ਚੰਡੀਗੜ੍ਹ: ਪੰਜਾਬ ਦੀਆਂ 6 ਸਿੱਖ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਨੇ ਇਕ ਪਲੇਟਫਾਰਮ ਤੋਂ ਸੂਬੇ ਦੇ ਅਹਿਮ ਮੁੱਦਿਆਂ ਉਪਰ ਸਾਂਝਾ ਸੰਘਰਸ਼ ਛੇੜਨ ਦਾ ਐਲਾਨ ਕੀਤਾ ਹੈ, ਜਿਸ ਦੇ ਪਹਿਲੇ ਪੜਾਅ ਵਿਚ 15 ਅਗਸਤ ਨੂੰ ਆਜ਼ਾਦੀ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣ ਅਤੇ ਇਸ ਦਿਨ ਪੰਜਾਬ ਭਰ ਵਿਚ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਅਕਾਲੀ ਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਇਕੱਠੀਆਂ ਹੋਈਆਂ 6 ਧਿਰਾਂ ਕਾਰਨ ਪੰਜਾਬ ਵਿਚ ਨਵੇਂ ਸਿਆਸੀ ਸਮੀਕਰਨ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ।
ਕਿਸਾਨ ਭਵਨ ਵਿਚ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ ਤੇ ਗੋਪਾਲ ਸਿੰਘ ਸਿੱਧੂ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਗੁਰਨਾਮ ਸਿੰਘ ਸਿੱਧੂ, ਦਲ ਖਾਲਸਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਕੰਵਰਪਾਲ ਸਿੰਘ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਕੱਤਰ ਰਾਜਾ ਰਜਿੰਦਰ ਸਿੰਘ ਮਨਹੇੜੀਆਂ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਜਗਤਾਰ ਸਿੰਘ ਘੜੂੰਆਂ, ਬਹੁਜਨ ਮੁਕਤੀ ਮੋਰਚੇ ਦੇ ਪ੍ਰਧਾਨ ਕੁਲਦੀਪ ਸਿੰਘ ਈਸ਼ਾਪੁਰ ਅਤੇ ਐਸ਼ਐਫ਼ਐਸ਼ ਦੇ ਆਗੂ ਹਰਮਨਜੀਤ ਸਿੰਘ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਆਰ.ਐਸ਼ ਬੈਂਸ ਸਮੇਤ ਵੱਡੀ ਗਿਣਤੀ ਵਿਚ ਲੀਡਰਸ਼ਿਪ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ।
ਆਗੂਆਂ ਨੇ ਸੰਕੇਤ ਦਿੱਤੇ ਕਿ ਜਲਦ ਹੀ ਇਨ੍ਹਾਂ ਸਾਰੀਆਂ ਧਿਰਾਂ ਦਾ ਸਾਂਝਾ ਪਲੇਟਫਾਰਮ ਬਣਾ ਕੇ ਪੰਜਾਬ ਦੇ ਗੰਭੀਰ ਮੁੱਦਿਆਂ ਉਪਰ ਸਾਂਝਾ ਮੋਰਚਾ ਲਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਸ ਮੁਹਾਜ਼ ਨੂੰ ਹੋਰ ਵਿਸ਼ਾਲ ਕਰਨ ਲਈ ਉਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਖਾਣ ਵਾਲੀਆਂ ਹੋਰ ਧਿਰਾਂ ਨੂੰ ਵੀ ਇਸ ਮੰਚ ਨਾਲ ਜੋੜਿਆ ਜਾਵੇਗਾ। ਸਿਆਸੀ ਹਲਕਿਆਂ ਅਨੁਸਾਰ ਸਿੱਖ ਧਿਰਾਂ ਦੀ ਅਜਿਹੀ ਸਾਂਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਵਜੋਂ ਵੀ ਦੇਖੀ ਜਾ ਰਹੀ ਹੈ ਕਿਉਂਕਿ ਪੰਥਕ ਧਿਰਾਂ ਨੇ ਇਸ ਵਾਰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਗਲਬਾ ਤੋੜਨ ਦੀ ਤਿਆਰੀ ਕੀਤੀ ਹੈ। ਇਨ੍ਹਾਂ 6 ਧਿਰਾਂ ਨੇ ਪਹਿਲੇ ਪੜਾਅ ਵਿਚ ਸੂਬੇ ਦੇ 4 ਅਹਿਮ ਮੁੱਦਿਆਂ ਉਪਰ ਸੰਘਰਸ਼ ਛੇੜਨ ਦਾ ਫੈਸਲਾ ਲਿਆ ਹੈ, ਜਿਨ੍ਹਾਂ ਵਿਚ ਸਤਲੁਜ ਯਮਨਾ ਲਿੰਕ ਨਹਿਰ (ਐਸ਼ਵਾਈ.ਐਲ਼) ਦੀ ਉਸਾਰੀ ਮੁੜ ਸ਼ੁਰੂ ਕਰਵਾਉਣ ਦੀ ਚੱਲ ਰਹੀ ਚਾਲ, ਸਿੱਖ ਨੌਜਵਾਨ ਦੇ ਕਾਤਲ 4 ਪੁਲਿਸ ਮੁਲਾਜ਼ਮਾਂ ਦੀ ਸਜ਼ਾ ਮੁਆਫ ਕਰਨ, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਬੇਅਦਬੀਆਂ ਦੇ ਕਾਂਡ ਦੇ ਮਾਮਲੇ ਸਬੰਧੀ ਅਦਾਲਤ ਵਿਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਅਤੇ ਐਨ.ਆਈ.ਏ. ਨੂੰ ਅਤਿਵਾਦੀ ਗਤੀਵਿਧੀਆਂ ਠੱਲ੍ਹਣ ਦੀ ਆੜ ਵਿਚ ਦਿੱਤੇ ਜਾ ਰਹੇ ਅਥਾਹ ਅਧਿਕਾਰ ਦੇ ਮੁੱਦੇ ਸ਼ਾਮਲ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਬੇਅਦਬੀ ਕਾਂਡ ਦੀ ਜਾਂਚ ਸੀ.ਬੀ.ਆਈ. ਨੂੰ ਦਿੱਤੀ ਸੀ ਅਤੇ ਸੀ.ਬੀ.ਆਈ. ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ਼ਆਈ.ਟੀ.) ਦੀ ਪੜਤਾਲ ਵਿਚ ਆਏ ਤੱਥਾਂ ਨੂੰ ਨਕਾਰ ਕੇ ਕਲੋਜ਼ਰ ਰਿਪੋਰਟ ਅਦਾਲਤ ਵਿਚ ਪੇਸ਼ ਕਰ ਦਿੱਤੀ ਹੈ, ਜੋ ਸਿੱਖਾਂ ਨਾਲ ਇਕ ਹੋਰ ਵੱਡੀ ਸਾਜ਼ਿਸ਼ ਹੋਈ ਹੈ।