ਯੋਧੇ ਹਥਿਆਰ ਕਦੋਂ ਸੁੱਟਦੇ ਨੇ

ਸੁਖਨੈਬ ਸਿੰਘ ਸਿੱਧੂ
“ਬਾਈ, ਸ਼ਿਕਾਗੋ ‘ਚ ਗੁਰੂਘਰ ਤੇ ਮੰਦਿਰ ਜਰੂਰ ਦੇਖੀਂ ਨਾਲੇ ਪੰਜਾਬ ਟਾਈਮਜ਼ ਵਾਲੇ ਅਮੋਲਕ ਸਿੰਘ ਨੂੰ ਜਰੂਰ ਮਿਲ ਕੇ ਆਈਂ।” ਇਹ ਗੱਲ ਦਰਸ਼ਨ ਬਸਰਾਉਂ ਨੇ ਮੈਨੂੰ ਫੋਨ ਕਰਕੇ ਉਦੋਂ ਆਖੀ ਸੀ, ਜਦੋਂ ਮੈਂ ਬਾਈ ਗੁਰਮੁਖ ਭੁੱਲਰ ਨਾਲ 24 ਘੰਟਿਆਂ ਲਈ ਫਿਰ ਸ਼ਿਕਾਗੋ ਫੇਰੀ ‘ਤੇ ਸੀ।

ਉਤਰਿਆ ਤਾਂ ਪਿਛਲੇ ਸਾਲ ਵੀ ਸ਼ਿਕਾਗੋ ਦੇ ਓ’ਹੇਅਰ ਹਵਾਈ ਅੱਡੇ ‘ਤੇ ਸੀ, ਬਾਅਦ ‘ਚ ਵੀ ਕਿੰਨੇ ਗੇੜੇ ਲੱਗੇ, ਪਰ ਇਸ ਵਾਰ ਤਾਂ ਤੀਰਥ ਯਾਤਰਾ ਵਾਲੀ ਗੱਲ ਸੀ। ਮੇਰੇ ਭੇਤੀ ਜਾਣਦੇ ਹਨ ਕਿ ਮੈਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਕੁ ਜਿੰਨਾ ਆਸਤਕ ਹਾਂ ਅਤੇ ਸਿਆਸੀ ਲੋਕਾਂ ਦੀ ਸਰਕਾਰੀ ਖਜਾਨੇ ਵਿਚੋਂ ਲਗਾਤਾਰ ਵਧ ਰਹੀ ਤਨਖਾਹ ਜਿੰਨਾ ਨਾਸਤਕ। ਜੇ ਕੁਝ ਦਰਸ਼ਨ ਬਾਈ ਨੇ ਕਿਹਾ ਸੀ ਤਾਂ ਉਹਦੀ ਇੱਕ ਖਾਸ ਵਜ੍ਹਾ ਸੀ, ਉਹਨੂੰ ਮੇਰੀ ਸੋਚ ਦਾ ਪਤਾ ਸੀ।
ਪੈਲਾਟਾਈਨ ਗੁਰੂਘਰ ਸ਼ਿਕਾਗੋ ਦਾ ਪਹਿਲਾ ਸਿੱਖ ਸਥਾਨ ਹੈ, ਜੋ 1974 ‘ਚ ਹੋਂਦ ‘ਚ ਆਇਆ। ਜਿਸ ਦੇ ਦਰ ਸਿਰਫ ਸਿੱਖਾਂ ਲਈ ਹੀ ਨਹੀਂ, ਸਗੋਂ ਹਰੇਕ ਜਾਤ, ਮਜ਼ਹਬ ਦੇ ਲੋਕਾਂ ਲਈ ਖੁੱਲ੍ਹੇ ਹਨ ਅਤੇ ਸਿੱਖੀ ਸਿਧਾਂਤਾਂ ਦੀ ਗੱਲ ਕਰਦਾ ਹੈ, ਜੋ ਇਨਸਾਨੀਅਤ ਲਈ ਜਰੂਰੀ ਹਨ। ਉਥੇ ਗਿਆ ਤਾਂ ਪਤਾ ਲੱਗਾ ਕਿ ਗੁਰੂਘਰ ਵਾਲਿਆਂ ਨੇ ਪਿਛਲੇ ਵਰ੍ਹੇ ਇੱਕ ਚਰਚ ਦੀ ਬਿਲਡਿੰਗ ਖਰੀਦੀ ਹੈ। ਇਹ ਵੀ ਇਤਫਾਕ ਹੈ, ਇੱਕ ਰੱਬ ਉਥੋਂ ਮੂਵ ਹੋ ਗਿਆ ਅਤੇ ਦੂਜੇ ਨੂੰ ਪੋਜੈਸ਼ਨ ਮਿਲ ਗਈ, ਪਰ ਇਹ ਵੀ ਤਾਂ ਕਮਾਲ ਦੀ ਮਿਸਾਲ ਹੈ ਕਿ ਇਸਾਈ ਭਾਈਚਾਰੇ ਨੇ ਇਹ ਗਿਰਜਾਘਰ ਚੁੱਪ ਕਰਕੇ ਵੇਚ ਦਿੱਤਾ। ਚਰਚਾਂ ਵੇਚਣੀਆਂ ਕਿਉਂ ਪੈ ਰਹੀਆਂ ਨੇ? ਕਿਤੇ ਧਰਮ ਤੋਂ ਪਾਸੇ ਜਾ ਰਹੇ ਲੋਕਾਂ ਦੇ ਰੁਝਾਨ ਕਾਰਨ ਤਾਂ ਨਹੀਂ! ਇਹ ਸਿਆਣੇ ਲੋਕਾਂ ਲਈ ਚਰਚਾ ਦਾ ਵਿਸ਼ਾ ਹੈ, ਪਰ ਉਹੀ ਸਥਾਨ ਹੁਣ ਗੁਰੂਘਰ ਦੀ ਜਾਇਦਾਦ ਹੈ ਅਤੇ ਇਸ ਨੂੰ ਮੀਟਿੰਗ ਹਾਲ ਦੇ ਰੂਪ ‘ਚ ਵਰਤਿਆ ਜਾਂਦਾ ਹੈ। ਇਹ ਗੁਰੂਘਰ 16 ਏਕੜ ਜ਼ਮੀਨ ‘ਚ ਫੈਲਿਆ ਹੋਇਆ ਹੈ ਅਤੇ ਦੂਰੋਂ ਨੇੜਿਓ ਸੰਗਤਾਂ ਇੱਥੇ ਪਹੁੰਚਦੀਆਂ ਹਨ। ਜਦੋਂ ਸਾਡਾ ਭਾਈਚਾਰਾ ਵਿਦੇਸ਼ਾਂ ‘ਚ ਘੱਟ ਸੀ, ਉਦੋਂ ਸੰਚਾਰ ਸਾਧਨ ਵੀ ਕਿੱਥੇ ਸਨ! ਉਦੋਂ ਤਾਂ ਸਿਰਫ ਧਾਰਮਿਕ ਸਥਾਨ ਹੀ ਸਾਂਝ ਦਾ ਕੇਂਦਰ ਹੁੰਦੇ ਸਨ, ਲੋਕ ਐਤਵਾਰ ਨੂੰ ਇੱਕ ਦੂਜੇ ਨੂੰ ਮਿਲਦੇ।
ਸ਼ਿਕਾਗੋ ‘ਚ ਬਣਿਆ ਮੰਦਿਰ (ਹਿੰਦੂ ਟੈਪਲ ਆਫ ਗਰੇਟਰ ਸ਼ਿਕਾਗੋ) ਭਵਨ ਕਲਾ ਦਾ ਉਤਮ ਨਮੂਨਾ ਹੈ, ਜਿਸ ਨੂੰ ਹਿੰਦੂ ਧਰਮ ‘ਚ ਯਕੀਨ ਅਤੇ ਸ਼ਰਧਾ ਨਾ ਰੱਖਣ ਵਾਲੇ ਲੋਕ ਵੀ ਦੇਖਣ ਆਉਂਦੇ ਹਨ। ਸਮੇਂ ਦੀ ਘਾਟ ਕਾਰਨ ਮੈਂ ਨਹੀਂ ਜਾ ਸਕਿਆ।
ਤੀਜਾ ਸਥਾਨ ਸੀ, ਸ਼ਿਕਾਗੋ ਤੋਂ ਛਪਦੇ ਅਖਬਾਰ ‘ਪੰਜਾਬ ਟਾਈਮਜ਼’ ਦਾ ਦਫਤਰ ਤੇ ਸੰਪਾਦਕ ਦੀ ਰਿਹਾਇਸ਼। ਅਮਰੀਕਾ ‘ਚ ਇਹ ਪੰਜਾਬੀ ਅਖਬਾਰ ਅਜਿਹਾ ਹੈ, ਜਿਸ ਨੂੰ ਲੋਕ ਪੜ੍ਹਦੇ ਹਨ, ਕਿਉਂਕਿ ਇਸ ਵਿਚ ਦਿਲਚਸਪ ਸਮੱਗਰੀ ਹੁੰਦੀ ਹੈ। ਵਿਦੇਸ਼ੀ ਪੰਜਾਬੀ ਅਖਬਾਰਾਂ ਤੋਂ ਅਨਜਾਣ ਲੋਕ ਹੈਰਾਨ ਹੋਣਗੇ ਕਿ ਇਨ੍ਹਾਂ ਨੂੰ ਲੋਕ ਪੜ੍ਹਦੇ ਨਈਂ, ਕਾਰਨ ਇਹ ਹੈ ਕਿ ਇਨ੍ਹਾਂ ਵਿਚ ਸਮੱਗਰੀ ਦੀ ਘਾਟ ਹੁੰਦੀ ਹੈ ਅਤੇ ਮਸ਼ਹੂਰੀਆਂ ਦੀ ਬਹੁਤਾਤ। ਜੋ ਮੈਟਰ ਹੁੰਦਾ ਵੀ ਹੈ, ਉਹ ਕਾਪੀ ਪੇਸਟ ਹੁੰਦਾ ਹੈ, ਜੋ ਪਾਠਕਾਂ ਨੇ ਵੱਖ ਵੱਖ ਸਰੋਤਾਂ ਤੋਂ ਹਫਤਾ ਪਹਿਲਾਂ ਹੀ ਪੜ੍ਹ ਲਿਆ ਹੁੰਦਾ ਹੈ। ਕਿਉਂਕਿ ਵਿਦੇਸ਼ਾਂ ਵਿਚ ਬਹੁਤੇ ਅਖਬਾਰ ਹਫਤਾਵਰੀ ਹਨ ਅਤੇ ਕੁਝ ਪੰਦਰਵਾੜੇ ‘ਚ ਇੱਕ ਵਾਰ ਛਪਦੇ ਹਨ, ਪਰ ਮੈਂ ਤਾਂ ਪੰਜਾਬ ਟਾਈਮਜ਼ ਵਾਲੇ ਅਮੋਲਕ ਸਿੰਘ ਦੀ ਗੱਲ ਕਰਨੀ ਸੀ।
ਇਨ੍ਹਾਂ ਦਾ ਅਖਬਾਰ ਉਚ ਮਿਆਰੀ ਹੈ, ਜਿਸ ਦੀ ਪਾਠਕਾਂ ਨੂੰ ਇਸ ਕਰਕੇ ਉਡੀਕ ਹੁੰਦੀ ਹੈ ਕਿ ਇਹਦੇ ਵਿਚ ਕੁਝ ਪੜ੍ਹਨਯੋਗ ਹੋਵੇਗਾ। ਕਿਸੇ ਅਖਬਾਰ ਵਿਚ ਪੜ੍ਹਨਯੋਗ ਸਮੱਗਰੀ ਹੋਵੇ ਤਾਂ ਇਹ ਕੋਈ ਮਾਅਰਕਾ ਵੀ ਨਹੀਂ ਹੁੰਦਾ, ਕਿਉਂਕਿ ਅਖਬਾਰ ਹੁੰਦੇ ਹੀ ਸਮੱਗਰੀ ਦੇ ਸਿਰ ‘ਤੇ ਹਨ। ਪਰ ਜਦੋਂ ਤੁਸੀਂ ਅਮੋਲਕ ਸਿੰਘ ਜੰਮੂ ਨੂੰ ਮਿਲਦੇ ਹੋ, ਜੋ ਵ੍ਹੀਲ ਚੇਅਰ ‘ਤੇ ਬੈਠੇ ਮੁਸਕਰਾ ਰਹੇ ਹੁੰਦੇ ਹਨ, ਉਦੋਂ ਅੱਖਾਂ ਤੋਂ ਗਰਦ ਲਹਿ ਜਾਂਦੀ ਹੈ। ਜਿਹੜਾ ਬੰਦਾ ਕਈ ਸਾਲਾਂ ਤੋਂ ਵ੍ਹੀਲ ਚੇਅਰ ‘ਤੇ ਹੋਵੇ, ਕਈ ਮਸ਼ੀਨਾਂ ਅਤੇ ਨਾਲੀਆਂ ਸ਼ਰੀਰ ‘ਚ ਲੱਗੀਆਂ ਹੋਣ ਤੇ ਫਿਰ ਵੀ ਕਲਮ ਦਾ ਹਲ ਵਾਹ ਰਿਹਾ ਹੋਵੇ, ਉਦੋਂ ਤਾਂ ਆਪਣੇ ਆਪ ‘ਤੇ ਮਾਣ ਹੁੰਦਾ ਹੈ ਕਿ ਅਸੀਂ ਅਜਿਹੇ ਕਿਸੇ ਵਿਅਕਤੀ ਦੀ ਸੰਗਤ ਕਰ ਰਹੇ ਹਾਂ।
ਰੂਸੀ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਦਾ ਨਾਇਕ ਅਜਿਹਾ ਹੀ ਸੀ, ਜੋ ਆਪਣੇ ਜਹਾਜ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਮਗਰੋਂ ਜਦੋਂ ਆਪਣੇ ਆਪ ਨੂੰ ਜਿੰਦਾ ਮਹਿਸੂਸ ਕਰਦਾ ਹੈ, ਫਿਰ ਆਪਣੀ ਯੂਨਿਟ ‘ਚ ਰੇਂਗਦਾ ਹੋਇਆ ਪਹੁੰਚਦਾ ਹੈ ਤੇ ਨਾਵਲ ਦੇ ਖਤਮ ਹੋਣ ਤੱਕ ਉਹ ਫਿਰ ਲੜਾਕੂ ਜਹਾਜ ਨੂੰ ਉਡਾਣ ਭਰਨ ਦੀ ਖਾਹਿਸ਼ ਪੂਰੀ ਕਰਦਾ ਹੈ। ਮੈਨੂੰ ਤਾਂ ਅਮੋਲਕ ਸਿੰਘ ਵੀ ਉਹ ਯੋਧਾ ਲੱਗਦਾ ਹੈ।
1998 ਤੋਂ ਪਹਿਲਾਂ ਉਹ ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ‘ਚ ਉਪ ਸੰਪਾਦਕ ਸੀ। ਅਮਰੀਕਾ ਦਾ ਸਬੱਬ ਬਣਿਆ ਅਤੇ ਸ਼ਿਕਾਗੋ ਵੱਸ ਗਏ। ਅਖਬਾਰ ਸ਼ੁਰੂ ਕੀਤਾ, ਉਹ ਤਾਂ ਚੱਲਣਾ ਹੀ ਸੀ। ਜੀਹਨੂੰ ਪੰਜਾਬੀ ਟ੍ਰਿਬਿਊਨ ‘ਚ ਸੰਪਾਦਕੀ ਦਾ ਮਾਣ ਅਤੇ ਤਜ਼ਰਬਾ ਹਾਸਲ ਹੋਵੇ, ਉਹਨੂੰ ਪਾਠਕਾਂ ਦੀ ਨਬਜ਼ ਟੋਹੇ ਬਿਨਾ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਦਵਾਈ ਕੰਮ ਕਰੂ। ਅਖਬਾਰ ਚੱਲ ਨਿਕਲਿਆ। ਸ਼ਿਕਾਗੋ, ਨਿਊ ਯਾਰਕ ਅਤੇ ਕੈਲੀਫੋਰਨੀਆ ‘ਚ ‘ਪੰਜਾਬ ਟਾਈਮਜ਼’ ਨੇ ਹੋਂਦ ਕਾਇਮ ਕੀਤੀ, ਪਰ ਉਸ ਦੀ ਅਮਲੋਕ ਦੇਹ ਨੂੰ ਗੰਭੀਰ ਰੋਗ ਨੇ ਘੇਰ ਲਿਆ, ਜੀਹਦਾ ਇਲਾਜ ਨਹੀਂ ਹੋ ਸਕਦਾ। ਮਸਕੂਲਰ ਡਿਸਟ੍ਰੋਫੀ ਵਰਗੀ ਲਾਇਲਾਜ ਬਿਮਾਰੀ ਕਾਰਨ ਸੰਪਾਦਕ ਦੀ ਕੁਰਸੀ ਵ੍ਹੀਲ ਚੇਅਰ ਵਿਚ ਬਦਲ ਗਈ। ਹੁਣ ਚੱਤੋ-ਪਹਿਰ ਉਹ ਵ੍ਹੀਲ ਚੇਅਰ ਹੀ ਉਸ ਦਾ ਸਭ ਕੁਝ ਹੈ। ਸਾਲ ਕੁ ਤੋਂ ਉਨ੍ਹਾਂ ਦੀ ਅਵਾਜ਼ ਲਗਭਗ ਬੰਦ ਹੀ ਹੈ। ਜ਼ੋਰ ਲਾ ਕੇ 15- 20 ਸ਼ਬਦ ਬੋਲਦੇ ਹਨ ਤਾਂ ਮਸਾਂ ਇੱਕ-ਦੋ ਹੀ ਸਮਝ ਪੈਂਦੇ। ਉਨ੍ਹਾਂ ਦੀ ਧਰਮ ਪਤਨੀ ਜਿੱਥੇ ਅਖਬਾਰ ਦਾ ਕੰਮ ਦੇਖਦੀ ਹੈ, ਉਥੇ ਅਮੋਲਕ ਸਿੰਘ ਦੀ ਦੇਖ ਭਾਲ ਵੀ ਕਰਦੀ ਹੈ। ਪਰ ਇਸ ਯੋਧੇ ਨੇ ਹਾਲੇ ਹਥਿਆਰ ਨਹੀਂ ਸੁੱਟੇ, ਜ਼ਿੰਦਗੀ ਦੇ ਮੈਦਾਨੇ ਜੰਗ ‘ਚ ਵੈਰੀਆਂ ਦੇ ਚੱਕਰਵਿਊ ਤੋੜ ਰਿਹਾ ਹੈ। ਜਦੋਂ ਅਖਬਾਰ ਤਿਆਰ ਹੁੰਦਾ ਹੈ ਤਾਂ ਇਹ ਇਸ਼ਾਰਿਆਂ ਨਾਲ ਗਲਤੀਆਂ ਸੁਧਾਰਦੇ ਹਨ, ਫਿਰ ਕਿਤੇ ਜਾ ਕੇ ਅਖਬਾਰ ਪ੍ਰੈਸ ‘ਚ ਜਾਂਦਾ ਹੈ।
ਮੈਨੂੰ ਤਾਂ ਹਿੰਮਤੀ ਲੋਕਾਂ ਨੂੰ ਮਿਲਣਾ ਮੱਕੇ ਦੇ ਹੱਜ ਵਰਗਾ ਲੱਗਦਾ, ਸ਼ਿਕਾਗੋ ‘ਚ ਸਰਗਰਮੀਆਂ ਦਾ ਧੁਰਾ ਬਾਈ ਗੁਰਮੁਖ ਭੁੱਲਰ ਜੇ ਨਾਲ ਨਾ ਹੁੰਦਾ ਤਾਂ ਮੈਂ ਇਸ ਅਮੋਲਕ ਜ਼ਿਆਰਤ ਤੋਂ ਵਾਂਝਾ ਰਹਿ ਜਾਂਦਾ।
ਮੈਨੂੰ ਨਈਂ ਪਤਾ ਉਨ੍ਹਾਂ ਦੇ ਦਿਲ ‘ਚ ਕਿੰਨੀ ਪੀੜ ਹੈ, ਪਰ ਇਸ ਯੋਧੇ ਦੇ ਚਿਹਰੇ ਦੀ ਜੇਤੂ ਮੁਸਕਾਨ ਸਾਡੇ ਵਰਗਿਆਂ ਨੂੰ ਹੱਲਾਸ਼ੇਰੀ ਜਰੂਰ ਦੇ ਜਾਂਦੀ ਹੈ।