‘ਪੰਜਾਬ ਟਾਈਮਜ਼’ ਦੇ ਸੋਲਾਂ ਮਾਰਚ ਦੇ ਅੰਕ ਵਿਚ ਪੜ੍ਹੀ ਕਵਿਤਾ ‘ਮਾਂ ਬੋਲੀ ਪੰਜਾਬੀ’ ਨਾਲ ਬੜੀ ਖੁਸ਼ੀ ਮਿਲੀ ਅਤੇ ਯਕੀਨ ਹੋਇਆ ਕਿ ਜੇ ਪੰਜਾਬੀ ਘਰਾਂ ਵਿਚ ਮਾਂ-ਬਾਪ ਆਪਣੀ ਮਾਂ ਬੋਲੀ ਬੋਲਣਗੇ ਤਾਂ ਬੱਚਾ ਜ਼ਰੂਰ ਮਾਂ ਬੋਲੀ ਸਿੱਖੇਗਾ। ਮੈਂ ਪਾਠਕਾਂ ਨਾਲ ਆਪਣੇ ਘਰ ਦੀ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ। ਮੇਰਾ ਲੜਕਾ ਕੈਨੇਡਾ ਵਿਚ ਪੈਦਾ ਹੋਇਆ ਅਤੇ ਉਸ ਨੂੰ ਪੰਜਾਬੀ ਦਾ ਬਹੁਤ ਘੱਟ, ਜਾਂ ਕਹਿ ਲਵੋ ਕਿ ਨਾਂ-ਮਾਤਰ ਹੀ ਪਤਾ ਸੀ। ਮੈਂ ਉਸ ਨੂੰ 4 ਸਾਲ ਦੇ ਨੂੰ ਅਮਰੀਕਾ ਲੈ ਆਇਆ ਸਾਂ। ਮੇਰੀ ਘਰਵਾਲੀ ਬਹੁਤਾ ਇਸਤੇਮਾਲ ਅੰਗਰੇਜ਼ੀ ਦਾ ਕਰਦੀ ਸੀ, ਪਰ ਮੈਂ ਆਪਣੇ ਮਾਂ ਅਤੇ ਬਾਪ (ਜੋ ਸਿੱਖਿਆ ਦੇ ਮਹਿਕਮੇ ਵਿਚ ਡੀæਈæਓæ ਅਤੇ ਲੈਕਚਰਾਰ ਸਨ) ਕਰ ਕੇ ਬਹੁਤਾ ਲਗਾਉ ਪੰਜਾਬੀ ਨਾਲ ਕਰ ਬੈਠਾ, ਕਿ ਬੇਟਾ ਵੀ ਪੰਜਾਬੀ ਸਿੱਖੇ।
ਖੈਰ! ਜਦੋਂ ਮੈਂ ਪੰਜਾਬੀ ਮਾਸਟਰ ਹੁਕਮ ਚੰਦ ਦਾ ਵਿਦਿਆਰਥੀ ਸੀ, ਉਸ ਤੋਂ ਕਾਫੀ ਕੁਝ ਗ੍ਰਹਿਣ ਕੀਤਾ। ਜਦੋਂ ਪੰਜਾਬੀ ਬੋਲਦਾ ਤਾਂ ਲੱਗਦਾ ਕਿ ਮੋਤੀ ਕੇਰ ਰਿਹਾ ਹੈ। ਉਸ ਦੀਆਂ ਸੁਣਾਈਆਂ ਕੁਝ ਸਤਰਾਂ ਪੇਸ਼ ਹਨ:
ਪੰਜਾਬੀ ਬੋਲੀ
ਐ ਪੰਜਾਬੀ ਬੋਲੀ ਮਾਂ, ਹੈ ਮਾਣ ਪੰਜਾਬ ਤੇਰਾ,
ਮਾਂ ਬੋਲੀ ਮਿੱਠੀ ਨੂੰ ਵਿਸਾਰੀਏ ਨਾ।
ਇਹਦੇ ਦੁੱਧ ਦਾ, ਲੋਰੀਆਂ ਗੋਦੀਆਂ ਦੀ,
ਕੋਝੀ ਕਹਿ-ਕਹਿ ਕੇ ਮੁੱਲ ਤਾਰੀਏ ਨਾ।
ਇਹ ਹੈ ਮਾਂ ਇਹਦੇ ਸਿਰ ‘ਤੇ ਮੁਕਟ ਰੱਖੀਏ,
ਮਾਂ ਬੋਲੀ ਨੂੰ ਬੋਲੀਆਂ ਮਾਰੀਏ ਨਾ।
ਆਪਾਂ ਆਰਤੀ ਇਹਦੀ ਉਤਾਰਨੀ ਏ,
ਆਪਾਂ ਏਸ ਦੇ ਜ਼ੇਵਰ ਉਤਾਰੀਏ ਨਾ।
ਸਭ ਨੇ ਮਾਂਵਾਂ ਨੂੰ ਤਖ਼ਤ ਬਠਾਲਿਆ ਏ,
ਸਾਰੇ ਜੱਗ ਨਾਲੋਂ ਪੁੱਠੀ ਬਾਤ ਨਾ ਕਰ,
ਜ਼ਰਾ ਆਤਮਾ ਵਿਚ ਚੁੱਭੀ ਮਾਰ ਤੇ ਸਹੀ,
ਦਿਨ ਨੂੰ ਰਾਤ ਨਾ ਕਰ, ਆਤਮਘਾਤ ਨਾ ਕਰ।
-ਮੇਜਰ ਸੁਰਿੰਦਰਜੀਤ ਸਿੰਘ ਬਰਾੜ
ਫ਼ੋਨ: 414-763-1409
Leave a Reply