ਗੁਫਾ ਵਿਚ ਉਤਰੀਏ

ਬਲਜੀਤ ਬਾਸੀ
ਪਿਛਲੇ ਦਿਨੀਂ ਅਮਰੀਕਾ ਦੇ ਕੈਨਟੱਕੀ ਰਾਜ ਦਾ ਟੂਰ ਖਿੱਚਣ ਦਾ ਮਨ ਬਣਿਆ। ਨਾਲ ਇੱਕ ਦੋਸਤ ਜੋੜਾ ਹੋ ਗਿਆ। ਹਫਤੇ ਭਰ ਦੇ ਰਟਨ ਦੌਰਾਨ ਬੇਹੱਦ ਖੂਬਸੂਰਤ ਤੇ ਅਨੋਖੀਆਂ ਥਾਂਵਾਂ ਦੇਖਣ ਦਾ ਮੌਕਾ ਮਿਲਿਆ। ਸਭ ਤੋਂ ਵਧ ਪ੍ਰਭਾਵਿਤ ਤੇ ਅਚੰਭਿਤ ਕਰਨ ਵਾਲਾ ਸੀ, ਕੈਨਟੱਕੀ ਦੇ ਮਸ਼ਹੂਰ ਸ਼ਹਿਰ ਲੂਈਵਿੱਲ ਤੋਂ ਅੱਸੀ ਮੀਲ ਦੂਰ ‘ਮੈਮਥ ਕੇਵ ਨੈਸ਼ਨਲ ਪਾਰਕ’ ਤੇ ਇਸ ਵਿਚ ਸਥਿਤ ਗੁਫਾਵਾਂ ਦਾ ਸਿਲਸਿਲਾ। ਇਹ ਪਾਰਕ ਬਹੁਤ ਲੰਮਾ ਚੌੜਾ, ਵੰਨ-ਸੁਵੰਨੀ ਅਤੇ ਮਨਮੋਹਣੀ ਬਨਸਪਤੀ ਤੇ ਪੰਛੀ-ਚਹਿਕ ਨਾਲ ਸਰਸ਼ਾਰ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਮੈਮਥ ਕੇਵ ਨਾਂ ਦੀ ਦੁਨੀਆਂ ਦੀ ਸਭ ਤੋਂ ਵੱਡੀ ਤੇ ਵਿਕੋਲਿਤਰੀ ਗੁਫਾ ਨੂੰ ਕਲਾਵੇ ਵਿਚ ਲੈਂਦਾ ਹੈ। ਇਸੇ ਲਈ ਪਾਰਕ ਦੇ ਨਾਂ ਵਿਚ ਮੈਮਥ ਕੇਵ (ਵਿਸ਼ਾਲ ਗੁਫਾ) ਸ਼ਬਦ ਆਉਂਦਾ ਹੈ। ਹੋਰ ਮਾਅਰਕੇ ਦੀ ਗੱਲ ਹੈ ਕਿ ਜਿਸ ਸ਼ਹਿਰ ਵਿਚ ਇਹ ਸਥਿਤ ਹੈ, ਉਸ ਦਾ ਨਾਂ ਹੀ ਕੇਵਸਿਟੀ ਹੈ; ਸਿਟੀ ਕਾਹਦਾ ਟਾਊਨ ਹੀ ਹੈ, ਸਾਰੀ ਦੋ-ਢਾਈ ਹਜ਼ਾਰ ਦੀ ਵਸੋਂ।

ਪਾਰਕ ਦੇ ਯਾਤਰੀ ਕੇਂਦਰ ਤੋਂ ਦਸ ਮੀਲ ਮੈਮਥ ਕੇਵ ਦੇ ਮੂੰਹ ਤੱਕ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਸੀ। ਅਸਲ ਵਿਚ ਇਸ ਵੱਡ ਆਕਾਰੀ ਗੁਫਾ ਦੇ 14 ਲਾਂਘੇ ਹਨ, ਹਰ ਇੱਕ ਦੇ ਧੁਰ ਤੱਕ ਜਾਣ ਲਈ ਇੱਕ ਤੋਂ ਛੇ ਘੰਟੇ ਲਗਦੇ ਹਨ। ਅਸੀਂ ਕੇਵਲ ਦੋ ‘ਤੇ ਜਾਣ ਲਈ ਟਿਕਟਾਂ ਲਈਆਂ, ਇੱਕ ਦਿਨ ਵਿਚ ਏਨੀ ਡੂਗਰ ਵਾਟ ਬਹੁਤ ਸੀ। ਅਸਲ ਵਿਚ ਇਸ ਖੇਤਰ ਵਿਚ ਹੋਰ ਵੀ ਕਈ ਗੁਫਾਵਾਂ ਹਨ ਤੇ ਆਉਂਦੇ ਹੋਏ ਅਸੀਂ ਇੱਕ ਹੋਰ ਵੀ ਦੇਖ ਚੁਕੇ ਸਾਂ।
ਮੇਰੇ ਅਨੁਭਵ ਅਤੇ ਮਾੜੇ ਮੋਟੇ ਅਧਿਐਨ ਅਨੁਸਾਰ ਗੁਫਾਵਾਂ ਪਹਾੜਾਂ ਦੇ ਵਿਚ ਅੰਦਰੋਂ ਅੰਦਰੀਂ ਦੂਰ ਨੇੜੇ ਤੱਕ ਜਾਣ ਵਾਲੀਆਂ ਵਲ-ਵਲੇਵੇਂ ਖਾਂਦੀਆਂ ਸੁਰੰਗਾਂ ਜਿਹੀਆਂ ਹੁੰਦੀਆਂ ਹਨ। ਬਹੁਤ ਪਹਿਲਾਂ ਮੈਂ ਵੈਸ਼ਨੋ ਦੇਵੀ ਅਤੇ ਚਿਰਾਪੁੰਜੀ ਦੀਆਂ ਗੁਫਾਵਾਂ ਦੇਖ ਚੁਕਾ ਹਾਂ, ਇਸ ਲਈ ਮੇਰੇ ਮਨ ਵਿਚ ਅਜਿਹਾ ਬਿੰਬ ਇਨ੍ਹਾਂ ਨੂੰ ਦੇਖਣ ਪਿਛੋਂ ਹੀ ਬਣਿਆ ਸੀ। ਭਾਰਤ ਦੀਆਂ ਗੁਫਾਵਾਂ ਵਿਚ ਯੋਗੀ ਤੇ ਰਿਸ਼ੀ ਮੁਨੀ ਤਪੱਸਿਆ ਕਰਦੇ ਰਹੇ ਹਨ, ਬਕੌਲ ਸਾਡੇ ਗੁਰੂ ਸਾਹਿਬਾਨ, ‘ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ॥’ (ਗੁਰੂ ਅਰਜਨ ਦੇਵ) ਅਤੇ ‘ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ॥’ (ਗੁਰੂ ਨਾਨਕ ਦੇਵ)
ਭਾਰਤ ਦੀਆਂ ਬਹੁਤ ਸਾਰੀਆਂ ਗੁਫਾਵਾਂ ਕੁਦਰਤੀ ਨਾ ਹੋ ਕੇ ਮਨੁੱਖ-ਘੜੰਤ ਅਰਥਾਤ ਪਹਾੜਾਂ ਜਾਂ ਚੱਟਾਨਾਂ ਨੂੰ ਕੱਟ-ਤਰਾਸ਼ ਕੇ ਬਣਾਈਆਂ ਗਈਆਂ ਸਨ। ਕੇਦਾਰ ਨਾਥ ਵਿਚ ਤਾਂ ਮੋਦੀ ਸਾਹਿਬ ਨੇ ਵੀ ਗੁਫਾ ਬਣਾ ਕੇ ਤਪੱਸਿਆ ਕਰ ਲਈ ਹੈ। ਗੁਫਾਵਾਂ ਦੇ ਬਣਨ ਪਿਛੇ ਮਿੱਥਾਂ ਵੀ ਜੁੜੀਆਂ ਹੋਈਆਂ ਹਨ।
ਪਰ ਆਹ ਕੇਵਸਿਟੀ ਵਾਲੀ ਗੁਫਾ ਦੀ ਤਾਂ ਗੱਲ ਹੀ ਹੋਰ ਸੀ। ਬੱਸਾਂ ਦਰਸ਼ਕਾਂ ਨੂੰ ਗੁਫਾ ਦੇ ਮੂੰਹ ਤੱਕ ਲੈ ਗਈਆਂ। ਦਰਅਸਲ ਇਹ ਗੁਫਾ ਧਰਤੀ ਦੇ ਸਮਾਨੰਤਰ ਨਾ ਹੋ ਕੇ ਹੇਠਾਂ ਵੱਲ ਸੀ, ਖੂਹ ਦੀ ਤਰ੍ਹਾਂ ਤੇ ਬਾਹਰੋਂ ਕੋਈ ਅੰਦਾਜ਼ਾ ਨਹੀਂ ਸੀ ਲੱਗ ਸਕਦਾ ਕਿ ਇਥੇ ਕੁਦਰਤ ਦਾ ਏਡਾ ਵੱਡਾ ਗਜ਼ਬ ਹੈ। ਪੱਚੀ-ਤੀਹ ਜਣਿਆਂ ਦੀ ਸਾਡੀ ਟੋਲੀ ਨੂੰ ਮਹਿਲਾ ਗਾਈਡ ਨੇ ਥੱਲੇ ਉਤਰਨ ਦਾ ਆਦੇਸ਼ ਦਿੱਤਾ। ਏਨਾ ਭੀੜਾ ਮੂੰਹ ਦੇਖ ਕੇ ਮੇਰੀ ਪਤਨੀ ਘਬਰਾ ਗਈ। ਬੱਸ ਕਿਸੇ ਤਰ੍ਹਾਂ ਕੁਝ ਥੱਲੇ ਲਿਜਾਣ ਲਈ ਬਣਾਈ ਸੌ-ਡੂਢ ਸੌ ਪਉਡਿਆਂ ਵਾਲੀ ਪੌੜੀ ਦੇ ਸਹਾਰੇ ਥੱਲੇ ਉਤਰੇ। ਗੁਫਾ ਦੇ ਧੁਰ ਤੱਕ ਬਿਜਲੀ ਦੇ ਲਾਟੂ ਜਗਾਏ ਗਏ ਸਨ। ਪੌੜੀਆਂ ਖਤਮ ਹੋਣ ‘ਤੇ ਅੱਗੋਂ ਪੈਰ ਟਿਕਾਉਣ ਦਾ ਕੋਈ ਸਹਾਰਾ ਨਹੀਂ ਸੀ। ਕਈ ਥਾਂਵਾਂ ‘ਤੇ ਭੁੰਜਾ ਤਿਲਕਵਾਂ, ਚਿੱਕੜ ਭਰਿਆ ਜਾਂ ਭੁਰਭਰਾ ਹੋਣ ਕਰਕੇ ਪੈਰ ਘੁੱਟ ਕੇ ਰੱਖਣੇ ਪੈਂਦੇ ਸਨ, ਸੋ ਇਕ ਦੂਜੇ ਨੂੰ ਫੜ ਫੜ ਕੇ ਜਾਣਾ ਪੈਂਦਾ ਸੀ। ਹੋਰ ਤਾਂ ਹੋਰ ਕਿਧਰੇ ਇਕ ਦਮ ਖੂਹ ਜਿਹੀ ਸਿੱਧੀ-ਸਤੈਤ ਤੇ ਕਿਧਰੇ ਲੇਦਵੀਂ ਉਤਰਾਈ ਸੀ। ਲਗਦਾ ਸੀ, ਪਤਾਲ ਵਿਚ ਗਰਕ ਰਹੇ ਹਾਂ। ਵਲ-ਵਲੇਵਿਆਂ ਤੇ ਘਚੋਰਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਮਾਰਗ ਕਿਧਰੇ ਏਨਾ ਤੰਗ ਕਿ ਸਿਰ ਨੀਂਵਾ ਕਰਕੇ ਲੰਘਣਾ ਪਵੇ, ਕਿਧਰੇ ਏਨਾ ਉਚਾ ਤੇ ਲੰਮਾ-ਚੌੜਾ ਕਿ ਭਾਵੇਂ ਕਬੱਡੀ ਖੇਡ ਲਵੋ। ਸੱਚਮੁੱਚ ਇੱਕ ਹਾਲ ਜਿੱਡੀ ਥਾਂ ‘ਤੇ ਬਿਠਾ ਕੇ ਗਾਈਡ ਨੇ ਇਸ ਗੁਫਾ ਦੀ ਜਾਣਕਾਰੀ ਦਿੱਤੀ। ਅੰਦਰ ਦੇ ਵਿਕਰਾਲ ਚੁਗਿਰਦੇ ਤੋਂ ਘਰ ਵਾਲੀ ਬਹੁਤ ਸਹਿਮੀ ਪਈ ਸੀ, ਬਾਕੀ ਜਣੇ ਅੰਦਰੋਂ ਘਬਰਾਏ ਦਿਖਾਵੇ-ਮਾਤਰ ਸ਼ੇਰ ਬਣੇ ਹੋਏ ਸਨ।
ਕਈ ਚੱਟਾਨਾਂ ‘ਚੋਂ ਪਾਣੀ ਸਿਮ ਰਿਹਾ ਸੀ, ਜਿਸ ਨੂੰ ਮੈਂ ਚਾਤ੍ਰਿਕ ਬੂੰਦ ਦੀ ਤਰ੍ਹਾਂ ਮੁਖ ਪਾਇਆ। ਰੰਗ ਬਰੰਗੀਆਂ, ਸੂਈ ਵਰਗੀਆਂ ਤਿੱਖੀਆਂ ਤੇ ਕਈ ਜਾਣੀਆਂ-ਪਛਾਣੀਆਂ ਸ਼ਕਲਾਂ ਵਾਲੀਆਂ ਚੱਟਾਨਾਂ ਦੇ ਦਰਸ਼ਨ ਹੋਏ। ਜਾਣੋਂ ਕੋਈ ਸ਼ਿਵ ਜੀ ਸੀ, ਕੋਈ ਹੋਰ ਦੇਵਤਾ, ਕੋਈ ਜਿੰਨ ਭੂਤ ਤੇ ਕੋਈ ਭਿਅੰਕਰ ਜਾਨਵਰ। ਅਜਿਹੀਆਂ ਸ਼ਕਲਾਂ ਤੋਂ ਹੀ ਭਾਰਤ ਵਿਚ ਮਿਥਾਂ ਬਣ ਜਾਂਦੀਆਂ ਹਨ। ਅਸੀਂ ਸਤਹ ਤੋਂ ਕੋਈ ਢਾਈ ਸੌ ਫੁੱਟ ਥੱਲੇ ਸਮਝੋ ਪੱਚੀ ਤੀਹ ਖੂਹ ਡੂੰਘੇ ਲੱਥ ਚੁਕੇ ਸਾਂ। ਜਦੋਂ ਮੋੜਾ ਪਿਆ, ਘਰ ਵਾਲੀ ਦੀ ਬੱਸ ਹੋਈ ਪਈ ਸੀ; ਰੱਬ ਰੱਬ ਕੀਤਾ; ਉਸ ਨੂੰ ਤੰਗ ਥਾਂਵਾਂ ਦਾ ਤ੍ਰਾਸ ਹੈ। ਵਾਪਸੀ ‘ਤੇ ਉਸ ਨੇ ਅਗਲੇ ਲਾਂਘੇ ‘ਤੇ ਜਾਣ ਤੋਂ ਨਾਂਹ ਕਰ ਦਿੱਤੀ, ਬਾਕੀਆਂ ਨੂੰ ਵੀ ਮਜਬੂਰੀ ਵਿਚ ਤੌਬਾ ਕਰਨੀ ਪਈ। ਖੁੰਝ ਗਏ ਲਾਂਘਿਆਂ ਵਿਚ ਕਿਸ਼ਤੀਆਂ ਦੀ ਸਹੂਲਤ ਵਾਲੇ ਭੂਮੀਗਤ ਦਰਿਆ, ਚਸ਼ਮੇ ਤੇ ਹੋਰ ਵੀ ਬੜਾ ਕੁਝ ਅਦਭੁੱਤ ਸੀ। ਸਾਰੀਆਂ ਗੁਫਾਵਾਂ ਦੀ ਕੁਲ ਲੰਬਾਈ ਚਾਰ ਸੌ ਮੀਲ ਹੈ ਤੇ ਅਜੇ ਹੋਰ ਲੱਭੀਆਂ ਜਾ ਰਹੀਆਂ ਹਨ।
ਸਬੱਬ ਨਾਲ ਕੁਝ ਦਿਨ ਪਹਿਲਾਂ ਇੱਕ ਵਿਦਵਾਨ ਲੇਖਕ ਨੇ ਮੇਰੀ ਰਾਇ ਪੁੱਛੀ ਕਿ ਸ਼ਬਦ ਗੁਫਾ ਹੈ ਜਾਂ ਗੁਫ਼ਾ, ਬਿੰਦੀ ਲਾਉਣ ਦੀ ਦੁਬਿਧਾ ਵੀ ਵੱਡਾ ਮਸਲਾ ਹੋ ਸਕਦਾ ਹੈ। ਉਂਜ ਸ਼ਬਦ ਜੋੜ ਦਾ ਹੀ ਨਹੀਂ, ਉਚਾਰਨ ਦਾ ਰੌਲਾ ਵੀ ਹੈ। ਖੈਰ, ਪਹਿਲਾਂ ਆਪਣਾ ਕੰਮ ਨਿਪਟਾ ਲਈਏ। ਗੁਫਾ ਲਈ ਕੰਦਰ ਤੇ ਖੋਹ ਸ਼ਬਦ ਵੀ ਚਲਦੇ ਹਨ। ਸ੍ਰੋਤਾਂ ਅਨੁਸਾਰ ਗੁਫਾ ਸ਼ਬਦ ਸੰਸਕ੍ਰਿਤ ਗੁਹਾ ਦਾ ਵਿਉਤਪਤ ਰੂਪ ਹੈ, ਜਿਸ ਵਿਚ ਇਸ ਦੇ ਅਰਥ ਇਸ ਪ੍ਰਕਾਰ ਹਨ: ਗੁਫ਼ਾ, ਕੰਦਰ, ਲੁਕਣ ਸਥਾਨ, ਉਹਲਾ, ਸ਼ਰਨ; ਲੁਕੋਅ; ਟੋਆ, ਗਰਕੀ, ਖੁੱਡ, ਡੁੱਡ; ਦਿਲ; ਬੁਧੀ ਆਦਿ। ਸਪੱਸ਼ਟ ਹੈ ਕਿ ਸਭ ਅਰਥਾਂ ਵਿਚ ਲੁਕਣ-ਛਿਪਣ, ਓਟ ਆਦਿ ਦਾ ਭਾਵ ਹੈ। ਗੁਫਾਵਾਂ ਤੇ ਡੁੱਡਾਂ ਵਿਚ ਜਾਨਵਰ ਰਹਿੰਦੇ ਹਨ, ਦਿਲ ਸਰੀਰ ਦੇ ਅੰਦਰ ਲੁਕਿਆ ਹੋਇਆ ਹੈ ਤੇ ਬੁਧੀ ਜਾਂ ਅੰਤਿਹਕਰਣ ਹੋਰ ਵੀ ਅੰਦਰ। ਸਰੀਰ ਨੂੰ ਵੀ ਗੁਫਾ ਕਲਪਿਆ ਗਿਆ ਹੈ, ਕਿਉਂਕਿ ਇਸ ਵਿਚ ਹੀ ਸਾਰੇ ਅੰਗ ਛਿਪੇ ਹੋਏ ਹਨ, ‘ਹਰਿ ਜੀਉ ਗੁਫਾ ਅੰਦਰਿ ਰਖਕਿ ਵਾਜਾ ਪਵਣੁ ਵਜਾਇਆ॥’ ਸੰਸਕ੍ਰਿਤ ਗੁਹਾ ਦਾ ਧਾਤੂ ਹੈ, ‘ਗੁਹ’ ਜਿਸ ਵਿਚ ਲੁਕਣ, ਛਿਪਣ ਦੇ ਭਾਵ ਹਨ। ਸੋ, ਗੁਫਾ ਇਕ ਅਜਿਹਾ ਸਥਾਨ ਹੈ, ਜਿਥੇ ਪ੍ਰਾਣੀ ਆਪਣੇ ਆਪ ਨੂੰ ਲੁਕੋਂਦਾ ਹੈ ਜਾਂ ਆਸਰਾ ਭਾਲਦਾ ਹੈ।
ਅਜਿਤ ਵਡਨੇਰਕਰ ਅਨੁਸਾਰ ‘ਗੁਹ’ ਸ਼ਬਦ ਦਾ ਪੂਰਵਵੈਦਿਕ ਰੂਪ ‘ਕੁਹ’ ਰਿਹਾ ਹੋਵੇਗਾ, ਜਿਸ ਦਾ ਅਰਥ ਵੀ ਇਹੋ ਹੈ। ਸੰਸਕ੍ਰਿਤ ਦੇ ‘ਕੁਹਰਮ’ ਸ਼ਬਦ ਦਾ ਅਰਥ ਗੁਫਾ ਹੈ। ਇਹ ਕੰਨ ਅਤੇ ਗਲੇ ਦਾ ਵੀ ਸੰਕੇਤਕ ਹੈ, ਕਿਉਂਕਿ ਇਨ੍ਹਾਂ ਦੀ ਸ਼ਕਲ ਗੁਫਾ ਵਰਗੀ ਹੁੰਦੀ ਹੈ। ਗੁਹ ਜਾਂ ਕੁਹ ਦਾ ਅਵੇਸਤਾ ਵਿਚ ਸਜਾਤੀ ਸ਼ਬਦ ਕੋਹ ਮਿਲਦਾ ਹੈ, ਜੋ ਅਜੋਕੀ ਫਾਰਸੀ ਵਿਚ ਵੀ ਹੈ ਤੇ ਇਸ ਦਾ ਮਾਅਨਾ ਪਹਾੜ ਹੈ। ਇਹ ਸ਼ਬਦ ਹੋਰ ਭਾਰਤੀ ਭਾਸ਼ਾਵਾਂ ਵਾਂਗ ਪੰਜਾਬੀ ਵਿਚ ਵੀ ਆ ਗਿਆ ਹੈ, ਬੁੱਲੇ ਸ਼ਾਹ ਦੀ ਗਵਾਹੀ ਪੇਸ਼ ਹੈ,
ਪੀਆ ਨੇ ਨੈਣ ਬਾਣ ਲਾ ਕੇ
ਬਿਰਹੋਂ ਸੂੰ ਚਹਿਚਿਹਾ ਕੇ,
ਫਰਹਾਦ ਤੋਂ ਕੋਹ ਕਟਾ ਕੇ
ਸ਼ੀਰੀਂ ਸੋਂ ਰਲ ਗਿਆ।
ਕੋਹਿਤੂਰ, ਜਿਸ ਪਰਬਤ ‘ਤੇ ਮੂਸਾ ਨੇ ਰੱਬ ਦੇ ਦਰਸ਼ਨਾਂ ਦੀ ਫਰਮਾਇਸ਼ ਕੀਤੀ ਸੀ; ‘ਰੋਸ਼ਨੀ ਦਾ ਪਹਾੜ’ ਕੋਹਿਨੂਰ ਅਤੇ ਕੁਝ ਸ੍ਰੋਤਾਂ ਅਨੁਸਾਰ ਕੋਹਕਾਫ ਵਿਚ ਏਹੀ ‘ਕੋਹ’ ਬੋਲਦਾ ਹੈ। ‘ਗੁਹ’ ਧਾਤੂ ਤੋਂ ਸੰਸਕ੍ਰਿਤ ਵਿਚ ਇਕ ਸ਼ਬਦ ਬਣਿਆ ਹੈ, ‘ਗੁਹਯ’ ਜਿਸ ਦਾ ਅਰਥ ਹੈ-ਛੁਪਾਉਣਯੋਗ, ਢਕਣਯੋਗ, ਇਕਾਂਤਵਾਸੀ, ਰਹੱਸਮਈ। ਸੰਸਕ੍ਰਿਤ ਦੀ ‘ਯ’ ਧੁਨੀ ਪੰਜਾਬੀ ਵਿਚ ਆ ਕੇ ‘ਜ’ ਵਿਚ ਬਦਲ ਗਈ ਤੇ ਸ਼ਬਦ ਬਣ ਗਿਆ, ‘ਗੁਹਜ’ ਜਿਸ ਦਾ ਅਰਥ ਪੋਸ਼ੀਦਾ, ਗੁਪਤ ਹੁੰਦਾ ਹੈ, ‘ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ॥’ (ਗੁਰੂ ਰਾਮ ਦਾਸ) ਇਸ ਦਾ ਅਰਥ ਗੁਦਾ, ਭਗ ਅਤੇ ਲਿੰਗ ਵੀ ਹੈ, ਜੋ ਗੁਪਤ ਅੰਗ ਹਨ। ਇਸ ਨੂੰ ਗੋਝ ਵਜੋਂ ਵੀ ਲਿਖਿਆ ਜਾਂਦਾ ਹੈ। ਇਸ ਦਾ ਵਿਸ਼ੇਸ਼ਣ ਰੂਪ ਗੁਝਾ ਹੈ, ‘ਨਾਮਰਤਨ ਲੈ ਗੁਝਾ ਰਖਿਆ॥’ (ਗੁਰੂ ਅਰਜਨ ਦੇਵ); ‘ਦੁਨੀਆ ਗੁਝੀ ਭਾਹਿ॥’ (ਸ਼ੇਖ ਫਰੀਦ)। ਨਮੂਨੀਏ ਨੂੰ ਗੁਝਾ ਆਖਿਆ ਜਾਂਦਾ ਰਿਹਾ ਹੈ। ਇਸ ਦਾ ਇੱਕ ਹੋਰ ਰੂਪ ਹੈ, ਗੂੜ੍ਹ ਜਿਸ ਦਾ ਮਤਲਬ ਹੈ-ਗੁਪਤ ਜਾਂ ਡੂੰਘੇ ਅਰਥਾਂ ਵਾਲਾ, ‘ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨ ਪਾਵਹੇ॥; ‘ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ॥’ (ਗੁਰੂ ਅਰਜਨ ਦੇਵ) ਇਸ ਦਾ ਸੰਸਕ੍ਰਿਤ ਰੂਪ ਗੂਢ ਹੈ। ‘ਨਾਨਕ ਪ੍ਰਕਾਸ਼’ ਵਿਚ ਇਹ ਸ਼ਬਦ ਮਿਲਦਾ ਹੈ,
ਕਹਿ ਬੁਲਾਰ ਤੁਵ ਮਤਿ ਅਨਜਾਨੀ।
ਤਿਹ ਕੀ ਰੀਤਿ ਨ ਸਕਤਿ ਪਛਾਨੀ।
ਧਨ ਤ੍ਰਿਸ਼ਨਾ ਮਹਿਂ ਮਤਿ ਲਪਟਾਨੀ।
ਗੁਨਨ ਗੂਢ ਕਿਉਂ ਸਕੇ ਪਛਾਨੀ।
ਕੁਝ ਸ੍ਰੋਤਾਂ ਅਨੁਸਾਰ ਗੁਫਾ ਸ਼ਬਦ ਭਾਰੋਪੀ ਹੈ, ਜਿਸ ਦਾ ਮੂਲ ‘ਖeੁe’ ਕਲਪਿਆ ਗਿਆ ਹੈ। ਇਸ ਵਿਚ ਫੁੱਲਣ, ਉਭਰਨ, ਛੇਕ, ਗੁੰਬਦ, ਮਹਿਰਾਬ ਦੇ ਭਾਵ ਹਨ, ਜੋ ਗੁਫਾ ਵੱਲ ਹੀ ਲਿਜਾਂਦੇ ਹਨ। ਅੰਗਰੇਜ਼ੀ ਸ਼ਬਦ ਛਅਵe, ਛਅਵeਰਨ, ਛਅਵਟੇ ਇਸੇ ਤੋਂ ਬਣੇ ਹਨ। ਇਸ ਮੂਲ ਦੇ ਫੁਲਣ, ਉਭਰਨ ਦੇ ਭਾਵ ਤੋਂ ਲਾਤੀਨੀ ਤੋਂ ਅੰਗਰੇਜ਼ੀ ਵਿਚ ਗਏ ਸ਼ਬਦ Aਚਚੁਮੁਲਅਟe, ਛੁਮੁਲੁਸ, ਛੁਮੁਲਅਟe, ਓਣਚਅਵਅਟe ਆਦਿ ਬਣੇ ਹਨ।
ਅੱਜ ਕਲ੍ਹ ਪੰਜਾਬੀ ਵਿਚ ਇਸ ਨੂੰ ਬਹੁਤਾ ਗੁਫ਼ਾ ਵਜੋਂ ਹੀ ਲਿਖਿਆ ਤੇ ਬੋਲਿਆ ਜਾਂਦਾ ਹੈ। ਸੰਸਕ੍ਰਿਤ ਵਿਚ ਇਹ ਗੁਹਾ ਵਜੋਂ ਹੀ ਮੌਜੂਦ ਹੈ, ਪਰ ਗੁਰਬਾਣੀ ਸਮੇਤ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿਚ ਗੁਫਾ ਵਜੋਂ ਲਿਖਿਆ ਮਿਲਦਾ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਇਸ ਨੂੰ ਗੁਫ਼ਾ ਵਜੋਂ ਉਚਾਰਨਾ ਵਧੇਰੇ ਸਹਿਜ ਹੋ ਗਿਆ ਹੈ ਭਾਵੇਂ ਕਿ ਇਹ ਧੁਨੀ ਸੰਸਕ੍ਰਿਤ ਵਿਚ ਮੌਜੂਦ ਨਹੀਂ ਤੇ ਪੰਜਾਬੀ ਵਿਚ ਵੀ ਅਰਬੀ ਫਾਰਸੀ ਦੇ ਪ੍ਰਭਾਵ ਨਾਲ ਹੀ ਆਈ ਹੈ। ਖਿਆਲ ਹੈ ਕਿ ਚਰਚਿਤ ਸ਼ਬਦ ਦਾ ਇਹ ਉਚਾਰਨ ਇਸੇ ਲਪੇਟ ਵਿਚ ਆ ਗਿਆ ਹੈ।