ਲੋਕ ਸਭਾ ‘ਚ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਸੋਧ ਬਿੱਲ ਪਾਸ

ਨਵੀਂ ਦਿੱਲੀ: ਲੋਕ ਸਭਾ ਵੱਲੋਂ ਕਾਂਗਰਸ ਮੈਂਬਰਾਂ ਦੇ ਤਿੱਖੇ ਵਿਰੋਧ ਤੇ ਵਾਕਆਊਟ ਦੇ ਬਾਵਜੂਦ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ (ਸੋਧ) ਬਿੱਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਵਿਚ ਕਾਂਗਰਸ ਪ੍ਰਧਾਨ ਨੂੰ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਦੇ ਸਥਾਈ ਮੈਂਬਰ ਵਜੋਂ ਹਟਾਏ ਜਾਣ ਦਾ ਪ੍ਰਸਤਾਵ ਸ਼ਾਮਲ ਹੈ।

ਬਿੱਲ ਬਾਰੇ ਚਰਚਾ ਦੀ ਸ਼ੁਰੂਆਤ ਕਰਦਿਆਂ ਸਭਿਆਚਾਰ ਬਾਰੇ ਮੰਤਰੀ ਪ੍ਰਹਿਲਾਦ ਪਟੇਲ ਨੇ ਕਿਹਾ ਕਿ ਕੌਮੀ ਯਾਦਗਾਰਾਂ ‘ਸਿਆਸੀ ਯਾਦਗਾਰਾਂ’ ਨਹੀਂ ਹੋ ਸਕਦੀਆਂ ਅਤੇ ਇਨ੍ਹਾਂ ਨੂੰ ਸਿਆਸਤ ਤੋਂ ਪਰ੍ਹੇ ਰੱਖਿਆ ਜਾਣਾ ਚਾਹੀਦਾ ਹੈ। ਇਹ ਬਿੱਲ ਜ਼ੁਬਾਨੀ ਵੋਟ ਨਾਲ ਪਾਸ ਕੀਤੇ ਜਾਣ ਦੌਰਾਨ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਵਿਰੋਧੀ ਪਾਰਟੀਆਂ ਦੇ ਸੋਧ ਪ੍ਰਸਤਾਵਾਂ ਨੂੰ ਵੋਟਾਂ ਘੱਟ ਮਿਲਣ ਕਾਰਨ ਖਾਰਜ ਕਰ ਦਿੱਤਾ ਗਿਆ। ਬਿੱਲ ‘ਤੇ ਚਰਚਾ ਮਗਰੋਂ ਸੋਧ ਦੇ ਹੱਕ ਵਿਚ 214 ਵੋਟ ਭੁਗਤੇ ਜਦਕਿ ਵਿਰੋਧ ਵਿਚ 30 ਵੋਟਾਂ ਪਈਆਂ। ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ (ਸੋਧ) ਬਿੱਲ ਅਨੁਸਾਰ ‘ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ’ ਦਾ ਟਰੱਸਟੀ ਵਜੋਂ ਜ਼ਿਕਰ ‘ਹਟਾਇਆ’ ਜਾਵੇ।
ਇਸ ਵੇਲੇ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਦਾ ਚੇਅਰਪਰਸਨ ਪ੍ਰਧਾਨ ਮੰਤਰੀ ਹੈ ਅਤੇ ਇਸ ਦੇ ਮੈਂਬਰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ, ਸਭਿਆਚਾਰ ਬਾਰੇ ਮੰਤਰੀ, ਲੋਕ ਸਭਾ ਵਿਚ ਵਿਰੋਧੀ ਧਿਰ ਦਾ ਆਗੂ, ਪੰਜਾਬ ਦਾ ਰਾਜਪਾਲ ਅਤੇ ਪੰਜਾਬ ਦਾ ਮੁੱਖ ਮੰਤਰੀ ਹਨ। ਬਿੱਲ ‘ਤੇ ਬਹਿਸ ਦੌਰਾਨ ਪਟੇਲ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਨਾਲ ਜੁੜੀ ਸਿਆਸਤ ਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਕੌਮੀ ਯਾਦਗਾਰ ਨਾਲੋਂ ਸਿਆਸਤ ਨੂੰ ਵੱਖ ਕੀਤਾ ਜਾਵੇ ਅਤੇ ਇਸ ਕਰਕੇ 1951 ਦੇ ਐਕਟ ਵਿਚ ਸੋਧ ਦਾ ਪ੍ਰਸਤਾਵ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਯਾਦਗਾਰ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਬਲਕਿ ਰਾਸ਼ਟਰਵਾਦ ਹੋਣਾ ਚਾਹੀਦਾ ਹੈ। ਜਦੋਂ ਹੀ ਮੰਤਰੀ ਨੇ ਇਸ ਬਿੱਲ ਬਾਰੇ ਬੋਲਣਾ ਸ਼ੁਰੂ ਕੀਤਾ ਉਦੋਂ ਹੀ ਰਾਹੁਲ ਗਾਂਧੀ ਸਦਨ ਵਿਚ ਦਾਖਲ ਹੋਏ। ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸ ਦੇ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਟਰੱਸਟ ਵਿਚੋਂ ਹਟਾ ਕੇ ਸਰਕਾਰ ਮੁੜ ਇਤਿਹਾਸ ਲਿਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਤਿਹਾਸ ਨਾਲ ਛੇੜਛਾੜ ਕਰਨਾ ਚਾਹੁੰਦੀ ਹੈ, ਇਤਿਹਾਸ ਖਤਮ ਕਰਨਾ ਚਾਹੁੰਦੀ ਹੈ। ਤੁਸੀਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਕਾਂਗਰਸ ਦੇ ਬਲੀਦਾਨ ਨੂੰ ਨਹੀਂ ਖਤਮ ਕਰ ਸਕਦੇ।
ਬਹਿਸ ਵਿਚ ਹਿੱਸਾ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਕਾਂਗਰਸ ਦੇ ਮੈਂਬਰ ਹੀ ਸਨ, ਜਿਨ੍ਹਾਂ ਦੀ ’84 ਦੇ ਦੰਗਿਆਂ ਵਿਚ ਸ਼ਮੂਲੀਅਤ ਸੀ। ਹਰਸਿਮਰਤ ਨੇ ਦੋਸ਼ ਲਾਇਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਮੂਲੀਅਤ ਵਾਲਾ ਇਕ ਵਿਅਕਤੀ ਤਾਂ ਮੁੱਖ ਮੰਤਰੀ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਪੁਰਖੇ ਨੇ ਜਲ੍ਹਿਆਂਵਾਲਾ ਬਾਗ ਸਾਕੇ ਨੂੰ ਅੰਜਾਮ ਦਿੱਤੇ ਜਾਣ ‘ਤੇ ਜਨਰਲ ਡਾਇਰ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਵਿਚ ਦਰਜ ਹੈ ਅਤੇ ਤੁਸੀਂ ਇਸ ਨੂੰ ਭੁੱਲ ਨਹੀਂ ਸਕਦੇ। ਇਸ ‘ਤੇ ਕਾਂਗਰਸ ਨੇ ਨਾਅਰੇਬਾਜ਼ੀ ਕੀਤੀ ਅਤੇ ਹਰਸਿਮਰਤ ‘ਤੇ ਜਵਾਬੀ ਦੋਸ਼ ਲਾਏ। ਪੰਜਾਬ ਦੇ ਮੈਂਬਰਾਂ ਦੇ ਇਸ ਰੌਲੇ-ਰੱਪੇ ਦੌਰਾਨ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਸਭ ਦਾ ਸਾਂਝਾ ਹੈ। ਇਸ ਦੌਰਾਨ ਹੋਰ ਪਾਰਟੀਆਂ ਵਿਚੋਂ ਬਸਪਾ, ਬੀæਜੇæਡੀæ, ਐਨæਸੀæਪੀæ, ਡੀæਐਮæਕੇæ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਇਸ ਬਿਲ ਦਾ ਵਿਰੋਧ ਕੀਤਾ।
___________________________
‘ਡਾਇਰ ਨੂੰ ਕਰਵਾਇਆ ਹਰਸਿਮਰਤ ਦੇ ਦਾਦੇ ਨੇ ਡਿਨਰ’
ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਵਿਚ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਚ ਹਜ਼ਾਰਾਂ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਜਨਰਲ ਡਾਇਰ ਨੇ ਹਰਸਿਮਰਤ ਕੌਰ ਬਾਦਲ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਡਿਨਰ ਕੀਤਾ ਸੀ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਟਰੱਸਟ ਵਿਚ ਰਾਜਨੀਤਕ ਪਾਰਟੀ ਦੀ ਕੋਈ ਵੀ ਮੈਂਬਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਿਆਸੀ ਪਾਰਟੀਆਂ ਨੇ ਨਾ ਤਾਂ ਜਲ੍ਹਿਆਂਵਾਲਾ ਬਾਗ ਲਈ ਕੁਝ ਕੀਤਾ ਹੈ ਅਤੇ ਨਾ ਹੀ ਇਸ ਸਾਕੇ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਲਈ।
___________________________
ਕਾਂਗਰਸ ਪ੍ਰਧਾਨ ਦੀ ਮੈਂਬਰੀ ਖਾਰਜ ਕਰਨ ਲਈ ਹੀ ਬਿੱਲ ਲਿਆਂਦਾ: ਚੌਧਰੀ
ਜਲੰਧਰ: ਜਲ੍ਹਿਆਂਵਾਲੇ ਬਾਗ ਦੀ ਸਾਂਭ ਸੰਭਾਲ ਲਈ ਬਣੇ ਕੌਮੀ ਟਰੱਸਟ ਵਿਚੋਂ ਕਾਂਗਰਸ ਪ੍ਰਧਾਨ ਦੀ ਮੈਂਬਰੀ ਖਾਰਜ ਕਰਨ ਵਾਲੇ ਸੋਧ ਬਿੱਲ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਭਾਜਪਾ ਆਪਣੇ ਬਹੁਮਤ ਸਦਕਾ ਦੇਸ਼ ਵਿਚ ਧੱਕੇਸ਼ਾਹੀ ਕਰਕੇ ਇਤਿਹਾਸ ਵਿਗਾੜਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ 2014 ਤੋਂ ਹੀ ਭਾਜਪਾ ਨੇ ਸੰਵਿਧਾਨਕ ਸੰਸਥਾਵਾਂ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਨੂੰ ਆਪਣੇ ਹਿੰਦੂਤਵ ਦੇ ਏਜੰਡੇ ਮੁਤਾਬਕ ਚਲਾਉਣਾ ਸ਼ੁਰੂ ਕੀਤਾ ਹੋਇਆ ਹੈ। ਜਲ੍ਹਿਆਂਵਾਲੇ ਬਾਗ ਦੇ ਟਰੱਸਟ ਵਿਚੋਂ ਸਿਰਫ ਕਾਂਗਰਸ ਦੇ ਪ੍ਰਧਾਨ ਦੀ ਮੈਂਬਰੀ ਨੂੰ ਖਾਰਜ ਕਰਨ ਲਈ ਹੀ ਇਹ ਸੋਧ ਬਿੱਲ ਲਿਆਂਦਾ ਗਿਆ ਸੀ, ਜਿਸ ਦਾ ਕਾਂਗਰਸ ਨੇ ਡਟ ਕੇ ਵਿਰੋਧ ਕੀਤਾ। ਐਮæਸੀæਆਈæ, ਆਰæਟੀæਆਈæ ਅਤੇ ਆਰæਬੀæਆਈæ ਸਮੇਤ ਹੋਰ ਬਹੁਤ ਸਾਰੀਆਂ ਖੁਦਮੁਖਤਿਆਰੀ ਵਾਲੀਆਂ ਸੰਸਥਾਵਾਂ ਨੂੰ ਭਾਜਪਾ ਤਬਾਹ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਤੋੜ-ਮਰੋੜ ਕੇ ਭਾਜਪਾ ਦੇਸ਼ ਦੀ ਆਜ਼ਾਦੀ ਵਿਚ ਕਾਂਗਰਸ ਦੇ ਯੋਗਦਾਨ ਨੂੰ ਮਨਫੀ ਨਹੀਂ ਕਰ ਸਕਦੀ।