ਪਰਵਾਸ ਦਾ ਚਾਅ: ਧੋਖੇਬਾਜ਼ ਏਜੰਟਾਂ ਦੇ ਜਾਲ ਵਿਚ ਫਸੇ ਪੰਜਾਬੀ ਨੌਜਵਾਨ

ਚੰਡੀਗੜ੍ਹ: ਪੰਜਾਬ ਵਿਚੋਂ ਕਿਸੇ ਵੀ ਹਾਲ ਵਿਦੇਸ਼ ਚਲੇ ਜਾਣ ਦੀ ਚਾਹਤ ਤਹਿਤ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਸੱਤ ਨੌਜਵਾਨਾਂ ਦੇ ਵਾਪਸ ਆ ਜਾਣ ਨਾਲ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਤੋਂ ਪਹਿਲਾਂ ਇਰਾਕ ਗਏ 30 ਦੇ ਕਰੀਬ ਪੰਜਾਬੀਆਂ ਦੇ ਪਿੰਜਰ ਹੀ ਵਾਪਸ ਆ ਸਕੇ ਸਨ ਅਤੇ ਸਾਲਾਂਬੱਧੀ ਮਾਪਿਆਂ ਨੂੰ ਉਡੀਕ ਕਰਨੀ ਪਈ ਸੀ।

ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਵਰਗਲਾ ਕੇ 7 ਤੋਂ 800 ਡਾਲਰ ਪ੍ਰਤੀ ਮਹੀਨਾ ਤਨਖਾਹ ਅਤੇ ਖਾਣਾ ਮਿਲਣ ਦਾ ਵਾਅਦਾ ਕੀਤਾ ਸੀ ਪਰ ਉਥੇ ਜਾ ਕੇ ਹੀ ਪਤਾ ਲੱਗਿਆ ਕਿ ਕਾਗਜ਼ ਪੱਤਰਾਂ ਉਤੇ ਅਜਿਹਾ ਕੋਈ ਸਮਝੌਤਾ ਨਹੀਂ। ਇਥੋਂ ਤੱਕ ਕਿ ਇਨ੍ਹਾਂ ਨੌਜਵਾਨਾਂ ਦੇ ਨਾਮ ਕੋਈ ਵਰਕਿੰਗ ਐਗਰੀਮੈਂਟ ਵੀ ਨਹੀਂ ਹੈ। ਇਸ ਲਈ ਕੰਮ ਦੀ ਬਜਾਏ ਉਨ੍ਹਾਂ ਉਤੇ ਜੁਰਮਾਨਾ ਲਗਦਾ ਰਿਹਾ ਜੋ 14 ਹਜ਼ਾਰ ਡਾਲਰ ਤੱਕ ਪਹੁੰਚ ਗਿਆ। ਉਨ੍ਹਾਂ ਦੇ ਮਾਪਿਆਂ ਵੱਲੋਂ ਸੰਪਰਕ ਕਰਨ ਉਤੇ ਅਕਾਲੀ ਆਗੂਆਂ ਦੇ ਦਖਲ ਨਾਲ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਨੂੰ ਵਾਪਸ ਲਿਆਉਣ ਦਾ ਰਾਹ ਤਿਆਰ ਕਰਵਾ ਦਿੱਤਾ।
ਇਹ ਪਹਿਲਾ ਮੌਕਾ ਨਹੀਂ ਕਿ ਨੌਜਵਾਨਾਂ ਨਾਲ ਧੋਖਾ ਹੋਇਆ ਹੈ। ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵਿਚ ਗੈਰਕਾਨੂੰਨੀ ਜਾਣ ਵਾਲੇ ਹਜ਼ਾਰਾਂ ਪੰਜਾਬੀ ਜੇਲ੍ਹਾਂ ਵਿਚ ਹਨ। ਵਿਦਿਆਰਥੀ ਵੀਜ਼ੇ ਰਾਹੀਂ ਜਾਣ ਵਾਲਿਆਂ ਦੀ ਗਿਣਤੀ ਪ੍ਰਤੀ ਸਾਲ ਵਧਦੀ ਜਾ ਰਹੀ ਹੈ ਅਤੇ ਇਹ ਡੇਢ ਲੱਖ ਨੂੰ ਢੁੱਕ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਵੀ ਨੌਜਵਾਨਾਂ ਨੂੰ ਪੰਜਾਬ ਅੰਦਰ ਜਿਊਣ ਦੀ ਉਮੀਦ ਖਤਮ ਹੁੰਦੀ ਨਜ਼ਰ ਆ ਰਹੀ ਹੈ। ਰੁਜ਼ਗਾਰ ਦੀ ਗਰੰਟੀ ਜਾਂ ਸਵੈਮਾਣ ਨਾਲ ਜੀਵਨ ਜਿਊਣ ਦੇ ਹਾਲਾਤ ਨਾ ਹੋਣ ਦੀ ਦਲੀਲ ਦਿੰਦਿਆਂ ਪੰਜਾਬੀਆਂ ਦਾ ਆਪਣੀ ਮਿੱਟੀ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਪੰਜਾਬ ਦੇ ਤਾਣੇ-ਬਾਣੇ ਨੂੰ ਠੀਕ ਕਰਨ ਦੇ ਸਮੂਹਿਕ ਉਪਰਾਲੇ ਦੀ ਥਾਂ ਇਕੱਲੇ ਇਕੱਲੇ ਆਪਣਾ ਜੀਵਨ ਸੰਵਾਰਨ ਦਾ ਰਾਹ ਵਿਦੇਸ਼ਾਂ ਦੀ ਖੁਆਰੀ ਦਾ ਸਬੱਬ ਵੀ ਬਣ ਰਿਹਾ ਹੈ।
ਇੰਨੇ ਵੱਡੇ ਪੱਧਰ ਉਤੇ ਇਕ ਤਰ੍ਹਾਂ ਇਸ ਮਜਬੂਰੀ ਵੱਸ ਹਿਜਰਤ ਦੇ ਬਾਵਜੂਦ ਨੀਤੀ ਘਾੜਿਆਂ ਅਤੇ ਸਰਕਾਰਾਂ ਲਈ ਇਹ ਚਿੰਤਾ ਅਤੇ ਚਿੰਤਨ ਦਾ ਮੁੱਦਾ ਹੀ ਨਹੀਂ। ਪੰਜਾਬ ਵਿਚ ਆਏ ਦਿਨ ਠੱਗ ਰਹੇ ਟਰੈਵਲ ਏਜੰਟਾਂ ਨੂੰ ਵੀ ਨੱਥ ਨਹੀਂ ਪਾਈ ਜਾ ਰਹੀ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਠ ਮਹੀਨਿਆਂ ਤੋਂ ਇਰਾਕ ਵਿਚ ਫਸੇ ਰਹਿਣ ਮਗਰੋਂ ਵਤਨ ਪਰਤੇ ਸੱਤ ਪੰਜਾਬੀ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਤੋਂ ਉਨ੍ਹਾਂ ਠੱਗ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ, ਜਿਹੜੇ ਪੰਜਾਬੀ ਲੜਕੀਆਂ ਨੂੰ ਵਿਦੇਸ਼ਾਂ ਵਿਚ ਨੌਕਰੀ ਦਿਵਾਉਣ ਦੀ ਆੜ ਵਿਚ ਵੇਚ ਦਿੰਦੇ ਹਨ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਅਕਾਲੀ ਦਲ ਪ੍ਰਧਾਨ ਨੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ, ਜਿਸ ਨੇ ਸੱਤ ਲੜਕਿਆਂ ਦੀ ਵਾਪਸੀ ਲਈ ਇਰਬਿਲ ਦੇ ਕੌਂਸਲ ਜਨਰਲ ਨੂੰ ਦਖਲ ਦੇਣ ਅਤੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਸੀ। ਉਨ੍ਹਾਂ ਅਕਾਲੀ ਦਲ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੌਜਵਾਨਾਂ ਦੀ ਵਾਪਸੀ ਲਈ ਟਿਕਟਾਂ ਦਾ ਪ੍ਰਬੰਧ ਕੀਤਾ।
___________________________
ਟਰੈਵਲ ਏਜੰਟਾਂ ਖਿਲਾਫ ਸਖਤੀ ਦੀ ਉਠੀ ਮੰਗ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਠੱਗਣ ਵਾਲੇ ਸਾਰੇ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਸਾਰੀਆਂ ਔਰਤਾਂ ਨੂੰ ਵਾਪਸ ਲਿਆਉਣ ਲਈ ਕਦਮ ਚੁੱਕਣੇ ਚਾਹੀਦੇ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਦਿਵਾਉਣ ਦੇ ਬਹਾਨੇ ਇਰਾਕ ਅਤੇ ਦੂਜੀਆਂ ਥਾਵਾਂ ‘ਤੇ ਵੇਚ ਦਿੱਤਾ ਜਾਂਦਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨਾਲ ਦੋਹਰੀ ਠੱਗੀ ਵੱਜੀ ਹੈ। ਪਹਿਲਾਂ ਉਨ੍ਹਾਂ ਨੂੰ ਕਾਂਗਰਸ ਸਰਕਾਰ ਵੱਲੋਂ ਠੱਗਿਆ ਗਿਆ ਹੈ ਜਿਸ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਅਤੇ ਹੁਣ ਉਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਠੱਗ ਲਿਆ ਹੈ। ਬਿਕਰਮ ਸਿੰਘ ਮਜੀਠੀਆ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਆਗੂਆਂ ਨੇ ਉਸ ਏਜੰਟ ਨੂੰ ਸ਼ਰਨ ਦਿੱਤੀ ਸੀ, ਜਿਸ ਨੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਸੀ।