ਕੱਟੜਪੰਥੀ ਦਹਿਸ਼ਤ: ਬਾਕੀ ਸਭ ਖੈਰ ਹੈ…

-ਜਤਿੰਦਰ ਪਨੂੰ
ਇਹ ਸਤਰਾਂ ਲਿਖਣ ਵੇਲੇ ਮਨ ਉਦਾਸ ਹੈ। ਇੱਕ ਮਿੱਤਰ ਨੇ ਵਿਦੇਸ਼ ਤੋਂ ਪੁੱਛਿਆ ਹੈ, “ਕੀ ਹਾਲ ਐ?” ਮੈਂ ਆਖਿਆ, “ਠੀਕ ਹੈ।” ਉਸ ਨੇ ਫਿਰ ਦੁਹਰਾ ਕੇ ਪੁੱਛਿਆ, “ਮੈਂ ਕਿਹਾ, ਕੀ ਹਾਲ ਐ?” ਜਵਾਬ ਮੈਂ ਵੀ ਵਧਾ ਕੇ ਦਿੱਤਾ, “ਪਹਿਲਾਂ ਤੋਂ ਕੁਝ ਠੀਕ ਹੈ।” ਉਸ ਤੀਜੀ ਵਾਰੀ ਇਹ ਪੁੱਛ ਲਿਆ, “ਮੈਂ ਪੁੱਛ ਰਿਹਾ ਹਾਂ, ਕੀ ਬਣੇਗਾ?” ਮੈਨੂੰ ਉਸ ਸੱਜਣ ਦੇ ਸਵਾਲ ਦੀ ਸਮਝ ਪੈ ਗਈ ਤਾਂ ਮੈਂ ਜਵਾਬ ਦਿੱਤਾ, “ਕਿਉਂ ਜ਼ਖਮਾਂ ‘ਤੇ ਲੂਣ ਧੂੜਦੇ ਹੋ? ਪਿੰਡ ਤੋਂ ਫੌਜੀ ਜਵਾਨ ਨੂੰ ਗਈ ਚਿੱਠੀ ਵਿਚ ਇਹ ਲਿਖਿਆ ਸੀ: ਤਾਈ ਬਲਵੰਤ ਕੌਰ ਗੁਜ਼ਰ ਗਈ, ਕਰਨੈਲ ਸਿੰਘ ਦੀ ਮੱਝ ਹਲਕੇ ਕੁੱਤੇ ਵੱਲੋਂ ਵੱਢੇ ਜਾਣ ਨਾਲ ਮਰ ਗਈ ਤੇ ਤੇਰੀ ਮਾਸੀ ਦਾ ਜੇਠ ਬਿਮਾਰੀ ਨਾਲ ਮਰਨਾਊ ਪਿਐ, ਬਾਕੀ ਸਭ ਠੀਕ-ਠਾਕ ਹੈ।”

ਉਸ ਦੋਸਤ ਨੂੰ ਮੈਂ ਕਿਹਾ, “ਤੂੰ ਇੱਕੀਆਂ ਦੀ ‘ਕੱਤੀ ਪਾਉਣ ਦਾ ਮੁਹਾਵਰਾ ਸੁਣਿਆ ਹੋਊ, ਪਰ ਅੱਜ ਕੱਲ੍ਹ ਸਾਡੇ ਦੇਸ਼ ਵਿਚ ਉਣੰਜਾ ਦੀ ਥਾਂ ਉਣਾਹਠ ਪੈਂਦੀ ਹੈ। ਉਣੰਜਾ ਜਣਿਆਂ ਨੇ ਇਹ ਕਿਹਾ ਸੀ ਕਿ ਹਿੰਸਾ ਕਰਦੀਆਂ ਭੀੜਾਂ ਨੂੰ ਲਗਾਮ ਦਿਓ ਤੇ ਉਣਾਹਠਾਂ ਨੇ ਕਹਿ ਦਿੱਤੈ, ਏਥੇ ਕੁਝ ਗਲਤ ਹੋਇਆ ਹੀ ਨਹੀਂ, ਤੁਸੀਂ ਆਪਣੀ ਜ਼ਬਾਨ ਨੂੰ ਲਗਾਮ ਦੇ ਲਓ, ਬਹੁਤਾ ਚਪਰ-ਚਪਰ ਕਰਨ ਲੱਗ ਪਈ ਹੈ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਤੋਂ ਬਿਨਾ ਬਾਕੀ ਸਭ ਠੀਕ ਜਿਹਾ ਹੀ ਜਾਪਦਾ ਹੈ।”
‘ਉਣੰਜਾ’ ਅਤੇ ‘ਉਣਾਹਠ’ ਵੀ ਸਹੀ ਨਹੀਂ, ਅਸਲ ਵਿਚ ਜਦੋਂ ਉਣੰਜਾ ਪ੍ਰਮੁੱਖ ਹਸਤੀਆਂ ਨੇ ਇਹ ਆਖਿਆ ਸੀ ਕਿ ਮੌਜੂਦਾ ਰਾਜ ਦੌਰਾਨ ਭਾਰਤ ਵਿਚ ਭੀੜਾਂ ਭੜਕ ਕੇ ਘੱਟ-ਗਿਣਤੀਆਂ ਅਤੇ ਦਲਿਤਾਂ ਦਾ ਖੂਨ ਵਹਾਉਣ ਲੱਗ ਪੈਂਦੀਆਂ ਹਨ ਤੇ ਸਰਕਾਰ ਉਨ੍ਹਾਂ ‘ਤੇ ਰੋਕ ਲਾਵੇ, ਤਾਂ ਸਰਕਾਰ ਦੇ ਸਮਰਥਕ ਭੜਕ ਪਏ। ਹਰਕਤ ਵਿਚ ਆਉਣ ਲਈ ਸਰਕਾਰ ਨੂੰ ਕਿਹਾ ਗਿਆ ਸੀ, ਸਰਕਾਰ ਦੀ ਥਾਂ ਉਸ ਦੇ ਸਮਰਥਕ ਹਰਕਤ ਵਿਚ ਆਏ ਤੇ ਉਣੰਜਾ ਤੋਂ ਦਸ ਵਧਾ ਕੇ ਉਣਾਹਠ ਤੱਕ ਸਬਰ ਨਹੀਂ ਕੀਤਾ, ਦੋ ਹੋਰ ਵਧਾ ਕੇ ਇਕਾਹਠ ਹਸਤੀਆਂ ਕੋਲੋਂ ਬਿਆਨ ਦਿਵਾਇਆ ਹੈ ਕਿ ਸਰਕਾਰ ਠੀਕ ਚੱਲਦੀ ਪਈ ਹੈ, ਸਿਰਫ ਤੁਸੀਂ ਲੋਕ ਹੀ ਠੀਕ ਨਹੀਂ ਕਰਦੇ। ਭਾਜੀ-ਮੋੜਵੇਂ ਬਿਆਨ ਵਿਚ ਇਹ ਮਿਹਣੇ ਦਿੱਤੇ ਹਨ ਕਿ ਜੰਮੂ-ਕਸ਼ਮੀਰ ਵਿਚੋਂ ਹਿੰਦੂਆਂ ਨੂੰ ਉਜਾੜਿਆ ਗਿਆ, ਤੁਸੀਂ ਉਦੋਂ ਬੋਲੇ ਨਹੀਂ ਸੀ, ਨਕਸਲੀਆਂ ਨੇ ਆਦਿ ਵਾਸੀਆਂ ਨੂੰ ਮਾਰਿਆ ਤਾਂ ਬੋਲੇ ਨਹੀਂ ਤੇ ਜਦੋਂ ਤਿੰਨ ਤਲਾਕ ਦੇ ਵਿਰੁਧ ਬਿੱਲ ਪਾਸ ਕਰਨਾ ਸੀ, ਇਸ ਪੈਂਤੜੇ ਨਾਲ ਵੀ ਖੜੋਤੇ ਨਹੀਂ ਸੀ ਤੇ ਅੱਜ ਸਰਕਾਰ ਨੂੰ ਸਾਰੇ ਸੰਸਾਰ ਵਿਚ ਭੰਡਣ ਤੁਰ ਪਏ ਹੋ। ਇਸ ਸਾਰੇ ਬਿਆਨ ਵਿਚ ਆਹ ਪਿਛਲੀ ਗੱਲ ਲਿਖ ਦਿੱਤੀ ਜਾਣੀ ਜਾਹਰ ਕਰ ਦਿੰਦੀ ਹੈ ਕਿ ਅਸਲ ਵਿਚ ਇਹ ਕਿਹੜੀ ਧਾੜ ਹੈ, ਜੋ ਆਪਣੇ ਦੇਸ਼ ਵਿਚ ਭੀੜਤੰਤਰ ਦੇ ਵਿਰੁਧ ਅਵਾਜ਼ ਚੁੱਕ ਰਹੇ ਪ੍ਰਸਿੱਧੀ ਪ੍ਰਾਪਤ ਲੋਕਾਂ ਨੂੰ ਬਰਦਾਸ਼ਤ ਕਰਨ ਲਈ ਵੀ ਤਿਆਰ ਨਹੀਂ ਤੇ ਧਮਕਾਊ ਬੋਲੀ ਵਿਚ ਜਵਾਬ ਦੇਣ ਲਈ ਨਿੱਤਰ ਪਈ ਹੈ। ਗੁਜਰਾਤ ਦੇ ਦੰਗਿਆਂ ਵੇਲੇ ਜਿਨ੍ਹਾਂ ਨੇ ਏਦਾਂ ਦੀ ਭੂਮਿਕਾ ਨਿਭਾਈ ਸੀ, ਉਨ੍ਹਾਂ ਨੂੰ ਮੌਜਾਂ ਲੱਗਣ ਬਾਰੇ ਸਭ ਨੂੰ ਪਤਾ ਹੈ ਤੇ ਉਸ ਵਕਤ ਜੋ ਲੋਕ ਵਾਜਪਾਈ ਦੇ ਪ੍ਰਭਾਵ ਹੇਠ ਵਗਦੀ ਗੰਗਾ ਵਿਚ ਹੱਥ ਧੋਣੋਂ ਰਹਿ ਗਏ ਸਨ, ਉਨ੍ਹਾਂ ਨੂੰ ਅੱਜ ਦਾ ਮਾਹੌਲ ਉਦੋਂ ਵਾਲੀ ਕਸਰ ਕੱਢਣ ਲਈ ਢੁਕਵਾਂ ਜਾਪਣ ਲੱਗ ਪਿਆ ਹੈ। ਓਦਾਂ ਬਾਕੀ ਸਭ ਠੀਕ ਜਾਪਦਾ ਹੈ!
ਸਾਨੂੰ ਸ਼ਾਇਰ ਇਕਬਾਲ ਦੀ ਯਾਦ ਕਦੇ-ਕਦਾਈਂ ਆ ਜਾਂਦੀ ਹੈ, ਜੋ ਕਹਿੰਦਾ ਸੀ, ‘ਮਜਹਬ ਨਹੀਂ ਸਿੱਖਾਤਾ, ਆਪਸ ਮੇਂ ਬੈਰ ਰਖਨਾ’ ਅਤੇ ਇਸ ਦੇ ਨਾਲ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਕਹਿੰਦਾ ਸੀ, ਪਰ ਪਾਕਿਸਤਾਨ ਜਾ ਕੇ ਕਹਿਣ ਲੱਗ ਪਿਆ, ‘ਮੁਸਲਿਮ ਹੈਂ ਹਮ, ਵਤਨ ਹੈ ਸਾਰਾ ਜਹਾਂ ਹਮਾਰਾ।’ ਸਾਨੂੰ ਐਮ. ਜੇ. ਅਕਬਰ ਦੀ ਚਾਲੀ ਸਾਲਾਂ ਦੀ ਉਡਾਰੀ ਵੀ ਯਾਦ ਆਉਂਦੀ ਹੈ। ਕਦੇ ਉਹ ਬੰਦਾ ਇਸ ਦੇਸ਼ ਨੂੰ ਵੱਸਦਾ ਰੱਖਣ ਦੀਆਂ ਗੱਲਾਂ ਕਰਦਿਆਂ ਕਹਿੰਦਾ ਹੁੰਦਾ ਸੀ ਕਿ ਭਾਜਪਾ ਸਮੇਤ ਸਭ ਫਿਰਕੂ ਧਿਰਾਂ ਤੋਂ ਭਾਰਤ ਨੂੰ ਵੱਧ ਖਤਰਾ ਹੈ ਤੇ ਬਾਹਰੋਂ ਖਤਰੇ ਘੱਟ ਲੱਗਦੇ ਹਨ, ਪਰ ਵਜ਼ੀਰੀ ਦਾ ਚੋਗਾ ਪੈਂਦੇ ਸਾਰ ਉਹ ਭਾਜਪਾ ਵਿਚ ਜਾ ਵੜਿਆ ਸੀ।
ਸਾਨੂੰ ਆਪਣੇ ਤੋਂ ਪਹਿਲੀ ਪੀੜ੍ਹੀ ਤੋਂ ਸੁਣੀ ਹੋਈ ਲਾਹੌਰ ਦੇ ਤੋਤਾ ਰਾਮ ਗੁਲਾਟੀ ਦੀ ਗੱਲ ਯਾਦ ਆਉਂਦੀ ਹੈ। ਇੱਕ ਤੋੜ ਕੇ ਦੋ ਦੇਸ਼ ਬਣੇ ਤੋਂ ਤੋਤਾ ਰਾਮ ਦਾ ਸਾਰਾ ਪਰਿਵਾਰ ਭਾਰਤ ਆ ਗਿਆ ਤੇ ਉਹ ਜਾਇਦਾਦ ਦੇ ਮੋਹ ਖਾਤਰ ਲਾਹੌਰ ਰਹਿ ਗਿਆ ਸੀ। ਬਾਅਦ ਵਿਚ ਹਾਲਾਤ ਦਾ ਸਾਹਮਣਾ ਕਰਨਾ ਪਿਆ ਤਾਂ ਕੱਟੜਪੰਥੀਆਂ ਦੇ ਦਬਕੇ ਹੇਠ ਲਾਹੌਰ ਰੇਡੀਓ ਤੋਂ ਸ਼ਾਮ ਦੇ ਪ੍ਰੋਗਰਾਮ ਵਿਚ ਤੋਤਾ ਰਾਮ ਇਹ ਕਿਹਾ ਕਰਦਾ ਸੀ ਕਿ ਪਾਕਿਸਤਾਨ ਵਿਚ ਮੇਰੇ ਵਰਗੇ ਹਿੰਦੂਆਂ ਨੂੰ ਏਨੇ ਹੱਕ ਹਾਸਲ ਹਨ, ਜਿੰਨੇ ਹਿੰਦੁਸਤਾਨ ਵਿਚ ਰਹਿੰਦੇ ਹਿੰਦੂਆਂ ਨੂੰ ਕਦੇ ਨਹੀਂ ਮਿਲ ਸਕਦੇ। ਉਸ ਦਾ ਚੇਤਾ ਆਉਂਦੇ ਸਾਰ ਘੱਟ-ਗਿਣਤੀ ਭਾਈਚਾਰੇ ਵਿਚ ਪੈਦਾ ਹੋਏ ਉਹ ਆਗੂ ਦਿੱਸਣ ਲੱਗਦੇ ਹਨ, ਜੋ ਸਾਨੂੰ ਇਹ ਕਹਿੰਦੇ ਹਨ ਕਿ ਘੱਟ-ਗਿਣਤੀਆਂ ਨੂੰ ਜਿੰਨਾ ਮਾਣ-ਸਤਿਕਾਰ ਭਾਜਪਾ ਰਾਜ ਵਿਚ ਮਿਲ ਰਿਹਾ ਹੈ, ਏਨਾ ਮਾਣ ਤਾਂ ਉਨ੍ਹਾਂ ਘੱਟ-ਗਿਣਤੀਆਂ ਦੇ ਆਪਣੇ ਧਰਮ ਦੇ ਰਾਜ ਵਿਚ ਨਹੀਂ ਮਿਲ ਸਕਦਾ। ਤਿੰਨ-ਚਾਰ ਆਗੂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਕੇ ਦਿਨ ਨੂੰ ਰਾਤ ਜਾਂ ਰਾਤ ਨੂੰ ਦਿਨ ਕਹਿੰਦੇ ਹਨ। ਬਾਕੀ ਸਭ ਠੀਕ-ਠਾਕ ਹੈ।
ਗੱਲ ਫਿਰ ਪਹਿਲੇ ਨੁਕਤੇ ‘ਤੇ ਆ ਜਾਂਦੀ ਹੈ। ਅਸੀਂ ਇਸ ਵਕਤ ਉਦਾਸ ਹਾਂ, ਪਰ ਉਦਾਸੀ ਨਿੱਜੀ ਕਾਰਨਾਂ ਕਰ ਕੇ ਨਹੀਂ। ਬੰਦੇ ਦਾ ਨਿੱਜ ਕੋਈ ਬਹੁਤੇ ਮਾਅਨੇ ਨਹੀਂ ਰੱਖਦਾ। ਬੰਦਾ ਸਿਰਫ ਇੱਕ ਬੰਦਾ ਹੋ ਸਕਦਾ ਹੈ, ਉਹ ਬਾਬੇ ਨਾਨਕ ਦੇ ਸ਼ਬਦਾਂ ਮੁਤਾਬਕ ‘ਹਮ ਆਦਮੀ ਹੈਂ ਇਕ ਦਮੀ’ ਮੰਨਿਆ ਜਾਂਦਾ ਹੈ। ‘ਤਿੜਕੇ ਘੜੇ ਦਾ ਪਾਣੀ’ ਪਤਾ ਨਹੀਂ ਕੱਲ੍ਹ ਤੱਕ ਰਹੇਗਾ ਕਿ ਨਹੀਂ, ਪਰ ਇਹ ਦੇਸ਼ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਸਾਡੇ ਤੋਂ ਬਾਅਦ ਵੀ ਏਥੇ ਰਹਿਣਾ ਹੈ। ਦੇਸ਼ ਧਰਤੀ ‘ਤੇ ਵਾਹੀਆਂ ਲਕੀਰਾਂ ਨਾਲ ਨਹੀਂ ਬਣ ਜਾਂਦੇ। ਇਨ੍ਹਾਂ ਵਿਚ ਇਨਸਾਨਾਂ ਦਾ ਵਸੇਬਾ ਹੋਇਆਂ ਤੋਂ ਇਨ੍ਹਾਂ ਨੂੰ ਦੇਸ਼ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਲਈ ਇਨਸਾਨ ਤੇ ਇਨਸਾਨੀ ਭਾਵਨਾ ਦਾ ਸਤਿਕਾਰ ਵੱਧ ਅਹਿਮ ਮੰਨਿਆ ਜਾਣਾ ਚਾਹੀਦਾ ਹੈ। ਭਾਰਤ ਵਿਚ ਇਸ ਵਕਤ ਇਨਸਾਨ ਤੋਂ ਵੱਧ ਮਹੱਤਵ ਧਰਮ ਨੂੰ ਤੇ ਧਰਮ ਵਿਚੋਂ ਵੀ ਆਪੋ-ਆਪਣੇ ਧਰਮ ਨੂੰ ਦਿੱਤਾ ਜਾਣ ਲੱਗ ਪਿਆ ਹੈ। ਦੂਜੇ ਦੇ ਧਰਮ ਦੀ ਇੱਜਤ ਕਰਨੀ ਮਖੌਲ ਬਣਦਾ ਜਾਂਦਾ ਹੈ। ਬਾਕੀ ਸਭ ਠੀਕ-ਠਾਕ ਹੈ!
ਅਸੀਂ ਭਾਰਤ ਦੇ ਵਾਸੀ ਹਾਂ, ਉਸ ਭਾਰਤ ਦੇਸ਼ ਦੇ, ਜਿਸ ਦੇ ਸੰਤਾਂ ਤੇ ਸੂਫੀ ਫਕੀਰਾਂ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਨੇ ਇੱਕ ਜਾਂ ਦੂਸਰੇ ਧਰਮ ਵੱਲ ਝੁਕਣ ਦੀ ਥਾਂ ਆਪਣੇ ਵਕਤ ਦੋਵਾਂ ਧਰਮਾਂ ਵਿਚ ਫੈਲਦੇ ਕੱਟੜਪੁਣੇ ਅਤੇ ਫਿਰਕੂ ਨਫਰਤ ਤੋਂ ਉਪਜੇ ਦਵੈਤ ਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਏਹੋ ਭਾਵਨਾ ਪ੍ਰਗਟ ਕਰਦਿਆਂ ਕਿਹਾ ਸੀ, “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਉਨ੍ਹਾਂ ਨੇ ਵਿਚਾਰਾਂ ਦੇ ਨਾਲ ਅਕੀਦੇ ਦੀ ਆਜ਼ਾਦੀ ਲਈ ਆਖਿਆ ਸੀ, “ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੇ ਗੁਸਈਆ ਕੋਈ ਅਲਾਹਿ॥”
ਮਹਾਰਾਸ਼ਟਰ ਤੋਂ ਸਮਾਜ ਸੁਧਾਰ ਯਾਤਰਾ ਸ਼ੁਰੂ ਕਰ ਕੇ ਬਾਬਾ ਨਾਮਦੇਵ ਨੇ ਪੰਜਾਬ ਵਿਚ ਆਉਣ ਤੱਕ ਇਸ ਕੱਟੜਪੁਣੇ ਦੇ ਵਰਤਾਰੇ ਦਾ ਵਿਰੋਧ ਕਰਨ ਲਈ ਲਿਖਿਆ ਸੀ, “ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥” ਉਸੇ ਦੌਰ ਵਿਚ ਸੰਤ ਕਬੀਰ ਜੀ ਨੂੰ ਇਹ ਕਹਿਣ ਦੀ ਲੋੜ ਪੈ ਗਈ ਸੀ, “ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥” ਤੇ ਇਹ ਵੀ ਕਹਿ ਦਿੱਤਾ ਸੀ ਕਿ “ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥” ਇਸ ਦੇ ਵੱਡੇ ਅਰਥ ਨਿਕਲਦੇ ਹਨ।
ਅੱਜ ਪੰਡਿਤ ਤੇ ਮੁੱਲਾਂ ਨਹੀਂ ਲੜਦੇ, ਉਨ੍ਹਾਂ ਦੇ ਨਾਂ ‘ਤੇ ਰਾਜਨੀਤੀ ਕਰਦੇ ਆਗੂ ਤੇ ਆਗੂਆਂ ਦੇ ਕੱਟੜਪੁਣੇ ਦਾ ਝੰਡਾ ਚੁੱਕੀ ਫਿਰਦੇ ਪਿਛਲੱਗ ਲੜਦੇ ਹਨ। ਉਹ ਆਪਣੇ ਤੋਂ ਸਿਵਾ ਕਿਸੇ ਦੀ ਗੱਲ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਤੇ ਜੋ ਕੋਈ ਆਪਣੀ ਗੱਲ ਕਹਿਣੀ ਚਾਹੁੰਦਾ ਹੈ, ਉਸ ਨੂੰ ‘ਪਾਕਿਸਤਾਨ ਚਲਾ ਜਾਹ’ ਸਮੇਤ ਕੋਈ ਵੀ ਫਤਵਾ ਦੇਣ ਨੂੰ ਕਮਰਾਂ ਕੱਸੀ ਫਿਰਦੇ ਹਨ।
ਇਤਿਹਾਸ ਸਿਰਫ ਕਿਤਾਬਾਂ ਵਿਚ ਨਹੀਂ ਦਰਜ ਹੁੰਦਾ, ਇਸ ਦਾ ਇੱਕ ਹਿੱਸਾ ਜਨਤਕ ਕਥਾਵਾਂ ਅਤੇ ਕਹਾਣੀਆਂ ਵਿਚ ਮਿਲਦਾ ਹੈ। ਔਰੰਗਜ਼ੇਬ ਦੇ ਵਕਤ ਦੀ ਵੀ ਇੱਕ ਲੋਕ-ਕਥਾ ਸੁਣੀ ਜਾਂਦੀ ਹੈ। ਕਹਿੰਦੇ ਹਨ, ਕੁਝ ਨੇਕ-ਦਿਲ ਸੂਫੀ ਫਕੀਰਾਂ ਨੇ ਔਰੰਗਜ਼ੇਬ ਨੂੰ ਦੱਸਣ ਦਾ ਮਨ ਬਣਾਇਆ ਕਿ ਅੱਲ੍ਹਾ ਅਤੇ ਰਾਮ ਦੋਵੇਂ ਇੱਕੋ ਹੁੰਦੇ ਨੇ, ਫਰਕ ਤਾਂ ਦੁਨੀਆਂ ਵਿਚ ਮਨੁੱਖਾਂ ਨੇ ਪਾਏ ਨੇ। ਉਨ੍ਹਾਂ ਦਰਬਾਰ ਵਿਚ ਜਾ ਕੇ ਔਰੰਗਜ਼ੇਬ ਨੂੰ ਮਿਲਣ ਦਾ ਸੁਨੇਹਾ ਭੇਜਿਆ ਤਾਂ ਅੱਗੋਂ ਗੱਲਬਾਤ ਲਈ ਮੁੱਦਾ ਪੁੱਛਿਆ ਗਿਆ। ਆਉਣ ਵਾਲਿਆਂ ਨੇ ਕਿਹਾ ਕਿ ਉਹ ਦੱਸਣ ਆਏ ਹਨ ਕਿ ਅੱਲ੍ਹਾ ਤੇ ਰਾਮ-ਦੋਹਾਂ ਦਾ ਭਾਵ ਇੱਕੋ ਹੁੰਦਾ ਹੈ, ਸਿਰਫ ਭਾਸ਼ਾ ਵਿਚ ਫਰਕ ਹੈ। ਔਰੰਗਜ਼ੇਬ ਨੇ ਦਰਬਾਰ ਵਿਚ ਆ ਕੇ ਪਹਿਲੀ ਗੱਲ ਇਹ ਪੁੱਛ ਲਈ, ‘ਕਿਸ ਕਾਫਰ ਨੇ ਬੋਲਾ ਹੈ?’ ਸੂਫੀ ਸੰਤ ਜਾਣਦੇ ਸਨ ਕਿ ਕੁਫਰ ਦੀ ਸਜ਼ਾ ਮੌਤ ਹੈ ਤੇ ਜਿਸ ਨੇ ਮੰਨਿਆ ਕਿ ਉਸ ਨੇ ਇਹ ਕਿਹਾ ਹੈ, ਬਾਦਸ਼ਾਹ ਪਹਿਲਾਂ ਹੀ ਕਹਿ ਚੁੱਕਾ ਹੈ ਕਿ ‘ਕਿਸ ਕਾਫਰ ਨੇ ਬੋਲਾ ਹੈ’, ਇਸ ਲਈ ਕਾਫਰ ਹੋਣ ਲਈ ਮੌਤ ਦੀ ਸਜ਼ਾ ਤੋਂ ਨਹੀਂ ਬਚ ਸਕੇਗਾ। ਕਹਿੰਦੇ ਹਨ, ਉਦੋਂ ਉਹ ਸੂਫੀ ਸੰਤ ਮੁੜ ਆਏ ਸਨ।
ਅੱਜ ਵਾਲੇ ਸਮੇਂ ਵਿਚ ਵੀ ਜੋ ਕੋਈ ਸਾਂਝੀਵਾਲਤਾ ਦੀ ਗੱਲ ਕਰਨ ਦੀ ਹਿੰਮਤ ਕਰੇ, ਉਸ ਨੂੰ ‘ਨਕਲੀ ਧਰਮ ਨਿਰਪੱਖਤਾ ਗੈਂਗ’ ਦਾ ਬੰਦਾ ਕਹਿ ਕੇ ਇਸ ਤਰ੍ਹਾਂ ਦੇ ਫਤਵੇ ਦਿੱਤੇ ਜਾਣ ਲੱਗਦੇ ਹਨ ਕਿ ਕੱਲ੍ਹ ਨੂੰ ਕਿਸੇ ਥਾਂ ਭੜਕੀ ਭੀੜ ਉਸ ਨੂੰ ਧਰਮ-ਦੋਖੀ ਕਹਿ ਕੇ ਉਸ ਦਾ ਹਰ ਹਸ਼ਰ ਕਰਨ ਤੱਕ ਜਾ ਸਕਦੀ ਹੈ। ਅਸਲ ਵਿਚ ਸਾਂਝੀਵਾਲਤਾ ਦੇ ਨਾਂ ‘ਤੇ ਕੋਈ ਗੈਂਗ ਨਹੀਂ, ਕੱਟੜਪੰਥੀਆਂ ਦੇ ਇਹੋ ਜਿਹੇ ਗੈਂਗ ਅੱਜ ਕੱਲ੍ਹ ਭਾਰਤ ਵਿਚ ਖੁੰਬਾਂ ਵਾਂਗ ਉਗ ਰਹੇ ਹਨ। ਜਦੋਂ ਇਸ ਕਿਸਮ ਦੇ ਪੜ੍ਹੇ-ਲਿਖੇ ਲੋਕ ਏਦਾਂ ਦਾ ਵਿਹਾਰ ਕਰਨ ਲੱਗੇ ਹਨ ਤਾਂ ਜਣੇ-ਖਣੇ ਅਨਪੜ੍ਹਾਂ ਦੀ ਭੀੜ ਵਲੋਂ ਰਾਹ ਜਾਂਦੇ ਕਿਸੇ ਬੰਦੇ ਨੂੰ ਕੁੱਟਣ ਤੋਂ ਲੈ ਕੇ ਮਾਰ ਸੁੱਟਣ ਤੱਕ ਦੇ ਵਰਤਾਰੇ ਨੂੰ ਨਿੰਦ ਕੇ ਕੀ ਲੱਭੇਗਾ? ਫੌਜੀ ਦੇ ਮਾਪਿਆਂ ਦੀ ਚਿੱਠੀ ਵਾਂਗ ਇਸ ਵੇਲੇ ਇਸ ਦੇਸ਼ ਵਿਚ ਹਾਲਾਤ ਜਦੋਂ ਇਹੋ ਜਿਹੇ ਨਹੀਂ ਰਹਿ ਗਏ ਕਿ ਮਨ ਦੀ ਗੱਲ ਖੁੱਲ੍ਹੇ ਦਿਲ ਨਾਲ ਕਹੀ ਜਾਵੇ, ਉਦੋਂ ਉਸ ਚਿੱਠੀ ਦੇ ਲੇਖਕ ਵਾਂਗ ਇਹ ਹੀ ਲਿਖਣਾ ਰਹਿ ਜਾਂਦਾ ਹੈ ਕਿ ‘ਬਾਕੀ ਸਭ ਠੀਕ-ਠਾਕ ਜਿਹਾ ਹੀ ਲੱਗਦਾ ਹੈ!’ ਸੱਚਮੁੱਚ ਠੀਕ-ਠਾਕ ਹੀ ਤਾਂ ਹੈ!