‘ਸ਼ਹਿਜ਼ਾਦਾ ਸਲੀਮ’ ਤੇ ‘ਪੁਣਛ ਦਾ ਰਖਵਾਲਾ’ ਵਾਇਆ ਧਨਵੀਰ

ਗੁਰਤੇਜ ਸਿੰਘ ਕੱਟੂ
ਫੋਨ: 91-98155-94197
ਭਾਰਤੀ ਸਿਨੇਮਾ ਦੀਆਂ ਸਭ ਤੋਂ ਮਕਬੂਲ ਫਿਲਮਾਂ ਦਾ ਨਾਮ ਲਈਏ ਤਾਂ ‘ਮੁਗਲ-ਏ-ਆਜ਼ਮ’ ਸਭ ਤੋਂ ਪਹਿਲੀ ਕਤਾਰ ਵਿਚ ਆਉਂਦੀ ਹੈ। ‘ਮੁਗਲ-ਏ-ਆਜ਼ਮ’ ਦਾ ਜ਼ਿਕਰ ਆਉਂਦਿਆਂ ਹੀ ਇਸ ਫਿਲਮ ਦਾ ਪ੍ਰਮੁੱਖ ਕਿਰਦਾਰ ਸ਼ਹਿਜ਼ਾਦਾ ਸਲੀਮ ਯਾਦ ਆਉਂਦਾ ਹੈ ਤੇ ਨਾਲ ਹੀ ਯਾਦ ਆਉਂਦਾ ਹੈ ਅਦਾਕਾਰ ਦਲੀਪ ਕੁਮਾਰ। ਇਸ ਫਿਲਮ ਨੂੰ ਸੰਗੀਤਮਈ ਨਾਟਕ ਵਿਚ ਤਬਦੀਲ ਕਰਕੇ ਫਿਰੋਜ਼ ਅੱਬਾਸ ਖਾਨ ਨੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਢਾਈ ਘੰਟਿਆਂ ਦੀ ਮੰਤਰ-ਮੁਗਧ ਪੇਸ਼ਕਾਰੀ ਵਾਲਾ ਇਹ ਸੰਗੀਤਮਈ ਨਾਟਕ ਅੱਜ ਤੱਕ ਦਾ ਭਾਰਤ ਦਾ ਸਭ ਤੋਂ ਵੱਡਾ ਸੰਗੀਤਮਈ ਨਾਟਕ ਹੈ। ਇਹ ਬਰੌਡਵੇਅ ਦੇ ਖੇਤਰ ਵਿਚ 2017 ਦੇ ਸਾਰੇ ਅਵਾਰਡ ਆਪਣੇ ਨਾਂ ਕਰ ਚੁਕਾ ਹੈ; ਤੇ ਇਸ ਸੰਗੀਤਮਈ ਨਾਟਕ ਦਾ ਸ਼ਹਿਜ਼ਾਦਾ ਸਲੀਮ ਹੈ, ਧਨਵੀਰ ਸਿੰਘ। ਪੂਰੇ ਭਾਰਤ ਵਿਚੋਂ ਵੱਡੇ ਪੱਧਰ ‘ਤੇ ਹੋਈਆਂ ਆਡੀਸ਼ਨਾਂ ਪਿਛੋਂ ਧਨਵੀਰ ਦਾ ਚੁਣੇ ਜਾਣਾ ਉਸ ਦੀ ਅਦਾਕਾਰੀ ਦਾ ਪ੍ਰਮਾਣ ਹੈ।

ਇਸ ਤੋਂ ਪਹਿਲਾਂ ਧਨਵੀਰ 92.7 ਬਿੱਗ ਐਫ਼ ਐਮ. ਰੇਡੀਓ ਦਾ ਪੰਜਾਬ ਅਤੇ ਹਰਿਆਣਾ ਦੇ ਕਰੀਬ ਸਾਰੇ ਸਟੇਸ਼ਨਾਂ ਦਾ ਰੇਡੀਓ ਜੌਕੀ ਰਹਿ ਚੁਕਾ ਹੈ ਤੇ ਸਰੋਤਿਆਂ ਦੇ ਜ਼ਿਹਨ ‘ਚ ਧਨਵੀਰ ਦੀ ਅਵਾਜ਼ ਗੂੰਜਣ ਲੱਗਦੀ ਹੈ, ਜਦ ਉਹ ਆਖਦਾ ਹੈ, “ਤੁਸੀਂ ਸੁਣ ਰਹੇ ਓ ਆਪਣੇ ਦੋਸਤ ਦਿਲ ਤੋਂ ਦੇਸੀ ਧਨਵੀਰ ਨੂੰ…।”
ਧਨਵੀਰ ਦਾ ਜਨਮ ਸਕੂਲ ਆਫ ਪੋਇਟਰੀ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਬਰਨਾਲਾ ਵਿਖੇ ਹੋਇਆ। ਐਸ਼ ਡੀ. ਕਾਲਜ ਪੜ੍ਹਦਿਆਂ ਹੀ ਧਨਵੀਰ ਸਿਰਜਣਾਤਮਕ ਗਤੀਵਿਧੀਆਂ ਵਿਚ ਮੋਹਰੀ ਰਿਹਾ ਹੈ। ਉਸ ਦੇ ਅੰਦਰ ਕਲਾ ਤੇ ਸਿਰਜਣਾ ਦੀ ਕਮਾਲ ਦੀ ਲਗਨ ਹੈ ਤੇ ਇਸੇ ਕਲਾ ਨੂੰ ਤਰਾਸ਼ਣ ਲਈ ਉਹ ਦਿਨ-ਰਾਤ ਮਿਹਨਤ ਕਰ ਰਿਹਾ ਹੈ।
ਅੱਜ ਕੱਲ੍ਹ ਧਨਵੀਰ ‘ਪੁਣਛ ਦੇ ਰਖਵਾਲੇ’ (ੰਅਵਿਰ ਾ ਫੋਨਚਹ) ਵਜੋਂ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ‘ਤੇ ਬਣ ਰਹੀ ਦਸਤਾਵੇਜ਼ੀ ‘ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਵਿਚ ਮੁੱਖ ਕਿਰਦਾਰ ਵਜੋਂ ਆ ਰਿਹਾ ਹੈ। ‘ਆਈ ਪਿਕਚਰ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ਬਣ ਰਹੀ ਫਿਲਮ ਦੇ ਨਿਰਮਾਤਾ ਸ਼ ਕਰਨਵੀਰ ਸਿੰਘ ਸਿਬੀਆ ਅਤੇ ਨਿਰਦੇਸ਼ਕ ਪਰਮਜੀਤ ਸਿੰਘ ਕੱਟੂ ਹਨ। ਤਕਨੀਕੀ ਪੱਖੋਂ, ਬਜਟ ਪੱਖੋਂ ਅਤੇ ਅਦਾਕਾਰਾਂ ਪੱਖੋਂ ਇਹ ਫਿਲਮ ਆਪਣੇ ਆਪ ਵਿਚ ਬਹੁਤ ਵਿਸ਼ੇਸ਼ ਹੈ।
ਬ੍ਰਿਗੇਡੀਅਰ ਪ੍ਰੀਤਮ ਸਿੰਘ ਦੂਜੇ ਵਿਸ਼ਵ ਯੁੱਧ ਦੌਰਾਨ ਛੇ ਮਹੀਨੇ ਮੌਤ ਨੂੰ ਮਾਤ ਦੇ ਕੇ ਸਿੰਘਾਪੁਰ-ਜਾਪਾਨੀ ਫੌਜ ‘ਚੋਂ ਬਚ ਕੇ ਭਾਰਤ ਪਹੁੰਚੇ, ਇਸ ਬਦਲੇ ਉਨ੍ਹਾਂ ਨੂੰ ਬਰਤਾਨਵੀ ਫੌਜ ਦਾ ਵੱਕਾਰੀ ਮੈਡਲ ‘ਮਿਲਟਰੀ ਕਰਾਸ’ ਮਿਲਿਆ। ਉਨ੍ਹਾਂ ਨੇ ਬਹੁਤ ਹੀ ਖਤਰਨਾਕ ਹਾਲਾਤ ਵਿਚ ਪੁਣਛ ਨੂੰ ਬਚਾਇਆ, ਪਰ ਅਖੀਰ ਉਨ੍ਹਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ।
ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜੀਵਨ ਪਹਾੜੀ ਪਗਡੰਡੀ ਵਾਂਗ ਹੈ, ਜਿਸ ਵਿਚ ਕਈ ਵਲ-ਵਲੇਵੇ ਹਨ। ਇਕ ਪਾਸਾ ਪਹਾੜੀ ਚੋਟੀ ਵਾਂਗ ਸਿਖਰ ਤੇ ਦੂਜਾ ਡੂੰਘੀ ਖਾਈ ਵਾਂਗ ਗੁੰਮਸੁਮ। ਜਿਵੇਂ ਵੀਹਵੀਂ ਸਦੀ ਮਨੁੱਖੀ ਇਤਿਹਾਸ ਵਿਚ ਅਦਭੁੱਤ ਪ੍ਰਾਪਤੀਆਂ ਤੇ ਤਬਾਹਕੁਨ ਘਟਨਾਵਾਂ ਨਾਲ ਭਰਪੂਰ ਹੈ, ਉਸੇ ਤਰ੍ਹਾਂ ਹੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜੀਵਨ ਹੈ, ਜੋ ਹੈਰਾਨ ਕਰਦਾ ਜਾਂਦਾ ਹੈ।
ਧਨਵੀਰ ਇਕ ਪਾਸੇ ਮੁੱਖ ਕਿਰਦਾਰ ਸ਼ਹਿਜ਼ਾਦਾ ਸਲੀਮ ਦੀ ਭੂਮਿਕਾ ਵਿਚ ਜਾਨ ਪਾ ਰਿਹਾ ਹੈ ਤੇ ਦੂਜੇ ਪਾਸੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਬਹੁਤ ਹੀ ਚੁਣੌਤੀ ਭਰੇ ਕਿਰਦਾਰ ਨੂੰ ਜੀਵੰਤ ਕਰ ਰਿਹਾ ਹੈ। ਧਨਵੀਰ ਤੋਂ ਸਿਨੇਮਾ ਨੂੰ ਬਹੁਤ ਆਸਾਂ ਹਨ।