ਅਸ਼ੋਕ ਵਾਸਿਸ਼ਠ
ਫੋਨ: 91-98106-28570
“ਰੱਬ ਰੱਬ ਕਰੋ ਜੀ! ਰਹਿਮ ਕਰੋ ਮੇਰੇ ਹਾਲ ‘ਤੇ। ਜੀਅ ਲੈਣ ਦਿਓ ਮੈਨੂੰ ਚੱਜ ਨਾਲ। ਕਿਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ! ਅਜਿਹੀਆਂ ਜੱਗੋਂ ਬਾਹਰੀਆਂ ਫਿਲਮਾਂ ਵਿਚ ਹੁੰਦੀਆਂ।”
“ਲੈ ਇਹਦੇ ਵਿਚ ਕੀ ਮਾੜੀ ਗੱਲ ਆ। ਤੂੰ ਟਰਾਈ ਤਾਂ ਕਰ!”
“ਚੜ੍ਹ ਜਾ ਬੱਚਾ ਸੂਲੀ ‘ਤੇ, ਰੱਬ ਭਲੀ ਕਰੂ! ਉਹੀਓ ਗੱਲ ਕੀਤੀ ਨਾ ਤੁਸੀਂ!”
“ਬਿਲਕੁਲ ਨਹੀਂ, ਤੂੰ ਸੋਚ ਵੀ ਕਿੱਦਾਂ ਲਿਆ, ਅਸੀਂ ਕਦੇ ਅਜਿਹੀ ਗੱਲ ਕਰਾਂਗੇ ਜਿਸ ਨਾਲ ਤੇਰਾ ਨੁਕਸਾਨ ਹੋਵੇ, ਨਾ ਨਾ, ਵੀਰ ਮੇਰੇ, ਅਜਿਹੀ ਗੱਲ ਭੁੱਲ ਕੇ ਵੀ ਚਿਤ ਵਿਚ ਨਾ ਲਿਆਵੀਂ।”
“ਇਹ ਮੈਂ ਜਾਣਦਾਂ, ਤੁਸੀਂ ਦੋਸਤ ਹੋ ਮੇਰੇ, ਪਰ ਕਦੇ ਕਦੇ ਤੁਹਾਡੀ ਗੱਲ ਸੁਣ ਕੇ ਲਗਦਾ, ਕਿਤੇ ਮੈਨੂੰ ਬਣਾ ਤਾਂ ਨਹੀਂ ਰਹੇ!”
“ਇਹਦਾ ਤਾਂ ਵਰਕਾ ਈ ਪਾੜ ਦੇ, ਇਹ ਨਾ ਕਦੇ ਹੋਇਆ ਤੇ ਨਾ ਹੋਣਾ!” ਪਹਿਲੇ ਨੇ ਕਿਹਾ।
“ਫਿਕਰ ਨਾ ਕਰ ਤੂੰ।” ਦੂਜਾ ਬੋਲਿਆ।
“ਮੈਨੂੰ ਲੱਗਦੈ, ਤੁਸੀਂ ਕੁਝ ਜ਼ਿਆਦਾ ਈ ਸੀਰੀਅਸ ਹੋ ਗਏ ਓਂ, ਇਕ ਖਿਆਲ ਆਇਆ ਸੀ ਮਨ ਵਿਚ, ਉਹ ਤੁਹਾਡੇ ਨਾਲ ਸਾਂਝਾ ਕਰ ਲਿਆ, ਬਸ ਗੱਲ ਖਤਮ, ਹੁਣ ਕੰਮ ਦੀ ਗੱਲ ਕਰੋ।” ਜੀਤ ਨੇ ਗੱਲ ਖਤਮ ਕਰਦਿਆਂ ਕਿਹਾ।
“ਯਾਰ ਅਖਬਾਰ ਵਿਚ ਛਪਿਐ, ਤੇਰੀ ਚਹੇਤੀ ਸੰਗੀਤਕਾਰ ਆ ਰਹੀ ਐ, ਉਹਦਾ ਪ੍ਰੋਗਰਾਮ ਆ।” ਪਹਿਲੇ ਨੇ ਦੱਸਿਆ।
“ਕੌਣ? ਮੀਤਾ ਸ਼ਰਮਾ!” ਜੀਤ ਨੇ ਕਾਹਲੀ ਨਾਲ ਪੁੱਛਿਆ।
“ਹਾਂ ਉਹੀ!” ਪਹਿਲੇ ਨੇ ਕਿਹਾ।
“ਹਾਏ ਰੱਬ ਜੀ, ਬੜੀ ਚੰਗੀ ਖਬਰ ਸੁਣਾਈ ਏ। ਬੱਲਿਆ ਜਿਉਂਦਾ ਰਹਿ, ਨਹੀਂ ਰੀਸਾਂ ਤੇਰੀਆਂ।” ਜੀਤ ਖੁਸ਼ੀ ਵਿਚ ਉਛਲ ਪਿਆ।
“ਲੈ, ਹੁਣ ਛਾਲਾਂ ਮਾਰਦੈ, ਜਦ ਅਸੀਂ ਕਿਹਾ ਸੀ ਤਾਂ ਚਾਰੇ ਖੁਰ ਚੁੱਕੀ ਫਿਰਦਾ ਸੀ।” ਦੂਜੇ ਨੇ ਮਸ਼ਕਰੀ ਕੀਤੀ।
“ਤੁਸੀਂ ਘੁੰਮਾ ਫਿਰਾ ਕੇ ਗੱਲ ਕਰ ਰਹੇ ਸੀ, ਸਿੱਧੀ ਤਰ੍ਹਾਂ ਕਰਦੇ ਤਾਂ ਮੈਨੂੰ ਹੋਰ ਚੰਗਾ ਲੱਗਦਾ।” ਜੀਤ ਸੰਗੀਤ ਪ੍ਰੇਮੀ ਸੀ। ਇਕ ਪ੍ਰੋਗਰਾਮ ਸਮੇਂ ਉਸ ਨੇ ਮੀਤ ਸ਼ਰਮਾ ਦੀ ਕਲਾ ਦਾ ਅਨੰਦ ਮਾਣਿਆ ਸੀ। ਇਹ ਗੱਲ ਪੁਰਾਣੀ ਹੈ, ਪਰ ਜੀਤ ਲਈ ਨਹੀਂ, ਉਸ ਲਈ ਤਾਂ ਇਹ ਕੱਲ੍ਹ ਦੀ ਗੱਲ ਸੀ, ਉਹ ਮੀਤਾ ਸ਼ਰਮਾ ਦੀ ਕਲਾ ਦਾ ਦੀਵਾਨਾ ਹੁੰਦਾ ਤਾਂ ਗੱਲ ਹੋਰ ਹੁੰਦੀ, ਪਰ ਉਹ ਤਾਂ ਹੌਲੀ ਹੌਲੀ ਉਸ ਦਾ ਈ ਦੀਵਾਨਾ ਬਣ ਚੁਕਾ ਸੀ। ਰਾਤ-ਦਿਨ ਉਸੇ ਦੇ ਸੁਪਨੇ ਦੇਖਦਾ, ਕਹਿੰਦੇ ਨੇ ਇਸ਼ਕ-ਮੁਸ਼ਕ ਛੁਪਾਇਆਂ ਨਹੀਂ ਛੁਪਦਾ, ਭਾਵੇਂ ਇਹ ਇਕਤਰਫਾ ਈ ਕਿਉਂ ਨਾ ਹੋਵੇ! ਜੀਤ ਦਾ ਵੀ ਇਹੋ ਹਾਲ ਸੀ। ਉਹਦੇ ਯਾਰ-ਬੇਲੀ ਸਭ ਜਾਣਦੇ ਸਨ। ਇਸ ਲਈ ਕਦੇ ਕਦੇ ਹਾਸਾ ਮਜਾਕ ਕਰ ਲੈਂਦੇ ਸਨ। ਅੱਜ ਵੀ ਇਹੋ ਕੁਝ ਹੋਇਆ।
ਮੀਤਾ ਸ਼ਰਮਾ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਉਸ ਨਾਲ ਮੇਲ ਹੋਣਾ ਸੰਭਵ ਨਹੀਂ ਸੀ, ਪਰ ਦੀਵਾਨਗੀ ਜਦ ਬੰਦੇ ਦੇ ਸਿਰ ‘ਤੇ ਸਵਾਰ ਹੋ ਜਾਂਦੀ ਹੈ ਤਾਂ ਵੱਡੇ ਵੱਡੇ ਦੀ ਅਕਲ ਨੂੰ ਜਿੰਦਰੇ ਵੱਜ ਜਾਂਦੇ ਨੇ। ਜੀਤ ਸਭ ਜਾਣਦਿਆਂ ਵੀ ਇਹੋ ਕਿਆਸ ਕਰਦਾ, ‘ਮੀਤਾ ਸ਼ਰਮਾ ਉਸ ਦੀ ਹੈ, ਉਸ ਦੀ ਰਹੇਗੀ, ਉਹ ਤਾਂ ਹਰ ਸਮੇਂ ਉਸ ਦੇ ਅੰਗ-ਸੰਗ ਰਹਿੰਦੀ ਹੈ’, ਉਸ ਨੂੰ ਇਹੋ ਜਾਪਦਾ। ਜੀਤ ਨੇ ਕਾਰਡ ਪੜ੍ਹਿਆ, ਪ੍ਰੋਗਰਾਮ ਵਿਚ ਇਕ ਹਫਤਾ ਰਹਿੰਦਾ ਸੀ। ਇਥੇ ਜਰੂਰ ਜਾਣਾ, ਉਸ ਨੇ ਮਨ ਹੀ ਮਨ ਫੈਸਲਾ ਕੀਤਾ।
“ਪ੍ਰੋਗਰਾਮ ਦੀ ਤਰੀਕ ਯਾਦ ਰੱਖੀਂ, ਨਹੀਂ ਤਾਂ ਸਾਡੀ ਯਹੀ ਤਹੀ ਫੇਰਦਾ ਰਹੇਂਗਾ, ਅਖੇ ਪਹਿਲਾਂ ਕਿਉਂ ਨਹੀਂ ਦੱਸਿਆ।” ਪਹਿਲੇ ਨੇ ਟਕੋਰ ਲਾਈ।
“ਤੂੰ ਘਾਬਰ ਨਾ ਪਿਆਰੇ, ਮੈਨੂੰ ਤਰੀਕ ਉਂਜ ਈ ਯਾਦ ਹੋ ਗਈ ਹੈ, ਇਕ ਦਿਨ ਪਹਿਲਾਂ ਚੇਤਾ ਕਰਾ ਦਿਆਂਗਾ, ਆਖਰ ਯਾਰ ਏਂ ਸਾਡਾ, ਏਨਾ ਤਾਂ ਅਸੀਂ ਕਰ ਈ ਸਕਦੇ ਆਂ।” ਦੂਜੇ ਨੇ ਥਾਪੜਾ ਦਿੰਦਿਆਂ ਕਿਹਾ।
ਜੀਤ ਨੇ ਕਿਥੇ ਭੁੱਲਣਾ ਸੀ। ਉਹ ਤਾਂ ਦਿਨ ਗਿਣ ਰਿਹਾ ਸੀ। ਰੋਜ਼ ਮਨ ਵਿਚ ਉਚਰਦਾ ਪੰਜ, ਚਾਰ, ਤਿੰਨ, ਦੋ ਦਿਨ ਰਹਿ ਗਏ ਨੇ। ਉਸ ਚਾਈਂ ਚਾਈਂ ਪ੍ਰੋਗਰਾਮ ਦੀ ਟਿਕਟ ਖਰੀਦੀ, ਤੇ ਉਸ ਪਲ ਦੀ ਇੰਤਜਾਰ ਕਰਨ ਲੱਗਾ।
“ਟਿਕਟ ਸਾਂਭ ਕੇ ਰੱਖੀਂ, ਕਿਤੇ ਇਧਰ-ਉਧਰ ਨਾ ਹੋ ਜਾਵੇ, ਨਹੀਂ ਤਾਂ ਹੱਥ ਮਲਦਾ ਰਹਿ ਜਾਵੇਂਗਾ, ਤੇ ਤੇਰੀ ਮੀਤਾ ਸ਼ਰਮਾ ਪ੍ਰੋਗਰਾਮ ਕਰਕੇ ਉਡ ਜਾਵੇਗੀ।” ਯਾਰਾਂ ਦੋਸਤਾਂ ਨੇ ਕਿਹਾ ਤਾਂ ਉਹ ਚਾਂਬਲ ਗਿਆ, “ਜੇ ਕਹੇਂ ਤਾਂ ਤੁਹਾਡੇ ਲਈ ਵੀ ਲੈ ਆਵਾਂ?”
“ਨਾ ਬਈ ਨਾ, ਮੈਨੂੰ ਤਾਂ ਊਈਂ ਸੰਗੀਤ ਦੀ ਸਮਝ ਨਹੀਂ। ਜੇ ਥੋੜ੍ਹੀ ਬਹੁਤੀ ਹੁੰਦੀ ਵੀ ਤਾਂ ਮੈਂ ਉਥੇ ਜਾ ਕੇ ਕੀ ਕਰਨਾ ਸੀ, ਹੋਰ ਥੋੜ੍ਹੇ ਕੰਮ ਨੇ, ਤੇ ਨਾਲੇ ਤੇਰੀ ਯਾਰੀ ਐ, ਤੂੰ ਜੰਮ ਜੰਮ ਜਾਹ, ਸਾਡਾ ਕੀ ਕੰਮ!” ਪਹਿਲੇ ਨੇ ਸਾਫਗੋਈ ਤੋਂ ਕੰਮ ਲੈਂਦਿਆਂ ਕਿਹਾ।
ਦੂਜੇ ਦਾ ਜਵਾਬ ਵੀ ਇਹੋ ਜਿਹਾ ਹੀ ਸੀ।
ਜੀਤ ਯਾਰਾਂ ਦੋਸਤਾਂ ਤੋਂ ਵਿਹਲਾ ਹੋ ਘਰ ਪੁਜਾ। ਬੇਬੇ ਵਿਹੜੇ ਵਿਚ ਬੈਠੀ ਸੀ। ਉਹ ਕੁਝ ਸੋਚ ਰਹੀ ਸੀ। ਜੀਤ ਉਹਦੇ ਸਾਹਮਣੇ ਜਾ ਖਲੋਤਾ, ਪਰ ਮਾਂ ਨੇ ਉਸ ਨੂੰ ਗੌਲਿਆ ਨਹੀਂ, ਇਹਨੂੰ ਕੀ ਹੋਇਐ।
“ਬੇਬੇ!” ਉਸ ਪੁਕਾਰਿਆ।
“ਪੁੱਤਰ ਜੀਤ, ਤੂੰ ਆ ਗਿਐਂ?”
“ਹਾਂ ਮਾਂ!”
“ਖਬਰ ਚੰਗੀ ਨਹੀਂ!”
“ਕੀ ਹੋਇਐ?”
“ਤੇਰੀ ਭੈਣ ਦਾ ਫੋਨ ਆਇਆ ਸੀ, ਤੇਰਾ ਜੀਜਾ ਠੀਕ ਨਹੀਂ!”
“ਕੀ ਕਹਿੰਦੀ ਸੀ ਉਹ?”
“ਕਹਿੰਦੀ ਸੀ, ਮੈਥੋਂ ‘ਕੱਲੀ ਤੋਂ ਸਾਂਭ ਨਹੀਂ ਹੁੰਦਾ, ਤੁਸੀਂ ਜੀਤ ਨੂੰ ਭੇਜ ਦਿਓ!”
“ਕਦ ਜਾਣੈ?”
“ਕਦ ਨਹੀਂ, ਤੂੰ ਤਿਆਰ ਹੋ, ਮੈਂ ਰੋਟੀ ਲਾਹੁੰਦੀ ਆਂ, ਖਾ ਕੇ ਤੁਰ ਜਾਈਂ!”
“ਪਰ ਮਾਂ?”
“ਹਫਤੇ-ਦਸ ਦਿਨ ਦੀ ਗੱਲ ਆ, ਪਰ ਪੁਰ ਨਹੀਂ ਕਰੀਦਾ। ਨਾਲੇ ਦੁੱਖ-ਸੁੱਖ ਵਿਚ ਭੈਣ-ਭਾਈ ਨਹੀਂ ਬਹੁੜਨਗੇ ਤਾਂ ਹੋਰ ਕੌਣ ਬਹੁੜੂ! ਚਲ ਪੁੱਤ ਮੇਰਾ, ਛੇਤੀ ਕਰ!” ਮਾਂ ਉਸ ਦੀ ਪਿੱਠ ਥਾਪੜਦੀ ਰਸੋਈ ਵਿਚ ਚਲੀ ਗਈ।
ਜੀਤ ਨੇ ਕਮੀਜ ਦੀ ਜੇਬ ਵਿਚ ਹੱਥ ਪਾਇਆ, ਪ੍ਰੋਗਰਾਮ ਦੀ ਟਿਕਟ ਦੇਖੀ, ਪ੍ਰੋਗਰਾਮ ਦੋ ਦਿਨ ਬਾਅਦ ਸੀ। ਦੋ-ਤਿੰਨ ਦਿਨ ਤਾਂ ਅਸੀਂ ਰੁਕ ਈ ਸਕਦੇ ਆਂ, ਪਰ ਇਹ ਗੱਲ ਮਾਂ ਨੂੰ ਕਿੱਦਾਂ ਸਮਝਾਈ ਜਾਵੇ, ਕੁਝ ਸਮਝ ਨਹੀਂ ਆ ਰਿਹਾ ਸੀ। ਕਿਉਂ ਨਾ ਇਸ ਬਾਰੇ ਸਿੱਧੀ ਭੈਣ ਨਾਲ ਈ ਗੱਲ ਕਰ ਲਵਾਂ। ਗੱਲ ਕੀਤੀ। ਦੂਜੇ ਪਾਸਿਓਂ ਪੈਂਦੀ ਸੱਟੇ ਭੈਣ ਪੁੱਛਣ ਲੱਗੀ, “ਜੀਤ ਕਦ ਆ ਰਿਹੈਂ ਤੂੰ?”
“ਤੇਰਾ ਹੁਕਮ ਸਿਰ ਮੱਥੇ, ਜੇ ਕਹੇਂ ਤਾਂ ਮੈਂ ਤਿੰਨ ਦਿਨਾਂ ਤਕ ਆ ਜਾਵਾਂ, ਕੋਈ ਜਰੂਰੀ ਕੰਮ ਹੈ, ਮੇਰਾ ਰੁਕਣਾ ਜਰੂਰੀ ਹੈ, ਜਦ ਤਕ ਤੂੰ ਕਿਸੇ ਤਰ੍ਹਾਂ ਸਾਰ ਲੈ।” ਉਸ ਭੈਣ ਨੂੰ ਬਥੇਰੇ ਤਰਕ ਦਿੱਤੇ, ਸਮਝਾਉਣ ਦਾ ਯਤਨ ਕੀਤਾ, ਪਈ ਤਿੰਨ-ਚਾਰ ਦਿਨਾਂ ਪਿਛੋਂ ਉਹ ਆ ਜਾਵੇਗਾ, ਪਰ ਭੈਣ ਨਾ ਮੰਨੀ।
ਗੱਲ ਵੱਧਦੀ ਦੇਖ ਮਾਂ ਨੇ ਵਿਚ ਬਚਾਓ ਕੀਤਾ, “ਦੇਖ ਤੂੰ ਐਵੇਂ ਅੜੀ ਨਾ ਕਰ, ਇਹ ਮੰਨ ਤਾਂ ਗਿਆ ਏ, ਚਾਰ ਦਿਨਾਂ ਨੂੰ ਕਿਹੜੇ ਗੋਡੇ ਨੇ, ਇਹ ਆ ਜਾਊ, ਤੂੰ ਫਿਕਰ ਨਾ ਕਰ!” ਮਾਂ ਧੀ ਨੂੰ ਕਹਿ ਰਹੀ ਸੀ।
—
ਸ਼ਹਿਰ ਦਾ ਸਭ ਤੋਂ ਖੂਬਸੂਰਤ ਆਡੀਟੋਰੀਅਮ। ਨੌਜਵਾਨਾਂ ਤੇ ਮੁਟਿਆਰਾਂ ਦੀਆਂ ਟੋਲੀਆਂ ਚੌਰਾਹੇ ਦੀਆਂ ਵੱਖ ਵੱਖ ਸੜਕਾਂ ਤੋਂ ਉਸ ਵੱਲ ਵੱਧ ਰਹੀਆਂ ਸਨ। ਇਕੱਲੇ-ਦੁਕੱਲੇ ਲੋਕ ਵੀ ਆ ਰਹੇ ਸਨ। ਕਿਸੇ ਨੂੰ ਛੇਤੀ ਤੋਂ ਛੇਤੀ ਉਥੇ ਪੁੱਜਣ ਦੀ ਕਾਹਲ ਸੀ ਤੇ ਕੋਈ ਆਪਣੀ ਮੌਜ ਵਿਚ ਮਜੇ ਨਾਲ ਜਾ ਰਿਹਾ ਸੀ। ਬਜੁਰਗਾਂ ਦੀ ਗਿਣਤੀ ਵੀ ਘੱਟ ਨਹੀਂ ਸੀ।
ਸ਼ਹਿਰ ਦੇ ਪ੍ਰਮੁੱਖ ਚੌਕਾਂ, ਸੜਕਾਂ ਜਾਂ ਵਿਸ਼ੇਸ਼ ਸਥਾਨਾਂ ‘ਤੇ ਲੱਗੇ ਗਾਇਕਾ ਦੇ ਵੱਡੇ-ਵੱਡੇ ਕੱਟ ਆਊਟ ਆਉਂਦੇ-ਜਾਂਦੇ ਦੀ ਖਿੱਚ ਦਾ ਕੇਂਦਰ ਪਿਛਲੇ ਕਈ ਦਿਨਾਂ ਤੋਂ ਬਣੇ ਹੋਏ ਸਨ। ਰਾਹ ਤੁਰੇ ਜਾਂਦੇ ਲੋਕ ਉਸ ਦੀ ਸੁੰਦਰ ਛਵੀ ਦੇਖ ਕੁਝ ਪਲਾਂ ਲਈ ਠਹਿਰ ਜਾਂਦੇ, ਪਰ ਜਦ ਪਿਛੋਂ ਗੱਡੀਆਂ ਦੇ ਹਾਰਨ ਵੱਜਣ ਲੱਗਦੇ ਤਾਂ ਮਜਬੂਰਨ ਅੱਗੇ ਵਧਣਾ ਪੈਂਦਾ। ਉਹ ਅੱਗੇ ਵਧਦੇ ਜਾਂਦੇ ਵੀ ਗਾਇਕਾ ਦੇ ਖਿਆਲਾਂ ਵਿਚ ਗਵਾਚੇ ਰਹਿੰਦੇ।
ਆਡੀਟੋਰੀਅਮ ਦੇ ਸਾਹਮਣੇ ਮੇਲੇ ਵਰਗਾ ਦ੍ਰਿਸ਼ ਸੀ। ਸੰਗੀਤ ਪ੍ਰੇਮੀਆਂ ਦੀ ਭੀੜ ਲੱਗੀ ਹੋਈ ਸੀ। ਪ੍ਰੋਗਰਾਮ ਸ਼ੁਰੂ ਹੋਣ ਵਿਚ ਕੁਝ ਸਮਾਂ ਬਾਕੀ ਸੀ। ਲੋਕਾਂ ਦੀ ਭੀੜ ਨੂੰ ਇੰਤਜ਼ਾਰ ਸੀ, ਕਦੋਂ ਆਡੀਟੋਰੀਅਮ ਦੇ ਦਰਵਾਜੇ ਖੁਲ੍ਹਣ, ਉਹ ਅੰਦਰ ਜਾਣ। ਮੌਜੀ ਸੁਭਾਅ ਦੇ ਯਾਰ-ਬੇਲੀ ਇੰਤਜ਼ਾਰ ਦੀਆਂ ਘੜੀਆਂ ਹੱਸ ਹੱਸ ਗਿਣ ਰਹੇ ਸਨ।
“ਲੈ ਬਈ, ਹੁਣ ਦਰਵਾਜਾ ਖੁੱਲ੍ਹਾ ਕਿ ਖੁੱਲ੍ਹਾ।” ਇਕ ਨਾਲ ਖਲੋਤੇ ਦੋਸਤ ਦੇ ਕੂਹਣੀ ਮਾਰਦਾ ਕਹਿ ਰਿਹਾ ਸੀ।
“ਅਜੇ ਕੁਝ ਸਮਾਂ ਹੋਰ ਲੱਗੂ।” ਦੂਜਾ ਕਹਿ ਰਿਹਾ ਸੀ।
“ਓ ਜਾਣ ਦੇ ਤੂੰ, ਇਥੇ ਉਡੀਕ ਕਰਦਿਆਂ ਦੀ ਜਾਨ ਨਿਕਲੀ ਪਈ ਆ, ਤੇ ਤੂੰ ਕਹਿ ਰਿਹਾਂ, ਅਜੇ ਕੁਝ ਸਮਾਂ ਲੱਗੂ।” ਤੀਜਾ ਵਿਚ ਬੋਲ ਪਿਆ।
“ਤੁਸੀਂ ਤਾਂ ਏਦਾਂ ਕਹਿੰਦੇ ਹੋ ਜਿੱਦਾਂ ਮੇਰੇ ਕਹਿਣ ‘ਤੇ ਈ ਆਡੀਟੋਰੀਅਮ ਦੇ ਦਰ ਖੁਲ੍ਹਣੇ ਨੇ।” ਦੂਜੇ ਨੇ ਹੌਲੀ ਜਿਹੇ ਕਿਹਾ।
“ਨਾ ਇਹੋ ਜਿਹੀ ਵੀ ਕੋਈ ਗੱਲ ਨਹੀਂ, ਚੱਲ ਛੱਡ ਦਰਵਾਜੇ ਜਦ ਖੁਲ੍ਹਣੇ ਹੋਣਗੇ ਖੁਲ੍ਹ ਜਾਣਗੇ, ਤੂੰ ਦੱਸ ਚਾਹ ਪੀਣੀ ਆ।” ਚੌਥਾ ਬੋਲਿਆ।
“ਨਾ ਭਾ ਜੀ, ਜੇ ਦਰ ਖੁਲ੍ਹ ਗਏ ਤਾਂ ਪਿੱਛੇ ਰਹਿ ਜਾਵਾਂਗੇ, ਚਾਹ ਦੀ ਬਾਅਦ ਵਿਚ ਦੇਖੀ ਜਾਊ।” ਜਵਾਬ ਪਹਿਲੇ ਨੇ ਦਿੱਤਾ।
ਨੌਜਵਾਨਾਂ ਦਾ ਹਾਸਾ ਕਦੇ ਉਚਾ ਹੋ ਜਾਂਦਾ, ਕਦੇ ਮੱਧਮ, ਪਰ ਗੱਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਸੀ ਤੇ ਉਹ ਵੀ ਇਕ ਲੈਅ ਵਿਚ। ਉਨ੍ਹਾਂ ਵਿਚੋਂ ਇਕ-ਦੋ ਜਣੇ ਵਿਚ ਵਿਚਾਲੇ ਆਡੀਟੋਰੀਅਮ ਦੇ ਪਰਵੇਸ਼ ਦਵਾਰ ਵੱਲ ਝਾਤ ਮਾਰ ਲੈਂਦੇ। ਸਭ ਕਾਹਲੇ ਸਨ, ਕਦ ਗੇਟ ਖੁਲ੍ਹੇ, ਕਦ ਉਹ ਅੰਦਰ ਜਾਣ।
ਇਕ ਬਜੁਰਗ ਔਰਤ ਵਾਰ ਵਾਰ ਆਪਣਾ ਪਰਸ ਫੋਲ ਰਹੀ ਸੀ, ਇਕ-ਅੱਧ ਵਾਰ ਉਸ ਆਪਣੀ ਟਿਕਟ ਕੱਢ ਕੇ ਦੇਖੀ, ਕਿਤੇ ਘਰ ਤਾਂ ਨਹੀਂ ਰਹਿ ਗਈ। ਕਈ ਲੋਕ ਆਡੀਟੋਰੀਅਮ ਦੇ ਬਾਹਰ ਖੁਲ੍ਹੇ ਰੈਸਟੋਰੈਂਟਾਂ ਦੀ ਰੌਣਕ ਵਧਾ ਰਹੇ ਸਨ। ਚਾਹਾਂ ਪੀਂਦੇ, ਗੱਲਾਂ ਕਰਦੇ, ਇਕ ਦੂਜੇ ਨਾਲ ਹਾਸਾ ਮਜ਼ਾਕ ਕਰਦੇ ਨੌਜਵਾਨ ਇਨ੍ਹਾਂ ਪਲਾਂ ਨੂੰ ਵੀ ਮਾਣ ਰਹੇ ਸਨ।
ਉਡੀਕ ਦੇ ਪਲ ਖਤਮ ਹੋਏ, ਗੇਟ ਖੁਲ੍ਹ ਗਏ, ਹਰ ਇਕ ਨੂੰ ਅੰਦਰ ਜਾਣ ਦੀ ਕਾਹਲ ਸੀ। ਥੋੜ੍ਹੀ ਦੇਰ ਧੱਕਾ-ਮੁੱਕੀ ਹੋਈ, ਫਿਰ ਸਭ ਸ਼ਾਂਤ ਹੋ ਗਿਆ।
“ਬੱਲਿਆ, ਤੂੰ ਨਹੀਂ ਗਿਆ।” ਪਹਿਲੇ ਨੇ ਸਾਹਮਣੇ ਰੈਸਟੋਰੈਂਟ ਵਿਚ ਬੈਠੇ ਦੂਜੇ ਦੋਸਤ ਨੂੰ ਪੁੱਛਿਆ।
“ਮੈਂ ਤਾਂ ਜਾਣਾ ਈ ਨਹੀਂ ਸੀ, ਨਾ ਮੈਨੂੰ ਸੰਗੀਤ ਦੀ ਸਮਝ ਐ, ਬੋਰ ਹੋਣ ਨਾਲੋਂ ਚੰਗੈ, ਇਥੇ ਬੈਠ ਕੇ ਚਾਹ ਦਾ ਅਨੰਦ ਮਾਣੀਏ। ਤੂੰ ਆਪਣੀ ਸੁਣਾ, ਤੂੰ ਕਿਉਂ ਨਹੀਂ ਗਿਆ?” ਦੂਜੇ ਨੇ ਆਪਣੀ ਸਫਾਈ ਦਿੰਦਿਆਂ ਪਹਿਲੇ ਨੂੰ ਪੁੱਛਿਆ।
“ਇਹਦਾ ਹਾਲ ਵੀ ਤੇਰੇ ਵਾਲਾ ਈ ਐ!” ਤੀਜੇ ਨੇ ਦੱਸਿਆ।
“ਇਹਨੂੰ ਮੇਰੀ ਨਾਲਾਇਕੀ ਸਮਝੋ ਜਾਂ ਕੁਝ ਹੋਰ, ਪਰ ਸੱਚ ਤਾਂ ਇਹੋ ਈ ਐ, ਮੇਰੇ ਪੱਲੇ ਕੁਝ ਨਹੀਂ ਪੈਂਦਾ, ਸਭ ਸਿਰ ਉਪਰ ਦੀ ਲੰਘ ਜਾਂਦਾ! ਇਕ ਵਾਰ ਦੀ ਗੱਲ ਆ, ਕਿਸੇ ਦੇ ਚੁੱਕੇ ਚੁਕਾਏ ਸੰਗੀਤ ਦੇ ਪ੍ਰੋਗਰਾਮ ਵਿਚ ਚਲਾ ਗਿਆ, ਫਿਲਮੀ ਗਾਣਾ ਹੁੰਦਾ ਤਾਂ ਅਨੰਦ ਮਾਣਦਾ, ਪਰ ਇਹ ਰਾਗ ਆਪਣੀ ਸਮਝ ਤੋਂ ਪਰ੍ਹੇ ਦੀ ਚੀਜ਼ ਐ!” ਪਹਿਲੇ ਨੇ ਗੱਲ ਸਾਫ ਕਰ ਦਿੱਤੀ।
“ਕੋਈ ਆਦਮੀ ਸਭ ਕੁਝ ਸਮਝਦਾ ਹੋਵੇ, ਇਹ ਹੋ ਈ ਨਹੀਂ ਸਕਦਾ, ਪਰ ਯਾਰ ਜੀਤ ਤਾਂ ਅਨੰਦ ਮਾਣਦਾ ਹੋਣਾ?” ਚੌਥਾ ਪੁੱਛ ਰਿਹਾ ਸੀ।
“ਆਹੋ ਜੀ, ਉਸ ਨੇ ਤਾਂ ਅਨੰਦ ਮਾਣਨਾ ਈ ਐ, ਦੇਖੀਂ ਪ੍ਰੋਗਰਾਮ ਮਗਰੋਂ ਕਿੱਦਾਂ ਉਛਲਦਾ ਆਊ, ਉਹਦੀ ਖੁਸ਼ੀ ਡੁੱਲ੍ਹ ਡੁੱਲ੍ਹ ਪੈਣੀ ਐ!”
ਪ੍ਰੋਗਰਾਮ ਖਤਮ ਹੋਇਆ, ਲੋਕ ਹੌਲੀ ਹੌਲੀ ਬਾਹਰ ਨਿਕਲਣ ਲੱਗੇ। ਉਹ ਖੁਸ਼ ਸਨ। ਥੋੜ੍ਹੀ ਦੇਰ ਪਿਛੋਂ ਜੀਤ ਬਾਹਰ ਆਇਆ, ਉਹਦੇ ਚਿਹਰੇ ‘ਤੇ ਖੁਸ਼ੀ ਨਹੀਂ ਸੀ, ਉਹ ਚੁੱਪ ਚੁਪੀਤਾ ਤੁਰਿਆ ਆ ਰਿਹਾ ਸੀ।
“ਇਹਨੂੰ ਕੀ ਹੋਇਆ, ਆਪਣੀ ਚਹੇਤੀ ਗਾਇਕਾ ਨੂੰ ਦੇਖਣ-ਸੁਣਨ ਗਿਆ ਸੀ, ਇਹਦੀ ਚਾਹ ਪੂਰੀ ਹੋ ਗਈ ਏ, ਇਹਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ, ਪਰ ਇਹ…।”
ਏਨੇ ਨੂੰ ਜੀਤ ਉਨ੍ਹਾਂ ਕੋਲ ਆ ਕੇ ਖਲੋ ਗਿਆ।
“ਕਿਉਂ ਬਾਈ ਜਵਾਨਾ, ਦੇਖ ਆਇਐਂ ਆਪਣੀ ਚਹੇਤੀ ਗਾਇਕਾ ਨੂੰ?” ਸਾਰਿਆਂ ਇਕੋ ਸਾਹੇ ਪੁੱਛਿਆ।
“ਉਹ ਹੋਰ ਸੀ!” ਉਹ ਨਿੰਮੋਝੂਣਾ ਹੋ ਕੇ ਬੈਠ ਗਿਆ।
“ਨਾ ਤੈਨੂੰ ਹੁਣ ਪਤਾ ਲੱਗਾ, ਸ਼ਹਿਰ ਦੇ ਚੌਂਕਾਂ ਵਿਚ ਏਨੇ ਦਿਨ ਤੋਂ ਕੱਟ ਆਊਟ ਲੱਗੇ ਨੇ, ਤੈਂ ਦੇਖੇ ਨਹੀਂ ਸੀ!” ਪਹਿਲੇ ਨੇ ਕਾਹਲੀ ਨਾਲ ਪੁੱਛਿਆ।
“ਮੇਰਾ ਉਧਰ ਧਿਆਨ ਈ ਨਹੀਂ ਗਿਆ, ਦੇਖ ਲੈਂਦਾ ਤਾਂ ਚੰਗਾ ਹੁੰਦਾ; ਫੇਰ ਨਾਂ ਇਕ ਸੀ, ਇਸ ਲਈ ਵੀ ਮੈਂ ਗੌਲਿਆ ਨਹੀਂ!” ਉਹ ਬੁਦਬੁਦਾਇਆ। ਉਸ ਪਾਸ ਕਹਿਣ ਲਈ ਹੋਰ ਕੁਝ ਨਹੀਂ ਸੀ।