ਖੂਨੀ ਵਿਸਾਖੀ ਤੇ ਆਜ਼ਾਦ ਹਿੰਦੁਸਤਾਨ

ਗੁਲਜ਼ਾਰ ਸਿੰਘ ਸੰਧੂ
ਹਿੰਦੁਸਤਾਨ (ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ) ਨੂੰ ਸੁਤੰਤਰਤਾ ਪ੍ਰਾਪਤ ਕੀਤਿਆਂ 72 ਸਾਲ ਹੋ ਗਏ ਹਨ ਤੇ 2019 ਦੀ ਵਿਸਾਖੀ ਵਾਲੇ ਦਿਨ ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਵਾਪਰਿਆਂ ਸੌ ਸਾਲ। ਆਮ ਜਨਤਾ ਦੀ ਧਾਰਨਾ ਹੈ ਕਿ ਸੁਤੰਤਰਤਾ ਦੀ ਨੀਂਹ ਉਸ ਇਤਿਹਾਸਕ ਸਾਕੇ ਨੇ ਰੱਖੀ, ਜੋ ਜਨਰਲ ਡਾਇਰ ਦੀ ਅੰਨੇਵਾਹ ਗੋਲੀਬਾਰੀ ਕਾਰਨ ਪੰਜਾਬੀਆਂ ਵਲੋਂ ਮਨਾਈ ਜਾ ਰਹੀ ਵਿਸਾਖੀ ਵਾਲੇ ਦਿਨ ਵਾਪਰਿਆ। ਇਹ ਸਾਕਾ ਤਤਕਾਲੀ ਅੰਗਰੇਜ਼ ਗਵਰਨਰ ਸਰ ਮਾਈਕਲ ਓਡਵਾਇਰ ਦੀ ਕਾਲੀ ਕਰਤੂਤ ਦਾ ਨਤੀਜਾ ਸੀ। ਗੋਲੀ ਚਲਾਉਣ ਵਾਲਾ ਜਨਰਲ ਡਾਇਰ ਸੀ। ਉਸ ਨੇ 11 ਅਪਰੈਲ ਵਾਲੇ ਦਿਨ ਸ਼ਹਿਰ ਵਾਸੀਆਂ ਨੂੰ ਭੈਭੀਤ ਕਰਨ ਲਈ ਪੂਰੇ ਸ਼ਹਿਰ ਵਿਚ ਫੌਜੀ ਮਾਰਚ ਕੀਤਾ, ਜਿਸ ਕਾਰਨ ਲੋਕ ਮਨਾਂ ਵਿਚ ਆਜ਼ਾਦੀ ਦੀ ਭਾਵਨਾ ਦਬਣ ਦੀ ਥਾਂ ਭੜਕ ਪਈ। ਇਹ ਮਾਰਚ ਹਿੰਦੁਸਤਾਨੀਆਂ ਵਲੋਂ 13 ਅਪਰੈਲ ਨੂੰ ਕੀਤੇ ਜਾਣ ਵਾਲੇ ਸਮਾਗਮ ਦਾ ਮੂਲ ਕਾਰਨ ਸੀ।
ਜਨਰਲ ਡਾਇਰ ਨੇ ਡੇਢ ਸੌ ਹਥਿਆਰਬੰਦ ਸਿਪਾਹੀਆਂ ਨੂੰ ਵਿਸਾਖੀ ਮਨਾ ਰਹੇ ਹਿੰਦੁਸਤਾਨੀਆਂ ਉਤੇ ਬਿਨਾ ਕੋਈ ਚਿਤਾਵਨੀ ਦਿੱਤਿਆਂ ਸੂਰਜ ਛਿਪਣ ਤੋਂ ਛੇ ਮਿੰਟ ਪਹਿਲਾਂ ਗੋਲੀ ਚਲਾਉਣ ਦਾ ਹੁਕਮ ਕਰ ਦਿੱਤਾ। ਗੋਲੀ ਉਦੋਂ ਤੱਕ ਲਗਾਤਾਰ ਚਲਦੀ ਰਹੀ, ਜਦੋਂ ਤੱਕ ਸਿਪਾਹੀਆਂ ਦੇ ਕਾਰਤੂਸ ਖਤਮ ਨਹੀਂ ਹੋ ਗਏ। ਗੋਰੀ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਹੰਟਰ ਕਮਿਸ਼ਨ ਦੀ ਰਿਪੋਰਟ ਅਨੁਸਾਰ ਵੀ 337 ਵਿਅਕਤੀ ਤੇ 42 ਬਾਲਕ ਮਾਰੇ ਗਏ (ਜਿਨ੍ਹਾਂ ਵਿਚ ਇਕ ਡੇਢ ਮਹੀਨੇ ਦਾ ਬੱਚਾ ਵੀ ਸੀ) ਤੇ 1500 ਜ਼ਖਮੀ ਹੋ ਗਏ। ਸਿਪਾਹੀਆਂ ਨੇ ਇਸ ਗੱਲ ਉਤੇ ਵੀ ਖਾਸ ਪਹਿਰਾ ਦਿੱਤਾ ਕਿ ਕਿਸੇ ਸ਼ਹੀਦ ਦੀ ਲਾਸ਼ ਜੱਲ੍ਹਿਆਂ ਵਾਲੇ ਬਾਗ ਤੋਂ ਬਾਹਰ ਨਾ ਜਾਵੇ ਤੇ ਨਾ ਕੋਈ ਜ਼ਖਮੀ ਨੂੰ ਬਚਾਉਣ ਦਾ ਯਤਨ ਹੋਵੇ। ਫੇਰ 14 ਅਪਰੈਲ ਦੀ ਸਵੇਰ ਟਿਕ-ਟਿਕੀਆਂ ਲਾ ਕੇ ਸਕੂਲੀ ਬੱਚਿਆਂ ਤੇ ਅਖੌਤੀ ਅਪਰਾਧੀਆਂ ਦੇ ਨੰਗੇ ਪਿੰਡਿਆਂ ਉਤੇ ਬੈਂਤ ਮਰਵਾਏ ਤਾਂ ਜੋ ਸ਼ਹਿਰ ਵਾਸੀ ਇਸ ਸਾਕੇ ਦੀ ਸੂਹ ਬਾਹਰ ਨਾ ਕੱਢਣ।
ਆਜ਼ਾਦੀ ਪਿਛੋਂ ਭਾਰਤੀ ਬੁਧੀਜੀਵੀਆਂ ਤੇ ਸਿਆਸੀ ਮਾਹਿਰਾਂ ਨੇ ਇਸ ਖੂਨੀ ਸਾਕੇ ਨੂੰ ਸੁਤੰਤਰਤਾ ਦਾ ਨੀਂਹ ਪੱਥਰ ਗਰਦਾਨਦਿਆਂ, ਇਸ ਥਾਂ ਕੌਮੀ ਯਾਦਗਾਰ ਸਥਾਪਤ ਕੀਤੀ ਤੇ ਬਾਗ ਦੀ ਜ਼ਮੀਨ ਵਿਚ ਲੰਮੀ ਲਾਟ, ਛੋਟੇ ਛੋਟੇ ਲੈਂਪਾਂ ਤੇ ਪੱਥਰ ਬੱਤੀਆਂ ਸਮੇਤ ਬਾਗ ਵਿਚਲੇ ਉਸ 100 ਫੁੱਟ ਲੰਮੇ ਤੇ 60 ਫੁੱਟ ਚੌੜੇ ਥੜ੍ਹੇ ਨੂੰ ਵੀ ਸ਼ਿੰਗਾਰਿਆ, ਜਿਸ ‘ਤੇ ਖਲੋ ਕੇ ਜਨਰਲ ਡਾਇਰ ਨੇ ਗੋਲੀਬਾਰੀ ਦਾ ਹੁਕਮ ਦਿੱਤਾ ਸੀ।
ਯਾਦਗਾਰ ਦੀ ਸਥਾਪਤੀ ਤੋਂ ਪਹਿਲਾਂ ਦੋ ਵੱਡੀਆਂ ਗੱਲਾਂ ਹੋਈਆਂ। ਪਹਿਲੀ ਇਹ ਕਿ 13 ਮਾਰਚ 1940 ਨੂੰ ਕੈਕਸਟਨ ਹੋਟਲ, ਲੰਡਨ ਵਿਚ ਹੋ ਰਹੀ ਮੀਟਿੰਗ ਸਮੇਂ ਊਧਮ ਸਿੰਘ ਮਾਈਕਲ ਓਡਵਾਇਰ ਨੂੰ ਆਪਣੀ ਗੋਲੀ ਦਾ ਸ਼ਿਕਾਰ ਬਣਾ ਕੇ (ਜਨਰਲ ਡਾਇਰ 23 ਜੂਨ 1927 ਆਪਣੀ ਮੌਤ ਮਰ ਚੁਕਾ ਸੀ) 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾ ਚੁਕਾ ਸੀ। ਇਧਰ ਪੰਜਾਬੀ ਨਾਵਲਕਾਰ ਨਾਨਕ ਸਿੰਘ ਨੇ ਖੂਨੀ ਵਿਸਾਖੀ ਨਾਂ ਦੀ ਰਚਨਾ (ਪੈਂਫਲਟ) ਕੀਤੀ, ਜੋ ਪ੍ਰਕਾਸ਼ਿਤ ਹੁੰਦੇ ਸਾਰ ਏਦਾਂ ਵਿਕਣ ਲੱਗੀ ਕਿ ਗੋਰੀ ਸਰਕਾਰ ਨੂੰ ਤੁਰੰਤ ਜ਼ਬਤ ਕਰਨੀ ਪਈ। ਊਧਮ ਸਿੰਘ ਤੇ ਨਾਨਕ ਸਿੰਘ ਇਸ ਸਾਕੇ ਦੇ ਚਸ਼ਮਦੀਦ ਗਵਾਹ ਸਨ। ਸ਼ਹੀਦ ਊਧਮ ਸਿੰਘ ਉਸ ਸਮੇਂ 13 ਸਾਲ ਦਾ ਸੀ ਤੇ ਨਾਨਕ ਸਿੰਘ ਪੌਣੇ ਬਾਈ ਸਾਲ ਦਾ।
ਹਾਲਾਤ ਦੀ ਸਿਤਮਜ਼ਰੀਫੀ ਇਹ ਕਿ ਇਹ ਰਚਨਾ ਮਰਦੇ ਦਮ ਤੱਕ ਇਸ ਦੇ ਰਚਨਾਕਾਰ ਨੇ ਵੀ ਨਹੀਂ ਗੌਲੀ ਤੇ ਉਸ ਦੇ ਪਰਿਵਾਰ ਨੇ ਵੀ ਨਹੀਂ। ਕਿਸੇ ਕੋਲ ਇਸ ਰਚਨਾ ਦੀ ਕਾਪੀ ਵੀ ਨਹੀਂ ਸੀ। ਹੁਣ ਲਗਪਗ ਸੌ ਸਾਲ ਪਿੱਛੋਂ ਜੱਲ੍ਹਿਆਂ ਵਾਲੇ ਬਾਗ ਦੇ ਸਾਕੇ ਦੀ ਸੌ ਸਾਲਾ ਵਰ੍ਹੇ ਗੰਢ ਮਨਾਉਣ ਦੇ ਸੰਦਰਭ ਵਿਚ ਲੇਖਕ ਦੇ ਪੋਤਰੇ ਨਵਦੀਪ ਸੂਰੀ ਨੇ ਅਣਥਕ ਯਤਨਾਂ ਰਾਹੀਂ ਇਸ ਰਚਨਾ ਨੂੰ ਲਭਿਆ ਹੀ ਨਹੀਂ, ਸਗੋਂ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕਰਕੇ ਪੁਸਤਕ ਰੂਪ ਦਿੱਤਾ ਹੈ, ਜਿਸ ਵਿਚ ਅਨੁਵਾਦਤ ਤੁਕਾਂ ਦੇ ਸਾਹਮਣੇ ਪੰਨੇ ਉਤੇ ਰਚਨਾ ਨੂੰ ਦੇਵਨਾਗਰੀ ਅਖਰਾਂ ਵਿਚ ਵੀ ਛਪਵਾਇਆ ਹੈ ਤਾਂ ਕਿ ਪੰਜਾਬੀ ਲਿਪੀ ਤੇ ਭਾਸ਼ਾ ਤੋਂ ਅਣਜਾਣ ਪਾਠਕ ਇਸ ਦਾ ਮੁੱਲ ਪਾ ਸਕਣ।
ਨਵਦੀਪ ਸੂਰੀ ਨਾਨਕ ਸਿੰਘ ਦਾ ਪੋਤਰਾ ਹੈ ਤੇ ਕੁਲਵੰਤ ਸਿੰਘ ਸੂਰੀ ਦਾ ਪੁੱਤਰ, ਜੋ 1983 ਤੋਂ ਭਾਰਤੀ ਵਿਦੇਸ਼ ਸੇਵਾ ਦਾ ਮੈਂਬਰ ਹੈ। ਉਹਦੇ ਵਲੋਂ ਸੰਪਾਦਤ ‘ਖੂਨੀ ਵਿਸਾਖੀ’ ਦਾ ਅੰਗਰੇਜ਼ੀ ਰੂਪ (ਪੰਨੇ 128, ਮੁੱਲ 399 ਰੁਪਏ) ਹਾਰਪਰ ਵਾਲਿਆਂ ਨੇ ਛਾਪਿਆ ਹੈ ਤੇ ਪੰਜਾਬੀ ਐਡੀਸ਼ਨ (ਪੰਨੇ 152, ਮੁਲ 275 ਰੁਪਏ) ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਨੇ। ਦੋਹਾਂ ਐਡੀਸ਼ਨਾਂ ਵਿਚ ਪੜ੍ਹਨਯੋਗ ਤੇ ਦੁਰਲਭ ਲੇਖ ‘ਪੜਦਾਦੇ ਦੀਆਂ ਕਰਤੂਤਾਂ’ (ਠਹe ੰਨਿਸ ਾ ਟਹe ਘਰeਅਟ-ਘਰਅਨਦਾਅਟਹeਰ) ਹੈ। ਇਹ ਲੇਖ ਲਿਖਣ ਵਾਲਾ ਜਸਟਿਨ ਰੌਲਟ ਹੈ, ਜੋ ਰੌਲਟ ਐਕਟ ਤਿਆਰ ਕਰਨ ਵਾਲੇ ਸਰ ਸਿਡਨੀ ਰੌਲਟ ਦਾ ਪੜਪੋਤਰਾ ਹੈ। ਬਾਰ ਵਾਲਾ ਸਾਕਾ ਰੌਲਟ ਐਕਟ ਦੀ ਦੇਣ ਸੀ। ਏਥੇ ਸਾਕੇ ਨੂੰ ਦੁਹਰਾਉਣ ਦੀ ਲੋੜ ਨਹੀਂ, ਪਰ ਇਹ ਦੱਸਣਾ ਬਣਦਾ ਹੈ ਕਿ ਜੇ ਲੇਖਕ ਦੇ ਪਰਿਵਾਰ ਵਿਚ ਨਵਦੀਪ ਸੂਰੀ ਜਨਮ ਨਾ ਲੈਂਦਾ ਤਾਂ ਅੱਜ ‘ਖੂਨੀ ਵਿਸਾਖੀ’ ਅੰਗਰੇਜ਼ੀ ਭਾਸ਼ਾ ਤੇ ਦੇਵਨਾਗਰੀ ਲਿਪੀ ਦੇ ਜਾਣੂਆਂ ਤੱਕ ਤਾਂ ਕੀ, ਗੁਰਮੁਖੀ ਜਾਣਨ ਵਾਲੇ ਪੰਜਾਬੀਆਂ ਤੱਕ ਵੀ ਨਹੀਂ ਸੀ ਪਹੁੰਚਣੀ।
‘ਖੂਨੀ ਵਿਸਾਖੀ’ ਵਿਚ ਡਾਇਰ ਦੇ ਫੌਜੀ ਮਾਰਚ, ਡਾ. ਕਿਚਲੂ ਤੇ ਸਤਿਆਪਾਲ ਦੀ ਰਿਹਾਈ ਦੀ ਮੰਗ ਵਿਸਾਖੀ ਵਾਲੇ ਜਲਸੇ ਦੀ ਵਿਉਂਤਬੰਦੀ, ਨਿਹੱਥੀ ਜਨਤਾ ਉਤੇ ਗੋਲੀਬਾਰੀ ਆਦਿ ਦੇ ਵੇਰਵੇ ਤੇ ਪੇਸ਼ਕਾਰੀ ਲੇਖਕ ਦੀ ਪਹੁੰਚ ਤੇ ਧਾਰਨਾ ‘ਤੇ ਮੋਹਰ ਲਾਉਂਦੇ ਹਨ। ਉਸ ਨੇ ਸਭ ਘਟਨਾਵਾਂ ਨੂੰ ਨਿਪੁੰਨਤਾ ਵਾਲੀ ਲੜੀ ਵਿਚ ਪਰੋਇਆ ਹੈ। ਨਾ ਹੀ ਕਿਸੇ ਘਟਨਾ ਨੂੰ ਅਖੋਂ ਉਹਲੇ ਹੋਣ ਦਿੱਤਾ ਹੈ ਤੇ ਨਾ ਹੀ ਕਿਧਰੇ ਬੇਲੋੜਾ ਵਿਸਥਾਰ ਕੀਤਾ ਹੈ। ਮੇਰੇ ਵਰਗਿਆਂ ਨੂੰ ਇਸ ਰਚਨਾ ਵਿਚ, ‘ਨਾਨਕ ਸਿੰਘ ਤਕਦੀਰ ਨੂੰ ਕੌਣ ਰੋਕੇ’ ਜਾਂ ‘ਨਾਨਕ ਸਿੰਘ ਪਰ ਲਿਖੇ ਨੂੰ ਕੌਣ ਮੋੜੇ’ ਆਦਿ ਤੁਕਾਂ ਥੋੜ੍ਹਾ ਖਟਕਦੀਆਂ ਹਨ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਲੇਖਕ ਦੀ ਕਾਵਿਕ ਮਜਬੂਰੀ ਹੈ। ਨਹੀਂ ਤਾਂ ਹੇਠ ਲਿਖੀਆਂ ਤੁਕਾਂ ਵੀ ਇਸੇ ਰਚਨਾ ਵਿਚ ਮਿਲਦੀਆਂ ਹਨ:
1. ਨਾਨਕ ਸਿੰਘ ਪਰ ਉਨ੍ਹਾਂ ਨੂੰ ਕੌਣ ਰੋਕੇ
ਜਿਹੜੇ ਮੁਲਕ ਪਰ ਹੋਣ ਕੁਰਬਾਨ ਚੱਲੇ।
2. ਨਾਨਕ ਸਿੰਘ ਇਹ ਮੋਏ ਨਹੀਂ ਮੂਲ ਯਾਰੋ
ਸਗੋਂ ਮੋਏ ਵੀ ਇਨ੍ਹਾਂ ਜਿਵਾ ਦਿੱਤੇ।
‘ਖੂਨੀ ਵਿਸਾਖੀ’ ਦਾ ਪੰਜਾਬੀ ਐਡੀਸ਼ਨ 13 ਅਪਰੈਲ 2019 ਨੂੰ ਨਵੀਂ ਦਿੱਲੀ ਵਿਚ ਜਾਰੀ ਕੀਤਾ ਗਿਆ ਸੀ ਤੇ ਅੰਗਰੇਜ਼ੀ ਰੂਪ 18 ਅਪਰੈਲ ਨੂੰ ਅਬੂ ਧਾਬੀ ਵਿਚ।
ਅੰਤਿਕਾ: ‘ਖੂਨੀ ਵਿਸਾਖੀ’ ਵਿਚ ਦਰਜ ‘ਟਿਕ-ਟਿਕੀ’ ਵਰਣਨ
ਹਾਇ ਲਿਖਦਿਆਂ ਡਿਗਦੀ ਕਲਮ ਹੱਥੋਂ,
ਰੋਮ ਰੋਮ ਸੁਣ ਕੇ ਖੜ੍ਹੇ ਹੋਣ ਲਗ ਪਏ।
ਛੋਟੀ ਉਮਰ ਦੇ ਆਜਿਜ਼ਾਂ ਬੱਚਿਆਂ ਨੂੰ,
ਫੜ ਕੇ ਮੱਛੀਆਂ ਵਾਂਗ ਤੜਫੌਣ ਲਗ ਪਏ।
ਨਾਲ ਟਿਕ ਟਿਕੀ ਬੰਨ੍ਹ ਨਿਆਣਿਆਂ ਨੂੰ,
ਬੈਂਤ ਮਾਰ ਕੇ ਖੱਲ ਲਾਹੁਣ ਲੱਗ ਪਏ।
ਮਾਸ ਤੂੰਬਿਆਂ ਵਾਂਗ ਉਡੌਣ ਲੱਗ ਪਏ,
ਲਹੂ ਨਾਲ ਇਸ਼ਨਾਨ ਕਰੌਣ ਲੱਗ ਪਏ।