤੀ ਪਾਰਲੀਮੈਂਟ ਨੇ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਅਤੇ ਹਰਿਆਣੇ ਦੀ ਜਵਾਬਦੇਹੀ ਕੀਤੀ ਹੈ। ਪੰਜਾਬ ਦੇ ਪਾਣੀਆਂ ਦਾ ਮੁੱਦਾ ਜੀਵਨ ਦਾ ਮੁੱਦਾ ਹੈ ਅਤੇ ਭਾਜਪਾ ਨੇ ਭਵਿੱਖ ਵਿਚ ਇਸੇ ਮੁੱਦੇ ‘ਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਿਆਸਤ ਕਰਨੀ ਹੈ ਅਤੇ ਖਾੜਕੂ ਧਿਰਾਂ ਨੂੰ ਵੰਗਾਰਨਾ ਹੈ। ਜੇ ਸਿੱਖ ਲੀਡਰਸ਼ਿਪ ਨੇ ਇਸ ਮੁੱਦੇ ਨੂੰ ਦੂਰਅੰਦੇਸ਼ੀ ਨਾਲ ਨਾ ਲਿਆ ਤਾਂ ਇਹ ਮੁੜ ਪੰਜਾਬ ਦੀ ਰਾਜਨੀਤੀ ਨੂੰ ਮੜ੍ਹੀਆਂ ਦੇ ਰਾਹ ਤੋਰ ਦੇਵੇਗੀ ਜਦ ਕਿ ਇਸ ਪੈਂਤੜੇ ਨੇ ਪਹਿਲਾਂ ਹੀ ਪੰਜਾਬ ਦਾ ਲੱਕ ਤੋੜਿਆ ਹੋਇਆ ਹੈ।
ਸਿੱਖਾਂ ਦੇ ਪੰਜਾਬ ਤੋਂ ਬਾਹਰ ਬੈਠੇ ਆਗੂ ਜਾਂ ਤਾਂ ਨਾਅਰੇ ਅਤੇ ਮੁਜ਼ਾਹਰੇ ਤਕ ਸੀਮਤ ਹਨ ਜਾਂ ਕਈ ਕਾਰ ਸੇਵਾ ਦੇ ਬਾਬੇ ਬਣ ਕੇ ਕੌਮ ਦੀ ਸ਼ਕਤੀ ਇਮਾਰਤਾਂ ‘ਤੇ ਲਾ ਰਹੇ ਹਨ। ਅਮਲ ਦੀ ਧਰਤੀ ਤੋਂ ਵਿਗੁੱਚੇ ਭਗੌੜੇ ਸਿਰਫ ਜਜ਼ਬਾਤੀ ਹੋ ਕੇ ਆਪਣੇ ਖਾੜਕੂਪੁਣੇ ਦਾ ਭਰਮ ਪਾਲੀ ਬੈਠੇ ਹਨ। ਸਿੱਖਾਂ ਦੀ ਮੁਖਧਾਰਾ ਇਸ ਵੇਲੇ ਦੋਹਰੇ ਸੰਕਟ ਵਿਚ ਫਸ ਗਈ ਹੈ। ਇੱਕ ਪਾਸੇ ਭਾਜਪਾ ਦੀ ਮਾਰ ਹੈ ਅਤੇ ਦੂਜੇ ਪਾਸੇ ਖਖੜੀਆਂ ਕਰੇਲੇ ਹੋਏ ਸਿੱਖ ਧੜਿਆਂ ਦੇ ਆਪੋ ਆਪਣੇ ਖਾਲਿਸਤਾਨ ਹਨ ਜਿਸ ਕਾਰਨ ਕੌਮ ਆਪਣੇ ਆਪ ਨੂੰ ਲੀਡਰਲੈੱਸ ਮਹਿਸੂਸ ਕਰ ਰਹੀ ਹੈ। ਮੁਸਲਮਾਨਾਂ ਵਾਂਗ ਹੀ ਸਿੱਖਾਂ ਦੇ ਸਿਰਾਂ ‘ਤੇ ਖਤਰੇ ਦੇ ਬੱਦਲ ਗੂੜ੍ਹੇ ਹੋ ਰਹੇ ਹਨ। ਭਾਰਤ ਸਰਕਾਰ ਨੇ ਵੀ ਸਿੱਖ ਖਾੜਕੂਆਂ ਪ੍ਰਤੀ ਆਪਣਾ ਰੁਖ ਤਿੱਖਾ ਕਰ ਲਿਆ ਹੈ ਅਤੇ ਪਾਕਿਸਤਾਨ ਨੂੰ 19 ਖਾੜਕੂ ਸਿੱਖਾਂ ਦੀ ਸੂਚੀ ਦਿੱਤੀ ਹੈ।
ਮੋਹ ਮਾਇਆ ਦਾ ਅਸਰ ਖਾੜਕੂਆਂ ‘ਤੇ ਵੀ ਓਨਾ ਹੀ ਹੈ, ਜਿੰਨਾ ਇੱਕ ਆਮ ਵਿਅਕਤੀ ‘ਤੇ ਹੈ; ਇਹੀ ਕਾਰਨ ਹੈ ਕਿ ਉਹ ਆਪੋ ਆਪਣੀ ਢਾਈ ਇੱਟ ਦੀ ਮਸੀਤ ਤਕ ਸੀਮਤ ਹਨ। ਸਿੱਖਾਂ ਦੀ ਅਗਵਾਈ ਕਰਨ ਵਾਲੇ ਇੱਕ ਪਾਸੇ ਉਲਾਰ ਬਿਰਤੀ ਵਾਲੇ ਅਖੌਤੀ ਖਾੜਕੂ ਹਨ ਅਤੇ ਦੂਜੇ ਪਾਸੇ ਬਾਦਲਾਂ ਤੇ ਬਾਬਿਆਂ (ਸੰਤ ਸਮਾਜ) ਦੇ ਨਿਪੁੰਸਕ ਮਾੜਕੂ ਹਨ ਜੋ ਸਿਰਫ ਆਪਣੇ ਨਿੱਜੀ ਹਿੱਤਾਂ ਤਕ ਸੀਮਤ ਹਨ। ਸਿੱਖ ਕੌਮ ਦੀ ਮੁਕਤੀ ਦਾ ਰਾਹ ਵੀ ਮੁਸਲਮਾਨਾਂ ਵਾਂਗ ਜ਼ਮੀਨੀ ਹਕੀਕਤਾਂ ਨੂੰ ਮੰਨ ਕੇ ਸਿਰ ਜੋੜਨ ਨਾਲ ਹੋਣਾ ਹੈ, ਨਾ ਕਿ ਭਗੌੜੇ ਹੋ ਕੇ।