ਸਮਾਰਟ ਪਿੰਡ

ਕਿਰਪਾਲ ਕੌਰ
ਫੋਨ : 815-356-9535
ਸਤਿਨਾਮ ਕੌਰ ਨੇ ਫਿਰਨੀ ‘ਤੇ ਥੋੜ੍ਹਾ ਅੱਗੇ ਹੋ ਕੇ ਕਿਹਾ, “ਚਾਚੀ ਜੀ, ਦਿਸਦਾ ਤਾਂ ਕੋਈ ਨਹੀਂ ਜਾਂਦਾ।”
ਚਾਚੀ ਨੇ ਕਿਹਾ, “ਅਹੁ ਦੇਖ, ਕੋਠੀ ਵਾਲੀ ਬਾਹਰ ਖੜ੍ਹੀ। ਤੁਰ ਹਿੰਮਤ ਨਾਲ।”
ਕੋਠੀ ਨੇੜੇ ਪਹੁੰਚ ਕੇ ਚਾਚੀ ਨੇ ਉਚੀ ਅਵਾਜ਼ ਵਿਚ ਕਿਹਾ, “ਮੇਰੀ ਬੜੀ ਭੈਣ ਤਾਂ ਸਾਨੂੰ ਉਡੀਕਦੀ ਖੜ੍ਹੀ ਹੈ।”

ਕੋਠੀ ਵਾਲੀ ਵੀ ਬੋਲੀ, “ਆ ਭੈਣ, ਮੈਂ ਤਾਂ ਕਦੋਂ ਦੀ ਉਡੀਕਦੀ ਹਾਂ। ਆਪਣਿਆਂ ਦੀ ਉਡੀਕ ਤਾਂ ਹਰ ਪਲ ਰਹਿੰਦੀ ਹੈ।” ਉਹ ਦਰਵਾਜੇ ਨੂੰ ਧੱਕਾ ਮਾਰ ਕੇ ਖੋਲ੍ਹਦੀ ਬੋਲੀ, “ਆਵੋ, ਲੰਘ ਆਵੋ।”
ਸਤਿਨਾਮ ਕੌਰ ਨੇ ਨੇੜੇ ਆ ਕੇ ਪੈਰਾਂ ਨੂੰ ਹੱਥ ਲਾਉਂਦਿਆਂ ਸਤਿ ਸ੍ਰੀ ਅਕਾਲ ਬੁਲਾਈ। ਕੋਠੀ ਵਾਲੀ ਪਿਆਰ ਤੇ ਅਸੀਸ ਦਿੰਦੀ ਬੋਲੀ, “ਧੀਏ ਸਤਿ ਸ੍ਰੀ ਅਕਾਲ ਨਾਲੋਂ ਉਪਰ ਦੀ ਕੁਝ ਨਹੀਂ ਹੁੰਦਾ, ਪੈਰਾਂ ਵੱਲ ਨਾ ਹੋਇਆ ਕਰ। ਕਿਧਰ ਚੱਲੀਆਂ?”
ਉਤਰ ਚਾਚੀ ਨੇ ਦਿਤਾ, “ਮੈਂ ਸੋਚਿਆ, ਤੁਸੀਂ ਵੀ ਜਾਣ ਲਈ ਖੜ੍ਹੇ ਹੋ। ਅਸੀਂ ਤਾਂ ਟੋਭੇ ਵਾਲੇ ਗੁਰਦੁਆਰੇ ਚੱਲੀਆਂ, ਉਥੇ ਅੱਜ ਕਥਾ ਹੋਣੀ ਹੈ।”
ਕੋਠੀ ਵਾਲੀ ਬੋਲੀ, “ਨਹੀਂ, ਮੈਂ ਤਾਂ ਨਹੀਂ ਜਾਣਾ। ਮੈਂ ਤਾਂ ਸੁਣਿਆ ਵੀ ਨਹੀਂ। ਮੈਂ ਤਾਂ ਇਸ ਕਰਕੇ ਗੇਟ ਖੋਲ੍ਹਿਆ ਸੀ ਤਾਂ ਜੋ ਕੋਈ ਨਿਆਣਾ ਦਿਸ ਪਵੇ ਤਾਂ ਹੱਟੀ ਭੇਜ ਕੇ ਰੀਲ੍ਹਾਂ ਮੰਗਵਾ ਲਵਾਂ। ਕੱਲ੍ਹ ਬੰਤੀ ਝੀਰੀ ਦੀ ਕੁੜੀ ਦੇਖੀ, ਪਤਲਾ ਸੂਟ ਪਾਇਆ ਸੀ ਠੰਢ ਵਿਚ। ਇਹ ਦੋ ਸੂਟਾਂ ਦਾ ਕੱਪੜਾ ਪਿਆ ਸੀ, ਸੋਚਿਆ ਸਿਉਂ ਦੇਵਾਂ।”
ਚਾਚੀ ਨੇ ਮੱਥੇ ‘ਤੇ ਵੱਟ ਪਾਉਂਦਿਆਂ ਕਿਹਾ, “ਆਹੋ ਭੈਣੇ ਜੇ ਠੰਢ ਲੱਗ ਗਈ ਤਾਂ ਕੰਮ ਖੜ੍ਹ ਜਾਊ।” ‘ਚੰਗਾ ਚੱਲਦੇ ਆਂ’, ਕਹਿ ਕੇ ਚਾਚੀ ਤੁਰ ਪਈ। ਸਤਿਨਾਮ ਕੌਰ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਚਾਚੀ ਦੇ ਮਗਰ ਹੋ ਪਈ।
ਨਿੰਮ ਵਾਲੀ ਖੂਹੀ ‘ਤੇ ਦੇਖਿਆ, ਨਾ ਕੋਈ ਟਰਾਲੀ, ਨਾ ਕੋਈ ਬੰਦਾ। ਸਤਿਨਾਮ ਕੌਰ ਕੁਝ ਨਾ ਬੋਲੀ। ਚਾਚੀ ਨੇ ਆਸੇ-ਪਾਸੇ ਝਾਤ ਮਾਰੀ। ਸੁੰਨਸਾਨ।
ਚਾਚੀ ਦੇ ਮੱਥੇ ‘ਤੇ ਹੋਰ ਵੱਟ ਪੈ ਗਏ। ਉਹ ਬੋਲੀ, “ਬਹੁਤ ਪਰਉਪਕਾਰ ਕਰਨ ਵਾਲੀ ਦੇ ਮੱਥੇ ਲੱਗ ਕੇ ਆਈ ਆਂ। ਸਾਰੀ ਸੰਗਤ ਚਲੀ ਗਈ।”
ਸਤਿਨਾਮ ਕੌਰ ਚੁੱਪ ਰਹੀ। ਸਾਹਮਣੇ ਜੀਪ ਆ ਰਹੀ ਸੀ। ਚਾਚੀ ਨੇ ਮੱਥੇ ‘ਤੇ ਹੱਥ ਰੱਖ ਕੇ ਦੇਖਿਆ ਤੇ ਫਿਰ ਕਿਹਾ, “ਟਰਾਲੀ ਤਾਂ ਨਹੀਂ, ਜੀਪ ਲਗਦੀ ਹੈ।”
ਪਿਛੋਂ ਰਤਨਾ ਤਰਖਾਣ ਆ ਕੇ ਬੋਲਿਆ, “ਚਾਚੀ ਜੀ, ਕਿਤੇ ਟੋਭੇ ਵਾਲੇ ਗੁਰਦੁਆਰੇ ਤਾਂ ਨਹੀਂ ਚੱਲੀਆਂ?”
ਚਾਚੀ ਨੇ ‘ਹਾਂ’ ਵਿਚ ਜਵਾਬ ਦਿੰਦਿਆਂ ਪੁਛਿਆ, “ਤੂੰ ਵੀ ਜਾਣਾਂ?”
ਉਸ ਨੇ ਉਤਰ ਦਿੱਤਾ, “ਨਹੀਂ। ਮੈਂ ਤਾਂ ਦੱਸਣ ਆਇਆਂ ਕਿ ਅੱਜ ਕਥਾ ਨਹੀਂ ਹੋਣੀ। ਜਿਨ੍ਹਾਂ ਦੇ ਕਥਾ ਹੋਈ ਸੀ, ਉਨ੍ਹਾਂ ਦੇ ਘਰ ਸਤਮਾਹਾਂ ਬੱਚਾ ਹੋ ਕੇ ਮਰ ਗਿਆ। ਹੁਣ ਸੂਤਕ ਪਾਤਕ, ਦੋਵੇਂ ਉਨ੍ਹਾਂ ਦੇ ਘਰ ਹੋ ਗਏ। ਇਸ ਲਈ ਕਥਾ ਵਾਲੇ ਸੰਤ ਮੁੜ ਗਏ। ਉਨ੍ਹਾਂ ਦੇ ਘਰ ਦਾ ਤਾਂ ਸੰਤਾਂ ਨੇ ਪਾਣੀ ਵੀ ਨਹੀਂ ਸੀ ਪੀਣਾ।”
“ਅੱਛਾ।” ਚਾਚੀ ਨੇ ਕਿਹਾ, “ਮੈਂ ਵੀ ਸੋਚਾਂ, ਇਹ ਕਿਵੇਂ ਕੋਈ ਸੰਗਤ ਹੈ ਹੀ ਨਹੀਂ। ਚੱਲ ਇਹ ਤਾਂ ਠੀਕ ਹੈ। ਸੂਤਕ ਪਾਤਕ ਵਾਲੇ ਘਰ ਤਾਂ ਲੰਗਰ ਵੀ ਨਹੀਂ ਬਣਨਾ ਚਾਹੀਦਾ। ਕਿਹੜਾ ਸੰਤ ਖਾਊ।”
ਪਿੱਛੇ ਖੜ੍ਹਾ ਗੁਰਭਜਨ ਬੋਲਿਆ, “ਚਾਚੀ, ਗੁਰਸਿੱਖ ਤਾਂ ਹਰ ਕੋਈ ਖਾਊ।”
ਚਾਚੀ ਨੇ ਮੁੜ ਕੇ ਦੇਖਿਆ ਅਤੇ ਬੋਲੀ, “ਵੇ ਕਮਲਿਆ, ਸੁਣਿਆ ਤਾਂ ਤੂੰ ਕੁਝ ਹੈ ਨਹੀਂ। ਇਸ ਦੱਸਿਆ ਕਿ ਜਿਨ੍ਹਾਂ ਕਥਾ ਕਰਵਾਈ ਸੀ, ਉਨ੍ਹਾਂ ਦੇ ਘਰ ਸੂਤਕ ਪਾਤਕ ਹੋ ਗਿਆ।”
“ਹਾਂ ਜੀ ਚਾਚੀ ਜੀ, ਮੈਂ ਤਾਂ ਸਮਝਿਆ ਸੀ, ਤੁਸੀਂ ਗੁਰਦੁਆਰੇ ਜਾਣਾ। ਕੋਈ ਗੁਰਸਿੱਖ ਵੀਰ ਹੋਵੇਗਾ ਕਥਾਵਾਚਕ, ਪਰ ਨਹੀਂ। ਗੁਰਸਿੱਖਾਂ ਵਿਚ ਸੂਤਕ ਪਾਤਕ ਵਹਿਮ ਨਹੀਂ ਹਨ, ਨਾਲੇ ਲੰਗਰ ਗੁਰਦੁਆਰੇ ਬਣਦਾ ਹੁੰਦਾ। ਘਰੋਂ ਬਣ ਕੇ ਕਿਉਂ ਆਵੇਗਾ। ਚਲੋ ਸੱਚਾਈ ਪਤਾ ਲੱਗ ਗਈ। ਕੋਈ ਪਖੰਡੀ ਹੋਵੇਗਾ ਕਥਾ ਕਰਨ ਵਾਲਾ।”
ਚਾਚੀ ਹੱਥ ਜੋੜ ਕੇ ਬੋਲੀ, “ਮੁੰਡਿਆ, ਰੱਬ ਦੇ ਵਾਸਤੇ ਸੰਤਾਂ ਸਾਧਾਂ ਮਹਾਪੁਰਖਾਂ ਦੀ ਸੇਵਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਬੋਲੋ। ਵਾਹਿਗੁਰੂ-ਵਾਹਿਗੁਰੂ। ਨਾ ਜਾਣੇ ਇਨ੍ਹਾਂ ਨੂੰ ਕੀ ਭਾਣਾ ਵਰਤਿਆ, ਬੋਲਣ ਲੱਗੇ ਡਰਦੇ ਨਹੀਂ।” ਸਤਿਨਾਮ ਕੌਰ ਦਾ ਹੱਥ ਫੜ ਕੇ ਚਾਚੀ ਤੁਰ ਪਈ।
ਗੁਰਭਜਨ ਨੇ ਮੋਹਰੇ ਹੋ ਕੇ ਕਿਹਾ, “ਚਾਚੀ ਜੀ, ਮੇਰੀ ਸੇਵਾ ਪ੍ਰਵਾਨ ਕਰੋ। ਮੈਂ ਜੀਪ ਤੁਹਾਡੇ ਲਈ ਲੈ ਕੇ ਆਇਆਂ।” ਉਹਨੇ ਚਾਚੀ ਦਾ ਹੱਥ ਫੜ ਕੇ ਜੀਪ ਵਿਚ ਬਿਠਾ ਲਿਆ ਤੇ ਸਤਿਨਾਮ ਕੌਰ ਨੂੰ ਕਿਹਾ, “ਤੂੰ ਵੀ ਬੈਠ।”
ਘਰ ਛੱਡ ਕੇ ਉਹ ਤਾਂ ਮੁੜ ਗਿਆ, ਸਤਿਨਾਮ ਕੌਰ ਨੇ ਚਾਚੀ ਨੂੰ ਧੁੱਪੇ ਮੰਜੇ ‘ਤੇ ਬਿਠਾ ਕੇ ਚਾਹ ਪਿਆਈ, ਪਿੰਨੀ ਖੁਆਈ। ਫਿਰ ਬੋਲੀ, “ਚਾਚੀ ਜੀ, ਥੋੜ੍ਹਾ ਅਰਾਮ ਕਰੋ।” ਫਿਰ ਹੱਥ ਵਿਚ ਫੜੇ ਖੇਸ ਦੀ ਤਹਿ ਖੋਲ੍ਹ ਉਸ ਦੇ ਉਪਰ ਦੇ ਦਿੱਤਾ।
ਚਾਚੀ ਲੰਮੀ ਤਾਂ ਪੈ ਗਈ, ਪਰ ਉਸ ਦਾ ਮਨ ਸ਼ਾਂਤ ਨਹੀਂ ਸੀ। ਮਨ ਅੰਦਰ ਸੋਚਦੀ, ਖਬਰੇ ਜ਼ਮਾਨੇ ਨੂੰ ਕੀ ਲੋਹੜਾ ਆ ਗਿਆ! ਧਰਮ ਕਰਮ ਦੀ ਗੱਲ ਤਾਂ ਕਿਸੇ ਨੂੰ ਚੰਗੀ ਹੀ ਨਹੀਂ ਲਗਦੀ। ਵਿਸਾਖੀ ਵਾਲੇ ਦਿਨ ਸਾਡੀ ਸਤਿਨਾਮ ਕੌਰ ਵੀ ਕੋਠੀ ਵਾਲੀ ਦੇ ਨਾਲ ਠਾਣੇਦਾਰਨੀ ਬਣੀ ਖੜ੍ਹੀ ਸੀ, ਸਰੋਵਰ ਵਿਚ ਕੋਈ ਪ੍ਰਸ਼ਾਦ ਨਾ ਪਾਵੋ। ਨਿਸ਼ਾਨ ਸਾਹਿਬ ਹੇਠ ਪੰਛੀਆਂ ਲਈ ਦਾਣੇ ਨਾ ਪਾਵੋ। ਹੋਰ ਤਾਂ ਹੋਰ ਗੁਰਦੁਆਰੇ ਦੀ ਜੋਤ ਦੇ ਵੀ ਉਲਟ ਬੋਲਦੀ।
ਚਾਚੀ ਉਠ ਕੇ ਬੈਠ ਗਈ। ਸਤਿਨਾਮ ਕੌਰ ਸਾਹਮਣੇ ਬੈਠੀ ਕੁਝ ਚੁਗ ਰਹੀ ਸੀ। ਬੋਲੀ, “ਚਾਚੀ ਜੀ ਕੀ ਗੱਲ, ਕੁਝ ਚਾਹੀਦਾ?” ਫਿਰ ਆਪ ਉਠ ਕੇ ਆ ਗਈ ਤੇ ਪੁਛਿਆ, “ਪਾਣੀ ਲਿਆਵਾਂ?”
ਚਾਚੀ ਨੇ ਕਿਹਾ, “ਧੀਏ! ਮੈਨੂੰ ਕੁਝ ਨਹੀਂ ਚਾਹੀਦਾ। ਤੂੰ ਮੇਰੇ ਕੋਲ ਬੈਠ।”
ਸਤਿਨਾਮ ਕੌਰ ਚਾਚੀ ਦੇ ਕੋਲ ਮੰਜੇ ‘ਤੇ ਬੈਠ ਗਈ ਤੇ ਚਾਚੀ ਦਾ ਹੱਥ ਫੜ ਕੇ ਬੋਲੀ, “ਕੀ ਗੱਲ ਚਾਚੀ ਜੀ, ਤੁਹਾਡੀ ਤਬੀਅਤ ਤਾਂ ਠੀਕ ਹੈ? ਤੁਸੀਂ ਘਬਰਾਏ ਲੱਗਦੇ ਹੋ?” ਫਿਰ ਚਾਚੀ ਦੇ ਮੋਢਿਆਂ ਨੂੰ ਹੌਲੀ-ਹੌਲੀ ਦਬਾਉਣ ਲੱਗ ਪਈ।
ਚਾਚੀ ਨੇ ਉਸ ਦਾ ਹੱਥ ਫੜ ਕੇ ਕਿਹਾ, “ਮੇਰਾ ਕੁਝ ਨਹੀਂ ਦੁਖਦਾ, ਮੈਂ ਚੰਗੀ ਭਲੀ ਹਾਂ। ਮੇਰਾ ਤਾਂ ਤੇਰੇ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ।”
“ਚਾਚੀ ਜੀ, ਜਿੰਨੀਆਂ ਚਾਹੇ ਗੱਲਾਂ ਕਰੋ। ਮੈਂ ਤੁਹਾਡੇ ਕੋਲ ਹਾਂ।”
ਚਾਚੀ ਨੇ ਸਤਿਨਾਮ ਕੌਰ ਦੇ ਸਿਰ ‘ਤੇ ਪਿਆਰ ਦਿੱਤਾ। ਫਿਰ ਬੋਲੀ, “ਧੀਏ, ਜਿੰਨਾ ਤੂੰ ਮੇਰਾ ਖਿਆਲ ਰੱਖਦੀ ਏਂ, ਐਨਾ ਕੋਈ ਧੀ ਵੀ ਨਹੀਂ ਰੱਖਦੀ, ਤੂੰ ਤਾਂ ਫਿਰ ਮੇਰੇ ਜੇਠ ਜਠਾਣੀ ਦੀ ਨੂੰਹ ਹੈ। ਮੈਂ ਤੈਨੂੰ ਗੁੱਸੇ ਵੀ ਹੋ ਲੈਨੀਂ ਹਾਂ। ਪਤਾ ਨਹੀਂ, ਕੀ ਕੁਝ ਬੋਲ ਲੈਂਦੀ ਹਾਂ। ਤੇਰੇ ਮੱਥੇ ‘ਤੇ ਕਦੀ ਵੱਟ ਨਹੀਂ ਦੇਖਿਆ।”
ਸਤਿਨਾਮ ਕੌਰ ਨੇ ਮੋਢੇ ਦੱਬਣੇ ਛੱਡ ਕੇ ਹੱਥ ਜੋੜ ਕੇ ਕਿਹਾ, “ਚਾਚੀ ਜੀ ਇਹ ਗੱਲਾਂ ਛੱਡੋ, ਮੈਨੂੰ ਦੱਸੋ ਤੁਹਾਨੂੰ ਨੀਂਦ ਕਿਉਂ ਨਹੀਂ ਆਈ? ਮੈਂ ਫੁਲਕਾ ਬਣਾ ਕੇ ਲਿਆਵਾਂ?”
“ਧੀਏ ਅਜੇ ਭੁੱਖ ਨਹੀਂ। ਤੂੰ ਮੇਰੇ ਨਾਲ ਗੱਲਾਂ ਕਰ।”
“ਗੱਲਾਂ ਤਾਂ ਆਪਾਂ ਕਰ ਹੀ ਰਹੀਆਂ ਹਾਂ ਚਾਚੀ ਜੀ, ਤੁਸੀਂ ਸੁਣਾਉ ਕੋਈ ਗੱਲ?”
“ਮੈਂ ਤੈਨੂੰ ਪੁਛਦੀ ਹਾਂ, ਤੂੰ ਮੈਨੂੰ ਸਮਝਾ। ਤੂੰ ਕਹਿੰਦੀ ਸੀ, ਮੱਛੀਆਂ ਨੂੰ ਸਰੋਵਰ ਵਿਚ ਆਟੇ ਦੀਆਂ ਗੋਲੀਆਂ ਨਾ ਪਾਉ। ਨਿਸ਼ਾਨ ਸਾਹਿਬ ਦੇ ਚਬੂਤਰੇ ‘ਤੇ ਪੰਛੀਆਂ ਨੂੰ ਦਾਣੇ ਨਾ ਪਾਉ। ਗੁਰਦੁਆਰੇ ਦੇ ਅੰਦਰ ਇਕ ਪਾਸੇ ਜੋਤ ਜਲਾਉਣ ਲਈ ਵੱਖਰੀ ਚਿਮਨੀ ਬਣੀ ਹੋਈ ਹੈ, ਤੂੰ ਉਹਦੇ ਵੀ ਉਲਟ ਬੋਲਦੀ ਹੈਂ। ਅਖੰਡ ਪਾਠ ਕਰਨ ਸਮੇਂ ਕੁੰਭ ਰੱਖਣ ਦੇ ਤੂੰ ਖਿਲਾਫ ਹੈਂ। ਅੱਜ ਗੁਰਭਜਨ ਸਿੰਘ ਵੀ ਬਚਨ ਕਰ ਗਿਆ ਕਿ ਸੂਤਕ ਪਾਤਕ ਕੁਝ ਨਹੀਂ ਹੁੰਦਾ। ਅੱਜ ਦੇ ਯੁੱਗ ਵਿਚ ਧਰਮ ਦੀ ਕੋਈ ਗੱਲ ਹੈ ਕਿ ਨਹੀਂ? ਮੈਂ ਤਾਂ ਜਿਵੇਂ ਰਾਹ ਭੁੱਲਾ ਬੰਦਾ ਘਬਰਾ ਜਾਂਦਾ, ਡਰ ਜਾਂਦਾ, ਉਂਜ ਹੋਈ ਪਈ ਹਾਂ। ਕਿਸੇ ਸੰਤ ਮਹਾਤਮਾ ਦਾ ਨਾਂ ਤੇਰਾ ਚਾਚਾ ਹੀ ਨਹੀਂ ਲੈਣ ਦਿੰਦਾ। ਮੈਨੂੰ ਤੂੰ ਦੱਸ, ਕੀ ਕਰਨਾ ਚਾਹੀਦਾ, ਕੀ ਨਹੀਂ? ਜੋ ਨਹੀਂ ਕਰਨਾ ਚਾਹੀਦਾ, ਉਹ ਕਿਉਂ?”
“ਅੱਛਾ ਚਾਚੀ ਜੀ, ਤੁਸੀਂ ਇਨ੍ਹਾਂ ਗੱਲਾਂ ਲਈ ਪ੍ਰੇਸ਼ਾਨ ਹੋ। ਤੁਹਾਨੂੰ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਤੁਸੀਂ ਸਭ ਕੁਝ ਸਮਝ ਜਾਵੋਗੇ। ਪਹਿਲਾਂ ਦੱਸੋ, ਫੁਲਕਾ ਇਥੇ ਵਿਹੜੇ ਵਿਚ ਹੀ ਖਾਉਗੇ ਜਾਂ ਅੰਦਰ ਜਾ ਕੇ।”
ਚਾਚੀ ਦਾ ਫਿਰ ਉਹੀ ਉਤਰ ਸੀ, “ਮੈਂ ਫੁਲਕਾ ਨਹੀਂ ਖਾਣਾ, ਭੁੱਖ ਨਹੀਂ ਹੈ।”
ਚਾਚੀ ਨੇ ਥੋੜ੍ਹੀ ਉਚੀ ਆਵਾਜ਼ ਵਿਚ ਕਿਹਾ, “ਮੈਂ ਕਹਿ ਰਹੀ ਹਾਂ, ਮੈਨੂੰ ਮੇਰੇ ਸਵਾਲਾਂ ਦੇ ਜਵਾਬ ਦੇ ਦੇਵੋ।”
ਸਤਿਨਾਮ ਕੌਰ ਚਾਚੀ ਦੇ ਮੰਜੇ ‘ਤੇ ਬੈਠ ਗਈ। “ਮੈਂ ਹੁਣ ਆਪਣੀ ਚਾਚੀ ਦੀ ਸੇਵਾ ਵਿਚ ਹਾਜ਼ਰ ਹਾਂ। ਪੁੱਛੋ ਸਵਾਲ।” ਕਹਿ ਕੇ ਚਾਚੀ ਦੇ ਗੋਡਿਆਂ ‘ਤੇ ਖੇਸ ਦੇ ਕੇ ਹੌਲੀ-ਹੌਲੀ ਦੱਬਣ ਲੱਗ ਪਈ।
“ਦੱਸ ਮੈਨੂੰ ਸਰੋਵਰ ਵਿਚ ਮੱਛੀਆਂ ਲਈ ਕੋਈ ਲੰਗਰ ਲਾਇਆ ਹੈ ਕਿਸੇ ਨੇ? ਸਾਡੇ ਬਜੁਰਗ ਤੀਰਥਾਂ ‘ਤੇ ਜਾਂਦੇ ਘਰੋਂ ਆਟਾ ਲੈ ਕੇ ਜਾਂਦੇ ਹੁੰਦੇ ਸੀ। ਜਾ ਕੇ ਗੋਲੀਆਂ ਬਣਾ ਕੇ ਦਰਿਆਵਾਂ ਵਿਚ ਪਾਉਂਦੇ ਸੀ।”
“ਚਾਚੀ ਜੀ, ਤੁਸੀਂ ਬਿਲਕੁਲ ਠੀਕ ਕਹਿੰਦੇ ਹੋ।” ਸਤਿਨਾਮ ਕੌਰ ਨੇ ਕਿਹਾ, “ਸਰੋਵਰ ਤੇ ਦਰਿਆ ਵਿਚ ਫਰਕ ਹੈ। ਦਰਿਆ ਦਾ ਪਾਣੀ ਵਹਿੰਦਾ, ਉਸ ਵਿਚ ਇਕ ਤਾਂ ਕੱਛ, ਮੱਛ ਜ਼ਿਆਦਾ ਹੁੰਦੇ ਹਨ ਖਾਣ ਲਈ; ਦੂਸਰਾ ਜੋ ਪਾਉ, ਪਾਣੀ ਦੇ ਨਾਲ ਅੱਗੇ ਚਲਦਾ ਰਹਿੰਦਾ ਹੈ। ਸਰੋਵਰ ਦਾ ਪਾਣੀ ਖੜ੍ਹਾ ਰਹਿੰਦਾ ਹੈ। ਬਦਲ ਤਾਂ ਹੁੰਦਾ ਨਹੀਂ। ਉਸੇ ਪਾਣੀ ਵਿਚ ਹੋਰ ਪਾ ਦਿੱਤਾ ਜਾਂਦਾ ਹੈ। ਮੱਛੀਆਂ ਥੋੜ੍ਹੀਆਂ ਹੋਣ ਕਰ ਕੇ ਆਟੇ ਦੀਆਂ ਗੋਲੀਆਂ ਪਾਣੀ ਵਿਚ ਸੜਦੀਆਂ ਰਹਿੰਦੀਆਂ ਹਨ। ਮੱਛੀਆਂ ਲਈ ਬਿਮਾਰੀ ਬਣ ਜਾਂਦੀਆਂ ਹਨ। ਖੜ੍ਹੇ ਪਾਣੀ ਦੀਆਂ ਮੱਛੀਆਂ ਲਈ ਹੋਰ ਖੁਰਾਕ ਹੁੰਦੀ ਹੈ, ਜਿਹੜੀ ਪਾਈ ਜਾਂਦੀ ਹੈ। ਮੱਛੀਆਂ ਲਈ ਤਾਂ ਸੁਣਿਆ ਹੈ ਕਿ ਬੜੀ ਮੱਛੀ ਛੋਟੀ ਨੂੰ ਖਾ ਲੈਂਦੀ ਹੈ।”
ਚਾਚੀ ਬੜੇ ਧਿਆਨ ਨਾਲ ਸੁਣ ਰਹੀ ਸੀ, ਫਿਰ ਬੋਲੀ, “ਪੰਛੀਆਂ ਨੂੰ ਦਾਣੇ ਪਾਉਣ ਤੋਂ ਕਿਉਂ ਰੋਕਦੀ ਹੈਂ।”
“ਨਹੀਂ ਚਾਚੀ ਜੀ, ਮੈਂ ਰੋਕਦੀ ਨਹੀਂ। ਤੁਸੀਂ ਆਪ ਦੇਖਿਆ ਹੋਣਾ, ਨਿਸ਼ਾਨ ਸਾਹਿਬ ਵਾਲੇ ਥੜ੍ਹੇ ‘ਤੇ ਕਿੰਨੀਆਂ ਬਿੱਠਾਂ ਪਈਆਂ ਹੁੰਦੀਆਂ। ਮੱਥਾ ਟੇਕਣ ਵਾਲੇ ਹੱਥਾਂ ਨੂੰ, ਮੱਥੇ ਨੂੰ ਲਗਦੀਆਂ। ਜੇ ਦਾਣੇ ਪਾਉਣੇ ਜ਼ਰੂਰੀ ਹਨ ਤਾਂ ਖੁੱਲ੍ਹੀ ਜਗ੍ਹਾ ‘ਤੇ ਪਾਉ ਜਿਥੇ ਕਿਸੇ ਦੇ ਮੱਥੇ ਨੂੰ ਬਿੱਠਾਂ ਨਾ ਲੱਗਣ। ਪੰਛੀ ਤਾਂ ਦਾਣੇ ਚੁਗਦੇ ਬਿੱਠਾਂ ਕਰਦੇ ਰਹਿੰਦੇ ਹਨ। ਅਸੀਂ ਪੰਛੀਆਂ ਦੀ ਸੇਵਾ ਕਰਨੀ ਚਾਹੁੰਦੇ ਹਾਂ ਤਾਂ ਰੁੱਖ ਲਾਈਏ ਤੇ ਲੱਗੇ ਹੋਏ ਰੁੱਖ ਕੱਟਣ ਨਾ ਦੇਈਏ। ਤਰ੍ਹਾਂ-ਤਰ੍ਹਾਂ ਦੇ ਰੁੱਖਾਂ ‘ਤੇ ਭਾਂਤ-ਭਾਂਤ ਦੇ ਪੰਛੀ ਰਹਿਣਗੇ। ਆਲ੍ਹਣੇ ਬਣਾਉਣਗੇ। ਰੁੱਖ ਲਾ ਕੇ ਤੇ ਸੰਭਾਲ ਕੇ ਅਸੀਂ ਵਾਤਾਵਰਣ ਨੂੰ ਸੰਭਾਲਾਂਗੇ। ਇਨ੍ਹਾਂ ਨੂੰ ਘਰ ਤੇ ਖੁਰਾਕ-ਦੋਵੇਂ ਦੇਵਾਂਗੇ। ਰੁੱਖ ਤੇ ਪੰਛੀ ਸਾਡੇ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਨਗੇ।”
“ਅੱਛਾ।” ਚਾਚੀ ਨੇ ਕਿਹਾ, “ਤੇਰਾ ਮਤਲਬ ਰੁੱਖ ਲਾ ਕੇ ਉਨ੍ਹਾਂ ਦੇ ਫਲ ਫੁੱਲ ਖਾਣ ਦਾ ਪ੍ਰਬੰਧ ਕਰਾਂ।” ਫਿਰ ਬੋਲੀ, “ਅੱਛਾ, ਹੁਣ ਦੱਸ, ਗੁਰਦੁਆਰੇ ਜੋਤ ਲਈ ਕੀ ਇਤਰਾਜ਼ ਹੈ?”
“ਚਾਚੀ ਜੀ ਇਤਰਾਜ਼ ਮੈਨੂੰ ਕਿਸੇ ਗੱਲ ਦਾ ਨਹੀਂ। ਮੈਂ ਕੌਣ ਹੁੰਦੀ ਹਾਂ ਇਤਰਾਜ਼ ਕਰਨ ਵਾਲੀ। ਚਾਚੀ ਜੀ, ਉਹ ਜੋਤ ਕਿਸੇ ਨੂੰ ਰਾਹ ਦਿਖਾਉਂਦੀ ਹੈ। ਕੀ ਗੁਰੂ ਸਾਹਿਬ ਰਾਹ ਭੁੱਲੇ ਹੋਏ ਹਨ। ਉਸ ਵਿਚ ਰਾਤ ਦਿਨ ਦੇਸੀ ਘਿਉ ਫੂਕਦੇ ਹਾਂ। ਗਰੀਬ ਦੇ ਬੱਚੇ ਦੀ ਰੋਟੀ ਚੋਪੜਨ ਲਈ ਘਿਉ ਦਾ ਚਮਚਾ ਨਹੀਂ। ਚਾਚੀ ਜੀ, ਅਸੀਂ ਸਾਰੇ ਭੁੱਲੇ ਹੋਏ ਹਾਂ। ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ? ਇਸ ਲਈ ਕਿ ਉਥੇ ਸਾਡੇ ਗੁਰੂਆਂ ਦੀ ਬਾਣੀ ਸੁਣਨ ਨੂੰ ਮਿਲਦੀ ਹੈ। ਸਾਡੇ ਗੁਰੂਆਂ ਦੇ ਬਚਨ ਜਿਹੜੇ ਜ਼ਿੰਦਗੀ ਜਿਉਣੀ ਦੱਸਦੇ ਹਨ, ਸੁਣਨ ਨੂੰ ਮਿਲਦੇ ਹਨ। ਉਨ੍ਹਾਂ ਵੱਲ ਤਾਂ ਸਾਡਾ ਧਿਆਨ ਨਹੀਂ। ਉਨ੍ਹਾਂ ਤਾਂ ਸਾਨੂੰ ਕਿਹਾ, ‘ਨਾਮ ਜਪੋ, ਵੰਡ ਛਕੋ।’ ਮਹਿੰਗਾ ਰੁਮਾਲਾ ਭੇਟ ਕਰਨ ਨਾਲੋਂ ਕਿਸੇ ਗਰੀਬ ਦਾ ਤਨ ਖੱਦਰ ਨਾਲ ਢੱਕ ਦੇਣਾ ਚੰਗੀ ਗੱਲ ਹੈ। ਜੇ ਦੇਣ ਦੀ ਸਮਰੱਥਾ ਹੈ, ਕਿਸੇ ਦੀ ਲੋੜ ਪੂਰੀ ਕਰਨ ਲਈ ਉਦਮ ਕਰਨਾ ਚਾਹੀਦਾ ਹੈ।”
ਚਾਚੀ ਨੇ ਸਤਿਨਾਮ ਕੌਰ ਦੇ ਸਿਰ ‘ਤੇ ਹੱਥ ਰੱਖ ਕੇ ਕਿਹਾ, “ਧੀਏ ਤੇਰੀ ਦਲੀਲ ਹੈ ਤਾਂ ਸੋਲਾਂ ਆਨੇ ਠੀਕ।”
ਕੁਝ ਚਿਰ ਚਾਚੀ ਸੋਚਾਂ ਵਿਚ ਪਈ ਰਹੀ। ਫਿਰ ਕੁਝ ਪਲ ਰੁਕ ਕੇ ਬੋਲੀ, “ਅੱਜ ਸਮਝ ਆਈ, ਤੂੰ ਸੰਗਰਾਂਦ ਵਾਲੇ ਦਿਨ ਕਦੇ ਰਸਦ ਪ੍ਰਸ਼ਾਦ ਵੀ ਲੈ ਕੇ ਨਹੀਂ ਜਾਂਦੀ। ਮੱਝ ਦੇ ਪਹਿਲੇ ਘਿਉ ਦੀ ਅਰਦਾਸ ਨਹੀਂ ਕਰਵਾਈ। ਉਹ ਸਭ ਕੁਝ ਤੂੰ ਭੱਠੇ ਦੇ ਮਜ਼ਦੂਰਾਂ ਦੇ ਬੱਚਿਆਂ ਲਈ ਪਿੰਨੀਆਂ ਬਣਾ ਕੇ ਸਕੂਲ ਆਇਆਂ ਨੂੰ ਛਕਾਉਂਦੀ ਹੈਂ। ਉਨ੍ਹਾਂ ਨੂੰ ਸਕੂਲ ਦੀਆਂ ਵਰਦੀਆਂ ਵੀ ਦਿੰਦੀ ਹੈਂ। ਸ਼ਾਬਾਸ਼ ਧੀਏ! ਲੈ ਅੱਜ ਤੋਂ ਆਪਣੀ ਇਸ ਚਾਚੀ ਨੂੰ ਆਪਣੀ ਸਾਥਣ ਬਣਾ ਲੈ।”
“ਚਾਚੀ ਜੀ, ਆਪਣਾ ਸਾਥ ਗੁਰੂ ਨੇ ਬਣਾਇਆ ਹੋਇਆ ਹੈ।” ਸਤਿਨਾਮ ਕੌਰ ਨੇ ਕਿਹਾ।
ਚਾਚੀ ਨੇ ਹੱਥ ਜੋੜ ਕੇ ਕਿਹਾ, “ਅੱਜ ਤੋਂ ਜਿਵੇਂ ਤੂੰ ਕਹੇਂਗੀ, ਉਸ ਤਰ੍ਹਾਂ ਮੈਂ ਕਰੂੰਗੀ।”
“ਚਾਚੀ, ਕੀ ਕਰਨ ਦੀਆਂ ਸਲਾਹਾਂ ਬਣ ਰਹੀਆਂ ਹਨ।” ਸਾਹਮਣੇ ਘਰ ਵਾਲੀ ਨਸੀਬ ਕੌਰ ਨੇ ਵਿਹੜੇ ਵਿਚ ਵੜਦੀ ਨੇ ਕਿਹਾ।
ਚਾਚੀ ਨੇ ਉਸ ਵੱਲ ਦੇਖ ਕੇ ਕਿਹਾ, “ਆ ਨਸੀਬ ਕੁਰੇ, ਸਾਡੀਆਂ ਗੱਲਾਂ ਸੁਣਦੀ ਸੀ ਤੂੰ।”
“ਚਾਚੀ ਜੀ, ਮੈਂ ਬਾਹਰੋਂ ਵੀ ਤੁਹਾਡੀਆਂ ਹੀ ਗੱਲਾਂ ਸੁਣ ਕੇ ਆਈ ਹਾਂ। ਤੁਹਾਡੇ ਵਿਹੜੇ ਦਾ ਦਰਵਾਜਾ ਖੁੱਲ੍ਹਾ ਸੀ। ਮੈਂ ਆਪਣੇ ਘਰ ਨਾ ਵੜੀ, ਇਧਰ ਹੀ ਆ ਗਈ।”
“ਨਾ ਨਸੀਬ ਕੁਰੇ, ਬਾਹਰੋਂ ਤੂੰ ਸਾਡੀਆਂ ਕੀ ਗੱਲਾਂ ਸੁਣਦੀ ਆਈ ਹੈਂ? ਅਸੀਂ ਕਿਸੇ ਦੀ ਮੱਝ ਖੋਲ੍ਹ ਲਿਆਂਦੀ?” ਚਾਚੀ ਨੇ ਥੋੜ੍ਹੀ ਨਾਰਾਜ਼ਗੀ ਦਿਖਾਈ।
ਸਤਿਨਾਮ ਕੌਰ ਹੱਸ ਕੇ ਬੋਲੀ, “ਬੀਬੀ ਤੂੰ ਸਾਡੀਆਂ ਗੱਲਾਂ ਬਾਹਰੋਂ ਕਿਵੇਂ ਸੁਣ ਲਈਆਂ? ਅਸੀਂ ਤਾਂ ਅੰਦਰ ਬੈਠੀਆਂ ਗੱਲਾਂ ਕਰਦੀਆਂ ਸਾਂ।”
ਨਸੀਬ ਕੌਰ ਨੇ ਚਾਚੀ ਦੀ ਪੁੱਠੀ ਪਈ ਜੁੱਤੀ ਨੂੰ ਸਿੱਧੀ ਕਰਕੇ ਦੋਵੇਂ ਪੈਰ ਇਕੱਠੇ ਕਰਕੇ ਰੱਖ ਕੇ ਹੱਥ ਆਪਣੇ ਮੱਥੇ ਨੂੰ ਲਾਇਆ। ਚਾਚੀ ਨੇ ਉਸ ਦੇ ਮੋਢੇ ‘ਤੇ ਹੱਥ ਮਾਰ ਕੇ ਕਿਹਾ, “ਇਹ ਕੀ ਨਵਾਂ ਡਰਾਮਾ?”
“ਨਹੀਂ ਚਾਚੀ ਜੀ, ਲੱਤਾਂ ਤਾਂ ਤੁਸੀਂ ਖੇਸ ਨਾਲ ਢੱਕੀਆਂ ਹੋਈਆਂ। ਮੈਂ ਪੈਰ ਨੰਗੇ ਨਹੀਂ ਕੀਤੇ। ਮਾਂ ਦੀ ਜੁੱਤੀ ਨੂੰ ਮੱਥਾ ਟੇਕ ਲਿਆ।” ਫਿਰ ਮੰਜੇ ‘ਤੇ ਬੈਠ ਕੇ ਬੋਲੀ, “ਚਾਚੀ ਜੀ, ਮੈਂ ਤਾਂ ਸਤਿਨਾਮ ਦੀਆਂ ਤਾਰੀਫਾਂ ਪੰਚਾਇਤਾਂ ਵਿਚ ਹੁੰਦੀਆਂ ਸੁਣ ਕੇ ਆਈ ਹਾਂ।”
“ਅੱਜ ਪੰਚਾਇਤ ਦੀ ਮੀਟਿੰਗ ਸੀ?” ਚਾਚੀ ਨੇ ਪੁੱਛਿਆ।
“ਨਹੀਂ ਜੀ, ਅੱਜ ਮੀਟਿੰਗ ਤਾਂ ਨਹੀਂ ਸੀ, ਉਹ ਮੀਟਿੰਗ ਰੱਖਣ ਲਈ ਸਲਾਹ ਕਰ ਰਹੇ ਸੀ। ਕਹਿੰਦੇ ਸੀ, ਸਾਰੇ ਪਿੰਡ ਨੂੰ ਸੱਦਣਾ। ਸਤਿਨਾਮ ਕੌਰ ਦੀਆਂ ਤਾਰੀਫਾਂ ਕਰਦੇ ਸੀ।”
ਚਾਚੀ ਨੇ ਕਿਹਾ, “ਨਸੀਬ ਕੁਰੇ, ਕੁਰਸੀ ਖਿੱਚ ਕੇ ਮੇਰੇ ਸਾਹਮਣੇ ਬੈਠ ਕੇ ਗੱਲ ਦੱਸ।”
ਸਤਿਨਾਮ ਕੌਰ ਨੇ ਕੁਰਸੀ ਮੰਜੇ ਦੇ ਸਾਹਮਣੇ ਰੱਖ ਦਿੱਤੀ। ਫਿਰ ਬੋਲੀ, “ਬੀਬੀ ਬੈਠ ਕੇ ਚਾਚੀ ਨੂੰ ਦੱਸ ਕੀ ਗੱਲ ਸੁਣ ਕੇ ਆਈ ਹੈਂ?” ਉਹ ਆਪ ਵੀ ਚਾਚੀ ਕੋਲ ਬੈਠ ਗਈ। ਨਸੀਬ ਕੌਰ ਨੇ ਕਿਹਾ, “ਚਾਚੀ ਜੀ, ਸਤਿਨਾਮ ਕੌਰ ਦੀਆਂ ਤਾਂ ਸਾਰੇ ਤਾਰੀਫਾਂ ਹੀ ਕਰਦੇ ਹਨ। ਮੈਨੂੰ ਸਰਪੰਚ ਤਾਇਆ ਜੀ ਨੇ ਦੱਸਿਆ ਸੀ ਕਿ ਸਰਕਾਰ ਵਲੋਂ ਹੋਰ ਸਕੂਲਾਂ ਦੇ ਨਾਲ ਚਿੱਠੀ ਆਈ ਹੈ ਕਿ ਸਕੂਲ ਵਿਚ ਬੱਚੇ ਥੋੜ੍ਹੇ ਹੋਣ ਕਰਕੇ ਸਕੂਲ ਬੰਦ ਕਰ ਦੇਣੇ ਆ।”
“ਫਿਰ ਹੋ ਗਿਆ ਬੰਦ?” ਚਾਚੀ ਨੇ ਕਾਹਲੀ ਪੈਂਦਿਆਂ ਪੁਛਿਆ।
“ਚਾਚੀ ਜੀ ਸੁਣੋ, ਮੈਂ ਇਹੀ ਦਸਦੀ ਪਈ ਹਾਂ। ਸਤਿਨਾਮ ਕੌਰ ਨੇ ਪਹਿਲਾਂ ਤਾਂ ਸਕੂਲ ਦੀਆਂ ਮੈਡਮਾਂ ਨੂੰ ਕਿਹਾ ਕਿ ਤੁਸੀਂ ਐਨਾ ਪੜ੍ਹੀਆਂ ਹੋ, ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਉਂਦੀਆਂ। ਸਕੂਲ ਬੰਦ ਹੋਣਗੇ, ਤੁਹਾਨੂੰ ਵੀ ਜਵਾਬ ਮਿਲਣਗੇ ਜਾਂ ਖਬਰੇ ਕਿੰਨੀ ਦੂਰ ਬਦਲੀ ਹੋ ਜਾਵੇ। ਦੂਜਾ, ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਇਆ ਕਿ ਜਿਹੜੇ ਘਰੋ-ਘਰੀ ਅੰਗਰੇਜ਼ੀ ਸਕੂਲ ਖੁੱਲ੍ਹੇ ਹੋਏ ਹਨ, ਉਥੇ ਪੜ੍ਹਾਉਣ ਵਾਲੀਆਂ ਕੋਈ ਦਸਵੀਂ ਪਾਸ ਤੇ ਕੋਈ ਗਿਆਰਵੀਂ ਫੇਲ੍ਹ। ਦੋ ਲਾਈਨਾਂ ਅੰਗਰੇਜ਼ੀ ਦੀ ਕਵਿਤਾ ਯਾਦ ਕਰਵਾ ਦਿੰਦੇ ਹਨ। ਘਰ ਦੇ ਕਹਿੰਦੇ, ਸਾਡਾ ਬੱਚਾ ਅੰਗਰੇਜ਼ੀ ਬੋਲਣ ਲੱਗ ਪਿਆ। ਫਿਰ ਦੋਹਾਂ ਭੱਠਿਆਂ ‘ਤੇ ਜਾ ਕੇ ਉਥੋਂ ਬੱਚੇ ਇਕੱਠੇ ਕੀਤੇ। ਮੈਡਮ ਨੂੰ ਨਾਲ ਲਿਜਾ ਕੇ ਫਾਰਮ ਭਰਵਾਏ। ਆਪ ਬੱਚਿਆਂ ਨੂੰ ਵਰਦੀ ਤੇ ਬਸਤੇ, ਫੱਟੀ, ਸਲੇਟ, ਕੈਦੇ, ਕਾਪੀ-ਸਭ ਕੁਝ ਲੈ ਕੇ ਦਿੱਤਾ। ਸਕੂਲ ਜਾਣ ਤੋਂ ਪਹਿਲਾਂ ਨਾਸ਼ਤਾ ਕਰਵਾਉਂਦੀ। ਕਦੇ ਦਲੀਆ, ਰੋਟੀਆਂ, ਪਰੌਂਠੇ, ਪਿੰਨੀਆਂ, ਦੁੱਧ, ਚਾਹ। ਇਸ ਨੂੰ ਦੇਖ ਕੇ ਮੇਰੇ ਵਰਗੀਆਂ ਵੀ ਬਹੁਤ ਵਾਰੀ ਲੈਣ ਲੱਗ ਪਈਆਂ। ਦੁਪਹਿਰ ਨੂੰ ਗੁਰਦੁਆਰੇ ਲੰਗਰ ਛਕਾ ਦੇਣਾ। ਹੁਣ ਤਾਂ ਚਾਚੀ ਜੀ ਕਿਸੇ ਕਾਮੇ ਦਾ ਬੱਚਾ ਜਿਹੜਾ ਪੜ੍ਹਨ ਜੋਗਾ, ਘਰ ਨਹੀਂ; ਸਗੋਂ ਜਿਹੜਾ ਸਕੂਲ ਮਿਸਤਰੀਆਂ ਦੀ ਕੁੜੀ ਨੇ ਖੋਲ੍ਹਿਆ, ਬੱਚੇ ਉਥੋਂ ਹਟ ਕੇ ਇਸ ਸਕੂਲ ਵਿਚ ਆ ਗਏ ਹਨ। ਇਹ ਮਾਂਵਾਂ ਨੂੰ ਸਮਝਾਉਂਦੀ ਹੈ ਕਿ ਬੱਚਿਆਂ ਨੂੰ ਨਹਾ ਕੇ ਸਾਫ ਕੱਪੜੇ ਪਾ ਕੇ ਭੇਜੋ।”
“ਅੱਛਾ।” ਚਾਚੀ ਨੇ ਕਿਹਾ, “ਨੀ ਸੱਚੀਂ।”
“ਹੋਰ ਮੈਂ ਝੂਠ ਬੋਲਦੀ ਹਾਂ।” ਨਸੀਬ ਕੌਰ ਬੋਲੀ, “ਸਕੂਲ ਦੀ ਸਫਾਈ, ਫਲ, ਬੂਟੇ, ਇਹ ਸਭ ਕੁਝ ਕਰਵਾ ਦਿੰਦੀ ਹੈ। ਸਤਿਨਾਮ ਕੌਰ ਨੂੰ ਜਿਥੇ ਆਪ ਕੰਮ ਕਰਨਾ ਆਉਂਦਾ ਹੈ, ਉਹ ਦੂਸਰੇ ਕੋਲੋਂ ਕੰਮ ਕਰਵਾਉਣਾ ਵੀ ਜਾਣਦੀ ਹੈ। ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਉਸ ਦਾ ਹੁਨਰ ਹੈ। ਨੌਜਵਾਨਾਂ ਕੋਲੋਂ ਰੁੱਖ ਲਵਾ ਕੇ ਬਾਬਿਆਂ ਨੂੰ ਰਾਖੀ ਸੌਂਪ ਦਿੱਤੀ। ਇਸ ਲਈ ਹੁਣ ਪਿੰਡ ਵਿਚ ਅਤੇ ਆਸੇ-ਪਾਸੇ ਹਰਿਆਵਲ ਹੈ।”
“ਕੱਲ੍ਹ ਸਕੂਲਾਂ ਦਾ ਇੰਸਪੈਕਟਰ ਅਤੇ ਦੋ ਹੋਰ ਅਫਸਰ ਸਕੂਲ ਆਏ। ਉਨ੍ਹਾਂ ਕੋਲ ਰਿਪੋਰਟ ਸੀ ਕਿ ਸਕੂਲ ਵਿਚ ਬੱਚੇ ਬਹੁਤ ਥੋੜ੍ਹੇ ਹਨ, ਪਰ ਉਨ੍ਹਾਂ ਦੇਖਿਆ ਕਿ ਬੱਚੇ ਤਾਂ 200 ਦੇ ਕਰੀਬ ਸਨ। ਉਨ੍ਹਾਂ ਬੱਚਿਆਂ ਤੋਂ ਪੜ੍ਹਾ ਕੇ, ਲਿਖਾ ਕੇ, ਜ਼ਬਾਨੀ ਪ੍ਰਸ਼ਨ ਪੁੱਛੇ; ਬੱਚੇ ਸਹੀ ਜਵਾਬ ਦੇ ਰਹੇ ਸਨ। ਸਕੂਲ ਦੀਆਂ ਸਾਫ ਕਿਆਰੀਆਂ ਵਿਚ ਫੁੱਲ ਬੂਟੇ ਦੇਖ ਕੇ ਉਨ੍ਹਾਂ ਕਿਹਾ, ਸਰਪੰਚ ਨੂੰ ਬੁਲਾਉ।”
“ਸਰਪੰਚ ਨੂੰ ਕਹਿਣ ਲੱਗੇ, ‘ਅਸੀਂ ਤਾਂ ਸਕੂਲ ਨੂੰ ਬੰਦ ਕਰਨ ਦੀ ਰਿਪੋਰਟ ਤਿਆਰ ਕਰਨੀ ਸੀ, ਇਸ ਸਕੂਲ ਨੂੰ ਬੰਦ ਤਾਂ ਨਹੀਂ ਕਰਨਾ, ਅਸੀਂ ਇਸ ਨੂੰ ਮਿਡਲ ਤੋਂ ਹਾਈ ਸਕੂਲ ਕਰਨ ਦੀ ਸਿਫਾਰਸ਼ ਕਰਾਂਗੇ’। ਸਰਪੰਚ ਜੀ ਨੇ ਕਿਹਾ, ਇਹ ਸਾਰਾ ਸਤਿਨਾਮ ਕੌਰ ਦੇ ਯਤਨਾਂ ਦਾ ਫਲ ਹੈ।”
ਖੁਸ਼ੀ ਨਾਲ ਗਦਗਦ ਹੋਈ ਚਾਚੀ ਬੋਲੀ, “ਸੱਚ ਹੈ ਇਹ।”
ਨਸੀਬ ਕੌਰ ਨੇ ਕਿਹਾ, “ਮੈਂ ਆਪਣੇ ਕੋਲੋਂ ਕਿਉਂ ਕਹਾਂਗੀ।”
“ਦੇਖ ਨਸੀਬ ਕੁਰੇ, ਇਸ ਨੇ ਸਾਰੀਆਂ ਸੁਆਣੀਆਂ ਨੂੰ ਸਮਝ ਕੇ ਕਿਹਾ, ਸਫਾਈ ਸੇਵਾਦਾਰ ਨਾਲ ਪਿਆਰ ਨਾਲ ਗੱਲ ਕਰ ਕੇ ਆਪ ਨਾਲੀਆਂ ਜਾਂ ਗਲੀ ਵਿਚ ਪਾਣੀ ਦੀਆਂ ਬਾਲਟੀਆਂ ਪਾ ਕੇ ਸਫਾਈ ਕਰਵਾ ਲਿਆ ਕਰੋ। ਕੂੜਾ ਬਾਲਟੀਆਂ, ਡੱਬਿਆਂ ਵਿਚ ਪਾ ਕੇ ਰੱਖੋ। ਸਾਰਿਆਂ ਨੂੰ ਸਫਾਈ ਦੀ ਆਦਤ ਬਣ ਗਈ।”
ਚਾਹ ਪੀਂਦਿਆਂ ਨਸੀਬ ਕੌਰ ਨੇ ਕਿਹਾ, “ਲੋਕਾਂ ਦਾ ਧਿਆਨ ਹੁਣ ਸਫਾਈ ਵੱਲ ਹੋ ਗਿਆ ਹੈ। ਕੈਨੇਡਾ ਵਾਲੇ ਬਾਪੂ ਜੀ ਕੋਲੋਂ ਇਸ ਨੇ ਖੇਡ ਲਈ ਗਰਾਊਂਡ ਬਣਵਾਈ ਸੀ। ਉਸ ਦਾ ਵੀ ਬਹੁਤ ਲਾਭ ਹੈ। ਮੁੰਡੇ ਰੋਜ਼ ਖੇਡਦੇ। ਫਿਰ ਦੇਖਦੇ, ਕੌਣ ਨਹੀਂ ਆਇਆ। ਜਿਹੜਾ ਨਹੀਂ ਆਇਆ, ਉਸ ਦਾ ਪਤਾ ਕਰਦੇ ਕਿ ਕਿਉਂ ਨਹੀਂ ਆਇਆ, ਕਿਥੇ ਹੈ? ਮੁੰਡੇ ਆਪ ਹੀ ਇਕ ਦੂਸਰੇ ਦਾ ਖਿਆਲ ਰੱਖਦੇ ਹਨ। ਮਾੜੀ ਸੰਗਤ ਤੋਂ ਬਚੇ ਹੋਏ ਹਨ। ਰੱਬ ਇਨ੍ਹਾਂ ਬੱਚਿਆਂ ਨੂੰ ਸੁਮੱਤ ਬਖਸ਼ੇ।”
ਸਤਿਨਾਮ ਕੌਰ ਬੋਲੀ, “ਬੀਬੀ, ਸਰਕਾਰਾਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ। ਜਿੰਨਾ ਚਿਰ ਆਪਾਂ ਆਪ ਕੁਝ ਕਰਨ ਦੀ ਨਾ ਸੋਚੀਏ। ਆਪਾਂ ਪਿੰਡ ਵਾਲਿਆਂ ਨੇ ਰਲ ਕੇ ਪਿੰਡ ਨੂੰ ਸੰਭਾਲਣਾ ਹੈ। ਫਿਰ ਮੋਦੀ ਜੀ ਦੇ ਸਮਾਰਟ ਸ਼ਹਿਰ ਬਣਨ ਜਾਂ ਨਾ ਬਣਨ ਆਪਣਾ ਪਿੰਡ ਸਮਾਰਟ ਪਿੰਡ ਬਣ ਜਾਵੇਗਾ।”