ਸੱਚ ਦੀ ਸੱਦ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬਗਲੀ ਦਾ ਵਿਖਿਆਨ ਕਰਦਿਆਂ ਕਿਹਾ ਸੀ, “ਬਗਲੀ, ਬੀਹੀ ਵਿਚ ਖੈਰ ਮੰਗਦਿਆਂ ਨਿਆਮਤਾਂ ਨੂੰ ਝੋਲੀ ‘ਚ ਪਵਾਉਣ ਅਤੇ ਬਰਕਤਾਂ ਵਰਤਾਉਣ ਦਾ ਨਾਂ।…

ਬਗਲੀ ਵਿਚ ਸਾਂਝਾਂ, ਦੋਸਤੀਆਂ ਅਤੇ ਸਬੰਧਾਂ ਦਾ ਜ਼ਖੀਰਾ ਵੀ ਹੁੰਦਾ, ਜਿਨ੍ਹਾਂ ਨੇ ਜੀਵਨ-ਚੌਰਸਤੇ ‘ਤੇ ਦਿਸ਼ਾ ਦਿਖਾਈ, ਪੈਰਾਂ ਵਿਚ ਆਈ ਮੋਚ ਹਟਾਈ, ਬਿਆਈਆਂ ਨੂੰ ਸਹਿਲਾਇਆ ਅਤੇ ਮਿੱਟੀ-ਘੱਟੇ ਨਾਲ ਅੱਟੇ ਪੱਬਾਂ ਨੂੰ ਆਪਣੇ ਲਵੇ ਲਾਇਆ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੱਚ ਦਾ ਸੱਚ ਬਿਆਨਿਆ ਹੈ। ਉਹ ਕਹਿੰਦੇ ਹਨ, “ਸੱਚ ਸੁਣਨ ਦਾ ਆਦੀ ਨਹੀਂ ਹੈ ਮਨੁੱਖ। ਕੂੜ ਦੀ ਦੁਨੀਆਂ ‘ਚ ਕੂੜ ਦਾ ਵਪਾਰ ਕਰਦਾ, ਸੱਚ ਦਾ ਸਾਹਮਣਾ ਕਰਨ ਤੋਂ ਡਰਦਾ।…ਸੱਚ ਕਦੇ ਖੁਦਕੁਸ਼ੀ ਨਹੀਂ ਕਰਦਾ। ਕਦੇ ਲਿੱਲਕੜੀਆਂ ਨਹੀਂ ਕੱਢਦਾ। ਤਰਲੇ ਨਹੀਂ ਕਰਦਾ। ਸਗੋਂ ਸੱਚ ਕਹਿਣ ਵਿਚ ਫਖਰ ਮਹਿਸੂਸ ਕਰਦਾ। ਸੱਚ ਵਿਚੋਂ ਹੀ ਹੋਰ ਸੱਚ ਉਜਾਗਰ ਹੁੰਦੇ, ਜੋ ਸੱਚ ਦਾ ਕਾਫਲਾ ਬਣ ਚਾਨਣ-ਦਾਇਰੇ ਨੂੰ ਹੋਰ ਵਸੀਹ ਕਰਦੇ।…ਸੱਚ, ਸਾਦਗੀ, ਸੁਹੱਪਣ, ਸੁਹਜ ਅਤੇ ਸਦਭਾਵਨਾ ਵਿਚੋਂ ਜਦ ਪ੍ਰਗਟਦਾ ਤਾਂ ਸੱਚ ਦੀਆਂ ਰਹਿਮਤਾਂ ਵਿਚ ਹੁੰਦਾ ਖੁਦਾ ਦਾ ਦੀਦਾਰ। ਖੁਲ੍ਹਦਾ ਚੇਤਨ-ਦੁਆਰ, ਜੋ ਬਣਦਾ ਮਨੁੱਖੀ ਵਿਸਥਾਰ।” ਡਾ. ਭੰਡਾਲ ਕਹਿੰਦੇ ਹਨ, ਸੱਚ ਨੇ ਹਮੇਸ਼ਾ ਸੱਚ ਹੀ ਰਹਿਣਾ ਭਾਵੇਂ ਕੋਈ ਅੰਧ-ਵਿਸ਼ਵਾਸੀ ਹੋਵੇ, ਅਗਿਆਨੀ ਹੋਵੇ ਜਾਂ ਅਨਪੜ੍ਹ ਹੋਵੇ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸੱਚ ਬੋਲਣਾ, ਬਹੁਤ ਅਸਾਨ ਵੀ ਤੇ ਬਹੁਤ ਔਖਾ ਵੀ, ਕਿਉਂਕਿ ਸੱਚ ਨੂੰ ਸੱਚ ਕਹਿਣਾ ਹੀ ਸਭ ਤੋਂ ਵੱਡੀ ਤ੍ਰਾਸਦੀ ਅਤੇ ਸਭ ਤੋਂ ਅਹਿਮ ਖਾਸੀਅਤ।
ਸੱਚ ਲਿਖਣਾ, ਬੁਰਸ਼ ਦੇ ਹਵਾਲੇ ਕਰਨਾ, ਗਾਉਣਾ ਜਾਂ ਅਪਨਾਉਣਾ, ਜੀਵਨ ਦਾ ਬਿਖੜਾ ਪੈਂਡਾ। ਇਸ ਦਾ ਰਾਹੀ ਬਣਨ ਤੋਂ ਕਤਰਾਉਂਦਾ ਏ ਹਰੇਕ ਸ਼ਖਸ, ਕਿਉਂਕਿ ਮਨੁੱਖੀ ਪਾਰਦਰਸ਼ਤਾ ਵਿਚ ਹੀ ਝਲਕਦਾ ਏ ਕਾਲਖ ਦਾ ਵਰਤਾਰਾ।
ਸੱਚ, ਸਦਾ ਸੱਚ ਹੀ ਰਹਿੰਦਾ, ਨਹੀਂ ਬਦਲਦਾ, ਨਹੀਂ ਕੋਈ ਪਰਦਾਦਾਰੀ; ਕਿਸੇ ਓਹਲੇ ਜਾਂ ਛੁਪਾਉਣ ਦੀ ਨਹੀਂ ਲੋੜ।
ਸੱਚ, ਪਾਰਦਰਸ਼ੀ, ਪਾਕ, ਪਵਿੱਤਰ, ਪਾਹੁਲ, ਪ੍ਰਮਾਣ, ਪੁਖਤਗੀ, ਪਛਾਣ ਅਤੇ ਪ੍ਰਕਾਸ਼ ਦਾ ਵਣਜਾਰਾ। ਇਸ ਦਾ ਤਪ-ਤੇਜ ਹੈ, ਅਲੱਗ ਤੇ ਨਿਆਰਾ। ਜੋਤ-ਜਾਚਨਾ ਵਿਚ ਹੈ, ਸ਼ੁਭ-ਚਿੰਤਨ ਦਾ ਪਸਾਰਾ।
ਸੱਚ, ਸਮਰੱਥ, ਸ਼ਫਾਫਤ, ਸ਼ਕਤੀ, ਸਾਧਨ, ਸੁਨੇਹੜਾ, ਸੁਘੜਤਾ ਅਤੇ ਸਾਧਨ-ਸੰਗ ਦਾ ਸੁੰਦਰ ਸੁਮੇਲ।
ਸੱਚ, ਸਿਰ ਉਚਾ ਕਰਕੇ ਜਿਉਂਦਾ। ਸਭ ਲਈ ਪ੍ਰੇਰਨਾ-ਸਰੋਤ ਬਸ਼ਰਤੇ ਕਿ ਅਸੀਂ ਸੱਚ ਦੇ ਹਾਮੀ ਹੋਈਏ ਅਤੇ ਸੱਚ ਦੇ ਨਾਲ ਖੜੋਈਏ।
ਸੱਚ, ਜੀਵਨ ਵਿਚੋਂ ਲੁਪਤ, ਸਾਡੇ ਕਾਰ-ਵਿਹਾਰ ‘ਚੋਂ ਗੁੰਮਸ਼ੁਦਗੀ ਦਾ ਇਸ਼ਤਿਹਾਰ, ਰਿਸ਼ਤਿਆਂ ਵਿਚ ਸੱਚ ਨਹੀਂ ਮਿਉਂਦਾ ਅਤੇ ਸਬੰਧਾਂ ਵਿਚ ਤਾਂ ਸੱਚ ਹੈ, ਸਜ਼ਾ ਦਾ ਭਾਗੀਦਾਰ। ਇਸ ਕਰਕੇ ਅਜੋਕੇ ਸਮਿਆਂ ਵਿਚ ਰਿਸ਼ਤੇ, ਸਬੰਧ ਜਾਂ ਸੱਜਣਤਾਈ ਸਦੀਵੀ ਨਹੀਂ। ਥੋੜ੍ਹ-ਚਿਰੀ। ਮੁਫਾਦ ਤੀਕ ਸੀਮਤ। ਲੋਭ ਦੀ ਨੀਂਹ ‘ਤੇ ਉਸਰੀਆਂ ਸਾਂਝਾਂ ਅਤੇ ਦੋਸਤੀਆਂ ਦਾ ਦਮ ਘੁੱਟਣ ਲੱਗਦਾ, ਜਦ ਹੌਲੀ-ਹੌਲੀ ਸੱਚ ਸਾਹਮਣੇ ਆਉਂਦਾ। ਮੁਖੌਟਿਆਂ ਵਿਚ ਲਿਪਤ ਲੋਕਾਂ ਦਾ ਸੱਚ ਦੇਰ ਬਾਅਦ ਸਾਹਮਣੇ ਆਉਂਦਾ, ਜਦ ਨੂੰ ਬਹੁਤ ਦੇਰ ਹੋ ਚੁਕੀ ਹੁੰਦੀ।
ਸੱਚ ਜਦ ਰਿਸ਼ਤੇ ਦੇ ਜੁੜਨ ਸਮੇਂ ਤੋਂ ਹੀ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਵੇ ਤਾਂ ਸੱਚ ਦੀ ਹੂਕ ਜ਼ਿੰਦਗੀ ਦਾ ਵੈਣ ਬਣ ਜਾਂਦੀ। ਫੇਸਬੁੱਕੀਆ ਦੋਸਤੀਆਂ, ਵਿਦੇਸ਼ ਨੂੰ ਜਾਣ ਦੇ ਲਾਲਚ ‘ਚ ਹੋ ਰਹੀਆਂ ਬੇਜੋੜ ਸ਼ਾਦੀਆਂ ਅਤੇ ਓਹਲਾ ਰੱਖ ਕੇ ਜਾਂ ਝੂਠ ਬੋਲ ਕੇ ਰਿਸ਼ਤਿਆਂ ਦੀ ਨੀਂਹ ਨੂੰ ਕਿਵੇਂ ਮਜ਼ਬੂਤ ਕਰੋਗੇ? ਜੀਵਨ-ਮਹਿਲ ਦੀ ਉਸਾਰੀ ਕਿਵੇਂ ਕਰੋਗੇ? ਫਿਰ ਤਾਂ ਸਿਸਕੀਆਂ ਹੀ ਸਾਹ-ਸੰਵੇਦਨਾ ਦੇ ਨਾਮ ਕਰੋਗੇ।
ਸੱਚ ਬਹੁਤ ਹੀ ਵਿਰਲੇ ਲੋਕਾਂ ਦਾ ਕਰਮ-ਧਰਮ। ਅਜਿਹੇ ਲੋਕਾਂ ਦੀ ਕਰਮਯੋਗਤਾ ਹੀ ਉਨ੍ਹਾਂ ਦਾ ਨਸੀਬ ਹੁੰਦਾ, ਜੋ ਜੀਵਨ-ਪੈੜਾਂ ਨੂੰ ਰੁਸ਼ਨਾਉਂਦਾ, ਆਤਮਾ ਨੂੰ ਪਾਕ ਕਰ, ਇਸ ਦੇ ਪ੍ਰਤੀਬਿੰਬ ਵਿਚ ਆਪਣੀ ਨਕਸ਼-ਨੁਹਾਰ ‘ਚ ਮਾਣ ਮਹਿਸੂਸ ਕਰਦਾ।
ਸੱਚ ਨੂੰ ਲਵੇ ਲਾਉਣ ਤੋਂ ਤ੍ਰਹਿਣ ਲੱਗ ਪਏ ਨੇ ਧਾਰਮਿਕ ਲੋਕ ਅਤੇ ਸੰਸਥਾਵਾਂ, ਕਿਉਂਕਿ ਰਾਜਸੀ ਲਾਗ ਉਨ੍ਹਾਂ ਤੀਕ ਵੀ ਪਹੁੰਚ ਗਈ ਏ। ਸਮਾਜ ਤਾਂ ਪਹਿਲਾਂ ਹੀ ਕੂੜ ਕਮਾਂਵਦਾ, ਕੂੜ ਜਿਉਂਦਾ, ਕੂੜ ਖਾਂਦਾ ਅਤੇ ਕੂੜ ਵਿਚੋਂ ਹੀ ਜੀਵਨ-ਕਾਲਖਾਂ ਦਾ ਨਾਮਕਰਣ ਕਰਦਾ।
ਸੱਚ ਦੇ ਨਿਤਾਰੇ ਲਈ ਬਣੀਆਂ ਅਦਾਲਤਾਂ ਤੇ ਜੱਜ ਜਦ ਖੁਦ ਹੀ ਕੂੜ ‘ਚ ਲਿੱਬੜ ਜਾਣ ਤਾਂ ਨਿਆਂ ਦੀ ਆਸ ਕਿੰਜ ਕਰੋਗੇ? ਸੱਚ ਦੀ ਉਮੀਦ ਵਿਚ ਧੁਖ ਧੁਖ ਕੇ ਮਰੋਗੇ ਅਤੇ ਜਿਉਂਦੇ ਜੀਅ ਸਾਹ-ਸੂਲੀ ਚੜ੍ਹੋਗੇ।
ਸੱਚ, ਸੁੱਚਮ, ਸੁਖਨ, ਸਪੱਸ਼ਟਤਾ, ਸਿਆਣਪ ਅਤੇ ਸਮਝ ਵਿਚੋਂ ਹੀ ਪੈਦਾ ਹੁੰਦਾ। ਜਦ ਸਮਾਜ ਵਿਚ ਕਪਟ, ਕੋਹਜ ਤੇ ਕੂੜ ਦਾ ਬੋਲਬਾਲਾ ਹੋਵੇ ਤਾਂ ਬਾਬੇ ਨਾਨਕ ਨੂੰ ਵੀ ਕਹਿਣਾ ਪੈਂਦਾ, “ਕਾਜ਼ੀਆ ਬਾਹਮਣਾ ਕੀ ਗੱਲ ਕੱਥੀ ਅਗਧ ਪੜੇ ਸ਼ੈਤਾਨ ਵੇ ਲਾਲੋ।” ਕੂੜ ਅਮਾਵਸ ਵਿਚ ਸੱਚ ਦਾ ਚੰਦਰਮਾ ਚੜ੍ਹਦਾ। ਸੂਰਜ ਵਰਗੀਆਂ ਸ਼ਖਸੀਅਤਾਂ ਧਰਤੀ ‘ਤੇ ਚਾਨਣ ਫੈਲਾਉਂਦੀਆਂ ਅਤੇ ਸੋਚ-ਜੂਹ ਵਿਚ ਤਾਰਿਆਂ ਦਾ ਅਜਿਹਾ ਜਾਗ ਲਾਉਂਦੀਆਂ ਕਿ ਸਮੇਂ ਦੀ ਅੱਖ ਖੁੱਲ੍ਹਦੀ। ਸੱਚ ਦੀ ਆਭਾ ਵਿਚ ਕੂੜ ਖੁਦ ਹੀ ਹੀਣਾ ਤੇ ਬੌਣਾ ਹੋ ਅਲੋਪ ਹੋ ਜਾਂਦਾ।
‘ਸਚ ਸਭਨਾ ਹੋਏ ਦਾਰੂ ਕੂੜ ਕੱਢੇ ਧੋਏ’ ਅਨੁਸਾਰ ਸੱਚੇ ਵਿਅਕਤੀ ਨੂੰ ਬਹਾਨਿਆਂ ਦੀ ਲੋੜ ਨਹੀਂ ਹੁੰਦੀ। ਨਾ ਹੀ ਉਹ ਓਹਲਿਆਂ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ। ਸੱਚ ਤਾਂ ‘ਕੇਰਾਂ ਬੋਲਣਾ ਪੈਂਦਾ; ਪਰ ਝੂਠ ਵਾਰ ਵਾਰ ਬੋਲਣਾ ਪੈਂਦਾ, ਸੱਚ ਨੂੰ ਮਸਨੂਈ ਰੂਪ ਵਿਚ ਛੁਪਾਉਣ ਅਤੇ ਦਫਨਾਉਣ ਲਈ।
ਸੱਚ ਸੁਣਨ ਦਾ ਆਦੀ ਨਹੀਂ ਹੈ ਮਨੁੱਖ। ਕੂੜ ਦੀ ਦੁਨੀਆਂ ‘ਚ ਕੂੜ ਦਾ ਵਪਾਰ ਕਰਦਾ, ਸੱਚ ਦਾ ਸਾਹਮਣਾ ਕਰਨ ਤੋਂ ਡਰਦਾ। ਬੌਣੇ ਲੋਕ ਸੱਚ ਵਰਗੀ ਬੁਲੰਦੀ ਦਾ ਕਿੰਜ ਸਾਹਮਣਾ ਕਰਨਗੇ? ਸਿਰਫ ਸੱਚ-ਲੋਅ ਵਿਚ ਹਟਕੋਰੇ ਹੀ ਭਰਨਗੇ।
ਸੱਚ, ਹੌਂਸਲਾ, ਹਿੰਮਤ, ਦਲੇਰੀ, ਹੰਭਲਾ ਅਤੇ ਹੱਲਾਸ਼ੇਰੀ ਦਾ ਹੁਕਮਨਾਮਾ। ਸੱਚ ਸਾਹਵੇਂ ਹੀਣੀਆਂ ਨੇ ਮਨੁੱਖ ਦੀਆਂ ਫੁਹਸ਼-ਫਿਤਰਤਾਂ ਅਤੇ ਪਰਤ ਦਰ ਪਰਤ ਜਿਉਣ-ਜਾਚ ਵਿਚਲੀਆਂ ਖਾਮੀਆਂ।
ਸੱਚ ਬਹੁਤ ਕੌੜਾ, ਪਰ ਇਸ ਦੀ ਤਾਸੀਰ ਵਿਚ ਸੁ.ਭ-ਕਰਮਨ, ਸਰਬੱਤ ਦਾ ਭਲਾ ਅਤੇ ਸਰਬ-ਹਿੱਤਕਾਰੀ ਚੇਤਨਾ ਭਾਰੂ। ਸੱਚ ਦੀ ਅੱਖ ਭਰ ਆਉਂਦੀ, ਜਦ ਉਹ ਲੀਰਾਂ ‘ਚ ਲਿਪਟੀ ਔਰਤ ਦੇ ਸੱਚ ਨੂੰ ਬਿਆਨਦਾ, ਜੋ ਜ਼ਾਬਰਾਂ ਦੀ ਸਤਾਈ, ਤਨ ਵੇਚਣ ਲਈ ਮਜ਼ਬੂਰ ਹੋ ਜਾਵੇ; ਅੱਖਰ-ਹੀਣ ਦੀਦਿਆਂ ਦੇ ਮਰ ਗਏ ਸੁਪਨਿਆਂ ਦਾ ਮਾਤਮ ਮਨਾਉਂਦਾ, ਪੇਟ ਦੀ ਭੁੱਖ ਲਈ ਲਿੱਲਕੜੀਆਂ ਬਣੇ ਬਾਲਾਂ ਵਿਚ ਬੋਲਦਾ ਅਤੇ ਕੁਰਸੀ ਦੇ ਪਾਵੇ ਬਣਾ ਦਿਤੇ ਮਨੁੱਖੀ ਹੱਕਾਂ ਲਈ ਹਾਅ ਬਣਦਾ। ਪਰ ਕੌਣ ਸੱਚ ਦਾ ਰੁਦਨ ਸੁਣੇ ਅਤੇ ਅਗਾਂਹ ਸੁਣਾਵੇ। ਬਹਿਰੇ ਕੰਨਾਂ ਦੀ ਝੋਲੀ ਪੀੜ-ਪੈਗਾਮ ਪਾਵੇ ਅਤੇ ਹਾਵਿਆਂ ਦੀ ਹੌਂਕਣੀ ਬਣ ਜਾਵੇ।
ਗੁਰਬਾਣੀ ਸਮਝੌਤੀਆਂ ਦਿੰਦੀ, ‘ਜਿਨਾ ਰਾਸਿ ਨ ਸਚੁ ਹੈ ਕਿਊ ਤਿਨਾ ਸੁਖੁ ਹੋਇ॥ ਖੋਟੈ ਵਣਜਿ ਵਣੰਜਿਐ ਮਨ ਤਨ ਖੋਟਾ ਹੋਇ॥’ ਕੂੜ ਦੇ ਵਪਾਰੀਆਂ ਨੂੰ ਸੁੱਖ ਨਹੀਂ ਮਿਲ ਸਕਦਾ ਅਤੇ ‘ਕੂੜ ਕਮਾਂਵਦਿਆ ਤੇਰਾ ਕੋਈ ਨਾ ਬੇਲੀ ਰਾਮ॥’ ਅਜਿਹੇ ਲੋਕ ਤਨ ਅਤੇ ਮਨ ਨੂੰ ਮਲੀਨ ਕਰ ਜ਼ਿੰਦਗੀ ਨੂੰ ਵੀ ਕਾਲਖ-ਜੂਹ ਬਣਾ ਲੈਂਦੇ।
ਸੱਚ ਸਦੀਵ, ਸਥਿਰ, ਸਾਬਤ-ਕਦਮੀਂ, ਸੰਧੂਰੀ-ਰੰਗਤ, ਸੁਹਜ-ਭਾਵੀ, ਸੁਘੜ-ਸਾਥੀ ਅਤੇ ਸਤਿਸੰਗੀ, ਪਰ ਜਦ ਸਤਿਸੰਗੀ ਹੀ ਕੂੜ ਦੀ ਦੁਕਾਨ ਬਣ ਜਾਵੇ ਤਾਂ ਸੱਚ ਕਿਧਰ ਨੂੰ ਜਾਵੇ? ਸਤਿਸੰਗ ਦੇ ਨਾਂ ‘ਤੇ ਚੱਲ ਰਹੇ ਵਪਾਰ ਨੂੰ ਕਿੰਜ ਠੱਲ ਪਾਵੇ? ਮਨੁੱਖੀ ਮਨ ਤਾਂ ਸੱਚ ਨੂੰ ਲਿਤਾੜ ਕੇ ਨਵੇਂ ਕੀਰਤੀਮਾਨ ਸਥਾਪਤ ਕਰਨਾ ਚਾਹੇ, ਜੋ ਕਦੇ ਨਹੀਂ ਹੋਣਾ।
ਸੱਚ ਨੂੰ ਸੱਚ ਕਹਿਣ ਵਾਲਿਆਂ ਦੀ ਹੋ ਰਹੀ ਏ ਨਸਲਕੁਸ਼ੀ। ਇਹ ਵਰਤਾਰਾ ਸਦੀਆਂ ਤੋਂ ਨਿਰੰਤਰ ਜਾਰੀ। ਭਾਵੇਂ ਇਹ ਗਲੈਲੀਓ ਹੋਵੇ, ਸੁਕਰਾਤ ਹੋਵੇ, ਸ਼ਹੀਦ ਹੋਣ ਜਾਂ ਸੱਚ ਨੂੰ ਕਹਿਣ ਤੋਂ ਨਾਬਰ ਲੋਕ ਹੋਣ। ਸਥਾਪਤ ਸਮਾਜਕ ਰਹਿਤਲਾਂ ਨੂੰ ਕਦੀ ਵੀ ਸੱਚ ਨਹੀਂ ਭਾਉਂਦਾ। ਉਹ ਸੱਚਾਈ ਦਾ ਸਾਹਮਣਾ ਕਰਨ ਦੀ ਥਾਂ ਸੱਚ ਨੂੰ ਫਾਂਸੀ ਲਾਉਣ ਲਈ ਬੇਲਗਾਮ।
‘ਸੱਚ ਸੁਣਾਇਸੀ ਸੱਚ ਕੀ ਬੇਲਾ’ ਦਾ ਹੌਕਰਾ ਲਾਉਣ ਵਾਲੇ ਬਾਬੇ ਨਾਨਕ ਨੂੰ ਚੱਕੀਆਂ ਪੀਸਣੀਆਂ ਪਈਆਂ, ਪਰ ਕਾਲ-ਕੋਠੜੀਆਂ ਸੱਚ ਦੇ ਚੰਦਰਮਾ ਨੂੰ ਪੁੰਨਿਆਂ ਦੀ ਰਾਤੇ ਚੜ੍ਹਨ ਤੋਂ ਕਿਵੇਂ ਰੋਕ ਸਕਦੀਆਂ? ਸੱਚ ਦਾ ਪ੍ਰਕਾਸ਼ ਹੀ ਸਦੀਵੀ, ਜੋ ਸਮੁੱਚੀ ਕਾਇਨਾਤ ਨੂੰ ਚਾਨਣ ਨਾਲ ਭਰ ਕੇ, ਸਮਿਆਂ ਦਾ ਸੱਚ ਬਣਨ ਵੱਲ ਪਹਿਲ-ਕਦਮੀ ਕਰਦਾ।
ਸੱਚ ਕਦੇ ਖੁਦਕੁਸ਼ੀ ਨਹੀਂ ਕਰਦਾ। ਕਦੇ ਲਿੱਲਕੜੀਆਂ ਨਹੀਂ ਕੱਢਦਾ। ਤਰਲੇ ਨਹੀਂ ਕਰਦਾ। ਸਗੋਂ ਸੱਚ ਕਹਿਣ ਵਿਚ ਫਖਰ ਮਹਿਸੂਸ ਕਰਦਾ। ਸੱਚ ਵਿਚੋਂ ਹੀ ਹੋਰ ਸੱਚ ਉਜਾਗਰ ਹੁੰਦੇ, ਜੋ ਸੱਚ ਦਾ ਕਾਫਲਾ ਬਣ ਚਾਨਣ-ਦਾਇਰੇ ਨੂੰ ਹੋਰ ਵਸੀਹ ਕਰਦੇ।
ਸੱਚਾਈ ਦੌਰਾਨ ਤੁਹਾਡੇ ਬੋਲ, ਸ਼ਬਦ ਅਤੇ ਸਰੀਰਕ ਹਰਕਤਾਂ ਵਿਚ ਇਕਸਾਰਤਾ। ਕੁਝ ਲੁਕਾਉਣ, ਵਧਾ ਕੇ ਦੱਸਣ, ਘਟਾ ਕੇ ਦੱਸਣ ਜਾਂ ਕੁਝ ਓਹਲਾ ਰੱਖਣ ਦੀ ਨਹੀਂ ਲੋੜ।
ਜ਼ਿੰਦਗੀ ਦੇ ਬਾਜ਼ਾਰ ਵਿਚ ਬੈਠਿਆਂ, ਸੂਰਜ ਚੜ੍ਹਦੇ ਸਾਰ ਹੀ ਵਿੱਕ ਗਿਆ ਹਰੇਕ ਦਾ ਝੂਠ, ਪਰ ਮੈਂ ਸ਼ਾਮ ਤੀਕ ਆਪਣੇ ਸੱਚ ਨੂੰ ਵੇਚਣ ਲਈ ਬੈਠਾ ਰਿਹਾ। ਸੱਚ ਦਾ ਕੋਈ ਵੀ ਗਾਹਕ ਨਾ ਆਇਆ।
ਸੱਚ ਦੀ ਤਲਬ ਸਭ ਨੂੰ ਹੈ, ਪਰ ਸੁਣਨ ਅਤੇ ਬੋਲਣ ਲਈ ਕੋਈ ਨਹੀਂ ਤਿਆਰ। ਸੱਚ ਸਦਾ ਕੌੜਾ ਅਤੇ ਇਸ ਦੀ ਕੁੜਿੱਤਣ ਅਜੋਕੇ ਮਨੁੱਖ ਦਾ ਸਵਾਦ ਖਰਾਬ ਕਰਨ ਲਈ ਕਾਫੀ ਏ।
ਅਕਸਰ ਮਨੁੱਖ ਕੂੜ ਨੂੰ ਜੀਵਨ ਵਿਚ ਵੱਖ ਵੱਖ ਤਰੀਕਿਆਂ ਨਾਲ ਜਿਉਂਦਿਆਂ ਇਹ ਭੁੱਲ ਹੀ ਜਾਂਦਾ ਕਿ ਉਸ ਨੇ ਸਦੀਵੀ ਸੱਚ ਕਾਰਨ ਹੀ ਇਸ ਦੁਨੀਆਂ ਤੋਂ ਰੁਖਸਤ ਹੋਣਾ ਹੈ। ਫਿਰ ਰਹਿ ਜਾਣੀ ਹੈ, ਮਿੱਟੀ ‘ਚ ਮਿੱਟੀ ਹੋ ਜਾਣ ਵਾਲੀ ਰਾਖ ਦੀ ਢੇਰੀ।
“ਸਚੁ ਖਟਣਾ ਸਚੁ ਰਾਸ ਹੈ ਸਚੇ ਸਚੀ ਸੋਇ॥ ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ॥” ਨੂੰ ਜੇ ਅਸੀਂ ਜੀਵਨ-ਜਾਚ ਦਾ ਮੂਲ ਮੰਤਰ ਬਣਾ ਲਈਏ ਤਾਂ ਸਾਨੂੰ ਮੁਖੌਟਿਆਂ ਵਿਚ ਜਿਉਣ ਦੀ ਨੌਬਤ ਨਹੀਂ ਆਵੇਗੀ।
ਸਭ ਤੋਂ ਪਹਿਲਾਂ ਆਪਣੇ ਆਪ ਨਾਲ ਸੱਚੇ ਹੋ ਕੇ ਹੀ ਅਸੀਂ ਦੂਜਿਆਂ ਨੂੰ ਸੱਚਾਈ ਦਾ ਪਾਠ ਪੜ੍ਹਾਉਣ ਦੇ ਕਾਬਲ ਹੋਵਾਂਗਾ। ਸੱਚ ਦਾ ਰੋਲ ਮਾਡਲ ਸਿਰਫ ਸੱਚੇ ਲੋਕ ਹੀ ਹੁੰਦੇ।
ਸੱਚ ਇਕ ਹੀ ਹੁੰਦਾ, ਪਰ ਸਭਨਾਂ ਲਈ ਇਸ ਦੇ ਅਰਥ ਵੱਖ ਵੱਖ। ਸੱਚ ਵੀ ਵੱਖੋ-ਵੱਖਰਾ ਕਿਉਂਕਿ ਸੱਚਾਈ ਸਾਹਮਣੇ ਆਉਣ ਤੋਂ ਮੁਨਕਰ ਹੋ ਜਾਂਦੀਆਂ ਨੇ ਬਾਹਾਂ, ਤਿੜਕ ਜਾਂਦੀਆਂ ਨੇ ਸਕੀਰੀਆਂ ਅਤੇ ਸਬੰਧਾਂ ਵਿਚ ਉਗਦੀ ਖੁਦਗਰਜੀ ਦੀ ਫਸਲ, ਜੋ ਵਿਅਕਤੀਤਵ ਨੂੰ ਖਤਮ ਕਰ, ਉਡਦੀ ਰਾਖ ਨੂੰ ਅੱਖਾਂ ਦਾ ਧੁੰਦਲਕਾ ਬਣਾਉਂਦੀ।
ਸੱਚ ਕਈ ਵਾਰ ਪ੍ਰਤੱਖ ਨਹੀਂ ਹੁੰਦਾ, ਪਰ ਇਸ ਦੀ ਪਰਤ ਫਰੋਲਿਆਂ ਹੀ ਸੱਚ ਅੱਖ ਨਾਲ ਅੱਖ ਮਿਲਾਉਂਦਾ।
ਆਲੇ-ਦੁਆਲੇ ਵਿਚ ਕੂੜ ਦਾ ਇੰਨਾ ਵੱਡਾ ਪਸਾਰਾ ਹੈ ਕਿ ਸੱਚ ਹੁਣ ਨਹੀਂ ਕਿਸੇ ਦੀ ਤਰਜੀਹ, ਤਮੰਨਾ, ਤਾਂਘ, ਤੜਫਣੀ, ਤਤਪਰਤਾ ਜਾਂ ਤਕਦੀਰ। ਸੱਚ ਤੋਂ ਮੁਨਕਰ ਏ ਲੀਰਾਂ ਹਾਰ ਮਨੁੱਖ, ਜਿਸ ਦੀ ਰੁੱਸ ਗਈ ਏ ਤਕਦੀਰ ਅਤੇ ਖੁਦ ਤੋਂ ਹੀ ਹੋ ਚੁਕਾ ਏ ਅਧੀਰ।
ਸੱਚ, ਸਾਦਗੀ, ਸੁਹੱਪਣ, ਸੁਹਜ ਅਤੇ ਸਦਭਾਵਨਾ ਵਿਚੋਂ ਜਦ ਪ੍ਰਗਟਦਾ ਤਾਂ ਸੱਚ ਦੀਆਂ ਰਹਿਮਤਾਂ ਵਿਚ ਹੁੰਦਾ ਖੁਦਾ ਦਾ ਦੀਦਾਰ। ਖੁਲ੍ਹਦਾ ਚੇਤਨ-ਦੁਆਰ, ਜੋ ਬਣਦਾ ਮਨੁੱਖੀ ਵਿਸਥਾਰ। ਸੱਚ ਦੀਆਂ ਪਰਤਾਂ ਫਰੋਲ ਕੇ ਹੀ ਮਨੁੱਖ ਆਪਣੇ ਸੱਚ ਦੇ ਰੂਬਰੂ ਹੁੰਦਾ।
ਮਨੁੱਖ ਦੀ ਕੇਹੀ ਤ੍ਰਾਸਦੀ ਕਿ ਉਸ ਨੇ ਜਿਉਣਾ ਸੱਚ ਅਤੇ ਮਰਨਾ ਝੂਠ ਸਮਝ ਲਿਆ ਏ। ਜੇ ਮਨੁੱਖ ਇਹ ਸਮਝੇ ਕਿ ਜਿਉਣਾ ਝੂਠ ਅਤੇ ਮਰਨਾ ਸੱਚ ਹੈ ਤਾਂ ਦੁਨੀਆਂ ਭਰ ਦੀਆਂ ਅਲਾਮਤਾਂ ਖਤਮ ਹੋ ਜਾਣ, ਕਿਉਂਕਿ ਇਨ੍ਹਾਂ ਦਾ ਮੂਲ ਤਾਂ ਮਨੁੱਖੀ ਮਨ ਦਾ ਲਾਲਚ ਅਤੇ ਕਮੀਨਗੀ ਹੀ ਹੈ, ਜੋ ਮਨੁੱਖ ਨੂੰ ਇਨਸਾਨ ਬਣਨ ਤੋਂ ਹੋੜਦੀ। ਉਸ ਦੇ ਅੰਤਰੀਵ ਨੂੰ ਮਨੁੱਖ ਨਾਲੋਂ ਤੋੜਦੀ ਹੈ। ਆਪੇ ਨਾਲੋਂ ਟੁੱਟ ਚੁਕੇ ਮਨੁੱਖ ਨੂੰ ਤਾਂ ਮਨੁੱਖ ਵੀ ਨਹੀਂ ਕਿਹਾ ਜਾ ਸਕਦਾ।
ਸੱਚ, ਸਦੀਵੀ ਸੋਹਣਾ ਅਤੇ ਮਨ-ਬੁੱਕਲ ਦਾ ਗਹਿਣਾ। ਸੱਚ ਦੀ ਆਭਾ ਸਦਾ ਨਰੋਈ ਤੇ ਸੱਚ ਨੇ ਸੱਚ ਹੀ ਰਹਿਣਾ। ਸੱਚ ਬਣੇ ਜਦ ਦਰਦ ਦੀ ਗਾਥਾ ਤਾਂ ਸੱਚ ਨੇ ਗਮ ਹੀ ਸਹਿਣਾ। ਸੱਚ ਹਮੇਸ਼ਾ ਸੂਲੀ ਚੜ੍ਹਦਾ, ਕੂੜ ਨੇ ਹੱਸਦੇ ਰਹਿਣਾ, ਪਰ ਸੂਲੀ ਉਤੇ ਚੜ੍ਹੇ ਸੱਚ ਨੇ, ਝੂਠ ਨੂੰ ਝੂਠ ਹੀ ਕਹਿਣਾ। ਸੱਚ ਸੁੱਚੀ ਆਤਮਾ ਵਰਗਾ, ਕੁਹਜਾਂ ਤੋਂ ਨਿਰਲੇਪ। ਸੱਚੇ ਮਾਰਗ ਸਾਬਤ ਕਦਮੀਂ, ਕਦੇ ਨਾ ਮੰਨੀ ਝੇਪ। ਸੱਚ ਸਰਘੀ ‘ਚ ਤੇਹ-ਤ੍ਰੇਲ, ਰੰਗਾਂ ਸੰਗ ਰੰਗਰੇਜ਼। ਸੋਚ-ਬਗੀਚੀ ਹੋ ਜਾਂਦੀ, ਮਹਿਕਾਂ ਨਾਲ ਲਬਰੇਜ਼। ਸੱਚ-ਸੁਪਨਾ ਨੈਣੀਂ ਵਸਾ ਕੇ, ਮੌਤ ਮਖੌਲਾਂ ਕਰਨੀਆਂ। ਅਜਿਹੀ ਜੀਵਨ-ਜੁਗਤ ਦੀਆਂ ਕਿਸ ਨੇ ਰੀਸਾਂ ਕਰਨੀਆਂ? ਸੱਚ-ਚਿਰਾਗ ਦੀ ਲੋਏ ਬੈਠਾ ਸੀ ਨਾਨਕ ਸ਼ਾਹ ਫਕੀਰ, ਜਿਸ ਨੇ ਪਸਰੀ ਕੂੜ ਦੀ ਚਾਦਰ, ਕੀਤੀ ਲੀਰੋ-ਲੀਰ। ਸੱਚ-ਸਰਗਮ ਲਈ ਸੱਦ ਸਰਮੱਦ ਦੀ, ਜੂਹੀਂ ਰਹੀ ਫਿਰੇਂਦੀ। ਹਰ ਹਨੇਰ ਨੁੱਕਰ ਦੇ ਆਲੇ, ਦੀਵਾ ਰਹੇ ਟਿਕਾਂਦੀ। ਸੱਚ ਦੇ ਰਾਹੀਆਂ ਰਾਹ ਨਾ ਬਦਲੇ, ਪੀੜਾਂ ਪਿੰਡੇ ਸਹੀਆਂ। ਮਨ-ਰਮਤਾ ਵਿਚ ਭੌਂਦਿਆਂ, ਸਿਰ ਪਈਆਂ ਜੋ ਸਹੀਆਂ। ਸੱਚ-ਸਦਮੇ ਨੂੰ ਜਿਨ੍ਹਾਂ ਨੇ ਰੂਹ-ਰਾਗ ਬਣਾਇਆ, ਉਨ੍ਹਾਂ ਆਪਣੇ ਅੰਦਰੋਂ, ਖੁਦ ਹੀ ਖੁਦ ਨੂੰ ਪਾਇਆ।
ਸੱਚ ਦੇ ਆਵੇ ਵਿਚ ਪੱਕੇ ਇਰਾਦਿਆਂ ਨੂੰ ਕੋਈ ਨਹੀਂ ਸਕਦਾ ਥਿੜਕਾ, ਉਨ੍ਹਾਂ ਦੇ ਸਾਬਤ ਕਦਮਾਂ ਵਿਚ ਹੁੰਦਾ ਮੰਜ਼ਿਲ ‘ਤੇ ਪਹੁੰਚਣ ਦਾ ਚਾਅ; ਇਹ ਚਾਅ ਹੀ ਉਨ੍ਹਾਂ ਦਾ ਹੁੰਦੀ ਸੱਚ-ਸਦਾਅ, ਜੋ ਆਖਰ ਨੂੰ ਬਣਦੀ ਮੁੱਖ ਦੀ ਸੰਦਲੀ ਭਾਅ।
ਬੋਲਾਂ ਵਿਚ ਸੱਚ ਸਮਾਉਣ ਵਾਲਾ ਭਗਤ ਸਿੰਘ ਫਾਂਸੀ ਦਾ ਵਾਰਸ ਬਣਿਆ, ਹਰਫਾਂ ਵਿਚ ਸੂਰਜ ਉਗਾਉਣ ਵਾਲੇ ਪਾਸ਼ ‘ਤੇ ਲਿਖਿਆ ਗਿਆ ਗੋਲੀ ਦਾ ਨਾਂ। ਸੱਚ ਸੁਣਨਾ, ਸਮਝਣਾ, ਸਮਾਉਣਾ ਅਤੇ ਫਿਰ ਹਜ਼ਮ ਕਰਨਾ ਬਹੁਤ ਮੁਸ਼ਕਿਲ! ਤਾਂ ਹੀ ਸੱਚ ਸੁਣਨ ਤੋਂ ਆਕੀ ਲੋਕ, ਤਰਕ ਦਾ ਪੱਲਾ ਛੱਡ ਕੇ ਹਿੰਸਕ ਬਿਰਤੀਆਂ ਦੇ ਮਾਲਕ ਬਣ ਬਹਿੰਦੇ।
ਸੱਚ ਵਿਚ ਏ ਤਰਕ, ਦਲੀਲ, ਸਪਸ਼ਟਤਾ, ਸਿੱਟਾ ਅਤੇ ਸੇਧਤ ਸਿਰਨਾਵਾਂ। ਇਹ ਸੱਚ ਸਦਾ ਹੀ ਸਮੇਂ ਦੇ ਹਾਕਮਾਂ, ਧਰਮਾਂ ਦੇ ਅਹਿਲਕਾਰਾਂ, ਪੁਜਾਰੀਆਂ, ਪਖੰਡੀਆਂ, ਮੁਲਾਣਿਆਂ ਨੂੰ ਬਹੁਤ ਬੁਰਾ ਲੱਗਦਾ, ਕਿਉਂਕਿ ਸੱਚ ਨੇ ਹੀ ਉਨ੍ਹਾਂ ਦੀਆਂ ਕੂੜ-ਅਲਾਮਤਾਂ, ਭਰਮਾਂ, ਵਹਿਮਾਂ, ਪਖੰਡਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੇ ਖੰਡਨ ਵਿਚੋਂ ਸਰਘੀ ਉਗਾਈ। ਸੱਚ ਦੀ ਆਮਦ ਨੇ ਕੂੜ ਢੋ ਰਹੀ ਲੋਕਾਈ ਨੂੰ ਦਲਿੱਦਰਾਂ, ਕੁਰਕਮਾਂ ਅਤੇ ਕੁਰਹਿਤਾਂ ਤੋਂ ਦੂਰ ਕਰਕੇ ਸੁੰਦਰ ਜੀਵਨ-ਜਾਚ ਉਨ੍ਹਾਂ ਦੇ ਨਾਮ ਲਾਈ।
ਸੱਚ ਸੁੰਗੜਦਾ ਨਹੀਂ, ਫੈਲਦਾ ਏ। ਨਿੱਕੇ ਦਾਇਰਿਆਂ ਵਿਚ ਨਹੀਂ ਰਹਿੰਦਾ, ਸਗੋਂ ਵਸੀਹ ਹੁੰਦਾ। ਨਿੱਜ ਤੀਕ ਸੀਮਤ ਨਹੀਂ, ਸਗੋਂ ਸੱਚ ਦੀ ਬਗਲੀ ਮੋਢੇ ‘ਤੇ ਟਿਕਾਈ, ਹੋਕਰਾ ਹੀ ਤਾਂ ਲਾਉਂਦੇ ਪਿੰਡਾਂ ਵਿਚ ਸਰਘੀ ਵੇਲੇ ਸਾਈਂ ਤੇ ਫਕੀਰ। ਉਨ੍ਹਾਂ ਦੀ ਅਵਾਜ਼ ਵਿਚ ਨੂਰੀ ਆਵੇਸ਼ ਅਤੇ ਅੰਦਾਜ਼ ਜਿਵੇਂ ਖੁਦਾ ਆਪ ਹਾਜਰ ਨਾਜਰ ਹੋਵੇ।
‘ਨਾਨਕ ਸ਼ਾਇਰ ਸੱਚ ਕਹਿਤ ਹੈ’ ਜਦ ਬੋਲਬਾਣੀ ਨੂੰ ਮੁਖਾਤਬ ਹੁੰਦਾ ਤਾਂ ਮਨੁੱਖ ਦਾ ਅੰਦਰਲਾ ਸੱਚ ਬਾਹਰਲੇ ਸੱਚ ਨਾਲ ਸੰਵਾਦ ਰਚਾਉਂਦਾ। ਇਸ ਸੰਵਾਦ ਵਿਚੋਂ ਹੀ ਜੀਵਨ ਦਾ ਸੁੱਚਮ, ਸਕੂਨ ਤੇ ਸੁਖਨ, ਜ਼ਿੰਦਗੀ ਦੀ ਝੋਲੀ ਵਿਚ ਸੱਦ-ਸੋਚ ਦਾ ਸ਼ਗਨ ਪਾਉਂਦਾ।
ਸੱਚ ਨੂੰ ਜੰਜ਼ੀਰਾਂ, ਹੱਥਕੜੀਆਂ, ਸਲਾਖਾਂ ਜਾਂ ਬੇੜੀਆਂ ਵਿਚ ਬੰਨ ਕੇ ਵੀ ਨਹੀਂ ਡੁਲਾਇਆ ਜਾ ਸਕਦਾ। ਤੱਤੀ ਤਵੀ ‘ਤੇ ਬੈਠਣਾ, ਬੰਦ ਬੰਦ ਕਟਾਉਣਾ, ਨੀਂਹਾਂ ਵਿਚ ਚਿਣੇ ਜਾਣਾ, ਜਾਂ ਆਰਿਆਂ ਨਾਲ ਦੋਫਾੜ ਹੋਣਾ ਆਦਿ ਸ਼ਹਾਦਤਾਂ ਤਾਂ ਸੱਚ ‘ਤੇ ਪਹਿਰੇ ਦਾ ਸਬੂਤ। ਸੱਚ ਦੀ ਪਾਕੀਜ਼ਗੀ ਤੇ ਪਾਹੁਲ ਕਾਰਨ ਹੁਣ ਤੀਕ ਵੀ ਸ਼ਹਾਦਤਾਂ ਦਾ ਦੌਰ ਜਾਰੀ। ਸੱਚ ਨੂੰ ਸੱਚ ਕਹਿਣ ਲਈ ਅਡੋਲ ਤੇ ਅਟੱਲ ਰਹਿਣ ਵਾਲੇ ਹੀ ਬਾਗੀ ਅਖਵਾਉਂਦੇ।
ਸੱਚ ਨੂੰ ਸੱਚ ਕਹਿਣ ਤੋਂ ਮੁਨਕਰ ਹੋ ਜਾਂਦੇ ਕੁਰਸੀਆਂ ਦੇ ਲਾਲਚੀ, ਮੁੱਲ ਪਵਾਉਂਦੀਆਂ ਕਲਮਾਂ, ਹਰਫਾਂ ਦੀ ਬੋਲੀ ਲਾਉਣ ਵਾਲੇ ਬੌਣੇ ਸ਼ਖਸ, ਅਦਬ ਨੂੰ ਅਧੀਨਗੀ ਬਣਾਉਣ ਵਾਲੀ ਲੋਚਾ ਅਤੇ ਸਾਹਿਤ ਨੂੰ ਸਮਝੌਤਿਆਂ ਵਿਚ ਬੰਨਣ ਵਾਲੀ ਕਮੀਨਗੀ।
ਜਦ ਸੱਚ ਨੂੰ ਸੱਚ ਕਹਿਣ ਤੋਂ ਸਹਿਮਣ ਲੱਗ ਪੈਣ ਲੋਕ, ਉਨ੍ਹਾਂ ਦੇ ਖੂਨ ਨੂੰ ਲੱਗ ਜਾਵੇ ਝੂਠ ਦੀ ਜੋਕ ਅਤੇ ਉਨ੍ਹਾਂ ਦੇ ਰਾਹਾਂ ਵਿਚ ਸੱਚ ਦੀ ਰਹੇ ਨਾ ਕੋਈ ਰੋਕ ਤਾਂ ਅਜਿਹੇ ਲੋਕ ਸਿਰਫ ਹੁੰਦੇ ਤੁਰਦੀ ਫਿਰਦੀ ਲੋਥ। ਕਰਮਹੀਣ, ਬੁੱਧਹੀਣ, ਜੋਤਹੀਣ ਤੇ ਰਹਿਤਲਹੀਣ ਅਤੇ ਹੀਣਤਾ ਕਾਰਨ ਮਨਫੀ ਹੋ ਜਾਂਦੀ ਹੋਂਦ।
ਸੱਚ, ਸੱਚਾਈ ਅਤੇ ਸਚਿਆਰੇਪਣ ਵਿਚ ਬਹੁਤ ਹੀ ਸੂਖਮ ਅੰਤਰ। ਸੱਚ ਅਤੇ ਸੱਚਾਈ ਨੂੰ ਅੰਤਰ ਝਾਤ ਰਾਹੀਂ ਅਪਨਾ ਕੇ ਹੀ ਸਚਿਆਰੇਪਣ ਨੂੰ ਜੀਵਨ ਦਾ ਅਹਿਦ ਬਣਾ ਸਕਦੇ ਹਾਂ, ਤਾਂ ਹੀ ਗੁਰੂ ਨਾਨਕ ਨੇ ਕਿਹਾ, “ਸੱਚ ਉਪਰ ਸੱਚ ਕੋ ਉਪਰ ਸੱਚ ਅਚਾਰੁ॥” “ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲ।” ਝੂਠ ਦੀ ਕੰਧ ਨੂੰ ਤੋੜ ਕੇ ਹੀ ਜੀਵਨ ਦਾ ਸਚਿਆਰਾਪਣ ਮਨੁੱਖੀ ਹਾਸਲ ਹੋਵੇਗਾ।
ਸੱਚ ਨੇ ਹਮੇਸ਼ਾ ਸੱਚ ਹੀ ਰਹਿਣਾ ਭਾਵੇਂ ਕੋਈ ਅੰਧ-ਵਿਸ਼ਵਾਸੀ ਹੋਵੇ, ਅਗਿਆਨੀ ਹੋਵੇ ਜਾਂ ਅਨਪੜ੍ਹ ਹੋਵੇ। ਇਹ ਗਿਆਨ, ਬੁੱਧੀ, ਵਿਵੇਕ ਜਾਂ ਤਰਕ ‘ਤੇ ਆਧਾਰਤ ਵੀ ਨਹੀਂ ਹੁੰਦਾ।
ਝੂਠ ਦਾ ਕਿੰਨਾ ਵੀ ਪਸਾਰਾ ਹੋਵੇ, ਕਿੰਨਾ ਵੀ ਤਾਕਤਵਰ ਅਤੇ ਦਲੀਲ ਭਰਪੂਰ ਹੋਵੇ, ਪਰ ਅਖੀਰ ਵਿਚ ਝੂਠ ਹਾਰ ਜਾਂਦਾ ਅਤੇ ਸੱਚ ਜਿੱਤ ਜਾਂਦਾ।
ਸੱਚ ਨੂੰ ਯਾਦ ਰੱਖਣ ਦੀ ਲੋੜ ਨਹੀਂ, ਕਿਉਂਕਿ ਸੱਚ ਨੇ ਤਾਂ ਹਮੇਸ਼ਾ ਸੱਚ ਹੀ ਰਹਿਣਾ। ਝੂਠ ਨੂੰ ਤਾਂ ਸਦਾ ਯਾਦ ਰੱਖਣ ਦੀ ਲੋੜ ਆ।
ਸੱਚ, ਸਜ਼ਦਾ, ਸਿਦਕਦਿਲੀ, ਸੰਜੀਵਨੀ ਅਤੇ ਸਰਬ-ਪ੍ਰਵਾਨ। ਇਸ ਵਿਚੋਂ ਹੀ ਹੁੰਦਾ ਮਨੁੱਖ ਦਾ ਵਿਕਾਸ ਤੇ ਵਿਸਥਾਰ। ਇਹ ਹੀ ਜੀਵਨ ਦਾ ਸ਼ੁਭ ਵਿਚਾਰ, ਅਚਾਰ ਅਤੇ ਵਿਹਾਰ।