‘ਪੰਜਾਬ ਟਾਈਮਜ਼’ ਦੇ 27 ਅਪਰੈਲ ਵਾਲੇ ਅੰਕ ਵਿਚ ਤੁਸੀਂ ਜੋ ਵਿਚਾਰ ‘ਧੜੇਬੰਦਕ ਸਿਆਸਤ ਅਤੇ ਪੰਜਾਬੀ ਅਖ਼ਬਾਰ’ ਦੇ ਸਿਰਲੇਖ ਹੇਠ ਪਾਠਕਾਂ ਦੀ ਕਚਿਹਰੀ ਵਿਚ ਸਾਹਮਣੇ ਰੱਖੇ ਹਨ, ਪੜ੍ਹ ਕੇ ਦੁੱਖ ਹੋਇਆ ਕਿ ਆਪਣੇ ਆਪ ਨੂੰ ਧਾਰਮਿਕ ਸਦਵਾਉਣ ਵਾਲੇ ਅਤੇ ਧਾਰਮਿਕ ਸਥਾਨਾਂ ‘ਤੇ ਕਬਜ਼ੇ ਕਰੀ ਬੈਠੇ ਲੋਕਾਂ ਦੇ ਚਿਹਰੇ-ਮੋਹਰੇ ਤਾਂ ਕਿੰਨੇ ਸਾਊ ਤੇ ਬੀਬੇ ਹਨ ਪਰ ਕਿਰਦਾਰ ਕਿੰਨੇ ਖੋਖਲੇ ਹਨ! ਪਾਠਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਪੰਜਾਬ ਟਾਈਮਜ਼ ਇਕ ਮਿਆਰੀ ਅਖਬਾਰ ਹੈ ਅਤੇ ਇਸ ਦੇ ਮੁਕਾਬਲੇ ਹੋਰ ਕੋਈ ਪੰਜਾਬੀ ਅਖਬਾਰ ਨਹੀਂ ਹੈ। ਗੁਰੂਘਰਾਂ ਵਿਚ ਬੈਠ ਕੇ ਸੱਚ ਅਤੇ ਹੱਕ ਦੀਆਂ ਗੱਲਾਂ ਕਰਨ ਵਾਲੇ ਸੇਵਾਦਾਰਾਂ ਨੂੰ ਇਹ ਕੌੜਾ ਸੱਚ ਪੜ੍ਹ ਕੇ ਜ਼ਰੂਰ ਅਹਿਸਾਸ ਹੋਣਾ ਚਾਹੀਦਾ ਹੈ ਅਤੇ ‘ਪੰਜਾਬ ਟਾਈਮਜ਼’ ਵਿਚ ਲਵਾਏ ਇਸ਼ਤਿਹਾਰਾਂ ਦੀ ਅਦਾਇਗੀ ਜੋ ਉਹ ਹੁਣ ਤੱਕ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਇਹ ਅਦਾਇਗੀ ਤੁਰੰਤ ਕਰ ਦੇਣੀ ਚਾਹੀਦੀ ਹੈ। ਇਸ ਨਾਲ ਅਖ਼ਬਾਰ ਨੂੰ ਉਸ ਦਾ ਬਣਦਾ ਹੱਕ ਵੀ ਮਿਲ ਜਾਵੇਗਾ ਤੇ ਪ੍ਰਬੰਧਕ ਵੀਰਾਂ ਦੇ ਸਿਰਾਂ ਤੋਂ ਬੋਝ ਵੀ ਲੱਥ ਜਾਵੇਗਾ। ਗੁਰੂਘਰਾਂ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਸੇਵਾਵਾਂ ਖ਼ਤਮ ਹੋਣ ਤੋਂ ਪਹਿਲਾਂ ਆਪਣੇ ਸਾਰੇ ਲੈਣ-ਦੇਣ ਪੂਰੇ ਕਰ ਕੇ ਸੇਵਾ-ਮੁਕਤ ਹੋਇਆ ਕਰਨ। ਸਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਇਹ ਫੁਰਮਾਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਖਾਇ॥”
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
Leave a Reply