ਹਜੂਮੀ ਹਿੰਸਾ ਖਿਲਾਫ ਅਵਾਜ਼ ਬੁਲੰਦ

ਨਵੀਂ ਦਿੱਲੀ: ਹਜੂਮੀ ਹਿੰਸਾ ਵਿਰੁੱਧ ਅਵਾਜ਼ ਬੁਲੰਦ ਹੋਣ ਲੱਗੀ ਹੈ। 49 ਬੁੱਧੀਜੀਵੀਆਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਜਿਥੇ ਉਨ੍ਹਾਂ ਦਾ ਧਿਆਨ ਪਿਛਲੇ ਦਿਨੀਂ ਹੋਈਆਂ ਹਜੂਮੀ ਹਿੰਸਾ ਦੀਆਂ ਘਟਨਾਵਾਂ ਵੱਲ ਦਿਵਾਇਆ ਹੈ, ਉਥੇ ਸਰਕਾਰ ਦੀ ਢਿੱਲ ਉਤੇ ਕਾਨੂੰਨੀ ਡੰਡਾਂ ਵੀ ਚੜ੍ਹਨ ਲੱਗਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਹਜੂਮੀ ਹਿੰਸਾ ਦੀਆਂ ਘਟਨਾਵਾਂ ‘ਤੇ ਨੱਥ ਪਾਉਣ ਲਈ ਜਾਰੀ ਕੀਤੇ ਨਿਰਦੇਸ਼ਾਂ ਨੂੰ ਲਾਗੂ ਨਾ ਕਰਨ ਉਤੇ ਕੇਂਦਰ ਸਰਕਾਰ ਤੋਂ ਜਵਾਬ ਮੰਗ ਲਿਆ ਹੈ।

ਬੈਂਚ ਨੇ ਇੰਡੀਆ ਟਰੱਸਟ ਦੀ ਭ੍ਰਿਸ਼ਟਾਚਾਰ ਵਿਰੋਧੀ ਪ੍ਰੀਸ਼ਦ ਜਥੇਬੰਦੀ ਵੱਲੋਂ ਦਾਖਲ ਪਟੀਸ਼ਨ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ।
ਸੁਪਰੀਮ ਕੋਰਟ ਅੱਗੇ ਦਲੀਲ ਦਿੱਤੀ ਗਈ ਹੈ ਕਿ ਹਜੂਮੀ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਅਦਾਲਤ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਉਠਾਏ ਜਾ ਰਹੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਹਵਾਲੇ ਨਾਲ ਦੱਸਿਆ ਹੈ ਕਿ 2016 ਵਿਚ ਦਲਿਤਾਂ ਉਤੇ ਜ਼ੁਲਮ-ਜਬਰ ਦੀਆਂ 840 ਘਟਨਾਵਾਂ ਹੋਈਆਂ ਹਨ ਜਦੋਂਕਿ ਸਜ਼ਾ ਮਿਲਣ ਵਾਲਿਆਂ ਦੀ ਗਿਣਤੀ ਘਟਦੀ ਗਈ। ਹਜੂਮੀ ਹਿੰਸਾ ਦੇ ਨਾਲ ਨਾਲ ਇਨ੍ਹਾਂ ਬੁੱਧੀਜੀਵੀਆਂ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਨੂੰ ਜਬਰੀ ਲਗਵਾਉਣ/ ਬੁਲਵਾਉਣ ਦੇ ਰੁਝਾਨ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਾ ਤਾਂ ਸੱਤਾਧਾਰੀ ਪਾਰਟੀ ਦੀ ਆਲੋਚਨਾ ਦੇਸ਼ ਦੀ ਆਲੋਚਨਾ ਹੈ ਅਤੇ ਨਾ ਹੀ ਸੱਤਾਧਾਰੀ ਪਾਰਟੀ ਦੀ ਤੁਲਨਾ ਦੇਸ਼ ਨਾਲ ਕੀਤੀ ਜਾ ਸਕਦੀ ਹੈ; ਨਾ ਹੀ ਇਸ ਤਰ੍ਹਾਂ ਦੀ ਆਲੋਚਨਾ ਕਰਨ ਵਾਲੇ ਨੂੰ ਰਾਸ਼ਟਰ-ਵਿਰੋਧੀ ਜਾਂ ਦੇਸ਼-ਧ੍ਰੋਹੀ ਕਿਹਾ ਜਾ ਸਕਦਾ ਹੈ।
ਉੱਘੀਆਂ ਸ਼ਖਸੀਅਤਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਚਿੱਠੀ ਵਿਚ ਕਿਹਾ ਕਿ ‘ਜੈ ਸ੍ਰੀ ਰਾਮ’ ਦਾ ਨਾਅਰਾ ਹਿੰਸਾ ਭੜਕਾਉਣ ਦਾ ਜ਼ਰੀਆ ਬਣਨ ਲੱਗਾ ਹੈ। ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਤੋਂ ਨਾਂਹ ਕਰਨ ਕਰਕੇ ਹਜੂਮ ਵੱਲੋਂ ਕੁੱਟ ਕੁੱਟ ਕੇ ਮਾਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਸ੍ਰੀ ਮੋਦੀ ਦੇ ਨਾਂ ਖੁੱਲ੍ਹੀ ਚਿੱਠੀ ‘ਚ ਲਿਖਿਆ ਗਿਆ ਹੈ, ‘ਅਸੀਂ ਅਮਨ ਪਸੰਦ ਸ਼ਹਿਰੀ ਹਾਂ ਤੇ ਸਾਨੂੰ ਭਾਰਤੀ ਹੋਣ ‘ਤੇ ਮਾਣ ਹੈ। ਅਸੀਂ ਮੁਲਕ ਵਿਚ ਵਾਪਰ ਰਹੀਆਂ ਹਾਲੀਆ ਦਰਦਨਾਕ ਘਟਨਾਵਾਂ ਤੋਂ ਫਿਕਰਮੰਦ ਹਾਂ। ਹਜੂਮ ਵੱਲੋਂ ਮੁਸਲਮਾਨਾਂ, ਦਲਿਤਾਂ ਤੇ ਹੋਰਨਾਂ ਘੱਟ ਗਿਣਤੀਆਂ ਨੂੰ ਕੁੱਟ ਕੁੱਟ ਕੇ ਮਾਰਨ ਦੀਆਂ ਘਟਨਾਵਾਂ ‘ਤੇ ਫੌਰੀ ਲਗਾਮ ਲਾਈ ਜਾਵੇ। ਪੱਤਰ ਵਿੱਚ ‘ਫੈਕਟਚੈੱਕਰ ਇਨਡੇਟਾਬੇਸ’ ਅਤੇ ‘ਸਿਟੀਜ਼ਨ’ਜ਼ ਰਿਲੀਜੀਅਸ ਹੇਟ-ਕਰਾਈਮ ਵਾਚ’ ਦੀਆਂ ਲੱਭਤਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਨੌਂ ਸਾਲਾਂ ਵਿਚ ‘ਧਾਰਮਿਕ ਪਛਾਣ ਅਧਾਰਿਤ ਨਫਰਤੀ ਹਮਲਿਆਂ’ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਹਜੂਮੀ ਹਿੰਸਾ ਦੇ ਸ਼ਿਕਾਰ ਪੀੜਤਾਂ ਵਿਚੋਂ 62 ਫੀਸਦ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ। ਕੁੱਟ ਕੁੱਟ ਕੇ ਮਾਰਨ ਦੀਆਂ ਕਈ ਘਟਨਾਵਾਂ ‘ਜੈ ਸ੍ਰੀ ਰਾਮ’ ਨਾ ਬੋਲਣ ਨੂੰ ਲੈ ਕੇ ਵਾਪਰੀਆਂ ਹਨ।
________________________
ਦਲਿਤ ਤੇ ਘੱਟ ਗਿਣਤੀ ਪੂਰੀ ਤਰ੍ਹਾਂ ਸੁਰੱਖਿਅਤ: ਨਕਵੀ
ਕੋਲਕਾਤਾ: ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕੁਝ ਲੋਕ ਅਜੇ ਵੀ ਚੋਣਾਂ ਵਿਚ ਮਿਲੀ ਹਾਰ ਦੇ ਸਦਮੇ ‘ਚੋਂ ਉਭਰਨ ਵਿਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਰਹਿੰਦੇ ਦਲਿਤ ਤੇ ਘੱਟ ਗਿਣਤੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਖੁੱਲ੍ਹੀ ਚਿੱਠੀ ਲਿਖਣ ਵਾਲੇ ਲੋਕ ‘ਅਪਰਾਧਿਕ ਘਟਨਾਵਾਂ’ ਨੂੰ ਫਿਰਕੂ ਰੰਗਤ ਦੇਣਾ ਚਾਹੁੰਦੇ ਹਨ।