ਵਿਦੇਸ਼ ਪੜ੍ਹਾਈ ਦੇ ਚਾਅ ਨੇ ਖਾਲੀ ਕੀਤੇ ਪੰਜਾਬ ਦੇ ਕਾਲਜ

ਚੰਡੀਗੜ੍ਹ: ‘ਸਟੱਡੀ ਵੀਜ਼ੇ’ ਨੇ ਪੰਜਾਬ ਦੇ ਕਾਲਜ ਖਾਲੀ ਕਰ ਦਿੱਤੇ ਹਨ। ਪ੍ਰਾਈਵੇਟ ਕਾਲਜਾਂ ਦੀ ਭੀੜ ਨੂੰ ਆਈਲੈਟਸ ਸੈਂਟਰਾਂ ਨੇ ਖਿੱਚ ਲਿਆ ਹੈ। ਦੁਆਬੇ ਮਗਰੋਂ ਮਾਲਵੇ ‘ਚ ‘ਸਟੱਡੀ ਵੀਜ਼ੇ’ ਦਾ ਰੁਝਾਨ ਇਕਦਮ ਵਧਿਆ ਹੈ। ਪਰਵਾਸੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਦੋਆਬੇ ਖੇਤਰ ਦੇ ਵਿਦਿਆਰਥੀ ਬਾਰ੍ਹਵੀਂ ਜਮਾਤ ਤੋਂ ਬਾਅਦ ਉਚੇਰੀ ਪੜ੍ਹਾਈ ਕਰਨ ਨੂੰ ਤਰਜੀਹ ਦੇਣ ਦੀ ਥਾਂ ਆਈਲੈਟਸ (ਆਇਲਜ) ਕਰ ਰਹੇ ਹਨ।

ਜਲੰਧਰ ਬੱਸ ਅੱਡੇ ਦੁਆਲੇ ਆਈਲੈਟਸ ਕਰਵਾਉਣ ਲਈ ਵੱਡੀ ਗਿਣਤੀ ਸੈਂਟਰ ਖੁੱਲ੍ਹੇ ਹੋਏ ਹਨ। ਨਵੀਆਂ-ਨਵੀਆਂ ਵੱਡੀਆਂ ਉਸਾਰੀਆਂ ਬਹੁ-ਮੰਜ਼ਿਲੀ ਇਮਾਰਤਾਂ ਦੇ ਜ਼ਿਆਦਾਤਰ ਦਫਤਰ ਇਮੀਗ੍ਰੇਸ਼ਨ ਤੇ ਆਈਲੈਟਸ ਵਾਲੇ ਹੀ ਹਨ। ਇਨ੍ਹਾਂ ਦਫਤਰਾਂ ਅੱਗੇ ਲੱਗਦੀ ਭੀੜ ਦੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਵੱਡੀ ਗਿਣਤੀ ਪਾੜ੍ਹੇ ਵਿਦੇਸ਼ਾਂ ਨੂੰ ਉਡਾਰੀ ਮਾਰਨ ਦੀ ਤਾਂਘ ਵਿਚ ਹਨ। ਬੇਰੁਜ਼ਗਾਰੀ ਨੇ ਵੀ ਵਿਦਿਆਰਥੀਆਂ ਦਾ ਅੱਗੇ ਪੜ੍ਹਨ ਤੋਂ ਮੂੰਹ ਮੋੜ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਘੱਟ ਦਾਖਲਿਆਂ ਨੂੰ ਦੇਖਦਿਆਂ ਬਿਨਾਂ ਲੇਟ ਫੀਸ ਦਾਖਲਾ ਲੈਣ ਦੀ ਤਰੀਕ ਵਿਚ ਵਾਧਾ ਕਰ ਦਿੱਤਾ ਹੈ। ਮਾਨਸਾ ਦੇ ਸਰਕਾਰੀ ਕਾਲਜ ਨੂੰ ਆਈਲੈਟਸ ਨੇ ਸੱਟ ਮਾਰੀ ਹੈ। ਪਹਿਲਾਂ ਕਾਲਜ ਵਿਚ ਕਰੀਬ 1700 ਵਿਦਿਆਰਥੀ ਹੁੰਦੇ ਸਨ ਅਤੇ ਹੁਣ ਗਿਣਤੀ 1350 ਦੇ ਕਰੀਬ ਹੀ ਰਹਿ ਗਈ ਹੈ।
ਦੱਸਣਯੋਗ ਹੈ ਕਿ ਬਠਿੰਡਾ ਖਿੱਤੇ ‘ਚ ਆਈਲੈਟਸ ਸੈਂਟਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਬਰਨਾਲਾ ਜ਼ਿਲ੍ਹੇ ਵਿਚ ਸੰਘੇੜਾ ਕਾਲਜ ਵਿਚ ਪਿਛਲੇ ਵਰ੍ਹੇ 1450 ਦੇ ਕਰੀਬ ਵਿਦਿਆਰਥੀ ਸਨ ਤੇ ਐਤਕੀਂ ਇਹ ਗਿਣਤੀ 950 ਦੇ ਕਰੀਬ ਹੈ। ਸੂਤਰ ਆਖਦੇ ਹਨ ਕਿ ਪ੍ਰਾਈਵੇਟ ਕਾਲਜਾਂ ਦੀ ਫੀਸ ਜ਼ਿਆਦਾ ਹੈ ਜਿਸ ਕਰ ਕੇ ਵਿਦਿਆਰਥੀ ਸਰਕਾਰੀ ਕਾਲਜਾਂ ਨੂੰ ਤਰਜੀਹ ਦਿੰਦੇ ਹਨ। ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਐਤਕੀਂ ਭਾਵੇਂ ਦਾਖਲਿਆਂ ਸਬੰਧੀ ਪਿਛਲੇ ਸਾਲ ਨਾਲੋਂ ਵੱਧ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ, ਪਰ ਸਾਹਮਣੇ ਆਇਆ ਹੈ ਕਿ ਦਰਜਨ ਦੇ ਕਰੀਬ ਕੋਰਸਾਂ ‘ਚ ਦਾਖਲੇ ਐਤਕੀਂ ਵੀ ਸੰਤੁਸ਼ਟੀਜਨਕ ਬਿੰਦੂ ਨਹੀਂ ਛੂਹ ਸਕੇ। ਸਮਝਿਆ ਜਾ ਰਿਹਾ ਹੈ ਕਿ ਰੁਜ਼ਗਾਰ ਦੇ ਵਸੀਲੇ ਭੀੜੇ ਪੈਣ ਅਤੇ ਪੜ੍ਹਾਈ ਦੇ ਖਰਚਿਆਂ ਕਾਰਨ ਵਿਦਿਆਰਥੀ ਉਚ ਸਿੱਖਿਆ ਤੋਂ ਮੂੰਹ ਮੋੜ ਰਹੇ ਹਨ। ਕੈਂਪਸ ‘ਚ ਪਲੇਸਮੈਂਟ ਪ੍ਰਤੀ ਉਚਿਤਤਾ ਨਾਲ ਇਜ਼ਾਫਾ ਨਾ ਹੋਣ ਅਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਉਡਾਰੀ ਦਾ ਬਣਿਆ ਰੁਝਾਨ ਵੀ ਦਾਖਲਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ‘ਚ ਕਦੇ ਨਵੇਂ ਦਾਖਲਿਆਂ ਵੇਲੇ ਇਹ ਹਾਲਾਤ ਹੁੰਦੇ ਸਨ ਕਿ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖ ਕੇ ਫਿਕਰ ਹੁੰਦਾ ਸੀ ਕਿ ਉਨ੍ਹਾਂ ਨੂੰ ਵੱਖ-ਵੱਖ ਕੋਰਸਾਂ ‘ਚ ਦਾਖਲਾ ਕਿਵੇਂ ਮਿਲੇਗਾ, ਪਰ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਬਦਲ ਰਹੇ ਹਨ। ਪਿਛਲੇ ਸਾਲ ਦਾਖਲਿਆਂ ਦੀ ਦਰ ਕਾਫੀ ਹੇਠਾਂ ਡਿੱਗਣ ਤੋਂ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸਾਲ ਦੇ ਦਾਖਲਿਆਂ ਲਈ ਕਾਫੀ ਚਿਰ ਤੋਂ ਜ਼ੋਰ ਅਜ਼ਮਾਈ ਵਿੱਢੀ ਹੋਈ ਸੀ, ਇਸ ਦੇ ਬਾਵਜੂਦ ਦਾਖਲਿਆਂ ਪ੍ਰਤੀ ਰੁਝਾਨ ‘ਚ ਸੰਤੁਸ਼ਟੀਜਨਕ ਉਤਸ਼ਾਹ ਨਹੀਂ ਬਣ ਸਕਿਆ। ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਈ ਕੋਰਸਾਂ ਵਿਚ ਦਾਖਲਿਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਵੱਧ ਗਰਦਾਨਿਆ ਹੈ ਤੇ ਕੁਝ ਕੁ ਕੋਰਸਾਂ ਵਿਚ ਸੀਟਾਂ ਵੀ ਵਧਾਈਆਂ ਹਨ, ਫਿਰ ਵੀ ਕੁਝ ਕੋਰਸਾਂ ਵਿਚ ਮੱਠਾ ਹੁੰਗਾਰਾ ਹੋਣਾ ਚਿੰਤਾ ਵਾਲੀ ਗੱਲ ਹੈ। ਪੰਜਾਬੀ ਯੂਨੀਵਰਸਿਟੀ ਤੋਂ ਹੁਣ ਤੱਕ ਕੈਂਪਸ ਵਿਚ ਹੋਏ ਦਾਖਲਿਆਂ ਬਾਬਤ ਮਿਲੀ ਜਾਣਕਾਰੀ ਮੁਤਾਬਕ ਕਰੈਸ਼ ਕੋਰਸ ਇਨ ਪੰਜਾਬੀ ‘ਲਿੰਗੁਇਸਟਿਕ ਐਂਡ ਲੈਕਸੀਕੋਗ੍ਰਾਫੀ’ ਵਿਚ ਹਾਲੇ ਤੱਕ ਇਕ ਵਿਦਿਆਰਥੀ ਹੀ ਦਾਖਲ ਹੋ ਸਕਿਆ ਹੈ, ਜਦੋਂਕਿ ਡਿਪਲੋਮਾ ਇਨ ਉਰਦੂ ਵਿਚ ਦੋ ਸੀਟਾਂ ਹੀ ਭਰੀਆਂ ਜਾ ਸਕੀਆਂ ਹਨ। ਐਮæਏæ ਪਰਸ਼ੀਅਨ ਵਿਚ ਵੀ ਇਕ ਹੀ ਸੀਟ ਭਰੀ ਜਾ ਸਕੀ ਹੈ। ਇਸੇ ਤਰ੍ਹਾਂ ਐਮæਏæ ਪਾਲਿਸੀ ਐਂਡ ਗਵਰਨੈਂਸ ‘ਪਬਲਿਕ ਐਡਮਿਨਸਟ੍ਰੇਸ਼ਨ’ ਵਿਚ ਪਿਛਲੇ ਸਾਲ 22 ਦੇ ਮੁਕਾਬਲੇ ਐਤਕੀਂ ਹਾਲੇ ਤੱਕ 12 ਉਮੀਦਵਾਰ ਹੀ ਆਏ ਹਨ। ਐਮæਏæ ਡਿਜ਼ਾਸਟਰ ਮੈਨੇਜਮੈਂਟ ‘ਪਬਲਿਕ ਐਡਮਨ’ ਵਿਚ ਪਿਛਲੇ ਸਾਲ 13 ਦੇ ਮੁਕਾਬਲੇ ਐਤਕੀਂ 8 ਸੀਟਾਂ ਹੀ ਭਰੀਆਂ ਗਈਆਂ ਹਨ। ਇਸੇ ਤਰ੍ਹਾਂ ਪੀæਜੀæ ਡਿਪਲੋਮਾ ਇਨ ਡਾਇਸਪੋਰਾ ਸਟੱਡੀਜ਼ ਵਿਚ ਸਿਰਫ ਦੋ ਵਿਦਿਆਰਥੀਆਂ ਨੇ ਹੀ ਦਾਖਲਾ ਲਿਆ ਹੈ।
ਮਾਸਟਰ ਆਫ ਸੋਸ਼ਲ ਵਰਕ ‘ਐਮæਐਸ਼ਡਬਲਿਊ’ ਵਿਚ ਪਿਛਲੇ ਸਾਲ 32 ਦੇ ਮੁਕਾਬਲੇ ਐਤਕੀਂ 29 ਸੀਟਾਂ ਹੀ ਭਰੀਆਂ ਜਾ ਸਕੀਆਂ ਹਨ। ਐਮæਏæ ਮਿਊਜ਼ਿਕ ‘ਇੰਸਟਰੂਮੈਂਟਲ’ ਵਿਚ ਪਿਛਲੇ ਸਾਲ 11 ਦੇ ਮੁਕਾਬਲੇ ਅੱਠ ਵਿਦਿਆਰਥੀ ਹੀ ਦਾਖਲ ਹੋਏ ਹਨ, ਜਦੋਂਕਿ ਐਮæਏæ ਹਿੰਦੀ ਵਿਚ ਪਿਛਲੇ 30 ਵਿਦਿਆਰਥੀਆਂ ਦੇ ਮੁਕਾਬਲੇ ਐਤਕੀਂ ਹੁਣ ਤੱਕ 20 ਦਾਖਲੇ ਹੋਏ ਹਨ। ਇਸੇ ਤਰ੍ਹਾਂ ਐਮæਐਸ਼ਸੀæ ਐਸਟ੍ਰੋਮਨੀ ਐਂਡ ਸਪੇਸ ਫਿਜ਼ਿਕਸ ਵਿਚ ਪਿਛਲੇ ਸਾਲ ਨਾਲੋਂ ਅੱਧੇ ਹੀ ਉਮੀਦਵਾਰ ਦਾਖਲ ਹੋ ਸਕੇ ਹਨ।
ਇੰਜੀਨੀਅਰਿੰਗ ਖੇਤਰ ਵੱਲ ਐਤਕੀਂ ਵੀ ਰੁਝਾਨ ਮੱਠਾ ਹੀ ਰਿਹਾ ਹੈ। ਇਸ ਖੇਤਰ ਦੀ ਜਾਣਕਾਰੀ ਮੁਤਾਬਕ ਐਮæਟੈਕæ ‘ਰੈਗੂਲਰ’ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨਜ਼ ਇੰਜੀਨੀਅਰਿੰਗ ਵਿਚ ਪਿਛਲੇ ਸਾਲ 17 ਦੇ ਮੁਕਾਬਲੇ ਦੇ ਐਤਕੀਂ ਸਿਰਫ 3 ਸੀਟਾਂ ਹੀ ਭਰੀਆਂ ਜਾ ਸਕੀਆਂ ਹਨ, ਜਦੋਂਕਿ ਐਮæਟੈਕæ ‘ਰੈਗੂਲਰ’ ਮਕੈਨੀਕਲ ਇੰਜੀਨੀਅਰਿੰਗ ਵਿਚ ਪਿਛਲੇ ਸਾਲ 13 ਦੇ ਮੁਕਾਬਲੇ ਐਤਕੀਂ ਅੱਠ ਸੀਟਾਂ ਹੀ ਭਰੀਆਂ ਜਾ ਸਕੀਆਂ ਹਨ।
ਉਂਜ ਐਮæਬੀæਏæ ਪ੍ਰਤੀ ਯੂਨੀਵਰਸਿਟੀ ਕੈਂਪਸ ਵਿਚ ਹਾਂ ਪੱਖੀ ਰੁਝਾਨ ਦੇਖਣ ਨੂੰ ਮਿਲਿਆ। ਇਸ ਕੋਰਸ ਦੀਆਂ ਸਮੁੱਚੀਆਂ 220 ਸੀਟਾਂ ਦੇ ਮੁਕਾਬਲੇ ਵਧਾ ਕੇ 235 ਭਰੀਆਂ ਗਈਆਂ ਹਨ। ਐਮæਬੀæਏæ ਦੇ ਰੁਝਾਨ ਵੱਲ ਵਿਦੇਸ਼ੀ ਵਿਦਿਆਰਥੀ ਵੀ ਉਲਾਰ ਰਹੇ ਹਨ। ਉਂਜ, ਰਿਜਨਲ ਸੈਂਟਰਾਂ ਵਿਚ ਇਹ ਕੋਰਸ ਬੁਰੀ ਤਰ੍ਹਾਂ ਮਾਤ ਖਾ ਗਿਆ, ਤਲਵੰਡੀ ਸਾਬੋ ਤੇ ਮੁਹਾਲੀ ਸੈਂਟਰ ਦਾਖਲਿਆਂ ਮੁਤੱਲਕ ਬੁਰੀ ਤਰ੍ਹਾਂ ਪਛੜ ਚੁੱਕੇ ਹਨ। ਯੂਨੀਵਰਸਿਟੀ ਕੈਂਪਸ ਵਿਚ ਕੁੱਲ 112 ਕੋਰਸਾਂ ਵਿਚੋਂ ਦਰਜਨ ਦੇ ਕਰੀਬ ਅਜਿਹੇ ਕੋਰਸ ਦੱਸੇ ਜਾਂਦੇ ਹਨ, ਜਿਥੇ ਦਾਖਲਿਆਂ ਦੇ ਆਖਰੀ ਦੌਰ ਤੱਕ ਸੀਟਾਂ ਖਾਲੀ ਰਹਿ ਗਈਆਂ ਹਨ। ਡੇਢ ਦਰਜਨ ਅਹਿਮ ਕੋਰਸ ਹੀ ਹੋਣਗੇ, ਜਿਥੇ ਪਿਛਲੇ ਸਾਲ ਨਾਲੋਂ ਕੁਝ ਕੁ ਸੰਖਿਆ ਵਿਚ ਵੱਧ ਦਾਖਲੇ ਹੋਏ ਹਨ। ਉਂਜ, ਅੱਧੀ ਦਰਜਨ ਕੋਰਸ ਅਜਿਹੇ ਵੀ ਰਹੇ ਹਨ, ਜਿਥੇ ਹੁੰਗਾਰਾ ਸੰਤੁਸ਼ਟੀਜਨਕ ਰਿਹਾ ਹੈ।
_________________________________
ਪੰਜਾਬ ਸਭ ਤੋਂ ਜ਼ਿਆਦਾ ਪਾਸਪੋਰਟ ਬਣਾਉਣ ਵਾਲੇ ਰਾਜਾਂ ‘ਚ ਸ਼ਾਮਲ
ਜਲੰਧਰ: ਦੇਸ਼ ਭਰ ‘ਚ ਸਭ ਤੋਂ ਜ਼ਿਆਦਾ ਪਾਸਪੋਰਟ ਜਿਨ੍ਹਾਂ ਰਾਜਾਂ ‘ਚ ਬਣ ਰਹੇ ਹਨ, ਉਨ੍ਹਾਂ ‘ਚ ਪੰਜਾਬ ਦਾ ਪੰਜਵਾਂ ਨੰਬਰ ਹੈ। ਵਿਦੇਸ਼ ਮੰਤਰਾਲੇ ਦੀ ਇਕ ਸੂਚਨਾ ਮੁਤਾਬਕ ਪੰਜਾਬ ‘ਚ 49 ਲੱਖ ਉਹ ਯੋਗ ਪਾਸਪੋਰਟ ਹਨ ਜਿਨ੍ਹਾਂ ਦੀ ਲੋਕ ਵਰਤੋਂ ਕਰ ਰਹੇ ਹਨ। ਦੇਸ਼ ‘ਚ ਪਹਿਲਾ ਨੰਬਰ ਕੇਰਲਾ ਦਾ ਹੈ, ਜਿਸ ‘ਚ 7228834 ਯੋਗ ਪਾਸਪੋਰਟ ਹਨ ਤੇ ਮਹਾਰਾਸ਼ਟਰ ‘ਚ ਇਸ ਵਰਗ ਵਿਚ ਪਾਸਪੋਰਟ 7139748, ਤਾਮਿਲਨਾਡੂ ਵਿਚ 670181 ਤੇ ਉੱਤਰ ਪ੍ਰਦੇਸ਼ ‘ਚ 5817825 ਪਾਸਪੋਰਟ ਹਨ।
ਜਾਣਕਾਰੀ ਅਨੁਸਾਰ ਇਸ ਵੇਲੇ ਪੰਜਾਬ ਵਿਚ 49 ਲੱਖ ਦੇ ਕਰੀਬ ਯੋਗ ਪਾਸਪੋਰਟ ਹੀ ਵਿਦੇਸ਼ ਮੰਤਰਾਲੇ ਦੇ ਰਿਕਾਰਡ ‘ਚ ਬੋਲ ਰਹੇ ਹਨ। ਚਾਹੇ ਇਸ ਤੋਂ ਜ਼ਿਆਦਾ ਗਿਣਤੀ ‘ਚ ਪਾਸਪੋਰਟ ਜਾਰੀ ਹੋਏ ਹੋਣਗੇ ਪਰ ਕਈ ਲੋਕਾਂ ਕੋਲ ਉਹ ਪਾਸਪੋਰਟ ਵੀ ਹੋਣਗੇ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਅਜੇ ਪਾਸਪੋਰਟਾਂ ਦਾ ਨਵੀਨੀਕਰਨ ਨਹੀਂ ਕਰਵਾਇਆ। ਪੰਜਾਬ ‘ਚ ਵੱਡੀ ਗਿਣਤੀ ਵਿਚ ਲੋਕਾਂ ਤੋਂ ਇਲਾਵਾ ਨੌਜਵਾਨ ਵਿਦੇਸ਼ ਜਾ ਰਹੇ ਹਨ, ਜਿਸ ਕਰਕੇ ਪਿਛਲੇ ਦੱਸ ਸਾਲ ‘ਚ ਪਾਸਪੋਰਟਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੋਆਬਾ ਤੇ ਮਾਝੇ ਦੇ ਜ਼ਿਲ੍ਹਿਆਂ ਵਿਚ ਸਾਲ 2012 ‘ਚ 1æ19 ਲੱਖ ਦੇ ਕਰੀਬ ਪਾਸਪੋਰਟ ਜਾਰੀ ਕੀਤੇ ਗਏ ਅਤੇ ਸਾਲ 2013 ‘ਚ 1æ66, ਸਾਲ 2014 ‘ਚ 2æ12 ਲੱਖ, ਸਾਲ 2015 ‘ਚ 2æ53, ਸਾਲ 2016 ‘ਚ 2æ69 ਲੱਖ, ਸਾਲ 2017 ‘ਚ 4æ21 ਲੱਖ ਦੇ ਕਰੀਬ ਪਾਸਪੋਰਟ ਜਾਰੀ ਕੀਤੇ ਗਏ।