ਸਾਊਦੀ ਅਰਬ ਤੋਂ ਆਈ ਪ੍ਰਾਹੁਣੀ

ਗੁਲਜ਼ਾਰ ਸਿੰਘ ਸੰਧੂ
ਮੇਰੇ ਸਹੁਰਾ ਪਰਿਵਾਰ ਦੇ ਦੋ ਡਾਕਟਰ ਸਾਊਦੀ ਅਰਬ ਦੇ ਡੈਂਟਲ ਕਾਲਜ ਵਿਚ ਦੰਦਾਂ ਦੀ ਡਾਕਟਰੀ ਪੜ੍ਹਾਉਂਦੇ ਹਨ। ਇਹ ਕਾਲਜ ਜੇਦਾਹ ਵਿਚ ਹੈ, ਜਿਸ ਦੇ ਇੱਕ ਹੱਥ ਮੱਕਾ ਪੈਂਦਾ ਹੈ ਤੇ ਦੂਜੇ ਹੱਥ ਮਦੀਨਾ। ਜੇਦਾਹ ਲਾਲ ਸਾਗਰ ਦੀ ਬੰਦਰਗਾਹ ਹੈ। ਸਾਊਦੀ ਅਰਬ ਦਾ ਸਾਰਾ ਦੇਸ਼ ਇਸ ਬੰਦਰਗਾਹ ਤੋਂ ਉਚਾਈਆਂ ਵਲ ਨੂੰ ਚੜ੍ਹਦਾ ਹੈ। ਦੇਸ਼ ਦਾ ਉਚਤਮ ਸਥਾਨ ਸਾਗਰ ਦੀ ਸਤਾਹ ਤੋਂ 9800 ਫੁੱਟ ਉਚਾ ਹੈ। ਉਚਾਣਾਂ ਉਤੇ ਵਰਖਾ ਹੁੰਦੀ ਹੈ ਤੇ ਥੋੜ੍ਹੀ ਬਹੁਤ ਫਸਲ ਵੀ। ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਹੈ। ਉਂਜ ਇਹ ਬੇਹਿਸਾਬ ਰੇਤ ਵਾਲਾ ਦੇਸ਼ ਹੈ। 1924 ਤੱਕ ਗਰੀਬੀ ਦਾ ਵਾਰਾ ਪਹਿਰਾ ਸੀ। ਦੇਸ਼ ਦੀ ਆਮਦਨ ਦਾ ਵਸੀਲਾ ਮੁੱਖ ਤੌਰ ‘ਤੇ ਮੱਕਾ ਮਦੀਨਾ ਦੇ ਹਾਜੀ ਹੀ ਸਨ।

ਪਿਛਲੀ ਸਦੀ ਦੇ ਤੀਹਵਿਆਂ ਵਿਚ ਤੇਲ ਦੀ ਲੱਭਤ ਤਾਂ ਹੋ ਗਈ, ਪਰ ਇਸ ਦੀ ਮਾਤਰਾ ਦਾ ਭੇਤ ਦੂਜੇ ਸੰਸਾਰ ਯੁੱਧ ਸਮੇਂ ਖੁਲ੍ਹਿਆ। ਤੇਲ ਦੀ ਆਮਦਨ ਨਾਲ ਦੇਸ਼ ਦੇ ਵਾਰੇ ਨਿਆਰੇ ਹੋ ਗਏ। ਲਾਲ ਸਾਗਰ ਵਾਲੇ ਪਾਸੇ ਦੇ ਸ਼ਹਿਰਾਂ ਨੇ ਬੜਾ ਆਰਥਕ ਵਿਕਾਸ ਕੀਤਾ ਹੈ। ਵਿਦਿਆ ਤੇ ਸਿਹਤ ਸਹੂਲਤਾਂ ਪ੍ਰਾਪਤ ਹੋ ਗਈਆਂ ਹਨ। ਜੇਦਾਹ ਵਾਲੇ ਡੈਂਟਲ ਕਾਲਜ ਵਿਚ ਦੰਦਾਂ ਦੀ ਡਾਕਟਰੀ ਤੋਂ ਬਿਨਾ ਫਾਰਮੇਸੀ (ਔਸ਼ਧ ਵਿਦਿਆ) ਤੇ ਨਰਸਿੰਗ ਵੀ ਪੜ੍ਹਾਈ ਜਾਂਦੀ ਹੈ। ਸਾਡੇ ਪਰਿਵਾਰ ਦੇ ਸਰਫਰਾਜ਼ ਸਿੰਘ ਤੇ ਯਸ਼ਮੀਤ ਕੌਰ ਡੈਂਟਲ ਵਿਭਾਗ ਵਿਚ ਹਨ। ਹਾਲ ਵਿਚ ਹੀ ਯਸ਼ਮੀਤ ਆਈ ਤਾਂ ਉਸ ਤੋਂ ਸਾਊਦੀ ਅਰਬ ਦੀਆਂ ਰਹੁ ਰੀਤਾਂ, ਭਾਈਚਾਰਕ ਤਾਣੇ-ਬਾਣੇ ਤੇ ਰਹਿਣੀ-ਸਹਿਣੀ ਬਾਰੇ ਜਾਣਕਾਰੀ ਮਿਲੀ।
ਸਾਊਦੀ ਅਰਬ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਹੈ, ਕੁਵੈਤ ਵਾਂਗ! ਮੈਂ 1983 ਵਿਚ ਕੁਵੈਤ ਗਿਆ ਸਾਂ, ਉਥੇ ਮੇਰੇ ਛੋਟੇ ਭਰਾ ਨੂੰ ਮੇਰਾ ਨਾਨਕਾ ਪਰਿਵਾਰ ਟਰੱਕ ਡਰਾਈਵਰੀ ਦੇ ਕੰਮ ਵਾਸਤੇ ਲੈ ਗਿਆ ਸੀ। ਮੈਂ ਉਥੋਂ ਦਾ ਮੀਲਾਂ ਦੂਰ ਤੱਕ ਫੈਲਿਆ ਰੇਤਾ ਵੇਖਿਆ ਸੀ। ਰੇਤ ਵਿਚੋਂ ਲੰਘ ਰਹੀਆਂ ਸੜਕਾਂ ਤੇ ਚੁਰਸਤਿਆਂ ਉਤੇ ਫਾਰਸੀ ਲਿਪੀ ਵਿਚ ਸਮਾਲ, ਜਨੂਬ, ਮਸ਼ਰਿਕ, ਮਗਰਬ ਲਿਖੇ ਵੇਖ ਕੇ ਮੈਨੂੰ ਆਪਣੇ ਬਚਪਨ ਦੀ ਪੜ੍ਹਾਈ ਚੇਤੇ ਆ ਗਈ ਸੀ, ਜੋ ਉਰਦੂ ਭਾਸ਼ਾ ਵਿਚ ਹੁੰਦੀ ਸੀ। ਮੇਰੇ ਮੂੰਹੋਂ ਇਹ ਗੱਲ ਸੁਣ ਕੇ ਯਸ਼ਮੀਤ ਕਹਿਣ ਲੱਗੀ, ਜੇਦਾਹ ਵਿਚ ਤਾਂ ਦੁਕਾਨਾਂ ਦੇ ਨਾਂ ਵੀ ਫਾਰਸੀ ਲਿਪੀ ਵਿਚ ਹਨ। ਮੈਕਡਾਨਲਡ ਵੀ ਰੋਮਨ ਲਿਪੀ ਵਿਚ ਨਹੀਂ, ਫਾਰਸੀ ਅੱਖਰਾਂ ਵਿਚ ਲਿਖਿਆ ਮਿਲੇਗਾ।
ਯਸ਼ਮੀਤ ਤੋਂ ਪਤਾ ਲੱਗਿਆ ਕਿ ਜੇਦਾਹ ਉਸ ਦੇਸ਼ ਦੀ ਪ੍ਰਬੰਧਕੀ ਰਾਜਧਾਨੀ ਹੈ, ਜਦ ਕਿ ਸ਼ਾਹੀ ਰਾਜਧਾਨੀ ਰਿਆਧ ਹੈ, ਜੋ ਕਤਰ ਦੇਸ਼ ਵਾਲੇ ਪਾਸੇ ਪੈਂਦੀ ਹੈ। ਬਹੁਤ ਦੂਰ। ਬਾਦਸ਼ਾਹ ਮੁਹੰਮਦ ਬਿਨ ਸਾਲੇਮ ਰਿਆਧ ਵਿਚ ਹੈ ਤੇ ਰਾਜ ਪ੍ਰਬੰਧ ਜੇਦਾਹ ਵਿਚ, ਭਾਵ ਸਾਊਦੀ ਬਾਦਸ਼ਾਹ ਆਪਣੇ ਦੇਸ਼ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਉਂਦਾ ਹੈ।
ਦੇਸ਼ ਵਾਸੀ ਦਿਨ ਵਿਚ ਪੰਜ ਵਾਰ ਨਮਾਜ਼ ਪੜ੍ਹਦੇ ਹਨ। ਨਮਾਜ਼ ਪੜ੍ਹਨ ਸਮੇਂ ਬਾਜ਼ਾਰ ਬੰਦ ਹੋ ਜਾਂਦੇ ਹਨ। ਖਰੀਦੋ ਫਰੋਖਤ ਲਈ ਵੱਡੇ ਮਾਲ ਵੀ ਹਨ। ਉਨ੍ਹਾਂ ਵਿਚ ਵੀ ਨਮਾਜ਼ ਗਾਹਾਂ ਬਣੀਆਂ ਹੋਈਆਂ ਹਨ। ਰਮਜ਼ਾਨ ਦੇ ਦਿਨਾਂ ਵਿਚ ਸਾਰੇ ਬਾਜ਼ਾਰ ਦਿਨ ਭਰ ਬੰਦ ਰਹਿੰਦੇ ਹਨ। ਕੇਵਲ ਰੋਜ਼ੇ ਖੁੱਲ੍ਹਣ ਤੋਂ ਪਿਛੋਂ ਖੁੱਲ੍ਹਦੇ ਹਨ ਤੇ ਅੱਧੀ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ। ਨਮਾਜ਼ ਪੜ੍ਹਨ ਤੋਂ ਪਹਿਲਾਂ ਹਰ ਨਮਾਜ਼ੀ ਵੁਜ਼ੂ ਕਰਦਾ ਹੈ। ਹੱਥ, ਪੈਰ, ਮੂੰਹ, ਸਿਰ ਧੋਂਦਾ ਹੈ। ਇੱਕ ਤਰ੍ਹਾਂ ਦਾ ਪੰਜ ਇਸ਼ਨਾਨਾ।
ਹੁਣ ਬਦਲੇ ਹਾਲਾਤ ਅਨੁਸਾਰ ਔਰਤਾਂ ਨੂੰ ਬਰਾਬਰੀ ਦੇ ਹੱਕ ਮਿਲ ਰਹੇ ਹਨ। ਨਮਾਜ਼ ਪੜ੍ਹਦੀਆਂ ਹਨ। ਦੋ ਸਾਲ ਤੋਂ ਮੋਟਰ ਕਾਰਾਂ ਵੀ ਚਲਾ ਰਹੀਆਂ ਹਨ। ਫੇਰ ਵੀ ਦੇਸ਼ ਵਿਚ ਪਰਦਾ ਪ੍ਰਧਾਨ ਹੈ। ਕੋਈ ਔਰਤ ਬੁਰਕੇ ਤੋਂ ਬਿਨਾ ਨਹੀਂ ਹੁੰਦੀ। ਵੱਡੇ ਘਰਾਂ ਦੇ ਚਾਰੇ ਪਾਸੇ ਉਚੀ ਚਾਰਦੀਵਾਰੀ ਹੈ, ਕਿਲਿਆਂ ਵਰਗੀ। ਆਮ ਘਰਾਂ ਦੀਆਂ ਖਿੜਕੀਆਂ ਉਚੀਆਂ ਹਨ। ਆਦਮੀ ਦੇ ਮੱਥੇ ਨਾਲੋਂ ਉਚੀਆਂ। ਇਕ ਹੀ ਕਾਲਜ ਵਿਚ ਮੁੰਡੇ ਵੱਖਰੇ ਕਮਰੇ ਵਿਚ ਪੜ੍ਹਦੇ ਹਨ, ਕੁੜੀਆਂ ਵੱਖਰੇ। ਮੁੰਡਿਆਂ ਦੇ ਅਧਿਆਪਕ ਮਰਦ ਹਨ ਤੇ ਕੁੜੀਆਂ ਨੂੰ ਔਰਤਾਂ ਪੜ੍ਹਾਉਂਦੀਆਂ ਹਨ। ਉਂਜ ਸਾਰੇ ਸਾਊਦੀ ਅਰਬ ‘ਚ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਜਨਤਕ ਪਾਰਕਾਂ ਅਤੇ ਖਰੀਦੋ-ਫਰੋਖਤ ਵਾਲੇ ਮਾਲਾਂ ਵਿਚ ਥਾਂ ਥਾਂ ਕੂੜੇਦਾਨ ਹਨ। ਕਿਸੇ ਦੀ ਕੋਈ ਮਜਾਲ ਨਹੀਂ ਕਿ ਰਸਤੇ ਵਿਚ ਕਿਸੇ ਤਰ੍ਹਾਂ ਦਾ ਛਿਲਕਾ ਸੁੱਟੇ। ਅਖਬਾਰਾਂ ਵਿਚ ਲੁੱਟ ਖਸੁੱਟ, ਜਬਰ ਜਨਾਹ, ਕਤਲੋਗਾਰਤ ਜਾਂ ਰਿਸ਼ਵਤ ਦੀਆਂ ਖਬਰਾਂ ਨਹੀਂ ਮਿਲਦੀਆਂ।
ਨੌਕਰੀ ਪੇਸ਼ਾ ਲੋਕਾਂ ਨੂੰ ਤਨਖਾਹਾਂ ਖੂਬ ਮਿਲਦੀਆਂ ਹਨ। ਨੌਕਰੀ ਕਰਨ ਵਾਲਿਆਂ ਵਿਚ ਪਾਕਿਸਤਾਨੀ, ਬੰਗਲਾ ਦੇਸ਼ੀ ਤੇ ਫਿਲਪੀਨੋ ਹੀ ਨਹੀਂ, ਭਾਰਤ ਵਾਸੀਆਂ ਦਾ ਵੀ ਕੋਈ ਅੰਤ ਨਹੀਂ; ਖਾਸ ਕਰਕੇ ਕੇਰਲ, ਆਂਧਰਾ ਪ੍ਰਦੇਸ਼, ਤਾਮਿਲਨਾਦ ਤੇ ਪੰਜਾਬ ਤੋਂ ਜਾਣ ਵਾਲਿਆਂ ਦਾ। ਨਰਸਾਂ ਦੇ ਪੇਸ਼ੇ ਵਿਚ ਕੇਰਲ ਔਰਤਾਂ ਬਹੁਤ ਹਨ। ਪੰਜਾਬੀ ਪਰਿਵਾਰਾਂ ਦੀ ਸਾਂਝ ਤੇ ਮੇਲ-ਮਿਲਾਪ ਪਾਕਿਸਤਾਨੀਆਂ ਨਾਲ ਹੈ, ਹਰ ਤਰ੍ਹਾਂ ਦੀ ਸਾਂਝ। ਸੱਚ ਪੁੱਛੋਂ ਤਾਂ ਸਾਊਦੀ ਮੁਸਲਮਾਨ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨਾਲ ਨਹੀਂ ਵਰਤਦੇ। ਬਾਹਰੋਂ ਜਾਂ ਕੇ ਉਥੇ ਕੰਮ ਕਰਨ ਵਾਲੇ ਇੱਕ ਦੂਜੇ ਨਾਲ ਵਰਤਦੇ ਹਨ। ਇਥੋਂ ਤੱਕ ਕਿ ਪੰਜਾਬੀ ਚੀਨਿਆਂ ਤੇ ਫਿਲਪੀਨਿਆਂ ਨਾਲ ਵੀ ਮਿਲਦੇ ਵਰਤਦੇ ਹਨ। ਬੱਚਿਆਂ ਦੀ ਦੁਨੀਆਂ ਸੀਮਤ ਹੈ। ਭਾਰਤੀ ਮਾਪਿਆਂ ਦੇ ਸਾਰੇ ਬੱਚੇ ਭਾਰਤੀ ਸਫਾਰਤਖਾਨੇ ਦੇ ਸਕੂਲ ਵਿਚ ਪੜ੍ਹਦੇ ਹਨ। ਇੱਕ ਦੂਜੇ ਦੇ ਰਾਜਾਂ ਦੀ ਰਹਿਣੀ-ਸਹਿਣੀ ਤੋਂ ਜਾਣੂ ਹੁੰਦੇ ਹਨ। ਕੇਰਲ, ਤਾਮਿਲਨਾਦ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਸਮੇਤ।
ਸਾਊਦੀ ਮੁਸਲਮਾਨਾਂ ਦੇ ਪਰਿਵਾਰ ਵੱਡੇ ਹਨ। ਹਰ ਬੀਵੀ ਦੇ ਚਾਰ ਤੋਂ ਛੇ ਬੱਚੇ ਹਨ। 40-50 ਮੈਂਬਰਾਂ ਵਾਲਾ ਪਰਿਵਾਰ ਨਵੀਂ ਗੱਲ ਨਹੀਂ। ਸਥਾਨਕ ਵਾਸੀ ਵਰਜਿਸ਼ ਦੇ ਆਦੀ ਨਹੀਂ। ਮੋਟਾਪੇ ਤੇ ਸ਼ੱਕਰ ਰੋਗ ਦੇ ਸ਼ਿਕਾਰ ਹਨ। 35-40 ਵਰ੍ਹੇ ਦੀ ਉਮਰ ਵਿਚ ਸ਼ੱਕਰ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਉਤੇ ਵੀ ਅਸਰ ਪੈਂਦਾ ਹੈ। ਹਰ ਘਰ ਵਿਚ ਕੋਈ ਨਾ ਕੋਈ ਬੱਚਾ ਜਮਾਂਦਰੂ ਰੋਗ ਦਾ ਰੋਗੀ ਹੈ। ਸਾਊਦੀ ਅਰਬ ਦੇ ਵਾਸੀਆਂ ਨੂੰ ਅਮੀਰੀ ਢਾਹ ਲਾ ਰਹੀ ਹੈ। ਇਨਸ਼ਾ ਅੱਲ੍ਹਾ!
ਅੰਤਿਕਾ: ਗੁਰਦੀਪ (ਦੇਹਰਾਦੂਨ)
ਅਸੀਂ ਹਾਂ ਰਾਜ ਜੋਗੀ, ਜੋਗ ਨੂੰ ਗੱਦੀ ਬਹਾਵਾਂਗੇ।
ਤੇ ਖੁਦ ਨਿਰਮਾਣ ਹੋ ਕੇ, ਭਿਖਿਆ ਹੀ ਲੈਣ ਜਾਵਾਂਗੇ।
ਨਹੀਂ ਆਫਤ ਕੋਈ ਜਿਸ ਦਾ ਉਪਾਅ ਨਾ ਧਰਮ ਵਿਚ ਹੋਵੇ
ਅਸੀਂ ਸੰਕਟ ਸਮੇਂ ਇਸ ਤੱਥ ਨੂੰ ਅੱਗੇ ਲਿਆਵਾਂਗੇ।
ਗਰੀਬਾਂ ਵਾਸਤੇ ਹੈ ਦਾਨ ਦੀ ਪ੍ਰਥਾ ਧਰਮ ਅੰਦਰ
ਅਸੀਂ ਗੁਰਬ ਨਿਵਾਰਨ, ਧਰਮ ਦਾ ਮੁੱਦਾ ਬਣਾਵਾਂਗੇ।
ਭੰਵਾ ਕੇ ਮੂੰਹ ਪਿਛਾੜੀ, ਕਾਫਲਾ ਅੱਗੇ ਵਧਾਵਾਂਗੇ
ਜੋ ਕੋਈ ਨਹੀਂ ਕਰ ਸਕਿਆ, ਅਸੀਂ ਕਰਕੇ ਵਿਖਾਵਾਂਗੇ।