ਪ੍ਰੋ. ਅਵਤਾਰ ਸਿੰਘ ਦਾ ਲੇਖ ‘ਬੱਕਰੇ ਦੀ ਬਲੀ ਤੇ ਬਲੀ ਦਾ ਬੱਕਰਾ:ਬੁੱਭ ਤੋਂ ਭੁੱਬ ਤੱਕ’

ਡਾ. ਗੁਰਨਾਮ ਕੌਰ ਕੈਨੇਡਾ
‘ਪੰਜਾਬ ਟਾਈਮਜ਼’ ਦੇ 3 ਅਗਸਤ ਦੇ ਅੰਕ ਵਿਚ ਪ੍ਰੋ. ਅਵਤਾਰ ਸਿੰਘ ਨੇ ਆਪਣਾ ਲੇਖ ‘ਬੱਕਰੇ ਦੀ ਬਲੀ ਤੇ ਬਲੀ ਦਾ ਬੱਕਰਾ: ਬੁੱਭ ਤੋਂ ਭੁੱਬ ਤੱਕ’ ਚੂਹੇ, ਕਬੂਤਰ, ਮੁਰਗੇ ਅਤੇ ਬੱਕਰੇ ਦੀ ‘ਬਾਤ’ ਪਾ ਕੇ ਸ਼ੁਰੂ ਕੀਤਾ ਹੈ ਕਿ ਕਿਵੇਂ ਦੁਕਾਨਦਾਰ ਆਪਣੀ ਦੁਕਾਨ ਵਿਚ ਰਹਿ ਰਹੇ ਚੂਹੇ ਲਈ ਕੁੜਿੱਕੀ ਲਿਆਇਆ, ਜੋ ਚੂਹੇ ਨੇ ਦੇਖ ਲਈ| ਆਪਣੀ ਮਦਦ ਲਈ ਚੂਹਾ ਵਾਰੀ ਵਾਰੀ ਕਬੂਤਰ, ਕੁੱਕੜ ਤੇ ਬੱਕਰੇ ਕੋਲ ਗਿਆ, ਪਰ ਸਭ ਨੇ ਉਸ ਦਾ ਮਖੌਲ ਉਡਾਇਆ| ਕੁੜਿੱਕੀ ਵਿਚ ਸੱਪ ਫਸ ਜਾਣ Ḕਤੇ ਹਨੇਰੇ ਵਿਚ ਦੁਕਾਨਦਾਰ ਦੀ ਘਰ ਵਾਲੀ ਨੇ ਚੂਹਾ ਸਮਝ ਕੇ ਕੁੜਿੱਕੀ ਚੱਕ ਲਈ ਤੇ ਸੱਪ ਲੜਾ ਬੈਠੀ| ਸੱਪ ਲੜ ਜਾਣ ‘ਤੇ ਕਬੂਤਰ, ਮੁਰਗਾ ਅਤੇ ਬੱਕਰਾ, ਜਿਨ੍ਹਾਂ ਨੇ ਚੂਹੇ ਦਾ ਸਾਥ ਨਹੀਂ ਸੀ ਦਿੱਤਾ, ਵਾਰੋ ਵਾਰੀ ਉਸ ਬੀਬੀ ਅਤੇ ਆਏ-ਗਏ ਦਾ ਖਾਜਾ ਬਣ ਗਏ ਤੇ ਜਾਨ ਤੋਂ ਹੱਥ ਧੋ ਬੈਠੇ|

ਇਸ ਕਹਾਣੀ ਨੂੰ ਅੱਗੇ ਵਧਾਉਂਦਿਆਂ ਪ੍ਰੋ. ਅਵਤਾਰ ਸਿੰਘ ਲਿਖਦੇ ਨੇ, “ਸ਼ਰਾਬ ਦਾ ਧੰਦਾ ਗੈਰਕਾਨੂੰਨੀ ਹੋ ਜਾਣ ਨਾਲ ਕਲਾਲ ਵਿਹਲਾ ਹੋ ਗਿਆ, ਬਾਟਾ ਨੇ ਮੋਚੀ ਦਾ ਧੰਦਾ ਚੌਪਟ ਕਰ ਦਿਤਾ, ਜੇ. ਸੀ. ਟੀ. ਨੇ ਜੁਲਾਹੇ ਦੀ ਖੱਡੀ ਖੋਹ ਲਈ; ਦਰੀਆਂ, ਖੇਸੀਆਂ ਦਾ ਦੌਰ ਖਤਮ ਹੋ ਗਿਆ| ਟਰੈਕਟਰ, ਟਿਊਬਵੈਲ ਤੇ ਕੰਬਾਈਨ ਆਈ ਤਾਂ ਲੁਹਾਰ, ਤਰਖਾਣ ਦਾ ਝੁੱਗਾ ਚੌੜ ਹੋ ਗਿਆ| ਅਖਬਾਰੀ ਮੈਟਰੀਮੋਨੀਅਲ ਨੇ ਨਾਈ ਨਿਗਲ ਲਿਆ; ਰੇਡੀਓ, ਟੇਪਾਂ ਤੇ ਟੀ. ਵੀ. ਨੇ ਮਰਾਸੀ ਘਰੇ ਬਹਾ ਦਿਤੇ| ਫਰਿਜ ਨੇ ਘੜੇ ਖਾ ਲਏ, ਘੁਮਾਰ ਗਿਆ ਤੇ ਝਿਊਰ ਦੀ ਵੀ ਠੰਢੇ ਪਾਣੀ ਦੀ ਮਸ਼ਕ ਗਈ| ਬਸ ਆਈ ਤਾਂ ਟਾਂਗੇ ਵਾਲੇ ਬਾਰੂ ਦਾ ਕੀ ਬਣਿਆ? ਇੱਕ ਇੱਕ ਕਰਕੇ ਸਭ ਉਜੜ ਗਏ ਤੇ ਆਪਣੇ ਦਮ ਖਮ ‘ਤੇ ਵਸਦੇ ਵੀ ਰਹੇ| ਨਾ ਕਿਸੇ ਨੇ ਹਾਲ ਪਾਹਰਿਆ ਪਾਈ, ਨਾ ਪਿੱਟ ਸਿਆਪਾ ਕੀਤਾ| ਕਿਸੇ ਨੂੰ ਕੋਈ ਮੁਆਵਜ਼ਾ ਨਾ ਮਿਲਿਆ| ਨਾ ਕਿਸੇ ਮੰਗਿਆ, ਨਾ ਕਿਸੇ ਨੇ ਦਿੱਤਾ…|”
ਪ੍ਰੋ. ਅਵਤਾਰ ਸਿੰਘ ਨੂੰ ਕਿਸ ਨੇ ਕਹਿ ਦਿੱਤਾ ਕਿ ਕਿਸਾਨ ਕਿਰਤੀ ਨਹੀਂ ਹੈ? ਉਹ ਸਦੀਆਂ ਤੋਂ ਹੱਡ ਭੰਨ ਕੇ ਮਿਹਨਤ ਕਰਦਾ ਆ ਰਿਹਾ ਹੈ| ਜਦੋਂ ਰਾਤਾਂ ਨੂੰ ਹੋਰ ਕਿਰਤੀ ਲੋਕ ਆਪਣੇ ਕੰਮਾਂ-ਕਾਰਾਂ ਤੋਂ ਥੱਕ-ਟੁੱਟ ਕੇ ਆਪਣੇ ਟੱਬਰਾਂ ਵਿਚ ਸੌਂ ਜਾਂਦੇ ਰਹੇ ਹਨ, ਕਿਸਾਨ ਤਾਂ ਉਦੋਂ ਵੀ ਨੱਕੇ ਛੱਡਦਾ, ਸੱਪਾਂ ਦੀਆਂ ਸਿਰੀਆਂ ਮਿੱਧਦਾ ਖੇਤਾਂ ਦੀਆਂ ਵੱਟਾਂ ‘ਤੇ ਤੁਰਿਆ ਫਿਰਦਾ ਰਿਹਾ; ਤਾਰਿਆ ਦੀ ਛਾਂਵੇਂ ਹੱਲ ਵਾਹੁੰਦਾ, ਤਿੱਖੜ ਦੁਪਹਿਰੇ ਫਲ੍ਹੇ ਹੱਕਦਾ ਨਾ ਗਰਮੀ ਦੇਖਦਾ, ਨਾ ਘਲਾੜੀਆਂ ਵਾਹੁੰਦਾ ਸਰਦੀ ਦੇਖਦਾ| ਉਹ ਕਿਰਤੀ ਹੈ-ਪੂਰੀ ਤਰ੍ਹਾਂ ਕਿਰਤੀ, ਪਰ ਕਾਰੀਗਰ ਨਹੀਂ| ਖੇਤੀ ਕਰਦਾ ਕਿਸਾਨ ਅਤੇ ਖੇਤੀ ਨਾਲ ਜੁੜਿਆ ਮਜ਼ਦੂਰ ਕਾਰੀਗਰ ਨਹੀਂ ਹੈ, ਕਿਉਂਕਿ ਉਸ ਨੂੰ ਤਾਂ ਖੇਤਾਂ ਵਿਚ ਕੰਮ ਕਰਨ ਤੋਂ ਬਿਨਾ ਹੋਰ ਕੁਝ ਆਉਂਦਾ ਹੀ ਨਹੀਂ ਹੈ, ਉਹ ਕੋਈ ਹੁਨਰ ਨਹੀਂ ਜਾਣਦਾ| ਜੇ ਖੇਤੀ ਤੋਂ ਬਿਨਾ ਹੋਰ ਕੋਈ ਕਿੱਤਾ ਜਾਣਦਾ ਹੁੰਦਾ ਤਾਂ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਉਹ ਵੀ ਸ਼ਹਿਰ ਵੱਲ ਤੁਰਦਾ ਤੇ ਕੋਈ ਕਿੱਤਾ ਅਪਨਾਉਂਦਾ|
ਕਲਾਲ ਜੇ ਸ਼ਰਾਬ ਬਣਾਉਣ ਤੋਂ ਵਿਹਲਾ ਹੋਇਆ ਹੋਵੇਗਾ, ਹੋ ਸਕਦਾ ਹੈ ਉਹ ਸ਼ਰਾਬ ਦੇ ਕਿਸੇ ਕਾਰਖਾਨੇ ਵਿਚ ਕੰਮ ਕਰਨ ਲੱਗ ਪਿਆ ਹੋਵੇ ਜਾਂ ਤਿਆਰ ਸ਼ਰਾਬ ਦਾ ਠੇਕਾ ਲੈ ਕੇ ਸ਼ਰਾਬ ਹੀ ਵੇਚਣ ਲੱਗ ਪਿਆ ਹੋਵੇ, ਕਿਉਂਕਿ ਉਸ ਨੂੰ ਵਪਾਰ ਕਰਨ ਦਾ ਵੱਲ ਆਉਂਦਾ ਹੈ| ਮੋਚੀ ਲਈ ਹੱਥੀਂ ਜੁੱਤੀਆਂ ਬਣਾਉਣ ਦਾ ਕੰਮ ਠੱਪ ਹੋ ਗਿਆ ਤਾਂ ਉਹ ਕਿਸੇ ‘ਬਾਟਾ’ ਕੰਪਨੀ ਦੇ ਕਾਰਖਾਨੇ ਵਿਚ ਵੱਧ ਪੈਸਿਆਂ ‘ਤੇ ਕੰਮ ਕਰਦਾ ਹੋ ਸਕਦਾ ਹੈ, ਕਿਉਂਕਿ ਮਸ਼ੀਨੀਕਰਨ ਨੇ ਤਾਂ ਰੁਜ਼ਗਾਰ ਵਧਾਏ ਨੇ, ਘਟਾਏ ਨਹੀਂ| ਕੰਬਾਈਨਾਂ-ਟਿਊਬਵੈਲਾਂ, ਟਰੈਕਟਰਾਂ ਦੀ ਮੁਰੰਮਤ ਕਿਹੜਾ ਕਿਸਾਨ ਨੇ ਆਪ ਕਰਨੀ ਸੀ? ਉਹ ਵੀ ਕਿਸੇ ਤਰਖਾਣ ਜਾਂ ਲੁਹਾਰ ਕਾਰੀਗਰ ਨੇ ਹੀ ਕਰਨੀ ਸੀ ਅਤੇ ਪਤਾ ਨਹੀਂ ਕਿੰਨੇ ਪੈਸੇ ਕਿਸਾਨ ਤੋਂ ਬਟੋਰਦਾ ਹੋਵੇਗਾ? ਝਿਊਰ ਵੀ ਹੋ ਸਕਦਾ ਹੈ, ਕਿਸੇ ਢਾਬੇ ‘ਤੇ ਕੰਮ ਕਰਦਾ ਕਰਦਾ ਢਾਬੇ ਦਾ ਮਾਲਕ ਹੀ ਬਣ ਗਿਆ ਹੋਵੇ| ਨਾਈ ਦਾ ਕਿੱਤਾ ਜਾਣਦੇ ਦੀਆਂ ਤਾਂ ਅੱਜ ਕੱਲ ਵੈਸੇ ਹੀ ਪੌਂ ਬਾਰਾਂ ਨੇ, ਕਿਉਂਕਿ ਹੁਣ ਸਿੱਖ ਮੁੰਡੇ ਤਾਂ ਕੀ, ਬੀਬੀਆਂ ਵੀ ਵਾਲ ਕਟਾਉਣ ਲੱਗ ਪਈਆਂ ਨੇ| ਤੁਸੀਂ ਦਰਜ਼ੀ ਤਾਂ ਗਿਣਿਆ ਹੀ ਨਹੀਂ| ਅੱਜ ਕੱਲ ‘ਨਾਈ’ ਤੇ ਦਰਜ਼ੀ ਦਾ ਕਿੱਤਾ ਜਾਣਨ ਵਾਲੇ ਲਈ ਸਭ ਤੋਂ ਵੱਧ ਸੌਖਾ ਹੈ, ਘਰ ਬੈਠੇ ਬਿਠਾਏ ਰੁਜ਼ਗਾਰ ਤੋਰਨਾ|
ਖੇਤੀ ਕਰਨ ਵਾਲਾ ਕਿਸਾਨ ਤੇ ਉਸ ਦਾ ਸਾਥੀ ਖੇਤ ਮਜ਼ਦੂਰ ਕਿਉਂਕਿ ਹੋਰ ਕੋਈ ਕਿੱਤਾ ਜਾਣਦੇ ਹੀ ਨਹੀਂ, ਇਸ ਲਈ ਸਮੇਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੀਆਂ ਚਹੇਤੀਆਂ ਕਾਰਪੋਰੇਸ਼ਨਾਂ ਵੱਲੋਂ ਜਮੀਨਾਂ ਹਥਿਆ ਲੈਣ Ḕਤੇ ਲੇਬਰ ਚੌਕਾਂ ਵਿਚ ਜਾ ਕੇ ਆਪਣੇ ਵਰਗਾ ਕੰਮ/ਮਜ਼ਦੂਰੀ ਲੱਭਣ ਲਈ ਖੜ੍ਹਾ ਹੋ ਗਿਆ| ਜਦੋਂ ਨਾ ਕੁਝ ਪੱਲੇ ਪਿਆ ਤਾਂ ਖੁਦਕੁਸ਼ੀਆਂ ਵੱਲ ਦੌੜ ਪਿਆ, ਖੇਤ ਮਜ਼ਦੂਰ ਵੀ ਅਤੇ ‘ਖੇਤ ਦਾ ਮਾਲਕ’ ਕਹਾਉਣ ਵਾਲਾ ਕਿਸਾਨ ਵੀ| ਉਹ ਧਰਤੀ ਦਾ ਪੁੱਤਰ ਹੈ; ਕੇਵਲ ਧਰਤੀ ਦਾ ਪੁੱਤਰ ਹੀ ਨਹੀਂ, ਧਰਤੀ ਹੇਠਲਾ ਬਲਦ ਵੀ ਹੈ| ਕਿਸਾਨ ਖੇਤਾਂ ਲਈ ਮੁਫਤ ਬਿਜਲੀ ਨਹੀਂ ਮੰਗਦਾ, ਬਿਜਲੀ ਮਿਲਦੀ ਰਹਿਣੀ ਮੰਗਦਾ ਹੈ|
ਦਰਿਆਵਾਂ ਦੀ ਧਰਤੀ ‘ਤੇ ਖੇਤੀ ਕਰਨ ਵਾਲੇ ਨੂੰ ਮੁਫਤ ਬਿਜਲੀ ਕਿਉਂ ਦਿੱਤੀ ਜਾਂਦੀ ਹੈ, ਉਨ੍ਹਾਂ ਨਹਿਰਾਂ ਦਾ ਨਹਿਰੀ ਪਾਣੀ ਕਿਉਂ ਨਹੀਂ ਦਿੱਤਾ ਜਾਂਦਾ, ਜੋ ਉਸ ਦੀ ਜਮੀਨ ਦੀ ਹਿੱਕ ਚੀਰ ਕੇ ਕੱਢੀਆਂ ਗਈਆਂ? ਉਸ ਦੇ ਹਿੱਸੇ ਦਾ ਪਾਣੀ ਦੂਜੇ ਰਾਜਾਂ ਨੂੰ ਕਿਉਂ ਜਾਂਦਾ ਹੈ? ਕੀ ਇਸ ਲਈ ਵੀ ਉਹ ਖੁਦ ਜ਼ਿੰਮੇਵਾਰ ਹੈ? ਧਰਤੀ ਵਿਚ ਜ਼ਹਿਰਾਂ ਬੀਜਣ ਤੇ ਕਰਜੇ ਲੈਣ ਦੇ ਰਾਹ ਵੀ ਉਨ੍ਹਾਂ ਨੂੰ ਸਰਕਾਰਾਂ ਤੇ ਕਾਰਪੋਰੇਸ਼ਨਾਂ ਨੇ ਹੀ ਤੋਰਿਆ ਹੈ, ਜਿਨ੍ਹਾਂ ਨੇ ਤਰਖਾਣਾਂ, ਲੁਹਾਰਾਂ ਅਤੇ ਹੋਰਨਾਂ ਨੂੰ ਵਿਹਲੇ ਕੀਤਾ ਹੈ| ਫਰਕ ਸਿਰਫ ਇਹ ਰਿਹਾ ਕਿ ਉਨ੍ਹਾਂ ਲਈ ਤਾਂ ਬਦਲਵੇਂ ਰਾਹ ਕੱਢ ਦਿੱਤੇ ਗਏ ਜਾਂ ਨਿਕਲ ਆਏ, ਪਰ ‘ਧਰਤੀ ਹੇਠਲੇ ਬਲਦ’ ਲਈ ਨਹੀਂ ਕੋਈ ਰਾਹ ਛੱਡਿਆ| ਉਸ ਦੀ ਫਸਲ ਦੇ ਮੰਡੀ ਵਿਚ ਵਿਕਣ ਦਾ, ਮਿਹਨਤ ਦਾ ਪੂਰਾ ਮੁੱਲ ਮਿਲਣ ਦਾ ਕੋਈ ਪ੍ਰਬੰਧ ਨਹੀਂ ਕੀਤਾ, ਉਸ ਨੂੰ ਕੋਈ ਬਦਲਵਾਂ ਪ੍ਰਬੰਧ ਦਿੱਤਾ ਹੀ ਨਹੀਂ? ਉਸ ਨੂੰ ਤਰ੍ਹਾਂ ਤਰ੍ਹਾਂ ਦੇ ਸਬਜਬਾਗ ਦਿਖਾ ਕੇ ਇੱਕ ਆਜ਼ਾਦ ਮਨੁੱਖ ਤੋਂ ਕਾਰਪੋਰੇਸ਼ਨਾਂ, ਬੈਂਕਾਂ ਅਤੇ ਸਰਕਾਰਾਂ ਦਾ ਗੁਲਾਮ ਬਣਾ ਦਿੱਤਾ, ਜਿਸ ਨੇ ਕਿਸੇ ਵੇਲੇ ਮੁਲਕ ਦੀ ਆਜ਼ਾਦੀ ਲਈ ਘਾਲਣਾ ਘਾਲੀਆਂ, ਜੇਲ੍ਹਾਂ ਕੱਟੀਆਂ ਅਤੇ ਮੋਰਚੇ ਲਾਏ ਸਨ|
ਪ੍ਰੋ. ਅਵਤਾਰ ਸਿੰਘ ਨੇ ਲਿਖਿਆ ਹੈ ਕਿ ਖੁਦਕੁਸ਼ੀ ਤਾਂ ਕਾਇਰ ਕਰਦੇ ਹਨ| ਕਿਰਤੀ ਲੋਕ ਹੋਰ ਜੋ ਮਰਜ਼ੀ ਹੋਣ, ਕਾਇਰ ਨਹੀਂ ਹੁੰਦੇ| ਕਿਰਤੀ ਨੇ ਕੋਈ ਨਾ ਕੋਈ ਆਹਰ ਲੱਭ ਹੀ ਲੈਣਾ ਹੁੰਦਾ ਹੈ| ਵਿਹਲੇ ਰਹਿਣਾ ਉਹਦੀ ਪ੍ਰਕ੍ਰਿਤੀ ਨਹੀਂ ਹੁੰਦੀ| ਸਾਰੇ ਕਿਰਤੀ ਕਿਤੇ ਨਾ ਕਿਤੇ ਆਪਣੇ ਬਲਬੂਤੇ ਆਹਰ ਲੱਗੇ ਹੋਏ ਹਨ| ਬੱਚੇ ਪਾਲਦੇ ਨੇ, ਖੁਦ ਨੂੰ ਸੰਭਾਲਦੇ ਹਨ| ਪੰਜਾਬ ਦਾ ਇੱਕੋ ਇੱਕ ਬੱਬਰ ਸ਼ੇਰ ਹੈ, ਜਿਸ ਦੀਆਂ ਦਹਾੜਾਂ ਜੈਜ਼ੀ, ਗਰੇਵਾਲ, ਗਿੱਪੀ ਤੇ ਦਲਜੀਤ ਦੇ ਗਾਣਿਆਂ ‘ਚ ਸੁਣਨ ਨੂੰ ਮਿਲਦੀਆਂ ਹਨ| ਇਹ ਬੱਬਰ ਸ਼ੇਰ ਇੱਕ ਢਿੱਡ ਹੈ, ਜੋ ਰੱਜਦਾ ਨਹੀਂ ਤੇ ਸਦਾ ਮੰਗਦਾ ਹੀ ਰਹਿੰਦਾ ਹੈ|
ਅਸਲ ਵਿਚ ਕਿਸਾਨ ਨੇ ਆਪਣਾ ਹੀ ਨਹੀਂ, ਸਗੋਂ ਸਾਰੇ ਮੁਲਕ ਦਾ ਢਿੱਡ ਭਰਿਆ ਹੈ| ਹਿੰਦੁਸਤਾਨ, ਜੋ ਬਾਹਰੋਂ ਅੰਨ ਮੰਗਵਾਉਂਦਾ ਸੀ, ਕਿਸਾਨ ਨੇ ਅੰਨ ਦੀ ਲੋੜ ਹੀ ਪੂਰੀ ਨਹੀਂ ਕੀਤੀ, ਸਗੋਂ ਅੰਨ ਵਾਧੂ ਕਰ ਦਿੱਤਾ| ਧਰਤੀ ਹੇਠਲਾ ਬਲਦ ਜੋ ਹੋਇਆ, ਸਭ ਦੇ ਢਿੱਡ ਦੀ ਫਿਕਰ ਕਰਨ ਵਾਲਾ| ਐਵੇਂ ਸਾਰੇ ਮੁਲਕ ਦਾ ਬੋਝ ਆਪਣੇ ਉਤੇ ਚੁੱਕੀ ਫਿਰਦਾ ਰਿਹਾ| ਮੁਲਕ ਭੁੱਖਾ ਮਰਦਾ ਸੀ ਤਾਂ ਮਰ ਜਾਂਦਾ? ਕਿਉਂ ਸਰਕਾਰਾਂ, ਕਾਰਪੋਰੇਸ਼ਨਾ ਦੇ ਆਖੇ ਲੱਗ ਕੇ ਜ਼ਹਿਰਾਂ ਬੀਜਦਾ ਰਿਹਾ?
ਕੁਝ ਅਰਸਾ ਪਹਿਲਾਂ ਜਨਾਬ ਗੁਲਾਮ ਮੁਸਤਫਾ ਡੋਗਰ ਨੇ ‘ਪੰਜਾਬ ਟਾਈਮਜ਼’ ਵਿਚ ਛਪੇ ਆਪਣੇ ਇੱਕ ਲੇਖ ਵਿਚ ਪੰਜਾਬ ਦੇ ਮਰਾਸੀਆਂ ਬਾਰੇ ਕਿਹਾ ਸੀ ਕਿ ਪਾਕਿਸਤਾਨ ਬਣਨ ਨਾਲ ਸਾਰੇ ਮਰਾਸੀ ਤਾਂ ਪਾਕਿਸਤਾਨ ਚਲੇ ਗਏ, ਪਰ ਪੂਰਬੀ ਪੰਜਾਬ ਦੇ ਜੱਟਾਂ ਦੇ ਮੁੰਡਿਆਂ ਨੇ ਮਰਾਸੀਆਂ ਦਾ ਕੰਮ ਸਾਂਭ ਲਿਆ| ਉਸ ਦਾ ਇਸ਼ਾਰਾ ਗਾਇਕ ਬਣੇ ਜੱਟਾਂ ਦੇ ਮੁੰਡਿਆਂ ਵੱਲ ਸੀ|
ਜਨਾਬ ਮੁਸਤਫਾ ਅਨੁਸਾਰ ਪਾਕਿਸਤਾਨ ਵਿਚ ਤਿੰਨ ਹੀ ਜੱਟ ਗਾਇਕ ਹੋਏ ਨੇ, ਜਿਨ੍ਹਾਂ ਵਿਚੋਂ ਇੱਕ ਤਾਂ ਅੱਲ੍ਹਾ ਨੂੰ ਪਿਆਰਾ ਹੋ ਗਿਆ, ਦੋ ਸੁੱਖ ਨਾਲ ਗਾ ਰਹੇ ਨੇ| ਮੈਂ ਉਦੋਂ ਜਨਾਬ ਮੁਸਤਫਾ ਨੂੰ ਫੋਨ ਕਰਕੇ ਕਹਿਣਾ ਚਾਹਿਆ ਸੀ ਕਿ ਸ਼ੁਕਰ ਹੈ, ਪਾਕਿਸਤਾਨ ਵਿਚ ਜੱਟਾਂ ਦੇ ਬਹੁਤੇ ਮੁੰਡੇ ਗਾਉਣ ਨਹੀਂ ਲੱਗੇ; ਉਥੇ ਹਾਲੇ ਵੀ ਇਹ ਕਿੱਤਾ ਮਰਾਸੀਆਂ ਜਾਂ ਦੂਜੇ ਭਾਈਚਾਰਿਆਂ ਦੇ ਲੋਕਾਂ ਨੇ ਸਾਂਭਿਆ ਹੋਇਆ ਹੈ| ਨਹੀਂ ਤਾਂ ਪਾਕਿਸਤਾਨੀ ਗੀਤਾਂ ਵਿਚ ਵੀ ‘ਜੱਟਵਾਦ’ ਹੀ ਭਾਰੂ ਹੋਣਾ ਸੀ, ਬਾਕੀ ਸਭ ਕੋਮਲ ਅਹਿਸਾਸ ਗੁੰਮ ਹੋ ਜਾਣੇ ਸਨ|
ਇੱਕ ਕਹਾਵਤ ਹੈ, ‘ਕੁਕੜ, ਕਾਂ, ਕੰਬੋ ਕਬੀਲਾ ਪਾਲਦੇ, ਜੱਟ, ਮੈਹਾਂ, ਸੰਸਾਰ ਕਬੀਲਾ ਗਾਲਦੇ।’ ਜੱਟਾਂ ਦੇ ਬਹੁਤੇ ਮੁੰਡਿਆਂ ਨੇ ਗਾਇਕ ਬਣ ਕੇ ‘ਬੱਬਰ ਸ਼ੇਰ’ ਦਾ ਨੁਕਸਾਨ ਹੀ ਕੀਤਾ ਹੈ| ਉਸ ਨੂੰ ਮਿਹਨਤੀ, ਕਿਰਤੀ ਕਿਸਾਨ ਤੋਂ ਸਿਰਫ ਤੇ ਸਿਰਫ ‘ਜੱਟ’ ਬਣਾ ਦਿੱਤਾ, ਜਿਸ ਦੇ ਹੱਥ ਵਿਚ ਪਤਾ ਨਹੀਂ ਕਿੰਨੀ ਕਿਸਮ ਦੇ ਹਥਿਆਰ ਫੜਾ ਦਿੱਤੇ, ਕੁੜੀਆਂ ਦੇ ਕਾਲਜਾਂ ਦੇ ਚੱਕਰ ਕੱਢਣ ਲਾ ਦਿੱਤਾ, ਹੱਥਾਂ ਵਿਚ ਦਾਰੂ ਦੇ ਗਲਾਸ ਫੜਾ ਕੇ ਬੱਕਰੇ ਬੁਲਾਉਣ ਲਾ ਦਿੱਤਾ| ਰੱਬ ਜਾਣੇ ਉਨ੍ਹਾਂ ਨੇ ਕਿਹੜੀ ਸਰਕਾਰ ਦੇ ਆਖੇ ਲੱਗ ਕੇ ਸ਼ਰਾਬ ਦੇ ਠੇਕਿਆਂ ਦੀ ਆਮਦਨ ਦਾ ਜ਼ਰੀਆ ਇਸ ‘ਬੱਬਰ ਸ਼ੇਰ’ ਨੂੰ ਬਣਾ ਦਿੱਤਾ, ਕਿਨ੍ਹਾਂ ਕੰਪਨੀਆਂ ਦੇ ਆਖੇ ਲੱਗ ਕੇ ਉਸ ਨੂੰ ਕਿਰਤੀ ਤੋਂ ‘ਚੱਕਵੇਂ’ ਗੀਤਾਂ ਦਾ ਹੀਰੋ ਬਣਾ ਦਿੱਤਾ? ਕਿਸ ਖਜਾਨੇ ਦੇ ਮੂੰਹ ਉਸ ਲਈ ਖੁੱਲ੍ਹ ਗਏ ਕਿ ਉਹ ਮਹਿੰਗੇ ਮਹਿੰਗੇ ਮੋਟਰ ਸਾਈਕਲਾਂ, ਗੱਡੀਆਂ ਦਾ ਮਾਲਕ ਬਣ ਗਿਆ ਅਤੇ ‘ਡਾਇਮੰਡ ਦੀ ਝਾਂਜਰ’ ਆਪਣੀ ਹੋਣ ਵਾਲੀ ਤੀਵੀਂ ਲਈ ਖਰੀਦਣ ਜੋਗਾ ਹੋ ਗਿਆ? ਗਾਇਕ ਬਣੇ ਇਨ੍ਹਾਂ ਜੱਟਾਂ ਦੇ ਮੁੰਡਿਆਂ ਨੇ ਇਸ ‘ਬੱਬਰ ਸ਼ੇਰ’ ਦਾ ਮੂੰਹ ਜਾਤ-ਪਾਤ ਦਾ ਤਿਆਗ ਕਰਨ, ਸੁੱਚੀ ਕਿਰਤ ਕਮਾਈ ਕਰਨ ਤੇ ਵੰਡ ਕੇ ਛਕਣ ਵਾਲੀ ਗੁਰੂ ਦੀ ਸਿੱਖਿਆ ਵਲੋਂ ਮੋੜ ਕੇ ਇਸ ਨੂੰ ਝੂਠੀ ‘ਜੱਟਵਾਦ’ ਦੀ ਹੈਂਕੜ ਨਾਲ ਭਰ ਦਿੱਤਾ|
ਇੱਥੇ ਇੱਕ ਨਿਜੀ ਗੱਲ ਸਾਂਝੀ ਕਰਨ ਨੂੰ ਮਨ ਕਰ ਆਇਐ| ਸਾਡਾ ਇੱਕ ਨੇੜੇ ਦਾ ਰਿਸ਼ਤੇਦਾਰ ਮੁੰਡਾ ਹੈ, ਜਿਸ ਦਾ ਪਿੰਡ ਲੁਧਿਆਣੇ ਦੇ ਬਹੁਤ ਨੇੜੇ ਹੈ ਅਤੇ ਉਸ ਦਾ ਘਰ ਖੇਤ ਵਿਚ ਹੈ| ਉਸ ਨੂੰ ਸਾਰਿਆਂ ਸਲਾਹ ਦਿੱਤੀ ਕਿ ਖੇਤ ਵਿਚ ਘਰ ਹੈ, ਬੱਕਰੀਆਂ ਪਾਲ ਲੈ, ਕਿਉਂਕਿ ਬੱਕਰੀ ਦਾ ਦੁੱਧ ਮਹਿੰਗਾ ਵਿਕਦਾ ਹੈ ਤੇ ਪਾਲਣੀਆਂ ਵੀ ਸੌਖੀਆਂ ਨੇ| ਕਹਿੰਦਾ, ਕਿਉਂ ਪਾਲਾਂ? ਸਾਰੇ ਮੈਨੂੰ ਬੱਕਰੀਆਂ ਵਾਲਾ ਕਹਿਣ ਲੱਗ ਜਾਣਗੇ|
ਜਨਾਬ ਮੁਸਤਫਾ ਦਾ ਲੇਖ ਪੜ੍ਹ ਕੇ ਮੈਂ ਸੋਚਦੀ ਰਹੀ ਕਿ ਬਿਹਤਰ ਹੁੰਦਾ ਮਰਾਸੀ ਇਥੋਂ ਨਾ ਜਾਂਦੇ ਤੇ ਗਾਉਣ-ਵਜਾਉਣ ਦਾ ਆਪਣਾ ਕਿੱਤਾ ਜਾਰੀ ਰੱਖਦੇ| ਉਹ ਜਜ਼ਮਾਨ ਤੋਂ ਦੱਖਣਾ ਲੈਣ ਲਈ ਥੋੜ੍ਹੀ ਜਿਹੀ ਵਡਿਆਈ ਹੀ ਕਰਦੇ ਸਨ, ਪਰ ਵੱਡੀਆਂ ਮਿਊਜ਼ਿਕ ਕੰਪਨੀਆਂ ਦੇ ਆਖੇ ਲੱਗ ਕੇ ‘ਬੱਬਰ ਸ਼ੇਰ’ ਦੇ ਹੱਥ ਵਿਚ ਕਈ ਤਰ੍ਹਾਂ ਦੇ ਮਾਰੂ ਹਥਿਆਰ ਨਹੀਂ ਸੀ ਫੜਾਉਂਦੇ, ਕੁੜੀਆਂ ਦੇ ਪਿੱਛੇ ਗੇੜੀਆਂ ਨਹੀਂ ਸੀ ਲੁਆਉਂਦੇ ਤੇ ਨਾ ਹੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦਣ ਲਈ ‘ਘਰ ਫੂਕ ਕੇ ਤਮਾਸ਼ਾ ਦੇਖਣ’ ਦੀ ਪ੍ਰੇਰਨਾ ਕਰਦੇ ਸਨ|
ਇੱਕ ਸਤਿਕਾਰਯੋਗ ਖੇਤੀ ਅਰਥ ਸ਼ਾਸਤਰੀ ਤੋਂ ਮੈਂ ਸੁਣਦੀ ਆਈ ਹਾਂ ਕਿ ਜੱਟ ਜਦੋਂ ਤੱਕ ਜਮੀਨ ਨਾਲ ਜੁੜਿਆ ਹੋਇਆ ਹੈ, ਉਦੋਂ ਤੱਕ ਉਹ ਤਰੱਕੀ ਨਹੀਂ ਕਰ ਸਕਦਾ| ‘ਬੱਬਰ ਸ਼ੇਰ’ ਨੂੰ ਹੁਣ ਚਾਹੀਦਾ ਹੈ ਕਿ ਜਮੀਨ ਦਾ ਮੋਹ ਛੱਡ ਕੇ ਗੁਰੂ ਦੀ ਸਿੱਖਿਆ ‘ਤੇ ਚੱਲਦਿਆਂ ‘ਕਿਰਤੀ’ ਹੋਣ ਦੇ ਨਾਲ ਨਾਲ ‘ਕਾਰੀਗਰ’ ਵੀ ਬਣੇ ਅਤੇ ਆਪਣੀ ਰੋਜ਼ੀ-ਰੋਟੀ ਹੋਰਾਂ ਵਾਂਗ ਹੀ ਕਮਾਵੇ| ਖੁਦਕਸ਼ੀ ਦਾ ਰਾਹ ਕਾਇਰ ਅਖਤਿਆਰ ਕਰਦੇ ਹਨ| ਕਿਸਾਨ ਗੁਰੂ ਦਾ ਸਿੱਖ ਹੈ, ਬੁਜ਼ਦਿਲ ਬਣਨਾ ਉਸ ਨੂੰ ਸ਼ੋਭਾ ਨਹੀਂ ਦਿੰਦਾ| ਸਰਕਾਰਾਂ ਤਾਂ ਸਮੇਂ ਸਮੇਂ ਉਸ ਦੀਆਂ ਹਿਤੈਸ਼ੀ ਹੋਣ ਦਾ ਢੌਂਗ ਰਚ ਕੇ ਉਸ ਨੂੰ ਲੁੱਟਦੀਆਂ ਰਹੀਆਂ ਹਨ ਅਤੇ ਆਪਣਾ ਵੋਟ ਬੈਂਕ ਪੱਕਾ ਕਰਦੀਆਂ ਰਹੀਆਂ ਹਨ|
ਸਰਕਾਰਾਂ ਵੱਲੋਂ ਪਿੰਡ ਪਿੰਡ, ਥਾਂ ਥਾਂ ਖੋਲ੍ਹੇ ਠੇਕਿਆਂ ਨੂੰ ਜੰਦਰੇ ਹੁਣ ਬੱਬਰ ਸ਼ੇਰ ਨੂੰ ਆਪ ਮਾਰਨੇ ਪੈਣਗੇ ਅਤੇ ਨਸ਼ਿਆਂ ਦੇ ਸੌਦਾਗਰ, ਜੋ ਸਰਕਾਰਾਂ ਅਤੇ ਪੁਲਿਸ ਦੀ ਪੁਸ਼ਤਪਨਾਹੀ ਨਾਲ ਆਪਣਾ ਧੰਦਾ ਕਰ ਰਹੇ ਹਨ, ਉਨ੍ਹਾਂ ਨੂੰ ਵੀ ਨੱਥ ਆਪ ਹੀ ਪਾਉਣੀ ਪੈਣੀ ਹੈ| ਖੁਦਕੁਸ਼ੀਆਂ ਦੇ ਰਾਹ ਕਿਉਂ ਪੈਣਾ ਹੈ? ਗੁਰੂ ਨੇ ਤਾਂ ਜਿਉਣ ਅਤੇ ਮਰਨ-ਦੋਹਾਂ ਦਾ ਸਹੀ ਰਸਤਾ ਦੱਸਿਆ ਹੈ।