ਘਰ ਪਰਦੇਸ

ਕੈਨੇਡਾ ਵੱਸਦੇ ਸ਼ਾਇਰ ਸੁਖਪਾਲ ਨੇ ‘ਘਰ’ ਅਤੇ ‘ਪਰਦੇਸ’ ਦੇ ਬਹਾਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਹਨ। ਇਹ ਗੱਲਾਂ ਜਿੰਨੀਆਂ ਸਹਿਜ ਹਨ, ਓਨੀ ਹੀ ਇਨ੍ਹਾਂ ਵਿਚ ਸੱਚਾਈ ਛੁਪੀ ਹੋਈ ਹੈ ਅਤੇ ਇਹ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਸੁਖਪਾਲ ਦੀਆਂ ਰਚਨਾਵਾਂ ਦੀ ਖੂਬਸੂਰਤੀ ਇਹੀ ਹੈ ਕਿ ਇਹ ਪਾਠਕਾਂ ਦੀ ਬਿਰਤੀ ਤੋੜਦੀਆਂ ਹਨ, ਸਿੱਟੇ ਵਜੋਂ ਹਰ ਮਸਲੇ ਦੀਆਂ ਵੱਖ-ਵੱਖ ਤੰਦਾਂ ਉਧੜਦੀਆਂ ਚਲੀਆਂ ਜਾਂਦੀਆਂ ਹਨ।

-ਸੰਪਾਦਕ

ਸੁਖਪਾਲ

19 ਫਰਵਰੀ 2007; ਟੋਰਾਂਟੋ ਏਅਰਪੋਰਟ; ਮੈਂ ਹਿੰਦੁਸਤਾਨ ਜਾਣ ਵਾਲੇ ਜਹਾਜ ਵਿਚ ਬੈਠਾ ਹਾਂ।
ਪਿਛਲੇ ਦਿਨੀਂ ਮੇਰੇ ਨਾਲ ਕੰਮ ਕਰਨ ਵਾਲਿਆਂ ਪੁੱਛਿਆ: “ਕਿਥੇ ਜਾ ਰਿਹੈਂ?”
ਹਰ ਵਾਰ ਮੇਰੇ ਮੂੰਹੋਂ ਨਿਕਲਦਾ: ‘ਘਰ’
ਅਚਾਨਕ ਖਿਆਲ ਆਉਂਦਾ ਹੈ: ‘ਘਰ ਹੈ ਕਿਥੇ?’
ਮਗਰੇ ਮਗਰ ਹੋਰ ਸੁਆਲ ਆਉਂਦੇ ਹਨ:
‘ਘਰ ਹੁੰਦਾ ਕਿਥੇ ਹੈ?’
‘ਮੇਰਾ ਘਰ ਕਿਥੇ ਹੈ?’
‘ਘਰ, ਮੇਰਾ ਕਿਵੇਂ ਹੁੰਦਾ ਹੈ?’
‘ਘਰ ਹੈ ਹੀ ਕੀ?’
‘ਘਰ ਵਿਚ ਕੀ ਹੈ ਜੋ ਉਸ ਨੂੰ ਘਰ ਬਣਾਉਂਦਾ ਹੈ?’
‘ਘਰ ਛੱਡਣ ਵਾਲਿਆਂ ਨੂੰ ਕੀ ਹੁੰਦਾ ਹੈ?’
‘ਉਹ ਕੌਣ ਹਨ, ਜੋ ਘਰ ਛੱਡ ਕੇ ਵੀ ਨਹੀਂ ਉਜੜਦੇ?’
‘ਮੈਂ ਘਰ ਲੱਭ ਹੀ ਕਿਉਂ ਰਿਹਾ ਹਾਂ? ਕੀ (ਮੈਂ) ਉਜੜਿਆ ਹੋਇਆ ਹਾਂ?’
‘ਘਰ…।’

ਮੈਂ ਘਰ ਲੱਭ ਰਿਹਾ ਹਾਂ।
ਪਸੂ ਪੰਛੀ ਵੀ ਘਰ ਲੱਭਦੇ ਹਨ। ਚਿੜੀਆਂ ਆਲ੍ਹਣੇ ਵਿਚੋਂ, ਗਾਈਆਂ-ਮੱਝਾਂ ਕਿੱਲੇ ਨੂੰ ਅਤੇ ਖਰਗੋਸ਼ ਘੁਰਨਿਆਂ ਵਿਚ ਪਰਤਦੇ ਹਨ।
ਘਰ, ਉਹ ਥਾਂ ਜਿਸ ਸਦਕਾ ਬੰਦਾ ‘ਵਸਦਾ’ ਹੈ। ਵਸਣਾ ਸਦਾ ਕਿਸੇ ਥਾਂ ਨਾਲ ਜੁੜਿਆ ਹੈ। ਘਰ ਉਸੇ ਥਾਂ ਬਣਿਆ ਹੁੰਦਾ ਹੈ।
ਲੁਧਿਆਣਾ ਦੇ ਜਿਸ ਘਰ ਜੰਮਿਆ ਪਲਿਆ ਸਾਂ, ਉਹ ਕਈ ਵਰ੍ਹੇ ਪਹਿਲਾਂ ਛੁੱਟ ਗਿਆ। ਉਸ ਮਗਰੋਂ ਜੋ ਮਕਾਨ ਪਟਿਆਲੇ ਖਰੀਦਿਆ, ਉਹ ਵੀ ਵਿਕ ਗਿਆ, ਜਦੋਂ ਮੇਰੇ ਪਿਤਾ ਜੀ ਮੇਰੇ ਕੋਲ ਕੈਨੇਡਾ ਆ ਕੇ ਰਹਿਣ ਲੱਗੇ।
ਹੁਣ ਮੇਰੇ ਕੋਲ ਕੈਨੇਡਾ ਵਿਚ ‘ਘਰ’ ਹੈ। ਫਿਰ ਵੀ ਮੈਂ ਕਿਉਂ ਆਖ ਰਿਹਾ ਹਾਂ, ‘ਮੈਂ ਘਰ ਜਾ ਰਿਹਾ ਹਾਂ।’ ਭੌਤਿਕ ਅਰਥਾਂ ਵਿਚ ਮੇਰੇ ਕੋਲ ਪੰਜਾਬ ਵਿਚ ਕਿਸੇ ਥਾਂ ‘ਤੇ ਉਸਰਿਆ ਕੋਈ ਘਰ ਨਹੀਂ।
ਹੁਣ ਤਾਂ ਭੈਣ-ਭਰਾ, ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਘਰ ਹਨ। ਉਹ ਪਿਆਰ ਨਾਲ ਆਖਦੇ ਹਨ, ‘ਇਹ ਵੀ ਤੇਰਾ ਆਪਣਾ ਹੀ ਘਰ ਹੈ।’ ਉਹ ਝੂਠ ਨਹੀਂ ਬੋਲਦੇ ਪਰ ‘ਆਪਣਾ ਘਰ’ ਅਤੇ ‘ਵੀ ਆਪਣਾ ਘਰ’ ਵਿਚ ਜੋ ਫਰਕ ਹੈ, ਉਹ ਮੇਰੇ ਅਚੇਤ ਨੂੰ ਪਤਾ ਹੈ।
ਮਿੱਤਰਾਂ ਪਿਆਰਿਆਂ ਦੇ ਘਰਾਂ ਵਿਚ ਰਿਹਾ ਜਾ ਸਕਦਾ ਹੈ, ਪਰ ਇਕ ਅਰਸੇ ਤੋਂ ਵੱਧ ਨਹੀਂ। ਹਮੇਸ਼ਾ ਤਾਂ ਬੰਦਾ ‘ਆਪਣੇ’ ਘਰ ਵਿਚ ਹੀ ਰਹਿ ਸਕਦਾ ਹੈ।
ਕਿਤੇ ਵੀ ਰਹਿਣ ਦਾ ਮੁੱਲ ਦੇਣਾ ਪੈਂਦਾ ਹੈ। ਆਪਣੇ ਘਰ ਦਾ ਕਿਰਾਇਆ, ਕਰਜ਼ਾ ਜਾਂ ਟੈਕਸ ਦੇਣਾ ਹੁੰਦਾ ਹੈ। ਦੋਸਤਾਂ ਰਿਸ਼ਤੇਦਾਰਾਂ ਦੀ ‘ਰਹਿਣ ਦੇਣ’ ਦੀ ਮਿਹਰਬਾਨੀ ਦਾ ਮੁੱਲ ਮੋੜਨਾ ਹੁੰਦਾ ਹੈ, ਪਰ ਮੁੱਲ ਮੋੜ ਕੇ ਵੀ ਉਨ੍ਹਾਂ ਦਾ ਘਰ ਓਵੇਂ ‘ਆਪਣਾ’ ਨਹੀਂ ਹੁੰਦਾ, ਜਿਵੇਂ ‘ਆਪਣਾ ਘਰ’ ਆਪਣਾ ਹੁੰਦਾ ਹੈ।
ਪਰ ਇਹ ਵੀ ਸੱਚ ਹੈ ਕਿ ਜ਼ਿੰਦਗੀ ਵਿਚ ਕਿੰਨੀ ਹੀ ਵਾਰੀ ਮੈਨੂੰ ਆਪਣੇ ਨਾਲੋਂ ਦੋਸਤਾਂ ਦਾ ਘਰ ਵੱਧ ਆਪਣਾ ਲਗਦਾ ਰਿਹਾ ਹੈ।
ਕੁਝ ਅਰਥਾਂ ਵਿਚ ਦੋਸਤਾਂ ਦਾ ਘਰ ਵੱਧ ‘ਆਪਣਾ’ ਹੁੰਦਾ ਹੈ, ਕਈ ਤਰੀਕਿਆਂ ਨਾਲ ਆਪਣਾ ਘਰ ਵੱਧ ‘ਆਪਣਾ’। ਉਹ ਘਰ ਕਿਹੜਾ ਤੇ ਕਿਥੇ ਹੈ, ਜੋ ਹਰ ਅਰਥ ਵਿਚ ਆਪਣਾ ਹੋਵੇ…।

ਉਹ ਘਰ, ਜਿਥੋਂ ਮੈਨੂੰ ਕੋਈ ਨਾ ਕੱਢ ਸਕੇ, ਮੈਨੂੰ ਆਪਣਾ ਲਗਦਾ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਕੋਈ ਪੁੱਛਦਾ ਹੈ, ‘ਕਿਥੇ ਜਾ ਰਿਹਾ ਹੈਂ’ ਤਾਂ ਮੈਂ ਕਹਿੰਦਾ ਹਾਂ, ‘ਘਰ ਜਾ ਰਿਹਾ ਹਾਂ।’ ਪੰਜਾਬ ਆਪਣਾ ਘਰ ਲਗਦਾ ਹੈ। ਇਥੋਂ ਮੈਨੂੰ ਕੋਈ ਨਹੀਂ ਕੱਢ ਸਕਦਾ।
ਇਹ ਗੱਲ ਸੋਚਦਿਆਂ ‘ਘਰ’ ਦੇ ਅਰਥ ਬਦਲ ਰਹੇ ਹਨ। ਘਰ ਚਾਰ ਕੰਧਾਂ ‘ਚੋਂ ਨਿਕਲ ਕੇ ਵੱਡੇ ਕਿਤੇ ਵਿਚ ਫੈਲਣ ਲੱਗਾ ਹੈ।
ਜਦ ਮੈਂ ਕੈਨੇਡਾ ਰਹਿੰਦਿਆਂ ਆਖਦਾ ਹਾਂ ਕਿ ਮੈਂ ‘ਘਰ’ ਜਾ ਰਿਹਾ ਹਾਂ, ਤਾਂ ਮੈਂ ਕਹਿ ਰਿਹਾ ਹਾਂ, ਕੈਨੇਡਾ ਮੇਰਾ ਘਰ ਨਹੀਂ।
ਕੈਨੇਡਾ ਰਹਿੰਦਿਆਂ ਪੰਦਰਾਂ ਸਾਲ ਹੋ ਜਾਣ ਦੇ ਬਾਵਜੂਦ ਕਿਤੇ ਅਚੇਤ ਵਿਚ ਇਹ ਗੱਲ ਬੈਠੀ ਹੋਈ ਹੈ, ਇਹ ਥਾਂ ਮੇਰੀ ਨਹੀਂ। ਮੇਰੇ ਅੰਦਰ ਇਥੋਂ ਕੱਢੇ ਜਾਣ ਦਾ ਅਣਦਿਸਦਾ ਡਰ ਹੈ। ਕਦੇ ਵੀ ਕਿਹਾ ਜਾ ਸਕਦਾ ਹੈ, ਤੂੰ ਬਾਹਰੋਂ ਆਇਆ ਸੀ…।
ਹਰ ਬੰਦਾ ਕਿਸੇ ਹੋਰ ਥਾਂ ਤੋਂ ਹੀ ਆਉਂਦਾ ਹੈ, ਪਰ ‘ਪਹਿਲਾਂ’ ਆਉਣ ਵਾਲੇ ਉਸ ‘ਥਾਂ’ ਨੂੰ ‘ਆਪਣਾ’ ਸਮਝਦੇ ਹਨ। ‘ਪਿੱਛੋਂ’ ਆਉਣ ਨਾਲ ‘ਆਪਣੇ’ ਹੋਣ ਦਾ ਹੱਕ ਗੁਆਚ ਜਾਂਦਾ ਹੈ। ਕੁਝ ਹਜ਼ਾਰ ਸਾਲ ਪਹਿਲਾਂ ਕੈਨੇਡਾ ਦੀ ਧਰਤੀ ‘ਤੇ ਆ ਵੱਸੇ ‘ਨੇਟਿਵ ਇੰਡੀਅਨ’ ਲਈ ਇਹ ਥਾਂ ਗੋਰੇ ਦੀ ਨਹੀਂ। ਗੋਰੇ ‘ਪਰਵਾਸੀ’ ਨੇ ਉਸ ਕੋਲੋਂ ‘ਉਸ ਦੀ’ ਧਰਤੀ ‘ਤੇ ਵਾਹੀ ਕਰਨ, ਮੱਛੀਆਂ ਫੜਨ, ਖੇਤੀ ਕਰਨ ਦਾ ਹੱਕ ਖੋਹ ਲਿਆ ਹੈ।
ਕੁਝ ਸੌ ਸਾਲ ਪਹਿਲਾਂ ਆਏ ਗੋਰੇ ਲਈ, ਕੁਝ ਮਹੀਨੇ ਪਹਿਲਾਂ ਆਇਆ ਹਿੰਦੁਸਤਾਨੀ ‘ਬਾਹਰਲਾ’ ਹੈ: ਕੈਨੇਡਾ ਉਸ ਦਾ ‘ਘਰ’ ਨਹੀਂ। ਜਦੋਂ ਡਾਕਟਰੇਟ ਦੀ ਡਿਗਰੀ ਕਰਨ 1991 ਵਿਚ ਕੈਨੇਡਾ ਗਿਆਂ ਮੈਨੂੰ ਸਿਰਫ ਦੋ ਮਹੀਨੇ ਹੋਏ ਸਨ, ਮੈਨੂੰ ਮੇਰੇ ਗਾਈਡ ਡਾਕਟਰ ਮੈਕਡੌਨਲਡ ਨੇ ਆਖਿਆ,
“ਮੈਂ ਚਾਹੁੰਦਾ ਹਾਂ, ਤੂੰ ਡਿਗਰੀ ਕਰਕੇ ਵਾਪਸ ਹਿੰਦੁਸਤਾਨ ਚਲਾ ਜਾਵੇਂ। ਇਹ ਗਿਆਨ ਉਥੇ ਪੜ੍ਹਾਉਣ ਲਈ ਵਰਤ। ਹਿੰਦੁਸਤਾਨੀਆਂ ਦਾ ਕੈਨੇਡਾ ਆ ਕੇ ਰਹਿਣਾ ਮੈਨੂੰ ਪਸੰਦ ਨਹੀਂ। ਮੈਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਉਥੇ ਮੁਸ਼ਕਿਲ ਹੈ, ਪਰ ਕੁਝ ਹਜ਼ਾਰ ਲੋਕਾਂ ਨੂੰ ਕੈਨੇਡਾ ਲਿਆ ਕੇ ਅਸੀਂ ਸਾਰੇ ਮੁਲਕ ਦੀ ਸਮੱਸਿਆ ਨਹੀਂ ਹੱਲ ਕਰ ਸਕਦੇ। ਆਪਣੀਆਂ ਸਮੱਸਿਆਵਾਂ ਆਪੇ ਹੱਲ ਕਰੋ। ਅਸੀਂ ਮਦਦ ਲਈ ਤਿਆਰ ਹਾਂ, ਇੰਪੋਰਟ ਕਰਨ ਲਈ ਨਹੀਂ।”
“ਤੁਸੀਂ ਲੋਕ ਇਸ ਲਈ ਆਉਂਦੇ ਹੋ ਕਿ ਤੁਹਾਨੂੰ ਆਪਣਾ ਮੁਲਕ ਪਸੰਦ ਨਹੀਂ ਪਰ ਉਸ ਦੀ ਸੰਸਕ੍ਰਿਤੀ (ਸਭਿਆਚਾਰ) ਨਾਲ ਹੀ ਚੁੱਕੀ ਲਿਆਉਂਦੇ ਹੋ। ਮੈਂ ਇਸਾਈ ਹਾਂ। ਮੇਰੇ ਬੱਚੇ ਦੇ ਸਕੂਲ ਵਿਚ ਹੁੰਦੀ ਇਸਾਈ ਪ੍ਰਾਰਥਨਾ ਇਸ ਲਈ ਬੰਦ ਹੋ ਗਈ ਕਿ ਪਰਵਾਸੀ ਲੋਕਾਂ ਨੇ ਰੌਲਾ ਪਾਇਆ, ਉਹ ਦੂਜੇ ਧਰਮ ਦੇ ਹਨ, ਉਹ ਕਿਉਂ ਪ੍ਰਾਰਥਨਾ ਕਰਨ? ਮੈਂ ਆਪਣੇ ਮੁਲਕ ਵਿਚ ਇਸਾਈ ਧਰਮ ਨਹੀਂ ਪਾਲ ਸਕਦਾ ਤਾਂ ਕਿਥੇ ਜਾ ਕੇ ਪਾਲਾਂ? ਹਿੰਦੁਸਤਾਨ ਵਿਚ?”
ਉਹ ਕਹਿ ਰਿਹਾ ਹੈ: ਤੂੰ ਮੈਨੂੰ ਮੇਰੇ ‘ਘਰ’ ਵਿਚ ਮੇਰੀ ਮਰਜ਼ੀ ਨਾਲ ਨਹੀਂ ਰਹਿਣ ਦੇ ਰਿਹਾ। ਤੂੰ ਮੇਰਾ ਘਰ ਖੋਹ ਰਿਹਾ ਹੈਂ…।
ਮੈਨੂੰ ਲਗਦਾ ਹੈ: ਮੈਂ ਆਪਣੀ ਮਰਜ਼ੀ ਨਾਲ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ। ਜਿਥੇ ਮੈਂ ਆਪਣੀ ਮਰਜ਼ੀ ਨਾਲ ਨਾ ਰਹਿ ਸਕਾਂ, ਉਹ ਥਾਂ ‘ਮੇਰਾ ਘਰ’ ਕਿਵੇਂ ਹੋ ਸਕਦੀ ਹੈ? ਅਸੀਂ ਦੋ ਜਣੇ ਇਕੋ ਘਰ ਵਿਚ ਆਪੋ ਆਪਣੀ ਮਰਜ਼ੀ ਨਾਲ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ।
‘ਆਪਣੇ ਘਰ’ ਦੀ ਪਰਿਭਾਸ਼ਾ ਫਿਰ ਬਦਲ ਰਹੀ ਹੈ।
‘ਆਪਣਾ ਘਰ’ ਉਹ ਹੈ, ਜਿਥੇ ਮੈਂ ਮਰਜ਼ੀ ਨਾਲ ਜੀਅ ਸਕਾਂ। ਜੋ ਮਰਜ਼ੀ ਖਾਵਾਂ ਪਕਾਵਾਂ, ਭਾਵੇਂ ਭੁੱਖਾ ਰਹਾਂ। ਕੱਪੜੇ ਪਾਵਾਂ ਜਾਂ ਨੰਗਾ ਫਿਰਾਂ। ਕੂਕਾਂ ਮਾਰਾਂ, ਚੁੱਪ ਰਹਾਂ, ਭਾਵੇਂ ਸ਼ਾਸਤਰੀ ਸੰਗੀਤ ਸੁਣਾਂ। ਜਿਸ ਨੂੰ ਜੀਅ ਕਰੇ ਸੱਦਾਂ, ਜੀਅ ਕਰੇ ਬੂਹਾ ਢੋਅ ਲਵਾਂ।
ਅਜਿਹੇ ਅਰਥਾਂ ਦਾ ‘ਆਪਣਾ ਘਰ’ ਤਾਂ ਸ਼ਾਇਦ ਕਿਧਰੇ ਨਹੀਂ ਹੁੰਦਾ। ਮਰਦ ਦੀ ਮਰਜ਼ੀ ਔਰਤ ਨਾਲੋਂ ਵੱਖਰੀ ਹੈ, ਬੱਚੇ ਦੀ ਮਾਂ-ਪਿਉ ਨਾਲੋਂ। ਘਰ ਦੇ ਜਾਨਵਰ ਦੀ ਮਰਜ਼ੀ ਬੰਦਿਆਂ ਨਾਲੋਂ ਵੱਖਰੀ ਹੈ।
ਦਸ ਹਜ਼ਾਰ ਸਾਲਾਂ ਦੀ ਯਾਤਰਾ ਮਗਰੋਂ ਵੀ ਮਨੁੱਖੀ ਸਭਿਅਤਾ ਅਜੇ ਅਜਿਹੇ ਮੁਕਾਮ ਤਾਈਂ ਨਹੀਂ ਅੱਪੜੀ, ਜਿਥੇ ਦੋ ਜਣੇ ‘ਆਪੋ ਆਪਣੀ ਮਰਜ਼ੀ’ ਨਾਲ ‘ਇੱਕੋ ਛੱਤ’ ਹੇਠਾਂ ਰਹਿ ਸਕਣ। ਸ਼ਾਇਦ ਇਹ ਵੀ ਕਾਰਨ ਹੈ ਕਿ ਧਰਤੀ ਉਤੇ ਘਰਾਂ ਦੀ ਇੰਨੀ ਤੰਗੀ ਹੈ। ਹਰ ਕਿਸੇ ਨੂੰ ‘ਆਪਣਾ ਘਰ’, ‘ਆਪਣੀ ਮਰਜ਼ੀ ਦਾ ਘਰ’ ਚਾਹੀਦਾ ਹੈ।

ਡਾਕਟਰ ਮੈਕਡੌਨਲਡ ਨੂੰ ਲਗਦਾ ਹੈ, ਮੈਂ ਉਸ ਦਾ ‘ਘਰ’ ਖੋਹ ਰਿਹਾ ਹਾਂ, ਪਰ ਹਰ ਗੋਰਾ ਬੰਦਾ ਇਉਂ ਨਹੀਂ ਸੋਚਦਾ। ਦੋ ਮਹੀਨੇ ਪਹਿਲਾਂ ਮਾਂਟਰੀਆਲ ਤੋਂ ਟੋਰਾਂਟੋ ਆਉਂਦਿਆਂ ਮੇਰੇ ਨਾਲ ਬੈਠੇ ਇਕ ਗੋਰੇ ਵਕੀਲ ਨੇ ਆਖਿਆ, “ਮੈਂ ਤੇਰੇ ਵਰਗੇ ਪਰਵਾਸੀਆਂ ਦਾ ਦੋ ਗੱਲਾਂ ਲਈ ਦੇਣਦਾਰ ਹਾਂ। ਪਹਿਲੀ, ਉਹ ਆਉਂਦੇ ਹਨ ਤਾਂ ਘਰ, ਕਾਰ, ਸਾਮਾਨ ਖਰੀਦਦੇ ਹਨ, ਜਿਸ ਨਾਲ ਕਾਰੋਬਾਰ ਤੁਰਦਾ ਹੈ। ਉਹ ਕਮਾਉਂਦੇ ਹਨ ਤਾਂ ਟੈਕਸ ਦਿੰਦੇ ਹਨ। ਇਸ ਨਾਲ ਸਰਕਾਰ ਚਲਦੀ ਹੈ, ਸਹੂਲਤਾਂ ਪੈਦਾ ਹੁੰਦੀਆਂ ਹਨ।”
“ਦੂਜੀ, ਅਮਰੀਕਾ ਧੱਕੇਸ਼ਾਹੀ ਨਾਲ ਸਭ ਨੂੰ ਖਾਸ ਤਰੀਕੇ ਨਾਲ ਜੀਣ ਲਈ ਮਜਬੂਰ ਕਰ ਰਿਹਾ ਹੈ। ਉਸ ਦੇ ਗੁਆਂਢ, ਪਰਛਾਵੇਂ ਅਤੇ ਆਰਥਕ ਤਾਕਤ ਹੇਠ ਕੈਨੇਡਾ ਦੇ ਅਮਰੀਕੀ ਕਾਲੋਨੀ ਬਣ ਜਾਣ ਦਾ ਡਰ ਹੈ।
ਅਮਰੀਕਾ ਵਿਚ ਹਰ ਬੰਦੇ ਨੂੰ ਆਪਣੀ ਪਛਾਣ ਭੁਲਾ ਕੇ ‘ਅਮਰੀਕੀ’ ਹੋ ਕੇ ਰਹਿਣ ਦੀ ਸ਼ਰਤ ਹੈ। ਕੈਨੇਡਾ ਆਉਂਦਾ ਪਰਵਾਸੀ ਆਪਣੇ ਸਭਿਆਚਾਰ ਦਾ ਰੰਗ ਸੰਭਾਲ ਕੇ ਰੱਖਦਾ ਹੈ। ਮੈਨੂੰ ਧਰਤੀ ਬਹੁ-ਰੰਗੀ ਚੰਗੀ ਲਗਦੀ ਹੈ। ਪਰਵਾਸੀਆਂ ਕਰਕੇ ਕੈਨੇਡਾ ਅਮਰੀਕਾ ਵਰਗਾ ਬਣਨ ਤੋਂ ਬਚਿਆ ਹੋਇਆ ਹੈ।”
ਉਸ ਗੋਰੇ ਬੰਦੇ ਨੂੰ ਮੇਰੇ ਕਰਕੇ ‘ਆਪਣਾ ਘਰ’ ਵਧ ਆਪਣਾ ਲਗਦਾ ਸੀ।

ਪਰ ਮੈਨੂੰ ਹਾਲੇ ਤਾਈਂ ਕੈਨੇਡਾ ਆਪਣਾ ਘਰ ਕਿਉਂ ਨਹੀਂ ਲਗਦਾ? ਕੀ ਮੈਂ ਆਪ ਵੀ ਇਹੀ ਸੋਚਦਾ ਹਾਂ ਕਿ ਮੈਂ ‘ਬਾਹਰੋਂ’ ਆਇਆ ਹਾਂ? ਕੀ ਮੈਂ ਵਾਰ-ਵਾਰ ਸੁਣੀ ਗੱਲ ਨੂੰ ਦਿਲ ‘ਤੇ ਲਾ ਲਿਆ ਹੈ? ਇਹ ਸੋਚ ਕੇ ਮੈਂ ਉਨ੍ਹਾਂ ਦੀ ਹੀ ਪ੍ਰੋੜ੍ਹਤਾ ਅਤੇ ਮਦਦ ਕਰਦਾ ਹਾਂ, ਜੋ ਮੇਰੇ ਨਾਲ ਵਿਤਕਰਾ ਕਰਦੇ ਹਨ। ਮੈਂ ਆਪ ਨੂੰ ਹੀ ਘਰੋਂ ਕੱਢ ਰਿਹਾ ਹਾਂ।
ਕੀ ਮੈਨੂੰ ਆਪਣਾ ਆਪ ਇਸ ਲਈ ‘ਬਾਹਰਲਾ’ ਲਗਦਾ ਹੈ ਕਿ ਮੈਂ ਪੱਗ ਬੰਨ੍ਹਦਾ ਹਾਂ? ਦੂਜਿਆਂ ਤੋਂ ਵੱਖਰਾ ਨਜ਼ਰ ਆਉਂਦਾ ਹਾਂ? ਬੜੇ ਪਰਵਾਸੀ ਰਵਾਇਤੀ ਚਿੰਨ੍ਹਾਂ ਨੂੰ ਇਸੇ ਲਈ ਤਿਲਾਂਜਲੀ ਦਿੰਦੇ ਹਨ ਕਿ ਉਹ ਨਵੇਂ ‘ਘਰ’ ਦਾ ਹਿੱਸਾ ਬਣ ਸਕਣ। ਕੀ ਮਜਬੂਰ ਹੋ ਕੇ ਜੀਣ ਵਾਲੀ ਥਾਂ ਨੂੰ ‘ਆਪਣਾ ਘਰ’ ਸਮਝਿਆ ਜਾ ਸਕਦਾ ਹੈ?
ਮੈਂ ਸੋਚਦਾ ਹਾਂ, ਘਰ ਉਹ ਹੈ, ਜਿਥੇ ਮੈਂ ਆਪਣੀ ਮਰਜ਼ੀ ਨਾਲ ਰਹਿ ਸਕਾਂ। ਘਰ ਵਿਚ ਸਦਾ ਕੋਈ ਹੋਰ ਹੁੰਦਾ ਹੈ। ਬੰਦਾ ਨਹੀਂ ਤਾਂ ਜਾਨਵਰ ਹੁੰਦਾ ਹੈ। ਭਾਂਡੇ ਟੀਂਡੇ, ਕੱਪੜੇ, ਕਿਤਾਬਾਂ, ਸੰਗੀਤ ਆਦਿ ਤਾਂ ਹੁੰਦੇ ਹੀ ਹਨ। ਕੋਈ ਵੀ ‘ਦੂਜਾ’ ਹੋਏ, ਉਸ ਦੀ ਵੀ ਮਰਜ਼ੀ ਜਾਂ ਲੋੜ ਹੋਏਗੀ। ਘਰ ਵਿਚ ਪਈ ਕੁਰਸੀ ਨੂੰ ਕਿਸੇ ਥਾਂ ‘ਤੇ ਰੱਖਣ, ਸਿੱਧੀ ਰੱਖਣ, ਝਾੜਨ ਪੂੰਝਣ ਦੀ ਲੋੜ ਹੈ।
ਮੇਰੀ ਮਰਜ਼ੀ ਸਿਰਫ ਉਦੋਂ ਹੋਏਗੀ, ਜਦੋਂ ਮੈਂ ਘਰ ਵਿਚ ਇਕੱਲਾ ਰਹਿੰਦਾ ਹੋਵਾਂ ਪਰ ਇਕੱਲੇ ਬੰਦੇ ਨਾਲ ਘਰ ਨਹੀਂ ਬਣਦਾ।
ਘਰ ਦੀ ਪਰਿਭਾਸ਼ਾ ਫਿਰ ਬਦਲ ਰਹੀ ਹੈ। ‘ਆਪਣਾ ਘਰ’ ਉਹ ਨਹੀਂ, ਜਿਥੇ ਮੈਂ ਆਪਣੀ ਮਰਜ਼ੀ ਨਾਲ ਰਹਿ ਸਕਾਂ। ਘਰ ਉਹ ਹੈ, ਜਿਥੇ ਮੈਂ ਜਿਵੇਂ ਰਹਾਂ, ਜਿਵੇਂ ਹੋਵਾਂ, ਸਵੀਕਾਰ ਹੋਵਾਂ।
ਆਖਦੇ ਹਨ, ਘਰ ਮਾਂਵਾਂ ਨਾਲ ਹੁੰਦੇ ਹਨ। ਸ਼ਾਇਦ ਇਸੇ ਲਈ ਹੁੰਦੇ ਹਨ ਕਿ ਮਾਂਵਾਂ ਬੱਚਿਆਂ ਨੂੰ, ਜਿਵੇਂ ਉਹ ਹੁੰਦੇ ਹਨ, ਉਵੇਂ ਸਵੀਕਾਰ ਕਰਦੀਆਂ ਹਨ। ਬੱਚੇ ਦੀ ਗਲਤੀ ਜਾਂ ਬੁਰਾਈ ਨੂੰ ਅਸਵੀਕਾਰ ਕਰਦਿਆਂ ਵੀ ਬੱਚੇ ਦਾ ਸਵੀਕਾਰ ਕਾਇਮ ਰੱਖਦੀਆਂ ਹਨ।
ਜਦੋਂ ਮੈਂ ਕਿਸੇ ਨੂੰ, ਜਿਵੇਂ ਉਹ ਹੈ, ਸਵੀਕਾਰ ਨਹੀਂ ਕਰਦਾ ਤਾਂ ਮੈਂ ਉਸ ਕੋਲੋਂ ਉਸ ਦਾ ‘ਘਰ’ ਖੋਂਹਦਾ ਹਾਂ। ਇਹ ਕੋਈ ਵੀ ਹੋ ਸਕਦਾ ਹੈ-ਮੇਰਾ ਬੱਚਾ, ਮਿੱਤਰ, ਸਾਥੀ ਜਾਂ ਸੜਕ ‘ਤੇ ਜਾਂਦਾ ਓਪਰਾ ਬੰਦਾ।
ਘਰ ਖੋਹਣ ਲਈ ਕਿਸੇ ਨੂੰ ਉਸ ਦੀ ‘ਥਾਂ’ ਤੋਂ ਕੱਢਣਾ ਜ਼ਰੂਰੀ ਨਹੀਂ, ਉਸ ਨੂੰ ‘ਥਾਂ’ ਨਾ ਦੇਣਾ ਹੀ ਉਸ ਨੂੰ ਨਿਥਾਵਾਂ ਕਰ ਦਿੰਦਾ ਹੈ। ਥਾਂ ਸਦਾ ਦਿਸਦੀ ਨਹੀਂ।
ਜਦੋਂ ਮੈਂ ਡਾਕਟਰ ਮੈਕਡੌਨਲਡ ਦੀ ਇਸਾਈ ਪ੍ਰਾਰਥਨਾ ਸਵੀਕਾਰ ਨਹੀਂ ਕਰਦਾ, ਮੈਂ ਉਸ ਨੂੰ ਬੇਘਰ ਕਰਦਾ ਹਾਂ। ਜਦੋਂ ਮੈਂ ਕਿਸੇ ਬਿਹਾਰੀ ਬੰਦੇ ਦਾ ਗਾੜ੍ਹਾ ਰੰਗ ਸਵੀਕਾਰ ਨਹੀਂ ਕਰਦਾ, ਮੈਂ ਉਸ ਨੂੰ ਨਿਥਾਵਾਂ ਕਰਦਾ ਹਾਂ, ਭਾਵੇਂ ਉਹ ਸਾਰੀ ਉਮਰ ਮੇਰੇ ਗੁਆਂਢ ਵਿਚ ਮਕਾਨ ਬਣਾ ਕੇ ਰਹੀ ਜਾਵੇ।

ਮੈਨੂੰ ਅਚੇਤ ਤੌਰ ‘ਤੇ ਲਗਦਾ ਹੈ, ਮੈਂ ‘ਬਾਹਰੋਂ’ ਆਇਆ ਹਾਂ। ਮੇਰੇ ਜਾਣਕਾਰ ਪੰਜਾਬੀ ਸਿੱਖ ਦਾ ਬੇਟਾ, ਜੌਨ ਬਾਹਰੋਂ ਨਹੀਂ ਆਇਆ।
‘ਜੌਨ’ ਉਸ ਦਾ ‘ਕੈਨੇਡੀਅਨ’ ਨਾਂ ਹੈ, ਅਸਲੀ ਨਾਮ ਯੁਵਰਾਜ ਸਿੰਘ ਹੈ।
ਉਸ ਦਾ ਅੰਗਰੇਜ਼ੀ ਉਚਾਰਨ ਸ਼ੁੱਧ ਕੈਨੇਡੀਅਨ ਹੈ। ਯੂਨੀਵਰਸਿਟੀ ਵਿਚ ਪੜ੍ਹਦਾ ਹੈ। ਪੰਜਾਬੀ ਘੱਟ ਵੱਧ ਹੀ ਬੋਲਦਾ ਹੈ। ਮਾਸ ਬਿਨਾ ਰੋਟੀ ਨਹੀਂ ਖਾਂਦਾ। ਗੋਰਿਆਂ ਵਰਗੇ ਕੱਪੜੇ ਪਾਉਂਦਾ, ਆਈਸ ਹਾਕੀ ਅਤੇ ਬੇਸਬਾਲ ਚਾਅ ਨਾਲ ਦੇਖਦਾ ਹੈ। ਅੰਗਰੇਜ਼ੀ ਗਾਣੇ ਸ਼ੌਕ ਨਾਲ ਸੁਣਦਾ ਹੈ। ਜੌਨ ਸਭਿਅਕ ਅਤੇ ਜ਼ਿੰਮੇਵਾਰ ਮੁੰਡਾ ਹੈ। ਮੈਂ ਉਸ ਨੂੰ ਪੁੱਛਿਆ, ‘ਤੇਰੇ ਦੋਸਤ ਕਿਹੜੇ ਹਨ?’ ਬੋਲਿਆ, ‘ਮੇਰੇ ਵਰਗੇ ਦੇਸੀ ਮੁੰਡੇ।’
ਦੇਸੀ ਦਾ ਅਰਥ ਕੈਨੇਡੀਅਨ ਨਹੀਂ। ਏਥੇ ਜੰਮ ਪਲ ਕੇ ਵੀ ਕੈਨੇਡਾ ਜੌਨ ਦਾ ‘ਦੇਸ’ ਨਹੀਂ ਬਣਿਆ। ਮੈਂ ਪੁੱਛਿਆ, ‘ਗੋਰੇ ਲੜਕਿਆਂ ਨਾਲ ਦੋਸਤੀ ਨਹੀਂ ਹੁੰਦੀ?’
‘ਮੇਰਾ ਰੰਗ ਪੱਕਾ ਹੈ। ਉਹ ਸਾਨੂੰ ਆਪਣੇ ਵਿਚ ਨਹੀਂ ਰਲਾਉਂਦੇ।’
‘ਤੂੰ ਕਿਥੇ ਰਹਿਣਾ ਚਾਹੇਂਗਾ?’
‘ਇੰਗਲੈਂਡ ਜਾਂ ਬੰਬਈ ਵਿਚ!’
‘ਕੀ ਕੈਨੇਡਾ ਤੈਨੂੰ ਆਪਣਾ ਘਰ ਨਹੀਂ ਲਗਦਾ?’
‘ਨਹੀਂ। ਮੇਰੇ ਚਾਹੁਣ ਨਾਲ ਕੋਈ ਮੇਰਾ ਤਾਂ ਨਹੀਂ ਹੋ ਜਾਂਦਾ…।’
ਕੈਨੇਡੀਅਨ ਕਾਨੂੰਨ ਮੁਤਾਬਕ ਉਹ ‘ਜਨਮ-ਜਾਤ’ ਕੈਨੇਡੀਅਨ ਹੈ। ‘ਜਨਮ-ਸਿੱਧ’ ਵੱਡਾ ਹੱਕ ਹੈ। ਜਨਮ ਦੇਣ ਕਰਕੇ ਹੀ ਮਾਂ ਮੇਰੀ ਹੈ। ਜਨਮ ਹੋਣ ਕਰਕੇ ਮੇਰੀ ਜਨਮ-ਤਿਥੀ ਹੈ, ਜਨਮ-ਭੂਮੀ ਹੈ, ਮਾਂ-ਬੋਲੀ ਹੈ, ਮੇਰਾ ਸੁਭਾਵਕ ਮੁਲਕ ਹੈ ਪਰ ਜੌਨ ਦੀ ‘ਬਾਹਰਲਾ’ ਹੋਣ ਦੀ ਭਾਵਨਾ ਕੈਨੇਡਾ ਜੰਮ ਪਲ ਕੇ ਵੀ ਮੌਜੂਦ ਹੈ।
ਜੌਨ ਕੈਨੇਡਾ ਰਹਿਣ ਵਾਲੀ ਦੂਜੀ ਪੁਸ਼ਤ ਹੈ। ਜੌਨ ਵਿਚੋਂ ਪੰਜਾਬੀ ਨਾਂ ਅਤੇ ਬੋਲੀ ਲਗਭਗ ਗੁਆਚ ਗਏ ਹਨ। “ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥” ਕੁਝ ਰਿਸ਼ਤੇ ਅਤੇ ਇਤਿਹਾਸ ਹਾਲੇ ਬਚਿਆ ਹੈ।
ਸਮਾਜ ਵਿਗਿਆਨੀਆਂ ਮੁਤਾਬਕ ਚਾਰ ਪੁਸ਼ਤਾਂ ਵਿਚ ਬੰਦੇ ਦੂਜੇ ਸਭਿਆਚਾਰ ਵਿਚ ਪੂਰੀ ਤਰ੍ਹਾਂ ਘੁਲ ਮਿਲ ਜਾਂਦੇ ਹਨ। ਜੌਨ ਦੇ ਪੋਤਰਿਆਂ ਵਿਚੋਂ ਪੰਜਾਬ ਪੂਰੀ ਤਰ੍ਹਾਂ ਮਨਫੀ ਹੋ ਜਾਣ ਦੀ ਸੰਭਾਵਨਾ ਹੈ। ਫਿਰ ਕੈਨੇਡਾ ਉਨ੍ਹਾਂ ਦਾ ‘ਘਰ’ ਹੋਏਗਾ। ਉਹੀ ਥਾਂ, ਜੋ ਉਨ੍ਹਾਂ ਦੇ ਬਜੁਰਗਾਂ ਲਈ ‘ਆਪਣਾ ਘਰ’ ਨਹੀਂ ਸੀ।
ਕਾਮਾਗਾਟਾਮਾਰੂ ਵਾਲੇ ਬਾਬਾ ਗੁਰਦਿੱਤ ਸਿੰਘ ਲਈ ਕੈਨੇਡਾ ਓਨਾ ‘ਆਪਣਾ’ ਨਹੀਂ ਸੀ, ਜਿੰਨਾ ਜੌਨ ਦੇ ਮਾਤਾ ਪਿਤਾ, ਜਾਂ ਜੌਨ ਲਈ ਹੈ। ਇਹ ‘ਆਪਣਾਪਨ’ ਪੁਸ਼ਤਾਂ ਅਤੇ ਕਿਸ਼ਤਾਂ ਵਿਚ ਵਧਦਾ ਹੈ, ਕਮਾਉਣਾ ਪੈਂਦਾ ਹੈ। ਹਰ ਪੁਸ਼ਤ ਆਪਣਾ ‘ਪਰਾਇਆਪਨ’ ਅਤੇ ‘ਨਵੇਂ ਘਰ’ ਨੂੰ ‘ਆਪਣਾ’ ਕਰਨ ਦੇ ਯਤਨਾਂ ਦਾ ਫਲ ਵੀ ਅਗਲੀ ਪੁਸ਼ਤ ਨੂੰ ਦਿੰਦੀ ਹੈ।
ਜਦੋਂ ਮੈਂ ਬੱਚਿਆਂ ਨੂੰ ਆਪਣੇ ਅੰਦਰਲਾ ਕੈਨੇਡਾ ਵਿਚ ‘ਪਰਾਇਆ’ ਹੋਣ ਦਾ ਅਹਿਸਾਸ ਦਿੰਦਾ ਹਾਂ, ਮੈਂ ਉਨ੍ਹਾਂ ਨੂੰ, ਉਨ੍ਹਾਂ ਦੀ ‘ਆਪਣੀ’ ਜੰਮਣ ਭੌਂ ਕੈਨੇਡਾ ਦੀ ਸੁੰਦਰ ਧਰਤੀ ਤੋਂ ਥੋੜ੍ਹਾ ਜਿਹਾ ਓਪਰਾ ਕਰ ਦਿੰਦਾ ਹਾਂ। ਮੈਂ ਉਨ੍ਹਾਂ ਨੂੰ ਥੋੜ੍ਹਾ ਜਿਹਾ ਬੇਘਰ ਕਰ ਦਿੰਦਾ ਹਾਂ।
ਮੇਰਾ ਚੇਤਨ ਮਨ ਕਹਿੰਦਾ ਹੈ, “ਕੈਨੇਡਾ ਦੀ ਧਰਤੀ ਵੀ ਤਾਂ ਸੁੰਦਰ ਹੈ! ਇਹ ਤੈਨੂੰ ਆਪਣੀ ਕਿਉਂ ਨਹੀਂ ਜਾਪਦੀ? ਤੈਨੂੰ ਅੰਬ, ਟਾਹਲੀ, ਪਿੱਪਲ ਜਾਂ ਕਿੱਕਰ ਹੀ ਕਿਉਂ ਯਾਦ ਆਉਂਦੇ ਹਨ? ਤੈਨੂੰ ਮੇਪਲ, ਬਰਚ ਜਾਂ ਕ੍ਰਿਸਮਸ ਰੁੱਖ ਕਿਉਂ ਚੰਗੇ ਨਹੀਂ ਲਗਦੇ? ਤੂੰ ਪਿਛਲੇ ਦੇ ਹੇਰਵੇ ਤੋਂ ਮੁਕਤ ਕਿਉਂ ਨਹੀਂ ਹੁੰਦਾ?”
ਉਹ ਇਹ ਵੀ ਪੁੱਛਦਾ ਹੈ, “ਇਸ ਧਰਤੀ ਤੇ ਇਸ ਦੇ ਪਾਣੀਆਂ, ਪੰਛੀਆਂ, ਰੁੱਖਾਂ ਨੂੰ ਅਣਗੌਲਿਆ ਕਰਕੇ, ਇਸ ਨੂੰ ਆਪਣਾ ਨਾ ਮੰਨ ਕੇ, ਕੀ ਤੂੰ ਇਸ ਨਾਲ ਅਨਿਆਂ ਨਹੀਂ ਕਰ ਰਿਹਾ? ਤੈਨੂੰ ਇਹ ਸ਼ਿਕਾਇਤ ਕਰਨ ਦਾ ਕੀ ਹੱਕ ਹੈ ਕਿ ਇਸ ਧਰਤੀ ਦੇ ਗੋਰੇ ਵਸਨੀਕ ਤੇਰੇ ਨਾਲ ਵਿਤਕਰਾ ਕਰਦੇ ਹਨ? ਜਿਸ ‘ਘਰ’ ਨੂੰ ਤੂੰ ਆਪਣਾ ਨਹੀਂ ਮੰਨਦਾ, ਉਹ ਤੈਨੂੰ ਆਪਣਾ ਕਿਉਂ ਮੰਨੇ?”
ਮੈਂ ਧਰਤੀ ‘ਤੇ ਰਹਿੰਦਾ ਹਾਂ। ਧਰਤੀ ਮੇਰੇ ‘ਤੇ ਰਹਿੰਦੀ ਹੈ। ਧਰਤੀ ਮੇਰੀ ਥਾਂ ਹੈ। ਮੈਂ ਧਰਤੀ ਦੀ ‘ਥਾਂ’ ਹਾਂ। ਸਵੀਕਾਰ ਨਾ ਕਰਕੇ ਮੈਂ ਇਸ ਧਰਤੀ ਨੂੰ, ਇਸ ‘ਥਾਂ’ ਨੂੰ ਵੀ ਨਿਥਾਵੀਂ ਕਰ ਰਿਹਾ ਹਾਂ।

ਮੈਂ ਏਦਾਂ ਕਿਉਂ ਕਰਦਾ ਹਾਂ? ਇਹ ਜਾਣਨ ਲਈ ਮੈਂ ਬੁੱਧ ਕੋਲ ਜਾਂਦਾ ਹਾਂ। ਉਹ ਆਖਦਾ ਹੈ, “ਤੂੰ ਅਚੇਤ ਜੀਂਦਾ ਹੈਂ। ਅਚੇਤ ਮਨ ਸੰਸਕਾਰ ਹੈ, ਅਰਥਾਤ ਚੇਤਾ। ਹਰ ਬੀਤੀ ਨਿੱਕੀ ਵੱਡੀ ਘਟਨਾ ਦਾ ਤੇਰੇ ਅੰਦਰ ਚੇਤਾ ਪਿਆ ਹੈ। ਜੋ ਘਟਨਾ ਵਾਰ-ਵਾਰ ਦੁਹਰਾਈ ਜਾਂਦੀ ਹੈ, ਉਸ ਦਾ ਚੇਤਾ ਲੀਹ ਬਣ ਜਾਂਦਾ ਹੈ।”
“ਮਨ ਵਾਸਤੇ ਲੀਹ ‘ਤੇ ਤੁਰਨਾ ਆਸਾਨ ਹੈ। ਜੇ ਤੁਰਨ ਨੂੰ ਲੀਹ ਨਾ ਮਿਲੇ ਤਾਂ ਮਨ ਗੁਆਚਿਆ ਮਹਿਸੂਸ ਕਰਦਾ ਹੈ। ਇਸੇ ਲਈ ਤੈਨੂੰ ਪਰਦੇਸ ਵਿਚ ਰਹਿਣਾ ਗੁਆਚਣ ਸਮਾਨ ਲਗਦਾ ਹੈ।”
“ਤੇਰੇ ਕੋਲ ਚੋਣ ਹੈ, ਤੂੰ ਲੀਹ ‘ਤੇ ਹੀ ਤੁਰਨਾ ਹੈ ਜਾਂ ਨਵਾਂ ਰਾਹ ਲੱਭਣਾ ਹੈ? ਕਰਮ ਚੇਤੇ ਵਿਚੋਂ ਕਰਨਾ ਹੈ, ਜਾਂ ਕਰਮ ਕਰਨ ਦਾ ਤਰੀਕਾ ਇਸੇ ਪਲ ਮੁੜ ਚੁਣਨਾ ਹੈ।”
“ਬੱਚੇ ਵਰਗਾ ਹੋ ਜਾ। ਦੁਖ ਹੋਵੇ, ਰੋ ਪੈਂਦਾ ਹੈ; ਸੁਖ ਹੋਵੇ ਹੱਸ ਪੈਂਦਾ ਹੈ। ਪਿਛਲੇ ਪਲ ਦਾ ਚੇਤਾ ਸੰਭਾਲ ਕੇ ਨਹੀਂ ਰੱਖਦਾ। ਸ਼ੀਸ਼ੇ ਵਰਗਾ ਹੋ ਜਾ: ਜੋ ਸਾਹਮਣੇ ਹੈ, ਉਸ ਦਾ ਪ੍ਰਤੀਬਿੰਬ ਸੰਪੂਰਨ ਬਣਦਾ ਹੈ, ਪਰ ਸ਼ੀਸ਼ਾ ਕਿਸੇ ਪ੍ਰਤੀਬਿੰਬ ਨੂੰ ਸੰਭਾਲ ਕੇ ਨਹੀਂ ਰੱਖਦਾ।”
“ਇਸ ਰੁੱਖ ਨੂੰ ਦੇਖ, ਮਾਣ, ਪਰ ਇਸ ਦਾ ਚੇਤਾ ਨਾ ਸੰਭਾਲ। ਤਾਂ ਹੀ ਅਗਲਾ ਰੁੱਖ ਪੂਰੀ ਤਰ੍ਹਾਂ ਦੇਖ ਸਕੇਂਗਾ। ਪਿਛਲੇ ਰੁੱਖ ਵਿਚ ਨਾ ਜੀ। ਪਿਛਲੇ ਵੇਲੇ ਵਿਚ ਨਾ ਜੀਅ। ਜੀਵਨ ਤਾਂ ‘ਹੁਣ’ ਵਾਪਰ ਰਿਹਾ ਹੈ।”

ਮੈਥੋਂ ਇੰਜ ਕੀਤਾ ਨਹੀਂ ਜਾਂਦਾ। ਮੈਥੋਂ ਆਪਣੀ ਜੜ੍ਹ ਹਰ ਪਲ ਪੁੱਟ ਕੇ ਅਗਲੇ ਪਲ ਵਿਚ ਨਹੀਂ ਲਾਈ ਜਾਂਦੀ। ਉਹ ਘਰ, ਜਿਥੇ ਮੈਂ ਜੰਮਿਆ ਪਲਿਆ, ਆਪਣੇ ਵਿਚੋਂ ਮਨਫੀ ਨਹੀਂ ਕੀਤਾ ਜਾਂਦਾ। ਆਪਣੇ ਵਿਚੋਂ ਮੇਰਾ ਮੈਂ, ਹੁਣ ਤੱਕ ਦਾ ਜਮ੍ਹਾਂ ਨਿਚੋੜ, ਕੱਢਿਆ ਨਹੀਂ ਜਾਂਦਾ।
ਮੈਂ ਕਹਿੰਦਾ ਹਾਂ, ਮੈਨੂੰ ਨਵਾਂ ‘ਮੈਂ’ ਮਿਲੇ ਤਾਂ ਪਿਛਲੇ ਮੈਂ ਨੂੰ ਕੱਢਾਂ! ਬੁੱਧ ਆਖਦਾ ਹੈ, ਤੂੰ ਆਪਣੇ ਵਿਚੋਂ ਪਿਛਲਾ ‘ਮੈਂ’ ਕੱਢੇਂ ਤਾਂ ਤੈਨੂੰ ਨਵੇਂ ‘ਮੈਂ’ ਦੀ ਪ੍ਰਾਪਤੀ ਹੋਵੇ! ਭਾਂਡਾ ਖਾਲੀ ਹੋਵੇ ਤਾਂ ਉਸ ਵਿਚ ਕੁਝ ਪਵੇ!
ਬੁੱਧ ਸੱਚਾ ਹੈ, ਪਰ ਮੈਥੋਂ ਉਹਦਾ ਸੱਚ ਜੀਵਿਆ ਨਹੀਂ ਜਾਂਦਾ। ਇਸ ਬਿੰਦੂ ਤੋਂ ਅਸੀਂ ਨਿੱਖੜ ਜਾਂਦੇ ਹਾਂ। ਮੈਂ ਹੋਰ ਰਾਹ ਲੱਭਦਾ ਹਾਂ।
ਮੈਂ ਵਿਧੀ ਲੱਭਦਾ ਹਾਂ, ਜਿਸ ਨਾਲ ਮੇਰੇ ਅੰਦਰ ਵੱਸਿਆ ਘਰ, ਹਰ ਨਵੇਂ ਘਰ ਨੂੰ ਆਪਣੇ ਗੁਆਂਢ ਵਿਚ ਥਾਂ ਦੇਵੇ, ਜਾਂ ਉਹ ਨਵੇਂ ਘਰ ਵਿਚ ਸ਼ਾਮਲ ਹੋ ਜਾਵੇ। ਇਉਂ ਇਹ ਘਰ ਵਿਕਾਸ ਕਰਦਾ ਰਹੇ।
ਜੀਵਨ ਵਿਚ ਇਵੇਂ ਹੀ ਤਾਂ ਵਾਪਰਦਾ ਹੈ। ਮਾਤਾ ਪਿਤਾ ਮੁੱਕਦੇ ਹਨ, ਬੱਚਾ ਪੈਦਾ ਹੁੰਦਾ ਹੈ ਪਰ ਪਿਛਲਾ ਸਰੀਰ ਲੋਪ ਨਹੀਂ ਹੁੰਦਾ, ਉਸ ਦੇ ਗੁਣ ਨਵੇਂ ਵਿਚ ਸਮਾ ਜਾਂਦੇ ਹਨ। ਜੀਵਨ ਨਿਰੰਤਰਤਾ ਹੈ, ਮੁਕਾਮ ਨਹੀਂ। ਇਹ ਯਾਤਰਾ ਹੈ, ਸਿਰਫ ਇਕ ਥਾਂਏਂ ਗੱਡਿਆ ਘਰ ਨਹੀਂ।

ਮੈਂ ਆਪ ਹੀ ਤਾਂ ਕੈਨੇਡਾ ਆਉਣ ਦੀ ਇਹ ਯਾਤਰਾ ਚੁਣੀ ਸੀ, ਪੜ੍ਹਨ ਲਈ। ਮੇਰੇ ਵਰਗੇ ਕਿੰਨੇ ਹੀ ਲੋਕ ਪਰਦੇਸ ਜਾ ਰਹੇ ਹਨ। ਬਹੁਤ ਸਾਰੇ ਵੱਸੇ ਵਸਾਏ ਘਰਾਂ ਨੂੰ ਛੱਡ ਕੇ ਜਾ ਰਹੇ ਹਨ। ਜਾਣ ਵਾਲਿਆਂ ਦੇ ਆਪੋ ਆਪਣੇ ਕਾਰਨ ਹਨ। ਵਧੇਰੇ ਲੋਕ ਆਉਣ ਵਾਲੇ ਵੇਲੇ ਤੋਂ ਡਰੇ ਹੋਏ ਹਨ। ਕਈ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਤੋਂ ਦੁਖੀ ਹਨ। ਕੁਝ ਲਈ ਰੋਟੀ ਦਾ ਵਸੀਲਾ ਨਹੀਂ। ਕਿਸੇ ਨੂੰ ਸਰਕਾਰੀ ਜਾਂ ਅਤਿਵਾਦੀ ਖੌਫ ਹੈ। ਬਹੁਤ ਸਾਰੇ ਸਿਰਫ ਇਸੇ ਲਈ ਜਾ ਰਹੇ ਹਨ ਕਿਉਂਕਿ ਦੂਜੇ ਜਾ ਰਹੇ ਹਨ। ਅਜਿਹੇ ਲੋਕਾਂ ਨੂੰ ਪਤਾ ਨਹੀਂ, ਉਹ ਕਿਥੇ ਪਹੁੰਚਣਗੇ ਪਰ ਉਹ ਦੂਜਿਆਂ ਤੋਂ ‘ਪਛੜਨਾ’ ਨਹੀਂ ਚਾਹੁੰਦੇ।
ਪੰਜਾਬ ਵਿਚ ਰਹਿੰਦੇ ਹਰ ਬੰਦੇ ਨੂੰ ਤਾਂ ਨਹੀਂ ਪਰ ਆਮ ਬੰਦੇ ਨੂੰ ਲਗਦਾ ਹੈ, ਜੇ ਉਹ ਕੈਨੇਡਾ-ਅਮਰੀਕਾ ਨਹੀਂ ਗਿਆ ਤਾਂ ਪਛੜਿਆ ਹੋਇਆ ਹੈ।
ਪਛੜਨ ਦਾ ਅਰਥ ਥਾਂਉਂ ਥਾਂਈਂ ਬਦਲਦਾ ਰਹਿੰਦਾ ਹੈ। ਪੰਦਰਾਂ ਸਾਲ ਕੈਨੇਡਾ ਰਹਿ ਕੇ ਮੈਂ ਮਕਾਨ ਨਾ ਖਰੀਦਿਆ, ਉਥੇ ਰਹਿੰਦੇ ਵਧੇਰੇ ਪੰਜਾਬੀਆਂ ਦੇ ਮਾਪਦੰਡ ਮੁਤਾਬਕ ਮੈਂ ਵੀ ‘ਪਛੜਿਆ’ ਬੰਦਾ ਸਾਂ।
ਨੌਕਰੀ, ਪਤਨੀ, ਮਕਾਨ ਅਤੇ ਬੱਚਾ ‘ਵੱਸੇ ਹੋਣ’ ਦੇ ਚਿੰਨ੍ਹ ਹਨ। ਪੰਜ ਵਰ੍ਹੇ, ਜਦੋਂ ਮੈਂ ਕਿਰਾਏ ਦੇ ਕਮਰੇ ਜਾਂ ਮਕਾਨ ਵਿਚ ਚੈਨ ਨਾਲ ਇਕੱਲਾ ਰਹਿੰਦਾ ਸਾਂ, ਜਾਣਕਾਰਾਂ ਰਿਸ਼ਤੇਦਾਰਾਂ ਨੂੰ ਮੈਂ ‘ਉਜੜਿਆ’ ਲਗਦਾ ਸਾਂ। ਹੁਣ ਜਦੋਂ ਪਤਨੀ ਅਤੇ ਪਿਤਾ ਮੇਰੇ ਨਾਲ ਖਰੀਦੇ ਹੋਏ ਮਕਾਨ ਵਿਚ ਰਹਿੰਦੇ ਹਨ, ਉਨ੍ਹਾਂ ਮੁਤਾਬਕ ਮੈਂ ‘ਵੱਸ’ ਗਿਆ ਹਾਂ।
ਮੈਨੂੰ ਹੁਣ ਵੀ ਚੈਨ ਹੈ, ਪਰ ਉਨ੍ਹਾਂ ਵਾਸਤੇ ਇਹ (ਚੈਨ) ‘ਵੱਸੇ’ ਹੋਣ ਦੀ ਸ਼ਰਤ ਨਹੀਂ। ਉਹ ਜਦੋਂ ਮੈਨੂੰ ਚੈਨ ਨਾਲ ਇਕੱਲੇ ਰਹਿੰਦੇ ਨੂੰ ‘ਉਜੜਿਆ’ ਸਮਝਦੇ ਸਨ, ਉਦੋਂ ਉਹ ਖਰੀਦੇ ਹੋਏ ਘਰ ਅੰਦਰ ਆਪਣੇ ਸਾਥੀ ਜਾਂ ਸਾਥਣ ਨਾਲ ਅੱਤ ਦੇ ਕਲੇਸ਼ ਵਿਚ ਰਹਿੰਦਿਆਂ ਜਿਉਂਦਿਆਂ ਆਪਣੇ ਆਪ ਨੂੰ ‘ਵੱਸਿਆ’ ਸਮਝਦੇ ਸਨ।
ਮੈਨੂੰ ਨਹੀਂ ਲੱਗਿਆ, ਮੈਂ ਜ਼ਿੰਦਗੀ ਵਿਚ ਕਦੀ ਉਜਾੜਿਆ ਸਾਂ। ਮੇਰੇ ਨਾਲ ਮੇਰੀਆਂ ਕਿਤਾਬਾਂ, ਸੰਗੀਤ, ਤਸਵੀਰਾਂ, ਡਾਇਰੀਆਂ, ਸੁਪਨੇ, ਖਿਆਲ, ਫਿਕਰ ਅਤੇ ਅਨੁਭਵ ਸਦਾ ਰਹੇ। ਮੇਰੇ ਲਈ ਉਹ ਬੰਦਿਆਂ ਜਿੰਨੇ ਹੀ ਜਿਉਂਦੇ ਜਾਗਦੇ ਹਨ। ਜੇ ਉਹ ਮੇਰੇ ਨਾਲ ਨਾ ਰਹਿ ਜਾਣ ਤਾਂ ਬੰਦਿਆਂ ਵਿਚ ਘਿਰਿਆ ਹੋਇਆ ਵੀ ਮੈਂ ਮੋਇਆ ਮਹਿਸੂਸ ਕਰਾਂ।
ਮੈਂ ਕਈ ਵਾਰੀ ਇਕੱਲਾ ਮਹਿਸੂਸ ਕਰਦਾ ਸਾਂ, ਪਰ ਉਜੜਿਆ ਨਹੀਂ। ਉਜੜਿਆ ਬੰਦਾ ਇਕੱਲਾ ਹੁੰਦਾ ਹੈ। ‘ਵੱਸਿਆ’ ਬੰਦਾ ਵੀ ਇਕੱਲਾ ਹੋ ਸਕਦਾ ਹੈ। ਇਕੱਲਾ ਬੰਦਾ ਹਮੇਸ਼ਾ ਉਜੜਿਆ ਨਹੀਂ ਹੁੰਦਾ।
ਬਹੁਤੇ ਬੰਦਿਆਂ ਨੂੰ ਕਰਜ਼ੇ ਅਤੇ ਮੁਰੰਮਤ ਜਿਹੀਆਂ ਬੇਚੈਨੀਆਂ ਦੇ ਬਾਵਜੂਦ ਖਰੀਦਿਆ ਮਕਾਨ ‘ਘਰ’ ਲਗਦਾ ਹੈ: ਕਿਰਾਏ ਦਾ ਮਕਾਨ ਸਦਾ ਘਰ ਵਰਗਾ ਨਹੀਂ ਜਾਪਦਾ। ਸ਼ਾਇਦ ਘਰ ਦੇ ‘ਆਪਣੇ’ ਹੋਣ ਵਿਚ ਉਸ ਦਾ ਕਿਰਾਏ ਦਾ ਹੋਣਾ ਰੁਕਾਵਟ ਪਾਉਂਦਾ ਹੈ।
ਜਿਸ ‘ਤੇ ਸਾਡਾ ਕਬਜ਼ਾ ਹੋਵੇ, ਅਸੀਂ ਉਸ ਨੂੰ ਹੀ ‘ਆਪਣਾ’ ਗਿਣਦੇ ਹਾਂ। ‘ਆਪਣੇਪਨ’ ਦੀ ਇਹ ਸਭ ਤੋਂ ਬੇਗਾਨੀ ਪਰਿਭਾਸ਼ਾ ਹੈ।
ਸ਼ਾਇਦ ਇਸੇ ਮਾਨਸਿਕਤਾ ਕਰਕੇ ਹੀ ਪੰਜਾਬੀ ਬੋਲੀ ਵਿਚ ਅੰਗਰੇਜ਼ੀ ਦੇ ਸ਼ਬਦ ‘ਬਿਲੌਂਗ’ ਲਈ ਕੋਈ ਸਹੀ ਸ਼ਬਦ ਨਹੀਂ। ਜਦੋਂ ਮੈਂ ਕਿਸੇ ਨੂੰ ਬਿਲੌਂਗ ਕਰਦਾ ਹਾਂ ਤਾਂ ਉਦੋਂ ਵੀ ਉਸ ਨਾਲ ਜੁੜਿਆ ਹੁੰਦਾ ਹਾਂ, ਜਦੋਂ ਉਹ ‘ਮੇਰਾ’ ਨਹੀਂ ਹੁੰਦਾ।
ਕੀ ਅਜਿਹੀ ਮਾਨਸਿਕਤਾ ਕਰਕੇ ਹੀ ਕੈਨੇਡਾ ਮੈਨੂੰ ‘ਆਪਣਾ’ ਨਹੀਂ ਲਗਦਾ? ਪੰਦਰਾਂ ਸਾਲ ਕੈਨੇਡਾ ਰਹਿ ਕੇ ਵੀ ਮੈਂ ‘ਆਪਣਾ ਮਕਾਨ’ ਨਹੀਂ ਸੀ ਖਰੀਦਿਆ। ਕੀ ਮੈਨੂੰ ਵੀ ਖਰੀਦ ਵਿਚੋਂ ਹੀ ਆਪਣਾਪਨ ਲੱਭਦਾ ਹੈ?
ਮਕਾਨ ਖਰੀਦਣ ਵਾਲਾ ਆਖਦਾ ਹੈ, ਉਹ ‘ਘਰ’ ਖਰੀਦਣ ਲੱਗਾ ਹੈ। ਖਰੀਦੀ ਥਾਂ ‘ਤੇ ਮਕਾਨ ਉਸਾਰਨ ਨਾਲ ਹੀ ‘ਘਰ’ ਨਹੀਂ ਬਣ ਜਾਂਦਾ; ਪਰ ਜਿਸ ਨੂੰ ਅਸੀਂ ‘ਆਪਣਾ ਘਰ’ ਆਖਦੇ ਹਾਂ, ਉਸ ਦੀ ਥਾਂ, ਉਸ ਦੀ ਹਰ ਇੱਟ ਖਰੀਦੀ ਹੁੰਦੀ ਹੈ। ਉਹ ਦਿਨ ਨਹੀਂ ਰਹੇ, ਜਦੋਂ ਬੰਦਾ ਧਰਤੀ ਦੇ ਕਿਸੇ ਹਿੱਸੇ ‘ਤੇ ਵੀ ਕੁਟੀਆ ਪਾ ਕੇ ਰਹਿ ਸਕਦਾ ਸੀ। ਹੁਣ ਹਰ ਥਾਂ ਕਿਸੇ ਸਰਕਾਰ ਜਾਂ ਠੇਕੇਦਾਰ ਦੀ ਹੈ।
ਖਰੀਦ, ਮੰਡੀ ਦਾ ਹਿੱਸਾ ਹੈ। ਇਹ ਮੇਰੀ ਤ੍ਰਾਸਦੀ ਹੈ ਕਿ ਮੈਂ ‘ਆਪਣੇ ਘਰ’ ਵਿਚ ਲੁਕ ਕੇ ਵੀ ਮੰਡੀ ਤੋਂ ਮੁਕਤ ਨਹੀਂ ਹੋ ਸਕਦਾ।
ਖਰੀਦੇ ਹੋਏ ਘਰ ਵਿਚੋਂ ਸਰਕਾਰ ਮੈਨੂੰ ਕੱਢ ਸਕਦੀ ਹੈ, ਡਾਢੇ ਮੱਲ ਸਕਦੇ ਹਨ, ਬੈਂਕ ਕਬਜ਼ਾ ਕਰ ਲੈਂਦਾ ਹੈ। ਖਰੀਦ ਕੇ ਵੀ ‘ਆਪਣਾ ਘਰ’ ਪੱਕੀ ਤਰ੍ਹਾਂ ਮੇਰਾ ਆਪਣਾ ਨਹੀਂ ਹੁੰਦਾ।
ਕਰੋੜਾਂ ਮੀਲਾਂ ਵਿਸ਼ਾਲ ਧਰਤੀ ‘ਤੇ ਮੇਰੇ ਕੋਲ ਰਹਿਣ ਦਾ ਕੋਈ ਪੱਕਾ ਟਿਕਾਣਾ ਨਹੀਂ। ਮੈਂ ਉਨ੍ਹਾਂ ਪੰਛੀਆਂ ਵਰਗਾ ਹੀ ਬੇਵਸ ਹਾਂ ਜਿਨ੍ਹਾਂ ਦੇ ਆਲ੍ਹਣੇ ਉਜੜ ਗਏ, ਜਦੋਂ ਮੈਂ ‘ਆਪਣਾ’ ਘਰ ਉਸਾਰਨ ਲਈ ਰੁੱਖ ਵੱਢ ਦਿੱਤੇ; ਉਨ੍ਹਾਂ ਜਾਨਵਰਾਂ ਵਰਗਾ ਜਿਨ੍ਹਾਂ ਦੇ ਘੁਰਨੇ ਮੇਰੇ ਘਰ ਨੂੰ ਥਾਂ ਦੇਣ ਲਈ ਢਹਿ ਗਏ।
ਸਿਰਫ ਜਿਉਂਦੇ ਜੀਵ ਹੀ ਨਹੀਂ, ਮੇਰੇ ਘਰ ਵਾਲੀ ਥਾਂ ‘ਤੇ ਕਈ ਪੱਥਰ ਵੀ ਪਏ ਸਨ। ਇਹ ਥਾਂ ਉਨ੍ਹਾਂ ਦਾ ਵੀ ‘ਘਰ’ ਸੀ। ਸ੍ਰਿਸ਼ਟੀ ਵਿਚ ਪੈਦਾ ਹੋਈ ਹਰ ਚੀਜ਼ ਨੂੰ ਥਾਂ ਚਾਹੀਦੀ ਹੈ; ਇਹ ਉਸ ਦਾ ਹੱਕਾ ਹੈ। ਮੇਰਾ ਹੁਣ ਦਾ ਘਰ ਕਈਆਂ ਨੂੰ ਬੇਘਰ ਕਰਕੇ ਬਣਿਆ ਹੈ। ਕਿਸੇ ਹੋਰ ਦੀ ਖਾਤਰ ਮੈਨੂੰ ਵੀ ਬੇਘਰ ਹੋਣਾ ਪੈ ਸਕਦਾ ਹੈ।
ਅਜਿਹੇ ਪਲ ਵਿਚ ਇਹੋ ਲਗਦਾ ਹੈ, ‘ਰਹਣੁ ਕਿਥਾਊ ਨਾਹਿ…॥’
ਜੇ ਮਕਾਨ ਖਰੀਦਣ ਦੇ ਬਾਵਜੂਦ ਮੈਨੂੰ ਇਉਂ ਲਗਦਾ ਹੈ, ਤਾਂ ਉਨ੍ਹਾਂ ਨਿਥਾਵਿਆਂ ਦਾ ਕੀ ਅਹਿਸਾਸ ਹੈ, ਜਿਨ੍ਹਾਂ ਕੋਲ ਧਰਤੀ ‘ਤੇ ਨਾ ਥਾਂ ਖਰੀਦਣ ਦੀ ਸਮੱਰਥਾ ਹੈ, ਨਾ ਮੱਲ ਸਕਣ ਦੀ ਤਾਕਤ! ਉਹ ਜਿਥੇ ਵੀ ਟਿਕਦੇ ਹਨ, ਉਥੋਂ ਕੱਢੇ ਜਾਂਦੇ ਹਨ। ਉਨ੍ਹਾਂ ਦੀ ਗਿਣਤੀ ਕਈ ਕਰੋੜ ਹੈ।
ਇਹ ਸੋਚ ਕੇ ਲਗਦਾ ਹੈ ਕਿ ਧਰਤੀ ਰਹਿਣ ਦੀ ਨਹੀਂ, ਨਿਥਾਂਵੇਂ ਹੋਣ ਦੀ ਥਾਂ ਹੈ…।
ਇਹ ਜੀਵਨ ਏਦਾਂ ਹੋਵੇ ਕਿ ਧਰਤੀ ‘ਤੇ ਰਹਿੰਦੇ ਹਰ ਜਿਉਂਦੇ ਜੀਵ ਅਤੇ ਹਰ ਅਣਜਿਉਂਦੀ ਚੀਜ਼ ਕੋਲ ਆਪਣਾ ‘ਘਰ’ ਹੋਵੇ; ਤੇ ਇਹ ਘਰ ਬਿਨਾ ਕਿਸੇ ਨੂੰ ਬੇਘਰ ਕੀਤਿਆਂ ਬਣਿਆ ਹੋਵੇ।
ਅਜਿਹਾ ਘਰ ਕਿਵੇਂ ਮਿਲ ਸਕਦਾ ਹੈ, ਜੇ ਧਰਤੀ ਉਤਲੀ ਹਰ ਥਾਂ ‘ਤੇ ਕੁਝ ਨਾ ਕੁਝ, ਕੋਈ ਨਾ ਕੋਈ ਰਹਿ ਰਿਹਾ ਹੈ?
ਸ਼ਾਇਦ ਓਵੇਂ ਹੀ ਮਿਲ ਸਕਦਾ ਹੈ, ਜਿਵੇਂ ਮਨ ਵਿਚ ਖਿਆਲ ਆ ਜਾਂਦਾ ਹੈ, ਜਿਵੇਂ ਹਿਰਦੇ ਵਿਚ ਪ੍ਰੇਮ ਉਤਰ ਆਉਂਦਾ ਹੈ, ਜਿਵੇਂ ਕੁੱਖ ਵਿਚ ਬੱਚਾ।

ਮੇਰਾ ‘ਪਹਿਲਾ ਘਰ’ ਮੇਰੀ ਮਾਂ ਦੀ ਕੁੱਖ ਸੀ।
ਸਿਆਣੇ ਆਖਦੇ ਹਨ, ਬੰਦਾ ਸਾਰੀ ਉਮਰ ਇਸੇ ਘਰ ਨੂੰ ਲੱਭਦਾ ਫਿਰਦਾ ਹੈ। ਇਸ ‘ਘਰ’ ਜਿਹਾ ਨਿੱਘ, ਸ਼ਾਂਤੀ, ਚੁੱਪ, ਆਰਾਮ ਕਿਧਰੇ ਨਹੀਂ ਹੁੰਦਾ। ਇਸ ਵਿਚ ਰਹਿੰਦਿਆਂ ਭੋਜਨ ਜਾਂ ਸੁਰੱਖਿਆ ਲਈ ਕੋਈ ਉਦਮ ਨਹੀਂ ਕਰਨਾ ਪੈਂਦਾ। ਇਸ ਘਰ ਵਿਚ ਉਨੀਂਦਰਾ ਜਾਂ ਫਿਕਰ ਨਹੀਂ ਹੁੰਦੇ।
ਬੰਦਾ ਸਾਰੀ ਉਮਰ ਇਸੇ ਘਰ ਨੂੰ ‘ਬਾਹਰ’ ਰਚਣ ਦੇ ਆਹਰ ਕਰਦਾ ਹੈ।
ਕੁੱਖ ਵਿਚੋਂ ਨਿਕਲ ਕੇ ਮੈਨੂੰ ‘ਆਪਣੇ ਘਰ’ ਦੀ ਸੋਝੀ ਕਦੋਂ ਆਈ ਸੀ? ਬੱਚਿਆਂ ਲਈ ‘ਘਰ’ ਕੀ ਹੁੰਦਾ ਹੈ?
ਬੱਚੇ ਜਿਥੇ ਹੋਣ, ਉਥੇ ਹੀ ਸੌਂ ਜਾਂਦੇ ਹਨ। ਮਿੱਤਰਾਂ ਦੇ ਘਰੀਂ ਖੇਡਦਿਆਂ ਉਥੇ ਹੀ ਰੋਟੀ ਖਾ ਲੈਂਦੇ ਹਨ। ਉਨ੍ਹਾਂ ਖਿਡੌਣਿਆਂ, ਵਸਤਾਂ, ਉਸੇ ਘਰ ਨੂੰ ਆਪਣਾ ਮੰਨਣ ਲੱਗ ਪੈਂਦੇ ਹਨ। ਉਹ ਜਿਥੇ ਹਨ, ਉਥੇ ਹੀ ‘ਘਰ’ ਬਣ ਜਾਂਦਾ ਹੈ।
ਜਦ ਉਹ ਓਦਰ ਕੇ ‘ਆਪਣਾ ਘਰ’ ਲੱਭਦੇ ਹਨ ਤਾਂ ਬਹੁਤ ਵਾਰੀ ‘ਥਾਂ’ ਨੂੰ ਨਹੀਂ ਲਭਦੇ। ਮਾਂ ਜਾਂ ਪਿਤਾ ਨੂੰ ਲੱਭਦੇ ਹਨ। ਉਨ੍ਹਾਂ ਦੇ ਲਾਗੇ ਹੁੰਦਿਆਂ ਸਾਰ ਹੀ ਟਿਕ ਜਾਂਦੇ ਹਨ। ਮਾਂ ਜਾਂ ਪਿਤਾ ਉਨ੍ਹਾਂ ਲਈ ‘ਘਰ’ ਹੈ।
ਮੈਂ ਅਲ੍ਹੜ ਬੱਚੇ ਵਰਗਾ ਕਿਉਂ ਨਹੀਂ ਹੋ ਕੇ ਰਹਿੰਦਾ? ਸ਼ਾਇਦ ਇਸ ਲਈ ਕਿ ਮਾਂ ਤੇ ਪਿਤਾ ਸਦਾ ਮੇਰੇ ਕੋਲ ਨਹੀਂ ਰਹਿ ਸਕਦੇ।

ਮੈਨੂੰ ਆਪਣੇ ਮਿੱਤਰ ਦੀ ਡਾਢੇ ਸੁਭਾਅ ਵਾਲੀ ਦਾਦੀ ਚੇਤੇ ਆ ਰਹੀ ਹੈ। ਆਖਦੇ ਸਨ, ਉਸ ਦੀ ਹਵੇਲੀ ਵਿਚ ਉਹਦੇ ਹੁਕਮ ਬਿਨਾ ਵਾਅ ਵੀ ਨਹੀਂ ਵਗਦੀ।
ਪਿਛਲੇ ਦਿਨੀਂ ਦਾਦੀ ਨੂੰ ਲਕਵਾ ਹੋ ਗਿਆ। ਅੱਧਾ ਸਰੀਰ ਮਾਰਿਆ ਗਿਆ। ਦਾਦੀ ਦੀ ਹਵੇਲੀ ਸੁੰਗੜ ਗਈ। ਸਿਰਫ ਮੰਜੇ ਤੱਕ ਹੀ ਰਹਿ ਗਈ। ਇਸ ਬਦਲੇ ਹੋਏ ‘ਘਰ’ ਦਾ ਨਾ ਕੋਈ ਬੂਹਾ ਸੀ, ਨਾ ਡਿਉਢੀ, ਨਾ ਵਿਹੜਾ। ਕੱਪੜੇ ਅਲਮਾਰੀਆ ‘ਚੋਂ ਨਿਕਲ ਇਕੋ ਗੰਢ ਜੋਗੇ ਰਹਿ ਗਏ। ਰੱਜੇ ਪੁੱਜੇ ਘਰ ਵਿਚ ਬੈਠੀ ਦਾਦੀ ਆਖਦੀ, ‘ਵਾਹਿਗੁਰੂ ਚੱਕ ਲੈ ਹੁਣ ਤਾਂ!”
ਦਾਦੀ ਕੋਲ ‘ਆਪਣਾ ਘਰ’ ਸੀ, ਪਰ ਇਸ ਘਰ ਵਿਚ ਉਹ ਆਪ ਹੀ ਨਹੀਂ ਰਹਿਣਾ ਚਾਹੁੰਦੀ। ਉਹ ਇਥੋਂ ਉਜੜ ਜਾਣਾ ਚਾਹੁੰਦੀ ਸੀ।

ਜੋ ਲੋਕ ਸਦਾ ਲਈ ਉਜੜ ਜਾਂਦੇ ਹਨ, ਤਿੰਨ ਮਹੀਨੇ ਪਹਿਲਾਂ ਮੇਰੇ ਨਾਲ ਕੰਮ ਕਰਨ ਆਏ ਨਵੇਂ ਬੰਦੇ ਨੇ ਦੱਸਿਆ, “ਮੈਂ ਐਸਟੋਨੀਆ ਮੁਲਕ ਦਾ ਹਾਂ। ਇਹ ਨਿੱਕੀ ਜਿਹੀ ਬਾਲਟਿਕ ਰਿਆਸਤ ਹੈ। ਸਾਡਾ ਇਤਿਹਾਸ ਹਜ਼ਾਰ ਵਰ੍ਹੇ ਪੁਰਾਣਾ ਹੈ। ਸਿਵਾਏ ਪਹਿਲੀ ਅਤੇ ਦੂਜੀ ਵੱਡੀ ਜੰਗ ਦੇ ਦਰਮਿਆਨ ਵਾਲੇ ਵੀਹ ਕੁ ਸਾਲਾਂ ਦੇ, ਸਾਡੇ ‘ਤੇ ਸਦਾ ਕਿਸੇ ਨਾ ਕਿਸੇ ਨੇ ਕਬਜ਼ਾ ਕਰੀ ਰੱਖਿਆ। ਇਟਲੀ, ਪੁਰਤਗਾਲ, ਰੂਸ, ਜਰਮਨੀ-ਅਸੀਂ ਹਰ ਕਿਸੇ ਦੇ ਗੁਲਾਮ ਰਹੇ। ਦੂਜੀ ਵੱਡੀ ਜੰਗ ਵਿਚ ਚਾਰ ਵਾਰੀ ਸਾਡੇ ਮਾਲਕ ਬਦਲੇ-ਕਦੀ ਜਰਮਨ, ਕਦੀ ਰੂਸੀ। ਜੰਗ ਖਤਮ ਹੋਣ ਵੇਲੇ ਜਦੋਂ ਪਤਾ ਲੱਗਾ ਕਿ ਹੁਣ ਸਾਡੇ ‘ਤੇ ਮਾਰਸ਼ਲ ਸਟਾਲਿਨ ਹੀ ਰਾਜ ਕਰੇਗਾ, ਅੱਧੇ ਲੋਕ ਮੁਲਕ ਛੱਡ ਗਏ। ਤੁਸੀਂ ਕਿਵੇਂ ਕਿਸੇ ਮੁਲਕ ਨੂੰ ‘ਆਪਣਾ ਘਰ’ ਕਹਿ ਸਕਦੇ ਹੋ, ਜੇ ਤੁਸੀਂ ਇਸ ਦੇ ਮਾਲਕ ਨਹੀਂ?”
ਮੇਰਾ ਉਸ ਨੂੰ ਦੱਸਣ ‘ਤੇ ਜੀਅ ਕੀਤਾ: ਮੇਰੇ ਹਿੰਦੁਸਤਾਨ ‘ਤੇ ਹੁਣ ਕੋਈ ਬਾਹਰਲਾ ਰਾਜ ਨਹੀਂ ਕਰਦਾ ਪਰ ਆਮ ਲੋਕ ਅਜੇ ਵੀ ਇਸ ਦੇ ਮਾਲਕ ਨਹੀਂ। ਹਾਲੇ ਵੀ ਇਹ ਸਾਡਾ ‘ਆਪਣਾ ਘਰ’ ਨਹੀਂ ਹੋਇਆ।