ਗੁਰੂਆਂ, ਪੀਰਾਂ ਦੀ ਵਰੋਸਾਈ ਧਰਤੀ ਨੂੰ ਅਪਰਾਧਾਂ ਦਾ ਸੰਤਾਪ
ਸੁਕੰਨਿਆ ਭਾਰਦਵਾਜ
ਸੋਸ਼ਲ ਮੀਡੀਏ ‘ਤੇ ਧੜਾਧੜ ਵੀਡੀਓ ਪੈ ਰਹੇ ਹਨ। ਇਹ ਕੋਈ ਸਾਡੇ ਦੇਸ਼ ਦੀ ਤਰੱਕੀ ਦੇ ਨਹੀਂ, ਸਗੋਂ ਉਹ ਲਾਹਨਤਾਂ ਹਨ, ਜੋ ਸਾਡੀ ਰਿਸ਼ੀਆਂ ਮੁਨੀਆਂ, ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਨੂੰ ਸ਼ਰਮਸਾਰ ਕਰ ਰਹੀਆਂ ਹਨ; ਸਾਡੀ ਰੋਟੀ ਬੇਟੀ ਦੀ ਸਾਂਝ ਨੂੰ ਜੰਗਾਲ ਰਹੀਆਂ ਹਨ। ਰਾਤਾਂ ਦੀ ਨੀਂਦ ਉਡਾਉਣ ਵਾਲੀਆਂ ਇਹ ਹਿਰਦੇਵੇਦਕ ਘਟਨਾਵਾਂ ਸਾਨੂੰ ਜਿਵੇਂ ਵੰਗਾਰ ਰਹੀਆਂ ਹਨ। ਪਤਾ ਨਹੀਂ ਕਦੋਂ ਜਾਗਾਂਗੇ?
ਅਟਾਰੀ (ਅੰਮ੍ਰਿਤਸਰ) ਦੇ ਇਕ ਪ੍ਰਾਈਵੇਟ ਸਕੂਲ ਦੀ 4 ਸਾਲਾ ਬੱਚੀ ਨਾਲ ਸਕੂਲ ਦੇ ਹੀ ਅਧਿਆਪਕ ਵਲੋਂ ਵਿਭਚਾਰ, ਤਰਨਤਾਰਨ ਦੇ ਕਿਸੇ ਪਿੰਡ ਦੇ ਇੱਕ ਕਲਯੁਗੀ ਪਿਤਾ ਵਲੋਂ ਆਪਣੀ ਹੀ 7 ਸਾਲ ਦੀ ਬੱਚੀ ਨਾਲ ਕਾਮ-ਕ੍ਰਿਆ, ਇੱਕ ਹੋਰ 17 ਸਾਲ ਦੀ ਲੜਕੀ ਨਾਲ ਹੋਮ ਗਾਰਡਾਂ ਵਲੋਂ ਸਰੀਰਕ ਸ਼ੋਸ਼ਣ, ਲਹਿਰਾਗਾਗਾ (ਸੰਗਰੂਰ) ਦੇ ਇੱਕ ਪਿੰਡ ਦੇ 6 ਸਾਲਾ ਬੱਚੇ ਨਾਲ ਪਿੰਡ ਦੇ ਹੀ ਨੌਜਵਾਨ ਵਲੋਂ
ਕੁਕਰਮ, ਨਾਭਾ ਨੇੜਲੇ ਪਿੰਡ ਵਿਚ ਮਤਰੇਏ ਪਿਓ ਵਲੋਂ ਨਾਬਾਲਗ ਬੱਚੀ ਤੇ ਧੂਰੀ ਦੀ ਇੱਕ ਮਾਸੂਮ ਬੱਚੀ ਨਾਲ ਬਸ ਕੰਡਕਟਰ ਵਲੋਂ ਜਬਰਦਸਤੀ ਅਤਿ ਸ਼ਰਮਨਾਕ ਘਟਨਾਵਾਂ ਅਖਬਾਰਾਂ, ਚੈਨਲਾਂ ਤੋਂ ਖੂਨ ਦੇ ਹੰਝੂ ਵਹਾਉਂਦੀਆਂ ਹਨ। ਇਹ ਤਾਂ ਕਿਣਕਾ ਮਾਤਰ ਹਨ, ਇਹ ਅਤਿ ਘਿਨਾਉਣੀਆਂ ਘਟਨਾਵਾਂ ਪੰਜਾਬ ਦੇ ਹਰ ਕੋਨੇ ਵਿਚ ਵਾਪਰ ਰਹੀਆਂ ਹਨ। ਅਸੀਂ ‘ਚਲ ਹੋਊ’ ਕਹਿ ਕੇ ਪਰ੍ਹੇ ਵਗਾਹ ਮਾਰਦੇ ਹਾਂ। ਸਾਡੀ ਦਿਲਚਸਪੀ ਸਿੱਧੂ ਦੇ ਅਸਤੀਫੇ, ਕੇਜਰੀਵਾਲ ਦੇ ਕਾਂਗਰਸ ਜਾਂ ਭਾਜਪਾ ਨਾਲ ਹੱਥ ਮਿਲਾਉਣ ਜਿਹੇ ਬਿਆਨਾਂ ਵੱਲ ਵੱਧ ਹੈ। ਮੀਡੀਆ ਵੀ ਇਨ੍ਹਾਂ ਚਲਾਊ ਖਬਰਾਂ ਨਾਲ ਲੋਕਾਂ ਨੂੰ ‘ਭਰਪੂਰ ਜਾਣਕਾਰੀ ਦੇਣ ਦਾ ਫਰਜ਼’ ਨਿਭਾ ਰਿਹਾ ਹੈ। ਸਿੱਧੂ ਨੇ ਪਿਛਲੇ ਕੁਝ ਸਮੇਂ ਤੋਂ ਚੁਪ ਸਾਧੀ ਹੋਈ ਹੈ, ਮੀਡੀਏ ਤੋਂ ਦੂਰੀ ਬਣਾਈ ਹੋਈ ਹੈ, ਫਿਰ ਵੀ ਨਿੱਤ ਉਹਦੀ ਖਬਰ ਬਣਦੀ ਹੈ।
ਇਨ੍ਹਾਂ ਘਟਨਾਵਾਂ ਦਾ ਹੀ ਦੂਜਾ ਪਾਸਾ ਹੈ, ਨਸ਼ਿਆਂ ਦੀ ਭਰਮਾਰ। ਇਨ੍ਹਾਂ ਘਟਨਾਵਾਂ ਤੇ ਨਸ਼ਿਆਂ ਦਾ ਜਿਵੇਂ ਚੋਲੀ ਦਾਮਨ ਦਾ ਸਾਥ ਹੈ। ਇਹੋ ਕਾਰਨ ਹੈ ਕਿ ਅਜਿਹੀਆਂ ਗੈਰਮਨੁੱਖੀ ਤੇ ਅਸਮਾਜਕ ਘਟਨਾਵਾਂ ਨੂੰ ਜਮੀਨ ਮਿਲ ਰਹੀ ਹੈ। ਮੀਡੀਆ ਇਨ੍ਹਾਂ ਨੂੰ ਪ੍ਰਮੁਖਤਾ ਨਾਲ ਨਸ਼ਰ ਕਰ ਰਿਹਾ ਹੈ। ਹੁਣ ਤਕ ਤਾਂ ਮੁੰਡਿਆਂ ਦੇ ਹੀ ਨਸ਼ਾ ਕਰਨ ਦੀਆਂ ਖਬਰਾਂ ਸਨ, ਪਰ ਹੁਣ ਕੁੜੀਆਂ ਦੇ ਵੀ ਇਸ ਧੰਦੇ ਵਿਚ ਲਿਪਤ ਹੋਣ ਦੇ ਕਾਫੀ ਚਰਚੇ ਹਨ। ਉਹ ਨਸ਼ਾ ਵੇਚਣ ਤੇ ਖਾਣ ਵਿਚ ਮੁੰਡਿਆਂ ਤੋਂ ਵੀ ਅੱਗੇ ਹਨ।
ਮੋਗੇ ਤੋਂ 17 ਸਾਲਾ ਇੱਕ ਲੜਕੀ ਸਤਿਕਾਰ ਕਮੇਟੀ ਕੋਲ ਤਰਲੇ ਕਰਦੀ ਹੈ ਕਿ ਉਸ ਨੂੰ ਇਸ ਨਸ਼ਿਆਂ ਦੀ ਦਲਦਲ ਵਿਚੋਂ ਕੱਢਿਆ ਜਾਵੇ। ਉਹ ਸਾਵੀਂ ਪੱਧਰੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਕਲਮ ਵੀ ਲਿਖਣ ਤੋਂ ਜੁਆਬ ਦੇ ਰਹੀ ਹੈ, ਜੋ ਉਹ ਹਲਫ ਬਿਆਨੀ ਕਰਦੀ ਹੈ ਕਿ ਕਿਵੇਂ ਨਸ਼ੇ ਦੀ ਤਲਬ ਪੂਰੀ ਕਰਨ ਲਈ ਤੇ ਘਟੋ ਘੱਟ 100 ਰੁਪਏ ਦਾ ਜੁਗਾੜ ਕਰਨ ਲਈ ਇੱਕ ਰਾਤ ਵਿਚ ਉਸ ਨੇ ਪੰਜ ਆਦਮੀਆਂ ਕੋਲ ਆਪਣਾ ਜਿਸਮ ਵੇਚਿਆ। ਉਹ ਦਾਅਵਾ ਕਰ ਰਹੀ ਹੈ ਕਿ ਮੋਗਾ ਸ਼ਹਿਰ ਤੇ ਪਿੰਡਾਂ ਵਿਚ ਘਰ ਘਰ ਨਸ਼ਾ ਵਿਕ ਰਿਹਾ ਹੈ, ਪਰ ਪੁਲਿਸ ਨਹੀਂ ਫੜ ਰਹੀ।
ਇਸੇ ਤਰ੍ਹਾਂ ਲੁਧਿਆਣਾ ਦੀ ਇੱਕ ਆਰਕੈਸਟਰਾ ਵਿਚ ਕੰਮ ਕਰਦੀ ਨੌਜਵਾਨ ਵਿਧਵਾ ਨੇ ਵੀ ਨਸ਼ੇ ਦੀ ਪੂਰਤੀ ਲਈ ਜਿਸਮਫਰੋਸ਼ੀ ਨੂੰ ਅਪਨਾਉਣ ਦਾ ਖੁਲਾਸਾ ਕਰਦਿਆਂ ਤੌਬਾ ਕੀਤੀ ਹੈ ਕਿ ਨਸ਼ਾ ਛੁਡਾਉਣ ਵਿਚ ਉਸ ਦੀ ਮਦਦ ਕੀਤੀ ਜਾਵੇ, ਤੇ ਉਸ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਉਹ ਸਾਰਾ ਕੁਝ ਨਸ਼ੇ ਦੇ ਲੇਖੇ ਲਾ ਚੁਕੀ ਹੈ। ਉਸ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਸ਼ਹਿਰ ਦੇ ਹਰ ਮੋੜ, ਗਲੀ, ਬਾਜ਼ਾਰ ਵਿਚ ਨਸ਼ਾ ਸ਼ੱਰੇਆਮ ਮਿਲਦਾ ਹੈ। ਪਿਛਲੇ ਸਾਲ ਹੀ ਬਠਿੰਡਾ ਦੀ ਆਰਕੈਸਟਰਾ ਵਿਚ ਕੰਮ ਕਰਦੀ ਇਕ ਜਵਾਨ ਲੜਕੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਸਨ। ਹੁਣ ਤਾਂ ਇਹ ਆਮ ਹੋ ਗਿਆ ਹੈ।
ਨਸ਼ਿਆਂ ਦਾ ਪੰਜਾਬ ਨਾਲ ਨਾਤਾ ਬਹੁਤ ਪੁਰਾਣਾ ਹੈ, ਪਰ ਪਿਛਲੇ ਕੁਝ ਸਾਲਾਂ ਵਿਚ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਇਨ੍ਹਾਂ ਨਵੇਂ ਨਸ਼ਿਆਂ-ਮੈਡੀਕਲ ਨਸ਼ਾ, ਕੋਕੀਨ, ਸਮੈਕ, ਆਇਸ, ਹੈਰੋਇਨ, ਚਿੱਟਾ ਆਦਿ ਨੇ ਅਫੀਮ, ਭੁੱਕੀ, ਸ਼ਰਾਬ ਨੂੰ ਖੂੰਜੇ ਲਾ ਦਿੱਤਾ ਹੈ। ਚਿੱਟਾ ਪੀਣ ਦੀ ਆਦੀ ਇਹ ਨੌਜਵਾਨ ਪੀੜ੍ਹੀ ਦੇਖਾ ਦੇਖੀ ਵਿਚ ਸ਼ੁਰੂ ਕਰਕੇ ਅਜਿਹੀ ਦਲਦਲ ਵਿਚ ਫਸਦੀ ਹੈ ਕਿ ਮੁੜ ਨਿਕਲ ਨਹੀਂ ਸਕਦੀ। ਸਿਆਣਿਆਂ ਦਾ ਕਹਿਣਾ ਹੈ ਕਿ ਅਫੀਮ, ਭੁੱਕੀ ਜਿਹੇ ਨਸ਼ੇ ਬੰਦੇ ਨੂੰ ਖਰਾਬ ਨਹੀਂ ਸਨ ਕਰਦੇ ਸਗੋਂ ਸਰੀਰਕ, ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਦੇ ਸਨ। ਅਫੀਮ, ਭੁੱਕੀ ਨੂੰ ਤਾਂ ਵੱਧ ਕੰਮ ਕਰਨ ਤੇ ਸਿਹਤਮੰਦ ਖੁਰਾਕ ਖਾਣ ਦੇ ਹਥਿਆਰ ਵਜੋਂ ਸਮਝਿਆ ਜਾਂਦਾ ਸੀ। ਪਿੰਡ ਦੇ ਇੱਕ ਮੋਹਤਬਰ ਨੇ ਆਮ ਗੱਲਬਾਤ ਵਿਚ ਦੱਸਿਆ ਕਿ ਉਸ ਦੇ ਬਾਬੇ, ਜੋ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ, ਨੇ ਅਫੀਮ ਖਾ ਕੇ 100 ਏਕੜ ਜਮੀਨ ਬਣਾਈ ਤੇ ਇਕੱਲੇ ਨੇ ਉਸ ਤੋਂ ਬੀੜਾਂ ਪੁੱਟ ਕੇ ਧਰਤੀ ਨੂੰ ਵਾਹੀਯੋਗ ਬਣਾਇਆ; ਜਦੋਂ ਕਿ ਇਹ ‘ਚਿੱਟਾ ਪੀਣ ਵਾਲੇ’ ਕਾਗਜ਼ੀ ਸ਼ੇਰ ਕੰਮ ਨਾ ਕਰਕੇ ਮਾਪਿਆਂ ਦੀ ਕਮਾਈ ਨੂੰ ਤੰਗਲੀਆਂ ਨਾਲ ਉਡਾ ਰਹੇ ਹਨ। ਪਤਾ ਨਹੀਂ ਪੰਜਾਬ ਨੂੰ ਕੀ ਨਜ਼ਰ ਲੱਗ ਗਈ ਕਿ ਸੂਬੇ ਵਿਚੋਂ ਕੰਮ ਸਭਿਆਚਾਰ ਤਾਂ ਜਿਵੇਂ ਖੰਭ ਲਾ ਕੇ ਉਡ ਹੀ ਗਿਆ ਹੈ। ਹਰੀ ਕ੍ਰਾਂਤੀ ਨੇ ਪੰਜਾਬ ਨੂੰ ਖੁਸ਼ਹਾਲ ਤਾਂ ਕੀ ਕਰਨਾ ਸੀ, ਉਲਟਾ ਨਸ਼ਿਆਂ ਅਤੇ ਨਾਮੁਰਾਦ ਬਿਮਾਰੀਆਂ ਦੇ ਰਾਹ ਪਾ ਦਿੱਤਾ। ਅੰਨੇਵਾਹ ਕੀੜੇਮਾਰ ਦੁਆਈਆਂ ਤੇ ਯੂਰੀਏ ਦੀ ਵਰਤੋਂ ਨੇ ਲੋਕਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਜੇ ਕਿਸੇ ਨੇ ਥੋੜ੍ਹੀ ਬਹੁਤੀ ਕਮਾਈ ਕਰ ਵੀ ਲਈ ਹੈ ਤਾਂ ਉਹ ਡਾਕਟਰਾਂ ਤੇ ਨਸ਼ਿਆਂ ਦੇ ਰਾਹ ਜਾ ਰਹੀ ਹੈ। ਖੇਤੀ ਦੇ ਛੋਟੇ ਮੋਟੇ ਕੰਮਾਂ ਲਈ ਪਰਵਾਸੀ ਮਜ਼ਦੂਰ ਤਾਂ ਹਨ ਹੀ।
ਲੁਧਿਆਣਾ ਤੋਂ ਹੀ ਇਕ ਨੌਜਵਾਨ ਲੜਕੇ, ਜਿਸ ਦੀ ਕੁਝ ਦਿਨ ਪਹਿਲਾਂ ਕਿਸੇ ਬੀਬੀ ਤੋਂ ਪਰਸ ਖੋਹਣ ਦੀ ਵੀਡੀਓ ਵਾਇਰਲ ਹੋਈ ਸੀ, ਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਨਸ਼ੇ ਦੀ ਦੁਨੀਆਂ ਵਿਚੋਂ ਕੱਢਿਆ ਜਾਵੇ। ਉਸ ਦੇ ਮਾਪੇ ਰੁਲ ਗਏ। ਘਰ ਬਾਰ ਬਰਬਾਦ ਹੋ ਗਿਆ। ਉਹ ਵੀ ਆਮ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਉਹ ਵਾਅਦਾ ਵੀ ਕਰਦਾ ਹੈ ਕਿ ਜੇ ਉਸ ਦੀ ਜਾਨ ਦੀ ਸਲਾਮਤੀ ਹੋਵੇ ਤਾਂ ਉਹ ਨਾਲ ਜਾ ਕੇ ਨਸ਼ਾ ਤਸਕਰਾਂ ਨੂੰ ਫੜਾ ਵੀ ਸਕਦਾ ਹੈ।
ਅਸਲ ‘ਚ ਕੋਈ ਵੀ ਸਰਕਾਰ ਨਸ਼ਿਆਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ। ਮੌਜੂਦਾ ਸਰਕਾਰ ਵੀ ਪਿਛਲੀ ਸਰਕਾਰ ਦੇ ਕਦਮਾਂ ‘ਤੇ ਚਲਦਿਆਂ ਨਸ਼ਿਆਂ ਨੂੰ ਹੋਰ ਪ੍ਰਫੁਲਿਤ ਕਰ ਰਹੀ ਹੈ। ਜੋ ਨਸ਼ਾ ਛੱਡਣਾ ਚਾਹੁੰਦੇ ਹਨ, ਘਟੋ ਘੱਟ ਉਨ੍ਹਾਂ ਲਈ ਤਾਂ ਪੁਖਤਾ ਪ੍ਰਬੰਧ ਕਰਨੇ ਕੀ ਸਰਕਾਰਾਂ, ਸਮਾਜ ਦੀ ਜਿੰਮੇਵਾਰੀ ਨਹੀਂ? ਜੋ ਨਹੀਂ ਛੱਡਣਾ ਚਾਹੁੰਦੇ, ਉਨ੍ਹਾਂ ਲਈ ਤਾਂ ਇਹ ਕੀ ਯਤਨ ਕਰਨਗੇ!
ਨਿੱਤ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਜਾਣ ਜਾਂ ਘਰਦਿਆਂ ਨੂੰ ਮਾਰਨ ਵਰਗੀਆਂ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ। ਮੋਗਾ ਦੇ ਇਕ ਪਿੰਡ ਮਾਣੂੰਕੇ ਵਿਚ ਪਿਤਾ ਹੱਥੋਂ ਨੌਜਵਾਨ ਨਸ਼ੇੜੀ ਪੁੱਤਰ ਮਾਰਿਆ ਗਿਆ। ਪੁੱਤ ਮਰ ਗਿਆ ਤੇ ਪਿਓ ਨੂੰ ਪੁਲਿਸ ਥਾਣੇ ਲੈ ਗਈ। ਹੋ ਗਿਆ ਘਰ ਬਰਬਾਦ। ਸੱਥਰ ‘ਤੇ ਬੈਠੇ ਪਿੰਡ ਦੇ ਮੋਹਤਬਰਾਂ, ਸਰਪੰਚ ਤੇ ਰਿਸ਼ਤੇਦਾਰਾਂ ਨੇ ਸਾਫ ਕਿਹਾ ਹੈ ਕਿ ਪਿੰਡ ਵਿਚ ਘਰ ਘਰ ਨਸ਼ਾ ਵਿਕ ਰਿਹਾ ਹੈ। ਪੁਲਿਸ ਤੇ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਸਰਕਾਰ ਦੇ ਨਸ਼ਾ ਛੁਡਾਊ ਕੇਂਦਰ ਵੀ ਸਫੈਦ ਹਾਥੀ ਹਨ, ਜੋ ਸਭ ਕੁਝ ਲੁਟਾ ਚੁਕੇ ਨੌਜਵਾਨਾਂ ਲਈ ਸਹਾਈ ਸਿੱਧ ਨਹੀਂ ਹੋ ਸਕੇ। ਉਥੇ ਵੀ ਨਸ਼ੇ ਆਮ ਮਿਲਣ ਦੇ ਚਰਚੇ ਹਨ। ਨਾਂ ਦੇ ਹੀ ‘ਨਸ਼ਾ ਛੁਡਾਊ’ ਹਨ, ਅਸਲ ਵਿਚ ਉਹ ‘ਨਸ਼ਾ ਵਧਾਊ’ ਹੀ ਹਨ।
ਨਾਭਾ ਨੇੜਲੇ ਇਕ ਪਿੰਡ ਦੇ ਇੱਕ ਨੌਜਵਾਨ ਨੂੰ ਉਸ ਦੇ ਮਜ਼ਦੂਰ ਮਾਪਿਆਂ ਨੇ ਸੰਗਲ ਨਾਲ ਬੰਨ੍ਹ ਕੇ ਘਰੇ ਬਿਠਾਇਆ ਹੋਇਆ ਹੈ। ਉਹ ਪਿਛਲੇ ਪੰਜ ਸਾਲਾਂ ਵਿਚ ਹੀ ਕਰੀਬ 30 ਲੱਖ ਰੁਪਏ ਦਾ ਚਿੱਟਾ ਪੀ ਗਿਆ ਹੈ। ਸਰਦੇ ਪੁਜਦੇ ਘਰਾਂ ਦੇ ਬੱਚੇ ਕਿਥੇ ਤਕ ਪਹੁੰਚਦੇ ਹੋਣਗੇ, ਇਸ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਨਸ਼ਾ ਜੁਟਾਉਣ ਲਈ ਉਸ ਨੇ ਘਰ ਦਾ ਸਮਾਨ ਵੇਚਣ ਤੋਂ ਇਲਾਵਾ ਚੋਰੀਆਂ, ਲੁੱਟਾਂ ਖੋਹਾਂ ਵੀ ਕੀਤੀਆਂ, ਪਰ ਨਸ਼ਿਆਂ ਦਾ ਘਰ ਫੇਰ ਵੀ ਪੂਰਾ ਨਾ ਹੋਇਆ। ਇੱਕ ਸੁਆਲ ਦੇ ਜੁਆਬ ਵਿਚ ਉਹਨੇ ਕਿਹਾ ਕਿ ਉਹ ਘਰ ਬੈਠਾ ਹੀ, ਜਿੰਨਾ ਕਹੋ, ਉਨਾ ਨਸ਼ਾ ਮੰਗਵਾ ਸਕਦਾ ਹੈ। ਉਹ ਆਪਣੀ ਨਸ਼ਾ ਕਰਨ ਵਾਲੀ ਜੁੰਡਲੀ ਦੇ ਨਾਲ ਨਾਲ ਨਸ਼ਾ ਤਸਕਰ ਦੇ ਸੰਪਰਕ ਵਿਚ ਵੀ ਹੈ, ਜੋ ਉਸ ਨੂੰ ਨਸ਼ੇ ਦੀ ਮੁਫਤ ਪੁੜੀ ਦੇਣ ਦੀ ਵੀ ਪੇਸ਼ਕਸ ਕਰ ਰਿਹਾ ਹੈ ਤੇ ਵਾਰ ਵਾਰ ਨਸ਼ਾ ਨਾ ਛੱਡਣ ਲਈ ਵੀ ਕਹਿੰਦਾ ਹੈ। ਰਹਿੰਦੀ ਖੂੰਹਦੀ ਕਸਰ ਪੁਲਿਸ ਕੱਢ ਦਿੰਦੀ ਹੈ, ਜਦੋਂ ਉਹ ਨਸ਼ਾ ਸਪਲਾਈ ਕਰਨ ਵਾਲੇ ਵੱਡੇ ਮਗਰਮੱਛਾਂ ਨੂੰ ਫੜਨ ਦੀ ਥਾਂ ਉਨ੍ਹਾਂ ਵਰਗੇ ਨਸ਼ਾ ਕਰਨ ਵਾਲਿਆਂ ਨੂੰ ਫੜ ਕੇ ਜੇਲ੍ਹ ਦੀ ਹਵਾ ਖੁਆ ਦਿੰਦੀ ਹੈ। ਨਸ਼ਾ ਕਰਨ ਵਾਲੇ ਦੇ ਆਲੇ ਦੁਆਲੇ ਦਾ ਵਾਤਾਵਰਣ ਅਜਿਹਾ ਬਣਾ ਦਿੱਤਾ ਜਾਂਦਾ ਹੈ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੋਇਆ ਵੀ ਨਹੀਂ ਛੱਡ ਸਕਦਾ।
ਅੱਜ ਪੰਜਾਬ ਦੀ ਹੋਣੀ ‘ਤੇ ਤਰਸ ਆਉਂਦਾ ਹੈ। ਰੰਗਲਾ ਪੰਜਾਬ ਦਿਨ ਬਦਿਨ ਕੰਗਲਾ, ਨੰਗਲਾ ਬਣਦਾ ਜਾ ਰਿਹਾ ਹੈ। ਹਰ ਕੋਈ ਭਾਰਤ ਨੂੰ ਹਿੰਦੂ, ਮੁਸਲਮਾਨ, ਸਿੱਖ ਰਾਸ਼ਟਰ ਤੇ ਕੋਈ ਹੋਰ ਪਤਾ ਨਹੀਂ ਕਿਹੜਾ ਕਿਹੜਾ ਰਾਸ਼ਟਰ ਬਣਾਉਣ ਨੂੰ ਆਪਣੀ ਵੱਡੀ ਪ੍ਰਾਪਤੀ ਦੇ ਦਾਅਵੇ ਕਰ ਰਿਹਾ ਹੈ; ਪਰ ਕੇਂਦਰ ਨੂੰ ਆਪਣੇ ਪੰਜਾਬ ਦਾ ਕੋਈ ਫਿਕਰ ਨਹੀਂ ਕਿ ਉਹ ਕਲ੍ਹ ਦੇ ਦੇਸ਼ ਦਾ ਅੰਨਦਾਤਾ ਅੱਜ ਕਿਵੇਂ ਢਹਿੰਦੀਆਂ ਕਲਾਂ ਵਿਚ ਜਾ ਰਿਹਾ ਹੈ। ਆਰਥਕਤਾ ਤੇ ਕਾਨੂੰਨੀ ਵਿਵਸਥਾ ਤਾਂ ਖਤਮ ਹੋ ਹੀ ਚੁਕੀ ਹੈ, ਪੰਜਾਬ ਆਪਣਾ ਸ਼ਾਹੀ ਵਿਰਸਾ, ਸਭਿਆਚਾਰ, ਸਮਾਜਕਤਾ ਗੁਆ ਚੁਕਾ ਹੈ। ਹਾਲਾਤ ਤਾਂ ਇਹ ਹਨ ਕਿ ਇਸ ਨੇ ਆਪਣੇ ਰਿਸ਼ੀਆਂ ਮੁੰਨੀਆਂ, ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਦੇ ਸਦੀਵੀ ਰੁਤਬੇ ਨੂੰ ਕਦੋਂ ਦਾ ਗੁੱਠੇ ਲਾ ਦਿੱਤਾ ਹੋਇਆ ਹੈ। ਗਰੀਬੀ ਲਾਚਾਰੀ, ਭ੍ਰਿਸ਼ਟਾਚਾਰ, ਵਿਭਚਾਰ, ਬੇਰੁਜਗਾਰੀ, ਚਾਪਲੂਸੀ ਨੇ ਇਥੇ ਪੱਕੇ ਡੇਰੇ ਲਾ ਰੱਖੇ ਹਨ। ਨਸ਼ਾ ਖੌਰੂ ਪਾ ਰਿਹਾ ਹੈ। ਮਾਸੂਮ ਬੱਚੀਆਂ ਦੀ ਅਜ਼ਮਤ ਨੂੰ ਤਾਰ ਤਾਰ ਕੀਤਾ ਜਾ ਰਿਹਾ ਹੈ। ਹਿਰਦੇ ਵਿੰਨਦੀਆਂ ਇਹ ਖਬਰਾਂ ਕਲੇਜੇ ਧੂਹ ਪਾਉਂਦੀਆਂ ਹਨ। ਆਤਮ ਗਿਲਾਨੀ ਰਾਤਾਂ ਦੀ ਨੀਂਦ ਉਡਾ ਦਿੰਦੀ ਹੈ। ਅਸੀਂ ਸਦਾ ਅਜਿਹੇ ਤਾਂ ਨਹੀਂ ਸਾਂ! ਥੋੜ੍ਹੇ ਜਿਹੇ ਸਮੇਂ ਵਿਚ ਹੀ ਕਿੰਨਾ ਕੁਝ ਬਦਲ ਗਿਆ ਹੈ।
ਇੱਕ ਗੱਲ ਤਾਂ ਸਪਸ਼ਟ ਹੈ ਕਿ ਸਾਨੂੰ ਇਸ ਮੰਝਧਾਰ ਵਿਚੋਂ ਕੱਢਣ ਲਈ ਕੋਈ ਹੋਰ ਨਹੀਂ ਆਵੇਗਾ, ਆਪਣੀ ਹੋਣੀ ਦੇ ਲਖਾਇਕ ਆਪ ਬਣਨਾ ਪਵੇਗਾ। ਆਪਣੇ ਰਹਿਬਰਾਂ ਦੇ ਕਦਮਾਂ ‘ਤੇ ਚਲਦਿਆਂ ਕਿਰਤ ਦਾ ਰਾਹ ਅਖਤਿਆਰ ਕਰਨਾ ਪਵੇਗਾ, ਜਿਨ੍ਹਾਂ ਕਿਰਤ ਕਰਦਿਆਂ ਨਾਮ ਜਪਿਆ, ਗ੍ਰਹਿਸਥ ਜੀਵਨ ਬਿਤਾਇਆ ਤੇ ਸਮਾਜ ਭਲਾਈ ਦਾ ਪਰਚਮ ਵੀ ਬੁਲੰਦ ਰੱਖਿਆ। ‘ਕਿਰਤ ਕਰਨਾ, ਵੰਡ ਛਕਣਾ’ ਦੇ ਮੁਕੱਦਸ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਪਵੇਗਾ, ਜਿਸ ਨੂੰ ਅੱਜ ਅਸੀਂ ਆਧੁਨਿਕਤਾ ਦੀ ਚਕਾਚੌਂਧ ਵਿਚ ਭੁਲਾ ਚੁਕੇ ਹਾਂ, ਜਦੋਂ ਕਿ ਪੱਛਮ ਨੇ ਇਸ ਗੁਰਮੰਤਰ ਨੂੰ ਸਿਰਮੌਰਤਾ ਨਾਲ ਅਪਨਾਇਆ ਹੈ।
ਇੰਟਰਨੈਟ ਤੇ ਸਾਫਟਵੇਅਰ ਇੰਜੀਨੀਅਰਿੰਗ ਦੇ ਕਰਤਾ ਧਰਤਾ ਬਿਲ ਗੇਟਸ ਨੇ ਅਰਬਾਂ-ਖਰਬਾਂ ਦੀ ਕਮਾਈ ਲੋੜਵੰਦਾਂ ਦੇ ਲੇਖੇ ਲਾ ਦਿੱਤੀ ਹੈ। ਅਜਿਹੇ ਹੋਰ ਵੀ ਕਈ ਹਨ, ਜਿਨ੍ਹਾਂ ਇਸ ਗੁਰਮੰਤਰ ਨੂੰ ਅਪਨਾਇਆ ਹੈ। ਦੂਜਾ, ਬੱਚਿਆਂ ਨੂੰ ਇਸ ਕਿਸਮ ਦੇ ਅਪਰਾਧਾਂ ਵਿਚੋਂ ਕੱਢਣ ਲਈ ਮਾਪਿਆਂ ਨੂੰ ਆਪ ਮਾਡਲ ਬਣਨਾ ਪਵੇਗਾ। ਸਿਆਣਿਆਂ ਦਾ ਕਥਨ ਹੈ, ਅਲਕ ਵਹਿੜਕਾ ਤੇ ਗੱਭਰੂ ਪੁੱਤ, ਜਿੰਨਾ ਵਾਹੋ ਓਨਾ ਕੰਮ ਦਿੰਦੇ ਹਨ। ਇਸ ਲਈ ਛੋਟੇ ਹੁੰਦਿਆਂ ਤੋਂ ਹੀ ਕੰਮ ਵਿਚ ਪਾਓ। ਉਨ੍ਹਾਂ ‘ਤੇ ਸਹਿੰਦੀ ਸਹਿੰਦੀ ਜਿੰਮੇਵਾਰੀ ਵੀ ਪਾਓ। ਬੱਚਿਆਂ ਨੂੰ ਅਸਲੀਅਤ ਦੇ ਦਰਸ਼ਨ ਕਰਾਓ, ਆਪ ਹੱਥੀਂ ਕਿਰਤ ਕਰੋ। ਵੱਖਵਾਦੀ, ਜਾਤੀਵਾਦੀ, ਊਚ ਨੀਚ ਵਰਗੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਸਰਬ-ਸਾਂਝੀਵਾਲਤਾ ਦਾ ਪਾਠ ਪੜ੍ਹਾਓ। ਆਓ ਹੰਭਲਾ ਮਾਰੀਏ, ਆਪਣੇ ਅਮੀਰ ਵਿਰਸੇ ਵੱਲ ਮੁੜੀਏ। ਭਵਿੱਖ ਤੁਹਾਡੇ ਲਈ ਬਾਹਾਂ ਅੱਡੀ ਖਲੋਤਾ ਹੈ।