ਵਿਰੋਧੀ ਧਿਰ ਦੀ ਪਾਟੋ-ਧਾੜ ਨਾਲ ਕੈਪਟਨ ਦੇ ਵਾਰੇ-ਨਿਆਰੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ‘ਕਮਜ਼ੋਰ ਵਿਰੋਧੀ ਧਿਰ’ ਕਾਰਨ ਹਾਕਮ ਧਿਰ ਕਾਂਗਰਸ ਮੁੜ ਆਪਣੀਆਂ ਨਾਕਾਮੀਆਂ ਉਤੇ ਘਿਰਨ ਤੋਂ ਬਚ ਗਈ। ਇਸ ਵਾਰ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅੰਦਰੂਨੀ ਫੁੱਟ ਕਾਰਨ ਆਪ ਹੀ ਉਲਝੀ ਰਹੀ।

ਆਮ ਆਦਮੀ ਪਾਰਟੀ ਆਪਣੇ 20 ਵਿਧਾਇਕਾਂ ਵਿਚੋਂ ਸਿਰਫ 10 ਦੇ ਸਹਾਰੇ ਹੀ ਕੈਪਟਨ ਸਰਕਾਰ ਨੂੰ ਘੇਰਨ ਲਈ ਮੈਦਾਨ ਵਿਚ ਡਟੀ। ਅਕਾਲੀ ਦਲ ਬਾਦਲ ਤੋਂ ਹਾਕਮ ਧਿਰ ਨੂੰ ਪਹਿਲਾਂ ਹੀ ਕੋਈ ਡਰ ਨਹੀਂ ਸੀ, ਕਿਉਂਕਿ ਪਿਛਲੇ ਦੋ ਸੈਸ਼ਨਾਂ ਵਿਚ ਅਕਾਲੀ ਦਲ ਨੇ ਵਿਧਾਨ ਸਭਾ ਦੇ ਅੰਦਰ ਸਰਕਾਰ ਨੂੰ ਘੇਰਨ ਦੀ ਥਾਂ ਬਾਹਰ ਮੋਰਚਾ ਲਾਈ ਰੱਖਿਆ। ਅਕਾਲੀ ਦਲ ਦੀ ਇਸ ਰਣਨੀਤੀ ਉਤੇ ਸਵਾਲ ਵੀ ਉਠੇ ਹਨ ਕਿ ਸਰਕਾਰ ਨੂੰ ਨਾਕਾਮੀਆਂ ਦੇ ਮੁੱਦੇ ਉਤੇ ਘੇਰਨ ਦੀ ਥਾਂ ਵਿਧਾਨ ਸਭਾ ਤੋਂ ਬਾਹਰ ਰੌਲਾ ਪਾ ਰਿਹਾ ਹੈ। ਇਸ ਪੰਥਕ ਧਿਰ ਉਤੇ ਕਾਂਗਰਸ ਨਾਲ ਰਲੇ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ।
ਅਸਲ ਵਿਚ ਕਾਂਗਰਸ ਸਰਕਾਰ ਇਸ ਪੱਖੋਂ ਖੁਸ਼ਕਿਸਮਤ ਰਹੀ ਹੈ ਕਿ ਉਸ ਨੂੰ ਇਕ ਕਮਜ਼ੋਰ ਵਿਰੋਧ ਧਿਰ ਟੱਕਰੀ ਹੈ। ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਮੁੱਖ ਵਿਰੋਧੀ ਧਿਰ ਬਣਨ ਦਾ ਮੌਕਾ ਮਿਲਿਆ ਹੈ ਪਰ ਹੁਣ ਤੱਕ ਉਹ ਵਿਰੋਧੀ ਧਿਰ ਦੇ ਦੋ ਆਗੂ ਬਦਲ ਚੁੱਕੀ ਹੈ। ਇਹ ਦੋਵੇਂ ਆਗੂ (ਐਚæਐਸ਼ ਫੂਲਕਾ, ਸੁਖਪਾਲ ਸਿੰਘ ਖਹਿਰਾ) ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਕੇ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਪਿਛਲੇ ਸੈਸ਼ਨ ਵਿਚ ਆਪ ਵਿਚੋਂ ਫੂਲਕਾ ਹੀ ਇਕ ਅਜਿਹੇ ਆਗੂ ਸਨ ਜਿਨ੍ਹਾਂ ਨੇ ਬੇਅਦਬੀ ਮੁੱਦੇ ਉਤੇ ਸਰਕਾਰ ਦੀਆਂ ਲੀਕਾਂ ਕਢਵਾ ਦਿੱਤੀਆਂ ਸਨ ਤੇ ਮਜਬੂਰ ਹੋ ਕੇ ਜਾਂਚ ਲਈ ਸਿੱਟ ਕਾਇਮ ਕਰਨੀ ਪਈ ਸੀ ਪਰ ਇਸ ਵਾਰ ਆਪ ਕੋਲ ਅਜਿਹਾ ਕੋਈ ਆਗੂ ਨਹੀਂ ਜੋ ਹਾਕਮ ਧਿਰ ਨੂੰ ਨਾਕਾਮੀਆਂ ਲਈ ਘੇਰ ਸਕੇ।
ਦੱਸ ਦਈਏ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿਚ ਆਈ ਸੀ ਪਰ ਦੋ ਸਾਲਾਂ ਵਿਚ ਇਕ ਵੀ ਵਾਅਦਾ ਸਿਰੇ ਨਹੀਂ ਚੜ੍ਹਿਆ। ਸੂਬੇ ਵਿਚ ਨਸ਼ੇ, ਕਿਸਾਨ ਖੁਦਕੁਸ਼ੀਆਂ ਤੇ ਬੇਰੁਜ਼ਗਾਰੀ ਸਮੇਤ ਕਈ ਮੁੱਦੇ ਹਨ ਜਿਸ ਉਤੇ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹਨ ਪਰ ਬਦਕਿਸਮਤੀ ਇਹ ਹੈ ਕਿ ਵਿਧਾਨ ਸਭਾ ਵਿਚ ਤਕੜੀ ਵਿਰੋਧੀ ਧਿਰ ਦੀ ਅਣਹੋਂਦ ਸਰਕਾਰ ਨੂੰ ਜਵਾਬਦੇਹੀ ਤੋਂ ਬਚਾ ਜਾਂਦੀ ਹੈ।
ਦਰਅਸਲ, 2017 ਵਿਚ ਆਮ ਆਦਮੀ ਪਾਰਟੀ ਨੇ 20 ਵਿਧਾਇਕਾਂ ਨਾਲ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਝਟਕੇ ਲੱਗਦੇ ਰਹੇ ਤੇ ਹੁਣ ਸਹੀ ਅਰਥਾਂ ਵਿਚ ਪਾਰਟੀ ਕੋਲ ਸਿਰਫ 10 ਵਿਧਾਇਕ ਰਹਿ ਗਏ ਹਨ। ਉਂਜ ਆਮ ਆਦਮੀ ਪਾਰਟੀ ਨੂੰ ਇਹ ਰੁਤਬਾ ਵੀ ਕਾਂਗਰਸ ਦੀ ਹੀ ਬਦੌਲਤ ਮਿਲਿਆ ਹੋਇਆ ਹੈ ਕਿਉਂਕਿ ਸਪੀਕਰ ਨੇ ਨਾ ਤਾਂ ਕੁਝ ‘ਆਪ’ ਵਿਧਾਇਕਾਂ ਦਾ ਅਸਤੀਫਾ ਸਵੀਕਾਰ ਕੀਤਾ ਹੈ ਤੇ ਨਾ ਹੀ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। ਦੱਸ ਦਈਏ ਕਿ ‘ਆਪ’ ਦੇ ਵਿਧਾਇਕ ਐਚæਐਸ਼ ਫੂਲਕਾ ਵਲੋਂ ਅਸਤੀਫਾ ਪ੍ਰਵਾਨ ਨਾ ਹੋਣ ਦੇ ਬਾਵਜੂਦ ਸੈਸ਼ਨ ਵਿਚ ਨਾ ਆਉਣ ਦਾ ਐਲਾਨ ਕਰਨ ਅਤੇ ਦੋ ਵਿਧਾਇਕਾਂ ਨਾਜ਼ਰ ਸਿੰਘ ਮਾਨਸਾਹੀਆ ਤੇ ਅਮਰਜੀਤ ਸਿੰਘ ਸੰਦੋਆ ਦੇ ਕਾਂਗਰਸ ਵਿਚ ਸ਼ਾਮਲ ਹੋ ‘ਆਪ’ ਪੂਰੀ ਤਰ੍ਹਾਂ ਖਿੱਲਰ ਗਈ ਹੈ। ਸੁਨਾਮ ਦੇ ਵਿਧਾਇਕ ਅਮਨ ਅਰੋੜਾ ਵੀ ਬਿਜਲੀ ਅੰਦੋਲਨ ਦੀ ਅਗਵਾਈ ਕਰਨ ਦੀ ਦਿੱਤੀ ਜ਼ਿੰਮੇਵਾਰੀ ਤੋਂ ਨਾਟਕੀ ਢੰਗ ਨਾਲ ਹਟਾਉਣ ਕਾਰਨ ਪਿਛਲੇ ਦਿਨਾਂ ਤੋਂ ਨਾਰਾਜ਼ ਚੱਲ ਰਹੇ ਹਨ। ਇਸ ਕਾਰਨ ‘ਆਪ’ ਦੇ ਕੇਵਲ 10 ਦੇ ਕਰੀਬ ਵਿਧਾਇਕ ਹੀ ਬੱਝਵੇਂ ਰੂਪ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਿਧਾਨ ਸਭਾ ਦੇ ਸੈਸ਼ਨ ਵਿਚ ਡਟੇ।
ਦੂਸਰੇ ਪਾਸੇ, ਪਾਰਟੀ ਦੀ ਬਾਗੀ ਧਿਰ ਵਿਚੋਂ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿਚ ਸ਼ਾਮਲ ਹੋਣ ਕਾਰਨ ਇਹ ਧੜਾ ਵੀ ਦੋ ਹਿੱਸਿਆਂ ਵਿਚ ਵੰਡਿਆ ਪਿਆ ਹੈ। ਸੁਖਪਾਲ ਖਹਿਰਾ ਨੇ ਆਪਣੀ ਨਵੀਂ ਪੰਜਾਬ ਏਕਤਾ ਪਾਰਟੀ ਬਣਾ ਲਈ ਹੈ ਅਤੇ ਉਨ੍ਹਾਂ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਸਮੇਤ ਲੋਕ ਸਭਾ ਦੀ ਚੋਣ ਲੜੀ ਹੈ। ਇਸ ਤਰ੍ਹਾਂ ਸ੍ਰੀ ਖਹਿਰਾ ਤੇ ਬਲਦੇਵ ਸਿੰਘ ਦਾ ਵੱਖਰਾ ਖੇਮਾ ਬਣ ਗਿਆ ਹੈ। ਦੂਸਰੇ ਪਾਸੇ ਬਾਕੀ 4 ਬਾਗੀ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਅਤੇ ਜਗਦੇਵ ਸਿੰਘ ਕਮਾਲੂ ਵਲੋਂ ਸ੍ਰੀ ਖਹਿਰਾ ਦੀ ਪਾਰਟੀ ਵਿਚ ਸ਼ਾਮਲ ਹੋਣ ਦੀ ਥਾਂ ‘ਆਪ’ ਦੇ ਪਲੇਟਫਾਰਮ ਤੋਂ ਹੀ ਵੱਖਰੇ ਤੌਰ ‘ਤੇ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਕਿਸੇ ਸਮੇਂ ‘ਆਪ’ ਨਾਲ ਗੱਠਜੋੜ ਕਰਨ ਵਾਲੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਇਸ ਪਾਰਟੀ ਤੋਂ ਲੰਮੇ ਸਮੇਂ ਤੋਂ ਸਿਆਸੀ ਸਾਂਝ ਤੋੜ ਚੁੱਕੇ ਹਨ।