ਪਿਆਰ ਦੇ ਸ਼ਾਇਰ ਪਾਬਲੋ ਨੇਰੂਦਾ ਦਾ ਮੌਤ ਨਾਲ ਪੇਚਾ

ਚਿੱਲੀ ਦੇ ਨੋਬਲ ਇਨਾਮ ਜੇਤੂ ਸ਼ਾਇਰ ਪਾਬਲੋ ਨੇਰੂਦਾ ਦੀ ਮੌਤ ਦਾ ਭੇਤ ਜਾਣਨ ਲਈ ਕਵਾਇਦ ਸ਼ੁਰੂ ਹੋ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਉਸ ਨੂੰ ਕੈਂਸਰ ਸੀ ਅਤੇ ਮੌਤ ਦਾ ਕਾਰਨ ਵੀ ਇਹੀ ਬਿਮਾਰੀ ਬਣੀ; ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਰ ਦੀ ਮੌਤ ਜ਼ਹਿਰ ਨਾਲ ਹੋਈ ਸੀ। ਉਸ ਨੂੰ ਤਖਤਾ ਪਲਟਾਉਣ ਵਾਲੇ ਜਨਰਲ ਅਗਸਤੋ ਪਿਨੋਚੇ ਦੇ ਏਜੰਟਾਂ ਨੇ ਜ਼ਹਿਰ ਦੇ ਕੇ ਮਾਰਿਆ ਸੀ। ਹੁਣ ਮਾਹਿਰਾਂ ਦੀ ਟੀਮ ਨੇ ਮੌਤ ਦਾ ਭੇਤ ਪਤਾ ਲਾਉਣ ਲਈ ਪਾਬਲੋ ਦੀ ਕਬਰ ਫਰੋਲੀ ਹੈ ਅਤੇ ਹੱਡੀਆਂ ਜਾਂਚ ਲਈ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਦੇ ਚੈਪਲ ਹਿੱਲ ਮੈਡੀਸਨ ਸਕੂਲ ਭੇਜੀਆਂ ਹਨ। -ਸੰਪਾਦਕ

ਸੰਦੀਪ ਗਰਗ
ਫੋਨ:91-78370-26550
ਸ਼ਾਇਰ ਪਾਬਲੋ ਨੇਰੂਦਾ ਦੀ ਮੌਤ ਦਾ ਰਹੱਸ ਅੱਜ ਤੱਕ ਕਾਇਮ ਹੈ। ਇਸ ਖੱਬੇ ਪੱਖੀ ਸ਼ਾਇਰ ਦੀ ਮੌਤ 1973 ਦੇ ਫੌਜੀ ਰਾਜ ਪਲਟੇ ਤੋਂ 12 ਦਿਨ ਬਾਅਦ ਭੇਤ ਭਰੀ ਹਾਲਤ ਵਿਚ ਹੋ ਗਈ ਸੀ। ਇਸ ਰਾਜ ਪਲਟੇ ਵਿਚ ਸਮਾਜਵਾਦੀ ਰਾਸ਼ਟਰਪਤੀ ਸਲਵਾਡੋਰ ਅਲੇਂਦੇ ਨੂੰ ਸੱਤਾ ਤੋਂ ਲਾਹ ਕੇ ਜਨਰਲ ਅਗਸਤੋ ਪਿਨੋਚੇ ਨੇ ਕਮਾਨ ਸਾਂਭ ਲਈ ਸੀ। ਦੋ ਸਾਲ ਪਹਿਲਾਂ 2011 ਵਿਚ ਇਹ ਚਰਚਾ ਸ਼ੁਰੂ ਹੋ ਗਈ ਕਿ ਪਾਬਲੋ ਨੇਰੂਦਾ ਨੂੰ ਪਿਨੋਚੇ ਦੇ ਏਜੰਟਾਂ ਨੇ ਉਸ ਦੇ ਡਰਾਈਵਰ ਰਾਹੀਂ ਜ਼ਹਿਰ ਦਿੱਤੀ ਸੀ। ਇਸ ਤੋਂ ਬਾਅਦ ਇਸ ਭੇਤ ਦਾ ਪਤਾ ਲਾਉਣ ਲਈ ਕੰਮ ਵਿੱਢਿਆ ਗਿਆ। ਚਿੱਲੀ ਦੀ ਕਮਿਊਨਿਸਟ ਪਾਰਟੀ ਵੱਲੋਂ ਦਬਾਅ ਕਾਰਨ ਅਦਾਲਤ ਨੇ ਜੂਨ 2011 ਵਿਚ ਪਾਬਲੋ ਦੀ ਮੌਤ ਦਾ ਸੱਚ ਜਾਣਨ ਲਈ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਸੀ। ਪਾਬਲੋ ਨੂੰ 1971 ਵਿਚ ਸਾਹਿਤ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਨੋਬਲ ਇਨਾਮ ਮਿਲਿਆ ਸੀ।
ਪਾਬਲੋ ਨੇਰੂਦਾ (12 ਜੁਲਾਈ 1904-23 ਸਤੰਬਰ 1973) ਦਾ ਅਸਲ ਨਾਂ ਨੇਫਤਾਲੀ ਰਿਕਾਰਡੋ ਰੇਇਸ ਬਸੋਲਤੋ ਸੀ। ਉਸ ਨੇ ਚੈੱਕ ਲੇਖਕ ਜਾਨ ਨੇਰੂਦਾ ਤੋਂ ਪ੍ਰਭਾਵਿਤ ਹੋ ਕੇ ਆਪਣਾ ਕਲਮੀ ਨਾਂ ਪਾਬਲੋ ਨੇਰੂਦਾ ਰੱਖ ਲਿਆ। ਉਸ ਦੀਆਂ ਪਿਆਰ ਕਵਿਤਾਵਾਂ ਦੀ ਬੜੀ ਚਰਚਾ ਹੋਈ। ਕੋਲੰਬੀਆ ਦੇ ਮਸ਼ਹੂਰ ਲੇਖਕ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਨੇ ਉਸ ਨੂੰ 20ਵੀ ਸਦੀ ਦਾ ਮਹਾਨਤਮ ਸ਼ਾਇਰ ਆਖਿਆ। 1948 ਵਿਚ ਜਦੋਂ ਚਿੱਲੀ ਦੇ ਰਾਸ਼ਟਰਪਤੀ ਗੋਂਜਾਲਵਜ਼ ਵਿਦੀਲਾ ਨੇ ਕਮਿਊਨਿਸਟ ਪਾਰਟੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਤਾਂ ਪਾਬਲੋ ਦੇ ਵੀ ਵਾਰੰਟ ਜਾਰੀ ਕਰ ਦਿੱਤੇ ਗਏ ਸਨ। ਉਸ ਦੇ ਮਿੱਤਰਾਂ-ਸੱਜਣਾਂ ਨੇ ਉਸ ਨੂੰ ਕਈ ਮਹੀਨੇ ਲਕੋਈ ਰੱਖਿਆ ਅਤੇ ਫਿਰ ਉਹ ਇਕ ਦਿਨ ਦੇਸ਼ ਤੋਂ ਬਾਹਰ ਚਲਾ ਗਿਆ, ਪਰ 1952 ਵਿਚ ਜਦੋਂ ਰਾਸ਼ਟਰਪਤੀ ਗੋਂਜਾਲਵਜ਼ ਵਿਦੀਲਾ ਦੀ ਸਰਕਾਰ ਡਾਵਾਂਡੋਲ ਹੋ ਗਈ ਅਤੇ ਸਤੰਬਰ 1952 ਵਿਚ ਸਲਵਾਡੋਰ ਅਲੇਂਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣੇ ਤਾਂ ਸਲਵਾਡੋਰ ਅਲੇਂਦੇ ਦੇ ਪ੍ਰਚਾਰ ਲਈ ਪਾਬਲੋ ਚਿੱਲੀ ਪਰਤ ਆਇਆ। ਚਿੱਲੀ ਦੀ ਕਮਿਊਨਿਸਟ ਪਾਰਟੀ ਨੇ ਜਦੋਂ ਉਸ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਤਾਂ 30 ਸਤੰਬਰ 1969 ਨੂੰ ਉਸ ਨੇ ਕਿਹਾ ਸੀ ਕਿ ਉਸ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਵਿਚ ਸ਼ਾਇਰੀ ਤੇ ਸਿਆਸਤ ਦਾ ਇੰਨਾ ਪੀਡਾ ਰਿਸ਼ਤਾ ਬਣ ਜਾਵੇਗਾ। ਉਹ ਖੁਦ ਸਿਆਸੀ ਕਵਿਤਾਵਾਂ ਤੋਂ ਪਹਿਲਾਂ ਪਿਆਰ ਕਵਿਤਾਵਾਂ ਲਿਖਣ ਦੇ ਹੱਕ ਵਿਚ ਸੀ। ਨੌਜਵਾਨ ਸ਼ਾਇਰਾਂ ਨੂੰ ਵੀ ਉਹ ਇਹੀ ਸਲਾਹ ਦਿੰਦਾ ਸੀ ਕਿ ਸਿਆਸੀ ਕਵਿਤਾਵਾਂ ਤੋਂ ਪਹਿਲਾਂ ਪਿਆਰ ਕਵਿਤਾਵਾਂ ਲਿਖੋ। ਇਸ ਚੋਣ ਲਈ ਪਾਬਲੋ ਨੇਰੂਦਾ ਨੇ ਪੂਰਾ ਟਿਲ ਲਾ ਦਿੱਤਾ, ਪਰ ਚਾਰ ਮਹੀਨੇ ਦੀ ਧੂੰਆਂ-ਧਾਰ ਚੋਣ ਪ੍ਰਚਾਰ ਤੋਂ ਬਾਅਦ ਉਸ ਨੇ ਆਪਣਾ ਨਾਂ ਵਾਪਸ ਲੈ ਲਿਆ ਅਤੇ ਸਲਵਾਡੋਰ ਅਲੇਂਦੇ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਉਹ ਖੱਬੇ ਪੱਖ਼ੀਆਂ ਦੀ ਪਾਟੋਧਾੜ ਤੋਂ ਨਿਰਾਸ਼ ਹੋ ਗਿਆ ਸੀ। ਸਲਵਾਡੋਰ ਅਲੇਂਦੇ ਰਾਸ਼ਟਰਪਤੀ ਚੁਣੇ ਗਏ। ਆਪਣੇ ਮਗਰਲੇ ਦਿਨਾਂ ਵਿਚ ਉਹ ਰਾਸ਼ਟਰਪਤੀ ਸਲਵਾਡੋਰ ਅਲੇਂਦੇ ਦੇ ਨੇੜਲੇ ਸਲਾਹਕਾਰਾਂ ਵਿਚ ਸ਼ੁਮਾਰ ਸੀ।
___________________________________
ਫਿਲਮ ‘ਦਿ ਪੋਸਟਮੈਨ’ ਦਾ ਨਾਇਕ
ਪਾਬਲੋ ਨੇਰੂਦਾ ਬਾਰੇ 1994 ਵਿਚ ਇਤਾਲਵੀ ਫਿਲਮ ‘ਈ ਪੋਸਤੀਨੋ’ ਬਣੀ ਸੀ। ਅਮਰੀਕਾ ਵਿਚ ਇਹ ਫ਼ਿਲਮ ‘ਦਿ ਪੋਸਟਮੈਨ’ ਦੇ ਨਾਂ ਤਹਿਤ ਰਿਲੀਜ਼ ਹੋਈ, ਪਰ ਕੇਵਿਨ ਕੌਸਟਨਰ ਵੱਲੋਂ ਵੀ ਇਸੇ ਨਾਂ ‘ਦਿ ਪੋਸਟਮੈਨ’ ਤਹਿਤ ਫ਼ਿਲਮ ਬਣਾਉਣ ਕਾਰਨ ਇਸ ਫਿਲਮ ਦੀਆਂ ਡੀæਵੀæਡੀਜ਼ ਦਾ ਨਾਂ ‘ਈ ਪੋਸਤੀਨੋ: ਦਿ ਪੋਸਟਮੈਨ’ ਰੱਖ ਦਿੱਤਾ ਗਿਆ। ਇਹ ਫ਼ਿਲਮ ਪਾਬਲੋ ਨੇਰੂਦਾ ਦੀ ਜ਼ਿੰਦਗੀ ਅਤੇ ਸ਼ਾਇਰੀ ‘ਤੇ ਆਧਾਰਤ ਹੈ। ਇਸ ਫ਼ਿਲਮ ਵਿਚ ਪਾਬਲੋ ਨੇਰੂਦਾ ਦਾ ਕਿਰਦਾਰ ਫ਼ਿਲਿਪ ਨੋਇਰੇ ਨੇ ਨਿਭਾਇਆ। ਇਹ ਉਸ ਵੇਲੇ ਦੀ ਕਹਾਣੀ ਹੈ ਜਦੋਂ ਨੇਰੂਦਾ ਇਟਲੀ ਦੇ ਇਕ ਟਾਪੂ ‘ਤੇ ਜਲਾਵਤਨੀ ਕੱਟ ਰਿਹਾ ਹੈ। ਉਥੇ ਉਸ ਦਾ ਸੰਪਰਕ, ਮਛੇਰੇ ਦੇ ਮੁੰਡੇ ਨਾਲ ਹੋ ਜਾਂਦਾ ਹੈ। ਇਸ ਮੁੰਡੇ ਦਾ ਪਿਆਰ ਬੜੀ ਪਿਆਰੀ ਕੁੜੀ ਬਿਤਰੀਸ ਰੂਸੋ ਨਾਲ ਹੈ। ਉਹ ਪਾਬਲੋ ਨੇਰੂਦਾ ਦੀਆਂ ਕਵਿਤਾਵਾਂ ਸੁਣਾ-ਸੁਣਾ ਕੇ ਉਹ ਕੁੜੀ ਦਾ ਪਿਆਰ ਹਾਸਲ ਕਰਦਾ ਹੈ। ਇਹ ਫਿਲਮ ਬੜੀ ਸਫਲ ਰਹੀ ਅਤੇ ਇਸ ਨੇ ਬਹੁਤ ਸਾਰੇ ਐਵਾਰਡ ਵੀ ਜਿੱਤੇ। 1995 ਵਿਚ ਆਸਕਰ ਐਵਾਰਡ ਲਈ ਫ਼ਿਲਮ ਦੀਆਂ 5 ਨਾਮਜ਼ਦਗੀਆਂ ਹੋਈਆਂ ਅਤੇ ਇਸ ਨੂੰ ਸਰਵੋਤਮ ਸੰਗੀਤ ਦਾ ਪੁਰਸਕਾਰ ਹਾਸਲ ਹੋਇਆ। ਹੋਰ ਨਾਮਜ਼ਦਗੀਆਂ ਵਿਚ ਸਰਵੋਤਮ ਡਾਇਰੈਕਟਰ, ਸਰਵੋਤਮ ਅਦਾਕਾਰ, ਸਰਵੋਤਮ ਪਟਕਥਾ ਸ਼ਾਮਲ ਸਨ।

Be the first to comment

Leave a Reply

Your email address will not be published.