ਊਧਮ ਸਿੰਘ ਨਾਲ ਸਬੰਧਤ ਦਸਤਾਵੇਜ਼ 79 ਵਰ੍ਹਿਆਂ ਬਾਅਦ ਵੀ ਨਹੀਂ ਪਹੁੰਚੇ ਭਾਰਤ

ਅੰਮ੍ਰਿਤਸਰ: ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਦਸਤਾਵੇਜ਼ ਤੇ ਹੋਰ ਵਸਤੂਆਂ ਜੋ ਕਿ ਬ੍ਰਿਟਿਸ਼ ਲਾਇਬ੍ਰੇਰੀ, ਨੈਸ਼ਨਲ ਆਰਕਾਇਵ ਲੰਡਨ, ਬਲੈਕ ਮਿਊਜ਼ੀਅਮ ਆਦਿ ਸਥਾਨਾਂ ‘ਚ ਰੱਖੀਆਂ ਗਈਆਂ ਹਨ, ਨੂੰ ਕੇਂਦਰ ਸਰਕਾਰ ਤੇ ਸਬੰਧਿਤ ਵਿਭਾਗ ਇੱਛਾ ਸ਼ਕਤੀ ਦੀ ਕਮੀ ਦੇ ਚਲਦਿਆਂ 79 ਵਰ੍ਹਿਆਂ ਬਾਅਦ ਵੀ ਭਾਰਤ ਲਿਆਉਣ ‘ਚ ਕਾਮਯਾਬ ਨਹੀਂ ਹੋ ਸਕੇ।

ਦੱਸਿਆ ਜਾ ਰਿਹਾ ਹੈ ਕਿ 31 ਜੁਲਾਈ 1940 ਨੂੰ ਫਾਂਸੀ ਚੜ੍ਹਾਏ ਜਾਣ ਉਪਰੰਤ ਅੰਗਰੇਜ਼ੀ ਸਰਕਾਰ ਵਲੋਂ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਦਸਤਾਵੇਜ਼ਾਂ ਦੇ ਜਾਰੀ ਕਰਨ ‘ਤੇ 100 ਸਾਲ ਲਈ ਪਾਬੰਦੀ ਲਗਾਈ ਗਈ ਸੀ। ਉਕਤ ‘ਚੋਂ ਕੁਝ ਫਾਈਲਾਂ ਬ੍ਰਿਟਿਸ਼ ਲਾਇਬ੍ਰੇਰੀ ਤੇ ਬਾਕੀ ‘ਦੀ ਨੈਸ਼ਨਲ ਆਰਕਾਇਵ ਲੰਡਨ’ ‘ਚ ਸੁਰੱਖਿਅਤ ਰੱਖੀਆਂ ਗਈਆਂ ਸਨ ਤੇ ਪਿੱਛੇ ਜਿਹੇ ਲੰਡਨ ਦੇ ‘ਦੀ ਨੈਸ਼ਨਲ ਆਰਕਾਈਵ ਮਿਊਜ਼ੀਅਮ’ ਵੱਲੋਂ ਉਨ੍ਹਾਂ ਕੋਲ ਮੌਜੂਦ ਫਾਈਲਾਂ ‘ਚੋਂ ਸ਼ਹੀਦ ਦੀ ਫਾਂਸੀ ਬਾਰੇ ਚਾਰ ਫਾਈਲਾਂ ਨੂੰ ਬਕਾਇਦਾ ਜਾਰੀ ਕਰਨ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਇਨ੍ਹਾਂ ਫਾਈਲਾਂ ਦੇ ਨੰਬਰ 2/761, 2/728, 1/1177 ਤੇ 9/872/1 ਦੱਸੇ ਜਾ ਰਹੇ ਹਨ। ਉਕਤ ਫਾਈਲਾਂ ਦੇ ਭਾਰਤ ਲਿਆਏ ਜਾਣ ਉਪਰੰਤ ਕਈ ਅਜਿਹੀਆਂ ਗੁਪਤ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਜਿਨ੍ਹਾਂ ਦਾ ਸ਼ਹੀਦ ਊਧਮ ਸਿੰਘ ਦੀ ਗ੍ਰਿਫਤਾਰੀ ਤੇ ਸ਼ਹਾਦਤ ਨਾਲ ਸਬੰਧਿਤ ਇਤਿਹਾਸ ਦੀਆਂ ਪੁਸਤਕਾਂ ‘ਚ ਬਹੁਤੇ ਵੇਰਵੇ ਦਰਜ ਨਹੀਂ ਹਨ।
ਜਾਣਕਾਰੀ ਅਨੁਸਾਰ ਜੂਨ 1997 ‘ਚ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ, ਬ੍ਰਿਟਿਸ਼ ਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਰੇਟ ਬ੍ਰਿਟੇਨ ਨੇ ਉਕਤ ਅਜਾਇਬ ਘਰਾਂ ‘ਚ ਪਈਆਂ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਪੰਜ ਫਾਈਲਾਂ ਐਮæਈæਪੀæਓæ 3/1743, ਪੀæਸੀæਓæ ਐਮæ 9/872, ਪੀæ ਐਂਡ ਜੇæ(ਐਸ਼) 466/36, ਐਚæਓæ 144/21444 ਅਤੇ ਐਚæਓæ 144/21444 ਨੂੰ ਜਾਰੀ ਕਰਵਾਉਣ ‘ਚ ਪ੍ਰਮੁੱਖ ਭੂਮਿਕਾ ਨਿਭਾਈ ਸੀ।
ਇਨ੍ਹਾਂ ਫਾਈਲਾਂ ਦੇ ਜਾਰੀ ਹੋਣ ‘ਤੇ ਸ਼ਹੀਦ ਦੀ ਜ਼ਿੰਦਗੀ ਨਾਲ ਜੁੜੇ ਕਈ ਅਜਿਹੇ ਤੱਥਾਂ ਬਾਰੇ ਜਾਣਕਾਰੀਆਂ ਜਨਤਕ ਹੋਈਆਂ, ਜਿਨ੍ਹਾਂ ਬਾਰੇ ਇਸ ਵਿਸ਼ੇ ਦੇ ਇਤਿਹਾਸਕਾਰਾਂ ਨੂੰ ਵੀ ਬਹੁਤੀ ਜਾਣਕਾਰੀ ਨਹੀਂ ਸੀ। ਉਕਤ ਦੇ ਇਲਾਵਾ ਸ਼ਹੀਦ ਊਧਮ ਸਿੰਘ ਦੀ ਪਿਸਤੌਲ ਤੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਜਬਤ ਕੀਤਾ ਗਿਆ ਹੋਰ ਜ਼ਰੂਰੀ ਸਾਮਾਨ, ਦਸਤਾਵੇਜ਼ ਤੇ ਕਪੜੇ ਲੰਡਨ ਦੇ ਬਲੈਕ ਮਿਊਜ਼ੀਅਮ ‘ਚ ਅੱਜ ਵੀ ਮੌਜੂਦ ਹਨ ਜਿਨ੍ਹਾਂ ਨੂੰ ਭਾਰਤ ਲਿਆਉਣ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੇ ਜਾਣ ਦੀ ਲੋੜ ਹੈ।
_________________________________
ਸ਼ਹਾਦਤ ਦੇ 34 ਵਰ੍ਹੇ ਬਾਅਦ ਭਾਰਤ ਪਹੁੰਚੀਆਂ ਸਨ ਅਸਥੀਆਂ
ਅੰਮ੍ਰਿਤਸਰ: ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇ 34 ਵਰ੍ਹੇ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵਲੋਂ ਸੂਬੇ ਦੇ ਮਾਲ ਮੰਤਰੀ ਉਮਰਾਓ ਸਿੰਘ, ਵਿਧਾਇਕ ਸਾਧੂ ਸਿੰਘ ਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਆਰæ ਐਸ਼ ਤਲਵਾੜ ਦੀ ਮਾਰਫਤ ਲੰਡਨ ਤੋਂ ਸ਼ਹੀਦ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ ਸਨ। 19 ਜਲਾਈ 1974 ਨੂੰ ਸ਼ਹੀਦ ਦੀਆਂ ਅਸਥੀਆਂ ਦੇ ਭਾਰਤ ਪਹੁੰਚਣ ‘ਤੇ 14 ਦਿਨ ਬਾਅਦ 31 ਜੁਲਾਈ ਨੂੰ ਉਹ ਵਿਧੀ ਪੂਰਵਕ ਅਗਨੀ ਭੇਟ ਕੀਤੀਆਂ ਗਈਆਂ। ਅਸਥੀਆਂ ਦੀ ਰਾਖ ਦੇ 7 ਕਲਸ਼ ਤਿਆਰ ਕਰਕੇ ਇਕ-ਇਕ ਹਰਿਦੁਆਰ ਤੇ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ ਗਏ, ਇਕ ਰੋਜ਼ਾ ਸ਼ਰੀਫ ‘ਚ ਦਫਨ ਕੀਤਾ ਗਿਆ, ਬਾਕੀਆਂ ‘ਚੋਂ ਇਕ ਜਲ੍ਹਿਆਂਵਾਲਾ ਬਾਗ ਸਮਾਰਕ ‘ਚ, ਇਕ ਸੁਨਾਮ ਦੇ ਖੇਡ ਸਟੇਡੀਅਮ ‘ਚ ਉਸਾਰੀ ਯਾਦਗਾਰ ਤੇ ਬਾਕੀ ਰਹਿੰਦੇ ਦੋ ਕਲਸ਼ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਕਾਲਜ ਦੀ ਲਾਇਬ੍ਰੇਰੀ ‘ਚ ਰੱਖੇ ਗਏ।
_________________________________
ਪਾਕਿਸਤਾਨ ‘ਚ ਪਹਿਲੀ ਵਾਰ ਮਨਾਇਆ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ
ਇਸਲਾਮਾਬਾਦ: ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਾਕਿਸਤਾਨ ਦੀ ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਡੈਮੋਕਰੈਟਿਕ ਲਾਅਨ ‘ਚ ਸ਼ਹੀਦ ਊਧਮ ਸਿੰਘ ਸ਼ਹੀਦੀ ਦਿਹਾੜਾ ਮਨਾਇਆ ਗਿਆ। ਲਾਹੌਰ ਦੇ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦੇ ਇਤਿਹਾਸ ‘ਚ ਪਹਿਲੀ ਵਾਰ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਇਸ ਦੌਰਾਨ ਲਾਹੌਰ ਹਾਈਕੋਰਟ ‘ਚ ਕਾਫੀ ਸਮੇਂ ਤੱਕ ‘ਸ਼ਹੀਦ ਊਧਮ ਸਿੰਘ ਅਮਰ ਰਹੇ’ ਦੇ ਨਾਅਰੇ ਗੂੰਜਦੇ ਰਹੇ।
ਕੁਰੈਸ਼ੀ ਨੇ ਸ਼ਰਧਾਂਜਲੀ ਸਮਾਰੋਹ ਦੌਰਾਨ ਲਾਹੌਰ ਦੀ ਪ੍ਰਮੁੱਖ ਸੜਕ ਅਤੇ ਚੌਕ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਣ ਦੀ ਮੰਗ ਕਰਦਿਆਂ ਸ਼ਹੀਦ ਦੀ ਜੀਵਨੀ ਸਕੂਲੀ ਪੁਸਤਕਾਂ ‘ਚ ਸ਼ਾਮਿਲ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦ ਸਭ ਕੌਮਾਂ ਦੇ ਸਾਂਝੇ ਹੁੰਦੇ ਹਨ ਅਤੇ ਜਾਤ-ਧਰਮ ਤੋਂ ਉਪਰ ਉਠ ਕੇ ਇਨ੍ਹਾਂ ਦੇ ਜਨਮ ਤੇ ਸ਼ਹੀਦੀ ਦਿਹਾੜੇ ਮਨਾਏ ਜਾਣੇ ਚਾਹੀਦੇ ਹਨ। ਇਸ ਮੌਕੇ ਪਾਕਿਸਤਾਨ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵੱਡੀ ਗਿਣਤੀ ‘ਚ ਵਕੀਲਾਂ ਵੱਲੋਂ ਸ਼ਰਧਾ ਦੇ ਫੁਲ ਭੇਟ ਕੀਤੇ ਗਏ ।