ਨਿਊ ਯਾਰਕ: ਇਕ ਨਵੇਂ ਅਧਿਐਨ ਰਾਹੀਂ ਖੁਲਾਸਾ ਕੀਤਾ ਗਿਆ ਹੈ ਕਿ ਆਸਟਰੇਲੀਆ ਵਿਚ ਮਾਨਵੀ ਵਸੇਬਾ ਇਕ ਮਿਥੇ ਉਪਰਾਲੇ ਵਜੋਂ ਸੀ। ਇਸ ਮਹਾਂਦੀਪ ਵਿਚ ਪਹਿਲਾਂ ਪਹਿਲ ਸਿਰਫ਼ 1000 ਤੋਂ 3000 ਲੋਕ ਜਾ ਕੇ ਵਸੇ ਸਨ। ਆਸਟਰੇਲੀਆ ਦੇ ਮੂਲਵਾਸੀ ਕੋਈ 50,000 ਸਾਲ ਪਹਿਲਾਂ ਉਥੇ ਆ ਕੇ ਵਸੇ ਸਨ। ਇਕ ਪੱਤਰਿਕਾ ਵਿਚ ਛਪੀ ਇਸ ਅਧਿਐਨ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੰਜ ਜਾਪਦਾ ਹੈ ਕਿ ਕੋਈ 1000 ਤੋਂ 3000 ਤੱਕ ਲੋਕ ਸ਼ੁਰੂ ਵਿਚ ਆਸਟਰੇਲੀਆ ਦੇ ਕੰਢਿਆਂ ‘ਤੇ ਜਾ ਕੇ ਉੱਤਰੇ ਸਨ।
ਖੋਜਕਾਰ ਐਲਨ ਵਿਲੀਅਮਜ਼ ਦਾ ਕਹਿਣਾ ਹੈ ਕਿ ਇਹ ਛੋਟੀ ਗਿਣਤੀ ਸਮੂਹ ਦਾ ਵਸੇਬਾ ਯੋਜਨਾ ਰਹਿਤ ਯਾਤਰਾ ਤਹਿਤ ਹੀ ਹੋਇਆ ਹੋਵੇਗਾ। ਇਹ ਹੋਰ ਸੰਸਾਰ ਖੋਜਣ ਦੇ ਮਿਥੇ ਉਪਰਾਲੇ ਵਜੋਂ ਸੀ, ਜਿਹੋ ਜਿਹਾ ਪਿਛਲੇ ਸਮਿਆਂ ਵਿਚ ਹਵਾਈ ਤੇ ਹੋਰ ਪ੍ਰਸ਼ਾਂਤ ਟਾਪੂਆਂ ਵਿਚ ਹੁੰਦਾ ਰਿਹਾ ਹੈ। ਆਸਟਰੇਲੀਆ ਨੈਸ਼ਨਲ ਯੂਨੀਵਰਸਿਟੀ ਦੇ ਡਾਕਟਰੇਟ ਕਰ ਰਹੇ ਵਿਲੀਅਮਜ਼ ਨੇ ਦੱਸਿਆ ਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਆਸਟਰੇਲੀਆ ਦੇ ਮੂਲਵਾਸੀ ਵਧ-ਫੁੱਲ ਕੇ ਹੋਰ ਖੇਤਰ ਵਿਚ ਤੇਜ਼ੀ ਨਾਲ ਫੈਲੇ ਜਾਂ ਫਿਰ 5000 ਸਾਲ ਪਹਿਲਾਂ ਤੱਕ ਸਿਰਫ਼ ਇਕ ਖਿੱਤੇ ਵਿਚ ਹੀ ਥੋੜ੍ਹੀ ਜਿਹੀ ਗਿਣਤੀ ਤੱਕ ਸੀਮਤ ਰਹੇ।
ਵਿਲੀਅਮਜ਼ ਨੇ ਸਾਰੇ ਮਹਾਂਦੀਪ ਵਿਚ 1750 ਟਿਕਾਣਿਆਂ ਤੋਂ 4575 ਰੇਡੀਓ ਕਾਰਬਨ ਡੇਟਾਂ ਦੀ ਵਰਤੋਂ ਕੀਤੀ। ਉਸ ਨੇ ਫਰਜ਼ ਕੀਤਾ ਕਿ ਇਕ ਖਾਸ ਸਮੇਂ ਵਧੇਰੇ ਡੇਟਿੰਗ ਟਿਕਾਣੇ ਮਿਲਣਾ ਇਹ ਸਿੱਧ ਕਰਦਾ ਹੈ ਕਿ ਉਸ ਵੇਲੇ ਉਨ੍ਹਾਂ ਦੀ ਆਬਾਦੀ ਕਾਫੀ ਸੀ। ਵਿਲੀਅਮਜ਼ ਨੇ ਪੂਰਵ ਇਤਿਹਾਸ ਵਿਚ ਆਸਟਰੇਲੀਆ ਦੀ ਆਬਾਦੀ ਬਾਰੇ ਇਕ ਟਾਈਮ ਲਾਈਨ ਬਣਾਈ ਹੈ। ਉਸ ਦਾ ਕਹਿਣਾ ਹੈ ਕਿ 11000 ਸਾਲ ਪਹਿਲਾਂ ਤੱਕ ਆਸਟਰੇਲੀਆ ਵਿਚ ਆਬਾਦੀ ਬੜੀ ਵਿਰਲੀ ਸੀ। ਫਿਰ 500 ਕੁ ਸਾਲ ਪਹਿਲਾਂ ਹੌਲੀ-ਹੌਲੀ ਆਬਾਦੀ ਵਧ ਕੇ 30 ਲੱਖ ਦੀ ਸਿਖਰ ਤੱਕ ਪੁੱਜ ਗਈ ਤੇ ਯੂਰਪ ਨਾਲ ਸੰਪਰਕ ਮੌਕੇ ਆ ਕੇ ਘਟ ਕੇ ਸੱਤ ਲੱਖ ਰਹਿ ਗਈ ਸੀ। ਆਸਟਰੇਲੀਆ ਦੀ ਆਬਾਦੀ ਵਿਚ ਬੜੇ ਉਤਰਾਅ-ਚੜ੍ਹਾਅ ਆਏ ਜਿਨ੍ਹਾਂ ਵਿਚੋਂ ਕੁਝ ਜਲਵਾਯੂ ਤਬਦੀਲੀ ਨਾਲ ਹੋਏ।
Leave a Reply