ਬੱਕਰੇ ਦੀ ਬਲੀ ਤੇ ਬਲੀ ਦਾ ਬੱਕਰਾ: ਬੁੱਭ ਤੋਂ ਭੁੱਬ ਤੱਕ

ਅਵਤਾਰ ਸਿੰਘ
ਫੋਨ: 91-94175-18384
ਕਿਸੇ ਦੁਕਾਨਦਾਰ ਦੇ ਘਰ ਖੁੱਡ ਵਿਚ ਚੂਹਾ ਰਹਿੰਦਾ ਸੀ। ਉਸ ਨੇ ਦੇਖਿਆ ਕਿ ਦੁਕਾਨਦਾਰ ਸ਼ਹਿਰੋਂ ਆਇਆ ਤੇ ਝੋਲੇ ਵਿਚੋਂ ਚੂਹੇ ਫੜਨ ਵਾਲਾ ਪਿੰਜਰਾ ਕੱਢ ਰਿਹਾ ਹੈ। ਫਿਕਰ ਵਿਚ ਉਸ ਨੇ ਇਹ ਗੱਲ ਰੋਸ਼ਨਦਾਨ ‘ਚ ਰਹਿੰਦੇ ਕਬੂਤਰ ਨੂੰ ਜਾ ਦੱਸੀ। ਉਸ ਨੇ ਚੂਹੇ ਦਾ ਮਖੌਲ ਉਡਾਇਆ, “ਮੈਨੂੰ ਕੀ, ਮੈਂ ਕਿਹੜਾ ਇਸ ਵਿਚ ਫਸਣਾ।”
ਨਿਰਾਸ਼ ਚੂਹਾ ਮੁਰਗੇ ਕੋਲ ਗਿਆ। ਉਸ ਨੇ ਹੱਸਦਿਆਂ ਕਿਹਾ, “ਜਾਹ ਭਰਾਵਾ, ਇਹ ਸਮੱਸਿਆ ਮੇਰੀ ਨਹੀਂ।” ਮਾਯੂਸ ਚੂਹੇ ਨੇ ਵਾੜੇ ‘ਚ ਬੰਨ੍ਹੇ ਬੱਕਰੇ ਨੂੰ ਦੱਸਿਆ। ਖੁਦ ਨੂੰ ਬੱਬਰ ਸ਼ੇਰ ਮੰਨੀ ਬੈਠਾ ਬੱਕਰਾ ਹੱਸ ਹੱਸ ਦੂਹਰਾ ਹੋ ਗਿਆ, “ਮੈਂ ਕੀ ਕਰਾਂ, ਮੈਂ ਪਿੰਜਰੇ ਨੂੰ ਕੀ ਸਮਝਦਾਂ!”

ਰਾਤ ਨੂੰ ਖੜਾਕ ਹੋਇਆ ਤੇ ਪਿੰਜਰੇ ਵਿਚ ਕੋਈ ਸੱਪ ਡੱਕਿਆ ਗਿਆ। ਚੂਹਾ ਸਮਝ ਕੇ ਦੁਕਾਨਦਾਰ ਦੀ ਘਰ ਵਾਲੀ ਉਸ ਨੂੰ ਬਾਹਰ ਕੱਢਣ ਲੱਗੀ ਤਾਂ ਸੱਪ ਨੇ ਉਸ ਨੂੰ ਡੱਸ ਲਿਆ। ਹਕੀਮ ਸੱਦਿਆ ਗਿਆ। ਉਸ ਨੇ ਕਬੂਤਰ ਦਾ ਸੂਪ ਪਿਲਾਉਣ ਦੀ ਸਲਾਹ ਦਿੱਤੀ ਤੇ ਅਗਲੇ ਦਿਨ ਕਬੂਤਰ ਪਤੀਲੇ ‘ਚ ਰਿੱਝ ਰਿਹਾ ਸੀ।
ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹ ਖਬਰ ਲੈਣ ਆਏ; ਉਸ ਦਿਨ ਕੁੱਕੜ ਦੀ ਧੌਣ ਮਰੋੜ ਦਿੱਤੀ ਗਈ। ਦੁਕਾਨਦਾਰ ਦੀ ਪਤਨੀ ਨੌਂ ਬਰ ਨੌਂ ਹੋ ਗਈ। ਇਸ ਖੁਸ਼ੀ ਵਿਚ ਬੱਬਰ ਸ਼ੇਰ ਬਣੀ ਬੈਠਾ ਬੱਕਰਾ ਵੀ ਝਟਕਾ ਦਿੱਤਾ ਗਿਆ। ਕਿਸੇ ਦਾ ਸਾਥ ਨਾ ਮਿਲਣ ਕਰਕੇ ਚੂਹਾ ਦੂਰ ਨਿਕਲ ਗਿਆ ਤੇ ਬਚ ਗਿਆ।
ਇਸ ਕਥਾ ਨੂੰ ਹੋਰ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਸ਼ਰਾਬ ਦਾ ਧੰਦਾ ਗੈਰਕਾਨੂੰਨੀ ਕਰਾਰ ਦੇਣ ਸਮੇਂ ਕਲਾਲ ਦੇ ਹੱਕ ਵਿਚ ਕੋਈ ਨਾ ਨਿੱਤਰਿਆ; ਕਿਸੇ ਨੇ ਉਸ ਦਾ ਸਾਥ ਨਾ ਦਿੱਤਾ। ਪਤਾ ਨਹੀਂ ਕਿਸ ਹਾਲ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਨਵੇਂ ਕੰਮ ਧੰਦਿਆਂ ਵਿਚ ਪਰਵੇਸ਼ ਕੀਤਾ। ਕੋਈ ਕਰਜਾ ਨਾ ਮਿਲਿਆ; ਕੋਈ ਸਬਸਿਡੀ ਨਾ ਮਿਲੀ; ਕੁਝ ਮਾਫ ਨਾ ਹੋਇਆ।
ਬਾਟਾ ਨੇ ਮੋਚੀ ਦਾ ਕੰਮ ਚੌਪਟ ਕਰ ਦਿੱਤਾ। ਕਿਸੇ ਨੂੰ ਦਿਖਿਆ ਵੀ ਨਾ ਤੇ ਨਾ ਕਿਸੇ ਨੇ ਖਬਰ ਲਈ। ਪਿੰਡਾਂ ਦੇ ਪਿੰਡ ਵਿਹਲੇ ਹੋ ਗਏ। ਕਿਸ ਤਰ੍ਹਾਂ ਉਸ ਨੇ ਬਾਟਾ ਦਾ ਸਦਮਾ ਝੱਲਿਆ; ਉਹੀ ਜਾਣੇ; ਕਿਸੇ ਨੂੰ ਕੀ!
ਜੇ. ਸੀ. ਟੀ. ਆਈ ਤਾਂ ਜੁਲਾਹੇ ਦੀ ਖੱਡੀ ਠੱਪ ਹੋ ਗਈ। ਖੇਸ, ਖੇਸੀਆਂ ਤੇ ਦਰੀਆਂ ਦਾ ਦੌਰ ਖਤਮ ਹੋ ਗਿਆ। ਜੁਲਾਹੇ ਦੀ ਬੁਣਨਕਾਰੀ ਕਿਸੇ ਕੰਮ ਦੀ ਨਾ ਰਹੀ। ਖੱਡੀ ਖੱਡਾ ਬਣ ਗਈ ਤੇ ਸਾਰਾ ਸਮਾਨ ਬਾਲਣ ਬਣ ਗਿਆ। ਕਿਸੇ ਨੇ ਬਾਤ ਨਾ ਪੁੱਛੀ। ਉਸ ਨੇ ਕਿਵੇਂ ਖੁਦ ਨੂੰ ਸੰਭਾਲਿਆ; ਕੀ ਹੀਲਾ ਕੀਤਾ; ਕਿਵੇਂ ਬੱਚੇ ਪਾਲੇ; ਕਿਸੇ ਨੂੰ ਕੋਈ ਖਬਰ ਨਾ ਹੋਈ।
ਟਰੈਕਟਰ, ਟਿਊਬਵੈਲ ਤੇ ਕੰਬਾਈਨ ਆਈ ਤਾਂ ਲੁਹਾਰ, ਤਰਖਾਣ ਦਾ ਝੁੱਗਾ ਚੌੜ ਹੋ ਗਿਆ ਤੇ ਤਪਦਾ ਅਹਿਰਨ ਸੀਤ ਹੋ ਗਿਆ। ਰੰਬੇ ਚੰਡਣੇ ਬੰਦ ਹੋ ਗਏ। ਦਾਤੀਆਂ ਦੇ ਦੰਦੇ ਭੁੱਲ ਭੁਲਾ ਗਏ। ਗੱਡੇ, ਹਲ, ਪੰਜਾਲੀਆਂ ਛਪਨ ਹੋ ਗਏ। ਖੂਹ ਬੰਦ ਹੋਏ ਤੇ ਹਲਟਾਂ ਦੇ ਕੁੱਤੇ ਚੁੱਪ ਹੋ ਗਏ। ਲੁਹਾਰ ਦੀ ਲੋੜ ਨਾ ਰਹੀ, ਤਰਖਾਣ ਬੇਰੁਜਗਾਰ ਹੋ ਗਿਆ। ਕਿਸੇ ਦੇ ਦਿਲ ਵਿਚ ਰਹਿਮ ਨਾ ਆਇਆ। ਕਿਤਿਓਂ ਕੋਈ ਮਦਦ ਨਾ ਹੋਈ; ਕੋਈ ਨਾ ਬਹੁੜਿਆ; ਸਭ ਨੇ ਆਖਿਆ, “ਭਾਣਾ ਹੈ, ਨਵਾਂ ਦੌਰ ਹੈ।”
ਅਖਬਾਰੀ ਮੈਟਰੀਮੋਨੀਅਲ ਨੇ ਨਾਈ ਨਿਗਲ ਲਿਆ। ਰੇਡੀਓ, ਟੇਪਾਂ ਤੇ ਟੀ. ਵੀ. ਨੇ ਮਰਾਸੀ ਘਰੇ ਬਹਾ ਦਿੱਤੇ। ਫਰਿਜ ਨੇ ਘੜੇ ਖਾ ਲਏ ਤੇ ਘੁਮਾਰ ਗਿਆ ਤੇ ਝੀਰ ਦੀ ਠੰਢੇ ਪਾਣੀ ਦੀ ਮਸ਼ਕ ਗਏ ਗੁਜ਼ਰੇ ਜ਼ਮਾਨੇ ਦੀ ਦਾਸਤਾਂ ਬਣ ਗਈ। ਬੱਸ ਆਈ ਤਾਂ ਟਾਂਗੇ ਵਾਲੇ ਬਾਰੂ ਦਾ ਕੀ ਬਣਿਆ? ਧੀਰ ਹੀ ਜਾਣਦਾ ਸੀ, ਕੋਈ ਹੋਰ ਨਹੀਂ।
ਇੱਕ ਇੱਕ ਕਰਕੇ ਸਭ ਉਜੜਦੇ ਗਏ ਤੇ ਆਪਣੇ ਦਮ ਖਮ ‘ਤੇ ਵੱਸਦੇ ਵੀ ਰਹੇ। ਨਾ ਕਿਸੇ ਨੇ ਹਾਲ-ਪਾਹਰਿਆ ਮਚਾਈ, ਨਾ ਪਿੱਟ ਸਿਆਪਾ ਕੀਤਾ। ਕਿਸੇ ਨੂੰ ਕੋਈ ਮੁਆਵਜ਼ਾ ਨਾ ਮਿਲਿਆ। ਨਾ ਕਿਸੇ ਨੇ ਮੰਗਿਆ ਤੇ ਨਾ ਕਿਸੇ ਨੇ ਦਿੱਤਾ। ਜਿਵੇਂ ਇਨ੍ਹਾਂ ‘ਚੋਂ ਕੋਈ ਵੀ ਧਰਤੀ ਦਾ ਪੁੱਤ ਨਾ ਹੋਵੇ। ਜਿਵੇਂ ਇਹ ਸਾਡੇ ਕੁਝ ਲੱਗਦੇ ਹੀ ਨਾ ਹੋਣ। ਜਿਵੇਂ ਇਨ੍ਹਾਂ ਦਾ ਕੋਈ ਵੀ ਮਹੱਤਵ ਨਾ ਹੋਵੇ। ‘ਮਰ ਗਿਆ ਤਨਵੀਰ ਨਾ ਹੋਈ ਕਿਸੇ ਨੂੰ ਖਬਰ, ਨਾਲ ਦੇ ਕਮਰੇ ‘ਚ ਓਵੇਂ ਰੇਡੀਓ ਵੱਜਦਾ ਰਿਹਾ।’
ਇਨ੍ਹਾਂ ਵਿਚੋਂ ਕੋਈ ਨਿਰਾਸ਼ ਨਾ ਹੋਇਆ। ਨਿਰਾਸ਼ ਤਾਂ ਵਿਹਲੜ ਹੁੰਦੇ ਨੇ। ਕਿਸੇ ਨੇ ਕੋਈ ਖੁਦਕੁਸ਼ੀ ਨਾ ਕੀਤੀ। ਖੁਦਕੁਸ਼ੀ ਤਾਂ ਕਾਇਰ ਕਰਦੇ ਹਨ। ਕਿਰਤੀ ਲੋਕ ਹੋਰ ਜੋ ਮਰਜ਼ੀ ਹੋਣ, ਕਾਇਰ ਨਹੀਂ ਹੁੰਦੇ। ਕਿਰਤੀ ਨੇ ਕੋਈ ਨਾ ਕੋਈ ਆਹਰ ਲੱਭ ਹੀ ਲੈਣਾ ਹੁੰਦਾ ਹੈ। ਵਿਹਲੇ ਰਹਿਣਾ ਉਸ ਦੀ ਪ੍ਰਕਿਰਤੀ ਨਹੀਂ ਹੁੰਦੀ। ਸਾਰੇ ਕਿਰਤੀ ਕਿਤੇ ਨਾ ਕਿਤੇ ਆਪਣੇ ਬਲਬੂਤੇ ਆਹਰੇ ਲੱਗੇ ਹੋਏ ਹਨ। ਬੱਚੇ ਪਾਲਦੇ ਹਨ ਤੇ ਖੁਦ ਨੂੰ ਸੰਭਾਲਦੇ ਹਨ।
ਪੰਜਾਬ ਵਿਚ ਇੱਕੋ ਇੱਕ ਬੱਬਰ ਸ਼ੇਰ ਹੈ, ਜਿਸ ਦੀਆਂ ਦਹਾੜਾਂ ਜੈਜ਼ੀ, ਗਰੇਵਾਲ, ਗਿੱਪੀ ਤੇ ਦਲਜੀਤ ਦੇ ਗਾਣਿਆਂ ‘ਚ ਸੁਣਨ ਨੂੰ ਮਿਲਦੀਆਂ ਹਨ। ਇਹ ਬੱਬਰ ਸ਼ੇਰ ਨਿਰਾ ਢਿੱਡ ਹੈ, ਜੋ ਕਦੇ ਰੱਜਦਾ ਹੀ ਨਹੀਂ ਤੇ ਸਦਾ ਮੰਗਦਾ ਹੀ ਰਹਿੰਦਾ ਹੈ। ਮੀਂਹ ਨਾ ਪਵੇ ਤਾਂ ਮੁਆਵਜ਼ਾ; ਚਾਰ ਕਣੀਆਂ ਵੱਧ ਪੈ ਜਾਣ ਤਾਂ ਮੁਆਵਜ਼ਾ; ਸੁੰਡੀ ਲੱਗ ਗਈ ਤਾਂ ਮੁਆਵਜ਼ਾ; ਝਾੜ ਘਟ ਗਿਆ ਤਾਂ ਮੁਆਵਜ਼ਾ; ਹਨੇਰੀ ਆ ਗਈ ਤਾਂ ਮੁਆਵਜ਼ਾ; ਗੜ੍ਹੇ ਪੈ ਗਏ ਤਾਂ ਮੁਆਵਜ਼ਾ। ਬਿਜਲੀ ਮੁਫਤ, ਪਾਣੀ ਮੁਫਤ ਤੇ ਕਰਜ਼ੇ ਮਾਫ; ਤਾਂ ਵੀ ਮੁਆਵਜ਼ਾ। ਇਹ ਕੇਹਾ ਬੱਬਰ ਸ਼ੇਰ ਹੈ, ਜੋ ਗਾਣਿਆਂ ‘ਚ ਬੁੱਭਾਂ ਮਾਰਦਾ ਹੈ ਤੇ ਅਖਬਾਰਾਂ ‘ਚ ਭੁੱਬਾਂ ਮਾਰਦਾ ਹੈ, ਲੁੱਟ ਲਏ ਉਇ ਮਾਰ ਲਏ ਉਇ! ਇਹ ਬੁੱਭ ਤੇ ਭੁੱਬ ਦੀ ਖੇਡ ਚਾਲ ਜਾਂ ਭੇਡ ਚਾਲ ਹੁਣ ਸਭ ਨੂੰ ਸਮਝ ਆ ਚੁਕੀ ਹੈ।
ਬੱਕਰੇ ਨੇ ਕੁਲਕੀ ਨਸ਼ੇ ਵਿਚ ਕਿਸੇ ਲਈ ਵੀ ਕਦੀ ਹਾਅ ਦਾ ਨਾਅਰਾ ਨਹੀਂ ਸੀ ਮਾਰਿਆ। ਉਹ ਬੜਾ ਖੁਸ਼ ਸੀ ਕਿ ਹੁਣ ਸੁੰਨੀਆਂ ਗਲੀਆਂ ਵਿਚ ਮਿਰਜ਼ਾ ਯਾਰ ਹੀ ਬੁੱਕਿਆ ਅਤੇ ਥੁੱਕਿਆ ਕਰੇਗਾ।
ਪਰ, ਬਾਕੀ ਸਾਰੇ ਉਜੜ ਉਜੜ ਕੇ ਵਸ ਰਸ ਚੁਕੇ ਹਨ। ਜਮੀਨਦੋਜ ਪਾਣੀ ਮੁੱਕਣ ਕਿਨਾਰੇ ਹੈ। ਡਰ ਹੈ ਕਿ ਹੁਣ ਇਸ ਬੱਬਰ ਸ਼ੇਰ ਨਾਲ ਬੱਕਰੇ ਵਾਲੀ ਨਾ ਹੋਵੇ; ਰੱਬ ਭਲੀ ਕਰੇ।
ਸੋਚਣ ਵਾਲੀ ਗੱਲ ਹੈ। ਕਿਸਾਨ ਧਰਤੀ ਦਾ ਪੁੱਤ ਹੁੰਦਾ ਹੈ, ਪਤੀ ਨਹੀਂ। ਪੁੱਤ ਦਾ ਫਰਜ ਹੈ ਆਪਣੀ ਮਾਂ ਨੂੰ ਸੰਭਾਲੇ; ਨਾ ਗਾਲੇ, ਨਾ ਉਜਾੜੇ ਤੇ ਨਾ ਬੰਜਰ ਬਣਾਵੇ; ਪਰ ਉਸ ਨੇ ਇਹ ਸਭ ਕੁਝ ਕੀਤਾ, ਧਰਤੀ ਦਾ ਪੁੱਤ ਹੋ ਕੇ। ਧਰਤੀ ਦਾ ਪੁੱਤ ਧਰਤੀ ਮਾਂ ਦੇ ਗਰਭ ਵਿਚ ਝੋਨੇ ਦੇ ਜ਼ਹਿਰੀਲੇ ਪਾਣੀ ਦੇ ਸੂਟੇ ਮਰਾਉਣ ਲੱਗ ਪਿਆ। ਸ਼ਾਇਦ ਉਸ ਦਾ ਇਹ ਆਖਰੀ ਉਪੱਦਰ ਹੋਵੇ। ਵਾਹਿਗੁਰੂ ਬਖਸ਼ ਲਵੇ!
ਪਰ ਪੰਜਾਬੀ ਕਿਸਾਨ ਦੇ ਸਿਰ ‘ਤੇ ਕੁਲਕ ਪਲਦੇ ਆਏ ਹਨ ਤੇ ਲਗਾਤਾਰ ਪੰਜਾਬ ‘ਤੇ ਰਾਜ ਕਰਦੇ ਹਨ। ਉਹ ਕਿਸਾਨ ਨੂੰ ਆਪਣੇ ਕਿਸਾਨ ਹਿਤੈਸ਼ੀ ਹੋਣ ਦਾ ਭਰਮ ਪਾਈ ਰੱਖਦੇ ਹਨ। ਕਿਸਾਨ ਵਿਚਾਰਾ ਕੁਲਕ ਹੋਣ ਦੇ ਸੁਪਨੇ ਦੇਖਦਾ ਦੇਖਦਾ ਕੁਰਕ ਹੋ ਜਾਂਦਾ ਹੈ ਤੇ ਨੌਬਤ ਖੁਦਕੁਸ਼ੀ ਤੱਕ ਪੁੱਜ ਜਾਂਦੀ ਹੈ। ਜੇ ਪੰਜਾਬ ਨੇ ਬਚਣਾ ਹੈ ਤਾਂ ਅੱਜ ਕੁਲਕ ਤੇ ਕਿਸਾਨ ਵਿਚਲਾ ਅੰਤਰ ਸਮਝਣਾ ਜਰੂਰੀ ਹੈ; ਨਹੀਂ ਤਾਂ ਕਹਾਣੀ ਬੜੀ ਦੂਰ ਨਿਕਲ ਚੁਕੀ ਹੈ।
ਹੁਣ ਕੁਲਕਾਂ ਦਾ ਕੁਲਕ, ਮਹਾਂ ਕੁਲਕ ਪੈਦਾ ਹੋ ਚੁਕਾ ਹੈ, ਜਿਸ ਦੀ ਨਜ਼ਰ ਪੰਜਾਬ ਦੀ ਜ਼ਮੀਨ ‘ਤੇ ਹੈ। ਮਹਾਂ ਕੁਲਕ ਕਾਹਦਾ, ਮਹਾਂਕਾਲ ਹੀ ਸਮਝੋ। ਉਹ ਜਿਸ ਚੀਜ ਨੂੰ ਵੀ ਦੇਖਦਾ ਹੈ, ਫਨਾਹ ਕਰ ਸੁੱਟਦਾ ਹੈ। ਟੂ ਜੀ, ਥ੍ਰੀ ਜੀ, ਫੋਰ ਜੀ; ਜੀ ਜੀ ਕਰਕੇ ਉਸ ਨੇ ਦੁਨੀਆਂ ਮੁੱਠੀ ਵਿਚ ਕਰ ਲਈ ਹੈ। ਕਹਿਣ ਨੂੰ ਸਾਨੂੰ ਕਹਿੰਦਾ ਹੈ, ‘ਕਰ ਲੋ ਦੁਨੀਆ ਮੁੱਠੀ ਮੇਂ।’ ਮੁੱਠੀ ਵਿਚ ਦੁਨੀਆਂ ਕਰਦੇ ਕਰਦੇ ਅਸੀਂ ਉਸ ਦੀ ਮੁੱਠੀ ‘ਚ ਕੈਦ ਹੋ ਗਏ ਹਾਂ। ਦੁਨੀਆਂ ਨੂੰ ਮੁੱਠੀ ਵਿਚ ਬੰਦ ਕਰਨ ਵਾਲਾ ਹੀ ਅਸਲ ਕੁਲਕ, ਮਹਾਂ ਕੁਲਕ ਜਾਂ ਮਹਾਂਕਾਲ ਹੁੰਦਾ ਹੈ। ਗਲਤੀ ਨਾਲ, ਖੁਦ ਨੂੰ ਕੁਲਕ ਸਮਝਣ ਵਾਲੇ, ਕਿਸਾਨ ਭਾਈਆਂ ਦੀ ਮੁੱਠੀ ਵਿਚ ਸਿਰਫ ਰੇਤ ਸੀ, ਜੋ ਕਿਰ ਚੁਕੀ ਹੈ। ਖਾਲੀ ਹੱਥ ਜਨਾਜ਼ਾ ਸਭ ਦੇ ਸਾਹਮਣੇ ਹੈ, ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ?
ਸੱਚ ਇਹ ਹੈ ਕਿ ਕਿਰਤੀ ਰਹਿਣਗੇ ਤੇ ਕੁਲਕ ਤੁਰ ਜਾਣਗੇ। ਆਉ, ਆਪਾਂ ਕੁਲਕਾਂ ਦੀ ਸੂਚੀ ਵਿਚੋਂ ਖਾਰਜ ਹੋਈਏ, ਕਿਰਤੀਆਂ ਵਿਚ ਸ਼ਾਮਲ ਹੋਈਏ ਤੇ ਭੁੱਲ ਚੁੱਕੇ ਭਾਈਆਂ ਤੋਂ ਭੁੱਲਚੁਕ ਦੀ ਮਾਫੀ ਮੰਗੀਏ। ਬਲੀ ਦੇ ਬੱਕਰੇ ਬਣਨ ਨਾਲੋਂ ਇਹੀ ਬਿਹਤਰ ਹੈ ਕਿ ਭਰਾਵਾਂ ਨਾਲ ਮੁੜ ਸਾਂਝ ਪਾਈਏ, ‘ਫਿਰ ਇਆ ਅਉਸ ਰ ਚਰੈ ਨਾ ਹਾਥਾ॥’
ਜਰਮਨ ਪਾਦਰੀ ਮਾਰਿਨ ਨੀਮਲੌਰ ਨੇ ਇੰਕਸ਼ਾਫ ਕੀਤਾ ਸੀ, ਜਿਸ ਦਾ ਕਾਵਿਕ ਅਨੁਵਾਦ ਕਈ ਭਾਸ਼ਾਵਾਂ ਵਿਚ ਹੋ ਚੁਕਾ ਹੈ। ਪੰਜਾਬ ਦੇ ਇਤਿਹਾਸ ਨੇ ਉਹ ਅਨੁਵਾਦ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਵਿਚ ਉਸ ਦਾ ਅਨੁਵਾਦ ਹੋਣਾ ਬਾਕੀ ਹੈ, ਜੋ ਇਸ ਤਰਾਂ ਦਾ ਹੋ ਸਕਦਾ ਹੈ:
ਪਹਿਲਾਂ ਉਨ੍ਹਾਂ ਕਲਾਲ ਕੁੱਟਿਆ,
ਮੈਂ ਮੁਸ਼ਕੜੀਏਂ ਹੱਸਿਆ।
ਫਿਰ ਉਨ੍ਹਾਂ ਮੋਚੀ ਚੁੱਕਿਆ
ਮੈਂ ਮਸਾਂ ਹਾਸਾ ਘੁੱਟਿਆ।
ਫਿਰ ਲਾਇਆ ਜੁਲਾਹੇ ਨੂੰ ਫਾਹਾ,
ਮੈਂ ਹੱਸ ਕੇ ਕਿਹਾ, ਆਹਾ!
ਫਿਰ ਉਨ੍ਹਾਂ ਘੁਮਾਰ ਘੇਰਿਆ
ਮੈਂ ਪਰੇ ਨੂੰ ਮੂੰਹ ਫੇਰਿਆ।
ਫਿਰ ਆਈ ਦਰਜੀ ਦੀ ਵਾਰੀ
ਮੈਂ ਬਿਲਕੁਲ ਚੁੱਪ ਧਾਰੀ।
ਫਿਰ ਉਨ੍ਹਾਂ ਨਾਈ ਨੂੜਿਆ,
ਮੈਂ ਫਿਰ ਵੀ ਨਾ ਘੂਰਿਆ।
ਫਿਰ ਉਨ੍ਹਾਂ ਝੀਰ ਝਾੜਿਆ,
ਮੈਂ ਰਤਾ ਵੀ ਨਾ ਤਾੜਿਆ।
ਆਈ ਤਰਖਾਣ ਦੀ ਵਾਰੀ,
ਮੇਰੇ ਫਿਰ ਨਾ ਫਿਰੀ ਆਰੀ।
ਉਨ੍ਹਾਂ ਲੁਹਾਰ ਲੂਹ ਸੁੱਟਿਆ
ਮੇਰਾ ਦਮ ਵੀ ਨਾ ਘੁੱਟਿਆ।
ਅਖੀਰ ਆਇਆ ਮੇਰਾ ਨੰਬਰ,
ਮੈਂ ਸਾਰੇ ਪੰਜਾਬ ਦਾ ਲੰਬੜ।
ਮੈਂ ਬੜਾ ਮੂੰਹ ਘੁਮਾਇਆ,
ਕੋਈ ਨਜ਼ਰ ਹੀ ਨਾ ਆਇਆ।
ਕੋਈ ਆਓ! ਕੋਈ ਬਚਾਓ!
ਆਓ! ਬਚਾਓ!
ਜੇ ਹਾਲੇ ਵੀ ਕਿਸੇ ਨੂੰ ਗੱਲ ਨਾ ਸਮਝ ਆਈ ਹੋਵੇ ਤਾਂ, ਪੰਜਾਬੀ ਅਤੇ ਪੰਜਾਬ ਦੇ ਅਜੀਮ ਰਸਾਲੇ ‘ਹੁਣ’ ਦੇ ਜਨਵਰੀ-ਅਪਰੈਲ, 2006 ਅੰਕ ਵਿਚ ਛਪੇ, ਪੰਜਾਬੀ ਅਤੇ ਪੰਜਾਬ ਦੇ ਜਲਾਵਤਨੀ ਜਿਹੇ ਹੁੰਦੜਹੇਲ ਅਤੇ ਜ਼ਿੰਦਾਦਿਲ ਕਵੀ ਸਤੀ ਕੁਮਾਰ ਦੇ ਟੋਟਕੇ ਰਾਹੀਂ ਸਮਝ ਸਕਦੇ ਹਾਂ। ਉਸ ਨੇ ਦੱਸਿਆ:
ਮੇਰਾ ਮਾਮਾ ਹੁੰਦਾ ਸੀ। ਉਹਨੇ ਸ਼ਰਾਬ ਪੀ ਕੇ ਰਾਮਪੁਰੇ ਮੰਡੀ ਦੀਆਂ ਗਲੀਆਂ ‘ਚ ਲੰਡਰ ਫਿਰਦੇ ਢੱਠੇ ਨਾਲ ਲੜਨ ਲੱਗ ਪੈਣਾ। ਉਸ ਦੀ ਖੁਸ਼ਕਿਸਮਤੀ ਕਿ ਢੱਠਾ ਸ਼ਰੀਫ ਸੀ। ਉਸ ਨੂੰ ਕੁਝ ਨਾ ਕਹਿੰਦਾ। ਖੜ੍ਹਾ ਜੁਗਾਲੀ ਕਰਦਾ ਰਹਿੰਦਾ ਤੇ ਉਸ ਦੀਆਂ ਗਾਲ੍ਹਾਂ ਸੁਣਦਾ ਰਹਿੰਦਾ। ਗਲੀ ਦੀਆਂ ਔਰਤਾਂ ਨੇ ਉਸ ਢੱਠੇ ਦਾ ਨਾਉਂ ਨੰਦੀ ਮਾਹਰਾਜ ਪਾਇਆ ਹੋਇਆ ਸੀ ਤੇ ਉਸ ਨੂੰ ਰੋਜ਼ ਆਟੇ ਦੇ ਪੇੜੇ ਖਵਾਉਂਦੀਆਂ। ਸ਼ਿਵਾਂ ਦੀ ਸਵਾਰੀ ਜੁ ਸੀ। ਸ਼ਰਾਬ ਪੀ ਕੇ ਮੇਰੇ ਪਿਤਾ ਤੋਂ ਡਰਦਾ ਮਾਮਾ ਸਾਡੇ ਘਰ ਨਹੀਂ ਸੀ ਆਉਂਦਾ। ਨਿਰਣੇ ਕਾਲਜੇ ਕਿਸੇ ਦਿਨ ਸਾਡੇ ਘਰ ਆਉਂਦਾ, ਤਾਂ ਮੈਂ ਉਸ ਨਾਲ ਖੇਡਿਆ ਕਰਦਾ। ਇਕ ਦਿਨ ਮੇਰੇ ਮਾਮੇ ਨੂੰ ਕੁਝ ਜ਼ਿਆਦਾ ਹੀ ਚੜ੍ਹ ਗਈ। ਕੁਝ ਦੇਰ ਬੋਤਲ ਹੱਥ ‘ਚ ਫੜੀ ਉਹ ਢੱਠੇ ਨੂੰ ਗਾਲ੍ਹਾਂ ਕੱਢਦਾ ਰਿਹਾ। ਢੱਠਾ ਹਮੇਸ਼ਾ ਵਾਂਗ ਸ਼ਾਂਤ ਖੜ੍ਹਾ ਉਸ ਨੂੰ ਵੇਖਦਾ ਰਿਹਾ। ਮਾਮੇ ਨੂੰ ਹੋਰ ਹਰਖ ਆ ਗਿਆ। ਉਸ ਨੇ ਢੱਠੇ ਦੀ ਪਿੱਠ ‘ਤੇ ਖਾਲੀ ਬੋਤਲ ਵਗਾਹ ਮਾਰੀ। ਢੱਠਾ ਫਿਰ ਵੀ ਸ਼ਾਂਤ ਰਿਹਾ। ਫਿਰ ਮਾਮੇ ਨੇ ਕੁੜਤਾ ਲਾਹ ਕੇ ਪਰ੍ਹਾਂ ਸੁੱਟ ਦਿਤਾ ਤੇ ਆਪੇ ਤੋਂ ਬਾਹਰ ਹੋ ਕੇ ਉਸ ਨੇ ਢੱਠੇ ਨੂੰ ਸਿੰਗਾਂ ਤੋਂ ਜਾ ਫੜਿਆ। ਉਹ ਢੱਠੇ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ। ਢੱਠੇ ਦਾ ਸਬਰ ਟੁੱਟ ਗਿਆ। ਨੰਦੀ ਮਾਹਰਾਜ ਨੇ ਹੌਲੇ ਫੁੱਲ ਵਾਂਗ ਮਾਮੇ ਨੂੰ ਸਿੰਗਾਂ ‘ਤੇ ਚੁੱਕ ਕੇ ਆਕਾਸ਼ ਵੱਲ ਵਗਾਹ ਮਾਰਿਆ। ਮਾਮਾ ਉਸ ਦਿਨ ਆਕਾਸ਼ ਤੋਂ ਧਰਤੀ ‘ਤੇ ਡਿੱਗਾ ਤੇ ਮਰ ਗਿਆ।
ਬੁੱਭ ਤੇ ਭੁੱਬ ਬੇਸ਼ੱਕ ਸਮਾਨਾਰਥੀ ਸ਼ਬਦ ਨਹੀਂ ਹਨ। ਪਰ ਇਹ ਦੋਵੇਂ ਸ਼ਬਦ ਇੱਕ ਦੂਸਰੇ ਨਾਲ ਇਸ ਕਦਰ ਜੁੜੇ ਹੋਏ ਹਨ ਕਿ ਜੇ ਅਸੀਂ ਸੁਹਿਰਦਤਾ ਅਤੇ ਸਹਿਰਦਤਾ ਦਾ ਪੱਲਾ ਨਾ ਫੜੀਏ ਤਾਂ ਬੱਬੇ ਭੱਬੇ ਇੱਕ ਦੂਸਰੇ ਨਾਲ ਸਥਾਨ ਬਦਲ ਲੈਂਦੇ ਹਨ ਅਰਥਾਤ ਬੁੱਭ ਸਾਨੂੰ ਭੁੱਬ ਵੱਲ ਤੋਰ ਦਿੰਦੀ ਹੈ। ਜੇ ਅਸੀਂ ਭੁੱਬ ਤੋਂ ਬਚਣਾ ਚਾਹੁੰਦੇ ਹਾਂ ਤਾਂ ਬੁੱਭ ਤੋਂ ਪਰਹੇਜ਼ ਕਰਨ ਦੀ ਸਖਤ ਲੋੜ ਹੈ।