ਚੰਡੀਗੜ੍ਹ ‘ਚ ਡੈਪੂਟੇਸ਼ਨ ਦੇ ਮੁੱਦੇ ‘ਤੇ ਉਲਝੇ ਭਾਜਪਾ ਤੇ ਅਕਾਲੀ

ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ (ਯੂæਟੀæ) ਚੰਡੀਗੜ੍ਹ ਵਿਚ ਪੰਜਾਬ ਦੇ ਨਿਰਧਾਰਤ ਡੈਪੂਟੇਸ਼ਨ ਕੋਟੇ ਦੇ ਮੁੱਦੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ‘ਤੇ ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਖੜਕ ਗਈ ਹੈ।

ਜ਼ਿਕਰਯੋਗ ਹੈ ਕਿ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ (ਡਿੰਪਾ) ਨੇ 17 ਜੁਲਾਈ ਨੂੰ ਲੋਕ ਸਭਾ ‘ਚ ਕਿਹਾ ਸੀ ਕਿ ਚੰਡੀਗੜ੍ਹ ਵਿਚ ਗੈਰ-ਕਾਨੂੰਨੀ ਢੰਗ ਨਾਲ ਯੂæਟੀæ ਕੇਡਰ ਬਣਾ ਕੇ ਪੰਜਾਬ ਅਤੇ ਹਰਿਆਣਾ ਦੇ ਕ੍ਰਮਵਾਰ 60 ਤੇ 40 ਫੀਸਦੀ ਡੈਪੂਟੇਸ਼ਨ ਕੋਟੇ ਨੂੰ ਖੋਰਾ ਲਾਇਆ ਜਾ ਰਿਹਾ ਹੈ। ਇਸ ਦੇ ਜਵਾਬ ਵਿਚ ਕਿਰਨ ਖੇਰ ਨੇ ਸੰਸਦ ‘ਚ ਕਿਹਾ ਸੀ ਕਿ ਸ਼ ਗਿੱਲ ਨੇ ਗਲਤ ਬਿਆਨੀ ਕੀਤੀ ਹੈ ਕਿ ਪੰਜਾਬ ਦੀ ਵੰਡ ਹੋਣ ਵੇਲੇ ਪੰਜਾਬ ਰੀ-ਆਰਗੇਨਾਈਜ਼ੇਸ਼ਨ ਐਕਟ-1966 ‘ਚ ਚੰਡੀਗੜ੍ਹ ਵਿਚ ਪੰਜਾਬ ਦੇ 60 ਅਤੇ ਹਰਿਆਣਾ ਦੇ 40 ਫੀਸਦ ਅਧਿਕਾਰੀ ਨਿਯੁਕਤ ਕਰਨ ਦਾ ਫੈਸਲਾ ਹੋਇਆ ਸੀ। ਕਿਰਨ ਖੇਰ ਨੇ ਕਿਹਾ ਕਿ ਐਕਟ ਵਿਚ ਅਜਿਹਾ ਕੋਈ ਫੈਸਲਾ ਕਿਤੇ ਵੀ ਨਹੀਂ ਹੋਇਆ। ਸੰਸਦ ਮੈਂਬਰ ਮੁਤਾਬਕ ਸੁਪਰੀਮ ਕੋਰਟ ਨੇ ਸਵਰਨ ਲਤਾ ਬਨਾਮ ਯੂਨੀਅਨ ਆਫ ਇੰਡੀਆ ਦੇ ਕੇਸ ਵਿਚ ਫੈਸਲਾ ਦਿੱਤਾ ਸੀ ਕਿ ਹਾਲੇ ਇਸੇ ਤਰ੍ਹਾਂ ਚਲਣ ਦਿੰਦੇ ਹਾਂ ਅਤੇ ਇਧਰੋਂ 60 ਫੀਸਦ ਤੇ ਉਧਰੋਂ 40 ਫੀਸਦ ਅਧਿਕਾਰੀ ਲੈ ਲਏ ਜਾਂਦੇ ਹਨ ਅਤੇ ਅੱਗੇ ਜਾ ਕੇ ਯੂæਟੀæ ਦਾ ਆਪਣੇ-ਆਪ ਕੇਡਰ ਬਣ ਜਾਵੇਗਾ।
ਉਨ੍ਹਾਂ ਕਿਹਾ ਸੀ ਕਿ ਸ਼ ਗਿੱਲ ਦਾ ਇਹ ਕਥਨ ਗਲਤ ਹੈ ਕਿ ਯੂæਟੀæ ਕੇਡਰ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਇਸ ਮੁੱਦੇ ਦਾ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਨੇ ਗੰਭੀਰ ਨੋਟਿਸ ਲਿਆ ਹੈ। ਪਾਰਟੀ ਦੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਰਨ ਖੇਰ ਨੇ ਪੰਜਾਬ ਦੇ ਡੈਪੂਟੇਸ਼ਨ ਕੋਟੇ ਬਾਰੇ ਗਲਤ ਸਟੈਂਡ ਲਿਆ ਹੈ ਅਤੇ ਪਾਰਟੀ ਉਨ੍ਹਾਂ ਦਾ ਇਸ ਮੁੱਦੇ ਉਪਰ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਕਿਰਨ ਖੇਰ ਨੂੰ ਪੰਜਾਬ ਨਾਲ ਜੋ ਧੱਕਾ ਹੋਇਆ ਹੈ, ਉਸ ਬਾਰੇ ਇਤਿਹਾਸ ਉਪਰ ਝਾਤੀ ਮਾਰ ਕੇ ਹੀ ਸੰਸਦ ਵਿਚ ਸਹੀ ਤੱਥ ਪੇਸ਼ ਕਰਨੇ ਚਾਹੀਦੇ ਹਨ। ਡਾæ ਚੀਮਾ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਪੰਜਾਬ ਦੇ 60 ਫੀਸਦ ਡੈਪੂਟੇਸ਼ਨ ਕੋਟੇ ਨੂੰ ਖੋਰਾ ਲਾਉਣ ਦੇ ਮੁੱਦੇ ‘ਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਮਿਲੇ ਸਨ ਅਤੇ ਭਾਰਤ ਸਰਕਾਰ ਨੇ ਪੰਜਾਬ ਦੇ 60 ਫੀਸਦ ਕੋਟੇ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ ਸੀ ਪਰ ਕਿਰਨ ਖੇਰ ਕੁਝ ਹੋਰ ਹੀ ਤੱਥ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਚੰਡੀਗੜ੍ਹ ਵਿਚੋਂ ਪੰਜਾਬ ਦੇ ਕੋਟੇ ਨੂੰ ਖੋਰਾ ਨਹੀਂ ਲਾਉਣ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਕਿਰਨ ਖੇਰ ਚੰਡੀਗੜ੍ਹ ਤੋਂ ਭਾਜਪਾ-ਅਕਾਲੀ ਦਲ ਗਠਜੋੜ ਦੀ ਟਿਕਟ ਤੋਂ ਚੋਣ ਲੜ ਕੇ ਜਿੱਤੀ ਹੈ।
ਉਧਰ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਗਿੱਲ ਨੇ ਕਿਹਾ ਕਿ ਉਹ ਇਹ ਮੁੱਦਾ ਸੰਸਦ ਵਿਚ ਮੁੜ ਉਠਾਉਣਗੇ ਅਤੇ ਚੰਡੀਗੜ੍ਹ ਵਿਚ ਪੰਜਾਬ ਦੇ ਹੱਕਾਂ ਉਪਰ ਡਾਕਾ ਨਹੀਂ ਪੈਣ ਦੇਣਗੇ।
ਉਨ੍ਹਾਂ ਕਿਹਾ ਕਿ ਕਿਰਨ ਖੇਰ ਅਕਾਲੀ ਦਲ ਦੀ ਮਦਦ ਨਾਲ ਜਿੱਤੀ ਹੈ ਅਤੇ ਪੰਜਾਬ ਦੇ ਹਿੱਤਾਂ ਵਿਰੁੱਧ ਸਟੈਂਡ ਲੈਣ ਲਈ ਪੰਜਾਬੀਆਂ ਨੂੰ ਉਸ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ 28 ਪੰਜਾਬੀ ਪਿੰਡ ਉਜਾੜ ਕੇ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਉਸਾਰਿਆ ਗਿਆ ਸੀ ਅਤੇ ਹੁਣ ਪੰਜਾਬ ਦੇ ਡੈਪੂਟੇਸ਼ਨ ਕੋਟੇ ਨੂੰ ਵੀ ਖਤਮ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਚ ਮਾਂ ਬੋਲੀ ਪੰਜਾਬੀ ਨਾਲ ਵੀ ਧੱਕਾ ਕੀਤਾ ਜਾ ਰਿਹਾ ਹੈ।
ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਅਫਸਰਾਂ ਲਈ ਨਿਰਧਾਰਤ ਕੋਟਾ ਬਰਕਰਾਰ ਰੱਖ ਕੇ ਚੰਡੀਗੜ੍ਹ ਨੂੰ ਮਿਲਿਆ ਯੂæਟੀæ ਦਾ ਰੁਤਬਾ ਬਰਕਰਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਹੇਠਲੇ ਮੁਲਾਜ਼ਮਾਂ ਦੀ ਭਰਤੀ ਲਈ ਐਸ਼ਐਸ਼ਐਸ਼ ਬੋਰਡ ਦਾ ਗਠਨ ਹੋਣਾ ਚਾਹੀਦਾ ਹੈ। ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਨੇ ਇਸ ਮੁੱਦੇ ‘ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।