ਨਗਰ ਕੀਰਤਨ ਨੇ ਭਾਰਤ-ਪਾਕਿਸਤਾਨ ਵਿਚ ਸਿਰਜਿਆ ਖਾਲਸਾਈ ਮਾਹੌਲ

ਕੌਮਾਂਤਰੀ ਨਗਰ ਕੀਰਤਨ ਦਾ ਵੱਖ-ਵੱਖ ਥਾਈਂ ਭਰਵਾਂ ਸਵਾਗਤ
ਨਨਕਾਣਾ ਸਾਹਿਬ: ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਜੋ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਵਿਚ ਦਾਖਲ ਹੋਇਆ। ਅੰਤਰਰਾਸ਼ਟਰੀ ਨਗਰ ਕੀਰਤਨ ਨੇ ਪਾਕਿਸਤਾਨ ਅਤੇ ਭਾਰਤ ਦੋਵੇਂ ਪਾਸੇ ਖਾਲਸਾਈ ਮਾਹੌਲ ਸਿਰਜ ਦਿੱਤਾ। ਨਗਰ ਕੀਰਤਨ ਪੰਥਕ ਰਵਾਇਤਾਂ ਅਨੁਸਾਰ ਖਾਲਸਾਈ ਜਾਹੋ-ਜਲਾਲ ਨਾਲ ਆਰੰਭ ਹੋਇਆ, ਜਿਸ ਨੂੰ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਨੇ ਵਾਹਗਾ ਸਰਹੱਦ ਤੱਕ ਛੱਡਿਆ।

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਚ ਅਖੰਡ ਪਾਠ ਦੇ ਭੋਗ ਮਗਰੋਂ ਰਾਗੀ ਜਥਿਆਂ ਨੇ ਰਸ-ਭਿੰਨਾ ਕੀਰਤਨ ਕੀਤਾ। ਸ਼੍ਰੋਮਣੀ ਕਮੇਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਸਮੇਤ ਦੋਹਾਂ ਦੇਸ਼ਾਂ ਦੀ ਸਿੱਖ ਸੰਗਤ ਨੇ ਇਸ ‘ਚ ਭਰਵੀਂ ਸ਼ਮੂਲੀਅਤ ਕੀਤੀ।
ਦੇਸ਼ ਦੀ ਵੰਡ ਮਗਰੋਂ 72 ਸਾਲਾਂ ‘ਚ ਇਹ ਪਹਿਲਾ ਮੌਕਾ ਸੀ ਜਦੋਂ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਭਾਰਤ ਪੁੱਜਾ ਹੈ। ਪਾਕਿਸਤਾਨ ਦੇ ਸਿੱਖ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ ਅਤੇ ਹੋਰ ਬੱਚੇ ਖਾਲਸਾਈ ਬਾਣੇ ਵਿਚ ਤਿਆਰ ਸਨ। ਪਾਕਿਸਤਾਨੀ ਪੁਲਿਸ ਦੇ ਬੈਂਡ ਵੱਲੋਂ ਗੁਰਬਾਣੀ ਦੀਆਂ ਧੁਨਾਂ ਦਾ ਗਾਇਨ ਕੀਤਾ ਗਿਆ ਅਤੇ ਸਲਾਮੀ ਦਿੱਤੀ। ਔਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਂ ਤੇ ਇਮਰਾਨ ਗੋਂਦਲ, ਪੀæਜੀæਪੀæਸੀæ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਵੱਡਾ ਕਾਫਲਾ ਜਦੋਂ ਰਵਾਨਾ ਹੋਇਆ ਤਾਂ ਸਥਾਨਕ ਲੋਕ ਵੀ ਨਤਮਸਤਕ ਹੋਏ। ਸਾਰੇ ਰਸਤੇ ਵਿਚ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੇ ਸਮੁੱਚੇ ਰਸਤੇ ਵਿਚ ਪਾਕਿਸਤਾਨ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਵਾਹਨ ਕਾਫਲੇ ਦੇ ਨਾਲ ਨਾਲ ਸਰਹੱਦ ਤੱਕ ਆਏ।
ਇਹ ਨਗਰ ਕੀਰਤਨ ਪੰਜ ਤਖਤ ਸਾਹਿਬਾਨ ਦੀ ਯਾਤਰਾ ਕਰਦਾ ਹੋਇਆ ਗੁਰੂ ਜੀ ਦੇ ਪ੍ਰਕਾਸ਼ ਉਤਸਵ ਸਮੇਂ ਸੁਲਤਾਨਪੁਰ ਲੋਧੀ ਪੁੱਜੇਗਾ। ਸੁਲਤਾਨਪੁਰ ਲੋਧੀ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਕਾਫੀ ਵਰ੍ਹੇ ਬਿਤਾਏ। ਇਸ ਅਸਥਾਨ ਤੋਂ ਹੀ ਉਨ੍ਹਾਂ ਦੇ ਮਨ ਵਿਚ ਰੌਸ਼ਨੀ ਪੈਦਾ ਹੋਈ ਸੀ, ਜਿਸ ਨੂੰ ਜਗਤ ਤਾਰਨ ਵਾਲੀ ਕਿਹਾ ਜਾਂਦਾ ਹੈ। ਆਪਣੀ ਹਯਾਤੀ ਦੇ ਅਗਲੇ ਸਾਰੇ ਵਰ੍ਹੇ ਇਸ ਮਹਾਨ ਸ਼ਖਸੀਅਤ ਵੱਲੋਂ ਇਕ ਉੱਜਵਲ ਭਾਵਨਾ ਨਾਲ ਦੇਸ਼/ਦਿਸ਼ਾਂਤਰਾਂ ਦਾ ਦੌਰਾ ਕਰਕੇ ਪਿਆਰ ਸਦਭਾਵਨਾ ਅਤੇ ਬਰਾਬਰਤਾ ਦਾ ਸੰਦੇਸ਼ ਲੋਕਾਈ ਨੂੰ ਦੇਣ ਦਾ ਯਤਨ ਕੀਤਾ। ਇਹ ਨਗਰ ਕੀਰਤਨ ਪਹਿਲੀ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅਤੇ ਭਾਰਤ ਵਿਚ ਦਾਖਲ ਹੋ ਕੇ ਇਹ ਦੇਸ਼ ਦੇ 17 ਸੂਬਿਆਂ ਵਿਚੋਂ ਲੰਘਦਾ ਹੋਇਆ ਲਗਭਗ 65 ਸ਼ਹਿਰਾਂ ਵਿਚ ਜਾਵੇਗਾ ਅਤੇ ਉਨ੍ਹਾਂ ਗੁਰਧਾਮਾਂ ਤੋਂ ਹੋ ਕੇ ਅਗਾਂਹ ਲੰਘੇਗਾ, ਜਿਥੇ ਗੁਰੂ ਨਾਨਕ ਦੇਵ ਨੇ ਆਪਣੀਆਂ ਉਦਾਸੀਆਂ ਦੌਰਾਨ ਯਾਤਰਾ ਕੀਤੀ ਸੀ। ਇਸ ਨਗਰ ਕੀਰਤਨ ਨੂੰ ਭਾਰਤ ਵਿਚ ਦਾਖਲ ਹੋਣ ਮਗਰੋਂ ਸੰਗਤ ਦਾ ਸੈਲਾਬ ਦਰਸ਼ਨਾਂ ਲਈ ਉਮੜ ਆਇਆ ਹੈ, ਜਿਸ ਕਾਰਨ ਇਹ ਨਗਰ ਕੀਰਤਨ ਇਕ ਪੜਾਅ ਤੋਂ ਦੂਜੇ ਪੜਾਅ ਤੱਕ ਪੁੱਜਣ ਵਿੱਚ ਦੇਰ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸੰਗਤ ਦੇ ਵੱਡੇ ਉਤਸ਼ਾਹ ਨੂੰ ਦੇਖਦਿਆਂ ਅਤੇ ਨਗਰ ਕੀਰਤਨ ਦੀ ਰਫਤਾਰ ਘੱਟ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧਕੀ ਅਮਲੇ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਨਗਰ ਕੀਰਤਨ ਨਾਲ ਅਧਿਕਾਰੀ ਤੇ ਕਰਮਚਾਰੀ ਦੋ ਸ਼ਿਫਟਾਂ ਵਿਚ ਡਿਊਟੀ ਨਿਭਾਅ ਰਹੇ ਹਨ।
ਨਗਰ ਕੀਰਤਨ ਵਿਚ ਸ਼ਾਮਲ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ, ਗੁਰੂਆਂ ਦੇ ਸ਼ਸਤਰ ਤੇ ਵਸਤਰਾਂ ਵਾਲੀ ਬੱਸ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸੰਗਤ ਵੱਲੋਂ ਥਾਂ-ਥਾਂ ਉਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ। ਨਗਰ ਕੀਰਤਨ ਦੀ ਅਗਲੇ ਪੜਾਅ ਲਈ ਰਵਾਨਗੀ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਪਾਵਨ ਸਰੂਪ ਨੂੰ ਸੁੰਦਰ ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਕੀਤਾ। ਇਸ ਮੌਕੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਗਿਆਨੀ ਗੁਰਮੁਖ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੰਗਤ ਹਾਜ਼ਰ ਸੀ। ਨਗਰ ਕੀਰਤਨ ਨੂੰ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਤੋਂ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਨਾਲ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
__________________________
ਗੋਪਾਲ ਚਾਵਲਾ ਨੇ ਸਿੱਖ ਆਗੂਆਂ ਨਾਲ ਮੰਚ ਸਾਂਝਾ ਕੀਤਾ
ਨਨਕਾਣਾ ਸਾਹਿਬ: ਖਾਲਿਸਤਾਨੀ ਸਮਰਥਕ ਤੇ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਸਬੰਧੀ ਸਮਾਗਮ ਦੌਰਾਨ ਸਿੱਖ ਆਗੂਆਂ ਨਾਲ ਮੰਚ ਸਾਂਝਾ ਕੀਤਾ। ਸਮਾਗਮ ਦੌਰਾਨ ਕਈ ਸਿੱਖ ਆਗੂਆਂ ਵੱਲੋਂ ਕੀਤੇ ਸੰਬੋਧਨ ਦੌਰਾਨ ਉਹ ਮੰਚ ‘ਤੇ ਉਨ੍ਹਾਂ ਨਾਲ ਹੀ ਖੜ੍ਹੇ ਸਨ। ਬੀਤੇ ਦਿਨ ਉਹ ਉਸ ਵੇਲੇ ਚਰਚਾ ਵਿਚ ਆਏ ਸਨ, ਜਦੋਂ ਉਨ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਣ ਦਾ ਯਤਨ ਕੀਤਾ। ਇਸ ਸਬੰਧੀ ਉਨ੍ਹਾਂ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ। ਸਿਰਸਾ ਨੇ ਆਖਿਆ ਕਿ ਚਾਵਲਾ ਉਨ੍ਹਾਂ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਮੁਲਾਕਾਤ ਕਰਨ ਤੋਂ ਨਾਂਹ ਕਰ ਦਿੱਤੀ ਪਰ ਇਸ ਦੌਰਾਨ ਉਸ ਨੇ ਫੋਟੋ ਖਿਚਵਾ ਲਈ। ਭਾਰਤ ਸਰਕਾਰ ਨੇ ਵੀ ਇਸ ਖਾਲਿਸਤਾਨੀ ਸਮਰਥਕ ਸਿੱਖ ਆਗੂ ਖਿਲਾਫ ਪਾਕਿਸਤਾਨ ਸਰਕਾਰ ਕੋਲ ਰੋਸ ਜਤਾਇਆ ਸੀ। ਉਹ ਪਹਿਲਾਂ ਪੀæਜੀæਪੀæਸੀæ ਦੇ ਅਹੁਦੇਦਾਰ ਵੀ ਸਨ ਅਤੇ ਕਰਤਾਰਪੁਰ ਲਾਂਘੇ ਸਬੰਧੀ ਬਣਾਈ ਕਮੇਟੀ ਵਿਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਭਾਰਤ ਸਰਕਾਰ ਵੱਲੋਂ ਪ੍ਰਗਟਾਏ ਵਿਰੋਧ ਮਗਰੋਂ ਉਸ ਨੂੰ ਇਸ ਕਮੇਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।
__________________________
ਪਾਕਿਸਤਾਨੀ ਸਿੱਖਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਮੰਗ
ਨਨਕਾਣਾ ਸਾਹਿਬ: ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਸ਼ੁਰੂਆਤ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਦਾ ਮੁੱਦਾ ਉੱਭਰਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਇਸ ਕੈਲੰਡਰ ਨੂੰ ਮੁੜ ਲਾਗੂ ਕੀਤਾ ਜਾਵੇ ਤਾਂ ਜੋ ਗੁਰਪੁਰਬ ਦੀਆਂ ਤਰੀਕਾਂ ਸਬੰਧੀ ਵਿਵਾਦ ਖਤਮ ਹੋ ਸਕੇ। ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨੀ ਸਿੱਖ ਸੰਗਤ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜਲਦੀ ਠੋਸ ਉਪਰਾਲੇ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਵਰ੍ਹੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿਖੇ ਭਾਰਤ ਅਤੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਇਕੱਠਿਆਂ ਮਨਾਉਣਗੀਆਂ।
ਨਗਰ ਕੀਰਤਨ ਦੀ ਸ਼ੁਰੂਆਤ ਵੇਲੇ ਕੀਤੇ ਸਮਾਗਮ ਦੌਰਾਨ ਪਾਕਿਸਤਾਨ ਕਮੇਟੀ ਦੇ ਸਕੱਤਰ ਜਨਰਲ ਅਮੀਰ ਸਿੰਘ ਅਤੇ ਮੈਂਬਰ ਡਾæ ਮਹੀਪਾਲ ਸਿੰਘ ਨੇ ਇਹ ਮਾਮਲਾ ਸਮੁੱਚੀ ਸੰਗਤ ਦੀ ਹਾਜ਼ਰੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ ਵਿਚ ਲਿਆਂਦਾ। ਦੋਵਾਂ ਆਗੂਆਂ ਨੇ ਆਖਿਆ ਕਿ ਕੈਲੰਡਰ ਸਬੰਧੀ ਮਤਭੇਦ ਕਾਰਨ ਕਈ ਗੁਰਪੁਰਬ ਇਕੱਠੇ ਨਹੀਂ ਮਨਾਏ ਜਾ ਸਕੇ।
ਡਾæ ਮਹੀਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਕੋਲ ਇਹ ਮਾਮਲਾ ਰੱਖਿਆ ਹੈ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਛੁੱਟੀ ਕੀਤੀ ਜਾਵੇ। ਸਰਕਾਰ ਨੇ ਇਸ ਸਬੰਧੀ ਤਰੀਕ ਦੱਸਣ ਦੀ ਮੰਗ ਕੀਤੀ ਹੈ ਪਰ ਪਾਕਿਸਤਾਨੀ ਸਿੱਖਾਂ ਕੋਲ ਗੁਰਪੁਰਬ ਸਬੰਧੀ ਕੋਈ ਪੱਕੀ ਤਰੀਕ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ ਗੁਰਪੁਰਬਾਂ ਦੀਆਂ ਪੱਕੀਆਂ ਤਰੀਕਾਂ ਨਿਰਧਾਰਤ ਕੀਤੀਆਂ ਜਾਣ।
__________________________
ਜਥੇਦਾਰ ਵੱਲੋਂ ਪਾਕਿਸਤਾਨੀ ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ
ਅੰਮ੍ਰਿਤਸਰ: ਕੌਮਾਂਤਰੀ ਨਗਰ ਕੀਰਤਨ ਦੀ ਆਰੰਭਤਾ ਮੌਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਦੋਵਾਂ ਮੁਲਕਾਂ ਤੋਂ ਪੁੱਜੀ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਸਦੇ ਸਿੱਖਾਂ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਰਪੇਸ਼ ਧਾਰਮਿਕ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰ ਕੇ ਉਨ੍ਹਾਂ ਦਾ ਜਲਦ ਹੱਲ ਕੱਢਿਆ ਜਾਵੇਗਾ। ਉਨ੍ਹਾਂ ਪਾਕਿ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਦੀ ਕੀਤੀ ਅਪੀਲ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਜੇ ਵਾਹਿਗੁਰੂ ਨੇ ਚਾਹਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ (ਜੋ ਕਿ ਅਕਸਰ ਸ਼੍ਰੋਮਣੀ ਕਮੇਟੀ ਤੇ ਪਾਕਿ ਸਿੱਖ ਕਮੇਟੀ ਦਰਮਿਆਨ ਵਿਵਾਦ ਦਾ ਕਾਰਨ ਬਣਦਾ ਹੈ) ਅਗਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਪਾਕਿ ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸਾਂਝੇ ਤੌਰ ‘ਤੇ ਮਿਲ ਕੇ ਮਨਾਇਆ ਜਾਵੇਗਾ।
__________________________
ਗੁਰਦੁਆਰਾ ਚੋਆ ਸਾਹਿਬ ਸੰਗਤ ਲਈ ਖੋਲ੍ਹਿਆ
ਅੰਮ੍ਰਿਤਸਰ: ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ ਵਿਚ ਆਉਂਦੇ ਗੁਰਦੁਆਰਾ ਚੋਆ ਸਾਹਿਬ ਦੀ ਇਮਾਰਤ ਸਿੱਖ ਸੰਗਤ ਵਾਸਤੇ ਖੋਲ੍ਹ ਦਿੱਤੀ ਗਈ ਹੈ। ਇਸ ਦਾ ਉਦਘਾਟਨ ਔਕਾਫ ਬੋਰਡ ਦੇ ਚੇਅਰਮੈਨ ਡਾæ ਆਮਿਰ ਅਹਿਮਦ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸਤਵੰਤ ਸਿੰਘ ਵੱਲੋਂ ਕੀਤਾ ਗਿਆ। ਇਹ ਗੁਰਦੁਆਰਾ ਜ਼ਿਲ੍ਹਾ ਜੇਹਲਮ ਨੂੰ ਜਾਂਦੇ ਸ਼ਾਹ ਰਾਹ ਤੋਂ ਕੁਝ ਕਿਲੋਮੀਟਰ ਦੂਰ ਝੀਲ ਦੇ ਨੇੜੇ ਬਣਿਆ ਹੋਇਆ ਹੈ ਅਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਦੱੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜਦੋਂ ਮੱਕੇ ਵੱਲ ਗਏ ਸਨ ਤਾਂ ਉਨ੍ਹਾਂ ਕੁਝ ਸਮਾਂ ਇੱਥੇ ਰੁਕ ਕੇ ਆਰਾਮ ਕੀਤਾ ਸੀ।