ਡਾ. ਹਰਜੋਤ ਕੌਰ
ਫੋਨ: 91-99887-80443
ਪਰਵਾਸ ਤੇ ਪਰਵਾਸੀ ਸਿੱਕੇ ਦੇ ਉਹ ਦੋ ਪਹਿਲੂ ਹਨ, ਜੋ ਅਲੱਗ ਨਹੀਂ ਹੋ ਸਕਦੇ, ਪਰ ਇਨ੍ਹਾਂ ਦੀਆਂ ਸਥਿਤੀਆਂ ਤੇ ਪ੍ਰਸਥਿਤੀਆਂ ਨਿਰੰਤਰ ਬਦਲਦੀਆਂ ਰਹਿੰਦੀਆਂ ਹਨ। ਪੰਜਾਬੀਆਂ ਦੇ ਪਰਵਾਸ ਦਾ ਇਤਿਹਾਸ ਸ਼ੁਰੂ ਵਿਚ ਬਹੁਤ ਮੁਸ਼ਕਿਲਾਂ ਭਰਿਆ ਰਿਹਾ ਹੈ। ਆਰਥਕਤਾ ਨੂੰ ਮਰਕਜ਼ ਬਣਾ ਕੇ ਗਏ ਪੰਜਾਬੀ ਪਰਵਾਸ ਦੇ ਸੰਤਾਪ ਨੂੰ ਬੁਰੀ ਤਰ੍ਹਾਂ ਹੰਢਾਉਂਦੇ ਰਹੇ ਹਨ। ਵਿਦੇਸ਼ੀ ਧਰਤੀ ਦੇ ਸਿਸਟਮ (ਆਰਥਕ, ਰਾਜਨੀਤਕ, ਸਭਿਆਚਾਰਕ) ਤੋਂ ਕੋਰੇ ਇਹ ਲੋਕ ਆਪਣੀ ਤੇ ਪਰਾਈ ਧਰਤੀ ਦੇ ਦਵੰਦ ਵਿਚ ਪਿਸਦੇ ਰਹੇ। ਵਿਦੇਸ਼ੀਆਂ ਵਲੋਂ ਮਾਨਸਿਕ ਪੱਧਰ ‘ਤੇ ਲਤਾੜੇ ਗਏ ਤੇ ਆਰਥਕਤਾ ਸੁਧਾਰਨ ਲਈ ਨਸਲੀ ਵਿਤਕਰੇ ਦੀ ਮਾਰ ਸਹਿੰਦੇ ਇਹ ਨਿਰੰਤਰ ਆਪਣੇ ਕੰਮ ਵਿਚ ਮਗਨ ਰਹੇ।
ਸਮਾਂ ਬਦਲਣ ਨਾਲ ਇਕਜੁੱਟਤਾ ਨਾਲ ਨਸਲੀ ਵਿਤਕਰੇ ਖਿਲਾਫ ਲੜ ਕੇ ਆਪਣਾ ਇਕ ਵੱਖਰਾ ਮੁਕਾਮ ਹਾਸਿਲ ਕੀਤਾ, ਨਾਲ ਹੀ ਦੂਜੀ ਪੀੜ੍ਹੀ (ਪੜ੍ਹੇ-ਲਿਖੇ ਵਰਗ) ਲਈ ਰਾਹ ਸੁਖਾਲਾ ਕੀਤਾ। ਦੂਜੀ ਪੀੜ੍ਹੀ ਦਾ ਭੂ-ਹੇਰਵੇ ਅਤੇ ਹੋਂਦ ਦੀ ਤਲਾਸ਼ ਵਰਗੇ ਮਸਲਿਆਂ ਨਾਲ ਜੂਝਣਾ ਤੇ ਉਸ ਸੰਘਰਸ਼ ਵਿਚ ਪਰਵਾਸੀ ਸਾਹਿਤ ਦਾ ਆਗਮਨ ਕਵਿਤਾ ਰੂਪ ਵਿਚ ਹੋਣਾ।
“ਪਰਵਾਸੀ ਪੰਜਾਬੀ ਲੇਖਕਾਂ ਨੇ ਆਤਮ-ਅਭਿਵਿਅਕਤੀ ਲਈ ਸਾਹਿਤ ਸਿਰਜਣਾ ਕੀਤੀ। ਸਾਹਿਤ ਸਿਰਜਣਾ ਦਾ ਇਹ ਅਨੁਭਵ ਉਨ੍ਹਾਂ ਦੇ ਪਰਵਾਸੀ ਜੀਵਨ ਦੀਆਂ ਵਿਹਾਰਕ ਉਲਝਣਾਂ ਅਤੇ ਵਿਭਿੰਨ ਹਾਲਾਤ ਵਿਚ ਪੈਦਾ ਹੋਇਆ। ਇਹ ਹਾਲਾਤ ਭਿੰਨ-ਭਿੰਨ ਦੇਸ਼ਾਂ ਵਿਚ ਗਏ ਪਰਵਾਸੀਆਂ ਦੇ ਆਪੋ-ਆਪਣੇ ਹਨ। ਇਸ ਲਈ ਹੀ ਵੱਖ-ਵੱਖ ਖਿੱਤਿਆਂ ਵਿਚ ਰਚੇ ਗਏ ਸਾਹਿਤ ਵਿਚ ਵੀ ਭਿੰਨਤਾ ਨਜ਼ਰ ਪੈਂਦੀ ਹੈ, ਪਰ ਉਨ੍ਹਾਂ ਨੂੰ ਪਰਦੇਸਾਂ ਵਿਚ ਮਾਨਸਿਕ ਤੌਰ ‘ਤੇ ਇਕੋ ਜਿਹੇ ਸੰਤਾਪ ‘ਚੋਂ ਹੀ ਗੁਜ਼ਰਨਾ ਪਿਆ। ਇਕ ਪਾਸੇ ਆਪਣੇ ਮੂਲ ਭਾਈਚਾਰੇ ਤੋਂ ਦੂਰੀ ਦੀ ਸਥਿਤੀ ਅਤੇ ਦੂਜੇ ਪਾਸੇ ਆਪਣੀ ਸੰਤਾਨ ਦਾ ਪੱਛਮੀ ਸੰਸਕ੍ਰਿਤੀ ਦਾ ਅੰਗ ਬਣਨ ਦੀ ਚੇਸ਼ਟਾ।” *1
ਇਥੇ ਪੰਜਾਬੀ ਪਰਵਾਸੀਆਂ ਦੇ ਮਸਲਿਆਂ ਵਿਚ ਬਦਲਾਓ ਦਾ ਨਵਾਂ ਦੌਰ ਅਰੰਭ ਹੁੰਦਾ। ਆਪਣੀ ਨਵੀਂ ਤੀਸਰੀ ਪੀੜ੍ਹੀ ਦੀ ਮੁਖਾਲਫਤ। ਇਥੇ ਭਾਸ਼ਾ ਤੇ ਸਾਹਿਤ ਸਬੰਧੀ ਮਸਲੇ ਉਭਰ ਕੇ ਸਾਹਮਣੇ ਆਉਂਦੇ ਹਨ। ਸਵਰਨ ਚੰਦਨ ਇਸ ਸਬੰਧੀ ਆਪਣਾ ਮਤ ਰੱਖਦਾ ਹੈ, “ਉਹ ਅੰਤਰਮੁਖੀ ਤੇ ਜਟਿਲ ਵੀ ਹੈ। ਉਹਦੀ ਹੋਂਦ ਨੂੰ ਸਮਝਣਾ ਸੌਖਾ ਨਹੀਂ। ਇਹ ਸੱਚ ਹੈ ਕਿ ਜਦੋਂ ਵੀ ਕੋਈ ਸਮੂਹ ਪਰਵਾਸ ਭੋਗਦਾ ਹੈ, ਉਸ ਸਮੂਹ ਦੀ ਦੂਜੀ ਪੁਸ਼ਤ ਕਿਤੇ ਵਧੇਰੇ ਤ੍ਰਸਤ ਹੁੰਦੀ ਹੈ। ਪਹਿਲੀ ਪੀੜ੍ਹੀ ਕੋਲ ਖਲੋਣ ਲਈ ਇਕ ਜ਼ਮੀਨ ਹੁੰਦੀ ਹੈ, ਆਪਣੇ ਦੇਸ਼ ਦੀ ਭਾਸ਼ਾ ਤੇ ਸਭਿਆਚਾਰ ਦੀ ਜ਼ਮੀਨ, ਪਰ ਦੂਜੀ ਪੁਸ਼ਤ ਅਜਿਹੀ ਸੰਕ੍ਰਾਂਤੀ ‘ਚੋਂ ਨਿਕਲ ਰਹੀ ਹੁੰਦੀ ਹੈ ਕਿ ਉਹਦੇ ਲਈ ਸਵੈ-ਪਛਾਣ ਦਾ ਮਸਲਾ ਹੀ ਧਮਾਕਾਖੇਜ ਹੋ ਨਿਬੜਦਾ ਹੈ।” *2
ਸਾਡੇ ਇਸ ਮਜ਼ਮੂਨ ਦਾ ਮੁੱਖ ਮਰਕਜ਼ ਹੈ, ਪਰਵਾਸੀ ਧਰਤੀ (ਬਰਤਾਨੀਆ) ‘ਤੇ ਪਰਵਾਸੀ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਸਥਿਤੀ ਕੀ ਹੈ? ਉਸ ਦਾ ਅਧਿਅਨ ਵਿਸ਼ਲੇਸ਼ਣ ਕਰਕੇ ਜੋ ਪ੍ਰਸ਼ਨ ਉਠ ਰਹੇ ਹਨ, ਉਨ੍ਹਾਂ ਦੇ ਜੁਆਬ ਤਲਾਸ਼ਣੇ ਤੇ ਸਾਰਥਕ ਸਿੱਟੇ ਪ੍ਰਸਤੁਤ ਕਰਨੇ ਹਨ। ਪੰਜਾਬੀਆਂ ਦਾ ਵਿਦੇਸ਼ਾਂ ‘ਚ ਪਰਵਾਸ ਬਰਤਾਨੀਆ ਤੋਂ ਹੀ ਸ਼ੁਰੂ ਹੁੰਦਾ ਹੈ, ਇਸ ਲਈ ਇਸ ਮਜ਼ਮੂਨ ਲਈ ਅਸੀਂ ਬਰਤਾਨੀਆ ਨੂੰ ਹੀ ਆਧਾਰ ਬਣਾ ਰਹੇ ਹਾਂ। ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਭਾਸ਼ਾ ਦੀ ਤਾਂ ਬਰਤਾਨੀਆ ਵਿਚ ਪੰਜਾਬੀ ਭਾਸ਼ਾ ਦੀ ਜੋ ਸਥਿਤੀ ਹੈ, ਉਸ ਦਾ ਪੰਜਾਬ ਵਿਚਲੀ ਪੰਜਾਬੀ ਵੱਸੋਂ ਨਾਲੋਂ ਕੋਈ ਬਹੁਤਾ ਫਰਕ ਵੇਖਣ ਵਿਚ ਨਹੀਂ ਆਉਂਦਾ। ਜਿਵੇਂ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਵੱਧ ਸੰਤੋਸ਼ਜਨਕ ਨਹੀਂ, ਉਵੇਂ ਵਿਦੇਸ਼ਾਂ ਵਿਚ ਵੀ ਇਸ ਦੇ ਮਿਆਰ ਦਾ ਪੱਧਰ ਹੇਠਲਾ ਹੀ ਹੈ। ਦੇਖਿਆ ਜਾਵੇ ਤਾਂ ਪੰਜਾਬੀ ਭਾਸ਼ਾ ਘੱਟ ਗਿਣਤੀ ਦੀ ਭਾਸ਼ਾ ਹੈ, ਸਗੋਂ ਵਿਦੇਸ਼ਾਂ ਵਿਚ ਇਹ ਪਹਿਲੀ ਤੇ ਦੂਜੀ ਪੀੜ੍ਹੀ ਦੀ ਭਾਸ਼ਾ ਹੈ। ਇਸ ਪੀੜ੍ਹੀ ਦੇ ਮੁੱਕਣ ਨਾਲ ਇਹ ਭਾਸ਼ਾ ਦੀ ਹੋਂਦ ‘ਤੇ ਖਤਰਾ ਆ ਜਾਣਾ ਹੈ। ਭਾਸ਼ਾ ਦੀ ਸਿੱਖਿਆ ਸੁਹਜ ਮੁੱਲਾਂ ‘ਤੇ ਨਹੀਂ, ਆਰਥਕਤਾ ‘ਤੇ ਨਿਰਭਰ ਕਰਦੀ ਹੈ। ਸੁਹਜ ਮੁੱਲ ਕੇਵਲ ਬਹੁ-ਗਿਣਤੀ ਦੇ ਸਮਾਜ ਦੇ ਹੀ ਗੁਣ ਹੁੰਦੇ ਹਨ। ਇਸ ਸਬੰਧੀ ਹੇਠਾਂ ਦੱਸੀ ਧਾਰਨਾ ਇਸ ਕਥਨ ਦੀ ਪੁਸ਼ਟੀ ਕਰਦੀ ਹੈ,
“ਇੰਗਲੈਂਡ ਜਾਂ ਯੂਰਪ ਵਿਚ ਘੱਟ ਗਿਣਤੀਆਂ ਦੀਆਂ ਮਾਤਰੀ ਭਾਸ਼ਾਵਾਂ ਨੂੰ ਹੌਲੀ-ਹੌਲੀ ਖੋਰਾ ਲੱਗਣਾ ਤਾਂ ਸਮਝ ਵਿਚ ਆਉਂਦਾ ਹੈ, ਪਰ ਪੂਰਬੀ ਤੇ ਪੱਛਮੀ ਪੰਜਾਬ ਵਿਚ ਅਜਿਹਾ ਵਾਪਰ ਜਾਣਾ ਸਮਝ ਨਹੀਂ ਆਉਂਦਾ।” *3
ਜੇ ਦੇਖਿਆ ਜਾਵੇ ਤਾਂ ਇਸ ਖੜੋਤ ਦਾ ਮੁੱਖ ਕਾਰਨ ਮੰਡੀ ਮਾਨਸਿਕਤਾ ਦੀ ਸਰਦਾਰੀ ਕਿਸੇ ਸਮਾਜ ਦੀ ਭਾਸ਼ਾ ਦਾ ਹੀ ਨੁਕਸਾਨ ਨਹੀਂ ਕਰਦੀ, ਉਸ ਦੇ ਸਾਹਿਤ, ਸਭਿਆਚਾਰ ਤੇ ਕਲਾਵਾਂ ਦਾ ਨੁਕਸਾਨ ਵੀ ਕਰਦੀ ਹੈ। ਭਾਸ਼ਾ ਦੀ ਬੋਲੀ ਕਿਸੇ ਸਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਵਾਲਾ ਉਹ ਵਾਹਕ ਹੈ, ਜਿਸ ਤੋਂ ਬਿਨਾ ਇਕ ਪੀੜ੍ਹੀ ਆਪਣਾ ਸਭਿਆਚਾਰ ਦੂਜੀ ਪੀੜ੍ਹੀ ਨੂੰ ਸੌਂਪ ਹੀ ਨਹੀਂ ਸਕਦੀ। ਬੋਲੀ ਦੇ ਗੁਆਚ ਜਾਣ ਨਾਲ ਸਭਿਆਚਾਰ ਵੀ ਗੁਆਚ ਜਾਂਦਾ ਹੈ ਅਤੇ ਸਭਿਆਚਾਰ ਦੇ ਗੁਆਚਣ ਦਾ ਅਰਥ ਹੈ, ਸਬੰਧਿਤ ਕੌਮ ਦਾ ਪੂਰਾ ਸਫਾਇਆ।
ਪੰਜਾਬੀ ਭਾਸ਼ਾ/ਬੋਲੀ ਨਾਲ ਇਤਿਹਾਸ ਵਿਚ ਜੋ ਕੁਝ ਵਾਪਰਦਾ ਰਿਹਾ, ਉਸ ਨੇ ਇਸ ਦੀ ਹੋਂਦ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਪੰਜਾਬੀ ਭਾਸ਼ਾ ਬੁਰੀ ਤਰ੍ਹਾਂ ਪੰਜਾਬ ਵਿਚਲੇ ਫਿਰਕੂ ਵਿਰੋਧਾਂ ਦਾ ਸ਼ਿਕਾਰ ਹੋ ਕੇ ਰਸਾਤਲ ‘ਤੇ ਪਹੁੰਚਦੀ ਗਈ ਹੈ। ਇਸ ਦੇ ਨਾਲ ਘਟੀਆ ਸਿਆਸਤਦਾਨਾਂ ਵਲੋਂ ਵੀ ਇਸ ਦੇ ਮਿਆਰ ਨੂੰ ਨੀਵਾਂ ਕੀਤਾ ਗਿਆ ਹੈ।
“ਵਿਸ਼ਵੀਕਰਨ ਦੀ ਮੰਡੀ ਸਭਿਅਤਾ ਨੇ ਪੰਜਾਬੀ ਭਾਸ਼ਾ ਦੇ ਪੈਰਾਂ ਹੇਠੋਂ ਬਚਦੀ ਧਰਤੀ ਵੀ ਖਿੱਚ ਲਈ ਹੈ।” *4
ਪੰਜਾਬ ਦੀ ਸਿਆਸਤ ਨੇ ਜਿੱਥੇ ਪੰਜਾਬੀ ਭਾਸ਼ਾ ਨੂੰ ਖੋਰਾ ਲਾਇਆ, ਉਥੇ ਇੰਗਲੈਂਡ ਦੇ ਹਾਕਮ ਰਾਜ ਨੇ ਗੁਲਾਮ ਰਹੇ ਲੋਕਾਂ ਨੂੰ ਵੀ ਭਾਸ਼ਾਈ ਪੱਧਰ ਉਪਰ ਖੜ੍ਹਾ ਨਹੀਂ ਰਹਿਣ ਦਿੱਤਾ। ਪਹਿਲੀ ਪੀੜ੍ਹੀ ਦਾ ਆਰਥਕ ਮਸਲੇ ਨਾਲ ਜੂਝਣਾ, ਦੂਜੀ ਦਾ ਹੋਂਦ ਦੀ ਤਲਾਸ਼ ਵਿਚ ਭਟਕਣਾ ਅਤੇ ਤੀਜੀ ਦਾ ਆਪਣੇ ਮੂਲ ਦੀ ਹੋਂਦ ਦੇ ਪ੍ਰਸ਼ਨ ਨਾਲ ਦਰਪੇਸ਼ ਸਮੱਸਿਆਵਾਂ, ਤਣਾਅ ਨੂੰ ਝੱਲਣਾ-ਇਸ ਸਭ ਵਿਚ ਭਾਸ਼ਾ ਦਾ ਰੂਪ ਸਿਰਫ ਬਹੁਤ ਘੱਟ ਬੋਲਣ (ਉਹ ਵੀ ਬਹੁਤ ਹੱਦ ਤਕ ਗਲਤ ਉਚਾਰਨ) ਅਤੇ ਲਿਖਤ ਰੂਪ ਵਿਚ ਤੀਜੀ ਪੀੜ੍ਹੀ ਦਾ ਕੋਰੀ ਇਨਕਾਰੀ ਹੋਣਾ। ਇਹ ਪੰਜਾਬੀ ਪਰਵਾਸੀਆਂ ਦੇ ਭਾਸ਼ਾ ਤੇ ਸਾਹਿਤ ਉਪਰ ਮਾਰੂ ਪ੍ਰਭਾਵ ਪਾਉਂਦੀ ਹੈ। ਇਸ ਮਾਰੂ ਪ੍ਰਭਾਵ ਤੇ ਹੋਰ ਦਰਪੇਸ਼ ਸਮੱਸਿਆਵਾਂ ਨੂੰ ਪਰਵਾਸੀ ਪੰਜਾਬੀ ਸਾਹਿਤ ਰੂਪਾਂ ਰਾਹੀਂ ਰੂਪਮਾਨ ਕਰ ਰਿਹਾ ਹੈ।
ਪਰਵਾਸ:
ਪਹਿਲੀ ਪੀੜ੍ਹੀ- (ਪਰਵਾਸ ਦਾ ਅਰੰਭ ਤੇ ਨਿਰੋਲ ਆਰਥਕਤਾ ‘ਤੇ ਆਧਾਰਤ) ਭੂ-ਹੇਰਵੇ ਤੋਂ ਗ੍ਰਸਤ
ਦੂਜੀ ਪੀੜ੍ਹੀ- (ਪਰਵਾਸੀ ਪੰਜਾਬੀਆਂ ਦਾ ਪੜ੍ਹਿਆ-ਲਿਖਿਆ ਵਰਗ) ਨਸਲੀ ਵਿਤਕਰੇ ਤੇ ਪੀੜੀ ਪਾੜ੍ਹੇ ਤੋਂ ਤਣਾਓ ਗ੍ਰਸਤ
ਤੀਜੀ ਪੀੜ੍ਹੀ- (ਮੂਲ ਤੋਂ ਪੰਜਾਬੀ ਪਰ ਨਾਗਰਿਕਤਾ ਵਿਦੇਸ਼ੀ) ਸਵੈ-ਹੋਂਦ ਦੇ ਸਵਾਲ ਨਾਲ ਜੂਝਦੀ
ਚੌਥੀ ਪੀੜ੍ਹੀ- (ਜੈਵਿਕ ਪੱਧਰ ‘ਤੇ ਪੰਜਾਬੀ, ਜਨਮ ਪੱਧਰ ਤੋਂ ਵਿਦੇਸ਼ੀ) ਪੰਜਾਬੀ ਮੂਲ ਤੋਂ ਕੋਰੀ ਇਨਕਾਰੀ।
ਇਸ ਸਭ ਵਿਕਾਸ ਪੜਾਅ ਦੇ ਵਿਚ ਪਹਿਲੀ ਪੀੜ੍ਹੀ ਤੋਂ ਪੰਜਾਬੀ ਭਾਸ਼ਾ ਦੂਜੀ ਪੀੜ੍ਹੀ ਤਕ ਰਹਿੰਦੀ ਹੈ, ਪਰ ਤੀਜੀ ਪੀੜ੍ਹੀ ਦਾ ਬਚਪਨ ਤੋਂ ਉਥੇ ਰਹਿਣ ਕਾਰਨ ਆਪਣੇ ਮੂਲ (ਇਥੇ ਆ ਕੇ ਉਹ ਆਪਣੇ ਮਾਂ-ਬਾਪ ਦੇ ਪੈਸੇ ਕਮਾਉਣ ਦੇ ਚੱਕਰ ਵਿਚ ਸਹੀ ਤਰਬੀਅਤ ਨਹੀਂ ਲੈ ਸਕੀ ਤੇ ਪਰਿਵਾਰ ਤੋਂ ਬਾਗੀ ਹੋ ਗਈ) ਤੋਂ ਦੂਰ ਹੋ ਗਈ। ਇਸ ਦਾ ਪ੍ਰਭਾਵ ਬਹੁਤ ਖਤਰਨਾਕ ਰੂਪ ਵਿਚ ਸਾਹਮਣੇ ਆਇਆ।
“ਇਸ ਪ੍ਰਕਾਰ ਦੀ ਦੋਹਰੀ ਸੀਮਾਵਰਤੀ ਮਾਨਸਿਕਤਾ ਪਰਵਾਸੀ ਚੇਤਨਾ ਦੇ ਇਕ ਅਹਿਮ ਅੰਗ ਦੇ ਰੂਪ ਵਿਚ ਉਭਰਨ ਲੱਗਦੀ ਹੈ। ਇਕ ਪਾਸੇ ਅੰਤਰ ਸਭਿਆਚਾਰਕ ਪ੍ਰਸੰਗ ਵਿਚ ਵਿਅਕਤੀ ਤੇ ਪ੍ਰਬੰਧ (ੀਨਦਵਿਦੁਅਲ & ੰੇਸਟeਮ) ਦਾ ਦਵੰਦ ਆਪਣੀ ਖੌਫਨਾਕ ਹੋਂਦ ਉਭਾਰਦਾ ਹੈ। ਪਰਵਾਸੀ ਮਨੁੱਖ ਦੀ ਆਤਮ ਪਛਾਣ ਸਥਾਪਤੀ ਦੀ ਇਹ ਬਹੁਪੱਧਰੀ ਕਾਰਣਸ਼ੀਲਤਾ ਕਹਾਣੀ ਵਿਚ ਵਾਰ-ਵਾਰ ਉਭਰਦੀ ਹੈ। ਪਾਠ-ਸਭਿਆਚਾਰਕ ਦਵੰਦ ਨੂੰ ਰੂਪਮਾਨ ਕਰਨ ਵਾਲੇ ਸਿਰਜਣਾਤਮਕ ਸਰੋਕਾਰ ਮੁੱਖ ਤੌਰ ‘ਤੇ ਪੱਛਮ ਦੇ ਬਸਤੀਵਾਦੀ, ਸਾਮਰਾਜੀ, ਪੂੰਜੀਵਾਦੀ, ਉਪਭੋਗੀ, ਮੰਡੀਵਾਦੀ ਤੇ ਖੁੱਲ੍ਹੇ-ਡੁੱਲੇ ਕਾਮ ਸਬੰਧਾਂ ਦੀ ਪਰਿਕਰਮਾ ਕਰਦੇ ਹਨ। ਪਰਵਾਸੀ ਵਿਅਕਤੀ ਪਦਾਰਥਕ ਬਹੁਲਤਾ ਹਾਸਿਲ ਕਰਕੇ ਵੀ ਆਤਮਕ ਤੌਰ ‘ਤੇ ਅੰਦਰੋਂ ਖਾਲੀ, ਸੱਖਣਾ, ਖੰਡਿਤ ਤੇ ਹੀਣਾ ਮਹਿਸੂਸ ਕਰਦਾ ਹੈ।” *5
ਪੰਜਾਬੀ ਭਾਸ਼ਾ ਦਾ ਸਿਰਫ ਉਸ ਕੋਲ ਉਚਾਰਨ ਰੂਪ ਹੀ ਰਹਿ ਗਿਆ, ਬਾਕੀ ਉਹ ਲਿਖਤ ਰੂਪ ਤੋਂ ਕੋਰੀ ਹੈ। ਦੂਜੀ ਪੀੜ੍ਹੀ ਕੋਲ ਹੀ ਸਾਹਿਤ ਹੈ, ਜਿਸ ਰਾਹੀਂ ਉਸ ਨੇ ਪਹਿਲੀ ਪੀੜ੍ਹੀ ਦੇ ਬੁਰੇ ਹਾਲ ਤੇ ਨਸਲੀ ਵਿਤਕਰੇ ਤੋਂ ਤੰਗ ਆਈ ਮਾਨਸਿਕਤਾ, ਵਿਰੋਧ ਨੂੰ ਸਾਹਿਤ ਰੂਪ ਦੀ ਤਰਜ਼ਮਾਨੀ ਰਾਹੀਂ ਅਭਿਵਿਅਕਤ ਕੀਤਾ, ਪਰ ਇਹ ਸਾਹਿਤ ਕੁਝ ਹੱਦ ਤੱਕ ਤੀਜੀ ਪੀੜ੍ਹੀ ਪੜ੍ਹ ਰਹੀ ਹੈ, ਬਾਕੀ ਇਹ ਪਰਵਾਸੀ ਪੰਜਾਬੀ ਸਾਹਿਤ ਪਰਵਾਸੀਆਂ ਦਾ ਦੂਜਾ ਵਰਗ ਲਿਖ ਰਿਹਾ ਹੈ ਤੇ ਪੜ੍ਹ ਵੀ ਉਹੀ ਰਿਹਾ ਹੈ। ਚੌਥੀ ਪੀੜ੍ਹੀ ਪੰਜਾਬੀ ਹੋਣ ਤੋਂ ਇਨਕਾਰੀ ਹੈ, ਇਸ ਲਈ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਉਸ ਦਾ ਕੋਈ ਨਾਤਾ ਹੀ ਨਹੀਂ ਰਹਿ ਜਾਂਦਾ।
ਪਰਵਾਸੀ ਸਾਹਿਤ ਦੀ ਗੱਲ ਕਰੀਏ ਤਾਂ ਉਸ ਦੀ ਸਥਿਤੀ ‘ਤੇ ਵੀ ਕੁਝ ਖਤਰਾ ਮੰਡਰਾ ਰਿਹਾ ਹੈ। ਆਪਣੇ ਜਜ਼ਬਾਤ ਦੀ ਪੇਸ਼ਕਾਰੀ ਉਹ ਸੂਖਮ ਕਲਾ ਕਵਿਤਾ ਦੇ ਰੂਪ ਵਿਚ ਵਧੇਰੇ ਕਰ ਰਿਹਾ ਹੈ; ਪਰ ਇੱਥੇ ਸਵਾਲ ਇਹ ਹੈ ਕਿ ਉਸ ਲਿਖੇ ਜਾ ਰਹੇ ਸਾਹਿਤ ਨੂੰ ਉਥੇ ਪੜ੍ਹਨ ਵਾਲੇ ਕਿੰਨੇ ਪ੍ਰਤੀਸ਼ਤ ਲੋਕ ਹਨ? ਜੋ ਸਾਹਿਤ ਲਿਖਿਆ ਜਾ ਰਿਹਾ ਹੈ, ਉਸ ਦਾ ਮਿਆਰ ਕੀ ਹੈ? ਜੋ ਸੈਮੀਨਾਰ, ਕਾਨਫਰੰਸਾਂ ਆਦਿ ਕਰਵਾਏ ਜਾਂਦੇ ਹਨ, ਉਹ ਕਿਸ ਪੱਧਰ ਤਕ ਪੰਜਾਬੀ ਭਾਸ਼ਾ, ਸਾਹਿਤ ਨੂੰ ਬਚਾਉਣ ਵਿਚ ਕਾਮਯਾਬ ਹੋ ਰਹੇ ਹਨ? ਇਹ ਕੁਝ ਅਜਿਹੇ ਪ੍ਰਸ਼ਨ ਹਨ, ਜਿਨ੍ਹਾਂ ਦੇ ਹੱਲ ਤਲਾਸ਼ਣ ਲਈ ਹੀ ਇਹ ਖੋਜ ਪੱਤਰ ਹੋਂਦ ਵਿਚ ਆਇਆ ਹੈ।
ਵਿਦੇਸ਼ਾਂ ਵਿਚ ਰਚਿਆ ਜਾਂਦਾ ਬਹੁਤਾ ਪੰਜਾਬੀ ਸਾਹਿਤ ਵਿਦੇਸ਼ਾਂ ਵਿਚ ਪੜ੍ਹਿਆ ਹੀ ਨਹੀਂ ਜਾਂਦਾ, ਸਗੋਂ ਉਹ ਪੰਜਾਬ ਵਿਚ ਵਧੇਰੇ ਪਾਠਕ ਪ੍ਰਾਪਤ ਕਰਦਾ ਹੈ। ਇਥੋਂ ਦੇ ਕਾਲਜ, ਯੂਨੀਵਰਸਿਟੀਆਂ, ਖੋਜ ਕੇਂਦਰਾਂ ਆਦਿ ਵਿਚ ਇਸ ‘ਤੇ ਵਧੇਰੇ ਚਰਚਾ, ਗੋਸ਼ਟੀ ਹੁੰਦੀ ਰਹਿੰਦੀ ਹੈ। ਵਿਦੇਸ਼ਾਂ ਵਿਚ ਅਗਲੀ ਪੀੜ੍ਹੀ ਇਸ ਨੂੰ ਪੜ੍ਹਨ ਤੋਂ ਅਸਮਰੱਥ ਹੈ।
“ਇੰਗਲੈਂਡ ਵਿਚ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ ਦਾ ਭਵਿੱਖ ਬੇਹੱਦ ਧੁੰਦਲਾ ਹੈ।” *6
ਕਿਸੇ ਵੀ ਭਾਸ਼ਾ ਦੇ ਵਿਕਾਸ ਤੇ ਉਨਤੀ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਮਝਣ ਅਤੇ ਇਸੇ ਹੀ ਸੰਦਰਭ ਵਿਚ ਪੰਜਾਬੀ ਭਾਸ਼ਾ ਦੀ ਉਨਤੀ ਨੂੰ ਵੇਖਣਾ ਲਾਜ਼ਮੀ ਹੈ, ਜੇ ਅਜਿਹਾ ਨਹੀਂ ਹੁੰਦਾ ਤਾਂ ਸਧਾਰਨ ਪੰਜਾਬੀ ਨੂੰ ਆਪਣੀ ਬਿਮਾਰ ਮਾਨਸਿਕਤਾ ਨਾਲ ਵਰਗਲਾ ਦੇਣ ਵਾਲੇ ਬੜੇ ਲੋਕ ਬੈਠੇ ਹਨ।
ਪਹਿਲੀ ਪੀੜ੍ਹੀ ਦੇ ਲੋਕ ਰਹੇ ਨਹੀਂ, ਦੂਜੀ ਪੀੜ੍ਹੀ ਇਸ ਮਸਲੇ ਨਾਲ ਜੂਝ ਰਹੀ ਹੈ। ਪੰਜਾਬੀ ਦੀਆਂ ਅਖਬਾਰਾਂ ਦੀ ਛਪਣ ਗਿਣਤੀ ਵੀ ਘੱਟ ਰਹੀ ਹੈ, ਤੇ ਪੰਜਾਬੀ ਦੀਆਂ ਪੁਸਤਕਾਂ ਵੀ ਅਣਗੌਲੀਆਂ ਪਈਆਂ ਰਹਿੰਦੀਆਂ ਹਨ। ਇਸ ਲਈ ਸਾਡੇ ਸ਼ੁਭ-ਸ਼ੁਭ ਸੋਚਣ ਅਤੇ ਕਰਨ ਦੇ ਬਾਵਜੂਦ ਪੰਜਾਬੀ ਭਾਸ਼ਾ ਹੀ ਨਹੀਂ, ਬਾਕੀ ਦੀਆਂ ਭਾਰਤੀ ਭਾਸ਼ਾਵਾਂ ਦਾ ਭਵਿੱਖ ਵੀ ਧੁੰਦਲਾ ਹੋ ਰਿਹਾ ਹੈ।
ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਬਚਾਉਣ ਲਈ ਕਈ ਸਾਹਿਤ ਸੰਸਥਾਵਾਂ ਹੋਂਦ ਵਿਚ ਆਈਆਂ ਅਤੇ ਸਮੇਂ ਸਮੇਂ ਸੈਮੀਨਾਰ, ਕਾਨਫਰੰਸਾਂ ਹੁੰਦੇ ਰਹਿੰਦੇ ਹਨ। ਸਾਹਿਤ ਕਿਸੇ ਵੀ ਸਮਾਜ ਦੇ ਜੀਵਨ ਦੇ ਵੱਖ-ਵੱਖ ਭਾਗ ਸਮਾਜਕ, ਰਾਜਨੀਤਕ, ਆਰਥਕ ਸੰਗਠਨਾਂ ਅਤੇ ਵਿਚਾਰਾਂ ਨੂੰ ਆਪਸ ਵਿਚ ਜੋੜ ਕੇ ਅੱਗੇ ਵਧਣ ਦਾ ਕੰਮ ਬੜੇ ਸੁਚੇਤ ਪੱਧਰ ‘ਤੇ ਕਰਦਾ ਹੈ। ਸਮਾਜਕ ਵਿਕਾਸ ਦੇ ਵੱਖ-ਵੱਖ ਪੜਾਵਾਂ ਤੇ ਇਸ ਦੀ ਭੂਮਿਕਾ ਵੀ ਵੱਖ ਹੀ ਹੁੰਦੀ ਹੈ। ਸਾਹਿਤ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ। ਇਸ ਵਿਚ ਪੱਤਰਕਾਰੀ ਦੀ ਅਹਿਮ ਭੂਮਿਕਾ ਹੈ।
ਪਰਵਾਸੀ ਪੰਜਾਬੀ ਪੱਤਰਕਾਰੀ ਵੀ ਵਿਦੇਸ਼ੀ ਧਰਤੀ ਉਪਰਲੇ ਪੰਜਾਬੀ ਸਮਾਜ, ਜਨ-ਜੀਵਨ, ਸਭਿਆਚਾਰ ਅਤੇ ਮਨੋਵਿਗਿਆਨ ਦੀ ਹੀ ਉਪਜ ਹੈ। ਪੰਜਾਬ ਵਿਚ ਸਮੇਂ ਸਮੇਂ ‘ਤੇ ਆਏ ਰਾਜਨੀਤਕ, ਧਾਰਮਿਕ, ਸਮਾਜਕ ਆਦਿ ਪਰਿਵਰਤਨ ਦਾ ਪ੍ਰਭਾਵ ਵਿਦੇਸ਼ੀ ਪੰਜਾਬੀ ਪੱਤਰਕਾਰੀ ‘ਤੇ ਵੀ ਨਿਰੰਤਰ ਪੈਂਦਾ ਰਿਹਾ ਹੈ। ਦਰਸ਼ਨ ਸਿੰਘ ਤਾਤਲਾ ਦੀ ਇਸ ਸਬੰਧੀ ਧਾਰਨਾ ਹੈ,
“ਸਾਹਿਤ ਦੀ ਪਰੰਪਰਾ ਤੋਰਨ ਵਿਚ ਇਥੋਂ ਦੀ ਪੰਜਾਬੀ ਪੱਤਰਕਾਰੀ ਦਾ ਵੱਡਾ ਹਿੱਸਾ ਹੈ। 1965 ਤੋਂ ਲਗਾਤਾਰ ਚਲ ਰਹੇ ਦੋ ਹਫਤਾਵਰੀ ਅਖਬਾਰ ‘ਦੇਸ਼ ਪ੍ਰਦੇਸ਼’ ਅਤੇ ‘ਪੰਜਾਬ ਟਾਈਮਜ਼’ ਨੇ ਦਰਜਨਾਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਹੈ। ਖਾਸ ਕਰਕੇ ‘ਦੇਸ਼ ਪ੍ਰਦੇਸ਼’ ਨੇ ਪਹਿਲੇ ਦੋ ਦਹਾਕਿਆਂ ਵਿਚ ਸਾਹਿਤਕ ਪਿੜ ਨੂੰ ਬੰਨਣ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਹੈ। 1990 ਵਿਚ ਕੋਈ ਪੰਜ ਹਫਤਾਵਰੀ ਅਖਬਾਰ, ਦੋ ਤਿੰਨ ਮਾਸਿਕ ਰਸਾਲੇ ਪੰਜਾਬੀ ਜੁਬਾਨ ਦਾ ਆਮ ਹੋਣ ਅਤੇ ਪੰਜਾਬੀ ਪ੍ਰਤੀ ਚੇਤਨਾ ਦਾ ਨਿੱਗਰ ਫਰਜ਼ ਅਦਾ ਕਰ ਰਹੇ ਹਨ। ਅਖਬਾਰਾਂ ਦਾ ਹੋਣਾ ਇਸ ਗੱਲ ਦੀ ਵੀ ਸੂਚਨਾ ਹੈ ਕਿ ਪੰਜਾਬੀ ਭਾਈਚਾਰੇ ਦੀ ਹੁਣ ਗਿਣਤੀ ਮਿਣਤੀ ਇੰਨੀ ਹੈ ਕਿ ਇਸ ਦੇ ਭਾਸ਼ਾਈ ਪ੍ਰਗਟਾਅ ਲਈ ਲੋੜੀਂਦੀ ਮਾਇਕ ਸਮੱਗਰੀ ਇਸ਼ਤਿਹਾਰ ਰਾਹੀਂ ਉਪਲਬਧ ਹੈ।” *7
ਪਰਵਾਸੀ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਨੂੰ ਵਿਦੇਸ਼ੀ ਧਰਤੀ ‘ਤੇ ਪ੍ਰਫੁਲਿਤ ਕਰਨ ਲਈ, ਆਪਣੀ ਨਵੀਂ ਪੀੜ੍ਹੀ ਨੂੰ ਇਸ ਤੋਂ ਜਾਣੂ ਕਰਵਾਉਣ ਲਈ ਪੰਜਾਬੀ ਭਾਸ਼ਾ/ਸਾਹਿਤ ਨੂੰ ਪਿਆਰ ਕਰਨ ਵਾਲੀਆਂ ਸਾਹਿਤਕ ਸੰਸਥਾਵਾਂ ਹੋਂਦ ਵਿਚ ਆਈਆਂ ਹਨ। ਇਹ ਸਮੇਂ ਸਮੇਂ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਅਹਿਮ ਸੈਮੀਨਾਰ, ਕਾਨਫਰੰਸਾਂ ਕਰਵਾ ਰਹੀਆਂ ਹਨ; ਪਰ ਇਸ ਵਿਚ ਮੁੱਖ ਕੰਮ ਕਰਨ ਦੀ ਇਹ ਲੋੜ ਹੈ ਕਿ ਸਭ ਤੋਂ ਪਹਿਲਾਂ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਬਚਪਨ ਤੋਂ ਨੈਤਿਕ ਸਿੱਖਿਆ ਦੇਣ ਦੇ ਨਾਲ ਨਾਲ ਆਪਣੇ ਸਭਿਆਚਾਰ, ਇਤਿਹਾਸ, ਅਤੇ ਮਾਤ ਭਾਸ਼ਾ ਤੋਂ ਜਾਣੂ ਕਰਵਾਉਣ। ਇਸ ਦੀ ਸ਼ੁਰੂਆਤ ਪਰਿਵਾਰ ਤੋਂ ਹੋਵੇ ਤਾਂ ਬਹੁਤ ਵਧੀਆ ਹੈ। ਇਸ ਪਿਛੋਂ ਰਚੇ ਗਏ ਪੰਜਾਬੀ ਪਰਵਾਸੀ ਸਾਹਿਤ ਦਾ ਅਧਿਐਨ, ਵਿਸ਼ਲੇਸ਼ਣ ਕਰਨ ਲਈ ਆਲੋਚਕ ਵੀ ਕੁਝ ਹੱਦ ਤਕ ਪਰਵਾਸੀ ਪੰਜਾਬੀ ਹੋਣੇ ਚਾਹੀਦੇ ਹਨ। ਪਰਵਾਸੀ ਪੰਜਾਬੀ ਸਾਹਿਤਕਾਰ ਆਪਣੀ ਰਚਨਾ ਵਿਚ ਜੇ ਸਮੱਸਿਆਵਾਂ ਉਥੋਂ ਦੀਆਂ ਪੇਸ਼ ਕਰ ਰਿਹਾ ਹੈ ਤਾਂ ਉਸ ਨੂੰ ਆਪਣੀ ਨਵੀਂ ਪੀੜ੍ਹੀ ਦਾ ਮੁਖਾਤਿਬ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਰਚਨਾ ਦਾ ਅਧਿਐਨ ਕਰਾਉਣ ਲਈ ਪੰਜਾਬ ਦੇ ਆਲੋਚਕ, ਸਾਹਿਤਕਾਰ ਲੱਭਣ ਦੀ ਥਾਂ ਪਰਵਾਸੀ ਧਰਤੀ ‘ਤੇ ਉਸ ਦਾ ਪ੍ਰਚਲਨ ਕਰਨ ਦੀ ਵਧੇਰੇ ਲੋੜ ਹੈ। ਇਸ ਦੇ ਨਾਲ ਹੀ ਉਹ ਪਰਵਾਸੀ ਪੰਜਾਬੀ ਸਾਹਿਤ ਦੇ ਵਿਕਾਸ ਕ੍ਰਮ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।
ਇਸ ਖੋਜ ਮਜ਼ਮੂਨ ਵਿਚ ਬਰਤਾਨੀਆ ਵਿਚ ਪਰਵਾਸੀ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਸਥਿਤੀ ਦਾ ਅਧਿਐਨ, ਵਿਸ਼ਲੇਸ਼ਣ ਕਰਨ ਉਪਰੰਤ ਜੋ ਸਾਹਿਤਕ ਸੂਤਰ ਦ੍ਰਿਸ਼ਟੀਗੋਚਰ ਹੁੰਦੇ ਹਨ, ਉਹ ਇਸ ਪ੍ਰਕਾਰ ਹਨ:
(A) ਪਰਵਾਸੀ ਤੇ ਪੰਜਾਬੀ ਪਰਵਾਸੀ ਦਾ ਇਤਿਹਾਸ ਕਾਫੀ ਪੁਰਾਣਾ ਹੈ। ਪਹਿਲਾ ਪਰਵਾਸੀ ਪੰਜਾਬੀ ਮਹਾਰਾਜਾ ਦਲੀਪ ਸਿੰਘ ਸੀ। ਉਸ ਤੋਂ ਬਾਅਦ ਇਹ ਪ੍ਰਚਲਨ ਸ਼ੁਰੂ ਹੋਇਆ। ਮਹਾਰਾਜੇ ਤੋਂ ਬਰਤਾਨੀਆ ਵਿਚ ਉਸ ਦੀ ਭਾਸ਼ਾ, ਸਭਿਆਚਾਰ, ਮੂਲ ਹੋਂਦ ਸਭ ਖੋਹ ਲਿਆ ਗਿਆ। ਜੇ ਇਤਿਹਾਸ ਦੇਖੀਏ ਤਾਂ ਗਵਾਹੀ ਇੱਥੋਂ ਹੀ ਮਿਲ ਜਾਂਦੀ ਹੈ ਕਿ ਪਰਵਾਸੀ ਧਰਤੀ ‘ਤੇ ਪੰਜਾਬੀਆਂ ਨੇ ਆਪਣਾ ਕੀ ਕੁਝ ਗਵਾਇਆ ਹੈ?
(ਅ) ਪਰਵਾਸੀ ਪੰਜਾਬੀਆਂ ਦਾ ਦੂਜਾ ਵਰਗ ਆਪਣੀ ਨਵੀਂ ਪੀੜ੍ਹੀ ਤੇ ਉਸ ਤੋਂ ਅਗਲੀ ਪੀੜ੍ਹੀ ਦਾ ਆਪਣੀ ਮੂਲ ਭਾਸ਼ਾ ਤੋਂ ਦੂਰ ਹੋਣ ਦੇ ਤਣਾਓ ‘ਚ ਗੁਜ਼ਰ ਰਿਹਾ ਹੈ।
(e) ਪੰਜਾਬੀ ਸਾਹਿਤ ਦੀ ਜੇ ਗੱਲ ਕੀਤੀ ਜਾਵੇ ਤਾਂ ਹੁਣ ਪਰਵਾਸੀ ਪੰਜਾਬੀ ਸਾਹਿਤ ਨੂੰ ਵਾਚਣ ਲਈ ਪਰਵਾਸੀ ਪੰਜਾਬੀ ਆਲੋਚਕਾਂ ਦੀ ਵੱਧ ਲੋੜ ਹੈ।
(ਸ) ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਪਰਿਵਾਰ ਬਚਪਨ ਤੋਂ ਆਪਣੇ ਮੂਲ ਇਤਿਹਾਸ, ਭਾਸ਼ਾ ਦੀ ਜਾਣਕਾਰੀ ਬੱਚਿਆਂ ਨੂੰ ਦੇਣ ਤਾਂ ਜੋ ਆਪਣੇ ਸਭਿਆਚਾਰ ਨਾਲ ਜੁੜੇ ਰਹਿ ਸਕਣ।
(ਹ) ਸਾਹਿਤਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਜ਼ਿਕਰਯੋਗ ਹਨ।
(ਕ) ਸਮੁੱਚੇ ਰੂਪ ਵਿਚ ਪਰਵਾਸੀ ਧਰਤੀ ਬਰਤਾਨੀਆ ਵਿਚ ਕੁਝ ਸਾਹਿਤਕਾਰ ਪੰਜਾਬੀ ਸਾਹਿਤ ਪ੍ਰਤੀ ਨਿਰੰਤਰ ਵਿਕਾਸ ‘ਚ ਆਪਣਾ ਯੋਗਦਾਨ ਪਾ ਰਹੇ ਹਨ, ਪਰ ਫਿਰ ਵੀ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਹੋਂਦ ‘ਤੇ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ।
ਹਵਾਲੇ/ਟਿੱਪਣੀਆਂ
1. ਡਾ. ਐਸ਼ ਪੀ. ਸਿੰਘ, ਪਰਵਾਸੀ ਪੰਜਾਬੀ ਸਾਹਿਤ, ਪੰਨਾ 3 ਤੇ 4
2. ਸਵਰਨ ਚੰਦਨ, ਬਰਤਾਨਵੀ ਪੰਜਾਬੀ ਜਨ ਜੀਵਨ ਤੇ ਸਾਹਿਤ, ਪੰਨਾ 77
3. ਉਹੀ, ਪ੍ਰਵਚਨ ਜਨਵਰੀ-ਮਾਰਚ 2007, ਪੰਨਾ 15
4. ਉਹੀ, ਪੰਨਾ 14
5. ਡਾ. ਸੁਖਵਿੰਦਰ ਸਿੰਘ ਰੰਧਾਵਾ, ਸੰਵਾਦ ਦਰ ਸੰਵਾਦ (ਸੰਪਾਦਕ ਮੋਹਨ ਤਿਆਗੀ), ਪੰਨਾ 15
6. ਸਵਰਨ ਚੰਦਨ, ਬਰਤਾਨਵੀ ਪੰਜਾਬੀ ਜਨ ਜੀਵਨ ਤੇ ਸਾਹਿਤ, ਪੰਨਾ 77
7 ਦਰਸ਼ਨ ਸਿੰਘ ਤਾਤਲਾ, ਬਰਤਾਨੀਆ ਵਿਚ ਪੰਜਾਬੀ ਭਾਸ਼ਾ, ਪੰਨਾ 12-13