ਜਦ ਮੁਲਕ ਮੌਤ ਦਾ ਜਬਾੜਾ ਬਣਦਾ ਹੈ…

ਹੱਦਾਂ-ਸਰਹੱਦਾਂ ਅਤੇ ਪਰਵਾਸ ਦੀ ਸਿਆਸਤ
ਡਾ. ਕੁਲਦੀਪ ਕੌਰ
ਫੋਨ: +91-98554-04330
ਭਾਰਤ ਵਿਚ 12 ਜੁਲਾਈ 2019 ਦੀ ਸਵੇਰ ਦੀ ਸ਼ੁਰੂਆਤ ‘ਬੇਹੱਦ ਮਾਮੂਲੀ’ ਘਟਨਾ ਨਾਲ ਹੋਈ। ਮੁਲਕ ਦੇ ਇਕ ਖਿੱਤੇ ਆਸਾਮ ਵਿਚ ਦਸ ਜਣਿਆਂ ਖਿਲਾਫ, ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਬਾਰੇ ਵਿਅੰਗਤਾਮਕ ਕਵਿਤਾ ਲਿਖਣ ਕਾਰਨ ਪੁਲਿਸ ਕੇਸ ਦਰਜ ਕੀਤਾ ਗਿਆ। ਕਵਿਤਾ ਲਿਖਣ-ਪੜ੍ਹਨ ਬਾਰੇ ਇੰਨੀ ਫੁਰਤੀ ਨਾਲ ਹਰਕਤ ਵਿਚ ਆਉਣ ਵਾਲਾ ਸਰਕਾਰੀ ਢਾਂਚਾ ਇਸ ਤੋਂ ਠੀਕ ਤਿੰਨ ਦਿਨ ਪਹਿਲਾ ਉਸੇ ਖਿੱਤੇ ਵਿਚ ਵਾਪਰੀ ‘ਇਕ ਆਮ ਤੇ ਗੈਰ-ਜ਼ਰੂਰੀ ਘਟਨਾ’ ਸਮੇਂ ਆਪਣੀ ਤਲਿੱਸਮੀ ਚੁੱਪ ਬਰਕਰਾਰ ਰੱਖਦਾ ਹੈ। ਖਬਰ ਅਨੁਸਾਰ ਮਹਿਜ਼ ਚਾਲੀ ਦਿਨਾਂ ਦੀ ਬੱਚੀ ਜਿਹੜੀ ਕਈ ਦਿਨਾਂ ਤੋਂ ਆਪਣੇ ਮਾਂ-ਪਿਉ ਨਾਲ ਆਪਣਾ ਨਾਮ ਇਸ ਰਜਿਸਟਰ ਵਿਚ ਦਰਜ ਕਰਵਾਉਣ ਲਈ ਚੱਕਰ ਕੱਟ ਰਹੀ ਸੀ; ਗਰਮੀ, ਬਿਮਾਰੀ ਤੇ ਭੁੱਖ ਨਾਲ ਚੱਲ ਵਸੀ।

ਇਹ ਖਬਰ ਇੰਨੀ ‘ਆਮ ਤੇ ਗੈਰ-ਜ਼ਰੂਰੀ’ ਸੀ ਕਿ ਕਿਸੇ ਅਖਬਾਰ ਜਾਂ ਚੈਨਲ ਨੇ ਇਹ ਖਬਰ ਨਸ਼ਰ ਕਰਨੀ ਮੁਨਾਸਿਬ ਨਹੀਂ ਸਮਝੀ। ਇਸ ਬਾਲੜੀ ਦਾ 2015 ਵਿਚ ਕੈਨੇਡਾ ਪਹੁੰਚਣ ਦੀ ਕੋਸ਼ਿਸ ਵਿਚ ਬੀਚ ‘ਤੇ ਡੁੱਬ ਗਏ ਸੀਰੀਅਨ ਮੁੰਡੇ ਐਲਨ ਕੁਰਦੀ ਨਾਲ ਕੀ ਰਿਸ਼ਤਾ ਬਣਦਾ ਹੈ? ਇਸ ਕੁੜੀ ਦਾ ਪਿਛਲੇ ਦਿਨੀਂ ਮੈਕਸਿਕੋ ਦੀ ਸਰਹੱਦ ਪਾਰ ਕਰਦਿਆਂ ਮਾਰੂਥਲ ਵਿਚ ਫੌਤ ਹੋਈ ਛੇ ਸਾਲਾਂ ਦੀ ਪੰਜਾਬੀ ਕੁੜੀ ਨਾਲ ਕੀ ਸਬੰਧ ਹੈ? ਇਹ ਕਿਹੜੇ ਮੁਲਕਾਂ ਦੇ ਬਦਨਸੀਬ ਮਾਪੇ ਹਨ ਜਿਹੜੇ ਆਪਣੇ ਬੱਚਿਆਂ ਨੂੰ ਅਥਾਹ ਸਮੁੰਦਰਾਂ ਦੇ ਤਲਾਂ ਤੇ ਟੁੱਟੀਆਂ ਕਿਸ਼ਤੀਆਂ, ਵੱਖ ਵੱਖ ਮੁਲਕਾਂ ਦੇ ਬਦਬੂਦਾਰ ਤੇ ਗੈਰ-ਮਾਨਵੀ ਡਿਟੈਨਸ਼ਨ ਕੈਪਾਂ, ਬਿਜਲੀ ਦੇ ਮਾਰੂ ਕਰੰਟਾਂ ਵਾਲੀਆਂ ਸਰਹੱਦਾਂ ਅਤੇ ਜੱਲਾਦਾਂ ਵਰਗੇ ਮਨੁੱਖੀ ਤਸਕਰਾਂ ਦੇ ਹੱਥਾਂ ਵਿਚ ਧੱਕ ਰਹੇ ਹਨ?
ਇਸ ਤੋਂ ਵੀ ਅਹਿਮ ਸਵਾਲ ਇਹ ਬਣਦਾ ਹੈ ਕਿ ਇਨ੍ਹਾਂ ਨੂੰ ਇਨ੍ਹਾਂ ਦੇ ਘਰਾਂ, ਖੇਤਾਂ, ਪਿੰਡਾਂ, ਸ਼ਹਿਰਾਂ, ਰੋਜ਼ੀ-ਰੋਟੀ ਤੋਂ ਜਲਾਵਤਨ ਕਰਨ ਦੀ ਸਿਆਸਤ ਦਾ ਧੁਰਾ ਕੀ ਹੈ? ਕੀ ਇਹ ਸਿਰਫ ਚੰਗੀ ਆਰਥਿਕਤਾ ਦੀ ਤਲਾਸ਼ ਦਾ ਮਸਲਾ ਹੈ? ਇਸ ਬਹੁ-ਪੱਖੀ ਉਜਾੜੇ ਵਿਚ ਧਾਰਮਿਕ ਪਛਾਣਾਂ, ਸਭਿਆਚਾਰਕ ਉਚਤਾ ਦੇ ਦੰਭ, ਜਾਤੀਵਾਦੀ ਹੰਕਾਰ, ਪਿਤਾ-ਪੁਰਖੀ ਢਾਂਚੇ ਵਿਚਲੀ ਸੰਸਥਾਈ ਹਿੰਸਾ, ਹਾਸ਼ੀਏ ‘ਤੇ ਪਏ ਵਰਗਾਂ ਦੇ ਹੱਕਾਂ ਨੂੰ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਨਾਲ ਖਦੇੜਨ ਅਤੇ ‘ਵੱਖਰੇਪਣ’ ਨੂੰ ਨਫਰਤ ਕਰਨ ਦੇ ਮਨੋਵਿਗਿਆਨ ਦੀ ਕੀ ਭੂਮਿਕਾ ਹੈ?
ਜੇ ਪਰਵਾਸ ਨਾਲ ਸਬੰਧਿਤ ਅਧਿਐਨਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਦੇ ਚਾਰ ਮੂਲ ਕਾਰਨ ਹਨ ਜਿਨ੍ਹਾਂ ਨੂੰ ਗਹੁ ਨਾਲ ਵਾਚਣਾ ਜ਼ਰੂਰੀ ਹੈ। ਪਹਿਲਾ, ਸਭ ਤੋਂ ਮਹਤੱਵਪੂਰਨ ਕਾਰਨ ਸਿਆਸੀ ਹਿੰਸਾ ਹੈ। ਸੰਸਾਰ ਸਿਹਤ ਸੰਸਥਾ ਦੁਆਰਾ ਸਿਆਸੀ ਹਿੰਸਾ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਦੁਰ-ਪ੍ਰਭਾਵਾਂ ਬਾਰੇ ਜਾਰੀ ਕੀਤੀਆਂ ਰਿਪੋਰਟਾਂ ਮੁਤਾਬਿਕ, ਸਿਆਸੀ ਹਿੰਸਾ ਦੀ ਸੰਰਚਨਾ ਮੂਲ ਰੂਪ ਵਿਚ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਤਰ੍ਹਾਂ ਦੀ ਸਿਆਸੀ ਹਿੰਸਾ ਸੰਸਥਾਈ ਹਿੰਸਾ ਹੈ ਜਿਸ ਵਿਚ ਪੀੜਤ ਦੀ ਹੋਂਦ ਅਤੇ ਹੋਣੀ ਦਾ ਫੈਸਲਾ ਅਜਿਹੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਢਾਂਚੇ ਕਰਦੇ ਹਨ ਜਿਨ੍ਹਾਂ ਦੀ ਸਿਆਸਤ ਵਿਚੋਂ ਉਹ ਖੁਦ ਹੀ ਧਿਰ ਦੇ ਤੌਰ ਤੇ ਮਨਫੀ ਹੁੰਦੇ ਹਨ। ਉਨ੍ਹਾਂ ਦੀ ਮਨੁੱਖੀ ਪਛਾਣ ਇਨ੍ਹਾਂ ਢਾਂਚਿਆਂ ਦੀਆਂ ਗੈਰ-ਕੁਦਰਤੀ ਵੰਡਾਂ ਥੱਲੇ ਦਫਨ ਹੋ ਜਾਂਦੀ ਹੈ।
ਇਥੇ ਧਿਆਨ ਰੱਖਣ ਯੋਗ ਨੁਕਤਾ ਇਹ ਹੈ ਕਿ ਇਨ੍ਹਾਂ ਗੈਰ-ਕੁਦਰਤੀ ਵੰਡਾਂ ਦਾ ਸਬੰਧ ਸਿੱਧੇ ਤੌਰ ਤੇ ਉਤਪਾਦਨ ਦੇ ਸਾਧਨਾਂ ਦੀ ਵਰਗ ਵੰਡ ਨਾਲ ਜੁੜਦਾ ਹੈ ਜਿਹੜਾ ਸੱਤਾ ਦਾ ਮੂਲ ਧੁਰਾ ਹੈ। ਸਮਾਜਿਕ ਢਾਂਚਿਆਂ ਤੋਂ ਲੈ ਕੇ ਕਿਸੇ ਸਮਾਜ ਦੇ ਆਰਥਿਕ ਢਾਂਚਿਆਂ ਦੀ ਰੂਪ-ਰੇਖਾ ਅਤੇ ਕਾਰਗੁਜ਼ਾਰੀ ਦਾ ਦਾਰੋਮਦਾਰ ਸੱਤਾ ਦੇ ਰਹਿਮੋ-ਕਰਮ ‘ਤੇ ਹੁੰਦਾ ਹੈ। ਤਰਾਸਦੀ ਇਹ ਹੈ ਕਿ ਪਿਛਲੀ ਸਦੀ ਦੌਰਾਨ ਬਰਾਬਰੀ ਅਤੇ ਜਮਹੂਰੀਕਰਨ ਦੇ ਆਧਾਰ ‘ਤੇ ਵੱਖ-ਵੱਖ ਮੁਲਕਾਂ ਵਿਚ ਚੱਲੀਆਂ ਸਿਆਸੀ-ਸਮਾਜਿਕ ਲਹਿਰਾਂ ਅਤੇ ਅੰਦੋਲਨਾਂ ਦੀ ਸਾਰਥਿਕਤਾ ਸਿੱਧ ਹੋਣ ਦੇ ਬਾਵਜੂਦ ਧਰਮ, ਜਾਤ, ਨਸਲ, ਕੌਮੀਅਤ, ਲਿੰਗ, ਪੂੰਜੀ ਆਦਿ ਦੇ ਆਧਾਰ ‘ਤੇ ਬਣੇ ਦਬਾਉ-ਸਮੂਹਾਂ ਨੇ ਵੱਡੀ ਪੱਧਰ ਤੇ ਗੈਰ-ਬਰਾਬਰੀ, ਗਰੀਬੀ ਦਾ ਸਭਿਆਚਾਰ ਤੇ ਲਿੰਗ ਵਿਤਕਰੇ ਬਾਰੇ ਸਾਜ਼ਿਸ਼ੀ ਚੁੱਪ ਧਾਰੀ ਹੈ। ਦੂਜੇ ਪਾਸੇ, ਸਾਧਨਾਂ ਤੇ ਆਪਣਾ ਇੰਤਜ਼ਾਮੀਆ ਬਰਕਰਾਰ ਰੱਖਣ ਦੀ ਸਿਆਸਤ ਨੇ ਇਨ੍ਹਾਂ ਦਬਾਉ-ਸਮੂਹਾਂ ਨੂੰ ਦਮਿਤ ਧਿਰ ਨੂੰ ਖਦੇੜਨ, ਅਣਦਿਸਦਾ ਰੱਖਣ ਅਤੇ ਰੱਦ ਕਰਨ ਦੇ ਵਰਤਾਰੇ ਨੂੰ ਜਨਮ ਦੇਣ ਲਈ ਮਜਬੂਰ ਕੀਤਾ ਹੈ।
ਪਰਵਾਸ ਦਾ ਦੂਜਾ ਵੱਡਾ ਕਾਰਨ ਇਸ ਦੀ ਦਿਸ਼ਾ ਦੇ ਰੁਝਾਨ ਵਿਚੋਂ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਇਹ ਰੁਝਾਨ ਵਿਕਾਸਸ਼ੀਲ ਮੁਲਕਾਂ ਤੋਂ ਵਿਕਸਿਤ ਮੁਲਕਾਂ ਵੱਲ ਹੈ। ਇਥੇ ਦਿਲਚਸਪ ਤੱਥ ਇਹ ਹੈ ਕਿ ਇਤਿਹਾਸਕ ਤੌਰ ‘ਤੇ ਇਨ੍ਹਾਂ ਵਿਕਸਿਤ ਮੁਲਕਾਂ ਦੇ ਵਿਕਾਸ ਦੀ ਸਿਆਸੀ ਆਰਥਿਕਤਾ ਇਨ੍ਹਾਂ ਦੇ ਬਸਤੀਵਾਦੀ ਖਾਸੇ ਦੀ ਦੇਣ ਹੈ। ਇਨ੍ਹਾਂ ਵਿਕਸਿਤ ਮੁਲਕਾਂ ਵਿਚੋਂ ਬਹੁਤਿਆਂ ਲਈ ‘ਤੀਜੀ ਦੁਨੀਆ’ ਦੇ ਇਹ ਬਾਸ਼ਿੰਦੇ ਆਪਣੀ ਆਰਥਿਕਤਾ ਦੀ ਗੱਡੀ ਵਿਚ ਝੋਕੇ ਜਾਣ ਵਾਲੇ ਬਾਲਣ ਤੋਂ ਵੱਧ ਕੁਝ ਵੀ ਨਹੀਂ। ਇਨ੍ਹਾਂ ਵਿਚੋਂ ਬਹੁਤੇ ਵਿਕਸਿਤ ਮੁਲਕਾਂ ਦਾ ਰਾਜ-ਪ੍ਰਬੰਧ ਵਾਲਸਟਰੀਟ ਵਰਗੀਆਂ ਬਦਨਾਮ ਗਲੀਆਂ ਦਾ ਪੂੰਜੀ-ਮਾਫੀਆ ਚਲਾਉਂਦਾ ਹੈ।
ਪਿਛਲੇ ਸਮਿਆਂ ਵਿਚ ਨਸ਼ਿਆਂ ਦੀਆਂ ਮੰਡੀਆਂ, ਔਰਤਾਂ-ਬੱਚਿਆਂ ਦੀ ਖਰੀਦੋ-ਫਰੋਖਤ, ਮਨੁੱਖੀ ਅੰਗਾਂ ਦੀ ਤਸਕਰੀ, ਸਾਈਬਰ ਕਰਾਈਮ, ਤੇਲ ਦੇ ਖੂਹਾਂ ਤੇ ਕਬਜ਼ਿਆਂ ਅਤੇ ਹਥਿਆਰਾਂ ਦੇ ਕਾਰੋਬਾਰ ਸਬੰਧੀ ਕਈ ਰਿਪੋਰਟਾਂ ਨੇ ਸੰਸਾਰ ਦੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਵਿਚ ਇਸ ਪੂੰਜੀ-ਮਾਫੀਏ ਦੀ ਸ਼ਮੂਲੀਅਤ ਚਿੱਟੇ ਦਿਨ ਵਾਂਗ ਸਾਫ ਹੈ। ਦੂਜੇ ਪਾਸੇ ਇਹ ਮੁੱਦਾ ਵੀ ਵਿਚਾਰਨ ਵਾਲਾ ਹੈ ਕਿ ਜਿਨ੍ਹਾਂ ਮੁਲਕਾਂ ਦੀ ਆਵਾਮ ਇਨ੍ਹਾਂ ਵਿਕਸਿਤ ਮੁਲਕਾਂ ਦੀਆਂ ਸਰਹੱਦਾਂ ਤੇ ਲਾਸ਼ਾਂ ਬਣ ਕੇ ਵਿਛ ਰਹੀ ਹੈ, ਉਨ੍ਹਾਂ ਦੀ ਆਰਥਿਕਤਾ, ਸਮਾਜਿਕਤਾ, ਸਿਆਸਤ ਅਤੇ ਸਭਿਆਚਾਰ ਨੂੰ ਨਾਕਾਰਾ ਕਰਨ ਵਿਚ ਇਨ੍ਹਾਂ ਵਿਕਸਿਤ ਮੁਲਕਾਂ ਦੀ ਕੀ ਭੂਮਿਕਾ ਹੈ। ਕੀ ਇਸ ਤੱਥ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਆਲਮੀ ਮਿਲਵਰਤਣ ਦੇ ਨਾਮ ਉਤੇ ਸ਼ੁਰੂ ਹੋਈਆਂ ਬਹੁਤੀਆਂ ਸੰਸਥਾਵਾਂ ਤੇ ਅਦਾਰੇ (ਖਾਸ ਤੌਰ ‘ਤੇ ਆਲਮੀ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਤੇ ਯੂ.ਐਨ.ਓ.) ਵਿਕਸਿਤ ਮੁਲਕਾਂ ਵਲੋਂ ਵਿਕਾਸਸ਼ੀਲ ਮੁਲਕਾਂ ਵਿਚੋਂ ਕੱਚਾ ਮਾਲ ਖਰੀਦਣ ਅਤੇ ਆਪਣਾ ਤਿਆਰ ਕੀਤਾ ਗੈਰ-ਮਿਆਰੀ ਮਾਲ ਵੇਚਣ ਲਈ ਖਪਤਕਾਰਾਂ ਦੀਆਂ ਭੀੜਾਂ ਤਿਆਰ ਕਰਨ ਦਾ ਸੰਦ ਬਣ ਗਈਆਂ ਹਨ? ਇਥੇ ਇਸ ਸਵਾਲ ਦਾ ਜਵਾਬ ਲੱਭਣਾ ਵੀ ਜ਼ਰੂਰੀ ਹੈ ਕਿ ਕਿਤੇ ਇਸ ਸਾਰੇ ਕਾਰੋਬਾਰੀ ਮੱਕੜ-ਜਾਲ ਵਿਚ ਵਿਕਾਸਸ਼ੀਲ ਮੁਲਕਾਂ ਦੀਆਂ ਸਰਕਾਰਾਂ ਅਤੇ ਅਫਸਰਸ਼ਾਹੀ ਕਮਿਸ਼ਨ ਏਜੰਟਾਂ ਵਿਚ ਤਬਦੀਲ ਤਾਂ ਨਹੀਂ ਹੋ ਚੁੱਕੇ?
ਪਰਵਾਸ ਦਾ ਤੀਜਾ ਵੱਡਾ ਕਾਰਨ ਉਪਰਲੇ ਦੋਹਾਂ ਕਾਰਨਾਂ ਅੰਦਰ ਦਿਸ ਰਹੀਆਂ ਅਨੇਕਾਂ ਕੜੀਆਂ ਦੇ ਅੰਤਰ-ਸਬੰਧਾਂ ਨੂੰ ਸਮਝ ਕੇ ਜਾਣਿਆ ਜਾ ਸਕਦਾ ਹੈ। ਮਸਲਨ, ਕੀ ਅਸੀਂ ਇਸ ਨੂੰ ਪਿਛਲੇ ਵੀਹਾਂ ਸਾਲਾਂ ਦੌਰਾਨ ਦੱਖਣ-ਏਸ਼ਿਆਈ ਖਿੱਤੇ ਵਿਚ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ-ਮਜ਼ਦੂਰਾਂ, ਬੇਰੁਜ਼ਗਾਰਾਂ ਦੀਆਂ ਭੀੜਾਂ, ਵਿਕਾਸ ਦੇ ਉਦਾਰਵਾਦੀ ਮਾਡਲਾਂ ਦੇ ਅਸਫਲ ਹੋਣ, ਵੱਖ ਵੱਖ ਵਰਗਾਂ ਵਿਚ ਆਰਥਿਕ ਤੇ ਸਮਾਜਿਕ ਅਸਮਾਨਤਾ ਵਧਣ ਨਾਲ ਜੋੜ ਕੇ ਨਹੀਂ ਪੜ੍ਹ ਸਕਦੇ? ਇਕ ਸਵਾਲ ਜਿਹੜਾ ਪਰਵਾਸ ਦੀ ਗੁੰਝਲਦਾਰ ਸਿਆਸਤ ਬਾਰੇ ਬਹਿਸਾਂ ਤੋਂ ਅਕਸਰ ਨਜ਼ਰਅੰਦਾਜ਼ ਹੁੰਦਾ ਹੈ, ਉਹ ਇਹ ਹੈ ਕਿ ਉਪਰੋਕਤ ਸਾਰੇ ਵਰਤਾਰਿਆਂ ਦੀ ਸਾਂਝੀ ਤੰਦ ਤੀਜੀ ਦੁਨੀਆ ਦੇ ਮੁਲਕਾਂ ਵਿਚ ਕੋਹੜ ਦੀ ਹੱਦ ਤੱਕ ਫੈਲ ਚੁੱਕਿਆ ਭ੍ਰਿਸ਼ਟਾਚਾਰ ਹੈ। ਗੈਰ-ਬਰਾਬਰੀ ਵਾਲਾ ਅਤੇ ਗੈਰ-ਜਮਹੂਰੀ ਮੁਲਕ ਕਦੇ ਵੀ ਭ੍ਰਿਸ਼ਟਾਚਾਰ ਮੁਕਤ ਨਹੀਂ ਹੋ ਸਕਦਾ ਹੈ।
ਇਸ ਟਿੱਪਣੀ ਦੇ ਕੁਝ ਸ਼ਬਦਾਂ ‘ਤੇ ਗੌਰ ਕਰੋ: ਗੈਰ-ਬਰਾਬਰੀ, ਸਿਆਸੀ ਸਮੂਹਾਂ ਦੀ ਸੱਤਾ ਉਪਰ ਕਬਜ਼ੇ ਦਾ ਮੁੱਖ ਸੰਦ ਹੈ। ਬਹੁਤ ਵਾਰ ਇਸ ਨੂੰ ਸਿਰਫ ਆਰਥਿਕਤਾ ਨਾਲ ਜੋੜ ਕੇ ਪੜ੍ਹਿਆ ਜਾਂਦਾ ਹੈ; ਐਪਰ ਇਤਿਹਾਸ ਗਵਾਹ ਹੈ ਕਿ ਜ਼ਿਆਦਾਤਰ ਧਾਰਮਿਕ, ਸਭਿਆਚਾਰਕ, ਲਿੰਗਕ ਜਾਂ ਅਜਿਹੀਆਂ ਹੀ ਪਛਾਣਾਂ ਦੇ ਆਧਾਰ ‘ਤੇ ਬਣੇ ਪ੍ਰੈਸ਼ਰ ਗਰੁੱਪਾਂ ਦਾ ਅੰਤਿਮ ਨਿਸ਼ਾਨਾ ਸੱਤਾ ਹਾਸਿਲ ਕਰਨਾ ਹੁੰਦਾ ਹੈ। ਦੂਜਾ ਸ਼ਬਦ ਹੈ; ਗੈਰ-ਜਮਹੂਰੀਅਤ। ਇਸ ਸ਼ਬਦ ਦਾ ਅਰਥ ਸੱਤਾ ਨੂੰ ਮੂਲ ਰੂਪ ਵਿਚ ਲੋਕਾਈ ਲਈ ਜਵਾਬਦੇਹ ਬਣਾਉਣ ਨਾਲ ਵਾਬਸਤਾ ਹੈ। ਇਸ ਜਵਾਬਦੇਹੀ ਦੇ ਕੀ ਅਰਥ ਬਣਦੇ ਹਨ? ਇਹ ਜਵਾਬਦੇਹੀ ਉਤਪਾਦਨ ਦੇ ਸਾਧਨਾਂ ਦੀ ਸਾਵੀਂ ਵੰਡ, ਤਰੱਕੀ ਦੇ ਮੌਕਿਆਂ ਦੀ ਇਕਸਾਰਤਾ, ਸੱਤਾ ਵਿਚ ਹਿੱਸੇਦਾਰੀ ਤੋਂ ਲੈ ਕੇ ਸਮਾਜਿਕ ਨਿਆਂ ਦੀ ਬਰਾਬਰੀ ਨਾਲ ਸਿੱਧੀ ਸਿੱਧੀ ਜੁੜੀ ਹੋਈ ਹੈ। ਇਸ ਨੂੰ ਸਿਆਸੀ ਨੈਤਕਿਤਾ ਤੋਂ ਬਿਨਾ ਲਾਗੂ ਕਰਨਾ ਸੰਭਵ ਨਹੀਂ ਤੇ ਭ੍ਰਿਸ਼ਟਾਚਾਰ ਇਸ ਨੂੰ ਘੁਣ ਵਾਂਗ ਖੋਖਲਾ ਕਰ ਚੁੱਕਾ ਹੈ।
ਪਰਵਾਸ ਨਾਲ ਜੁੜੀ ਚੌਥੀ ਅੜਾਉਣੀ ਬੇਹੱਦ ਸੰਵੇਦਨਸ਼ੀਲ ਹੈ। ਇਹ ਪ੍ਰੰਪਰਾਗਤ ਸਭਿਆਚਾਰਕ ਕਦਰਾਂ-ਕੀਮਤਾਂ ਦੀ ਸਾਰਥਿਕਤਾ ਅਤੇ ਉਨ੍ਹਾਂ ਦੀ ਮੌਜੂਦਾ ਦੌਰ ਵਿਚ ਪੈਦਾ ਹੋਏ ਮਨੁੱਖਾਂ ਅੰਦਰਲੀ ਧੁੱਪ-ਛਾਂ ਨਾਲ ਹੁੰਦੇ ਕਲੇਸ਼ ਨਾਲ ਜੁੜੀ ਹੋਈ ਹੈ। ਨਿੱਤ ਬਦਲ ਰਹੀ ਅਤੇ ਤੇਜ਼ੀ ਨਾਲ ਇਕੱਲੀ ਹੋ ਰਹੀ ਦੁਨੀਆ ਵਿਚ ਮਨੁੱਖ ਦੀ ਰੂਹ ਨੂੰ ਰੱਜ ਦੇਣ ਵਾਲੀਆਂ ਨਿਆਮਤਾਂ ਤੇਜ਼ੀ ਨਾਲ ਬਾਜ਼ਾਰੀ ਮੁੱਲਾਂ ਵਿਚ ਵਟ ਰਹੀਆਂ ਹਨ। ਬਹੁਤ ਸਾਰੇ ਚਿੰਤਕ ਇਸ ਨੂੰ ਤਕਨੀਕ ਅਤੇ ਡਾਟਾ-ਬਾਜ਼ਾਰ ਦੀ ਬਹੁਤਾਤ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ ਕਰਦੇ ਹਨ ਪਰ ਇਹ ਮਸਲਾ ਮਨੁੱਖੀ ਸੰਵੇਦਨਾ ਨੂੰ ਸਿਰਜਣ ਵਾਲੇ ਅਦਾਰਿਆਂ ਦੀ ਅਸਫਲਤਾ ਦੀ ਨਿਸ਼ਾਨਦੇਹੀ ਕਰਦਾ ਹੈ।
ਇਸ ਦੀ ਉਘੜਵੀਂ ਮਿਸਾਲ ਸਿੱਖਿਆ ਦੀ ਦੁਰਗਤੀ ਵਿਚੋਂ ਦੇਖੀ ਜਾ ਸਕਦੀ ਹੈ ਜਿਥੋਂ ਸਰਮਾਏਦਾਰੀ ਆਪਣੀਆਂ ਮਸ਼ੀਨਾਂ ਲਈ ਕਲ-ਪੁਰਜ਼ੇ ਚੁਣਦੀ ਹੈ। ਇਸ ਸਿੱਖਿਆ ਵਿਚੋਂ ਸਮੂਹਿਕ ਜੀਵਨ ਜਾਚ ਦਾ ਫਲਸਫਾ ਨਦਾਰਦ ਹੈ। ਇਸ ਵਿਚੋ ਜ਼ਿੰਦਗੀ ਨੂੰ ਮੁਹੱਬਤ ਨਾਲ ਚੁੰਮਣ ਦੀ ਸ਼ਿੱਦਤ ਗੁੰਮ ਹੈ। ਇਸ ਵਿਚੋਂ ਦੂਜੇ ਮਨੁੱਖਾਂ ਨਾਲ ਜੀਣ-ਥੀਣ-ਮੌਲਣ ਦਾ ਮਾਨਵੀ ਤੱਤ ਖੁਰ ਗਿਆ ਹੈ। ਸਿੱਖਿਆ ਵਾਂਗ ਬਾਕੀ ਮਨੁੱਖੀ-ਪ੍ਰਬੰਧਾਂ ਨਾਲ ਥੋੜ੍ਹੇ ਬਹੁਤੇ ਫਰਕ ਨਾਲ ਵੀ ਅਜਿਹਾ ਹੀ ਵਾਪਰਿਆ ਹੈ। ਇਹ ਸਭ ਹੀ ਸਾਡੀਆਂ ਸਰਹੱਦਾਂ, ਡਿਟੈਨਸ਼ਨ ਕੈਪਾਂ, ਨਾਗਰਿਕ ਰਜਿਸਟਰਾਂ, ਇਥੋਂ ਤੱਕ ਕਿ ਸਾਡੀਆਂ ਕਿਤਾਬਾਂ, ਫਿਲਮਾਂ ਤੇ ਜ਼ੁਬਾਨਾਂ ‘ਤੇ ਉਗ ਆਇਆ ਹੈ। ਇਸ ਦਾ ਤਤਕਾਲੀ ਫਲ ਜਿੰਨਾ ਵੀ ਮਰਜ਼ੀ ਮਿੱਠਾ ਹੋਵੇ ਪਰ ਅਸੀਂ ਆਪਣੀਆਂ ਅਗਲੀਆਂ ਨਸਲਾਂ ਲਈ ਭੱਖੜਾ ਬੀਜ ਦਿੱਤਾ ਹੈ।
ਇਥੇ ਇਹ ਲਿਖਣਾ ਕੁਥਾਂ ਨਹੀਂ ਕਿ ਮਨੁੱਖੀ ਇਤਿਹਾਸ ਵਿਚ ਹੱਦਾਂ-ਸਰਹੱਦਾਂ ਬਦਲਦੀਆਂ ਰਹੀਆਂ ਹਨ ਅਤੇ ਪਰਵਾਸ ਦੇ ਵਰਤਾਰੇ ਨੇ ਮਨੁੱਖੀ ਸਮਰੱਥਾਵਾਂ ਤੇ ਸੰਭਾਵਨਾਵਾਂ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਹਨ। ਸਮੱਸਿਆ ਇਹ ਹੈ ਕਿ ਮੌਜੂਦਾ ਪਰਵਾਸ ਆਲਮੀ ਪੱਧਰ ਤੇ ਜੰਗੀ ਮੁਹਿੰਮ ਦਾ ਰੂਪ ਧਾਰ ਚੁੱਕਾ ਹੈ ਜਿਸ ਵਿਚ ਮਨੁੱਖੀ ਜਾਨਾਂ ਦੇ ਨਾਲ ਨਾਲ ਮਨੁੱਖ ਹੋਣ ਦੀਆਂ ਜ਼ਰੂਰੀ ਸ਼ਰਤਾਂ ਵੀ ਦਾਅ ‘ਤੇ ਲੱਗ ਚੁੱਕੀਆਂ ਹਨ।