ਜਦੋਂ ਕਾਂਗਰਸੀ ਵਿਧਾਇਕਾਂ ਨੇ ਹੀ ਕੈਪਟਨ ਨੂੰ ਘੇਰਿਆ

ਬਾਦਲਾਂ ਨਾਲ ਲਿਹਾਜ਼ਦਾਰੀ ਤੇ ਜਨਤਾ ਨਾਲ ਵਾਅਦਾਖਿਲਾਫੀ ‘ਤੇ ਜਵਾਬਦੇਹੀ ਮੰਗੀ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਆਪਣੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਹਨ। ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਕਾਂਗਰਸ ਦੇ ਹੀ ਕੁਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ ਗਈ। ਇਹ ਵਿਧਾਇਕ/ਮੰਤਰੀ ਸਰਕਾਰ ਦੀ ਵਾਅਦਾਖਿਲਾਫੀ ਤੋਂ ਵੀ ਔਖੇ ਹਨ। ਚੋਣਾਂ ਮੌਕੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ, ਟਰਾਂਸਪੋਰਟ ਨੂੰ ਬਾਦਲਾਂ ਦੇ ਸ਼ਿਕੰਜੇ ‘ਚੋਂ ਕੱਢਣ ਅਤੇ ਕੇਬਲ ਨੈੱਟਵਰਕ ‘ਤੇ ਫਾਸਟਵੇਅ ਦੀ ਅਜ਼ਾਰੇਦਾਰੀ ਨੂੰ ਖਤਮ ਕਰਨ ‘ਚ ਅਸਫਲਤਾ ਦੀ ਖੁੱਲ੍ਹ ਕੇ ਨੁਕਤਾਚੀਨੀ ਹੋਈ।

ਵਿਧਾਇਕਾਂ ਦਾ ਗਿਲਾ ਹੈ ਕਿ ਇਸ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ‘ਚ ਅਸਮਰਥ ਹਨ। ਪਾਰਟੀ ਵਿਧਾਇਕ ਫਤਹਿ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਮੀਟਿੰਗ ਦੌਰਾਨ ਕਿਹਾ ਕਿ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਲਈ 100 ਕਰੋੜ ਰੁਪਏ ਦੇਣ ਦੇ ਫੈਸਲੇ ਦੀ ਥਾਂ ਸਰਕਾਰ 1000 ਕਰੋੜ ਰੁਪਏ ਵੀ ਦੇਵੇ, ਪਰ ਲੋਕ ਸਾਨੂੰ ਵੋਟ ਨਹੀਂ ਪਾਉਣਗੇ, ਕਿਉਂਕਿ ਲੋਕ ਸਾਡੇ ਚੋਣ ਵਾਅਦਿਆਂ ‘ਤੇ ਅਮਲ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਸਾਰੇ ਹਮਾਇਤੀ ਹਨ ਪਰ ਦੂਸਰੇ ਮੁੱਦਿਆਂ ਨੂੰ ਵੀ ਅੱਖੋਂ-ਪਰੋਖੇ ਨਾ ਕੀਤਾ ਜਾਵੇ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਗਰਲੀ ਸਰਕਾਰ ਦੌਰਾਨ ਅਸੀਂ ਜਦੋਂ ਬਾਦਲਾਂ ਵਿਰੁੱਧ ਕਾਰਵਾਈ ਕੀਤੀ ਸੀ ਤਾਂ ਬਾਦਲ ਉਸ ਲਈ ਆਮ ਜਨਤਾ ਦੀ ਹਮਦਰਦੀ ਲੈਣ ‘ਚ ਕਾਮਯਾਬ ਹੋ ਗਏ ਸਨ ਤਾਂ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉੱਠ ਕੇ ਮੁੱਖ ਮੰਤਰੀ ਨੂੰ ਕਿਹਾ ਕਿ ਉਸ ਸਮੇਂ ਮੁੱਦਾ ਭ੍ਰਿਸ਼ਟਾਚਾਰ ਦਾ ਸੀ ਜਦੋਂਕਿ ਹੁਣ ਮੁੱਦਾ ਗੁਰੂਆਂ ਦੀ ਬੇਅਦਬੀ ਦਾ ਹੈ। ਮੁੱਖ ਮੰਤਰੀ, ਜਿਨ੍ਹਾਂ 2020 ਸਿੱਖ ਖੁਦ ਮੁਖਤਿਆਰੀ ਦੇ ਜਨਮਤ ਅਤੇ ਪਾਕਿਸਤਾਨ ਤੋਂ ਖਤਰੇ ਦਾ ਜ਼ਿਕਰ ਕੀਤਾ ਤਾਂ ਰੰਧਾਵਾ ਨੇ ਕਿਹਾ ਕਿ 2020 ਪੰਜਾਬ ‘ਚ ਕੋਈ ਮੁੱਦਾ ਨਹੀਂ। ਲੋਕਾਂ ਲਈ 2 ਮੁੱਖ ਮੁੱਦੇ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੇ ਪਸਾਰ ਦੇ ਹਨ।
ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੁਲਿਸ ਤੇ ਅਜੀਤ ਡੋਵਾਲ ਤੁਹਾਨੂੰ ਗੁੰਮਰਾਹ ਕਰ ਰਹੇ ਹਨ। ਵਰਨਣਯੋਗ ਹੈ ਕਿ ਅਜੀਤ ਡੋਵਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਹਨ ਅਤੇ ਮੁੱਖ ਮੰਤਰੀ ਦੇ ਵੀ ਉਨ੍ਹਾਂ ਨਾਲ ਚੰਗੇ ਸਬੰਧ ਹੋਣ ਦੇ ਚਰਚੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਅੱਜ ਵੀ ਬਾਦਲਾਂ ਨਾਲ ਖੁਸ਼ ਨਹੀਂ ਤਾਂ ਅਸੀਂ ਉਨ੍ਹਾਂ ਦੀ ਮਦਦ ਕਿਉਂ ਕਰ ਰਹੇ ਹਾਂ। ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੀਟਿੰਗ ਦੌਰਾਨ ਬੋਲਦਿਆਂ ਕਿਹਾ ਕਿ ਸਾਡੇ ਰਾਜ ਦੇ ਢਾਈ ਸਾਲਾਂ ‘ਚ ਟਰਾਂਸਪੋਰਟ ਵਿਭਾਗ ਉਤੇ ਪੂਰਾ ਗਲਬਾ ਬਾਦਲਾਂ ਦਾ ਹੀ ਰਿਹਾ ਹੈ, ਜਿਸ ਕਾਰਨ ਹੁਣ ਬਾਦਲਾਂ ਦਾ ਟਰਾਂਸਪੋਰਟ ਵਪਾਰ ਆਪਣੀ ਸਰਕਾਰ ਦੇ ਸਮੇਂ ਨਾਲੋਂ ਵੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੀ ਸਮੁੱਚੀ ਅਫਸਰਸ਼ਾਹੀ ਬਾਦਲਾਂ ਨਾਲ ਰਲੀ ਹੋਈ ਹੈ। ਮੌਜੂਦਾ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਜੋ ਮੰਤਰੀ ਮੰਡਲ ‘ਚ ਹੋਏ ਰੱਦੋਬਦਲ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਸਨ, ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰਾਂਸਪੋਰਟ ਵਿਭਾਗ ਦੀ ਅਫਸਰਸ਼ਾਹੀ ਮੇਰੇ ਤੋਂ ਬਾਹਰ ਹੋ ਕੇ ਬਾਦਲਾਂ ਦੀ ਮਦਦ ਕਰਦੀ ਰਹੀ ਅਤੇ ਮੈਂ ਬੇਵੱਸ ਬਣੀ ਰਹੀ। ਜਲੰਧਰ ਤੋਂ ਵਿਧਾਇਕ ਹੈਨਰੀ ਜੂਨੀਅਰ ਨੇ ਬੋਲਦਿਆਂ ਕਿਹਾ ਕਿ ਮਗਰਲੇ ਢਾਈ ਸਾਲਾਂ ਦੌਰਾਨ ਬੱਸ ਟਰਾਂਸਪੋਰਟ ਦੇ ਸਾਰੇ ਟਾਈਮ ਟੇਬਲ ਬਾਦਲਾਂ ਦੀ ਟਰਾਂਸਪੋਰਟ ਦਾ ਫਾਇਦਾ ਸਾਹਮਣੇ ਰੱਖ ਕੇ ਬਣਾਏ ਗਏ।
ਮੈਂਬਰਾਂ ਨੇ ਨਵੀਂ ਟਰਾਂਸਪੋਰਟ ਨੀਤੀ ਲਾਗੂ ਨਾ ਕਰਨ ਦਾ ਮੁੱਦਾ ਵੀ ਉਠਾਇਆ ਅਤੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਤੁਸੀਂ ਚੋਣਾਂ ਮੌਕੇ ਬੱਸ ਟਰਾਂਸਪੋਰਟ ਵਪਾਰ ‘ਤੇ ਬਾਦਲਾਂ ਦੀ ਇਜਾਰੇਦਾਰੀ ਨੂੰ ਖਤਮ ਕਰਨ ਦੇ ਜੋ ਵਾਅਦੇ ਕੀਤੇ ਸਨ ਉਹ ਕਿਥੇ ਗਏ। ਇਕ ਮੈਂਬਰ ਪੀæਆਰæਟੀæਸੀæ ਦੀ ਦਿੱਲੀ ਤੋਂ ਗਿੱਦੜਬਾਹਾ ਲਈ ਚੱਲਦੀ ਵਾਲਵੋ ਬੱਸ ਨੂੰ ਬਾਦਲਾਂ ਵੱਲੋਂ ਬੰਦ ਕਰਨ ਦਾ ਮੁੱਦਾ ਵੀ ਉਠਾਇਆ ਗਿਆ ਅਤੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਕੇਬਲ ਨੈੱਟਵਰਕ ਸਬੰਧੀ ਜਦੋਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰੈੱਸ ‘ਤੇ ਸੈਂਸਰਸ਼ਿਪ ਨਹੀਂ ਲਗਾ ਸਕਦੇ ਤਾਂ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਫਾਸਟਵੇਅ ਕੇਬਲ ਸਰਵਿਸ ਦੇਣ ਵਾਲਾ ਹੈ ਜਦੋਂਕਿ ਉਸ ਦਾ ਪੀæਟੀæਸੀæ ਜਾਂ ਕਿਸੇ ਹੋਰ ਚੈਨਲ ਨਾਲ ਕੋਈ ਸਬੰਧ ਨਹੀਂ। ਮੈਂਬਰਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸਰਕਾਰ ਦੂਜੇ ਕੇਬਲ ਨੈੱਟਵਰਕਾਂ ਨੂੰ ਪੰਜਾਬ ‘ਚ ਆਉਣ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੀ ਅਤੇ ਫਾਸਟਵੇਅ ਦੀ ਇਜਾਰੇਦਾਰੀ ਨੂੰ ਕਾਇਮ ਕਿਉਂ ਰੱਖਿਆ ਜਾ ਰਿਹਾ ਹੈ? ਮੈਂਬਰਾਂ ਨੇ ਮੁੱਖ ਮੰਤਰੀ ਤੋਂ ਇਹ ਵੀ ਪੁੱਛਿਆ ਕਿ ਕੇਬਲ ਨੈੱਟਵਰਕ ਸਬੰਧੀ ਸਰਕਾਰ ਨੇ ਜੋ ਨਵੀਂ ਨੀਤੀ ਲਿਆਉਣੀ ਸੀ, ਉਹ ਕਿੱਥੇ ਗਈ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕੇਬਲ ਨੈੱਟਵਰਕ ਉਤੇ ਇਜਾਰੇਦਾਰੀ ਦੀ ਤਿੱਖੀ ਨੁਕਤਾਚੀਨੀ ਕੀਤੀ ਅਤੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਜਾਵੇ ਅਸੀਂ ਇਸ ਨੈੱਟਵਰਕ ਨੂੰ ਆਪ ਹੀ ਖਤਮ ਕਰ ਦੇਵਾਂਗੇ। ਵਿਧਾਇਕਾਂ ਨੇ ਬਾਦਲਾਂ ਵੱਲੋਂ ਕੇਬਲ ਨੈੱਟਵਰਕ ਨੂੰ ਵਰਤਣ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵੀ ਦੋਸ਼ ਲਗਾਏ ਕਿ ਅਫਸਰਸ਼ਾਹੀ ਅੱਗੇ ਨਾਲੋਂ ਵੀ ਲੋਕਾਂ ਨਾਲ ਹੁਣ ਵੱਧ ਧੱਕਾ ਕਰ ਰਹੀ ਹੈ ਕਿਉਂਕਿ ਅਫਸਰਸ਼ਾਹੀ ‘ਤੇ ਹੁਣ ਕਿਸੇ ਤਰ੍ਹਾਂ ਦਾ ਕੋਈ ਨਿਯੰਤਰਨ ਨਹੀਂ ਰਹਿ ਗਿਆ।
ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਫੇਸਬੁੱਕ ‘ਤੇ ਇਹ ਪਾਇਆ ਕਿ ਸੀæਬੀæਆਈæ ਹੀ ਬੇਅਦਬੀਆਂ ਦੇ ਕੇਸ ‘ਚ ਅੱਗੋਂ ਜਾਂਚ ਜਾਰੀ ਰੱਖੇ ਜਦੋਂਕਿ ਰਾਜ ਦੇ ਐਡਵੋਕੇਟ ਜਨਰਲ ਕਹਿ ਰਹੇ ਹਨ ਕਿ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਂਚ ਸੀæਬੀæਆਈæ ਤੋਂ ਵਾਪਸ ਲਈ ਜਾ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੇ ਫੇਸਬੁੱਕ ‘ਤੇ ਪਾਏ ਉਕਤ ਬਿਆਨ ਥੱਲੇ ਲੋਕਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਜੇ ਤੁਸੀਂ ਵੇਖੀਆਂ ਹੁੰਦੀਆਂ ਤਾਂ ਤੁਹਾਨੂੰ ਪਤਾ ਲੱਗ ਜਾਣਾ ਸੀ ਕਿ ਲੋਕ ਕਿੰਨੇ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਲੋਕੀਂ ਇਸ ਮੁੱਦੇ ‘ਤੇ ਦੋਸ਼ੀਆਂ ਵਿਰੁੱਧ ਕਾਰਵਾਈ ਚਾਹੁੰਦੇ ਹਨ ਨਾ ਕਿ ਡਰਾਮੇਬਾਜ਼ੀ। ਦਿਲਚਸਪ ਗੱਲ ਇਹ ਸੀ ਕਿ ਮੁੱਖ ਮੰਤਰੀ ਸ਼ਾਇਦ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਅਜਿਹੀ ਤਿੱਖੀ ਨੁਕਤਾਚੀਨੀ ਦੀ ਆਸ ਨਹੀਂ ਰੱਖ ਰਹੇ ਸਨ ਅਤੇ ਹੋ ਰਹੀ ਨੁਕਤਾਚੀਨੀ ਦੇ ਹੱਕ ‘ਚ ਬਾਕੀ ਵਿਧਾਇਕ ਤੇ ਮੰਤਰੀ ਜਿਵੇਂ ਬੈਂਚ ਥਪਥਪਾ ਰਹੇ ਸਨ, ਉਹ ਹੋਰ ਵੀ ਹੈਰਾਨੀਜਨਕ ਸੀ।
__________________________
‘ਬਾਦਲ-ਕੈਪਟਨ ਫਰੈਂਡਲੀ ਮੈਚ’ ‘ਤੇ ਕਾਂਗਰਸੀ ਆਗੂਆਂ ਨੇ ਵੀ ਮੋਹਰ ਲਗਾਈ: ਮਾਨ
ਚੰਡੀਗੜ੍ਹ: ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੇ ਵੀ ‘ਬਾਦਲ-ਕੈਪਟਨ ਫਰੈਂਡਲੀ ਮੈਚ’ ‘ਤੇ ਮੋਹਰ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਬਾਦਲਾਂ ‘ਤੇ ਮੁੱਖ ਮੰਤਰੀ ਦੀਆਂ ਮਿਹਰਬਾਨੀਆਂ ਬਾਰੇ ਮੂੰਹ ‘ਤੇ ਖਰੀਆਂ-ਖਰੀਆਂ ਸੁਣਾ ਕੇ ਥੋੜ੍ਹੇ ਬਹੁਤ ਬਚਦੇ ਭਰਮ-ਭੁਲੇਖੇ ਵੀ ਦੂਰ ਕਰ ਦਿੱਤੇ ਹਨ। ਹੁਣ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ। ਉਨ੍ਹਾਂ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਜ਼ਮੀਰ ਨੂੰ ਹਲੂਣਦਿਆਂ ਕਿਹਾ ਕਿ ਸਭ ਸਾਫ ਨਜਰ ਆ ਰਿਹਾ ਹੈ ਕਿ ਬਾਦਲਾਂ ਦਾ ਟੱਬਰ ਅਤੇ ਸ਼ਾਹੀ ਪਰਿਵਾਰ ਪੰਜਾਬ, ਪੰਥ ਤੇ ਪੰਜਾਬੀਆਂ ਦੇ ਹਿੱਤਾਂ ਨੂੰ ਖੂੰਜੇ ਲਗਾ ਕੇ ਆਪੋ-ਆਪਣੀ ਪੁਸ਼ਤ ਪਨਾਹੀ ਅਤੇ ਸੱਤਾ ਦੀ ਸਾਂਝ ਪੁਗਾ ਰਹੇ ਹਨ ਤਾਂ ਕਾਂਗਰਸੀ ਵਿਧਾਇਕ ਆਗੂ ਕਿਹੜੇ ਮੂੰਹ ਅਜਿਹੇ ਖੁਦਗਰਜ ਦੀ ਅਗਵਾਈ ਕਬੂਲ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ-ਮੰਤਰੀਆਂ ਨੇ ਸਿਰਫ ਬਾਦਲਾਂ-ਕੈਪਟਨ ਦੀ ਸਾਂਝ ਹੀ ਨੰਗੀ ਨਹੀਂ ਕੀਤੀ, ਸਗੋਂ ਇਹ ਵੀ ਜੱਗ-ਜ਼ਾਹਿਰ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਹੀਂ ਕਿੰਜ ਚਲਾ ਰਹੇ ਹਨ।